''ਏਸੀ ਕਮਰਿਆਂ ਦੇ ਅੰਦਰ ਲੱਗਣ ਵਾਲ਼ੀਆਂ ਇਹ ਪ੍ਰਦਰਸ਼ਨੀਆਂ ਹਾਸ਼ੀਏ 'ਤੇ ਰਹਿਣ ਵਾਲ਼ੇ ਜਿਨ੍ਹਾਂ ਭਾਈਚਾਰਿਆਂ ਦੀ ਗੱਲ ਕਰਦੀਆਂ ਹਨ, ਜਿਨ੍ਹਾਂ ਦੀ ਨੁਮਾਇੰਦਗੀ ਕਰਦੀਆਂ ਹਨ ਉਨ੍ਹਾਂ ਦਾ ਹੀ ਸਵਾਗਤ ਨਹੀਂ ਕਰਦੀਆਂ। ਇੱਕ ਵਾਰ ਮੈਂ ਦਿੱਲੀ ਕਲਾ ਪ੍ਰਦਰਸ਼ਨੀ 'ਤੇ ਗਈ ਸਾਂ ਉਹ ਵੀ ਕੋਰਸ ਦੀ ਲੋੜ ਵਾਸਤੇ। ਪੂਰਾ ਹਾਲ ਵਾਂਝੇ ਵਰਗਾਂ ਦੀਆਂ ਫ਼ੋਟੋਆਂ, ਮੂਰਤੀਆਂ ਤੇ ਪੇਂਟਿੰਗਾਂ ਨਾਲ਼਼ ਭਰਿਆ ਪਿਆ ਸੀ, ਪਰ ਇਹ ਥਾਂ ਕੁਲੀਨ ਵਰਗ ਲਈ ਰਾਖਵੀਂ ਜਾਪ ਰਹੀ ਸੀ। ਇੱਥੇ ਮੈਨੂੰ ਬੜਾ ਵਖਰੇਵਾਂ ਜਿਹਾ ਮਹਿਸੂਸ ਹੋਇਆ,'' 22 ਸਾਲ ਹੇਅਰੂਨੀਸ਼ਾ ਨੇ ਦਿਲੋਂ ਮਹਿਸੂਸ ਕਰਦਿਆਂ ਕਿਹਾ।
''ਰਤਾ ਕੁ ਸੋਚ ਕੇ ਦੇਖੋ, ਜੇਕਰ ਕਿਸੇ ਵਾਂਝੇ ਭਾਈਚਾਰੇ ਦਾ ਕੋਈ ਵਿਅਕਤੀ ਇੱਥੇ ਪਹੁੰਚ ਵੀ ਜਾਵੇ ਤਾਂ ਉਹਨੂੰ ਕੈਸਾ ਮਹਿਸੂਸ ਹੋਵੇਗਾ? ਮੈਨੂੰ ਨਹੀਂ ਲੱਗਦਾ ਉਹ ਉਸਨੂੰ ਐਸੀ ਜਗ੍ਹਾ ਮੰਨੇਗਾ ਜਿੱਥੇ ਉਹਦੀ ਵੀ ਕੋਈ ਥਾਂ ਹੈ। ਜੇ ਮੈਂ ਕਦੇ ਅਜਿਹੀ ਕੋਈ ਪ੍ਰਦਰਸ਼ਨੀ ਲਾਉਂਦੀ ਹਾਂ ਤਾਂ ਮੈਂ ਇਹਨੂੰ ਬਿਲਕੁਲ ਅੱਡ ਹੀ ਤਰੀਕੇ ਨਾਲ਼਼ ਲਾਊਂਗੀ। ਕੰਧਾਂ 'ਤੇ ਤਸਵੀਰਾਂ ਟੰਗ ਕੇ ਉਨ੍ਹਾਂ ਬਾਰੇ ਗੱਲ ਨਹੀਂ ਕਰਾਂਗੀ। ਮੈਂ ਉਨ੍ਹਾਂ ਲੋਕਾਂ ਨੂੰ ਉਸ ਥਾਵੇਂ ਲੈ ਆਊਂਗੀ ਜਿੱਥੇ ਉਹ ਦੂਸਰਿਆਂ ਦੇ ਰੂਬਰੂ ਹੋ ਸਕਣ। ਮੈਂ ਪ੍ਰਦਰਸ਼ਨੀ ਦੀ ਥਾਂ ਨੂੰ ਉਸੇ ਚੁਗਿਰਦੇ ਨਾਲ਼਼ ਜੋੜ ਦਿਆਂਗੀ ਜਿਸ ਬਾਰੇ ਇਹ ਤਸਵੀਰਾਂ ਗੱਲ ਕਰਦੀਆਂ ਨੇ।'' ਉਨ੍ਹਾਂ ਦੇ ਵਿਚਾਰਾਂ ਨੇ ਰਫ਼ਤਾਰ ਫੜ੍ਹੀ ਹੋਈ ਸੀ। ਹੇਅਰੂਨੀਸ਼ਾ ਕੇ. ਦੇ ਕੋਲ਼਼ ਮਸਾਂ ਹੀ 20 ਕੁ ਮਿੰਟ ਬਚੇ ਹਨ, ਕਿਉਂਕਿ ਉਨ੍ਹਾਂ ਨੇ ਇੱਕ ਕੈਂਪਸ ਦੇ ਸਮਾਗਮ ਵਿੱਚ ਵਾਪਸ ਮੁੜਨਾ ਹੈ ਜਿਸਦਾ ਉਹ ਅਯੋਜਨ ਕਰ ਰਹੀ ਹੈ।
ਜਾਮੀਆ ਮਿਲ਼ੀਆ ਇਸਲਾਮਿਆ, ਨਵੀਂ ਦਿੱਲੀ ਵਿਖੇ ਮਾਸ ਕਮਿਊਨਿਕੇਸ਼ਨ ਵਿੱਚ ਮਾਸਟਰ ਕਰ ਰਹੀ ਹੇਅਰੂਨੀਸ਼ਾ ਨਾਰਥ ਚੇਨੱਈ ਦੇ ਇੱਕ ਮੁਸਲਿਮ ਪਰਿਵਾਰ ਤੋਂ ਹਨ ਤੇ ਪਹਿਲੀ ਪੀੜ੍ਹੀ ਦੀ ਵਿਦਿਆਰਥਣ ਵੀ। ''ਮੈਂ ਇੰਨੀ ਦੂਰੋਂ ਆ ਕੇ ਇੱਥੇ ਪੜ੍ਹਾਈ ਕਰਨ ਵਾਲ਼ੀ ਪਹਿਲੀ ਔਰਤ ਹਾਂ। ਸਾਡੇ ਭਾਈਚਾਰੇ ਵਿੱਚ ਔਰਤਾਂ ਨੂੰ ਘਰੇ ਰਹਿਣ ਲਈ ਕਿਹਾ ਜਾਂਦਾ ਹੈ ਤੇ ਗ੍ਰੈਜੁਏਸ਼ਨ ਕਰਨੀ ਤਾਂ ਉਨ੍ਹਾਂ ਦੇ ਦਿਮਾਗ਼ ਵਿੱਚ ਦੂਰ-ਦੂਰ ਤੱਕ ਨਹੀਂ ਆਉਣ ਦਿੱਤੀ ਜਾਂਦੀ। ਜਦੋਂ ਮੈਂ 18 ਸਾਲਾਂ ਦੀ ਹੋਈ ਮੇਰੇ 'ਤੇ ਵੀ ਵਿਆਹ ਕਰਨ ਦਾ ਦਬਾਅ ਪਾਇਆ ਗਿਆ। ਪਰ ਮੈਂ ਭੱਜ ਉੱਠੀ। ਫ਼ੋਟੋਗ੍ਰਾਫ਼ੀ ਨੇ ਮੈਨੂੰ ਦਿਖਾਇਆ ਕਿ ਆਪਣੀ ਦੁਨੀਆ ਤੋਂ ਬਾਹਰ ਵੀ ਇੱਕ ਦੁਨੀਆ ਹੈ ਜੋ ਬਹੁਤ ਵਿਸ਼ਾਲ ਹੈ,'' ਉਹ ਕਹਿੰਦੀ ਹੈ।
















