ਮੇਰਾ ਨਾਮ ਐੱਸ. ਕੀਰਤੀ ਹੈ। ਮੈਂ ਤੇਨਕਾਸੀ ਜ਼ਿਲ੍ਹੇ ਦੇ ਸਰਕਾਰੀ ਮਾਡਲ ਸਕੂਲ ਵਿੱਚ ਬਾਰਵ੍ਹੀਂ ਵਿੱਚ ਪੜ੍ਹਦੀ ਹਾਂ। ਮੈਨੂੰ ਆਪਣੇ ਸਕੂਲ ਦੇ ਜ਼ਰੀਏ ਹੀ ਇੱਕ ਸਾਲ ਦੇ ਫ਼ੋਟੋਗ੍ਰਾਫ਼ੀ ਵਰਕਸ਼ਾਪ ਵਿੱਚ ਭਾਗ ਲੈਣ ਦਾ ਮੌਕਾ ਮਿਲ਼ਿਆ। ਤੁਸੀਂ ਯਕੀਨ ਕਰੋ, ਉਸ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਕਿ ਤਸਵੀਰਾਂ ਸਿਰਫ਼ ਵਿਆਹਾਂ ਅਤੇ ਵੱਡੇ ਆਯੋਜਨਾਂ ਦੌਰਾਨ ਹੀ ਖਿੱਚੀਆਂ ਜਾਂਦੀਆਂ ਹਨ। ਪਹਿਲੀ ਵਾਰ ਮੈਨੂੰ ਸਮਝ ਆਈ ਕਿ ਤਸਵੀਰਾਂ ਦੇ ਜ਼ਰੀਏ ਸਾਡੇ ਜਿਹੇ ਮਿਹਨਤਕਸ਼ ਵਰਗ ਦੇ ਲੋਕਾਂ ਦੇ ਜੀਵਨ ਅਤੇ ਸੰਘਰਸ਼ ਨੂੰ ਵੀ ਦਰਜ ਕੀਤਾ ਜਾ ਸਕਦਾ ਹੈ ਅਤੇ ਇਹ ਸਾਨੂੰ ਆਪਣੇ ਮਾਣ-ਸਨਮਾਨ ਦੇ ਨਾਲ਼ ਆਪਣੀ ਕਹਾਣੀ ਪ੍ਰਗਟ ਕਰਨ ਦਾ ਮੌਕਾ ਦਿੰਦਾ ਹੈ।
ਇੱਕ ਦਿਨ ਵਰਕਸ਼ਾਪ ਦੇ ਸੰਚਾਲਕ ਨੇ ਮੈਨੂੰ ਮਿਹਨਤਕਸ਼ ਵਰਗ ਦੇ ਜੀਵਨ ਬਾਰੇ ਹੋਣ ਵਾਲ਼ੀ ਇੱਕ ਫ਼ੋਟੋ ਪ੍ਰਦਰਸ਼ਨੀ ਬਾਰੇ ਦੱਸਿਆ ਅਤੇ ਮੇਰੇ ਹੱਥਾਂ ਵਿੱਚ ਕੈਮਰਾ ਫੜ੍ਹਾ ਦਿੱਤਾ। ਅਗਲੇ ਤਿੰਨ ਦਿਨ ਮੈਂ ਤਸਵੀਰਾਂ ਦੇ ਜ਼ਰੀਏ ਲੋਕਾਂ ਦੇ ਜੀਵਨ ਨੂੰ ਦਰਜ ਕਰਨ ਦੀ ਕੋਸ਼ਿਸ਼ ਕਰਨੀ ਸੀ। ਇਸ ਸੋਚ ਨੇ ਮੈਨੂੰ ਉਲਝਾ ਹੀ ਛੱਡਿਆ। ਪਹਿਲੇ ਦਿਨ ਮੈਨੂੰ ਕੈਮਰਾ ਫੜ੍ਹਨ ਤੇ ਚਲਾਉਣ ਬਾਰੇ ਮਾਸਾ ਵੀ ਇਲਮ ਨਹੀਂ ਹੋ ਸਕਿਆ, ਦਸਤਾਵੇਜੀ ਬਣਾਉਣ ਬਾਰੇ ਸੋਚਣਾ ਤਾਂ ਦੂਰ ਦੀ ਗੱਲ ਰਹੀ। ਮੇਰੇ ਕੰਨਾਂ ਵਿੱਚ ਆਪਣੇ ਸਿਖਲਾਇਕ ਦੇ ਸ਼ਬਦ ਗੂੰਜੇ,“ਕਦੇ ਕਿਸੇ ਕਹਾਣੀ ਲਈ, ਕਿਤੇ ਹੋਰ… ਬਹੁਤੀ ਦੂਰ ਝਾਕਣ ਦੀ ਲੋੜ ਨਹੀਂ। ਕਹਾਣੀ ਹਮੇਸ਼ਾਂ ਹੀ ਤੁਹਾਡੀਆਂ ਅੱਖਾਂ ਸਾਹਵੇਂ ਹੁੰਦੀ ਆ।”
