ਜਦੋਂ ਉਨ੍ਹਾਂ ਵੱਲੋਂ ਕਰਾਇਆ ਤੀਜਾ ਬੋਰਵੈੱਲ ਵੀ ਸੁੱਕ ਗਿਆ ਤਾਂ ਡੀ. ਅਮਰਨਾਥ ਰੈਡੀ ਨੂੰ ਆਪਣੀ ਜ਼ਮੀਨ ਸਿੰਝਣ ਵਾਸਤੇ ਇੱਕ ਵਾਰ ਫਿਰ ਤੋਂ ਮੀਂਹ ਦਾ ਮੂੰਹ ਦੇਖਣਾ ਪਿਆ। ਪਰ ਆਂਧਰਾ ਪ੍ਰਦੇਸ਼ ਦੇ ਸੋਕੇ ਮਾਰੇ ਰਾਇਲਸੀਮਾ ਇਲਾਕੇ ਵਿੱਚ ਮੀਂਹ ਅਣਕਿਆਸਿਆ ਰਹਿੰਦਾ ਹੈ। ਇਹੀ ਉਹ ਸੋਕੇ ਮਾਰਿਆ ਇਲਾਕਾ ਹੈ ਜਿੱਥੇ 51 ਸਾਲਾ ਇਸ ਕਿਸਾਨ ਨੇ ਟਮਾਟਰ ਦੀ ਕਾਸ਼ਤ ਕੀਤੀ। ਇਸਲਈ ਚਿੱਟੂਰ ਜ਼ਿਲ੍ਹੇ ਦੇ ਮੁਦੀਵੇਡੂ ਪਿੰਡ ਵਿੱਚ ਪੈਂਦੇ ਆਪਣੇ ਤਿੰਨ ਏਕੜ ਦੇ ਖੇਤ ਦੀ ਸਿੰਜਾਈ ਕਰਨ ਵਾਸਤੇ ਉਨ੍ਹਾਂ ਨੇ ਤੀਜੀ ਵਾਰ ਬੋਲਵੈੱਲ ਲਵਾਇਆ ਅਤੇ 5 ਲੱਖ ਰੁਪਏ ਫ਼ੂਕੇ। ਉਨ੍ਹਾਂ ਨੇ ਬੋਰ ਕਰਾਉਣ ਵਾਸਤੇ ਸ਼ਾਹੂਕਾਰ ਪਾਸੋਂ ਪੈਸਾ ਉਧਾਰ ਚੁੱਕਿਆ। ਪਹਿਲੀ ਵਾਰੀ ਕਰਾਇਆ ਬੋਰ ਸੁੱਕਣ ਤੋਂ ਬਾਅਦ ਉਨ੍ਹਾਂ ਨੇ ਦੋਬਾਰਾ ਕੋਸ਼ਿਸ਼ ਕੀਤੀ। ਤੀਜੀ ਵਾਰ ਕਰਾਏ ਬੋਰ ਕਾਰਨ ਉਹ ਆਪ ਤਾਂ ਭਾਵੇਂ ਕਰਜ਼ੇ ਹੇਠ ਡੁੱਬ ਗਿਆ ਪਰ ਖੇਤ ਦੀ ਜ਼ਮੀਨ ਖ਼ੁਸ਼ਕ ਦੀ ਖ਼ੁਸ਼ਕ ਹੀ ਰਹੀ।
ਹੁਣ ਅਮਰਨਾਥ ਬੇਸਬਰੀ ਨਾਲ਼ ਅਪ੍ਰੈਲ-ਮਈ 2020 ਨੂੰ ਹੋਣ ਵਾਲ਼ੀ ਵਾਢੀ (ਟਮਾਟਰਾਂ ਦੀ ਤੁੜਾਈ) ਉਡੀਕਣ ਲੱਗਿਆ ਅਤੇ ਥੋੜ੍ਹਾ ਬਹੁਤ ਕਰਜ਼ਾ ਮੋੜਨ ਦੀਆਂ ਤਿਕੜਮਾਂ ਵੀ ਲਾਉਂਦਾ ਰਿਹਾ। ਉਹਦੇ ਸਿਰ 'ਤੇ 10 ਲੱਖ ਦਾ ਕਰਜ਼ਾ ਬੋਲਦਾ ਸੀ ਅਤੇ ਪੂਰੇ ਕਰਜ਼ੇ ਵਿੱਚ ਬੋਰਵੈੱਲਾਂ 'ਤੇ ਹੋਏ ਖ਼ਰਚੇ ਦੇ ਨਾਲ਼ ਨਾਲ਼ ਆਪਣੀ ਵੱਡੀ ਧੀ ਦੇ ਵਿਆਹ ਲਈ ਚੁੱਕਿਆ ਕਰਜ਼ਾ ਅਤੇ ਫ਼ਸਲ ਦਾ ਕਰਜ਼ਾ ਵੀ ਸ਼ਾਮਲ ਸੀ। ਪਰ 24 ਮਾਰਚ (2020) ਨੂੰ ਪ੍ਰਧਾਨ ਮੰਤਰੀ ਦੁਆਰਾ ਅਚਾਨਕ ਐਲਾਨੀ ਤਾਲਾਬੰਦੀ ਨੇ ਉਹਦੀਆਂ ਸਾਰੀਆਂ ਯੋਜਨਾਵਾਂ 'ਤੇ ਪਾਣੀ ਫੇਰ ਦਿੱਤਾ। ਹਾਲਤ ਇਹ ਸੀ ਕਿ ਨਾ ਤਾਂ ਉਹ ਟਮਾਟਰ ਤੋੜ ਸਕਦਾ ਸੀ ਨਾ ਹੀ ਵੇਚ ਸਕਦਾ ਸੀ। ਹੁਣ ਉਹਦੇ ਕੋਲ਼ ਆਪਣੇ ਇਨ੍ਹਾਂ ਲਾਲ ਟਮਾਟਰਾਂ ਨੂੰ ਪੱਕ ਕੇ ਸੜਦੇ ਦੇਖਣ ਤੋਂ ਇਲਾਵਾ ਹੋਰ ਕੋਈ ਚਾਰਾ ਨਾ ਰਿਹਾ।
