25 ਮੀਟਰ ਦੀ ਉੱਚਾਈ ਤੋਂ ਹੇਠਾਂ ਵੱਲ ਦੇਖਦੇ ਹੋਏ ਹੁਮਾਯੂੰ ਸ਼ੇਖ ਹਿੰਦੀ ਵਿੱਚ ਕਹਿੰਦੇ ਹਨ, "ਪਰ੍ਹੇ ਹੋ ਜਾਓ, ਫਲ ਸਿਰ 'ਤੇ ਡਿੱਗੇਗਾ।''
ਇਹ ਯਕੀਨੀ ਬਣਾਉਂਦੇ ਹੋਏ ਕਿ ਕੋਈ ਵੀ ਰੁੱਖ ਦੇ ਹੇਠਾਂ ਨਾ ਹੋਵੇ, ਉਹ ਆਪਣੀ ਤਿੱਖੀ ਤਲਵਾਰ ਨਾਲ਼ ਨਾਰੀਅਲ ਦੇ ਗੁੱਛੇ ਨੂੰ ਕੱਟਦੇ ਹਨ ਤੇ ਅਗਲੇ ਦੀ ਪਲ ਨਾਰੀਅਲਾਂ ਦਾ ਮੀਂਹ ਵਰ੍ਹਨ ਲੱਗਦਾ ਹੈ।
ਕੁਝ ਮਿੰਟਾਂ ਵਿੱਚ ਕੰਮ ਖਤਮ ਕਰਨ ਤੋਂ ਬਾਅਦ, ਉਹ ਰੁੱਖ ਤੋਂ ਹੇਠਾਂ ਉੱਤਰ ਆਉਂਦੇ ਹਨ। ਰੁੱਖ 'ਤੇ ਚੜ੍ਹਨ ਦਾ ਉਨ੍ਹਾਂ ਦਾ ਢੰਗ ਇੰਨਾ ਸ਼ਾਨਦਾਰ ਹੁੰਦਾ ਹੈ ਕਿ ਅਗਲੇ ਚਾਰ ਮਿੰਟਾਂ ਵਿੱਚ ਉਹ ਰੁੱਖ ਦੇ ਸਿਰੇ 'ਤੇ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉਹ ਰਵਾਇਤੀ ਤਰੀਕੇ ਨਾਲ਼ ਨਾਰੀਅਲ ਵੱਢਣ ਵਾਲ਼ਿਆਂ ਵਾਂਗਰ ਰੱਸੀ ਦੀ ਮਦਦ ਨਾਲ਼ ਦਰੱਖਤ 'ਤੇ ਨਹੀਂ ਚੜ੍ਹਦੇ ਸਗੋਂ ਇੱਕ ਔਜ਼ਾਰ ਦੀ ਵਰਤੋਂ ਕਰਦੇ ਹਨ। ਇਹ ਇੱਕ ਰੁੱਖ 'ਤੇ ਚੜ੍ਹਨ ਅਤੇ ਉਤਰਨ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਹੈ।
ਜਿਹੜੇ ਸੰਦ ਦੀ ਉਹ ਵਰਤੋਂ ਕਰਦੇ ਹਨ ਉਹ ਕਿਸੇ ਫੁੱਟ-ਰੈਸਟ ਵਾਂਗਰ ਜਾਪਣ ਵਾਲ਼ੀ ਜੋੜੀ ਜਿਹਾ ਲੱਗਦਾ ਹੈ। ਇਹਦੇ ਨਾਲ਼ ਲੰਬੀ ਜਿਹੀ ਰੱਸੀ ਜੁੜੀ ਹੁੰਦੀ ਹੈ ਜੋ ਟਾਹਣ ਦੇ ਦੁਆਲ਼ੇ ਲਿਪਟਦੀ ਜਾਂਦੀ ਹੈ। ਹਮਾਯੂੰ ਰੁੱਖ 'ਤੇ ਕੁਝ ਇੰਝ ਚੜ੍ਹਦੇ ਹਨ ਜਿਵੇਂ ਪੌੜੀਆਂ ਚੜੀਦੀਆਂ ਹਨ।
