ਨਵੰਬਰ ਮਹੀਨੇ ਦੀ ਮੱਸਿਆ ਹੈ ਤੇ ਰਾਤ ਦੇ ਨੌਂ ਵੱਜੇ ਹਨ। ਤਮਿਲਨਾਡੂ ਦੇ ਤਟ, ਪਲਵੇਰਕਾਡੂ (ਜਿਹਨੂੰ ਪੁਲੀਕਟ ਵੀ ਕਿਹਾ ਜਾਂਦਾ ਹੈ) ਦੀ ਨਦੀ ਦਾ ਮੁਹਾਨਾ ਐਨ ਸ਼ਾਂਤ ਹੈ। ਇੱਕ ਨੀਲੀ ਬੇੜੀ ਸ਼ਾਂਤ ਪਾਣੀ ਵਿੱਚ ਤੈਰ ਰਹੀ ਹੈ ਤੇ ਖੁੱਲ੍ਹੇ ਸਮੁੰਦਰ ਵੱਲ ਨੂੰ ਵੱਧ ਰਹੀ ਹੈ।
ਬੇੜੀ ‘ਤੇ ਸਾਰਥ ਕੁਮਾਰ, ਅਰੁਣ ਕੁਮਾਰ ਅਤੇ ਸੇਵਿਥ ਕੁਮਾਰ ਖੜ੍ਹੇ ਹਨ। ਉਹਨਾਂ ਦੇ ਪੈਰਾਂ ਵਿੱਚ ਬਾਂਸ ਦੇ ਸੱਤ ਖੰਭੇ ਅਤੇ ਨਾਈਲਾਨ ਦੇ ਜਾਲ਼ ਵੀ ਪਏ ਹਨ। ਇਹ ਤਿੰਨੋ ਜਣੇ ਤਟ ਦੇ ਨਾਲ਼ ਪੈਂਦੇ ਥੋਨੀਰੇਵੂ ਪਿੰਡ ਦੇ ਰਹਿਣ ਵਾਲ਼ੇ ਹਨ ਤੇ ਬਚਪਨ ਤੋਂ ਹੀ ਮੱਛੀ ਫੜ੍ਹਨ ਦਾ ਕੰਮ ਕਰਦੇ ਆਏ ਹਨ।
ਸਮੁੰਦਰ ਕੰਢੇ ਜੰਮਪਲ਼ ਹੋਏ ਹੋਣ ਦੇ ਬਾਵਜੂਦ, ਸਮੁੰਦਰ ਵਿੱਚ ਉਤਰਨਾ ਮੇਰੇ ਲਈ ਸੁਪਨਾ ਹੀ ਰਿਹਾ। ਸਾਨੂੰ ਇਕਲੌਤਾ ਮਾਪਾ ਬਣ ਪਾਲ਼ਣ ਵਾਲ਼ੀ ਸਾਡੀ ਮਾਂ ਨੇ ਹੀ ਸਾਡੀ ਦੇਖਭਾਲ਼ ਕੀਤੀ। ਮੇਰੀ ਅਤੇ ਭੈਣ ਦੀ ਸੁਰੱਖਿਆ ਦੀ ਚਿੰਤਾ ਉਸ ਦੇ ਮਨ ਵਿੱਚ ਸਦਾ ਰਹਿੰਦੀ ਹੀ ਸੀ। ਸਮੁੰਦਰ ਵਿੱਚ ਜਾਣ ਦੀ ਮੈਨੂੰ ਮਨਾਹੀ ਸੀ।
ਪਲਵੇਰਕਾਡੂ ਨੂੰ ਮੈਂ ਪਹਿਲੀ ਵਾਰੀਂ ਆਪਣੇ ਸੋਲ੍ਹਵੇਂ ਸਾਲ ਵਿੱਚ ਵੇਖਿਆ। ਮੈਂ ਚੇਨੱਈ ਕਲਾਈਮੇਟ ਐਕਸ਼ਨ ਗਰੁੱਪ ਵੱਲੋਂ ਆਯੋਜਿਤ ਫ਼ੋਟੋਗ੍ਰਾਫ਼ੀ ਵਰਕਸ਼ਾਪ ਵਿੱਚ ਸ਼ਾਮਲ ਹੋਇਆ ਜਿਹਦੇ ਰਹਿਨੁਮਾ ਫ਼ੋਟੋ-ਜਰਨਲਿਸਟ ਪਲਾਨੀ ਕੁਮਾਰ ਸਨ। ਸਮੁੰਦਰ ਨੂੰ ਆਪਣਾ ਘਰ ਮੰਨਣ ਵਾਲ਼ਿਆਂ ਦੀ ਜ਼ਿੰਦਗੀ ਵੱਲ ਮੈਂ ਖਿੱਚੀ ਜਿਹੀ ਗਈ।



























