ਤਾਰਿਕ ਅਹਿਮਦ ਨੇ ਇੱਕ ਅਧਿਆਪਕ ਵਜੋਂ ਦਸ ਸਾਲ ਬਿਤਾਏ ਹਨ। ਇੱਕ ਪ੍ਰਾਇਮਰੀ ਅਧਿਆਪਕ ਵਜੋਂ, ਉਹ ਸਿੱਖਿਆ ਦੇ ਸ਼ੁਰੂਆਤੀ ਪੜਾਅ 'ਤੇ ਬੱਚਿਆਂ ਨੂੰ ਗਿਆਨ ਪ੍ਰਦਾਨ ਕਰਦੇ ਸਨ। ਉਹ 2009 ਤੋਂ 2019 ਤੱਕ ਕੇਂਦਰੀ ਸਮਗਰ ਸਿੱਖਿਆ ਯੋਜਨਾ ਤਹਿਤ ਵਿਦਿਅਕ ਵਲੰਟੀਅਰ ਰਹੇ। ਉਨ੍ਹਾਂ ਨੂੰ ਦਰਾਸ ਖੇਤਰ ਦੀਆਂ ਪਹਾੜੀਆਂ 'ਤੇ ਤਾਇਨਾਤ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਪਸ਼ੂਪਾਲਕ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ ਜਾ ਸਕੇ ਜੋ ਆਪਣੀਆਂ ਭੇਡਾਂ ਅਤੇ ਬੱਕਰੀਆਂ ਨੂੰ ਨਾਲ਼ਲੈ ਕੇ ਲੱਦਾਖ (ਲੱਦਾਖ) ਖੇਤਰ ਵਿੱਚ ਪਰਵਾਸ ਕਰਦੇ ਹਨ।
ਪਰ 2019 ਵਿੱਚ, ਜਦੋਂ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ - ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਵੰਡਿਆ ਗਿਆ ਤਾਂ ਉਨ੍ਹਾਂ ਨੇ ਆਪਣੀ ਨੌਕਰੀ ਗੁਆ ਦਿੱਤੀ। ਜੰਮੂ-ਕਸ਼ਮੀਰ ਦੇ ਵਸਨੀਕ ਹੋਣ ਦੇ ਨਾਤੇ – ਉਨ੍ਹਾਂ ਦਾ ਘਰ ਰਾਜੌਰੀ ਜ਼ਿਲ੍ਹੇ ਦੇ ਕਾਲਾਕੋਟ ਵਿੱਚ ਹੈ - ਉਹ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਤੋਂ ਬਾਹਰ ਬੱਚਿਆਂ ਨੂੰ ਪੜ੍ਹਾਉਣ ਦੇ ਯੋਗ ਨਹੀਂ ਹਨ।
ਤਾਰਿਕ ਕਹਿੰਦੇ ਹਨ, "ਜਿਸ ਦਿਨ ਤੋਂ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਹੈ, ਉਦੋਂ ਤੋਂ ਹੀ ਸਾਡੇ ਬੱਚਿਆਂ ਦੀ ਮੁੱਢਲੀ ਸਿੱਖਿਆ ਵਿੱਚ ਵਿਘਨ ਪਿਆ ਹੈ।'' ਉਹ ਇਨ੍ਹਾਂ ਬੱਚਿਆਂ ਦੇ ਸਭ ਭੁੱਲ-ਵਿਸਰ ਜਾਣ ਮਗਰ ਅਧਿਕਾਰੀਆਂ ਨੂੰ ਦੋਸ਼ ਦਿੰਦੇ ਹਨ।
''ਕਾਰਗਿਲ ਜ਼ਿਲ੍ਹੇ ਦੇ ਜ਼ੀਰੋ ਪੁਆਇੰਟ ਤੋਂ ਦਰਾਸ ਤੱਕ ਇੱਕ ਵੀ ਮੋਬਾਈਲ ਸਕੂਲ ਜਾਂ ਅਸਥਾਈ ਅਧਿਆਪਕ ਨਹੀਂ ਹੈ। ਹੁਣ ਸਾਡੇ ਬੱਚੇ ਜਾਂ ਤਾਂ ਇੱਧਰ-ਉੱਧਰ ਭਟਕਦੇ ਹਨ ਜਾਂ ਭੋਜਨ ਵਾਸਤੇ ਮੁਕਾਮੀ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ," ਕਾਲਾਕੋਟ ਦੇ ਬਥੇਰਾ ਪਿੰਡ ਦੇ ਸਰਪੰਚ ਸ਼ਮੀਮ ਅਹਿਮਦ ਬਾਜਰਾਨ ਕਹਿੰਦੇ ਹਨ।
ਜੰਮੂ-ਕਸ਼ਮੀਰ ਦੇ ਅੰਦਰ ਪ੍ਰਵਾਸੀ ਬੱਚਿਆਂ ਲਈ ਹਜ਼ਾਰਾਂ ਅਸਥਾਈ ਸਕੂਲ ਬਣਾਏ ਗਏ ਹਨ। ਬਕਰਵਾਲ ਭਾਈਚਾਰੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਜਦੋਂ ਉਹ ਮਈ ਅਤੇ ਅਕਤੂਬਰ ਦੇ ਵਿਚਕਾਰ ਪਰਵਾਸ ਕਰਦੇ ਹਨ ਤਾਂ ਉਨ੍ਹਾਂ ਦੇ ਬੱਚੇ ਸਕੂਲ ਤੋਂ ਖੁੰਝ ਜਾਂਦੇ ਹਨ। ਇਸ ਸਮੇਂ ਦੌਰਾਨ, ਉਨ੍ਹਾਂ ਦੇ ਨਿਆਣੇ ਸਿੱਖਿਆ ਤੋਂ ਕੱਟੇ ਜਾਂਦੇ ਹਨ ਅਤੇ ਪੜ੍ਹਾਈ ਪੱਖੋਂ ਆਪਣੇ ਸਹਿਪਾਠੀਆਂ ਤੋਂ ਪਿੱਛੇ ਰਹਿ ਜਾਂਦੇ ਹਨ। 2013ਦੀ ਅਨੁਸੂਚਿਤ ਜਨਜਾਤੀ ਰਿਪੋਰਟ ਦੇ ਅਨੁਸਾਰ, ਬਕਰਵਾਲ ਭਾਈਚਾਰੇ ਦੀ ਕੁੱਲ ਸਾਖਰਤਾ ਦਰ 32ਪ੍ਰਤੀਸ਼ਤ ਹੈ, ਜੋ ਰਾਜ ਦੇ ਬਾਕੀ ਪਿਛੜੇ ਕਬੀਲਿਆਂ ਦੀ ਸਾਖਰਤਾ ਦੇ ਪੱਧਰ ਦੇ ਮੁਕਾਬਲੇ ਸਭ ਤੋਂ ਘੱਟ ਹੈ।
"ਅਸੀਂ ਬੇਵੱਸ ਹਾਂ ਭਾਵੇਂ ਸਾਡੇ ਬੱਚੇ ਪਰਵਾਸ ਦੌਰਾਨ ਪੜ੍ਹਨਾ ਚਾਹੁੰਦੇ ਹਨ। ਪਰਵਾਸ ਦੇ ਸਮੇਂ, ਸਾਨੂੰ ਘੱਟੋ ਘੱਟ 100 ਕਿਲੋਮੀਟਰ ਦੇ ਘੇਰੇ ਵਿੱਚ ਕੋਈ ਸਕੂਲ ਨਹੀਂ ਮਿਲ਼ਦਾ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਪੜ੍ਹਾਈ ਰੁਕ ਰਹੀ ਹੈ," ਪੰਜ ਸਾਲਾ ਹੁਜ਼ੈਫ ਅਤੇ ਤਿੰਨ ਸਾਲਾ ਸ਼ੋਏਬ ਦੇ ਪਿਤਾ ਅਮਜਦ ਅਲੀ ਬਜਰਾਨ ਕਹਿੰਦੇ ਹਨ। ਉਨ੍ਹਾਂ ਦਾ ਪਰਿਵਾਰ ਮੀਨਾਮਾਰਗ ਤੋਂ ਦਰਾਸ ਤੱਕ 16 ਬਕਰਵਾਲ ਪਰਿਵਾਰਾਂ ਵਿੱਚੋਂ ਇੱਕ ਹੈ।
