ਇਸ ਨੂੰ ਇੱਕ ਸਧਾਰਣ ਅਤੇ ਮੁਕਾਬਲਤਨ ਘੱਟ ਖਰਚੀਲੀ ਨਵੀਨਤਾ ਦੀ ਉਦਾਹਰਣ ਕਹਿਣਾ ਸਹੀ ਹੋਵੇਗਾ। ਪਰ 65 ਸਾਲਾ ਨਾਰਾਇਣ ਦੇਸਾਈ ਇਸ ਕਾਢ ਨੂੰ ਕਲਾ ਦੀ 'ਮੌਤ' ਵਜੋਂ ਦੇਖਦੇ ਹਨ। ਉਨ੍ਹਾਂ ਦੇ ਵਿਚਾਰ ਵਿੱਚ, 'ਇਹ' ਸ਼ਹਿਨਾਈ ਦੇ ਡਿਜ਼ਾਈਨ ਅਤੇ ਹਿੱਸਿਆਂ ਵਿੱਚ ਸੁਧਾਰ ਦੀ ਤਰ੍ਹਾਂ ਹੈ, ਜਿਸ ਨੂੰ ਉਨ੍ਹਾਂ ਨੂੰ ਬਾਜ਼ਾਰ ਦੀਆਂ ਹਕੀਕਤਾਂ ਨਾਲ਼ ਨਜਿੱਠਣ ਲਈ ਅਪਣਾਉਣ ਲਈ ਮਜਬੂਰ ਕੀਤਾ ਗਿਆ ਹੈ। ਤਾਂ ਵੀ, ਇਹ ਨਿਸਚੇ ਹੀ ਉਨ੍ਹਾਂ ਦੀ ਕਲਾ ਦੀ ਬੁਨਿਆਦੀ ਹੋਂਦ ਲਈ ਇਕ ਵੱਡਾ ਖ਼ਤਰਾ ਹੈ।
ਸ਼ਹਿਨਾਈ ਇੱਕ ਹਵਾ ਦਾ ਸਾਜ਼ ਹੈ ਜੋ ਸਥਾਨਕ ਸਮਾਗਮਾਂ ਅਤੇ ਵਿਆਹਾਂ ਵਿੱਚ ਵਜਾਇਆ ਜਾਂਦਾ ਹੈ।
ਦੋ ਸਾਲ ਪਹਿਲਾਂ ਤੱਕ, ਨਾਰਾਇਣ ਦੇਸਾਈ ਦੁਆਰਾ ਬਣਾਈ ਗਈ ਸ਼ਹਿਨਾਈ ਦੇ ਸਿਰੇ ਅੰਦਰ ਪੀਤਲੀ (ਪਿੱਤਲ) ਘੰਟੀ ਹੋਇਆ ਕਰਦੀ ਸੀ। ਹੱਥੀਂ ਬਣੀਆਂ ਸ਼ਹਿਨਾਈਆਂ ਦੇ ਸਿਰ ਅੰਦਰ ਲੱਗੀ ਇਸ ਘੰਟੀ ਨੂੰ ਮਰਾਠੀ ਵਿੱਚ ਵਟੀ ਕਿਹਾ ਜਾਂਦਾ ਹੈ। ਇਸ ਨਾਲ਼ ਲੱਕੜ ਦੀਆਂ ਸ਼ਹਿਨਾਈਆਂ ਦੇ ਨੋਟਾਂ ਦੀ ਗੁਣਵੱਤਾ ਵੱਧਦੀ ਹੈ। 70 ਦੇ ਦਹਾਕੇ ਵਿੱਚ, ਜਦੋਂ ਉਨ੍ਹਾਂ ਦਾ ਕਰੀਅਰ ਸਿਖਰ 'ਤੇ ਸੀ, ਦੇਸਾਈ ਕੋਲ਼ ਕਈ-ਕਈ ਦਰਜ਼ਨ ਅਜਿਹੀਆਂ ਘੰਟੀਆਂ ਹੁੰਦੀਆਂ ਸਨ। ਉਹ ਉਨ੍ਹਾਂ ਨੂੰ ਕਰਨਾਟਕ ਦੇ ਬੇਲਾਗਾਵੀ ਜ਼ਿਲ੍ਹੇ ਦੇ ਚਿਕੋਡੀ ਕਸਬੇ ਤੋਂ ਖਰੀਦਦੇ ਸਨ।
ਖ਼ੈਰ, ਹਾਲ ਹੀ ਦੇ ਸਾਲਾਂ ਵਿੱਚ ਦੋ ਚੀਜ਼ਾਂ ਨੇ ਉਨ੍ਹਾਂ ਨੂੰ ਇਨ੍ਹਾਂ ਘੰਟੀਆਂ ਦੀ ਵਰਤੋਂ ਕਰਨ ਤੋਂ ਰੋਕਿਆ ਹੈ: ਪਿੱਤਲ ਦੀਆਂ ਤੇਜ਼ੀ ਨਾਲ਼ ਵੱਧਦੀਆਂ ਕੀਮਤਾਂ ਤੇ ਗਾਹਕਾਂ ਅੰਦਰ ਗੁਣਵੱਤਾ ਵਾਲ਼ੀ ਸ਼ਹਿਨਾਈ ਬਣਾਉਣ ਦੀ ਲਾਗਤ ਦਾ ਭੁਗਤਾਨ ਕਰਨ ਲਈ ਤਾਕਤ ਦਾ ਨਾ ਬਚਣਾ।
ਉਹ ਦੱਸਦੇ ਹਨ, "ਲੋਕ ਮੈਨੂੰ ਸ਼ਹਿਨਾਈ 300-400 ਰੁਪਏ ਵਿੱਚ ਦੇਣ ਲਈ ਕਹਿੰਦੇ ਸਨ।'' ਉਸ ਕੀਮਤ 'ਤੇ ਭੁਗਤਾਨ ਕਰਨਾ ਸੱਚਮੁੱਚ ਅਸੰਭਵ ਹੈ। ਅੱਜ-ਕੱਲ੍ਹ ਸਿਰਫ ਪਿੱਤਲ ਦੀ ਘੰਟੀ ਦੀ ਕੀਮਤ 500 ਰੁਪਏ ਦੇ ਕਰੀਬ ਹੈ। ਬਹੁਤ ਸਾਰੇ ਗਾਹਕਾਂ ਨੂੰ ਗੁਆਉਣ ਤੋਂ ਬਾਅਦ, ਦੇਸਾਈ ਨੇ ਇੱਕ ਨਵਾਂ ਹੱਲ ਕੱਢਿਆ। "ਮੈਂ ਇੱਕ ਪਿੰਡ ਦੇ ਮੇਲੇ ਤੋਂ ਪਲਾਸਟਿਕ ਦੀਆਂ ਤੁਰ੍ਹੀਆਂ ਖਰੀਦੀਆਂ ਅਤੇ ਉਨ੍ਹਾਂ ਦੇ ਸਿਰੇ ਕੱਟ ਦਿੱਤੇ। ਇਸ ਹਿੱਸੇ ਅੰਦਰਲੀ ਘੰਟੀ ਸ਼ਹਿਨਾਈ ਦੀ ਅੰਦਰਲੀ ਘੰਟੀ ਨਾਲ਼ ਮਿਲ਼ਦੀ-ਜੁਲਦੀ ਹੀ ਸੀ। ਇਹਦੇ ਬਾਅਦ ਪਲਾਸਟਿਕ ਦੀਆਂ ਘੰਟੀਆਂ ਨੂੰ ਪਿੱਤਲ ਦੀਆਂ ਘੰਟੀਆਂ ਦੀ ਥਾਂ ਸ਼ਹਿਨਾਈ ਅੰਦਰ ਫਿਟ ਕਰਨਾ ਸ਼ੁਰੂ ਕਰ ਦਿੱਤਾ।
"ਇਸ ਜੁਗਾੜ ਨਾਲ਼ ਅਵਾਜ਼ ਦੀ ਗੁਣਵੱਤਾ 'ਤੇ ਤਾਂ ਅਸਰ ਪੈਣਾ ਹੀ ਸੀ, ਪਰ ਲੋਕਾਂ ਨੂੰ ਇਸ ਦੀ [ਗੁਣਵੱਤਾ] ਚਿੰਤਾ ਕਰਨ ਦੀ ਲੋੜ ਹੀ ਕੀ ਹੈ," ਉਹ ਅਫਸੋਸ ਨਾਲ਼ ਕਹਿੰਦੇ ਹਨ। ਕਿਸੇ ਪਾਰਖੀ ਖਰੀਦਦਾਰ ਦੇ ਆਉਣ ਦੀ ਸੂਰਤ ਵਿੱਚ ਉਹ ਉਹਨੂੰ ਆਪਣੇ ਕੋਲ਼ ਰੱਖੀ ਵਟੀ ਕੱਢ ਕੇ ਦੇਣਾ ਨਹੀਂ ਭੁੱਲਦੇ। ਪਲਾਸਟਿਕ ਦੀ ਇਹ ਵਿਕਲਪ ਘੰਟੀ ਉਨ੍ਹਾਂ ਨੂੰ ਸਿਰਫ਼ 10 ਰੁਪਏ ਵਿੱਚ ਮਿਲ਼ ਜਾਂਦੀ ਹੈ। ਪਰ ਉਹ ਆਪਣੇ ਹੁਨਰਾਂ ਨਾਲ਼ ਸਮਝੌਤਾ ਕਰਨ ਲਈ ਜਿਸ ਦਰਦ ਵਿੱਚੋਂ ਗੁਜ਼ਰ ਰਹੇ ਹਨ, ਉਨ੍ਹਾਂ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।
