''ਮੈਂ ਡੰਡੇ ਨਾਲ਼ ਵਾਰ ਕੀਤਾ ਪਰ ਅੱਗਿਓਂ ਉਹਨੇ ਮੇਰੇ 'ਤੇ ਛਾਲ਼ ਮਾਰੀ ਅਤੇ ਆਪਣੇ ਮਜ਼ਬੂਤ ਪੰਜਿਆਂ ਨਾਲ਼ ਮੇਰੀ ਗਿੱਚੀ ਅਤੇ ਬਾਹਾਂ 'ਤੇ ਸ਼ਿਕੰਜਾ ਕੱਸ ਲਿਆ ਅਤੇ ਡੂੰਘੀਆਂ ਝਰੀਟਾਂ ਮਾਰ ਦਿੱਤੀਆਂ। ਮੈਂ ਕਰੀਬ 4 ਕਿਲੋਮੀਟਰ ਜੰਗਲ ਦੇ ਅੰਦਰ ਸਾਂ। ਮੇਰੇ ਕੱਪੜੇ ਲਹੂ ਨਾਲ਼ ਗੜੁੱਚ ਹੋ ਗਏ। ਮੈਂ ਬੜੀ ਘਾਲ਼ਣਾ ਘਾਲ਼ ਕੇ ਜਿਵੇਂ-ਕਿਵੇਂ ਘਰ ਅੱਪੜਿਆ।'' ਚੀਤੇ ਦੇ ਹਮਲੇ ਤੋਂ ਫੱਟੜ ਹੋਏ ਵਿਸ਼ਾਲਰਮ ਮਰਕਾਮ ਨੂੰ ਅਗਲੇ ਦੋ ਹਫ਼ਤੇ ਹਸਪਤਾਲ ਵਿੱਚ ਗੁਜ਼ਾਰਨੇ ਪਏ। ਪਰ ਉਹ ਖ਼ੁਸ਼ ਸਨ ਕਿ ਉਨ੍ਹਾਂ ਦੀ ਮੱਝਾਂ ਦਾ ਵਾਲ਼ ਵੀ ਵਿੰਗਾ ਨਹੀਂ ਹੋਇਆ। ''ਚੀਤੇ ਨੇ ਤਾਂ ਮੇਰੇ ਕੁੱਤਿਆਂ 'ਤੇ ਵੀ ਹਮਲਾ ਕੀਤਾ ਸੀ ਪਰ ਉਹ ਛੂਟਾਂ (ਚੀਤੇ ਵੱਲ) ਵੱਟ ਗਏ,'' ਉਹ ਕਹਿੰਦੇ ਹਨ।

ਹਮਲੇ ਦੀ ਇਹ ਵਾਰਦਾਤ 2015 ਵਿੱਚ ਹੋਈ। ਅੱਜ ਮਰਕਾਮ ਹੱਸ ਹੱਸ ਕੇ ਕਹਿੰਦੇ ਹਨ ਕਿ ਉਨ੍ਹਾਂ ਨੇ ਸ਼ਿਕਾਰੀਆਂ ਨੂੰ ਹਮਲੇ ਤੋਂ ਪਹਿਲਾਂ ਅਤੇ ਬਾਅਦ ਵੀ ਬੜੀ ਨੇੜਿਓ ਦੇਖਿਆ ਹੈ। ਛੱਤੀਸਗੜ੍ਹ ਦੇ ਜਬਰਾ ਦੇ ਇਨ੍ਹਾਂ ਜੰਗਲ ਵਿੱਚ ਜਿੱਥੇ ਉਹ ਆਪਣੀਆਂ ਮੱਝਾਂ ਚਰਾਉਂਦੇ ਹਨ, ਉੱਥੇ ਨਾ ਸਿਰਫ਼ ਭੁੱਖੇ ਚੀਤੇ ਹੀ ਰਹਿੰਦੇ ਹਨ ਸਗੋਂ ਭਿਆਨਕ ਬਾਘ, ਭੇੜੀਏ, ਗਿੱਦੜ, ਜੰਗਲੀ ਕੁੱਤੇ, ਲੂੰਬੜੀਆਂ ਅਤੇ ਜੰਗਲੀ ਸੂਰ ਵੀ ਮੰਡਰਾਉਂਦੇ ਰਹਿੰਦੇ ਹਨ, ਹੋਰ ਤਾਂ ਹੋਰ ਸਾਂਭਰ ਅਤੇ ਚਿਤਲ ਹਿਰਨ ਅਤੇ ਜੱਤਲ ਸਾਂਢ ਵੀ ਸ਼ਿਕਾਰ ਦੀ ਭਾਲ਼ ਵਿੱਚ ਆਮ ਹੀ ਫਿਰਦੇ ਰਹਿੰਦੇ ਹਨ। ਗਰਮੀਆਂ ਰੁੱਤੇ, ਤਿਹਾਏ ਡੰਗਰ ਜਦੋਂ ਪਾਣੀ ਪੀਣ ਲਈ ਜਾਂਦੇ ਹਨ ਤਾਂ ਘਾਤ ਲਾ ਕੇ ਬੈਠੇ ਇਨ੍ਹਾਂ ਸ਼ਿਕਾਰੀਆਂ ਦੇ ਹਮਲਾ ਕਰਨ ਦੀ ਸੰਭਾਵਨਾ ਦੋਗੁਣੀ, ਇੱਥੋਂ ਤੱਕ ਕਿ ਤਿਗੁਣੀ ਹੋ ਜਾਂਦੀ ਹੈ।