"ਜਦੋਂ ਅਸੀਂ ਰਾਜੌਰੀ ਤੋਂ ਪਰਵਾਸ ਕਰਦੇ ਹਾਂ, ਤਾਂ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਨਾਲ਼ ਲੈ ਜਾਂਦੇ ਹਾਂ। ਅਸੀਂ 5-6 ਮਹੀਨਿਆਂ ਤੱਕ ਪਰਿਵਾਰ ਨੂੰ ਨਹੀਂ ਛੱਡ ਸਕਦੇ," 30 ਸਾਲਾ ਪਸ਼ੂਪਾਲਕ ਕਹਿੰਦੇ ਹਨ।
ਸਰਕਾਰ ਦਾ ਕਹਿਣਾ ਹੈ ਕਿ ਇਲਾਕੇ ਦੇ ਸਿੱਖਿਆ ਅਧਿਕਾਰੀਆਂ ਵੱਲੋਂ ਰਿਪੋਰਟ ਸੌਂਪਣ ਤੋਂ ਬਾਅਦ ਹੀ ਇਨ੍ਹਾਂ ਸਕੂਲਾਂ ਲਈ ਪ੍ਰਬੰਧ ਕੀਤੇ ਜਾ ਸਕਦੇ ਹਨ। ਦੀਪਰਾਜ ਕਨੇਥੀਆ ਕਹਿੰਦੇ ਹਨ, "ਕਿਉਂਕਿ ਖਾਨਾਬਦੋਸ਼ ਸਮੂਹ ਸਾਡੀਆਂ ਸਰਹੱਦਾਂ (ਕਸ਼ਮੀਰ ਤੋਂ ਲੱਦਾਖ ਦੇ ਕਾਰਗਿਲ ਤੱਕ) ਤੋਂ ਪਾਰ ਚਲਾ ਗਿਆ ਹੈ, ਇਸ ਲਈ ਲੱਦਾਖ ਦੇ ਕਾਰਗਿਲ ਖੇਤਰ ਦੇ ਮੁੱਖ ਸਿੱਖਿਆ ਅਧਿਕਾਰੀ (ਸੀਈਓ) ਦਾ ਜੰਮੂ-ਕਸ਼ਮੀਰ ਦੇ ਨਾਗਰਿਕਾਂ ਦੇ ਮਾਮਲੇ 'ਤੇ ਕੋਈ ਪ੍ਰਸ਼ਾਸਨਿਕ ਕੰਟਰੋਲ ਨਹੀਂ ਹੈ। ਸਕੂਲ ਸਿੱਖਿਆ ਵਿਭਾਗ ਦੀ ਸਮੁੱਚਾ ਸਿੱਖਿਆ ਯੋਜਨਾ ਦੇ ਪ੍ਰੋਜੈਕਟ ਡਾਇਰੈਕਟਰ ਦਾ ਕਹਿਣਾ ਹੈ ਕਿ ਸਾਡੇ ਹੱਥ ਬੰਨ੍ਹੇ ਹੋਏ ਹਨ। ਕਾਰਗਿਲ ਖੇਤਰ ਨੂੰ ਦੋ ਵੱਖ-ਵੱਖ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਤਬਦੀਲ ਕੀਤੇ ਜਾਣ ਤੋਂ ਬਾਅਦ ਸਿੱਖਿਆ 'ਤੇ ਸਾਡਾ ਕੋਈ ਪ੍ਰਸ਼ਾਸਨਿਕ ਕੰਟਰੋਲ ਨਹੀਂ ਹੈ।''
ਸਿੱਖਿਆ ਦੀ ਸਾਲਾਨਾ ਸਥਿਤੀ ਰਿਪੋਰਟ (ਦਿਹਾਤੀ 2022) ਦੇ ਅਨੁਸਾਰ, ਜੰਮੂ-ਕਸ਼ਮੀਰ ਵਿੱਚ 55.5 ਪ੍ਰਤੀਸ਼ਤ ਬੱਚੇ 2022 ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਏ ਸਨ। ਇਹ ਅੰਕੜਾ 2018 ਵਿੱਚ 58.3 ਪ੍ਰਤੀਸ਼ਤ ਸੀ।
ਸਰਪੰਚ ਸ਼ਮੀਨ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਸਰਕਾਰ ਨੇ ਲੱਦਾਖ ਦੇ ਕਾਰਗਿਲ ਦੇ ਇਸ ਇਲਾਕੇ 'ਚ ਖ਼ਾਨਾਬਦੋਸ਼ ਬੱਚਿਆਂ ਨੂੰ ਪੜ੍ਹਾਉਣ ਲਈ 6 ਅਸਥਾਈ ਅਧਿਆਪਕ ਨਿਯੁਕਤ ਕੀਤੇ ਹਨ। ਜਿੱਥੇ ਉਹ ਵੀ ਨਾਲ਼-ਨਾਲ਼ ਪ੍ਰਵਾਸ ਕਰਦੇ ਹਨ, ਪਰ ਜ਼ਮੀਨੀ ਪੱਧਰ 'ਤੇ ਕੋਈ ਅਧਿਆਪਕ ਉਪਲਬਧ ਨਹੀਂ। "ਉਹ ਪ੍ਰਵਾਸ ਦੇ ਸੀਜ਼ਨ ਦੇ ਅੰਤ 'ਤੇ ਆਉਂਦੇ ਹਨ ਅਤੇ ਆਪਣੀ ਡਿਊਟੀ ਰੋਸਟਰ 'ਤੇ ਸਬੰਧਤ ਸੀਈਓ ਤੋਂ ਦਸਤਖਤ ਕਰਵਾਉਂਦੇ ਹਨ ਤਾਂਕਿ ਆਪਣੀ ਕਦੇ ਨਾ ਪੂਰੀ ਕੀਤੀ ਗਈ ਡਿਊਟੀ ਬਦਲੇ ਤਨਖ਼ਾਹ ਲੈ ਸਕਣ," ਉਨ੍ਹਾਂ ਸ਼ਿਕਾਇਤ ਕੀਤੀ।
"ਅਸੀਂ ਬੇਵੱਸ ਹਾਂ, ਇਸੇ ਲਈ ਸਾਡੇ ਬੱਚੇ ਡੰਗਰ ਚਾਰਨਾ ਬੰਦ ਕਰਕੇ ਕੋਈ ਹੋਰ ਕੰਮ ਫੜ੍ਹ ਲੈਂਦੇ ਹਨ," ਅਮਜ਼ਦ ਕਹਿੰਦੇ ਹਨ। "ਕੌਣ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਬੱਚੇ ਚੰਗੀ ਤਰ੍ਹਾਂ ਪੜ੍ਹਨ ਅਤੇ ਉਨ੍ਹਾਂ ਦਾ ਭਵਿੱਖ ਚੰਗਾ ਹੋਵੇ?''
ਖੁਸ਼ਕਿਸਮਤੀ ਨਾਲ਼, ਅਮਜ਼ਦ ਅਤੇ ਹੋਰ ਪਸ਼ੂਪਾਲਕਾਂ ਦੇ ਬੱਚਿਆਂ ਲਈ, ਇੱਕ ਸਿਖਲਾਈ ਪ੍ਰਾਪਤ ਅਧਿਆਪਕ, ਤਾਰਿਕ ਮੌਜੂਦ ਹਨ। ਹਾਲਾਂਕਿ ਉਨ੍ਹਾਂ ਕੋਲ਼ ਵੀ ਹੁਣ ਸਮੱਗਰ ਸਿੱਖਿਆ ਦੀ ਨੌਕਰੀ ਨਹੀਂ ਹੈ, ਪਰ ਉਨ੍ਹਾਂ ਨੇ ਮੀਨਾਮਾਰਗ ਵਿੱਚ ਬਕਰਵਾਲ ਦੇ ਬੱਚਿਆਂ ਨੂੰ ਪੜ੍ਹਾਉਣਾ ਬੰਦ ਨਹੀਂ ਕੀਤਾ, ਜੋ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਉਰਦੂ ਸਿੱਖ ਰਹੇ ਹਨ। "ਮੈਨੂੰ ਲੱਗਦਾ ਹੈ ਕਿ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣਾ ਮੇਰੇ ਭਾਈਚਾਰੇ ਪ੍ਰਤੀ ਮੇਰਾ ਫਰਜ਼ ਹੈ। ਇਹ ਮੈਨੂੰ ਖੁਸ਼ੀ ਅਤੇ ਸਕੂਨ ਦਿੰਦਾ ਹੈ," ਇਹ ਨੌਜਵਾਨ ਬਕਰਵਾਲ ਕਹਿੰਦਾ ਹੈ।
ਕਿਉਂਕਿ ਉਨ੍ਹਾਂ ਨੂੰ ਹੁਣ ਤਨਖਾਹ ਨਹੀਂ ਮਿਲ਼ਦੀ, ਇਸ ਲਈ ਉਹ ਭੇਡਾਂ-ਬੱਕਰੀਆਂ ਨੂੰ ਚਰਾਉਣ ਦਾ ਕੰਮ ਵੀ ਕਰਦੇ ਹਨ - ਸਵੇਰੇ 10 ਵਜੇ ਰਵਾਨਾ ਹੁੰਦੇ ਹਨ ਅਤੇ ਸ਼ਾਮ 4 ਵਜੇ ਵਾਪਸ ਆਉਂਦੇ ਹਨ। ਤਾਰਿਕ ਦੇ ਪਰਿਵਾਰ ਕੋਲ਼ 60 ਜਾਨਵਰ ਹਨ ਜਿਨ੍ਹਾਂ ਵਿੱਚ ਭੇਡਾਂ ਅਤੇ ਬੱਕਰੀਆਂ ਦੋਵੇਂ ਸ਼ਾਮਲ ਹਨ। ਉਹ ਇੱਥੇ ਆਪਣੀ ਪਤਨੀ ਅਤੇ ਧੀ ਰਫੀਕ ਬਾਨੋ ਨਾਲ਼ ਰਹਿੰਦੇ ਹਨ।
ਇਸ ਨੌਜਵਾਨ ਅਧਿਆਪਕ ਦੀ ਆਪਣੀ ਪੜ੍ਹਾਈ ਦਾ ਰਸਤਾ ਵੀ ਅੜਚਨਾਂ ਤੋਂ ਸੱਖਣਾ ਨਹੀਂ ਰਿਹਾ। ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕਰਦਿਆਂ, ਉਹ ਕਹਿੰਦੇ ਹਨ, "ਮੈਂ ਸ਼੍ਰੀਨਗਰ ਗਿਆ ਤਾਂ ਜੋ ਮੇਰੀ ਪੜ੍ਹਾਈ ਵਿੱਚ ਵਾਰ-ਵਾਰ ਰੁਕਾਵਟ ਨਾ ਆਵੇ।'' ਤਾਰਿਕ ਨੇ ਫਿਰ 2003 ਵਿੱਚ ਸੌਰਾ ਸ਼੍ਰੀਨਗਰ ਦੇ ਸਰਕਾਰੀ ਉੱਚ ਸੈਕੰਡਰੀ ਸਕੂਲ (ਲੜਕੇ) ਵਿੱਚ 12ਵੀਂ ਜਮਾਤ ਪੂਰੀ ਕੀਤੀ।
ਉਹ ਖੁਦ ਬਕਰਵਾਲ ਭਾਈਚਾਰੇ ਤੋਂ ਹਨ, ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਭਾਈਚਾਰੇ ਤੋਂ ਜੋ ਕੁਝ ਲਿਆ ਹੈ, ਉਸ ਨੂੰ ਵਾਪਸ ਕਰਨ ਦਾ ਸਮਾਂ ਆ ਗਿਆ ਹੈ। " ਅੱਬਾ [ਪਿਤਾ] ਸਾਨੂੰ ਇੱਥੇ ਸਾਰੇ ਵਿਸ਼ੇ ਪੜ੍ਹਾਉਂਦੇ ਹਨ, ਪਰ ਸਾਡੇ ਸਕੂਲ ਵਿੱਚ ਹਰ ਵਿਸ਼ੇ ਲਈ ਵੱਖੋ ਵੱਖਰੇ ਅਧਿਆਪਕ ਹਨ," ਰਫੀਕ ਬਾਨੋ ਕਹਿੰਦੀ ਹੈ। 10 ਸਾਲਾ ਲੜਕੀ ਰਾਜੌਰੀ ਜ਼ਿਲ੍ਹੇ ਦੀ ਕਾਲਾਕੋਟ ਤਹਿਸੀਲ ਦੇ ਪਨਿਹਾਰ ਪਿੰਡ ਦੇ ਜੰਮੂ-ਕਸ਼ਮੀਰ ਸਰਕਾਰੀ ਗਰਲਜ਼ ਸੈਕੰਡਰੀ ਸਕੂਲ 'ਚ 6ਵੀਂ ਜਮਾਤ 'ਚ ਪੜ੍ਹਦੀ ਹੈ।