ਹਾਲਾਂਕਿ, ਉਹ ਮੰਨਦੇ ਹਨ ਕਿ ਜੇ ਇਹ ਹੱਲ ਨਾ ਹੁੰਦਾ ਤਾਂ ਮਨਕਾਪੁਰ ਵਿਖੇ ਸ਼ਹਿਨਾਈ ਬਣਾਉਣ ਦੀ ਕਲਾ ਹੁਣ ਤੱਕ ਮਰ ਚੁੱਕੀ ਹੁੰਦੀ। ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਮਹਾਰਾਸ਼ਟਰ ਦੀ ਸੀਮਾ 'ਤੇ ਵੱਸੇ ਉੱਤਰੀ ਕਰਨਾਟਕ ਦੇ ਇਸ ਛੋਟੇ ਜਿਹੇ ਪਿੰਡ ਦੀ ਕੁੱਲ ਅਬਾਦੀ ਸਿਰਫ਼ 8346 ਹੀ ਹੈ।
ਉਹ ਯਾਦ ਕਰਦੇ ਹਨ ਕਿ ਸ਼ਹਿਨਾਈ ਪੁਰਾਣੇ ਸਮੇਂ ਤੋਂ ਹੀ ਸ਼ੁੱਭ ਮੌਕਿਆਂ 'ਤੇ ਵਜਾਈ ਜਾਂਦੀ ਰਹੀ ਹੈ ਜਿਵੇਂ ਕਿ ਬੇਲਾਗਾਵੀ ਅਤੇ ਮਹਾਰਾਸ਼ਟਰ ਦੇ ਨੇੜਲੇ ਪਿੰਡਾਂ ਵਿੱਚ ਵਿਆਹ ਅਤੇ ਕੁਸ਼ਤੀ ਦੇ ਮੈਚ ਦੌਰਾਨ। ਉਹ ਮਾਣ ਨਾਲ਼ ਕਹਿੰਦੇ ਹਨ, "ਅੱਜ ਵੀ, ਸਾਨੂੰ ਕੁਸ਼ਤੀ [ਮਿੱਟੀ ਦੀ ਕੁਸ਼ਤੀ] ਮੈਚਾਂ ਵਿੱਚ ਪ੍ਰਦਰਸ਼ਨ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਇਹ ਪਰੰਪਰਾ ਨਹੀਂ ਬਦਲੀ ਹੈ। ਮੈਚ, ਸ਼ਹਿਨਾਈ ਵੱਜਿਆਂ ਬਗ਼ੈਰ ਸ਼ੁਰੂ ਨਹੀਂ ਹੁੰਦਾ।''
1960 ਦੇ ਦਹਾਕੇ ਦੇ ਅਖੀਰ ਅਤੇ 70ਵਿਆਂ ਦੇ ਸ਼ੁਰੂ ਵਿੱਚ, ਉਨ੍ਹਾਂ ਦੇ ਪਿਤਾ ਤੁਕਾਰਾਮ ਦੂਰ-ਦੁਰਾਡੇ ਦੇ ਖਰੀਦਦਾਰਾਂ ਲਈ ਹਰ ਮਹੀਨੇ 15 ਤੋਂ ਵੱਧ ਸ਼ਹਿਨਾਈਆਂ ਬਣਾਉਂਦੇ ਸਨ; ਹੁਣ, 50 ਸਾਲ ਬਾਅਦ, ਦੇਸਾਈ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ ਦੋ ਸ਼ਹਿਨਾਈਆਂ ਹੀ ਬਣਾਉਂਦੇ ਹਨ। ਉਹ ਕਹਿੰਦੇ ਹਨ, "ਸਸਤੇ ਵਿਕਲਪ ਹੁਣ ਬਾਜ਼ਾਰ ਵਿੱਚ ਅੱਧੀ ਕੀਮਤ 'ਤੇ ਉਪਲਬਧ ਹਨ।''
ਨੌਜਵਾਨ ਪੀੜ੍ਹੀ ਵਿੱਚ ਸ਼ਹਿਨਾਈ ਦੀ ਰੁਚੀ ਘਟਦੀ ਜਾ ਰਹੀ ਹੈ। ਆਰਕੈਸਟਰਾ, ਸੰਗੀਤਕ ਬੈਂਡ ਅਤੇ ਇਲੈਕਟ੍ਰਾਨਿਕ ਸੰਗੀਤ ਸ਼ਹਿਨਾਈ ਸੰਗੀਤ ਦੀ ਜਗ੍ਹਾ 'ਤੇ ਕਬਜ਼ਾ ਕਰ ਰਹੇ ਹਨ। ਸਾਜ਼ ਪ੍ਰਤੀ ਇਹ ਉਦਾਸੀਨਤਾ ਮੰਗ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਅੱਜ ਮਾਨਕਪੁਰਾ ਦੇ ਇੱਕੋ-ਇੱਕ ਸ਼ਹਿਨਾਈ ਕਲਾਕਾਰ ਉਨ੍ਹਾਂ ਦੇ ਭਤੀਜੇ, 27 ਸਾਲਾ ਅਰਜੁਨ ਜਵੀਰ ਹਨ। ਨਾਰਾਇਣ ਦੇਸਾਈ ਮਾਨਕਪੁਰਾ ਦੇ ਇੱਕਲੌਤੇ ਕਾਰੀਗਰ ਹਨ ਜੋ ਸ਼ਹਿਨਾਈ ਅਤੇ ਬੰਸਰੀ ਬਣਾਉਣ ਵਿੱਚ ਮਾਹਰ ਹਨ।
*****
ਨਾਰਾਇਣ ਦੇਸਾਈ ਕਦੇ ਸਕੂਲ ਨਹੀਂ ਗਏ। ਸ਼ਹਿਨਾਈ ਬਣਾਉਣ ਦੀ ਸਿਖਲਾਈ ਉਨ੍ਹਾਂ ਦੇ ਪਿਤਾ ਅਤੇ ਦਾਦਾ ਦੱਤੁਬਾ ਦੇ ਪਿੰਡ ਮੇਲਿਆਂ ਵਿੱਚ ਜਾਣ ਨਾਲ਼ ਸ਼ੁਰੂ ਹੋਈ। ਉਸ ਸਮੇਂ, ਦੱਤੁਬਾ ਬੇਲਾਗਾਵੀ ਜ਼ਿਲ੍ਹੇ ਦੇ ਸਭ ਤੋਂ ਵਧੀਆ ਸ਼ਹਿਨਾਈ ਵਾਦਕਾਂ ਵਿੱਚੋਂ ਇੱਕ ਸਨ। ਉਹ ਯਾਦ ਕਰਦੇ ਹਨ, "ਜਦੋਂ ਉਹ ਸ਼ਹਿਨਾਈ ਵਜਾਉਂਦੇ ਤਾਂ ਮੈਂ ਨੱਚ ਪੈਂਦਾ," ਉਹ ਯਾਦ ਕਰਦੇ ਹਨ ਕਿ ਜਦੋਂ ਉਹ ਬਾਰਾਂ ਸਾਲਾਂ ਦੇ ਸਨ ਤਾਂ ਉਨ੍ਹਾਂ ਨੂੰ ਇਸ ਪੇਸ਼ੇ ਵਿੱਚ ਸ਼ਾਮਲ ਕੀਤਾ ਗਿਆ ਸੀ। "ਛੋਟੇ ਹੁੰਦਿਆਂ ਤੁਹਾਡੇ ਅੰਦਰ ਹਰ ਸਾਜ਼ ਨੂੰ ਛੂਹਣ ਦੀ ਤੇ ਵਜਾਉਣ ਦੀ ਉਤਸੁਕਤਾ ਰਹਿੰਦੀ ਹੀ ਹੈ। ਮੇਰੇ ਅੰਦਰ ਵੀ ਬੇਚੈਨੀ ਸੀ।'' ਉਨ੍ਹਾਂ ਨੇ ਆਪਣੇ ਹੀ ਯਤਨਾਂ ਨਾਲ਼ ਸ਼ਹਿਨਾਈ ਤੇ ਬੰਸਰੀ ਵਜਾਉਣੀ ਸਿੱਖੀ। ''ਜੇ ਤੁਸੀਂ ਇਨ੍ਹਾਂ ਸਾਜ਼ਾਂ ਨੂੰ ਵਜਾਉਣਾ ਨਹੀਂ ਸਿੱਖੋਗੇ ਤਾਂ ਤੁਸੀਂ ਉਨ੍ਹਾਂ ਨੂੰ ਠੀਕ ਵੀ ਕਿਵੇਂ ਕਰ ਪਾਓਗੇ?'' ਉਹ ਚੁਣੌਤੀਭਰੀ ਮੁਸਕਾਨ ਲਈ ਕਹਿੰਦੇ ਹਨ।