''ਜੰਗਲ ਅੰਦਰ ਮੇਰੀਆਂ ਮੱਝਾਂ ਆਪਣੀ ਮਸਤੀ ਵਿੱਚ ਘੁੰਮਦੀਆਂ ਰਹਿੰਦੀਆਂ ਹਨ। ਮੈਂ ਉਨ੍ਹਾਂ ਮਗਰ ਉਦੋਂ ਹੀ ਜਾਂਦਾ ਹਾਂ ਜੇਕਰ ਉਹ ਸਮੇਂ ਸਿਰ ਘਰ ਨਾ ਮੁੜਨ,'' ਮਰਕਾਮ ਕਹਿੰਦੇ ਹਨ। ''ਕਈ ਵਾਰੀ ਤਾਂ ਮੇਰੇ ਡੰਗਰ ਤੜਕੇ 4 ਵਜੇ ਤੱਕ ਨਹੀਂ ਮੁੜਦੇ। ਫਿਰ ਮੈਨੂੰ ਦੋਗੁਣੀ ਰੌਸ਼ਨੀ ਵਾਲ਼ੀ ਟਾਰਚ ਲੈ ਕੇ ਜੰਗਲ ਵਿੱਚ ਉਨ੍ਹਾਂ ਦੀ ਭਾਲ਼ ਕਰਨੀ ਪੈਂਦੀ ਹੈ।'' ਉਹ ਸਾਨੂੰ ਆਪਣੇ ਪੈਰ ਦਿਖਾਉਂਦੇ ਹਨ ਜਿਨ੍ਹਾਂ ਦੇ ਥਾਂ ਥਾਂ ਤੋਂ ਮਾਸ ਉਖੜਿਆ ਹੋਇਆ ਹੈ ਅਤੇ ਛਾਲੇ ਪਏ ਹੋਏ ਹਨ। ਉਹ ਜੰਗਲ ਵਿੱਚ ਨੰਗੇ ਪੈਰੀਂ ਹੀ ਜਾਂਦੇ ਹਨ।

ਜੰਗਲ ਅੰਦਰ ਘੁੰਮਦੀਆਂ ਘੁੰਮਦੀਆਂ ਉਨ੍ਹਾਂ ਦੀਆਂ ਬੇਫ਼ਿਕਰ ਮੱਝਾਂ ਨਵੀਂ ਚਰਾਂਦ ਦੀ ਭਾਲ਼ ਵਿੱਚ ਹਰ ਰੋਜ਼ ਕਰੀਬ 9-10 ਕਿਲੋਮੀਟਰ ਦੂਰ ਨਿਕਲ਼ ਕੇ ਅਗਲੇ ਪਿੰਡ ਜਬਰਾ ਅੱਪੜ ਜਾਂਦੀਆਂ ਹਨ। ਇਹ ਪਿੰਡ ਧਮਤਰੀ ਜ਼ਿਲ੍ਹੇ ਦੀ ਨਾਗਰੀ ਤਹਿਸੀਲ ਵਿੱਚ ਪੈਂਦਾ ਹੈ। ''ਗਰਮੀਆਂ ਰੁੱਤੇ, ਉਹ ਭੋਜਨ ਦੀ ਭਾਲ਼ ਵਿੱਚ ਇਸ ਨਾਲ਼ੋਂ ਵੀ ਦੋਗੁਣੀ ਦੂਰੀ ਤੈਅ ਕਰਦੀਆਂ ਹਨ। ਹੁਣ ਜੰਗਲ 'ਤੇ ਹੋਰ ਇਤਬਾਰ ਨਹੀਂ ਕੀਤਾ ਜਾ ਸਕਦਾ; ਡੰਗਰ ਭੁੱਖੇ ਮਰ ਸਕਦੇ ਹਨ,'' ਮਰਕਾਮ ਕਹਿੰਦੇ ਹਨ।

Vishalram Markam's buffaloes in the open area next to his home, waiting to head out into the forest.
PHOTO • Priti David
Markam with the grazing cattle in Jabarra forest
PHOTO • Priti David

ਖੱਬੇ : ਵਿਸ਼ਾਲਰਾਮ ਮਰਕਾਮ ਦੀਆਂ ਮੱਝਾਂ ਘਰ ਤੋਂ ਥੋੜ੍ਹੀ ਦੂਰ ਖੁੱਲ੍ਹੀ ਥਾਵੇਂ, ਜੰਗਲ ਅੰਦਰ ਵੜ੍ਹਨ ਦੀ ਉਡੀਕ ਵਿੱਚ। ਸੱਜੇ : ਮਰਕਾਮ ਜਬਰਾ ਜੰਗਲ ਅੰਦਰ ਆਪਣੀਆਂ ਚਰਦੀਆਂ ਮੱਝਾਂ ਦੇ ਨਾਲ਼

''ਮੈਂ ਉਨ੍ਹਾਂ ਦੇ ਖਾਣ ਵਾਸਤੇ ਵਾਸਤੇ ਪਾਯਰਾ (ਸੁੱਕੇ ਪੱਤੇ ਅਤੇ ਤੂੜੀ) ਖਰੀਦਦਾ ਹਾਂ, ਪਰ ਉਹ ਨੇ ਕਿ ਜੰਗਲ ਵਿੱਚ ਘੁੰਮ ਫਿਰ ਕੇ ਜੰਗਲੀ ਘਾਹ ਖਾਣਾ ਵੱਧ ਪਸੰਦ ਕਰਦੀਆਂ ਨੇ,'' ਮਰਕਾਮ ਮੱਝਾਂ ਦੇ ਆਪਣੇ ਵੱਗ ਬਾਰੇ ਇੰਝ ਗੱਲਾਂ ਕਰਦੇ ਹਨ ਜਿਵੇਂ ਬੱਚੇ ਖਾਣ-ਪੀਣ ਨੂੰ ਲੈ ਕੇ ਝੇਡਾਂ ਕਰਦੇ ਹੋਣ। ਘਰੋਂ ਗਾਇਬ ਬੱਚਿਆਂ ਨੂੰ ਮੁੜ ਘਰ ਲਿਆਉਣ ਵਾਲ਼ੇ ਮਾਪਿਆਂ ਵਾਂਗ ਮਰਕਾਮ ਕੋਲ਼ ਵੀ ਕਈ ਤਰੀਕੇ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਲੂਣ ਦੀ ਢੇਲੀ ਜਿਹਨੂੰ ਚੱਟਣਾਂ ਮੱਝਾਂ ਦਾ ਪਸੰਦੀਦਾ ਕੰਮ ਹੁੰਦਾ ਹੈ। ਇਹੀ ਢੇਲੀ ਉਨ੍ਹਾਂ ਨੂੰ ਅਕਸਰ ਰਾਤੀਂ 8 ਵਜੇ ਤੱਕ ਘਰ ਖਿੱਚ ਲਿਆਉਂਦੀ ਹੈ। ਇਨ੍ਹਾਂ ਡੰਗਰਾਂ ਦਾ 'ਘਰ' ਤੋਂ ਭਾਵ ਉਹ ਥਾਂ ਤੋਂ ਹੈ ਜੋ ਮਰਕਾਮ ਦੇ ਇੱਟਾਂ ਅਤੇ ਘਾਣੀ ਨਾਲ਼ ਬਣੇ ਘਰ ਦੇ ਐਨ ਨਾਲ਼ ਕਰਕੇ ਬਣਾਇਆ ਵੱਡਾ ਸਾਰਾ ਵਾੜਾ।

ਜਬਰਾ ਵਿਖੇ ਰਹਿੰਦੇ 117 ਪਰਿਵਾਰ ਗੋਂਡ ਅਤੇ ਕਮਰ ਆਦਿਵਾਸੀ ਭਾਈਚਾਰਿਆਂ ਨਾਲ਼ ਤਾਅਲੁੱਕ ਰੱਖਦੇ ਹਨ ਅਤੇ ਕੁਝ ਕੁ ਯਾਦਵ (ਸੂਬੇ ਅੰਦਰ ਹੋਰ ਪਿਛੜੀ ਜਾਤੀ ਵਜੋਂ ਸੂਚੀਬੱਧ) ਹਨ। ਮਰਕਾਮ, ਜੋ ਕਿ ਗੋਂਡ ਆਦਿਵਾਸੀ ਹਨ, ਉਹ 5,352 ਹੈਕਟੇਅਰ ਵਿੱਚ ਫ਼ੈਲੇ ਇਸ ਜੰਗਲ ਦੇ ਕੋਨੇ-ਕੋਨੇ ਬਾਰੇ ਜਾਣਦੇ ਹਨ। ਉਨ੍ਹਾਂ ਨੇ ਆਪਣੇ ਜੀਵਨ ਦੇ 50 ਵਰ੍ਹੇ ਇਸੇ ਜੰਗਲ ਦੇ ਨੇੜੇ-ਤੇੜੇ ਹੀ ਬਿਤਾਏ ਹਨ। ''ਮੈਂ ਇੱਥੋਂ ਦੇ ਇੱਕ ਸਕੂਲ ਵਿੱਚ 5ਵੀਂ ਤੀਕਰ ਪੜ੍ਹਾਈ ਕੀਤੀ ਅਤੇ ਫਿਰ ਖੇਤੀ ਦਾ ਕੰਮ ਕਰਨ ਲੱਗਿਆ,'' ਉਹ ਕਹਿੰਦੇ ਹਨ।

ਭਾਰਤੀ ਜੰਗਲਾਤ ਸਰਵੇਖਣ ਦੀ 2019 ਦੀ ਇੱਕ ਰਿਪੋਰਟ ਮੁਤਾਬਕ ਛੱਤੀਸਗੜ੍ਹ ਦੇ ਪੂਰਬੀ ਕੋਨੇ ਵਿੱਚ ਸਥਿਤ, ਧਮਤਰੀ ਜ਼ਿਲ੍ਹੇ ਦਾ 52 ਫ਼ੀਸਦ ਇਲਾਕਾ ਰਾਖਵੇਂ (reserved) ਅਤੇ ਮਹਿਫ਼ੂਜ (protected) ਇਲਾਕੇ ਹੇਠ ਆਉਂਦਾ ਹੈ ਅਤੇ ਇਹਦਾ ਅੱਧਾ ਹਿੱਸਾ ਸੰਘਣਾ ਜੰਗਲ ਹੈ। ਇੱਥੇ ਫ਼ੈਲੇ ਸਾਲ ਦੇ ਟੀਕ ਦੇ ਰੁੱਖਾਂ ਤੋਂ ਇਲਾਵਾ ਸਾਜ, ਕੋਹਾ, ਹੇਰਾ, ਬਹੇੜਾ, ਤਿਨਸਾ, ਬੀਜਾ, ਕੁੰਬੀ ਅਤੇ ਮਹੂਆ ਦੇ ਰੁੱਖ ਵੀ ਪ੍ਰਚੂਰ ਮਾਤਰਾ ਵਿੱਚ ਹਨ।

ਸਾਲ ਦਰ ਸਾਲ ਘੱਟਦੇ ਜਾਂਦੇ ਮੀਂਹ ਅਤੇ ਰੁੱਖਾਂ ਦੇ ਗੁੰਬਦਾਂ ਦਾ ਪੇਤਲੇ ਪੈਂਦੇ ਜਾਣਾ ਵੀ ਡੰਗਰਾਂ ਵਾਸਤੇ ਚਰਾਂਦਾ ਦੇ ਘੱਟਦੇ ਜਾਣ ਦਾ ਵੱਡਾ ਕਾਰਨ ਹਨ। ਮਰਕਾਮ ਬੜੇ ਹਿਰਖ਼ ਨਾਲ਼ ਦੱਸਦੇ ਹਨ ਕਿ ਉਨ੍ਹਾਂ ਦੀਆਂ ਕੁੱਲ 90 ਮੱਝਾਂ ਤੋਂ ਘੱਟ ਕੇ 60-70 ਮੱਝਾਂ ਰਹਿ ਗਈਆਂ ਹਨ ਜਿਨ੍ਹਾਂ ਵਿੱਚੋਂ 15 ਵੱਛੇ ਹਨ ਜਿਨ੍ਹਾਂ ਦੀ ਕਿ ਉਹ ਖ਼ਾਸ ਦੇਖਭਾਲ਼ ਕਰਦੇ ਹਨ। ''ਜੰਗਲ ਵਿੱਚ ਮਿਲ਼ਣ ਵਾਲ਼ਾ ਕੁਦਰਤੀ ਚਾਰਾ ਘੱਟਦਾ ਜਾਂਦਾ ਹੈ। ਜੇ ਉਹ ਰੁੱਖਾਂ ਦੀ ਕਟਾਈ ਰੋਕ ਦੇਣ ਤਾਂ ਘਾਹ ਦੇ ਵਧਣ-ਫੁੱਲਣ ਦੀ ਸੰਭਾਵਨਾ ਹੈ। 2019 ਵਿੱਚ ਮੈਂ ਆਪਣੇ ਡੰਗਰਾਂ ਦੇ ਚਾਰੇ 'ਤੇ 10,000 ਰੁਪਏ ਖਰਚੇ। ਚਾਰੇ ਦੀ ਭਰੀ ਟਰਾਲੀ ਦੀ ਕੀਮਤ 600 ਰੁਪਏ ਹੈ ਅਤੇ ਮੈਂ ਕਿਸਾਨਾਂ ਕੋਲ਼ੋਂ ਕਰੀਬ ਕਰੀਬ 20 ਟਰਾਲੀਆਂ ਖਰੀਦੀਆਂ,'' ਉਹ ਕਹਿੰਦੇ ਹਨ।