''ਹੁਣ ਉਹ ਸਮਝ ਗਿਆ ਕਿ ਮਹਾਂਮਾਰੀ ਦੌਰਾਨ ਕੁਝ ਵੀ ਠੀਕ ਨਹੀਂ ਹੋਣ ਲੱਗਿਆ ਅਤੇ ਉਹਦੀ ਆਸ਼ਾ ਨਿਰਾਸ਼ਾ ਵਿੱਚ ਬਦਲ ਗਈ,'' ਅਮਰਨਾਥ ਦੀ ਪਤਨੀ, ਡੀ. ਵਿਮਲਾ ਕਹਿੰਦੀ ਹਨ ਅਤੇ ਗੱਲਬਾਤ ਰਾਹੀਂ ਇਹ ਦੱਸਦੀ ਹਨ ਕਿ ਇਹੀ ਕਾਰਨ ਸਨ ਜਿਨ੍ਹਾਂ ਕਾਰਨ 17 ਸਤੰਬਰ 2020 ਨੂੰ ਉਨ੍ਹਾਂ ਨੇ ਜ਼ਹਿਰ ਨਿਗਲ਼ ਲਿਆ। ''ਉਨ੍ਹਾਂ ਨੇ 10 ਦਿਨ ਪਹਿਲਾਂ ਵੀ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ। ਅਸੀਂ ਉਨ੍ਹਾਂ ਨੂੰ ਬੰਗਲੁਰੂ (180 ਕਿਲੋਮੀਟਰ ਦੂਰ) ਦੇ ਵੱਡੇ ਹਸਪਤਾਲ ਲੈ ਗਏ ਉਨ੍ਹਾਂ ਦੀ ਜਾਨ ਬਚਾ ਲਈ। ਉਦੋਂ ਅਸੀਂ 1 ਲੱਖ ਰੁਪਿਆ ਖਰਚਿਆ,'' ਵਿਮਲਾ ਦੱਸਦੀ ਹਨ ਕਿ ਕਿਵੇਂ ਮੈਂ ਉਨ੍ਹਾਂ ਨੂੰ ਦੋਬਾਰਾ ਇਹ ਕਦਮ ਨਾ ਚੁੱਕਣ ਦੇ ਹਾੜੇ ਕੱਢੇ ਸਨ।
ਪੁਲਿਸ ਦੀ ਰਿਪੋਰਟ ਵਿੱਚ ਚਿੱਟੂਰ ਦੇ ਇਸ ਕਿਸਾਨ ਵੱਲੋਂ ਕੀਤੀ ਆਤਮਹੱਤਿਆ ਮਗਰ ਬੋਰਵੈੱਲ ਦਾ ਨਾਕਾਮ ਹੋਣਾ ਸਭ ਤੋਂ ਵੱਡਾ ਕਾਰਨ ਦੱਸਿਆ ਗਿਆ। ਬਾਕੀ ਕਾਰਨਾਂ ਵਿੱਚ ਟਮਾਟਰਾਂ ਦੀ ਫ਼ਸਲ ਦਾ ਬਰਬਾਦ ਹੋਣਾ ਅਤੇ ਖੇਤੀ ਕਰਜ਼ਾ ਸ਼ਾਮਲ ਸੀ। ਇਨ੍ਹਾਂ ਕਿਸਾਨ ਪਰਿਵਾਰਾਂ ਲਈ ਮੁਆਵਜ਼ੇ ਨੂੰ ਲੈ ਕੇ ਸੂਬਾ ਸਰਕਾਰ ਦੇ ਆਦੇਸ਼ ਨੇ ਵੀ ਬਲ਼ਦੀ 'ਤੇ ਤੇਲ ਪਾਇਆ ਅਤੇ ਸਾਰੇ ਕਾਰਨਾਂ ਵਿੱਚੋਂ ਇੱਕ ਕਾਰਨ ਬਣ ਗਿਆ: ''ਇਹੋ ਜਿਹੀਆਂ ਆਤਮਹੱਤਿਆਵਾਂ ਦੇ ਮਗਰਲੇ ਕਾਰਨਾਂ ਵਿੱਚ ਕਈ ਕਾਰਨ ਲੁਕੇ ਹੋ ਸਕਦੇ ਹੁੰਦੇ ਹਨ ਜਿਨ੍ਹਾਂ ਵਿੱਚ ਬੋਰਵੈੱਲਾਂ ਦਾ ਨਾਕਾਮ ਹੋਣਾ, ਕਾਸ਼ਤ ਦੀ ਉੱਚ ਲਾਗਤ ਵਾਲ਼ੀਆਂ ਵਪਾਰਕ ਫ਼ਸਲਾਂ ਦੇ ਵੱਧਣ ਦੇ ਨਾਲ਼ ਨਾਲ਼ ਗ਼ੈਰ-ਲਾਭਕਾਰੀ ਮੁੱਲਾਂ ਦਾ ਵੱਧਣਾ, ਜ਼ੁਬਾਨੀ ਕਿਰਾਏਦਾਰੀ ਅਤੇ ਬੈਂਕਾਂ ਦਾ ਕਰਜ਼ਾ ਨਾ ਚੁਕਾ ਸਕਣਾ, ਸ਼ਾਹੂਕਾਰਾਂ ਤੋਂ ਉੱਚ ਦਰਾਂ 'ਤੇ ਚੁੱਕੇ ਕਰਜ਼ੇ, ਮੌਸਮ ਦੀਆਂ ਪ੍ਰਤੀਕੂਲ ਹਾਲਤਾਂ, ਬੱਚਿਆਂ ਦੀ ਪੜ੍ਹਾਈ, ਬੀਮਾਰੀ ਅਤੇ ਵਿਆਹਾਂ 'ਤੇ ਆਉਂਦੇ ਵਿਤੋਂ ਵੱਧ ਖਰਚੇ ਵੀ ਇਨ੍ਹਾਂ ਆਤਮਹੱਤਿਆਵਾਂ ਮਗਰਲੇ ਵੱਡੇ ਕਾਰਨ ਹਨ।''