ਜਦੋਂ ਨਾਰਾਇਣ ਸਿਰਫ 18 ਸਾਲਾਂ ਦੇ ਸਨ, ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ, ਉਨ੍ਹਾਂ ਨੇ ਆਪਣੀ ਕਲਾ ਅਤੇ ਵਿਰਾਸਤ ਆਪਣੇ ਪੁੱਤਰ ਨੂੰ ਸੌਂਪ ਦਿੱਤੀ। ਬਾਅਦ ਵਿੱਚ ਨਾਰਾਇਣ ਨੇ ਆਪਣੇ ਮਰਹੂਮ ਸਹੁਰੇ ਆਨੰਦ ਕੇਂਗਰ ਦੀ ਅਗਵਾਈ ਹੇਠ ਆਪਣੇ ਹੁਨਰ ਨੂੰ ਨਿਖਾਰਿਆ, ਜਿਨ੍ਹਾਂ ਨੂੰ ਮਨਕਾਪੁਰ ਵਿੱਚ ਸ਼ਹਿਨਾਈ ਅਤੇ ਬੰਸਰੀ ਦਾ ਇੱਕ ਨਿਪੁੰਨ ਮਾਹਰ ਵੀ ਮੰਨਿਆ ਜਾਂਦਾ ਸੀ।
ਨਾਰਾਇਣ ਦਾ ਪਰਿਵਾਰ ਹੋਲਾਰ ਭਾਈਚਾਰੇ ਨਾਲ਼ ਸਬੰਧ ਰੱਖਦਾ ਹੈ। ਅਨੁਸੂਚਿਤ ਜਾਤੀ ਵਜੋਂ ਸੂਚੀਬੱਧ ਹੋਲਾਰ ਭਾਈਚਾਰੇ ਨੂੰ ਰਵਾਇਤੀ ਤੌਰ 'ਤੇ ਸ਼ਹਿਨਾਈ ਅਤੇ ਡਫਲੀ ਵਾਦਕਾਂ ਵਜੋਂ ਜਾਣਿਆ ਜਾਂਦਾ ਹੈ। ਦੇਸਾਈ ਪਰਿਵਾਰ ਦੀ ਤਰ੍ਹਾਂ, ਉਨ੍ਹਾਂ ਵਿੱਚੋਂ ਕੁਝ ਸਾਜ਼ ਵੀ ਬਣਾਉਂਦੇ ਹਨ। ਇਸ ਕਲਾ ਨੂੰ ਮੂਲ ਰੂਪ ਵਿੱਚ ਪੁਰਸ਼ਾਂ ਦੁਆਰਾ ਪਾਲੀ ਜਾਂਦੀ ਰਹੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਮਾਂ, ਮਰਹੂਮ ਤਾਰਾਬਾਈ, ਇੱਕ ਖੇਤ ਮਜ਼ਦੂਰ ਸਨ, ਜੋ ਸਾਲ ਦੇ ਉਨ੍ਹਾਂ ਛੇ ਮਹੀਨਿਆਂ ਦੌਰਾਨ ਘਰ ਦੇ ਸਾਰੇ ਕੰਮ ਇਕੱਲਿਆਂ ਸੰਭਾਲ਼ ਲਿਆ ਕਰਦੀ ਜਦੋਂ ਪਰਿਵਾਰ ਦੇ ਮਰਦ ਮੈਂਬਰ ਵਿਆਹਾਂ ਜਾਂ ਕੁਸ਼ਤੀ ਮੁਕਾਬਲਿਆਂ ਵਰਗੇ ਸਮਾਗਮਾਂ ਵਿੱਚ ਸ਼ਹਿਨਾਈ ਵਜਾਉਣ ਜਾਂਦੇ ਸਨ।
ਨਾਰਾਇਣ ਨੂੰ ਯਾਦ ਹੈ ਕਿ ਆਪਣੇ ਚੰਗੇ ਦਿਨਾਂ ਵਿੱਚ, ਉਹ ਸਾਈਕਲ 'ਤੇ ਸਵਾਰ ਹੋ ਹਰ ਸਾਲ ਲਗਭਗ 50 ਵੱਖ-ਵੱਖ ਪਿੰਡਾਂ ਵਿੱਚ ਜਾਤਰਾ ਲਈ ਜਾਂਦੇ ਸਨ। ਉਹ ਕਹਿੰਦੇ ਹਨ, "ਮੈਂ ਦੱਖਣ ਵਿੱਚ ਗੋਆ ਅਤੇ ਕਰਨਾਟਕ ਦੇ ਬੇਲਾਗਾਵੀ ਜ਼ਿਲ੍ਹੇ ਦੇ ਪਿੰਡਾਂ ਅਤੇ ਮਹਾਰਾਸ਼ਟਰ ਦੇ ਸਾਂਗਲੀ ਅਤੇ ਕੋਲ੍ਹਾਪੁਰ ਦੀ ਯਾਤਰਾ ਕਰਦਾ ਸੀ।''
ਸ਼ਹਿਨਾਈ ਦੀ ਲਗਾਤਾਰ ਘੱਟ ਰਹੀ ਮੰਗ ਦੇ ਬਾਵਜੂਦ, ਨਾਰਾਇਣ ਅਜੇ ਵੀ ਆਪਣਾ ਦਿਨ ਸਿੰਗਲ-ਰੂਮ ਵਾਲ਼ੇ ਘਰ ਨਾਲ਼ ਜੁੜੀ 8x8-ਫੁੱਟ ਦੀ ਵਰਕਸ਼ਾਪ ਵਿੱਚ ਸਾਗਵਾਨ, ਖੈਰ, ਸੀਡਰ ਅਤੇ ਕਈ ਹੋਰ ਕਿਸਮਾਂ ਦੀਆਂ ਲੱਕੜਾਂ ਦੀ ਖੁਸ਼ਬੂ ਦੇ ਵਿਚਕਾਰ ਬਿਤਾਉਂਦੇ ਹਨ। ਉਹ ਕਹਿੰਦੇ ਹਨ, "ਮੈਨੂੰ ਇੱਥੇ ਬੈਠਣਾ ਬਹੁਤ ਪਸੰਦ ਹੈ ਕਿਉਂਕਿ ਇਹ ਮੈਨੂੰ ਆਪਣੇ ਬਚਪਨ ਦੀਆਂ ਯਾਦਾਂ ਵਿੱਚ ਵਾਪਸ ਲੈ ਜਾਂਦਾ ਹੈ।'' ਦੁਰਗਾ ਅਤੇ ਹਨੂਮਾਨ ਦੀਆਂ ਦਸ-ਦਸ ਸਾਲ ਪੁਰਾਣੀਆਂ ਤਸਵੀਰਾਂ ਹਾਲੇ ਤੀਕਰ ਗੰਨੇ ਤੇ ਜਵਾਰ ਦੇ ਸੁੱਕੇ ਪੱਤਿਆਂ ਨਾਲ਼ ਬਣੀ ਕੰਧ ਨਾਲ਼ ਟੰਗੀਆਂ ਹੋਈਆਂ ਹਨ। ਵਰਕਸ਼ਾਪ ਦੇ ਬਿਲਕੁਲ ਵਿਚਕਾਰ ਇੱਕ ਅੰਬਰ ਜਾਂ ਗੂਲਰ ਰੁੱਖ ਹੈ ਜਿਸਦੀਆਂ ਟਹਿਣੀਆਂ ਟੀਨ ਦੀ ਛੱਤ ਦੀ ਵਿਰਲ਼ ਵਿੱਚੋਂ ਬਾਹਰ ਨਿਕਲ਼ੀਆਂ ਹੋਈਆਂ ਹਨ।
