“ਮੈਂ ਇੱਕ ਬਹੁਤ ਤੇਜ਼ ਧਮਾਕੇ ਦੀ ਅਵਾਜ਼ ਸੁਣੀ ਅਤੇ ਧੂੰਏਂ ਦੇ ਬੱਦਲਾਂ ਦਾ ਪਿੱਛਾ ਕਰਦੇ ਹੋਏ ਉਸ ਦਿਸ਼ਾ ਵੱਲ ਦੌੜਿਆ, ਜਿੱਥੋਂ ਧਮਾਕਾ ਹੋਇਆ ਸੀ। ਧਮਾਕੇ ਵਿੱਚ ਫ਼ੈਕਟਰੀ ਦੀਆਂ ਕੁਝ ਕੰਧਾਂ ਢਹਿ ਗਈਆਂ ਸਨ। ਮੈਂ ਲਿੰਗਾਸਾਮੀ ਨੂੰ ਮਲ਼ਬੇ ਵਿੱਚੋਂ ਬਾਹਰ ਨਿਕਲ਼ਦੇ ਦੇਖਿਆ। ਉਹ ਅੱਧ-ਨੰਗੀ ਹਾਲਤ ਵਿੱਚ ਸਨ ਕਿਉਂਕਿ ਉਨ੍ਹਾਂ ਦੇ ਕੱਪੜੇ ਸੜ ਚੁੱਕੇ ਸਨ। ਜਦੋਂ ਅਸੀਂ ਇਲਾਜ ਲਈ ਉਨ੍ਹਾਂ ਨੂੰ ਲਿਜਾਣ ਦੀ ਤਿਆਰੀ ਕਰ ਰਹੇ ਸਾਂ, ਤਾਂ ਉਹ ਬਾਰ-ਬਾਰ ਪੁੱਛੀ ਜਾ ਰਹੇ ਸਨ ਕਿ ਸੱਚਮੁੱਚ ਉਹ ਜਿਊਂਦੇ ਹਨ, ਕੀ ਉਹ ਬਚ ਗਏ ਸਨ। ਉਹ ਦੋਪਹੀਆ ਵਾਹਨ 'ਤੇ ਬੈਠ ਵੀ ਨਹੀਂ ਸਨ ਪਾ ਰਹੇ, ਇਸ ਲਈ ਸਾਨੂੰ ਉਨ੍ਹਾਂ ਨੂੰ ਠੇਲ੍ਹੇ 'ਤੇ ਲਿਟਾ ਕੇ ਹਸਪਤਾਲ ਲੈ ਜਾਣਾ ਪਿਆ।” ਘਟਨਾ ਦੇ ਇੱਕ ਦਿਨ ਬਾਅਦ ਮੇਰੀ ਮਾਰੀਸ਼ਵਰਨ ਨਾਲ਼ ਗੱਲ ਹੋਈ ਜੋ ਇੱਥੋਂ ਦੇ ਇੱਕ ਸਥਾਨਕ ਪੱਤਰਕਾਰ ਹਨ। ਉਨ੍ਹਾਂ ਦਾ ਘਰ ਸ਼ਿਵਕਾਸ਼ੀ ਦੀ ਉਸ ਪਟਾਕਾ ਫ਼ੈਕਟਰੀ ਤੋਂ ਕੁਝ ਹੀ ਕਦਮਾਂ ਦੀ ਦੂਰੀ 'ਤੇ ਹੈ ਜਿੱਥੇ 1 ਜੁਲਾਈ 2025 ਨੂੰ ਇਹ ਧਮਾਕਾ ਹੋਇਆ ਸੀ।
ਮੈਂ ਇੱਕ ਦਿਨ ਬਾਅਦ ਫਿਰ ਤੋਂ ਘਟਨਾ ਸਥਲ 'ਤੇ ਵਾਪਸ ਆਇਆ ਹਾਂ। ਫ਼ੈਕਟਰੀ ਦੇ ਗੇਟ ਬੰਦ ਹਨ। ਉਸਦੀ ਇੱਕ ਇਮਾਰਤ ਪੂਰੀ ਤਰ੍ਹਾਂ ਢਹਿ ਚੁੱਕੀ ਹੈ। ਇੱਥੇ ਪਹੁੰਚਣ ਲਈ ਪਗਡੰਡੀ ਹੀ ਜਾਂਦੀ ਹੈ ਕੋਈ ਪੱਕੀ ਸੜਕ ਵੀ ਨਹੀਂ ਹੈ। ਆਪਣੀ ਦੋਪਹੀਆ ਗੱਡੀ ਨੂੰ ਇੱਥੋਂ ਤੱਕ ਲਿਆਉਣ ਵਿੱਚ ਮੈਨੂੰ ਕਾਫ਼ੀ ਮਿਹਨਤ ਕਰਨੀ ਪਈ। ਮੈਂ ਸੋਚਣ ਲੱਗਾ ਕਿ ਜ਼ਖਮੀ ਲੋਕਾਂ ਨੂੰ ਇੱਥੋਂ 25 ਕਿਲੋਮੀਟਰ ਦੂਰ ਸਥਿਤ ਹਸਪਤਾਲ ਤੱਕ ਲਿਜਾਣਾ ਕਿੰਨਾ ਮੁਸ਼ਕਿਲ ਰਿਹਾ ਹੋਵੇਗਾ।




