ਬੀਤੇ ਸਾਲ ਬਗ਼ੈਰ ਸੋਚੇ-ਸਮਝੇ ਐਲਾਨੀ ਗਈ ਉਸ ਤਾਲਾਬੰਦੀ ਨੇ ਕਈਆਂ ਦੀ ਹਾਲਤ ਪੇਤਲੀ ਕਰ ਛੱਡੀ। ਜੇ ਸਿਰਫ਼ 2020 ਦੀ ਗੱਲ ਕਰੀਏ ਤਾਂ ਇਕੱਲੇ ਚਿੱਟੂਰ ਜ਼ਿਲ੍ਹੇ ਦੇ 34 ਕਿਸਾਨਾਂ ਨੇ ਮੌਤ ਨੂੰ ਗਲ਼ੇ ਲਾਇਆ ਅਤੇ ਇਹ 2014 (ਦੀਆਂ ਆਤਮਹੱਤਿਆਵਾਂ) ਤੋਂ ਬਾਅਦ ਦੀ ਸਭ ਤੋਂ ਵੱਡੀ ਸੰਖਿਆ ਹੈ। ਉਨ੍ਹਾਂ 34 ਕਿਸਾਨਾਂ ਵਿੱਚੋਂ 27 ਕਿਸਾਨਾਂ ਨੇ ਅਪ੍ਰੈਲ ਤੋਂ ਦਸੰਬਰ ਵਿਚਾਲੇ ਆਤਮਹੱਤਿਆ ਕੀਤੀ।
ਵੈਸੇ ਮਹਾਂਮਾਰੀ ਤੋਂ ਪਹਿਲਾਂ ਵੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸਨ। 2019 ਵਿੱਚ, ਆਂਧਰਾ ਪ੍ਰਦੇਸ਼ ਦੇ ਖੇਤੀ ਪਰਿਵਾਰਾਂ (ਭਾਵ ਹਰੇਕ ਕਿਸਾਨ ਪਰਿਵਾਰ) ਸਿਰ ਔਸਤ 2.45 ਲੱਖ ਦਾ ਕਰਜ਼ਾ ਸੀ ਜੋ ਕਿ ਦੇਸ਼ ਦੇ ਬਾਕੀ ਹੋਰਨਾਂ ਥਾਵਾਂ ਦੇ ਕਿਸਾਨਾਂ ਨਾਲ਼ੋਂ ਕਿਤੇ ਵੱਧ ਹੈ। ਹਾਲੀਆ ਸਮੇਂ ਗ੍ਰਾ ਮੀਣ ਭਾਰਤ ਵਿਚਲੀ ਖੇਤੀ ਪਰਿਵਾਰਾਂ ਦੀ ਜ਼ਮੀਨ ਅਤੇ ਪਸ਼ੂ ਧਨ ਦੀ ਹਾਲਤ ਦਾ ਮੁਲਾਂਕਣ, 2019 ਦੀ ਰਿਪੋਰਟ ਦੱਸਦੀ ਹੈ ਕਿ ਉਸ ਸਾਲ ਸੂਬੇ ਦੇ 93 ਫ਼ੀਸਦ ਖੇਤੀ ਪਰਿਵਾਰ ਕਰਜ਼ੇ ਵਿੱਚ ਡੁੱਬੇ ਹੋਏ ਸਨ।
ਅਮਰਨਾਥ ਅਤੇ ਵਿਮਲਾ ਦੀ ਅਗਲੀ ਗਲੀ ਵਿੱਚ ਰਹਿੰਦੀ 27 ਸਾਲਾ ਮੰਜੁਲਾ ਆਪਣੇ ਮਰਹੂਮ ਪਤੀ ਦੀ ਮਾਨਸਿਕ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹਨ। ਉਨ੍ਹਾਂ ਅੰਦਰ ਤਾਂ ਕਿਸੇ ਕਿਸਮ ਦਾ ਕੋਈ ਤਣਾਅ ਨਹੀਂ ਦਿੱਸਿਆ, ਉਹ ਕਹਿੰਦੀ ਹਨ। ਆਪਣੇ ਅੱਠ ਸਾਲ ਦੇ ਵਿਆਹ ਦੌਰਾਨ ਉਹ ਅਕਸਰ ਆਪਣੀ 10 ਏਕੜ ਦੀ ਪੈਲ਼ੀ (ਖੇਤ) ਵਿੱਚ ਕਾਸ਼ਤ ਕਰਨ ਦੀਆਂ ਯੋਜਨਾਵਾਂ ਬਣਾਇਆ ਕਰਦੇ। ''ਪਰ ਉਨ੍ਹਾਂ ਨੇ ਕਦੇ ਵੀ ਆਪਣੀਆਂ ਵਿੱਤੀ ਪਰੇਸ਼ਾਨੀਆਂ ਦੇ ਬੋਝ ਦਾ ਜ਼ਿਕਰ ਤੱਕ ਨਹੀਂ ਕੀਤਾ। ਇਸ ਕਰਜ਼ੇ (8.35 ਲੱਖ) ਨੇ ਮੈਨੂੰ ਹੈਰਾਨ ਕਰ ਦਿੱਤਾ ਹੈ।'' ਉਨ੍ਹਾਂ ਦੇ ਪਤੀ, 33 ਸਾਲਾ ਪੀ. ਮਧੁਸੂਦਨ ਰੈਡੀ ਨੇ 26 ਜੁਲਾਈ, 2020 ਨੂੰ ਖ਼ੁਦ ਨੂੰ ਰੁੱਖ ਨਾਲ਼ ਫ਼ਾਹੇ ਟੰਗ ਲਿਆ।
ਅੱਧ ਏਕੜ ਦੀ ਜ਼ਮੀਨ ਵਿੱਚ ਮਧੁਸੂਦਨ ਨੇ ਜੋ ਟਮਾਟਰ ਬੀਜੇ ਸਨ ਉਹ ਅਣਚੁਗੇ ਹੀ ਰਹਿ ਗਏ। ਕਰਜ਼ੇ ਦਾ ਵੱਡਾ ਹਿੱਸਾ ਉਨ੍ਹਾਂ ਚਾਰ ਬੋਰਵੈੱਲਾਂ ਕਾਰਨ ਸਿਰ ਚੜ੍ਹਿਆ ਜੋ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਕਰਾਏ ਸਨ, ਉਨ੍ਹਾਂ ਦੇ ਪਿਤਾ, ਪੀ. ਜਯਾਰਾਮੀ ਰੈਡੀ ਕਹਿੰਦੇ ਹਨ। 700-800 ਫੁੱਟ ਡੂੰਘੇ ਇਹ ਬੋਰ ਕਰੀਬ ਅੱਠ ਸਾਲਾਂ ਦੇ ਵਕਫ਼ੇ ਵਿੱਚ ਕਰਾਏ ਗਏ ਸਨ ਅਤੇ ਇਸੇ ਸਮੇਂ ਦੌਰਾਨ ਉਧਾਰ ਚੁੱਕੇ ਪੈਸਿਆਂ 'ਤੇ ਵਿਆਜ ਰਾਸ਼ੀ ਵੀ ਵੱਧਦੀ ਚਲੀ ਗਈ।
ਮਧੁਸੂਦਨ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਕਰਜ਼ੇ ਦਾ ਕੁਝ ਪੈਸਾ ਲਾਹੁਣ ਲਈ ਦੋ ਏਕੜ ਜ਼ਮੀਨ ਵੇਚ ਦਿੱਤੀ। ਹੁਣ ਉਹ ਅੱਧ ਏਕੜ ਵਿੱਚ ਝੋਨੇ ਦੀ ਕਾਸ਼ਤ ਕਰ ਰਹੇ ਹਨ ਅਤੇ ਇਲਾਕੇ ਦੇ ਸੱਤ ਪਰਿਵਾਰਾਂ ਦੇ ਇੱਕ ਸਾਂਝੇ ਬੋਰਵੈੱਲ ਦੇ ਪਾਣੀ ਨਾਲ਼ ਖੇਤ ਸਿੰਝ ਰਹੇ ਹਨ। ''ਇਸ ਸਾਲ ਅਸੀਂ ਜਿਹੜੀ ਮੂੰਗਫ਼ਲੀ ਬੀਜੀ ਸੀ ਉਹਦਾ ਵੀ ਵਧੀਆ ਝਾੜ ਨਹੀਂ ਮਿਲ਼ਿਆ ਕਿਉਂਕਿ ਮੀਂਹ ਹੀ ਬਹੁਤ ਜ਼ਿਆਦਾ ਪੈ ਗਿਆ। ਸਾਡੀ ਤਾਂ ਲਾਗਤ ਵੀ ਨਾ ਨਿਕਲ਼ੀ। ਬਾਕੀ ਦੀ ਜ਼ਮੀਨ ਅਜੇ ਵਾਹੀ ਲਈ ਤਿਆਰ ਨਹੀਂ,'' ਜਯਾਰਾਮੀ ਰੈਡੀ ਕਹਿੰਦੇ ਹਨ।
ਇਲਾਕੇ ਦੇ ਕਿਸਾਨਾਂ ਨੇ ਟਮਾਟਰਾਂ ਨੂੰ ਛੱਡ ਝੋਨੇ ਦੀ ਖੇਤੀ ਕਰ ਰਹੇ ਹਨ ਜਿਹਦੇ ਮਗਰਲਾ ਕਾਰਨ ਹੈ 2019 ਤੋਂ ਪੈ ਰਿਹਾ ਵਿਤੋਂਵੱਧ ਮੀਂਹ, ਬੀ. ਸ੍ਰੀਨਿਵਾਸੁਲੂ ਕਹਿੰਦੇ ਹਨ ਜੋ ਚਿੱਟੂਰ ਵਿਖੇ ਬਾਗ਼ਬਾਨੀ ਦੇ ਡਿਪਟੀ ਡਾਇਰੈਕਟਰ ਹਨ। ਹਾਲਾਂਕਿ ਕਿ 2009-10 ਅਤੇ 2018-19 ਦੇ ਦਹਾਕੇ ਦੇ ਇਨ੍ਹਾਂ ਸੱਤ ਸਾਲਾਂ ਨੂੰ ਜ਼ਿਲ੍ਹੇ ਦੇ ਕਈ ਹਿੱਸਿਆਂ ਜਿਵੇਂ ਕੁਰਬਾਲਾਕੋਟਾ ਮੰਡਲ (ਜਿੱਥੇ ਮੁਦੀਵੇਡੂ ਸਥਿਤ ਹੈ) ਨੂੰ ਸੋਕਾਗ੍ਰਸਤ ਐਲਾਨਿਆ ਗਿਆ ਸੀ, ਐੱਨ. ਰਾਘਵ ਰੈਡੀ ਕਹਿੰਦੇ ਹਨ ਜੋ ਮੰਡਲ ਦੇ ਸਹਾਇਕ ਅੰਕੜਾ ਅਫ਼ਸਰ ਹਨ।