ਉਹ ਕਹਿੰਦੇ ਹਨ, "ਇੱਕ ਜਾਂ ਦੋ ਦਿਨਾਂ ਵਿੱਚ ਮੈਂ (ਸੰਦ ਦੀ ਵਰਤੋਂ ਕਰਕੇ) ਚੜ੍ਹਨਾ ਸਿੱਖ ਲਿਆ।"
ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਗੋਲਚੰਦਪੁਰ ਪਿੰਡ ਤੋਂ ਆਏ ਹੁਮਾਯੂੰ ਨੇ ਪਿੰਡ ਵਿੱਚ ਨਾਰੀਅਲ ਦੇ ਦਰੱਖਤਾਂ 'ਤੇ ਚੜ੍ਹਨ ਦੀ ਆਦਤ ਪਾ ਲਈ ਸੀ, ਜਿਸ ਕਾਰਨ ਉਨ੍ਹਾਂ ਨੂੰ ਸੰਦ ਦੇ ਸਹਾਰੇ ਚੜ੍ਹਨਾ ਸੌਖਾ ਹੋ ਗਿਆ ਸੀ।
"ਮੈਂ ਇਹ ਯੰਤਰ 3,000 ਰੁਪਏ ਵਿੱਚ ਖਰੀਦਿਆ ਸੀ। ਮੈਂ ਕੁਝ ਹੋਰ ਦਿਨਾਂ ਲਈ ਆਪਣੇ ਦੋਸਤਾਂ ਨਾਲ਼ ਇੱਥੇ ਆਉਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ, ਮੈਂ ਇਕੱਲਾ ਆਉਣਾ ਸ਼ੁਰੂ ਕਰ ਦਿੱਤਾ," ਉਹ ਕਹਿੰਦੇ ਹਨ।
ਉਨ੍ਹਾਂ ਦੀ ਇਸ ਮਿਹਨਤ ਬਦਲੇ ਕੋਈ ਨਿਸ਼ਚਿਤ ਆਮਦਨ ਨਹੀਂ ਹੁੰਦੀ। "ਜੇ ਇੱਕ ਦਿਨ ਤੁਸੀਂ 1,000 ਰੁਪਏ ਕਮਾਉਂਦੇ ਹੋ, ਤਾਂ ਅਗਲੇ ਦਿਨ ਤੁਹਾਨੂੰ 500 ਰੁਪਏ ਹੀ ਮਿਲ਼ਦੇ ਹਨ। ਕੋਈ-ਕੋਈ ਦਿਨ ਕੁਝ ਵੀ ਨਹੀਂ ਮਿਲ਼ ਪਾਉਂਦਾ," ਉਹ ਕਹਿੰਦੇ ਹਨ। ਉਹ ਫਲ ਤੋੜੇ ਜਾਣ ਵਾਲ਼ੇ ਰੁੱਖਾਂ ਦੀ ਗਿਣਤੀ ਦੇ ਅਧਾਰ 'ਤੇ ਹੀ ਪੈਸਾ ਟੁੱਕਦੇ ਹਨ। "ਜੇ ਇੱਥੇ ਸਿਰਫ਼ ਦੋ ਰੁੱਖ ਹੋਣ ਤਾਂ ਮੈਂ ਪ੍ਰਤੀ ਰੁੱਖ 50 ਰੁਪਏ ਲੈ ਲਵਾਂਗਾ। ਜਿੱਥੇ ਰੁੱਖ ਜ਼ਿਆਦਾ ਹੋਣ ਤਾਂ ਮੈਂ ਪੈਸੇ ਘਟਾ ਕੇ 25 ਰੁਪਏ ਪ੍ਰਤੀ ਰੁੱਖ ਵੀ ਲੈ ਲੈਂਦਾ ਹਾਂ," ਹੁਮਾਯੂੰ ਕਹਿੰਦੇ ਹਨ। "ਮੈਨੂੰ ਮਲਿਆਲਮ ਤਾਂ ਨਹੀਂ ਆਉਂਦੀ ਪਰ ਮੈਂ ਜਿਵੇਂ-ਕਿਵੇਂ ਕਰਕੇ ਪੈਸੇ ਟੁੱਕ ਹੀ ਲੈਂਦਾ ਹਾਂ।''
ਉਹ ਕਹਿੰਦੇ ਹਨ, "ਘਰੇ (ਪੱਛਮੀ ਬੰਗਾਲ ਵਿੱਚ) ਦਰੱਖਤਾਂ 'ਤੇ ਚੜ੍ਹਨ ਲਈ ਅਜਿਹੇ ਔਜ਼ਾਰ ਉਪਲਬਧ ਨਹੀਂ ਹੁੰਦੇ," ਉਹ ਕਹਿੰਦੇ ਹਨ ਕਿ ਇਹ ਕੇਰਲ ਵਿੱਚ ਬਹੁਤ ਮਸ਼ਹੂਰ ਹੈ।
ਜਿਹੜੇ ਸੰਦ ਦੀ ਉਹ ਵਰਤੋਂ ਕਰਦੇ ਹਨ ਉਹ ਕਿਸੇ ਫੁੱਟ-ਰੈਸਟ ਵਾਂਗਰ ਜਾਪਣ ਵਾਲ਼ੀ ਜੋੜੀ ਜਿਹਾ ਲੱਗਦਾ ਹੈ। ਇਹਦੇ ਨਾਲ਼ ਲੰਬੀ ਜਿਹੀ ਰੱਸੀ ਜੁੜੀ ਹੁੰਦੀ ਹੈ ਜੋ ਟਾਹਣ ਦੇ ਦੁਆਲ਼ੇ ਲਿਪਟਦੀ ਜਾਂਦੀ ਹੈ। ਹਮਾਯੂੰ ਰੁੱਖ 'ਤੇ ਕੁਝ ਇੰਝ ਚੜ੍ਹਦੇ ਹਨ ਜਿਵੇਂ ਪੌੜੀਆਂ ਚੜੀਦੀਆਂ ਹਨ
ਮਹਾਂਮਾਰੀ ਦੇ ਆਉਣ ਤੋਂ ਤਿੰਨ ਸਾਲ ਪਹਿਲਾਂ (2020 ਦੇ ਸ਼ੁਰੂ ਵਿੱਚ) ਹਮਾਯੂੰ ਕੇਰਲ ਚਲੇ ਗਏ ਸਨ। ਉਹ ਦੱਸਦੇ ਹਨ, "ਜਦੋਂ ਮੈਂ ਪਹਿਲੀ ਵਾਰ ਆਇਆਂ ਤਾਂ ਮੈਂ ਇੱਥੇ ਖੇਤਾਂ ਵਿੱਚ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਸਾਂ।"
ਉਹ ਆਪਣੇ ਕੇਰਲ ਆਉਣ ਨੂੰ ਲੈ ਕੇ ਕਹਿੰਦੇ ਹਨ," ਕਾਮ ਕਾਜ ਕੇ ਲੀਏ ਕੇਰਲ ਅੱਛਾ ਹੈ ।"
"ਫਿਰ ਕੋਰੋਨਾ ਆ ਗਿਆ। ਸਾਨੂੰ ਘਰ ਜਾਣਾ ਪਿਆ।"
ਉਹ ਮਾਰਚ 2020 ਵਿੱਚ ਕੇਰਲਾ ਸਰਕਾਰ ਦੁਆਰਾ ਆਯੋਜਿਤ ਮੁਫਤ ਰੇਲ ਗੱਡੀਆਂ 'ਤੇ ਪੱਛਮੀ ਬੰਗਾਲ ਵਿੱਚ ਆਪਣੇ ਘਰ ਵਾਪਸ ਆਏ ਸਨ। ਉਹ ਉਸੇ ਸਾਲ ਅਕਤੂਬਰ ਵਿੱਚ ਕੇਰਲਾ ਵਾਪਸ ਆਏ। ਉਦੋਂ ਤੋਂ ਹੀ ਉਨ੍ਹਾਂ ਨੇ ਨਾਰੀਅਲ ਤੋੜਨੇ ਸ਼ੁਰੂ ਕਰ ਦਿੱਤੇ।
ਉਹ ਹਰ ਰੋਜ਼ ਸਵੇਰੇ 5:30 ਵਜੇ ਉੱਠਦੇ ਹਨ ਤੇ ਸਭ ਤੋਂ ਪਹਿਲਾਂ ਖਾਣਾ ਪਕਾਉਂਦੇ ਹਨ। "ਮੈਂ ਸਵੇਰੇ ਖਾਣਾ ਨਹੀਂ ਖਾਂਦਾ। ਮੈਂ ਬੱਸ ਛੋਟਾ ਨਾਸ਼ਤਾ (ਸਨੈਕ) ਹੀ ਖਾਂਦਾ ਹਾਂ ਤੇ ਕੰਮ 'ਤੇ ਚਲਾ ਜਾਂਦਾ ਹਾਂ। ਕੰਮ ਤੋਂ ਵਾਪਸ ਆ ਕੇ ਹੀ ਮੈਂ ਖਾਣਾ ਖਾਂਦਾ ਹਾਂ," ਉਹ ਆਪਣੇ ਰੋਜ਼ਾਨਾ ਦੇ ਰੁਟੀਨ ਬਾਰੇ ਦੱਸਦੇ ਹਨ। ਪਰ ਉਹਨਾਂ ਦੇ ਕੰਮ ਤੋਂ ਮੁੜਨ ਦਾ ਕੋਈ ਨਿਯਤ ਸਮਾਂ ਨਹੀਂ ਹੈ।
ਉਹ ਕਹਿੰਦੇ ਹਨ, "ਕਈ ਵਾਰੀਂ ਤਾਂ ਮੈਂ ਸਵੇਰੇ 11 ਵਜੇ ਘਰ ਵਾਪਸ ਆ ਜਾਂਦਾ ਹਾਂ ਅਤੇ ਕਈ ਵਾਰੀਂ 3-4 ਵੱਜ ਜਾਂਦੇ ਹਨ।"
ਬਰਸਾਤ ਦੇ ਮੌਸਮ ਵਿੱਚ, ਉਨ੍ਹਾਂ ਦੀ ਆਮਦਨੀ ਵਿੱਚ ਉਤਰਾਅ-ਚੜ੍ਹਾਅ ਹੁੰਦਾ ਹੈ ਪਰ ਸਾਜ਼ੋ-ਸਾਮਾਨ ਹੋਣ ਨਾਲ਼ ਉਨ੍ਹਾਂ ਨੂੰ ਕੁਝ ਮਦਦ ਜ਼ਰੂਰ ਮਿਲ਼ਦੀ ਹੈ।
ਉਹ ਕਹਿੰਦੇ ਹਨ, "ਬਰਸਾਤ ਦੇ ਮੌਸਮ ਵਿੱਚ ਮੈਨੂੰ ਦਰੱਖਤਾਂ 'ਤੇ ਚੜ੍ਹਨ ਵਿੱਚ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਮੇਰੇ ਕੋਲ਼ ਇੱਕ ਮਸ਼ੀਨ ਹੈ। ਪਰ ਇਸ ਮੌਸਮ ਵਿੱਚ ਬਹੁਤ ਘੱਟ ਲੋਕ ਨਾਰੀਅਲ ਤੋੜਨ ਵਾਲ਼ਿਆਂ ਨੂੰ ਬੁਲਾਉਂਦੇ ਹਨ।" ਉਹ ਕਹਿੰਦੇ ਹਨ, "ਆਮ ਤੌਰ 'ਤੇ, ਜਦੋਂ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਮੈਨੂੰ ਘੱਟ ਕੰਮ ਮਿਲਦਾ ਹੈ।"