ਇਹੀ ਉਹ ਥਾਂ ਹੈ ਜਿੱਥੇ ਉਨ੍ਹਾਂ ਨੇ ਪਿਛਲੇ ਪੰਜ ਦਹਾਕਿਆਂ ਦੌਰਾਨ ਆਪਣੀ ਕਾਰੀਗਰੀ ਨੂੰ ਹੋਰ ਨਿਖਾਰਦਿਆਂ ਆਪਣੀ ਜ਼ਿੰਦਗੀ ਦੇ 30,000 ਤੋਂ ਵੱਧ ਘੰਟੇ ਬਿਤਾਏ ਹਨ ਅਤੇ ਆਪਣੇ ਹੱਥਾਂ ਨਾਲ਼ 5,000 ਤੋਂ ਵੱਧ ਸ਼ਹਿਨਾਈਆਂ ਬਣਾਈਆਂ ਹਨ। ਸ਼ੁਰੂਆਤੀ ਦਿਨਾਂ ਵਿੱਚ, ਉਨ੍ਹਾਂ ਨੂੰ ਇੱਕ ਸ਼ਹਿਨਾਈ ਬਣਾਉਣ ਵਿੱਚ ਲਗਭਗ ਛੇ ਘੰਟੇ ਲੱਗਦੇ ਸਨ, ਪਰ ਹੁਣ ਉਨ੍ਹਾਂ ਨੂੰ ਇਸ ਕੰਮ ਨੂੰ ਪੂਰਾ ਕਰਨ ਵਿੱਚ ਵੱਧ ਤੋਂ ਵੱਧ ਚਾਰ ਘੰਟੇ ਲੱਗਦੇ ਹਨ। ਉਨ੍ਹਾਂ ਦੇ ਦਿਮਾਗ ਅਤੇ ਹੱਥਾਂ ਦੀਆਂ ਹਰਕਤਾਂ ਵਿੱਚ ਪ੍ਰਕਿਰਿਆ ਦੀਆਂ ਬਾਰੀਕੀਆਂ ਸਮਾ ਹੀ ਗਈਆਂ ਹਨ। "ਮੈਂ ਨੀਂਦ ਵਿੱਚ ਵੀ ਬੰਸਰੀ ਬਣਾਉਣ ਦਾ ਕੰਮ ਕਰ ਸਕਦਾ ਹਾਂ।''
ਸਭ ਤੋਂ ਪਹਿਲਾਂ, ਉਹ ਆਰੀ ਦੀ ਮਦਦ ਨਾਲ਼ ਸਾਗਵਾਨ ਦੀ ਇੱਕ ਸੋਟੀ ਕੱਟਦੇ ਹਨ। ਇਸ ਤੋਂ ਪਹਿਲਾਂ ਉਹ ਚੰਗੀ ਕੁਆਲਿਟੀ ਦੀ ਖੈਰ, ਚੰਦਨ ਅਤੇ ਸ਼ਿਸ਼ਮ ਦੀ ਵਰਤੋਂ ਕਰਦੇ ਸਨ, ਜਿਨ੍ਹਾਂ ਵਿੱਚੋਂ ਚੰਗੀ ਆਵਾਜ਼ ਆਉਂਦੀ। "ਤੀਹ ਸਾਲ ਪਹਿਲਾਂ, ਇਹ ਦਰੱਖਤ ਮਨਕਾਪੁਰ ਅਤੇ ਆਲ਼ੇ-ਦੁਆਲ਼ੇ ਦੇ ਪਿੰਡਾਂ ਵਿਖੇ ਬਹੁਤਾਤ ਵਿੱਚ ਸਨ। ਹੁਣ ਇਹ ਦਰੱਖਤ ਦੁਰਲੱਭ ਹੋ ਗਏ ਹਨ," ਉਹ ਕਹਿੰਦੇ ਹਨ। ਇੱਕ ਕਿਊਬਿਕ ਫੁੱਟ ਲੱਕੜ ਤੋਂ ਘੱਟੋ ਘੱਟ ਪੰਜ ਸ਼ਹਿਨਾਈਆਂ ਬਣਾਈਆਂ ਜਾ ਸਕਦੀਆਂ ਹਨ। 45 ਮਿੰਟ ਉਹ ਰੰਦੇ ਦੀ ਮਦਦ ਨਾਲ਼ ਸਤ੍ਹਾ ਨੂੰ ਮੁਲਾਇਮ ਬਣਾਉਂਦੇ ਹਨ। ਉਹ ਦੱਸਦੇ ਹਨ, "ਜੇਕਰ ਇਸ ਸਮੇਂ ਥੋੜ੍ਹੀ ਜਿਹੀ ਵੀ ਗ਼ਲਤੀ ਹੋ ਜਾਵੇ, ਤਾਂ ਸਹੀ ਧੁਨ ਨਹੀਂ ਨਿਕਲ਼ੇਗੀ।''
ਨਾਰਾਇਣ, ਹਾਲਾਂਕਿ, ਮਹਿਸੂਸ ਕਰਦੇ ਹਨ ਕਿ ਸਿਰਫ਼ ਰੰਦਾ ਮਾਰ ਕੇ ਲੱਕੜ ਨੂੰ ਓਨਾ ਪੱਧਰਾ ਨਹੀਂ ਕੀਤਾ ਜਾ ਸਕਦਾ, ਜਿੰਨੀ ਲੋੜ ਹੁੰਦੀ ਹੈ। ਉਹ ਵਰਕਸ਼ਾਪ ਅੰਦਰ ਨਜ਼ਰ ਮਾਰਦੇ ਹਨ ਤੇ ਇੱਕ ਚਿੱਟੀ ਬੋਰੀ ਖਿੱਚ ਕੇ ਬਾਹਰ ਕੱਢਦੇ ਹਨ ਤੇ ਬੋਰੀ ਵਿੱਚੋਂ ਇੱਕ ਕੱਚ ਦੀ ਬੋਤਲ ਕੱਢਦੇ ਹਨ ਅਤੇ ਫਰਸ਼ 'ਤੇ ਸੁੱਟ ਦਿੰਦੇ ਹਨ। ਫਿਰ ਬੜੀ ਸਾਵਧਾਨੀ ਨਾਲ਼ ਕੱਚ ਦਾ ਇੱਕ ਟੁਕੜਾ ਚੁੱਕਦੇ ਹਨ ਅਤੇ ਲੱਕੜ ਦੀ ਸਤ੍ਹਾ 'ਤੇ ਰਗੜ-ਰਗੜ ਕੇ ਉਹਨੂੰ ਦੁਬਾਰਾ ਮੁਲਾਇਮ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਆਪ ਆਪਣੇ ਇਸ ' ਜੁਗਾੜ ' 'ਤੇ ਹੱਸਣ ਲੱਗਦੇ ਹਨ।
ਨਿਰਮਾਣ ਦੇ ਅਗਲੇ ਪੜਾਅ ਵਿੱਚ, ਕਾਫ਼ੀ ਮੁਲਾਇਮ ਹੋਣ ਤੋਂ ਬਾਅਦ ਉਸ ਸ਼ੰਕੂ-ਆਕਾਰ ਦੀ ਡੰਡੀ ਦੇ ਦੋਵੇਂ ਸਿਰਿਆਂ 'ਤੇ ਸੁਰਾਖ ਬਣਾਏ ਜਾਂਦੇ ਹਨ। ਇਸ ਦੇ ਲਈ ਵਰਤੀਆਂ ਜਾਣ ਵਾਲ਼ੀਆਂ ਲੋਹੇ ਦੀਆਂ ਛੜਾਂ ਨੂੰ ਮਰਾਠੀ ਵਿੱਚ ਗਿਰਮਿਟ ਕਿਹਾ ਜਾਂਦਾ ਹੈ। ਨਾਰਾਇਣ ਉਨ੍ਹਾਂ ਬਾਰਾਂ ਨੂੰ ਇੱਕ ਐਮਰੀ 'ਤੇ ਰਗੜ ਕੇ ਥੋੜ੍ਹਾ ਪੱਧਰਾ ਕਰਦੇ ਹਨ। ਐਮਰੀ ਇੱਕ ਮੋਟਾ ਪੱਥਰ ਹੈ ਜੋ ਸਮਾਰਟਫੋਨ ਦੇ ਆਕਾਰ ਦਾ ਹੁੰਦਾ ਹੈ ਜੋ ਉਨ੍ਹਾਂ ਨੇ ਆਪਣੇ ਘਰ ਤੋਂ 10 ਕਿਲੋਮੀਟਰ ਦੂਰ ਮਹਾਰਾਸ਼ਟਰ ਦੇ ਇਚਲਕਰੰਜੀ ਤੋਂ 250 ਰੁਪਏ ਵਿੱਚ ਖਰੀਦਿਆ ਸੀ। ਉਹ ਵਿਸ਼ੇਸ਼ ਤੌਰ 'ਤੇ ਇਹ ਦੱਸਣਾ ਨਹੀਂ ਭੁੱਲਦੇ ਕਿ ਉਨ੍ਹਾਂ ਨੇ ਜ਼ਿਆਦਾਤਰ ਧਾਤੂ ਦੇ ਔਜ਼ਾਰ ਖੁਦ ਬਣਾਏ ਹਨ, ਕਿਉਂਕਿ ਬਾਜ਼ਾਰੋਂ ਹਰ ਚੀਜ਼ ਖਰੀਦਣਾ ਸੰਭਵ ਨਹੀਂ ਹੈ। ਉਹ ਧਿਆਨ ਨਾਲ਼ ਸਾਜ਼ ਦੇ ਦੋਵੇਂ ਸਿਰਿਆਂ ਨੂੰ ਗਿਰਮਿਟ ਨਾਲ਼ ਵਿੰਨ੍ਹਦੇ ਹਨ। ਇੱਕ ਛੋਟੀ ਜਿਹੀ ਗ਼ਲਤੀ ਵੀ ਉਨ੍ਹਾਂ ਦੀਆਂ ਉਂਗਲਾਂ ਵਿੱਚ ਮੋਰੀ ਕਰਨ ਲਈ ਕਾਫ਼ੀ ਹੈ, ਪਰ ਉਹ ਡਰਦੇ ਨਹੀਂ। ਕੁਝ ਪਲਾਂ ਲਈ ਉਨ੍ਹਾਂ ਮੋਰੀਆਂ ਨੂੰ ਜਾਂਚਣ ਤੋਂ ਬਾਅਦ, ਉਹ ਸੰਤੁਸ਼ਟ ਦਿਖਾਈ ਦਿੰਦੇ ਹਨ। ਹੁਣ ਉਹ ਅਗਲੇ ਕੰਮ ਵੱਲ ਵੱਧਦੇ ਹੈ, ਅਰਥਾਤ, ਸੱਤ ਸੁਰਾਂ (ਸਰਗਮ) ਵਿਚਲੀਆਂ ਮੋਰੀਆਂ ਲਈ ਦਾਗ਼ ਲਗਾਉਂਦੇ ਹਨ। ਇਹ ਸ਼ਹਿਨਾਈ ਬਣਾਉਣ ਦੀ ਪ੍ਰਕਿਰਿਆ ਦਾ ਸਭ ਤੋਂ ਔਖ਼ਾ ਕੰਮ ਹੈ।
ਉਹ ਕਹਿੰਦੇ ਹਨ, "ਜੇ ਇੱਕ ਮਿਲੀਮੀਟਰ ਦੀ ਵੀ ਗ਼ਲਤੀ ਹੋ ਜਾਵੇ, ਤਾਂ ਪੱਕੀ ਸੁਰ ਨਹੀਂ ਨਿਕਲ਼ੇਗੀ, ਅਤੇ ਨਾ ਹੀ ਇਸ ਨੂੰ ਠੀਕ ਕਰਨ ਦਾ ਕੋਈ ਤਰੀਕਾ ਹੈ। ਫਿਰ ਉਹ ਰਵਾਇਤੀ ਚੁੱਲ੍ਹੇ ਕੋਲ਼ ਜਾਂਦੇ ਹਨ, ਜਿਸ ਅੰਦਰ ਰੱਖ ਕੇ 17 ਸੈਂਟੀਮੀਟਰ ਦੀਆਂ ਤਿੰਨ ਛੜਾਂ ਨੂੰ ਗਰਮ ਕੀਤਾ ਜਾਂਦਾ ਹੈ। "ਮੈਂ ਡ੍ਰਿਲਿੰਗ ਮਸ਼ੀਨ ਨਹੀਂ ਖਰੀਦ ਸਕਦਾ, ਇਸ ਲਈ ਮੈਂ ਇਸ ਰਵਾਇਤੀ ਤਰੀਕੇ ਨੂੰ ਅਜ਼ਮਾਉਂਦਾ ਹਾਂ।'' ਇਨ੍ਹਾਂ ਸੀਖਾਂ ਤੋਂ ਕੰਮ ਲੈਣਾ ਸੌਖ਼ੀ ਗੱਲ ਨਹੀਂ, ਇਸ ਕੰਮ ਤੋਂ ਮਿਲ਼ੇ ਜ਼ਖ਼ਮਾਂ ਦਾ ਦਰਦ ਉਨ੍ਹਾਂ ਦੀਆਂ ਯਾਦਾਂ ਵਿੱਚ ਤਰੋਤਾਜ਼ਾ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ, "ਸਾਨੂੰ ਸੜਨ ਅਤੇ ਕੱਟਣ ਵਰਗੇ ਮਾਮੂਲੀ ਹਾਦਸਿਆਂ ਦੀ ਆਦਤ ਸੀ," ਉਨ੍ਹਾਂ ਨੇ ਗੱਲ ਕਰਦੇ ਵੇਲ਼ੇ ਵੀ ਤਿੰਨਾਂ ਸੀਖਾਂ ਨੂੰ ਗਰਮ ਕਰਕੇ ਵਾਰੋ-ਵਾਰੀ ਮੋਰੀਆਂ ਕਰਨ ਦਾ ਕੰਮ ਜਾਰੀ ਰੱਖਿਆ।
ਇਸ ਸਾਰੀ ਪ੍ਰਕਿਰਿਆ ਵਿੱਚ ਲਗਭਗ 50 ਮਿੰਟ ਲੱਗਦੇ ਹਨ ਅਤੇ ਇਸ ਦੌਰਾਨ ਸਾਹ ਰਾਹੀਂ ਖਿੱਚਿਆ ਧੂੰਆਂ ਉਨ੍ਹਾਂ ਦੇ ਫੇਫੜਿਆਂ ਵਿੱਚ ਭਰਦਾ ਜਾਂਦਾ ਹੈ ਅਤੇ ਉਹ ਬਾਰ-ਬਾਰ ਖੰਘਦੇ ਵੀ ਰਹਿੰਦੇ ਹਨ। ਇਸ ਦੇ ਬਾਵਜੂਦ ਵੀ ਉਹ ਇੱਕ ਪਲ ਲਈ ਵੀ ਨਹੀਂ ਰੁਕਦੇ। ''ਇਹ ਕੰਮ ਫ਼ੁਰਤੀ ਨਾਲ਼ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਇਹ ਛੜਾਂ ਤੁਰੰਤ ਠੰਢੀਆਂ ਹੋ ਜਾਣਗੀਆਂ ਅਤੇ ਇਹਨਾਂ ਨੂੰ ਦੁਬਾਰਾ ਗਰਮ ਕਰਨ ਨਾਲ਼ ਵਧੇਰੇ ਧੂੰਆਂ ਨਿਕਲ਼ੇਗਾ।''
ਇੱਕ ਵਾਰ ਜਦੋਂ ਸੁਰ ਲਈ ਸੁਰਾਖ਼ ਬਣਾਏ ਜਾਂਦੇ ਹਨ, ਤਾਂ ਉਹ ਸ਼ਹਿਨਾਈ ਨੂੰ ਧੋਂਦੇ ਹਨ। ਉਹ ਮਾਣ ਨਾਲ਼ ਕਹਿੰਦੇ ਹਨ, "ਇਹ ਲੱਕੜ ਪਾਣੀ-ਪ੍ਰਤੀਰੋਧੀ ਹੈ। ਜਦੋਂ ਮੈਂ ਸ਼ਹਿਨਾਈ ਬਣਾਉਂਦਾ ਹਾਂ, ਤਾਂ ਇਹ ਘੱਟੋ ਘੱਟ 20 ਸਾਲਾਂ ਤੱਕ ਕੰਮ ਕਰਦੀ ਰਹਿੰਦੀ ਹੈ।''
ਇਸ ਤੋਂ ਬਾਅਦ, ਉਹ ਸ਼ਹਿਨਾਈ ਦੀ ਜਿਭਾਲੀ ਜਾਂ ਰੀਡ ਨੂੰ ਬਣਾਉਣਾ ਸ਼ੁਰੂ ਕਰਦੇ ਹਨ, ਜਿਸ ਲਈ ਉਹ ਇੱਕ ਸੋਟੀ ਦੀ ਵਰਤੋਂ ਕਰਦੇ ਹਨ ਜਿਸਦੀ ਉਮਰ ਲੰਬੀ ਹੁੰਦੀ ਹੈ; ਅਤੇ ਮਰਾਠੀ ਭਾਸ਼ਾ ਵਿੱਚ ਇਸਨੂੰ ਤਾਡਾਚ ਪਾਨ ਕਿਹਾ ਜਾਂਦਾ ਹੈ। ਇਸ ਬੈਂਤ ਨੂੰ ਘੱਟੋ-ਘੱਟ 20-25 ਦਿਨਾਂ ਲਈ ਸੁਕਾਇਆ ਜਾਂਦਾ ਹੈ ਅਤੇ ਸਭ ਤੋਂ ਵਧੀਆ ਕਿਸਮ ਦੀ ਬੈਂਤ ਨੂੰ 15 ਸੈਂਟੀਮੀਟਰ ਲੰਬੇ ਆਕਾਰ ਵਿੱਚ ਕੱਟਿਆ ਜਾਂਦਾ ਹੈ। ਉਹ ਬੇਲਾਗਾਵੀ ਦੇ ਆਦਿ ਪਿੰਡ ਤੋਂ 50 ਰੁਪਏ ਵਿੱਚ ਇੱਕ ਦਰਜਨ ਡੰਡੇ ਖਰੀਦਦੇ ਹਨ। ਉਹ ਕਹਿੰਦੇ ਹਨ, "ਸਭ ਤੋਂ ਵਧੀਆ ਪਾਨ (ਡੰਡੀ) ਲੱਭਣਾ ਇੱਕ ਚੁਣੌਤੀ ਭਰਿਆ ਕੰਮ ਹੈ।''