ਗਰਮੀਆਂ ਰੁੱਤੇ, ਤਿਹਾਏ ਡੰਗਰ ਜਦੋਂ ਪਾਣੀ ਪੀਣ ਲਈ ਜਾਂਦੇ ਹਨ ਤਾਂ ਘਾਤ ਲਾ ਕੇ ਬੈਠੇ ਇਨ੍ਹਾਂ ਸ਼ਿਕਾਰੀਆਂ ਦੇ ਹਮਲਾ ਕਰਨ ਦੀ ਸੰਭਾਵਨਾ ਦੋਗੁਣੀ, ਇੱਥੋਂ ਤੱਕ ਕਿ ਤਿਗੁਣੀ ਹੋ ਜਾਂਦੀ ਹੈ

ਵੀਡਿਓ ਦੇਖੋ : ' ਜਦੋਂ ਤੱਕ ਮੇਰੇ ਸਾਹ ਚੱਲਦੇ ਨੇ ਇਨ੍ਹਾਂ ਨੂੰ ਨਹੀਂ ਛੱਡਾਂਗਾ '

ਮਰਕਾਮ 2006 ਦੇ ਜੰਗਲਾਤ ਅਧਿਕਾਰ ਕਨੂੰਨ ਤਹਿਤ ਅਗਸਤ 2019 ਵਿੱਚ ਜਬਰਾ ਗ੍ਰਾਮ ਸਭਾ ਨੂੰ ਮਿਲ਼ੇ 'ਸਮੁਦਾਇਕ ਵਣ ਸ੍ਰੋਤ ਅਧਿਕਾਰ' ਪੁਰਸਕਾਰ ਦੀ ਵਰਤੋਂ ਰਾਹੀਂ ਚਰਾਂਦਾਂ ਦੇ ਖ਼ੇਤਰ ਵਿੱਚ ਵਾਧਾ ਹੋਣ ਦੀ ਉਮੀਦ ਕਰ ਸਕਦੇ ਹਨ। ਕਨੂੰਨ ਦੱਸਦਾ ਹੈ ਕਿ ਭਾਈਚਾਰਿਆਂ ਕੋਲ਼ ਉਨ੍ਹਾਂ ਜੰਗਲੀ ਸ੍ਰੋਤਾਂ ਦੀ ''ਸਾਂਭ-ਸੰਭਾਲ਼ ਕਰਨ, ਮੁੜ-ਸੁਰਜੀਤੀ ਕਰਨ ਅਤੇ ਦੇਖਭਾ਼ਲ ਜਾਂ ਪ੍ਰਬੰਧ ਕਰਨ'' ਦਾ ਪੂਰਾ ਪੂਰਾ ਅਧਿਕਾਰ ਹੈ ਜਿਨ੍ਹਾਂ ਸ੍ਰੋਤਾਂ ਨੂੰ ਉਹ ਰਵਾਇਤੀ ਤੌਰ 'ਤੇ ਸੰਭਾਲ਼ਦੇ ਅਤੇ ਪਾਲ਼ਦੇ ਆਏ ਹਨ। ਜਬਰਾ, ਛੱਤੀਸਗੜ੍ਹ ਦਾ ਪਹਿਲਾ ਪਿੰਡ ਹੈ ਜਿਹਨੂੰ ਇਹ ਅਧਿਕਾਰ ਪ੍ਰਾਪਤੀ ਹੋਈ ਹੈ।

ਜਬਰਾ ਵਿਖੇ ਪੰਚਾਇਤ (ਪਿਛੜੇ ਇਲਾਕੇ ਦੇ ਵਿਸਤਾਰ) ਐਕਟ ਜਾਂ ਪੇਸਾ (PESA) ਦੇ ਲਾਗੂ ਹੋਣ ਵਾਸਤੇ ਜ਼ਿੰਮੇਦਾਰ ਜ਼ਿਲ੍ਹਾ ਕੋਆਰਡੀਨੇਟਰ ਪ੍ਰਖਰ ਜੈਨ ਕਹਿੰਦੇ ਹਨ,''ਕਿਹੜੇ ਰੁੱਖ ਨੂੰ ਬਚਾਏ ਜਾਣ ਜਾਂ ਬੀਜੇ ਜਾਣ ਦੀ ਲੋੜ ਹੈ; ਕਿਹੜੇ ਜਾਨਵਰਾਂ ਨੂੰ ਚਰਨ ਦੀ ਆਗਿਆ ਦੇਣੀ ਹੈ; ਜੰਗਲ ਅੰਦਰ ਕੌਣ ਜਾ ਸਕਦਾ ਹੈ; ਛੋਟੇ ਤਲਾਬ ਬਣਾਉਣਾ; ਅਤੇ ਭੂਮੀ ਖੋਰਨ ਦੀ ਜਾਂਚ ਦੇ ਪੈਮਾਨੇ- ਇਹ ਸਾਰੇ ਦੇ ਸਾਰੇ ਫ਼ੈਸਲੇ ਹੁਣ ਤੋਂ ਗ੍ਰਾਮ ਸਭਾ ਦੇ ਹੱਥਾਂ ਵਿੱਚ ਹੋਣਗੇ।''