"ਮੈਂ ਪੜ੍ਹ-ਲਿਖ ਕੇ ਅਧਿਆਪਕ ਬਣਾਂਗੀ ਤਾਂ ਕਿ ਮੈਂ ਵੀ ਆਪਣੇ ਅੱਬਾ ਵਾਂਗਰ ਬੱਚਿਆਂ ਨੂੰ ਪੜ੍ਹਾ ਸਕਾਂ। ਇੱਥੇ ਸਾਡੇ ਕੋਲ਼ ਕੋਈ ਅਧਿਆਪਕ ਨਹੀਂ ਇਸੇ ਲਈ ਮੈਂ ਖ਼ੁਦ ਅਧਿਆਪਕ ਬਣਾਂਗੀ ਤੇ ਬੱਚਿਆਂ ਨੂੰ ਪੜ੍ਹਾਵਾਂਗੀ," ਛੋਟੀ ਕੁੜੀ ਕਹਿੰਦੀ ਹੈ।
ਜਿਹੜੇ ਬੱਚੇ ਪਹਿਲਾਂ ਖੇਡਾਂ ਖੇਡਣ ਜਾਂ ਪਹਾੜੀਆਂ ਵਿੱਚ ਆਵਾਰਾ ਭਟਕਣ ਵਿੱਚ ਸਮਾਂ ਬਿਤਾਉਂਦੇ, ਉਹ ਹੁਣ ਤਾਰਿਕ ਦੇ ਕਾਰਨ ਦਿਨ ਦੇ ਕੁਝ ਘੰਟੇ ਪੜ੍ਹਨ ਲਈ ਸਮਰਪਿਤ ਕਰਦੇ ਹਨ। ਜੁਲਾਈ ਦੇ ਇੱਕ ਦਿਨ ਰਿਪੋਰਟਰ ਨੇ ਆਪਣੀ ਫੇਰੀ ਦੌਰਾਨ ਇਨ੍ਹਾਂ ਬੱਚਿਆਂ ਨੂੰ ਆਪਣੀਆਂ ਕਿਤਾਬਾਂ ਵਿੱਚ ਗੁਆਚੇ ਦੇਖਿਆ। ਤਾਰਿਕ ਨੇ ਮੀਨਾ ਮਾਰਗ ਵਿਖੇ ਆਪਣੇ ਘਰ ਦੇ ਸਾਹਮਣੇ 3-10 ਸਾਲ ਦੀ ਉਮਰ ਦੇ 25 ਬੱਚਿਆਂ ਦੇ ਇਸ ਸਮੂਹ ਦਾ ਧਿਆਨ ਉਦੋਂ ਆਪਣੇ ਵੱਲ ਖਿੱਚਿਆ ਜਦੋਂ ਉਹ ਇੰਨੀ ਉੱਚਾਈ 'ਤੇ ਛਾਂਅਦਾਰ ਰੁੱਖਾਂ ਦੀ ਭਾਲ ਕਰ ਰਹੇ ਸਨ।
"ਇੱਥੇ ਮੈਂ ਹਾਂ ਇਸੇ ਲਈ ਇਹ ਬੱਚੇ ਪੜ੍ਹ ਪਾ ਰਹੇ ਹਨ। ਪਰ ਪਹਾੜੀਆਂ ਦੀਆਂ ਹੋਰ ਉੱਚੀਆਂ 'ਤੇ ਵੀ ਕੁਝ ਬੱਚੇ ਹਨ। ਉਨ੍ਹਾਂ ਨੂੰ ਕੌਣ ਪੜ੍ਹਾਏਗਾ?" ਇਸ ਅਧਿਆਪਕ ਦਾ ਪੁੱਛਣਾ ਹੈ, ਜੋ ਬਿਨਾਂ ਕਿਸੇ ਫੀਸ ਦੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ।
ਕਾਰਗਿਲ, ਲੱਦਾਖ ਦਾ ਹਿੱਸਾ ਹੈ , ਜਿਸ ਨੂੰ ਹਾਲ ਹੀ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ( 2019) ਐਲਾਨਿਆ ਗਿਆ। ਪਹਿਲਾਂ ਇਹ ਜੰਮੂ ਅਤੇ ਕਸ਼ਮੀਰ ਦਾ ਰਾਜ ਹੁੰਦਾ ਸੀ।
ਤਰਜਮਾ: ਕਮਲਜੀਤ ਕੌਰ