ਉਹ ਧਿਆਨ ਨਾਲ਼ ਡੰਡੇ ਨੂੰ ਦੋ ਵਾਰੀਂ ਅਰਧ-ਚੱਕਰ ਦੀ ਸ਼ਕਲ ਵਿੱਚ ਫੋਲਡ ਕਰਦੇ ਹਨ ਤਾਂ ਜੋ ਇਸਨੂੰ ਇੱਕ ਚੁਕੋਣੀ ਸੋਟੀ ਦੀ ਸ਼ਕਲ ਦਿੱਤੀ ਜਾ ਸਕੇ। ਬਾਅਦ ਵਿੱਚ, ਡੰਡਿਆਂ ਨੂੰ 30 ਮਿੰਟਾਂ ਲਈ ਪਾਣੀ ਵਿੱਚ ਭਿਉਂ ਕੇ ਰੱਖਿਆ ਜਾਂਦਾ ਹੈ। ਤਿਆਰ ਕੀਤੀ ਗਈ ਸ਼ਹਿਨਾਈ ਵਿੱਚ, ਇਹ ਦੋਵੇਂ ਮੋੜ ਇੱਕ ਦੂਜੇ ਦੇ ਵਿਰੁੱਧ ਕੰਪਨ ਪੈਦਾ ਕਰਦੇ ਹਨ ਅਤੇ ਲੋੜੀਂਦੀ ਸੁਰ ਦਿੰਦੇ ਹਨ। ਇਸ ਤੋਂ ਬਾਅਦ, ਉਹ ਲੋੜ ਅਨੁਸਾਰ ਦੋਵੇਂ ਸਿਰਿਆਂ ਨੂੰ ਛਾਂਗਦੇ ਹਨ ਅਤੇ ਫਿਰ ਸੂਤੀ ਧਾਗੇ ਦੀ ਮਦਦ ਨਾਲ਼ ਉਨ੍ਹਾਂ ਨੂੰ ਖਰਾਦ ਦੇ ਧੁਰੇ ਨਾਲ਼ ਬੰਨ੍ਹੇ ਦਿੱਤਾ ਜਾਂਦਾ ਹੈ।
ਉਹ ਕਹਿੰਦੇ ਹਨ, " ਜਿਭਾਲੀ ਲਾ ਅਕਾਰ ਦਯਾਚਾ ਕਠਿਨ ਆਸਤੇ [ਸੋਟੀ ਨੂੰ ਆਕਾਰ ਦੇਣਾ ਔਖਾ ਕੰਮ ਹੈ]।'' ਉਨ੍ਹਾਂ ਦੇ ਝੁਰੜੀਦਾਰ ਮੱਥੇ 'ਤੇ ਲੱਗਾ ਲਾਲ ਟਿੱਕਾ ਪਸੀਨੇ ਨਾਲ਼ ਘੁਲਣਾ ਸ਼ੁਰੂ ਹੋ ਗਿਆ, ਪਰ ਉਹ ਸ਼ਹਿਨਾਈ ਦੀਆਂ ਬਾਰੀਕੀਆਂ ਨੂੰ ਪੂਰਾ ਕਰਨ ਵਿੱਚ ਡੁੱਬੇ ਹੋਏ ਹਨ। ਉਨ੍ਹਾਂ ਦੀ ਪਹਿਲੀ ਉਂਗਲ ਕਈ ਥਾਵਾਂ 'ਤੇ ਤਿੱਖੇ ਔਜ਼ਾਰਾਂ ਨਾਲ਼ ਚੀਰੀ ਗਈ ਹੈ, ਪਰ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ। ਉਹ ਹੱਸਦਿਆਂ ਕਹਿੰਦੇ ਹਨ, "ਜੇ ਮੈਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਤੋਂ ਘਬਰਾਉਣਾ ਸ਼ੁਰੂ ਕਰ ਦੇਵਾਂ, ਤਾਂ ਮੈਂ ਸ਼ਹਿਨਾਈ ਕਦੋਂ ਬਣਾਵਾਂਗਾ? ਇਸ ਲਈ ਨਾਰਾਇਣ ਹੁਣ ਇਸ ਅੰਦਰ ਪਲਾਸਟਿਕ ਦੀਆਂ ਘੰਟੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਹਨ। ਰਵਾਇਤੀ ਤੌਰ 'ਤੇ, ਇਹ ਘੰਟੀਆਂ ਪਿੱਤਲ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਸਨ, ਜਿਨ੍ਹਾਂ ਨੂੰ ਸ਼ਹਿਨਾਈ ਦੇ ਚੌੜੇ ਸਿਰੇ 'ਤੇ ਫਿੱਟ ਕੀਤਾ ਜਾਂਦਾ ਹੈ।
ਨਾਰਾਇਣ ਦੀਆਂ ਸ਼ਹਿਨਾਈਆਂ ਮੁੱਖ ਤੌਰ ਤੇ ਤਿੰਨ ਲੰਬਾਈ ਦੀਆਂ ਹੁੰਦੀਆਂ ਹਨ - 22, 18 ਅਤੇ 9''-ਜਿਨ੍ਹਾਂ ਨੂੰ ਉਹ ਕ੍ਰਮਵਾਰ 2,000, 1,500 ਅਤੇ 400 ਰੁਪਏ ਵਿੱਚ ਵੇਚਦੇ ਹਨ। "22 ਅਤੇ 18 ਇੰਚ ਦੇ ਆਰਡਰ ਬਹੁਤ ਘੱਟ ਮਿਲ਼ਦੇ ਹਨ। ਆਖ਼ਰੀ ਆਰਡਰ ਮੈਨੂੰ ਲਗਭਗ 10 ਸਾਲ ਪਹਿਲਾਂ ਮਿਲਿਆ ਸੀ।''
ਉਨ੍ਹਾਂ ਦੇ ਹੱਥੀਂ ਬਣੀ ਬੰਸਰੀ ਦੀ ਮੰਗ ਵੀ ਬਹੁਤ ਘੱਟ ਗਈ ਹੈ। "ਲੋਕ ਹੁਣ ਇਹ ਕਹਿ ਕੇ ਲੱਕੜ ਦੀਆਂ ਬੰਸਰੀਆਂ ਨਹੀਂ ਖਰੀਦਦੇ ਕਿ ਇਹਨਾਂ ਦੀ ਕੀਮਤ ਵੱਧ ਹੈ," ਇਸ ਲਈ ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਬੰਸਰੀ ਬਣਾਉਣ ਲਈ ਕਾਲ਼ੀ ਅਤੇ ਨੀਲੇ ਰੰਗ ਦੀ PVC (ਪੋਲੀਵੀਨਾਇਲ ਕਲੋਰਾਈਡ) ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਇੱਕ ਪੀਵੀਸੀ ਬੰਸਰੀ 50 ਰੁਪਏ ਵਿੱਚ ਵਿਕਦੀ ਹੈ, ਜਦੋਂ ਕਿ ਲੱਕੜ ਦੀ ਬੰਸਰੀ 100 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ ਲੱਕੜ ਦੀ ਕਿਸਮ ਅਤੇ ਆਕਾਰ 'ਤੇ ਨਿਰਭਰ ਕਰਦੀ ਹੈ। ਹਾਲਾਂਕਿ, ਨਾਰਾਇਣ ਆਪਣੇ ਕੰਮ ਵਿੱਚ ਅਜਿਹੇ ਸਮਝੌਤਿਆਂ ਤੋਂ ਖੁਸ਼ ਨਹੀਂ ਹਨ। ਉਹ ਕਹਿੰਦੇ ਹਨ, "ਪੀਵੀਸੀ ਤੋਂ ਬਣੀ ਬੰਸਰੀ ਅਤੇ ਲੱਕੜ ਦੀ ਬੰਸਰੀ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ।''
ਹੱਥੀਂ ਤਿਆਰ ਹਰ ਸ਼ਹਿਨਾਈ ਵਿੱਚ ਲੱਗੀ ਮਿਹਨਤ, ਚੁੱਲ੍ਹ ਵਿੱਚੋਂ ਨਿਕਲਦੇ ਧੂੰਏਂ ਕਾਰਨ ਸਾਹ ਲੈਣ ਵਿੱਚ ਹੁੰਦੀ ਔਖ਼ਿਆਈ, ਝੁੱਕ ਕੇ ਸੋਟੀ ਤਰਾਸ਼ਣ ਨਾਲ਼ ਉੱਠਣ ਵਾਲ਼ਾ ਅਸਹਿ ਪਿੱਠ-ਦਰਦ ਅਤੇ ਇਸ ਸਭ ਦੇ ਜਵਾਬ ਵਿੱਚ ਲਗਾਤਾਰ ਘੱਟਦੀ ਆਮਦਨ ਆਦਿ ਉਹ ਸਭ ਕਾਰਨ ਹਨ ਜਿਨ੍ਹਾਂ ਕਰਕੇ ਨਵੀਂ ਪੀੜ੍ਹੀ ਇਸ ਕਲਾ ਨੂੰ ਸਿੱਖਣ ਵਿੱਚ ਦਿਲਚਸਪੀ ਨਹੀਂ ਲੈ ਰਹੀ। ਨਾਰਾਇਣ ਦਾ ਕਹਿਣਾ ਹੈ।
ਜੇਕਰ ਸ਼ਹਿਨਾਈ ਬਣਾਉਣਾ ਔਖਾ ਕੰਮ ਹੈ ਤਾਂ ਉਸ ਸ਼ਹਿਨਾਈ ਵਿੱਚੋਂ ਸੰਗੀਤ ਦੀ ਧੁਨ ਕੱਢਣਾ ਵੀ ਔਖਾ ਕੰਮ ਹੈ। 2021 ਵਿੱਚ, ਉਨ੍ਹਾਂ ਨੂੰ ਕੋਲ੍ਹਾਪੁਰ ਦੇ ਜੋਤਿਬਾ ਮੰਦਰ ਵਿੱਚ ਸ਼ਹਿਨਾਈ ਵਜਾਉਣ ਲਈ ਬੁਲਾਇਆ ਗਿਆ ਸੀ। ਉਹ ਕਹਿੰਦੇ ਹਨ, "ਇੱਕ ਘੰਟੇ ਦੇ ਅੰਦਰ ਹੀ ਮੈਂ ਢਹਿ-ਢੇਰੀ ਹੋ ਗਿਆ ਅਤੇ ਮੈਨੂੰ ਡਰਿੱਪ ਚੜ੍ਹਾਉਣੀ ਪਈ।" ਇਸ ਘਟਨਾ ਬਾਅਦ ਉਨ੍ਹਾਂ ਸ਼ਹਿਨਾਈ ਵਜਾਉਣੀ ਛੱਡ ਦਿੱਤੀ। ''ਇਹ ਕੋਈ ਸੌਖਾ ਕੰਮ ਨਹੀਂ ਹੈ। ਇੱਕ ਸ਼ਹਿਨਾਈ ਵਾਦਕ ਦਾ ਚਿਹਰਾ ਦੇਖਿਓ ਤਾਂ ਪਤਾ ਲੱਗਦਾ ਹੈ ਕਿ ਕਿਵੇਂ ਉਹ ਹਰ ਪ੍ਰਦਰਸ਼ਨ ਤੋਂ ਬਾਅਦ ਸਾਹ ਲੈਣ ਲਈ ਹੰਭਦਾ ਹੈ ਅਤੇ ਤੁਸੀਂ ਸਮਝ ਜਾਓਗੇ ਕਿ ਇਹ ਕਿੰਨਾ ਔਖਾ ਹੈ।
ਹਾਲਾਂਕਿ, ਉਨ੍ਹਾਂ ਦਾ ਸ਼ਹਿਨਾਈ ਬਣਾਉਣ ਦਾ ਕੰਮ ਛੱਡਣ ਦਾ ਕੋਈ ਇਰਾਦਾ ਨਹੀਂ ਹੈ। ਉਹ ਕਹਿੰਦੇ ਹਨ, " ਕਾਲੇਤ ਸੁਖ ਆਹੇ [ਇਹ ਕਲਾ ਮੈਨੂੰ ਖੁਸ਼ ਕਰਦੀ ਹੈ]।''
*****
ਲੰਬੇ ਸਮੇਂ ਤੋਂ ਨਾਰਾਇਣ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਹੁਣ ਰੋਜ਼ੀ-ਰੋਟੀ ਲਈ ਸਿਰਫ਼ ਸ਼ਹਿਨਾਈ ਅਤੇ ਬੰਸਰੀ ਬਣਾਉਣ ਦੇ ਕੰਮ 'ਤੇ ਨਿਰਭਰ ਨਹੀਂ ਰਿਹਾ ਜਾ ਸਕਦਾ। ਇਹੀ ਕਾਰਨ ਹੈ ਕਿ ਲਗਭਗ ਤਿੰਨ ਦਹਾਕੇ ਪਹਿਲਾਂ ਉਨ੍ਹਾਂ ਨੇ ਆਪਣੀ ਆਮਦਨ ਵਧਾਉਣ ਲਈ ਰੰਗ-ਬਿਰੰਗੀ ਚਕਰੀ ਵੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। "ਪਿੰਡਾਂ ਦੇ ਮੇਲਿਆਂ ਵਿੱਚ ਚਕਰੀਆਂ ਦੀ ਅਜੇ ਵੀ ਚੰਗੀ ਮੰਗ ਹੈ, ਕਿਉਂਕਿ ਹਰ ਕੋਈ ਗੇਮਾਂ ਖੇਡਣ ਲਈ ਸਮਾਰਟਫੋਨ ਨਹੀਂ ਖਰੀਦ ਸਕਦਾ।'' ਦਸ ਰੁਪਏ ਵਿੱਚ ਵਿਕਣ ਵਾਲ਼ੀ ਕਾਗ਼ਜ਼ ਦੀ ਇਹ ਮਾਮੂਲੀ ਜਿਹੀ ਚੀਜ਼ ਲੋਕਾਂ ਦੇ ਜੀਵਨ ਵਿੱਚ ਖ਼ੁਸ਼ੀਆਂ ਭਰਦੀ ਹੈ ਤੇ ਨਾਰਾਇਣ ਦੀ ਆਮਦਨੀ ਵਿੱਚ ਮਾਮੂਲੀ ਜਿਹਾ ਹੀ ਸਹੀ, ਪਰ ਇਜਾਫ਼ਾ ਜ਼ਰੂਰ ਕਰਦੀ ਹੈ, ਜਿਸ ਦੀ ਉਨ੍ਹਾਂ ਦੇ ਪਰਿਵਾਰ ਨੂੰ ਵੀ ਬਹੁਤ ਲੋੜ ਹੈ।