ਕਨੂੰਨੀ ਪ੍ਰੋਵੀਜ਼ਨ ਸੁਆਗਤਯੋਗ ਹਨ, ਮਰਕਾਮ ਕਹਿੰਦੇ ਹਨ ਅਤੇ ਨਾਲ਼ ਇਹ ਵੀ ਜੋੜਦੇ ਹਨ ਕਿ ਕਈ ਬਾਹਰੀ ਲੋਕ ਜੰਗਲ ਅੰਦਰ ਆਉਂਦੇ ਹਨ ਅਤੇ ਇਹਨੂੰ ਨੁਕਸਾਨ ਪਹੁੰਚਾਉਂਦੇ ਹਨ। ''ਮੈਂ ਦੇਖਿਆ ਹੈ ਕਿ ਆਉਣ ਵਾਲ਼ੇ ਲੋਕ ਮੱਛੀਆਂ ਫੜ੍ਹਨ ਖ਼ਾਤਰ ਤਲਾਬਾਂ ਵਿੱਚ ਕੀਟਨਾਸ਼ਕ ਛਿੜਕਦੇ ਹਨ ਅਤੇ ਜ਼ਹਿਰ ਪਾ ਪਾ ਕੇ ਜਾਨਵਰਾਂ ਨੂੰ ਫੜ੍ਹਦੇ ਹਨ। ਘੱਟੋਘੱਟ ਇਹ ਸਾਡੇ ਲੋਕ ਤਾਂ ਬਿਲਕੁਲ ਨਹੀਂ ਹੋ ਸਕਦੇ।''

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਗਲੀ ਗ੍ਰਾਮ ਸਭਾ ਦੀ ਬੈਠਕ ਵਿੱਚ ਲਗਾਤਾਰ ਘੱਟਦੇ ਜਾਂਦੇ ਘਾਹ ਬਾਬਤ ਗੱਲ ਰੱਖਣਗੇ। ਉਹ ਕਹਿੰਦੇ ਹਨ,''ਮੈਂ ਅਜੇ ਤੀਕਰ ਸਭਾ ਵਿੱਚ ਹਿੱਸਾ ਨਹੀਂ ਲਿਆ ਕਿਉਂਕਿ ਮੇਰੇ ਕੋਲ਼ ਸਮਾਂ ਨਹੀਂ ਬੱਚਦਾ। ਮੈਂ ਦੇਰ ਰਾਤ ਤੱਕ ਗੋਹਾ ਚੁੱਕਦਾ ਕਰਦਾ ਰਹਿੰਦਾ ਹਾਂ, ਦੱਸੋ ਮੈਂ ਸਭਾ ਵਿੱਚ ਕਿਹੜੇ ਵੇਲ਼ੇ ਜਾਵਾਂ?  ਹਾਂ ਇਹ ਸੱਚ ਹੈ ਕਿ ਸਾਨੂੰ ਸਾਰਿਆਂ ਨੂੰ ਜੰਗਲ ਕਟਾਈ ਵਿਰੁੱਧ ਅਵਾਜ਼ ਚੁੱਕਣੀ ਚਾਹੀਦੀ ਹੈ। ਜੇ ਜੰਗਲ ਹੋਣਗੇ ਤਾਂ ਹੀ ਸਾਡੀ ਰੋਟੀ-ਟੁੱਕ ਚੱਲੂ। ਜੰਗਲ ਦੀ ਰੱਖਿਆ ਦੀ ਜ਼ਿੰਮੇਦਾਰੀ ਸਾਡੇ ਆਪਣੇ ਹੀ ਹੱਥਾਂ ਵਿੱਚ ਹੈ।''

ਜੰਗਲ ਕੰਢੇ ਪੈਂਦੇ ਮਰਕਾਮ ਦੇ ਤਿੰਨ ਕਮਰਿਆਂ ਦੇ ਪੱਕੇ ਘਰ ਵਿੱਚ ਵੱਡੀ ਸਾਰੀ ਵਲ਼ਗਣ ਵਲ਼ੀ ਹੋਈ ਹੈ ਜਿੱਥੇ ਉਹ ਰਾਤੀਂ ਵੱਛਿਆਂ ਨੂੰ ਬੰਨ੍ਹਦੇ ਹਨ। ਵੱਡੇ ਡੰਗਰ ਇਹਦੇ ਨਾਲ਼ ਪੈਂਦੀ ਖੁੱਲ੍ਹੀ ਹਵੇਲੀ ਵਿੱਚ ਰਹਿੰਦੇ ਹਨ।

A pile of hay that Markam has bought to feed his buffaloes as there isn't enough grazing ground left in the forest.
PHOTO • Purusottam Thakur
He restrains the calves in his fenced-in courtyard to stop them from straying into the jungle.
PHOTO • Priti David
The 'community forest resources rights' title granted under the Forest Rights Act to Jabarra gram sabha

ਖੱਬੇ : ਜੰਗਲ ਵਿੱਚ ਚਰਾਂਦ ਦੀ ਘਾਟ ਕਾਰਨ, ਮਰਕਾਮ ਨੇ ਆਪਣੀਆਂ ਮੱਝਾਂ ਵਾਸਤੇ ਘਾਹ ਦਾ ਇਹ ਢੇਰ ਖਰੀਦਿਆ ਹੈ। ਵਿਚਕਾਰ : ਉਹ ਵੱਛਿਆਂ ਨੂੰ ਜੰਗਲ ਵਿੱਚ ਅਵਾਰਾ ਘੁੰਮਣ ਤੋਂ ਰੋਕਣ ਲਈ ਉਨ੍ਹਾਂ ਨੂੰ ਵਾੜੇ ਵਿੱਚ ਹੀ ਰੋਕੀ ਰੱਖਦੇ ਹਨ। ਸੱਜੇ : ਜਰਬਾ ਗ੍ਰਾਮ ਸਭਾ ਨੂੰ ਜੰਗਲ ਅਧਿਕਾਰ ਅਧਿਨਿਯਮ ਦੇ ਤਹਿਤ ਮਿਲ਼ੀ ' ਸਮੁਦਾਇਕ ਵਣ ਅਧਿਕਾਰੀ ' ਦੀ ਉਪਾਧੀ