ਮੈਨੂੰ ਵਰਕਸ਼ਾਪ ਵਿੱਚ ਪੜ੍ਹੀ ਇੱਕ ਕਹਾਣੀ ਯਾਦ ਆਈ: ਦੀਵੇ ਦੀ ਲੋਅ ਵਿੱਚ ਮੇਰੀ ਮਾਂ ਦਾ ਜੀਵਨ। ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣੀ ਮਾਂ ਦਾ ਜੀਵਨ ਸਮਝਾਂ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਦਰਜ ਕਰਾਂ? ਇਸ ਦੌਰਾਨ ਮੈਂ ਆਪਣੀ ਮਾਂ ਨਾਲ਼ ਬਹੁਤ ਸਾਰੀ ਗੱਲਾਂ ਕੀਤੀਆਂ, ਸਵੇਰੇ ਤੋਂ ਲੈ ਕੇ ਦੇਰ ਰਾਤ ਤੱਕ ਉਨ੍ਹਾਂ ਨੂੰ ਕੰਮ ਕਰਦੇ ਦੇਖਿਆ। ਇਸੇ ਡਾਕਿਊਮੈਂਟਰੀ ਦੇ ਜ਼ਰੀਏ ਮੈਨੂੰ ਸਮਝ ਆਇਆ ਕਿ ਮੇਰੀ ਮਾਂ ਦਾ ਜੀਵਨ ਕਿੰਨਾ ਮੁਸ਼ਕਲ ਹੈ। ਉਨ੍ਹਾਂ ਦਾ ਨਾਮ ਐੱਸ. ਮੁਤੂਲਕਸ਼ਮੀ ਹੈ ਅਤੇ ਉਨ੍ਹਾਂ ਦੀ ਉਮਰ 42 ਸਾਲ ਹੈ। ਉਹ ਬੇਹੱਦ ਸਾਹਸੀ ਅਤੇ ਨਿਡਰ ਔਰਤ ਹਨ।
ਉਨ੍ਹਾਂ ਨੇ ਸਾਡੇ ਲਈ ਆਪਣੇ ਸੁਪਨੇ ਕੁਰਬਾਨ ਕਰ ਦਿੱਤੇ। ਪਹਿਲਾਂ ਮੇਰੇ ਪਿਤਾ ਪਿੰਡ ਵਿਖੇ ਇੱਕ ਛੋਟੀ ਜਿਹੀ ਹੱਟੀ ਚਲਾਉਂਦੇ ਸਨ। ਨੌਜਵਾਨੀ ਦੇ ਦਿਨੀਂ ਉਹ ਕੰਮ ਦੀ ਭਾਲ਼ ਵਿੱਚ ਅਕਸਰ ਬਾਹਰ ਜਾਇਆ ਕਰਦੇ। ਫਿਰ ਮੇਰੀ ਦਾਦੀ ਨੇ 2,000 ਰੁਪਏ ਉਧਾਰ ਲੈ ਕੇ ਉਨ੍ਹਾਂ ਨੂੰ ਦਿੱਤੇ, ਤਾਂ ਜੋ ਉਹ ਪਿੰਡ ਵਿੱਚ ਹੀ ਆਪਣੀ ਦੁਕਾਨ ਖੋਲ੍ਹ ਸਕਣ। ਸਾਈਕਲ ਚਲਾਉਂਦੇ ਤੇ ਨੇੜਲੇ ਪਿੰਡੋਂ ਤੋਂ ਸਮਾਨ ਲੱਦ ਲਿਆਉਂਦੇ ਅਤੇ ਆਪਣੀ ਦੁਕਾਨ 'ਤੇ ਵੇਚਦੇ। ਇਹ 1997 ਦੀ ਗੱਲ ਹੈ।