2019 ਤੋਂ ਬਾਅਦ ਚਿੱਟੂਰ ਵਿੱਚ ਕਿਸਾਨਾਂ ਦੇ ਆਤਮਹੱਤਿਆਵਾਂ ਦੇ ਮਾਮਲੇ ਵਧੇ ਹਨ। ਜ਼ਿਲ੍ਹਾ ਅਪਰਾਧ ਰਿਕਾਰਡ ਬਿਓਰੋ ਵਿੱਚ ਦਰਜ ਅੰਕੜਿਆਂ ਮੁਤਾਬਕ ਸਾਲ 2018 ਵਿੱਚ ਆਤਮਹੱਤਿਆਵਾਂ ਦੀ ਜੋ ਸੰਖਿਆ 7 ਸੀ ਉਹ 2019 ਵਿੱਚ ਵੱਧ ਕੇ 27 ਅੱਪੜ ਗਈ। ਸਾਲ 2020 ਵਿੱਚ ਇਹ ਅੰਕੜਾ 564 ਹੋ ਗਿਆ ਇਹੀ ਉਹ ਸਮਾਂ ਸੀ ਜਦੋਂ ਆਂਧਰਾ ਪ੍ਰਦੇਸ਼ ਵਿਖੇ ਕਿਸਾਨਾਂ ਵੱਲੋਂ ਆਤਮਹੱਤਿਆ ਕੀਤੇ ਜਾਣ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਰਾਸ਼ਟਰੀ ਅਪਰਾਧ ਰਿਕਾਰਡ ਬਿਓਰੋ (NCRB) ਮੁਤਾਬਕ ਮਰਨ ਵਾਲ਼ੇ 564 ਕਿਸਾਨਾਂ ਵਿੱਚੋਂ 140 ਰਾਹਕ ਵੀ ਸ਼ਾਮਲ ਸਨ।
ਇਨ੍ਹਾਂ ਮਰਨ ਵਾਲ਼ੇ ਕਿਸਾਨਾਂ ਵਿੱਚੋਂ ਇੱਕ ਦਲਿਤ ਰਾਹਕ ਐੱਮ. ਚਿੰਨਾ ਰੇੱਡਾਪਾ ਵੀ ਸਨ। ਉਨ੍ਹਾਂ ਨੇ 1.5 ਏਕੜ ਦੀ ਜ਼ਮੀਨ 'ਤੇ ਟਮਾਟਰਾਂ ਦੀ ਕਾਸ਼ਤ ਕੀਤੀ ਇਹ ਜ਼ਮੀਨ ਉਨ੍ਹਾਂ ਨੇ ਪੇਡਾ ਥਿੱਪਾਸਾਮੁਡ੍ਰਮ ਮੰਡਲ ਵਿੱਚ ਪੈਂਦੇ ਆਪਣੇ ਪਿੰਡ ਸੰਪਾਠੀਕੋਟਾ ਵਿੱਚ 20,000 ਰੁਪਏ ਬਦਲੇ ਛੇ ਮਹੀਨਿਆਂ ਲਈ ਠੇਕੇ 'ਤੇ ਲਈ ਸੀ। ਉਨ੍ਹਾਂ ਦੀ ਪਤਨੀ ਐੱਮ. ਇਸ਼ਵਰੰਮਨਾ ਕਹਿੰਦੀ ਹਨ ਕਿ ਕੋਵਿਡ-19 ਦੀ ਤਾਲਾਬੰਦੀ ਦੌਰਾਨ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਦਾ ਮੌਕਾ ਨਾ ਮਿਲ਼ਿਆ। ''ਫ਼ਸਲ ਖੇਤਾਂ ਵਿੱਚ ਪਈ ਸੜਦੀ ਰਹੀ ਅਤੇ ਅਸੀਂ ਤਿੰਨ ਲੱਖ ਰੁਪਏ ਦੇ ਕਰਜ਼ੇ ਹੇਠ ਦੱਬ ਗਏ।'' ਇਸ ਪਤੀ-ਪਤਨੀ ਕੋਲ਼ ਨਾ ਤਾਂ ਕੋਈ ਜਾਇਦਾਦ ਸੀ ਅਤੇ ਨਾ ਹੀ ਕੋਈ ਬਚਤ ਜੋ ਉਹ ਇਸ ਘਾਟੇ ਵਿੱਚੋਂ ਨਿਕਲ਼ ਪਾਉਂਦੇ। 30 ਦਸੰਬਰ ਨੂੰ 45 ਸਾਲਾ ਚਿੰਨਾ ਰੇੱਡਾਪਾ ਨੇ ਮੌਤ ਦਾ ਰਾਹ ਚੁਣਿਆ।
ਇਸ਼ਵਰੰਮਨਾ ਆਪਣੀ ਧੀ, ਪੂਜਾ (ਪੰਜਵੀਂ ਜਮਾਤ ਦੀ ਵਿਦਿਆਰਥੀ) ਨਾਲ਼ ਆਪਣੇ ਪੇਕੇ ਘਰ ਚਲੀ ਗਈ ਜੋ ਕਿ ਬੀ. ਕੋਠਾਕੋਟਾ ਮੰਡਲ ਦੀ ਦੇਗਾਨੀਪਾਲੀ ਬਸਤੀ ਵਿਖੇ ਹੈ। ''ਹੁਣ ਮੈਂ ਗੁਜ਼ਾਰੇ ਵਾਸਤੇ ਖੇਤ ਮਜ਼ਦੂਰੀ ਕਰਦੀ ਹਾਂ ਅਤੇ ਮੈਨੂੰ 200 ਰੁਪਏ ਦਿਹਾੜੀ ਮਿਲ਼ਦੀ ਹੈ। ਕਰਜ਼ਾ ਚੁਕਾਈ ਦਾ ਕੋਈ ਸਾਧਨ ਨਹੀਂ ਹੈ,'' ਇਸ਼ਵਰਮੰਨਾ ਗੱਲਬਾਤ ਦੌਰਾਨ ਦੱਸਦੀ ਹਨ,''ਸ਼ਾਹੂਕਾਰ ਮੈਨੂੰ ਲਗਾਤਾਰ ਫ਼ੋਨ ਕਰਕੇ ਤੰਗ ਕਰ ਰਹੇ ਹਨ ਅਤੇ ਹਾਲਾਤ ਇਹ ਹਨ ਕਿ ਮੈਂ ਖ਼ੁਦ ਮਸਾਂ ਹੀ ਗੁਜ਼ਾਰਾ ਕਰ ਰਹੀ ਹਾਂ।''
ਫਰਵਰੀ 2019 ਵਿੱਚ ਰਾਯਠੂ ਸਵਰਾਜਯ ਵੇਦਿਕਾ (RSV) ਦੁਆਰਾ ਸੂਚਨਾ ਪਾਉਣ ਦੇ ਅਧਿਕਾਰ ਹੇਠ ਦਿੱਤੀ ਅਰਜ਼ੀ ਤੋਂ ਇਹ ਖ਼ੁਲਾਸਾ ਹੋਇਆ ਕਿ 2014 ਤੋਂ 2018 ਵਿਚਾਲੇ ਇਕੱਲੇ ਆਂਧਰਾ ਪ੍ਰਦੇਸ਼ ਵਿੱਚ 1,513 ਕਿਸਾਨ ਆਤਮਹੱਤਿਆ ਕਰ ਗਏ। ਪਰ ਸਿਰਫ਼ 391 ਪੀੜਤ ਪਰਿਵਾਰਾਂ ਨੂੰ ਹੀ ਸੂਬਾ ਸਰਕਾਰ ਦੁਆਰਾ 5 ਲੱਖ ਦਾ ਮੁਆਵਜ਼ਾ ਮਿਲ਼ਿਆ। ਜਦੋਂ ਇਹ ਮਾਮਲਾ ਮੀਡਿਆ ਵਿੱਚ ਰਿਪੋਰਟ ਹੋਇਆ ਤਾਂ ਸੂਬਾ ਸਰਕਾਰ ਨੇ ਤਫ਼ਤੀਸ਼ ਦਾ ਆਦੇਸ਼ ਦਿੱਤਾ। ''ਸਰਕਾਰ ਸਿਰਫ਼ 640 ਹੋਰਨਾਂ ਪੀੜਤ ਪਰਿਵਾਰਾਂ ਨੂੰ ਹੀ ਮੁਆਵਜ਼ਾ ਦੇਣ ਲਈ ਰਾਜ਼ੀ ਹੋਈ ਅਤੇ ਬਾਕੀ ਦੇ ਬਚੇ 482 ਪੀੜਤ ਪਰਿਵਾਰਾਂ ਨੂੰ ਕੁਝ ਵੀ ਨਹੀਂ ਮਿਲ਼ਿਆ,'' RSV ਦੇ ਸਕੱਤਰ ਬੀ. ਕੌਂਡਲ ਰੈਡੀ ਕਹਿੰਦੇ ਹਨ, ਇਹ ਇੱਕ ਅਜਿਹਾ ਕਿਸਾਨ ਸੰਗਠਨ ਹੈ ਜੋ ਮੁਆਵਜ਼ਾ ਤੋਂ ਵਾਂਝੇ ਰਹਿ ਗਏ ਪਰਿਵਾਰਾਂ ਦੀ ਮਦਦ ਕਰਦਾ ਹੈ। ਅਕਤੂਬਰ 2019 ਵਿੱਚ ਸੂਬਾ ਸਰਕਾਰ ਨੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਦਿੱਤੇ ਜਾਣ ਵਾਲ਼ੇ ਮੁਆਵਜ਼ੇ ਵਿੱਚ 2 ਲੱਖ ਰੁਪਏ ਦੇ ਵਾਧੇ ਦਾ ਐਲਾਨ ਕੀਤਾ ਸੀ। ਪਰ ਅਜੇ ਤੱਕ ਇਹ ਮੁਆਵਜ਼ਾ ਨਾ ਤਾਂ ਵਿਮਲਾ ਨੂੰ ਮਿਲ਼ਿਆ ਨਾ ਮੰਜੁਲਾ ਨੂੰ ਅਤੇ ਨਾ ਹੀ ਇਸ਼ਵਰੰਮਨਾ ਨੂੰ।
ਸਾਲ 2019-20 ਵਿੱਚ ਚਿੱਟੂਰ ਜ਼ਿਲ੍ਹਾ ਸੂਬੇ ਦੇ ਟਮਾਟਰਾਂ ਦੀ ਪੈਦਾਵਾਰ ਦਾ 37 ਫ਼ੀਸਦ ਦਾ ਯੋਗਦਾਨ ਪਾਉਂਦਾ ਰਿਹਾ ਹੈ। ਉਸ ਸਾਲ ਆਂਧਰਾ ਪ੍ਰਦੇਸ਼ ਦੇਸ਼ ਦਾ ਦੂਜਾ ਵੱਡਾ ਉਤਪਾਦਕ ਰਿਹਾ ਸੀ। ਉਸ ਦੌਰਾਨ ਹਾਈਬ੍ਰਿਡ ਅਤੇ ਸਥਾਨਕ ਦੋਵੇਂ ਹੀ ਕਿਸਮਾਂ ਉਗਾਈਆਂ ਗਈਆਂ। ਚਿੱਟੂਰ ਅਤੇ ਰਾਇਲਸੀਮਾ (ਵਾਈਐੱਸਆਰ ਕਡਪਾ, ਅਨੰਤਪੁਰ, ਕੁਰਨੂਲ) ਦੇ ਹੋਰਨਾਂ ਜ਼ਿਲ੍ਹਿਆਂ ਦੇ ਟਮਾਟਰ ਉਤਪਾਦਕਾਂ ਦੇ ਨਾਲ਼ ਨਾਲ਼ ਗੁਆਂਢੀ ਕਰਨਾਟਕ ਦੇ ਟਮਾਟਰ ਉਤਪਾਦਕ ਦੇਸ਼ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਵਿੱਚੋਂ ਇੱਕ ਚਿੱਟੂਰ ਵਿਖੇ ਮਦਨਪਾਲੇ ਟਮਾਟਰ ਮੰਡੀ ਵਿੱਚ ਆਪਣੀ ਉਪਜ ਵੇਚਦੇ।
ਮਦਨਪਾਲੇ ਵਿਖੇ ਥੋਕ ਦੇ ਭਾਅ ਬੋਲੀ ਦੁਆਰਾ ਤੈਅ ਹੁੰਦੇ ਹਨ ਅਤੇ ਕੀਮਤ ਕਈ ਕਾਰਕਾਂ 'ਤੇ ਨਿਰਭਰ ਕਰਦੀ ਹੈ। ਉਦਾਹਰਣ ਵਜੋਂ- ਇੱਕ ਰਾਤ ਪਹਿਲਾਂ ਪਿਆ ਮੀਂਹ ਅਗਲੀ ਸਵੇਰ ਕੀਮਤ ਡੇਗ ਦਿੰਦਾ ਹੈ। ਜਦੋਂ ਭਾਅ ਚੰਗਾ ਹੋਵੇ ਤਾਂ ਮੰਡੀ ਵਿੱਚ ਵੱਧ ਉਪਜ ਆਉਣ ਕਾਰਨ ਉਸ ਦਿਨ ਦੀ ਬੋਲੀ ਨਾਲ਼ ਭਾਅ ਡਿੱਗ ਸਕਦਾ ਹੁੰਦਾ ਹੈ। ਅਜਿਹਾ ਹੀ ਕੁਝ 29 ਅਗਸਤ ਨੂੰ ਵਾਪਰਿਆ, ਜਦੋਂ ਇਸ ਰਿਪੋਰਟ ਨੇ ਅਨੰਤਪੁਰ ਜ਼ਿਲ੍ਹੇ ਦੇ ਤਾਨਕਲ ਮੰਡਲ ਦੇ ਮਾਲਰੇਡੀਪਾਲੇ ਪਿੰਡ ਦੇ ਇੱਕ ਕਿਸਾਨ ਐੱਸ.ਐੱਸ. ਸ੍ਰੀਨਿਵਾਸੁਲੂ ਨਾਲ਼ ਮੁਲਾਕਾਤ ਕੀਤੀ ਜੋ ਮਦਨਪਾਲੇ ਯਾਰਡ ਵਿੱਚ ਆਪਣੀ ਉਪਜ ਵੇਚ ਰਹੇ ਸਨ। ''30 ਕਿਲੋ ਟਮਾਟਰਾਂ ਦਾ ਕ੍ਰੇਟ 390 ਰੁਪਏ ਤੱਕ ਆ ਗਿਆ ਜਿਹਦਾ ਕੱਲ੍ਹ ਦਾ ਭਾਅ 500 ਰੁਪਏ ਸੀ ਇਹਦੇ ਮਗਰਲਾ ਕਾਰਨ ਹੈ ਚੰਗੇ ਭਾਅ ਮਿਲ਼ਣ ਕਾਰਨ ਕਿਸਾਨਾਂ ਵੱਲੋਂ ਵੱਧ ਤੋਂ ਵੱਧ ਟਮਾਟਰ ਇੱਥੇ ਲਿਆਉਣਾ ਹੈ।
''ਟਮਾਟਰ ਦੀ ਪ੍ਰਤੀ ਏਕੜ ਲਾਗਤ ਦਰ 100,000 ਰੁਪਏ ਤੋਂ 200,000 ਲੱਖ ਰੁਪਏ ਹੋ ਸਕਦੀ ਹੁੰਦੀ ਹੈ,'' ਆਰ. ਰਾਮਾਸਵਾਮੀ ਰੈਡੀ ਕਹਿੰਦੇ ਹਨ ਜੋ ਅਨੰਤਪੁਰ ਦੇ ਨਾਲਾਚੇਰੁਵੂ ਮੰਡਲ ਦੇ ਪਿੰਡ ਅੱਲੂਗੁੰਡੂ ਦੇ ਕਿਸਾਨ ਹਨ। ''ਇਹ ਤਾਂ ਜੀ ਜਿੰਨਾ ਮਿੱਠਾ ਪਾਈ ਜਾਵਾਂਗੇ ਝਾੜ ਓਨਾ ਹੀ ਵਧੀਆ ਮਿਲੀ ਜਾਊ ਹਾਂ ਜੇ ਕੁਦਰਤ ਫ਼ਸਲ ਤਬਾਹ ਨਾ ਕਰੇ ਤਾਂ,'' ਉਹ ਅੱਗੇ ਕਹਿੰਦੇ ਹਨ। 2-3 ਸਾਲਾਂ ਵਿੱਚ ਪਏ ਘਾਟੇ ਚੌਥੇ ਸਾਲ ਵਿੱਚ ਜਾ ਕੇ ਪੂਰੇ ਹੋ ਸਕਦੇ ਹੁੰਦੇ ਹਨ।
ਬੀਤੇ ਤਿੰਨ ਸਾਲਾਂ ਵਿੱਚ ਟਮਾਟਰਾਂ ਦੀ ਕਾਸ਼ਤ ਕਰਨਾ ਜ਼ੋਖਮ ਭਰਿਆ ਕੰਮ ਹੋ ਗਿਆ ਹੈ, ਐੱਨ. ਸਾਹਾਦੇਵੀ ਨਾਇਡੂ ਕਹਿੰਦੇ ਹਨ ਜੋ ਮਦਨਪਾਲੇ ਦੇ ਵਕੀਲ ਹਨ ਜਿਨ੍ਹਾਂ ਦਾ ਪਰਿਵਾਰ ਠੇਕੇ ਦੀ 10-15 ਏਕੜ ਜ਼ਮੀਨ 'ਤੇ ਖੇਤੀ ਕਰਦਾ ਹੈ। ''ਮੇਰੇ 20 ਸਾਲਾਂ ਦੇ ਤਜ਼ਰਬੇ ਵਿੱਚ ਮੈਂ ਦੇਖਿਆ ਹੈ ਕਿ ਕੋਈ ਇੱਕ ਹਫ਼ਤਾ ਵੀ ਅਜਿਹਾ ਨਹੀਂ ਰਿਹਾ ਜਿਸ ਦੌਰਾਨ ਭਾਅ ਇਕਸਾਰ ਰਹੇ ਹੋਣ,'' ਉਹ ਗੱਲ ਕਰਦੇ ਹਨ ਅਤੇ ਨਾਲ਼ ਇਹ ਵੀ ਜੋੜਦੇ ਹਨ ਕਿ ਬੀਤੇ ਦੋ ਦਹਾਕਿਆਂ ਵਿੱਚ ਲਾਗਤ (ਖਰਚੇ) 7-10 ਗੁਣਾ ਵੱਧ ਗਏ ਹਨ ਪਰ ਟਮਾਟਰਾਂ ਦੇ ਭਾਅ ਅਜੇ ਵੀ 1 ਰੁਪਏ ਤੋਂ 60 ਰੁਪਏ ਵਿਚਾਲੇ ਹੀ ਝੂਲਦੇ ਹਨ। ਹਾਲਾਂਕਿ, ਇਸ ਫ਼ਸਲ ਦੇ ਉੱਚ ਮੁਨਾਫ਼ੇ ਦੀ ਸੰਭਾਵਨਾ ਉਨ੍ਹਾਂ ਕਾਸ਼ਤਕਾਰਾਂ ਨੂੰ ਲੁਭਾਉਂਦੀ ਰਹੀ ਜੋ ਆਪਣੇ-ਆਪ ਨੂੰ ਹੋਣ ਵਾਲ਼ੇ ਨੁਕਸਾਨਾਂ ਤੋਂ ਬਚਾਅ ਲਿਆ ਕਰਦੇ,'' ਉਹ ਖੁੱਲ੍ਹ ਕੇ ਦੱਸਦੇ ਹਨ।
ਇਸ ਸਾਲ, ਸਤੰਬਰ ਅਕਤੂਬਰ ਵਿੱਚ ਪਏ ਭਾਰੀ ਮਾਨਸੂਨ ਅਤੇ ਅੱਧ-ਨਵੰਬਰ ਵਿੱਚ ਪਿਆ 255 ਫ਼ੀਸਦੀ ਬੇਮੌਸਮੀ ਮੀਂਹ ਨੇ ਪੂਰੇ ਰਾਇਲਸੀਮਾ ਵਿੱਚ ਹਜ਼ਾਰਾਂ ਏਕੜ ਵਿੱਚ ਝੂਲ਼ਦੀ ਫ਼ਸਲ ਤਬਾਹ ਕਰ ਸੁੱਟੀ। ਅਕਤੂਬਰ ਤੋਂ ਟਮਾਟਰਾਂ ਦੀ ਸਪਲਾਈ ਵਿੱਚ ਆਈ ਘਾਟ ਕਾਰਨ ਮਦਨਪਾਲੇ ਮੰਡੀ ਵਿੱਚ ਉਨ੍ਹਾਂ ਦੀ ਕੀਮਤ ਵੱਧ ਗਈ ਹੈ। ਉੱਚ ਕੁਆਲਿਟੀ ਦੇ ਹਾਈਬ੍ਰਿਡ ਟਮਾਟਰ ਜੋ ਪਿਛਲੇ ਮਹੀਨੇ 42 ਰੁਪਏ ਤੋਂ 48 ਰੁਪਏ ਵਿੱਚ ਵਿਕੇ ਸਨ 16 ਨਵੰਬਰ ਆਉਂਦੇ ਆਉਂਦੇ 92 ਰੁਪਏ ਕਿਲੋ ਹੋ ਗਏ। ਭਾਅ ਅਸਮਾਨੀਂ ਚੜ੍ਹਦੇ ਰਹੇ ਜਦੋਂ ਤੱਕ ਕਿ 23 ਨਵੰਬਰ ਦੀ ਰਿਕਾਰਡ ਕੀਮਤ ਤੱਕ ਨਹੀਂ ਪਹੁੰਚ ਗਏ- 130 ਰੁਪਏ ਪ੍ਰਤੀ ਕਿਲੋ।
ਹਾਲਾਂਕਿ ਜਿੱਥੇ ਉਹ ਦਿਨ ਕੁਝ ਕਿਸਾਨ ਲਈ ਸੁਰਖ਼ਰੂ ਹੋ ਕੇ ਘਰ ਪਰਤਣ ਲਈ ਸਾਜ਼ਗਾਰ ਬਣਿਆ ਓਧਰ ਹੀ ਕਈਆਂ ਵਾਸਤੇ ਹੱਥੋਂ ਖੁੱਸਦੀ ਜਾਂਦੀ ਰੋਟੀ ਦੀ ਯਾਦ ਬਣ ਕੇ ਰਹਿ ਗਿਆ।
ਜੇਕਰ ਤੁਸੀਂ ਵੀ ਆਪਣਾ ਜੀਵਨ ਖ਼ਤਮ ਕਰਨ ਬਾਰੇ ਸੋਚਦੇ ਹੋ ਜਾਂ ਕਿਸੇ ਅਜਿਹੇ ਵਿਅਕਤੀ ਬਾਰੇ ਜਾਣੇ ਹੋ ਜਿਹਨੂੰ ਚਿੰਤਾ ਜਿਊਣ ਨਹੀਂ ਦਿੰਦਾ ਤਾਂ ਕ੍ਰਿਪਾ ਕਰਕੇ ਕਿਰਨ, ਰਾਸ਼ਟਰੀ ਹੈਲਪਲਾਈਨ ਨੰਬਰ 1800-599-0019 (24/7 ਘੰਟੇ ਟੋ ਫ੍ਰੀ ਹੈ) ' ਤੇ ਫ਼ੋਨ ਕਰੋ ਜਾਂ ਆਪਣੇ ਨੇੜਲੀ ਕਿਸੇ ਹੈਲਪਲਾਈਨ ' ਤੇ ਸੰਪਰਕ ਕਰੋ। ਮਾਨਸਿਕ ਸਿਹਤ ਪੇਸ਼ੇਵਰਾਂ ਅਤੇ ਸੇਵਾਵਾਂ ਤੱਕ ਪਹੁੰਚ ਬਣਾਉਣ ਬਾਰੇ ਜਾਣਕਾਰੀ ਲਈ ਕ੍ਰਿਪਾ ਕਰਕੇ SPIF ਦੀ ਮਾਨਸਿਕ ਸਿਹਤ ਡਾਇਰੈਕਟਰੀ ਦੇਖੋ।
ਤਰਜਮਾ: ਕਮਲਜੀਤ ਕੌਰ