ਜਦੋਂ ਅਸੀਂ ਉਨ੍ਹਾਂ ਨੂੰ ਮਿਲ਼ਣ ਗਏ ਤਾਂ ਸਵੇਰ ਦੇ 6:30 ਵੱਜੇ ਹੋਏ ਸਨ ਅਤੇ ਸੂਰਜ ਚੜ੍ਹ ਚੁੱਕਿਆ ਸੀ। ਰਾਤੀਂ ਠੰਡ ਤੋਂ ਬਚਣ ਵਾਸਤੇ ਬਾਲ਼ੀਆਂ ਗਈਆਂ ਲੱਕੜਾਂ ਅਜੇ ਤੀਕਰ ਮੱਘ ਰਹੀਆਂ ਸਨ। ਉਨ੍ਹਾਂ ਦੇ ਘਰ ਦੇ ਵਾਤਾਵਰਣ ਵਿੱਚ ਸੁਸਤਾਏ, ਹੂੰਗਦੇ ਡੰਗਰਾਂ ਅਤੇ ਬੇਚੈਨ ਵੱਛਿਆਂ ਦੀਆਂ ਅਵਾਜ਼ਾਂ ਤੈਰ ਰਹੀਆਂ ਸਨ। ਵਿਹੜੇ ਵਿੱਚ ਦੁੱਧ ਦੇ ਡੋਹਣੇ ਸੁੱਕਣੇ ਪਾਏ ਹੋਏ ਸਨ। ਧਮਤਰੀ ਕਸਬੇ ਦੇ ਇੱਕ ਵਪਾਰੀ ਦੇ ਕੋਲ਼ ਦੁੱਧ ਭੇਜਿਆ ਜਾ ਚੁੱਕਿਆ ਸੀ। ਮਰਕਾਮ ਮੁਤਾਬਕ ਜਦੋਂ ਕਦੇ ਚੰਗਾ ਦਿਨ ਹੋਵੇ ਤਾਂ ਇਹ 35-40 ਕਿਲੋ ਦੁੱਧ ਵੇਚ ਲੈਂਦੇ ਹਨ। ਇੱਕ ਲੀਟਰ ਦੁੱਧ ਬਦਲੇ 35 ਰੁਪਏ ਮਿਲ਼ਦੇ ਹਨ। ਮੱਝਾਂ ਦਾ ਗੋਹਾ ਵੀ ਵਿਕਦਾ ਹੈ। ਉਹ ਕਹਿੰਦੇ ਹਨ,''ਹਰ ਦਿਨ ਮੈਂ 50-70 ਟੋਕਰੀਆਂ (ਬਾਂਸੀ) ਗੋਹਾ ਜਮ੍ਹਾ ਕਰਦਾ ਹਾਂ। ਪੌਦਿਆਂ ਦੀ ਨਰਸਰੀ ਵਾਲ਼ੇ ਗੋਹਾ ਖ਼ਰੀਦਦੇ ਹਨ। ਮੈਂ ਮਹੀਨੇ ਵਿੱਚ ਕਰੀਬ ਇੱਕ ਟਰਾਲੀ ਗੋਹਾ ਵੇਚ ਲੈਂਦਾ ਹਾਂ ਅਤੇ ਹਰੇਕ ਪੂਰ ਬਦਲੇ 1000 ਕਮਾ ਲੈਂਦਾ ਹਾਂ।''

ਸਾਡੇ ਨਾਲ਼ ਗੱਲ ਕਰਦਿਆਂ ਉਹ ਵੱਛਿਆਂ ਦੇ ਵਾੜੇ ਵਿੱਚ ਬੀੜੀਆਂ ਦੋ ਮੋਟੀਆਂ ਲੰਬੀਆਂ ਡਾਂਗਾਂ ਵਿਚਾਲੇ ਲੇਟਵੀਂ ਡਾਂਗ ਬੰਨ੍ਹ ਦਿੰਦੇ ਹਨ। ਉਹ ਇੰਝ ਇਸਲਈ ਕਰਦੇ ਹਨ ਤਾਂ ਵੱਛੇ ਵੱਡੇ ਡੰਗਰਾਂ ਦੇ ਮਗਰ ਮਗਰ ਜੰਗਲ ਵਿੱਚ ਨਾ ਚਲੇ ਜਾਣ। ਮਰਕਾਮ ਕਹਿੰਦੇ ਹਨ,''ਉਹ ਅਜੇ ਛੋਟੇ ਹਨ, ਸੋ ਮੈਂ ਉਨ੍ਹਾਂ ਨੂੰ ਘਰੋਂ ਦੂਰ ਨਹੀਂ ਜਾਣ ਦੇ ਸਕਦਾ ਨਹੀਂ ਤਾਂ ਘਾਤ ਲਾ ਕੇ ਬੈਠੇ ਜਾਨਵਰ ਉਨ੍ਹਾਂ ਨੂੰ ਖਾ ਜਾਣਗੇ,'' ਉਹ ਕਹਿੰਦੇ ਹਨ ਅਤੇ ਗੱਲ ਕਰਦੇ ਕਰਦੇ ਬਾਹਰ ਜਾਣ ਲਈ ਧੱਕਾ ਮੁੱਕੀ ਕਰਦੇ ਭੂਸਰੇ ਵੱਛਿਆਂ ਨੂੰ ਸ਼ਾਂਤ ਕਰਨ ਲਈ ਉੱਚੀ ਸਾਰੀ ਅਵਾਜ਼ (ਸੰਕੇਤਕ) ਕੱਢਦੇ ਹਨ।