ਪਰ 2016 ਵਿੱਚ ਇੱਕ ਬਹੁਤ ਬੁਰਾ ਹਾਦਸਾ ਹੋਇਆ। ਮਾਂ ਨੂੰ ਐੱਮ.ਐੱਸ. ਆਫਿਸ (MS Office) ਸਿੱਖਦਿਆਂ (ਨਾਲ਼ ਦੇ ਪਿੰਡੋਂ) ਹਾਲੇ ਦੋ ਮਹੀਨੇ ਹੀ ਹੋਏ ਸਨ, ਉਹ ਕਾਲਜ ਜਾ ਕੇ ਤਮਿਲ ਵਿੱਚ ਬੀਏ [ਸਨਾਤਕ] ਕਰਨਾ ਚਾਹੁੰਦੀ ਸੀ। ਪਰ ਮੇਰੇ ਪਿਤਾ, ਭਰਾ ਅਤੇ ਮੈਂ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਏ। ਪਿਤਾ ਦੀ ਲੱਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਅਤੇ ਅਪਰੇਸ਼ਨ ਹੀ ਹੱਲ ਰਿਹਾ। ਮੈਨੂੰ ਅਤੇ ਮੇਰੇ ਭਰਾ ਨੂੰ ਲੱਤਾਂ 'ਤੇ ਮਾੜੀਆਂ-ਮੋਟੀਆਂ ਰਗੜਾਂ ਲੱਗੀਆਂ। ਪਿਤਾ ਦੀ ਸਰਜਰੀ ਲਈ ਮਾਂ ਕੋਲ਼ ਪੈਸੇ ਨਹੀਂ ਸਨ ਪਰ ਉਨ੍ਹਾਂ ਹਿੰਮਤ ਨਾ ਹਾਰੀ ਤੇ ਕਿਸੇ ਤਰੀਕੇ ਰਿਸ਼ਤੇਦਾਰਾਂ ਤੋਂ ਕਰਜ਼ਾ ਲਿਆ ਅਤੇ ਆਪਣੇ ਕੁਝ ਗਹਿਣੇ ਗਿਰਵੀ ਰੱਖ ਕੇ ਤਿੰਨ ਲੱਖ ਰੁਪਏ ਇਕੱਠੇ ਕੀਤੇ। ਪਰ ਇਸ ਉਧਾਰੀ ਦਾ ਮਤਲਬ ਸੀ ਜ਼ਿੰਮੇਦਾਰੀ ਦੀ ਪੰਡ ਭਾਰੀ ਹੁੰਦੀ ਜਾਣਾ।
ਇਸ ਹਾਦਸੇ ਨੇ ਨਾ ਸਿਰਫ਼ ਉਨ੍ਹਾਂ ਦੀਆਂ ਖਾਹਿਸ਼ਾਂ ਸੁਪਨਿਆਂ ਨੂੰ ਤਬਾਹ ਕੀਤਾ ਬਲਕਿ ਇਸ ਸਭ ਕਾਸੇ ਨੂੰ ਮਹਿਸੂਸ ਕਰਨ ਦੀ ਸਲਾਹੀਅਤ ਦੇ ਭਾਵ ਵੀ ਖੋਹ ਲਏ। ਉਨ੍ਹਾਂ ਸਦਾ ਇਹੀ ਸੋਚਦੀ ਰਹੀ ਕਿ ਆਪਣੇ ਪਰਿਵਾਰ ਨਾਲ਼ ਪਿਆਰ ਕਰਨਾ ਉਨ੍ਹਾਂ ਦਾ ਫ਼ਰਜ਼ ਹੈ। ਉਨ੍ਹਾਂ ਆਪਣੇ ਆਪ ਨੂੰ ਅਦ੍ਰਿਸ਼ ਬਣਾ ਲਿਆ। ਇਨ੍ਹਾਂ ਕਾਰਨਾਂ ਕਰਕੇ ਹੀ ਮੈਂ ਉਨ੍ਹਾਂ ਦੀ ਜ਼ਿੰਦਗੀ 'ਤੇ ਸਟੋਰੀ ਕਰਨ ਦਾ ਫ਼ੈਸਲਾ ਕੀਤਾ। ਜਦੋਂ ਮੈਂ ਫ਼ੋਟੋ ਡਾਕਿਊਮੈਂਟਰੀ ਸਕੂਲ ਵਿੱਚ ਜਮ੍ਹਾ ਕਰਾਈ ਅਤੇ ਉਹ ਚੇਨੱਈ ਪ੍ਰਦਰਸ਼ਨੀ ਲਈ ਚੁਣੀ ਗਈ ਤਾਂ ਮੇਰੇ ਮਾਪੇ ਮੈਨੂੰ ਵੇਖ ਕੇ ਬਹੁਤ ਫ਼ਖ਼ਰ ਮਹਿਸੂਸ ਕਰ ਰਹੇ ਸਨ। ਮੇਰੇ ਪਿਤਾ ਸਦਾ ਫ਼ੋਟੋਗ੍ਰਾਫ਼ੀ ਸਿੱਖਣਾ ਚਾਹੁੰਦੇ ਸਨ। ਉਹ ਮੇਰੇ ਕੰਮ ਨੂੰ ਲੈ ਕੇ ਬਹੁਤ ਉਤਸ਼ਾਹਤ ਸਨ।
ਜਦੋਂ ਮੈਂ ਪ੍ਰਦਰਸ਼ਨੀ ਹਾਲ ਵਿੱਚ ਪੁੱਜੀ, ਤਾਂ ਸਭ ਤੋਂ ਪਹਿਲਾਂ ਮੈਂ ਬੈਨਰ 'ਤੇ ਆਪਣੀ ਮਾਂ ਦੀ ਤਸਵੀਰ ਵੇਖੀ। ਮੇਰਾ ਦਿਲ ਭਰ ਆਇਆ। ਉੱਥੇ ਬਹੁਤ ਸਾਰੇ ਕਲਾਕਾਰ, ਪੱਤਰਕਾਰ ਅਤੇ ਫ਼ੋਟੋਗ੍ਰਾਫ਼ਰ, ਇੱਥੋਂ ਤੱਕ ਕਿ ਕੁਝ ਵਿਦੇਸ਼ੀ ਵੀ ਮੌਜੂਦ ਸਨ। ਉਨ੍ਹਾਂ ਵਿੱਚੋਂ ਕੁਝ ਨੇ ਪੋਸਟਕਾਰਡ 'ਤੇ ਮੇਰਾ ਆਟੋਗ੍ਰਾਫ਼ ਲਿਆ। ਕਈ ਲੋਕਾਂ ਨੇ ਮੇਰੇ ਕੰਮ ਦੀ ਸਰਾਹਣਾ ਕੀਤੀ ਅਤੇ ਮੇਰਾ ਹੌਂਸਲਾ ਵਧਾਇਆ। ਪਰ ਦੋ ਲੋਕ, ਜੋ ਮੇਰੀ ਪ੍ਰਦਰਸ਼ਨੀ ਦੇਖਣ ਨਹੀਂ ਆ ਸਕੇ ਸਨ, ਉਹ ਮੇਰੇ ਮਾਪੇ ਸਨ। ਜਦੋਂ ਪ੍ਰਦਰਸ਼ਨੀ ਖ਼ਤਮ ਹੋ ਰਹੀ ਸੀ ਤਾਂ ਮੇਰੇ ਦਿਮਾਗ਼ ਵਿੱਚ ਮੇਰੇ ਮਾਂ ਦੇ ਅੱਜ ਦੇ ਕੰਮਾਂ ਦੀ ਸੂਚੀ ਤੇ ਉਨ੍ਹਾਂ ਦੇ ਮਸਰੂਫੀਅਤ ਚੱਲ ਰਹੀ ਸੀ। ਮੈਂ ਸੋਚ ਰਹੀ ਸਾਂ ਉਨ੍ਹਾਂ ਦੀ ਸੰਘਰਸ਼ ਭਰੀ ਜ਼ਿੰਦਗੀ ਦਾ ਇੱਕ ਹੋਰ ਦਿਨ ਲੰਘ ਗਿਆ।
ਮੈਨੂੰ ਅਜੇ ਵੀ ਯਾਦ ਹੈ ਕਿ ਜਦੋਂ ਮੈਂ ਹੱਥ ਵਿੱਚ ਕੈਮਰਾ ਫੜ੍ਹੀ ਆਪਣੀ ਮਾਂ ਦੀ ਪਹਿਲੀ ਤਸਵੀਰ ਖਿੱਚੀ ਸੀ ਤਾਂ ਉਸ ਪਲ ਮਾਂ ਦੇ ਚਿਹਰੇ 'ਤੇ ਖੁਸ਼ੀ ਦੌੜ ਪਈ ਤੇ ਉਹ ਭਾਵੁਕ ਹੋ ਗਈ ਸੀ।
