ਆਸਾਨੀ ਨਾਲ਼ ਬਣਾਈਆਂ ਜਾਣ ਵਾਲ਼ੀਆਂ ਚਕਰੀਆਂ ਤੋਂ ਇਲਾਵਾ, ਉਹ ਸਪਰਿੰਗ ਤੋਂ ਬਣੇ ਖਿਡੌਣੇ ਵੀ ਬਣਾਉਂਦੇ ਹਨ ਅਤੇ ਧਾਗਾ ਖਿੱਚਣ ਨਾਲ਼ ਚਾਲੂ ਹੋਣ ਵਾਲ਼ੇ ਖਿਡੌਣੇ ਵੀ। ਕਾਗਜ਼ ਦੀ ਤਹਿ ਨਾਲ਼ ਬਣੇ 20 ਤਰ੍ਹਾਂ ਦੇ ਰੰਗ-ਬਿਰੰਗੇ ਪੰਛੀ ਵੀ ਉਨ੍ਹਾਂ ਦੀ ਕਾਰੀਗਰੀ ਦੀ ਵਧੀਆ ਮਿਸਾਲ ਹਨ, ਜੋ 10 ਤੋਂ 20 ਰੁਪਏ ਵਿੱਚ ਆਸਾਨੀ ਨਾਲ਼ ਵਿਕ ਜਾਂਦੇ ਹਨ। "ਮੈਂ ਕਦੇ ਵੀ ਕਿਸੇ ਆਰਟ ਸਕੂਲ ਵਿੱਚ ਨਹੀਂ ਗਿਆ। ਪਰ ਇੱਕ ਵਾਰ ਜਦੋਂ ਮੈਂ ਕਾਗਜ਼ ਨੂੰ ਆਪਣੇ ਹੱਥ ਵਿੱਚ ਲੈ ਲੈਂਦਾ ਹਾਂ, ਤਾਂ ਮੈਂ ਇਸ ਵਿੱਚੋਂ ਕੁਝ ਨਾ ਕੁਝ ਬਣਾਉਣ ਤੋਂ ਬਿਨਾਂ ਨਹੀਂ ਰਹਿ ਸਕਦਾ।"
ਕੋਵਿਡ -19 ਮਹਾਂਮਾਰੀ ਅਤੇ ਨਤੀਜੇ ਵਜੋਂ ਪਿੰਡਾਂ ਦੇ ਮੇਲਿਆਂ ਅਤੇ ਭੀੜ 'ਤੇ ਲੱਗੀ ਪਾਬੰਦੀ ਨੇ ਕੰਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਉਹ ਕਹਿੰਦੇ ਹਨ, "ਦੋ ਸਾਲਾਂ ਤੱਕ, ਮੈਂ ਇੱਕ ਵੀ ਚਕਰੀ ਨਹੀਂ ਵੇਚ ਸਕਿਆ," ਉਹ ਕਹਿੰਦੇ ਹਨ ਕਿ ਮਾਰਚ 2022 ਤੋਂ ਬਾਅਦ ਹੀ ਮੇਰਾ ਕੰਮ ਦੁਬਾਰਾ ਸ਼ੁਰੂ ਹੋਇਆ, ਜਦੋਂ ਮਨਕਾਪੁਰ ਵਿੱਚ ਮਹਾਸ਼ਿਵਰਾਤਰੀ ਯਾਤਰਾ ਦੁਬਾਰਾ ਸ਼ੁਰੂ ਹੋਈ। ਪਰ ਦਿਲ ਦਾ ਦੌਰਾ ਪੈਣ ਤੋਂ ਬਾਅਦ ਸਿਹਤ 'ਚ ਆਈ ਗਿਰਾਵਟ ਕਾਰਨ ਹੁਣ ਉਨ੍ਹਾਂ ਲਈ ਸਫ਼ਰ ਕਰਨਾ ਔਖਾ ਕੰਮ ਹੋ ਗਿਆ ਹੈ। ਉਨ੍ਹਾਂ ਨੂੰ ਹੁਣ ਆਪਣੀਆਂ ਚਕਰੀਆਂ ਵੇਚਣ ਲਈ ਏਜੰਟਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ। "ਹੁਣ, ਹਰ ਚਕਰੀ ਦੀ ਵਿਕਰੀ 'ਤੇ ਮੈਨੂੰ ਏਜੰਟ ਨੂੰ 3 ਰੁਪਏ ਦਾ ਕਮਿਸ਼ਨ ਦੇਣਾ ਪੈਂਦਾ ਹੈ। ਮੈਂ ਇਸ ਤੋਂ ਜ਼ਿਆਦਾ ਖੁਸ਼ ਨਹੀਂ ਹਾਂ, ਪਰ ਇਸ ਨਾਲ਼ ਮੈਨੂੰ ਕੁਝ ਆਮਦਨੀ ਹੁੰਦੀ ਹੈ," ਨਾਰਾਇਣ ਕਹਿੰਦੇ ਹਨ, ਜੋ ਹਰ ਮਹੀਨੇ ਵੱਧ ਤੋਂ ਵੱਧ 5,000 ਰੁਪਏ ਹੀ ਕਮਾ ਪਾਉਂਦੇ ਹਨ।
ਉਨ੍ਹਾਂ ਦੀ ਪਤਨੀ ਸੁਸ਼ੀਲਾ (ਕਰੀਬ 45) ਇੱਟ ਭੱਠੇ 'ਤੇ ਕੰਮ ਕਰਦੀ ਹੈ ਅਤੇ ਚਕਰੀ, ਸ਼ਹਿਨਾਈ ਅਤੇ ਬੰਸਰੀ ਬਣਾਉਣ ਵਿੱਚ ਵੀ ਉਨ੍ਹਾਂ ਦੀ ਮਦਦ ਕਰਦੀ ਹੈ। ਇਸ ਖੇਤਰ ਵਿੱਚ ਸਦੀਆਂ ਤੋਂ ਮਰਦਾਂ ਦਾ ਦਬਦਬਾ ਰਹੇ ਹਨ। "ਜੇ ਸੁਸ਼ੀਲਾ ਨੇ ਮੇਰੀ ਮਦਦ ਨਾ ਕੀਤੀ ਹੁੰਦੀ, ਤਾਂ ਮੇਰਾ ਕਾਰੋਬਾਰ ਕਈ ਸਾਲ ਪਹਿਲਾਂ ਹੀ ਬੰਦ ਹੋ ਜਾਣਾ ਸੀ। ਪਰਿਵਾਰ ਨੂੰ ਚਲਾਉਣ ਵਿੱਚ ਉਸਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ।''
ਉਨ੍ਹਾਂ ਨੇ ਫਰੇਮ ਵਿੱਚ ਜੜੀ ਇੱਕ ਤਸਵੀਰ ਫੜ੍ਹੀ ਹੋਈ ਹੈ, ਜਿਸ ਵਿੱਚ ਉਨ੍ਹਾਂ ਦੇ ਪਿਤਾ ਅਤੇ ਦਾਦਾ ਸ਼ਹਿਨਾਈ ਵਜਾ ਰਹੇ ਹਨ। ਉਹ ਬੜੀ ਨਿਮਰਤਾ ਨਾਲ਼ ਕਹਿੰਦੇ ਹਨ, "ਮੇਰੇ ਕੋਲ਼ ਪ੍ਰਤਿਭਾ ਦੇ ਨਾਮ 'ਤੇ ਜ਼ਿਆਦਾ ਕੁਝ ਨਹੀਂ ਹੈ। ਬੱਸ ਮੈਂ ਚੁੱਪਚਾਪ ਇੱਕ ਥਾਵੇਂ ਬੈਠ ਕੇ ਆਪਣਾ ਕੰਮ ਕਰਨਾ ਜਾਣਦਾ ਹਾਂ। '' ਆਮਹੀ ਗੇਲੋ ਮਹਣਜੇ ਗੇਲੀ ਕਲਾ [ਇਹ ਕਲਾ ਮੇਰੇ ਨਾਲ਼ ਹੀ ਮਰ ਜਾਵੇਗੀ)।"
ਇਹ ਕਹਾਣੀ ਸੰਕੇਤ ਜੈਨ ਦੁਆਰਾ ਲਿਖੀ ਗਈ ਪੇਂਡੂ ਕਾਰੀਗਰਾਂ ਦੀ ਇੱਕ ਲੜੀ ਦਾ ਹਿੱਸਾ ਹੈ , ਅਤੇ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ ਦੁਆਰਾ ਸਮਰਥਿਤ ਹੈ।
ਤਰਜਮਾ: ਕਮਲਜੀਤ ਕੌਰ