ਡੰਗਰਾਂ ਨੂੰ ਚਰਾਉਣ ਤੋਂ ਇਲਾਵਾ, ਮਰਕਾਮ ਆਪਣੀ ਇੱਕ ਏਕੜ ਦੀ ਪੈਲ਼ੀ 'ਤੇ ਝੋਨੇ ਦੀ ਕਾਸ਼ਤ ਕਰਦੇ ਹਨ। ਉਹ ਸਾਲ ਵਿੱਚ ਕਰੀਬ 75 ਕਿਲੋ ਝੋਨਾ ਉਗਾਉਂਦੇ ਹਨ ਜੋ ਉਪਜ ਉਨ੍ਹਾਂ ਦੇ ਪਰਿਵਾਰ ਵਿੱਚ ਹੀ ਪੂਰੀ ਖੱਪਦੀ ਹੈ। ਉਹ ਖੇਤੀ ਦੇ ਨਾਲ਼ ਨਾਲ਼ ਪਸ਼ੂਪਾਲਣ ਵਿੱਚ ਆਉਣ ਨੂੰ ਲੈ ਕੇ ਦੱਸਦੇ ਹਨ,''ਮੈਂ ਪਹਿਲਾਂ ਸਿਰਫ਼ ਖੇਤੀ ਹੀ ਕਰਦਾ ਹੁੰਦਾ ਸਾਂ ਅਤੇ ਫਿਰ ਮੈਂ 200 ਰੁਪਏ ਵਿੱਚ ਮੱਝ ਖਰੀਦੀ ਜਿਹਨੇ ਦਸ ਵੱਛਿਆਂ ਨੂੰ ਜਨਮ ਦਿੱਤਾ।'' ਜਬਰਾ ਦੀ ਕਰੀਬ 460 ਵਸੋਂ ਵਿੱਚੋਂ ਬਹੁਤੇਰੇ ਲੋਕ ਰੋਜ਼ੀਰੋਟੀ ਵਾਸਤੇ ਛੋਟੀਆਂ ਛੋਟੀਆਂ ਜੋਤਾਂ ਵਿੱਚ ਝੋਨਾ, ਕੁਲਥੀ ਅਤੇ ਉੜਦ ਦਾਲ ਦੀ ਕਾਸ਼ਤ ਕਰਦੇ ਹਨ। ਇਹਦੇ ਨਾਲ਼ ਹੀ ਉਹ ਜੰਗਲ ਤੋਂ ਮਹੂਏ ਦੇ  ਫੁੱਲ ਅਤੇ ਸ਼ਹਿਦ ਵੀ ਇਕੱਠਾ ਕਰਨ ਦੇ ਨਾਲ਼ ਨਾਲ਼ ਪਸ਼ੂਪਾਲਣ 'ਤੇ ਵੀ ਨਿਰਭਰ ਰਹਿੰਦੇ ਹਨ।

Markam fixes the horizontal bars on the makeshift fence to corral the calves.
PHOTO • Purusottam Thakur
Outside his three-room house in Jabarra village
PHOTO • Priti David

ਖੱਬੇ : ਵੱਛਿਆਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਖੜ੍ਹੇ ਮੋਟੇ ਡੰਡਿਆਂ ਵਿਚਾਲੇ ਲੇਟਵੀਂ ਡਾਂਗ ਬੰਨ੍ਹ ਦਿੰਦੇ ਹਨ। ਸੱਜੇ : ਜਰਬਾ ਪਿੰਡ ਵਿਖੇ ਆਪਣੇ ਆਪਣੇ ਤਿੰਨ ਕਮਰਿਆਂ ਵਾਲ਼ੇ ਘਰ ਦੇ ਬਾਹਰ

ਮਰਕਾਮ ਆਪਣੀ ਪਤਨੀ ਕਿਰਨ ਬਾਈ ਦੇ ਨਾਲ਼ ਰਹਿੰਦੇ ਹਨ ਜੋ ਡੰਗਰਾਂ ਦੀ ਦੇਖਭਾਲ਼ ਵਿੱਚ ਉਨ੍ਹਾਂ ਦੀ ਮਦਦ ਕਰਦੀ ਹਨ। ਉਨ੍ਹਾਂ ਦਾ ਵੱਡਾ ਬੇਟਾ ਜੋ ਸਪੈਸ਼ਲ ਪੁਲਿਸ ਅਧਿਕਾਰੀ ਸੀ, ਦਹਿਸ਼ਤਗਰਦਾਂ ਨਾਲ਼ ਹੋਈ 'ਮੁੱਠਭੇੜ' ਵਿੱਚ ਮਾਰਿਆ ਗਿਆ। ਇੱਕ ਹੋਰ ਬੇਟਾ ਸੱਪ ਦੇ ਡੰਗ ਮਾਰਨ ਨਾਲ਼ ਮਾਰਿਆ ਗਿਆ। ਪਿਛਾਂਹ ਬਚੀ ਔਲਾਦ ਵਿੱਚੋਂ ਉਨ੍ਹਾਂ ਦੀਆਂ ਦੀ ਦੋ ਧੀਆਂ ਹੀ ਹਨ ਜੋ ਵਿਆਹੀਆਂ ਹੋਈਆਂ ਹਨ ਅਤੇ ਆਪਣੇ ਸਹੁਰੇ ਘਰ ਰਹਿੰਦੀਆਂ ਹਨ।

ਮਾਰਚ 2020 ਵਿੱਚ ਕੋਵਿਡ-19 ਕਾਰਨ ਲੱਗੀ ਤਾਲਾਬੰਦੀ ਦੌਰਾਨ, ਮਰਕਾਮ ਦੁੱਧ ਵੇਚਣ ਧਮਤਰੀ ਦੇ ਬਜ਼ਾਰ ਨਾ ਜਾ ਪਾਉਂਦੇ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਉਹ ਕਹਿੰਦੇ ਹਨ,''ਢਾਬੇ ਅਤੇ ਦੁਕਾਨਾਂ ਵਗੈਰਾ ਸਭ ਬੰਦ ਸਨ, ਇਸਲਈ ਸਾਡਾ ਦੁੱਧ ਵੇਚਣ ਦਾ ਪੂਰੇ ਦਾ ਪੂਰਾ ਢਾਂਚਾ ਡਾਵਾਂਡੋਲ ਹੋ ਗਿਆ।'' ਇਸ ਤੋਂ ਉਨ੍ਹਾਂ ਨੇ ਘਿਓ ਕੱਢਣਾ ਸ਼ੁਰੂ ਕੀਤਾ ਕਿਉਂਕਿ ਘਿਓ ਕਾਫ਼ੀ ਦੇਰ ਤੱਕ ਖ਼ਰਾਬ ਨਹੀਂ ਹੁੰਦਾ। ਮਰਕਾਮ ਅਤੇ ਕਿਰਨ ਦੋਵੇਂ ਮਿਲ਼ ਕੇ ਘਿਓ ਬਣਾਉਂਦੇ, ਕਿਰਨ ਦੁੱਧ ਉਬਾਲ਼ਦੀ ਅਤੇ ਮਲਾਈ ਨੂੰ ਰਿੜ੍ਹਕਦੀ।

