ਉਹ ਖਾਲੀ ਹੱਥੀਂ ਫੁੱਟਪਾਥ 'ਤੇ ਖਲ੍ਹੋਤੀ ਰਹੀ ਜਿਓਂ ਦੁੱਖ ਦਾ ਕੋਈ ਖੰਡ੍ਹਰ ਹੁੰਦਾ। ਉਹਨੇ ਜਿਵੇਂ ਮੰਨ ਲਿਆ ਸੀ ਕਿ ਉਹ ਮਸ਼ੀਨ ਦੇ ਦੰਦਿਆਂ ਦੇ ਕਬਜ਼ੇ ਵਿੱਚੋਂ ਕੁਝ ਵੀ ਛੁਡਾ ਨਹੀਂ ਸਕੇਗੀ। ਉਹਦਾ ਦਿਮਾਗ਼ ਹੁਣ ਗਿਣਤੀ ਭੁੱਲ ਗਿਆ ਸੀ, ਇਸਲਈ ਹੁਣ ਹੋਏ ਜਾਂ ਹੋ ਰਹੇ ਨੁਕਸਾਨ ਦੀ ਗਿਣਤੀ ਕੌਣ ਕਰਦਾ। ਉਹਦੇ ਦਿਮਾਗ਼ ਦੇ ਪਰਦੇ 'ਤੇ ਅਵਿਸ਼ਵਾਸ, ਡਰ, ਗੁੱਸਾ, ਨਿਰਾਸ਼ਾ ਅਤੇ ਵਿਰੋਧ ਦੀ ਭਾਵਨਾ ਹਰ ਸ਼ੈਅ ਮਿੰਟਾਂ ਸਕਿੰਟਾਂ ਵਿੱਚ ਆਪੋ ਆਪਣੀ ਭੂਮਿਕਾ ਨਿਭਾਅ ਚੁੱਕੀ ਸੀ। ਹੁਣ ਉਹ ਅਹਿੱਲ ਖੜ੍ਹੀ ਸੀ ਕੋਈ ਹਿੱਲਜੁਲ ਨਹੀਂ...ਸੜਕ ਦੇ ਦੋਵੀਂ ਪਾਸੀਂ ਖੜ੍ਹੇ ਲੋਕ, ਲੋਕ ਨਹੀਂ ਪੱਥਰ ਜਾਪ ਰਹੇ ਸਨ। ਅੱਖਾਂ ਦੀ ਨਮੀ ਯਖ਼ ਹੋ ਗਈ ਸੀ ਅਤੇ ਗੱਚ ਵੀ ਵਲੂਧਰ ਕੇ ਰਹਿ ਗਿਆ ਸੀ। ਉਹਨੂੰ ਨਹੀਂ ਪਤਾ ਸੀ ਕਿ ਉਹਦੇ ਜੀਵਨ ਦੀ ਬਰਬਾਦੀ ਲਈ ਸਿਰਫ਼ ਇੱਕ ਦੰਦਾ ਹੀ ਕਾਫ਼ੀ ਹੋਣਾ। ਅਜੇ ਤੱਕ ਤਾਂ ਦੰਗਿਆਂ ਦੇ ਫੱਟਾਂ ਦੀ ਤਾਬ ਵੀ ਅੱਲੀ ਸੀ।
ਨਜ਼ਮਾ ਨੂੰ ਪਤਾ ਸੀ ਕਿ ਹੁਣ ਸਮਾਂ ਪਹਿਲਾਂ ਜਿਹਾ ਨਹੀਂ ਰਿਹਾ। ਹੁਣ ਸਮਾਂ ਰਸ਼ਮੀ ਦੀਆਂ ਉਨ੍ਹਾਂ ਨਜ਼ਰਾਂ ਨਾਲ਼ੋਂ ਕਿਤੇ ਅਗਾਂਹ ਨਿਕਲ਼ ਗਿਆ ਸੀ ਜੋ ਉਹਨੇ ਉਦੋਂ ਮਹਿਸੂਸ ਕੀਤੀਆਂ ਸਨ ਜਦੋਂ ਉਹ ਦਹੀ ਵਾਸਤੇ ਖੱਟਾ ਲੈਣ ਉਹਦੇ ਘਰ ਗਈ ਸੀ। ਨਾ ਹੀ ਇਹ ਸਮਾਂ ਉਹਦੇ ਬੁਰੇ ਸੁਪਨਿਆਂ ਜਿਹਾ ਸੀ, ਜਿਹਨੂੰ ਉਹ ਉਦੋਂ ਤੋਂ ਦੇਖਦੀ ਆ ਰਹੀ ਸੀ ਜਦੋਂ ਸ਼ਾਹੀਨ ਬਾਗ਼ ਦੀਆਂ ਔਰਤਾਂ ਅੰਦੋਲਨ ਨਾਲ਼ ਜੁੜੀਆਂ ਸਨ, ਜਿਸ ਸੁਪਨੇ ਵਿੱਚ ਉਹ ਖ਼ੁਦ ਨੂੰ ਡੂੰਘੀਆਂ ਖਾਈਆਂ ਵਿੱਚ ਜ਼ਮੀਨ ਦੇ ਇੱਕ ਟੁਕੜੇ 'ਤੇ ਖੜ੍ਹਾ ਪਾਉਂਦੀ ਸੀ। ਕੁਝ ਤਾਂ ਸੀ ਜੋ ਉਹਦੇ ਅੰਦਰ ਵੀ ਪਾਸੇ ਮਾਰ ਰਿਹਾ ਸੀ, ਜਿਹਨੇ ਉਹਦੇ ਅੰਦਰਲੀਆਂ ਚੀਜ਼ਾਂ ਦੇ, ਖ਼ੁਦ ਦੇ, ਆਪਣੀਆਂ ਬੱਚੀਆਂ ਦੇ, ਇਸ ਦੇਸ਼ ਬਾਰੇ ਉਹਦੇ ਅਹਿਸਾਸਾਂ ਨੂੰ ਬਦਲ ਕੇ ਰੱਖ ਦਿੱਤਾ ਸੀ। ਉਹ ਸਹਿਮ ਰਹੀ ਸੀ।
ਹਾਲਾਂਕਿ ਲੁੱਟੇ-ਪੁੱਟੇ ਜਾਣ ਦਾ ਅਹਿਸਾਸ ਉਹਦੇ ਪਰਿਵਾਰ ਵਾਸਤੇ ਕੋਈ ਨਵੀਂ ਗੱਲ ਨਹੀਂ ਸੀ। ਉਹਨੂੰ ਯਕੀਨ ਸੀ ਕਿ ਉਹਦੇ ਪੁਰਖ਼ਿਆਂ ਨਾਲ਼ ਵੀ ਹੁੰਦਾ ਆਇਆ ਸੀ। ਉਹਦੀ ਦਾਦੀ ਵੀ ਇਸ ਤਕਲੀਫ਼ ਨੂੰ ਜਾਣਦੀ ਸੀ, ਫ਼ਿਰਕੂ ਦੰਗਿਆਂ ਨਾਲ਼ ਪਸਰੀ ਨਫ਼ਰਤ ਤੋਂ ਪਣਪਦੇ ਅਹਿਸਾਸਾਂ ਨੂੰ ਜਾਣਦੀ ਸੀ। ਉਸੇ ਵੇਲ਼ੇ, ਇੱਕ ਛੋਟੀ ਜਿਹੀ ਉਂਗਲ ਉਹਦੀ ਚੁੰਨੀ ਨੂੰ ਛੂਹ ਕੇ ਲੰਘੀ। ਉਹਨੇ ਮੁੜ ਦੇਖਿਆ ਤਾਂ ਕੋਈ ਲਾਚਾਰ ਜਿਹੀ ਮੁਸਕਾਨ ਉਹਦਾ ਸੁਆਗਤ ਪਈ ਕਰਦੀ ਸੀ। ਇੱਕ ਵਾਰ ਫਿਰ ਉਹਦੇ ਬੰਜਰ ਮਨ ਵਿੱਚ ਇਸ ਉਜੜੀ ਜ਼ਮੀਨ 'ਤੇ ਕੁਝ ਪੁੰਗਰ ਰਿਹਾ ਸੀ... ਸ਼ਾਇਦ ਜੰਗਲ ਫੁੱਲ
ਜੰਗਲੀ ਫੁੱਲ
ਮੋਟੇ ਤੇਜ਼, ਜ਼ਾਲਮ ਬਲੇਡ ਇਹ,
ਢਾਹ ਰਹੇ ਜਿਓਂ ਸਾਰੀਆਂ ਇਮਾਰਤਾਂ,
ਮਿਟਾਉਣ ਲਈ ਅਮਾਦਾ ਜਿਓਂ ਪੁਰਾਣੇ ਕਿੱਸੇ।
ਮਸਜਿਦਾਂ, ਮੀਨਾਰਾਂ ਨੂੰ ਮਲ਼ਬਾ ਬਣਾਉਂਦੇ,
ਪੁਰਾਣੇ ਬੋਹੜ ਤੱਕ ਨੂੰ ਨੀ ਬਖ਼ਸ਼ਣ ਵਾਲ਼ੇ,
ਚਿੜੀਆਂ ਦੇ ਆਲ੍ਹਣੇ ਫਿਰ ਕਿਸ ਦੇ ਹਿੱਸੇ।
ਬਚੀ-ਖੁਚੀ ਹਰਿਆਲੀ ਨੂੰ ਦਰੜ ਰਹੇ,
ਇਤਿਹਾਸ ਦਾ ਪੰਨਾ ਪੰਨਾ ਕੁਤਰ ਰਹੇ,
ਨਵਾਂ ਰਾਹ ਨਵੀਂ ਪਹੀ ਨੇ ਉਸਾਰ ਰਹੇ।
ਦਰਅਸਲ...
ਬੁਲੇਟ ਟ੍ਰੇਨ ਦਾ ਸੀ ਰਾਹ ਪਧਰਾਉਣਾ,
ਯੁੱਧ ਮੈਦਾਨਾਂ 'ਤੇ ਸੀ ਸੁਹਾਗਾ ਫੇਰਨਾ,
ਥਾਂ ਥਾਂ ਯੋਧਿਆਂ ਨੂੰ ਸੀ ਖੜ੍ਹਾ ਕਰਨਾ।
ਯੋਧੇ ਖੜ੍ਹੇ ਨੇ ਤੋਪਾਂ ਲੋਹੇ ਦੇ ਪੰਜੇ ਲਈ,
ਤਿਆਰ ਨੇ ਸੁਹਾਗੇ ਸਭ ਪਧਰਾਉਣ ਲਈ,
ਮੈਦਾਨਾਂ ਦੀ ਹਰ ਰੁਕਾਵਟ ਪਾਰ ਕਰਨ ਲਈ।
ਵਿਰੋਧ ਦੀ ਅਵਾਜ਼ ਨੂੰ ਦਬਾਉਣਾ,
ਅਸਹਿਮਤੀ ਦੀ ਗਿੱਚੀ ਨੱਪਣਾ,
ਹਰ ਉੱਠਦੀ ਅਵਾਜ਼ ਨੂੰ ਸੂਲ਼ੀ ਟੰਗਣਾ।
ਉਹ ਜਾਣਦੇ ਨੇ, ਉਹ ਯੋਧੇ ਨੇ,
ਬਾਖ਼ੂਬੀ ਜਾਣਦੇ ਨੇ।
ਪਰ ਦੇਖੀਂ, ਸਭ ਉਜੜ ਕੇ ਵੀ ਨਈਓਂ ਉਜੜਨਾ,
ਤੈਨੂੰ ਭੌਰਿਆਂ, ਤਿਤਲੀਆਂ, ਪੰਛੀਆਂ ਨਾਲ਼ ਉਲਝਣਾ ਪੈਣਾ,
ਇਹ ਕੋਮਲ ਜਾਪਦੇ ਜੀਵ ਵੀ ਨੇ ਤੇਰੇ ਜਿਹੇ ਤਾਕਤਵਰ।
ਕਿਤਾਬਾਂ 'ਚੋਂ ਨਿਕਲ਼ ਨਿਕਲ਼ ਕੇ,
ਜ਼ੁਬਾਨ 'ਤੇ ਆਣ ਬੈਠਣਗੇ।
ਫਿਰ ਐਸੇ ਕਿੱਸੇ ਮਿਟਾਉਣਾ,
ਅਜਿਹੀ ਜ਼ੁਬਾਨ ਨੂੰ ਚੁੱਪ ਕਰਾਉਣਾ।
ਬੁਲਡੋਜ਼ਰ ਨਾਲ਼ ਪਾਠ ਪੜ੍ਹਾਉਣਾ,
ਸੌਖ਼ਾ ਨਈਓ ਹੋਣਾ।
ਪਰ ਤੂੰ ਉਦੋਂ ਕੀ ਕਰੇਂਗਾ,
ਜਦੋਂ ਉਹ ਹਵਾਵਾਂ 'ਤੇ ਬਹਿ,
ਚਿੜੀਆਂ, ਮਧੂਮੱਖੀਆਂ ਦੇ ਪਰਾਂ 'ਤੇ ਸਵਾਰ ਹੋ,
ਨਦੀਆਂ ਦੀਆਂ ਲਹਿਰਾਂ 'ਤੇ ਸਵਾਰ ਹੋ,
ਕਿਸੇ ਕਵਿਤਾ ਦੀਆਂ ਸਤਰਾਂ 'ਚ ਲੁਕ ਕੇ,
ਬਿਨਾ ਰੁਕੇ, ਬਿਨਾ ਥੱਕੇ,
ਇੱਧਰ, ਓਧਰ, ਹਰ ਥਾਵੇਂ ਪਹੁੰਚ ਜਾਣਗੇ,
ਤੂੰ ਸੱਚੀਓ ਕੀ ਕਰੇਂਗਾ?
ਧੂੜ ਨਾਲ਼ ਉੱਡਦੇ ਹੋਏ,
ਇਹ ਹੌਲ਼ੇ, ਪੀਲ਼ੇ, ਸੁੱਕੇ, ਜ਼ਿੱਦੀ ਪਰਾਗ,
ਖੇਤਾਂ, ਪੌਦਿਆਂ, ਫੁੱਲਾਂ ਦੇ ਨਾਲ਼ ਨਾਲ਼,
ਤੇਰੇ ਮੇਰੇ ਮਨਾਂ ਵਿੱਚ ਬੈਠ ਰਹੇ ਨੇ,
ਸਾਡੀ ਜ਼ੁਬਾਨ ਵਿੱਚੋ ਬੋਲ ਰਹੇ ਨੇ।
ਦੇਖ ਤਾਂ ਸਹੀ ਇਨ੍ਹਾਂ ਦੀ ਪੈਦਾਵਾਰ!
ਇਨ੍ਹਾਂ ਸੁਨਹਿਰੀ ਜੰਗਲੀ ਫੁੱਲਾਂ ਨਾਲ਼,
ਪੂਰੀ ਧਰਤੀ ਸੁਗੰਧਤ ਹੋ ਰਹੀ,
ਜ਼ਾਲਮਾਂ ਦੀਆਂ ਤਲਵਾਰਾਂ ਨੂੰ ਘਚਾਨੀ ਦੇ,
ਤੇਰੇ ਬੁਲਡੋਜ਼ਰਾਂ ਦੇ ਪਹੀਏ ਹੇਠ ਆਣ,
ਸਮੇਂ ਦੀ ਗਤੀ ਦੇ ਨਾਲ਼ ਅੱਗੇ ਵੱਧ ਰਹੇ।
ਦੇਖ ਕਿਵੇਂ, ਚੁਫ਼ੇਰੇ ਨੇ ਫ਼ੈਲ ਰਹੇ!
ਜੰਗਲੀ ਫੁੱਲਾਂ ਦੇ ਪਰਾਗ਼...
ਤਰਜਮਾ: ਕਮਲਜੀਤ ਕੌਰ