ਇਹੀ ਕਾਰਨ ਹੈ ਕਿ ਉਹ ਗੋਲਚੰਦਪੁਰ ਵਿੱਚ ਰਹਿੰਦੀ ਆਪਣੀ ਪਤਨੀ ਹਲੀਮਾ ਬੇਗਮ, ਮਾਂ ਅਤੇ ਤਿੰਨ ਬੱਚਿਆਂ ਨੂੰ ਮਿਲ਼ਣ ਜਾਣ ਲਈ ਮਾਨਸੂਨ ਦੇ ਮਹੀਨਿਆਂ ਦੀ ਹੀ ਚੋਣ ਕਰਦੇ ਹਨ। ਉਨ੍ਹਾਂ ਦੇ ਬੱਚੇ ਸ਼ਾਂਵਰ ਸ਼ੇਖ (17), ਸਾਦਿਕ ਸ਼ੇਖ (11) ਅਤੇ ਫਰਹਾਨ ਸ਼ੇਖ (9) ਸਾਰੇ ਸਕੂਲ ਵਿੱਚ ਪੜ੍ਹ ਰਹੇ ਹਨ।
"ਮੈਂ ਕੋਈ ਮੌਸਮੀ ਪ੍ਰਵਾਸੀ ਨਹੀਂ ਹਾਂ। ਮੈਂ 9-10 ਮਹੀਨੇ ਕੇਰਲ ਰਹਾਂਗਾ ਅਤੇ ਸਿਰਫ਼ ਦੋ ਮਹੀਨਿਆਂ ਲਈ ਹੀ ਘਰ (ਪੱਛਮੀ ਬੰਗਾਲ ਵਿੱਚ) ਮੁੜਾਂਗਾ।'' ਪਰ ਜਿੰਨਾ ਚਿਰ ਉਹ ਘਰੋਂ ਦੂਰ ਹੁੰਦੇ ਹਨ ਆਪਣੇ ਪਰਿਵਾਰ ਨੂੰ ਚੇਤੇ ਕਰਦੇ ਰਹਿੰਦੇ ਹਨ।
ਹੁਮਾਯੂੰ ਦਾ ਕਹਿਣਾ ਹੈ, "ਮੈਂ ਦਿਹਾੜੀ ਵਿੱਚ ਘੱਟੋ-ਘੱਟ ਤਿੰਨ ਵਾਰ ਘਰ ਫੋਨ ਕਰਦਾ ਹਾਂ।" ਘਰ ਦੇ ਬਣੇ ਖਾਣੇ ਦੀ ਯਾਦ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਹੈ। ਉਹ ਕਹਿੰਦੇ ਹਨ, "ਬੰਗਾਲ ਜਿਹਾ ਭੋਜਨ ਤਾਂ ਮੈਂ ਇੱਥੇ ਤਿਆਰ ਨਹੀਂ ਕਰ ਪਾਉਂਦਾ, ਬੱਸ ਕਿਸੇ ਨਾ ਕਿਸੇ ਤਰ੍ਹਾਂ ਮੈਂ ਦਿਨ ਕੱਟ ਰਿਹਾ ਹਾਂ।''
"ਹਾਲ ਦੀ ਘੜੀ, ਮੈਂ ਚਾਰ ਮਹੀਨਿਆਂ ਤੱਕ [ਜੂਨ ਵਿੱਚ] ਘਰ ਜਾਣ ਦੀ ਉਡੀਕ ਕਰ ਰਿਹਾ ਹਾਂ।''
ਤਰਜਮਾ: ਕਮਲਜੀਤ ਕੌਰ