ਕਿਰਨ ਬਾਈ ਮਰਕਾਮ ਦੀ ਦੂਸਰੀ ਪਤਨੀ ਹਨ, ਕਿਰਨ ਜੋ ਗੋਂਡ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹਨ। ਛੱਤੀਸਗੜ੍ਹ ਦੇ ਸਭ ਤੋਂ ਵੱਡੇ ਆਦਿਵਾਸੀ ਭਾਈਚਾਰੇ ਗੋਂਡ ਨਾਲ਼ ਤਾਅਲੁੱਕ ਰੱਖਣ ਵਾਲ਼ੇ ਮਰਕਾਮ ਨੂੰ ਕਿਰਨ ਨਾਲ਼ ਵਿਆਹ ਕਰਨ ਦੀ ਕੀਮਤ ਤਾਰਨੀ ਪਈ। ''ਮੈਨੂੰ ਭਾਈਚਾਰੇ ਤੋਂ ਬਾਹਰ ਵਿਆਹ ਕਰਨ ਬਦਲੇ ਬਤੌਰ ਸਜ਼ਾ 1.5 ਲੱਖ ਰੁਪਏ ਖਰਚਣੇ (ਭੋਜਨ ਵਗੈਰਾ 'ਤੇ) ਪਏ।''

ਮਰਕਾਮ ਨੂੰ ਫ਼ਿਕਰ ਸਤਾਉਂਦੀ ਹੈ ਕਿ ਉਨ੍ਹਾਂ ਦੇ ਬਾਅਦ ਉਨ੍ਹਾਂ ਦੇ ਡੰਗਰਾਂ ਦਾ ਕੀ ਬਣੂ, ਕਿਉਂਕਿ ਇਸ ਕੰਮ ਨੂੰ ਕਰਨ ਵਾਲ਼ਾ ਘਰ ਵਿੱਚ ਉਨ੍ਹਾਂ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਉਹ ਕਹਿੰਦੇ ਹਨ,''ਜਦੋਂ ਕਦੇ ਮੈਂ ਨਾ ਹੋਵਾਂ ਤਾਂ ਮੇਰੇ ਡੰਗਰ ਬੌਂਦਲੇ ਫਿਰਦੇ ਰਹਿੰਦੇ ਹਨ। ਜੇ ਮੈਂ ਮਰ ਜਾਂਦਾ ਹਾਂ ਤਾਂ ਮੇਰੇ ਡੰਗਰਾਂ ਨੂੰ ਖੁੱਲ੍ਹਿਆਂ ਛੱਡ ਦੇਣਾ ਪਵੇਗਾ ਕਿਉਂਕਿ ਉਨ੍ਹਾਂ ਦੀ ਦੇਖਭਾਲ਼ ਕਰਨ ਵਾਲ਼ਾ ਹੋਰ ਕੋਈ ਨਹੀਂ ਹੈ। ''ਹੁਣ ਤੱਕ ਉਨ੍ਹਾਂ ਦੀ ਦੇਖਭਾਲ਼ ਵਿੱਚ ਮੈਂ ਖ਼ੁਦ ਨੂੰ ਖਪਾਉਂਦਾ ਆਇਆ ਹਾਂ। ਜਦੋਂ ਤੱਕ ਮੇਰੇ ਸਾਹ ਚੱਲਦੇ ਨੇ ਇਨ੍ਹਾਂ ਨੂੰ ਨਹੀਂ ਛੱਡਾਂਗਾ।''

ਇਸ ਵੀਡਿਓ ਵਿੱਚ ਜਲਵਾਯੂ ਤਬਦੀਲੀ ਨੂੰ ਲੈ ਕੇ ਵਿਸ਼ਾਲਰਾਮ ਮਰਕਾਮ ਦੇ ਵਿਚਾਰ ਸੁਣੋ : ਜਲਵਾਯੂ ਤਬਦੀਲੀ ਨਾਲ਼ ਜੂਝ ਰਹੇ ਕੀੜੇ, ਜੋ 22 ਸਤੰਬਰ, 2020 ਨੂੰ ਪਾਰੀ ਵੱਲੋਂ ਪ੍ਰਕਾਸ਼ਤ ਕੀਤਾ ਗਿਆ।

ਤਰਜਮਾ: ਕਮਲਜੀਤ ਕੌਰ

Purusottam Thakur

پرشوتم ٹھاکر ۲۰۱۵ کے پاری فیلو ہیں۔ وہ ایک صحافی اور دستاویزی فلم ساز ہیں۔ فی الحال، وہ عظیم پریم جی فاؤنڈیشن کے ساتھ کام کر رہے ہیں اور سماجی تبدیلی پر اسٹوری لکھتے ہیں۔

کے ذریعہ دیگر اسٹوریز پرشوتم ٹھاکر
Priti David

پریتی ڈیوڈ، پاری کی ایگزیکٹو ایڈیٹر ہیں۔ وہ جنگلات، آدیواسیوں اور معاش جیسے موضوعات پر لکھتی ہیں۔ پریتی، پاری کے ’ایجوکیشن‘ والے حصہ کی سربراہ بھی ہیں اور دیہی علاقوں کے مسائل کو کلاس روم اور نصاب تک پہنچانے کے لیے اسکولوں اور کالجوں کے ساتھ مل کر کام کرتی ہیں۔

کے ذریعہ دیگر اسٹوریز Priti David
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur