ਮੇਰੀ ਮਾਂ ਅਕਸਰ ਮੈਨੂੰ ਕਿਹਾ ਕਰਦੀ ਸੀ,''ਕੁਮਾਰ, ਜੇ ਕਿੱਧਰੇ ਮੈਂ ਮੱਛੀ ਵਾਲ਼ਾ ਉਹ ਭਾਂਡਾ ਨਾ ਚੁੱਕਿਆ ਹੁੰਦਾ ਤਾਂ ਅਸੀਂ ਅੱਜ ਇੰਨੀ ਦੂਰ ਤੱਕ ਅੱਪੜ ਨਹੀਂ ਪਾਉਣਾ ਸੀ।'' ਇਹ ਉਹ ਸਾਲ ਸੀ ਜਦੋਂ ਮੇਰੇ ਪੈਦਾ ਹੋਣ ਬਾਅਦ ਉਨ੍ਹਾਂ ਨੇ ਮੱਛੀ ਵੇਚਣੀ ਸ਼ੁਰੂ ਕੀਤੀ ਤੇ ਇਸ ਤੋਂ ਬਾਅਦ ਮੇਰੇ ਜੀਵਨ ਵਿੱਚ ਮੱਛੀਆਂ ਦੀ ਅੱਡ ਥਾਂ ਬਣੀ ਰਹੀ।

ਮੱਛੀ ਦੀ ਹਵਾੜ ਸਾਡੇ ਘਰ ਦਾ ਹਿੱਸਾ ਬਣੀ ਰਹਿੰਦੀ। ਇੱਕ ਖੂੰਜੇ ਵਿੱਚ ਸੁੱਕੀਆਂ ਮੱਛੀਆਂ ਦਾ ਝੋਲ਼ਾ ਲਮਕਦਾ ਹੀ ਰਹਿੰਦਾ। ਪਹਿਲਾ ਮੀਂਹ ਪੈਂਦਾ ਤਾਂ ਕਾਰਪ ਮੱਛੀ ਆਉਂਦੀ ਸੀ ਜਿਹਨੂੰ ਅੰਮਾ ਰਿੰਨ੍ਹਿਆ ਕਰਦੀ। ਉਹ ਸੁਆਦੀ ਖਾਣਾ ਪਾਲ਼ੇ ਨਾਲ਼ ਲੜਨ ਵਿੱਚ ਮਦਦਗਾਰ ਰਹਿੰਦਾ। ਜਦੋਂ ਅੰਮਾ ਸ਼ੋਰਬੇ ਵਾਲ਼ੀ ਕੈਟਫਿਸ਼, ਸਪੌਟੇਡ ਸਨੇਕਹੈੱਡ ਜਾਂ ਸੇਲਾਪੀ ਪਕਾਉਂਦੀ ਤਾਂ ਇਹਦੀ ਮਹਿਕਾ ਪੂਰੇ ਘਰ ਵਿੱਚ ਤੈਰਨ ਲੱਗਦੀ।

ਜਦੋਂ ਮੈਂ ਛੋਟਾ ਸਾਂ ਤਾਂ ਮੱਛੀ ਫੜ੍ਹਨ ਵਾਸਤੇ ਅਕਸਰ ਸਕੂਲੋਂ ਛੁੱਟੀ ਮਾਰ ਲਿਆ ਕਰਦਾ। ਉਨ੍ਹੀਂ ਦਿਨੀਂ ਹਰ ਥਾਵੇਂ ਪਾਣੀ ਹੀ ਪਾਣੀ ਹੁੰਦਾ ਸੀ। ਮਦੁਰਈ ਦੇ ਜਵਾਹਰਲਾਲਪੁਰਮ ਇਲਾਕੇ ਵਿਖੇ, ਸਾਡੇ ਪੂਰੇ ਜ਼ਿਲ੍ਹੇ ਵਿੱਚ ਖੂਹ, ਨਦੀਆਂ, ਝੀਲਾਂ ਤੇ ਤਲਾਅ ਹੁੰਦੇ ਸਨ। ਮੈਂ ਆਪਣੇ ਦਾਦਾ ਜੀ ਨਾਲ਼ ਇੱਕ ਤਲਾਅ ਤੋਂ ਦੂਜੇ ਤਲਾਅ ਘੁੰਮਦਾ ਰਹਿੰਦਾ। ਸਾਡੇ ਕੋਲ਼ ਇੱਕ ਲਮਕਣ ਵਾਲ਼ੀ ਟੋਕਰੀ ਹੁੰਦੀ ਸੀ, ਜਿਹਨੂੰ ਅਸੀਂ ਪਾਣੀ ਵਿੱਚ ਪਾਉਂਦੇ ਤੇ ਮੱਛੀਆਂ ਫੜ੍ਹਦੇ। ਨਦੀ ਵਿੱਚ ਮੱਛੀਆਂ ਫੜ੍ਹਨ ਲਈ ਅਸੀਂ  ਚਾਰੇ ਦੀ ਵਰਤੋਂ ਕਰਿਆ ਕਰਦੇ।

ਅੰਮਾ ਸਾਨੂੰ ਭੂਤ-ਪ੍ਰੇਤ ਦੀਆਂ ਕਹਾਣੀਆਂ ਸੁਣਾ-ਸੁਣਾ ਕੇ ਡਰਾਈ ਰੱਖਦੀ ਤਾਂਕਿ ਅਸੀਂ ਵਹਿੰਦੇ ਪਾਣੀ ਕੋਲ਼ ਨਾ ਜਾਈਏ। ਪਰ ਝੀਲਾਂ ਦਾ ਪਾਣੀ ਸੀ ਕਿ ਵਹਿੰਦਾ ਹੀ ਰਹਿੰਦਾ ਤੇ ਅਸੀਂ ਵੀ ਪਾਣੀ ਦੇ ਕੋਲ਼ ਹੀ ਮੰਡਰਾਉਂਦੇ ਰਹਿੰਦੇ। ਮੈਂ ਪਿੰਡ ਦੇ ਦੂਜੇ ਮੁੰਡਿਆਂ ਨਾਲ਼ ਮੱਛੀ ਫੜ੍ਹਦਾ ਹੁੰਦਾ ਸਾਂ। ਜਿਸ ਸਾਲ ਮੈਂ 10ਵੀਂ ਪਾਸ ਕੀਤੀ, ਪਾਣੀ ਦੀ ਕਿੱਲਤ ਹੋਣ ਲੱਗੀ। ਝੀਲਾਂ ਦਾ ਪੱਧਰ ਡਿੱਗ ਗਿਆ ਤੇ ਇਹਦਾ ਅਸਰ ਖੇਤੀ  'ਤੇ ਵੀ ਪੈਣ ਲੱਗਿਆ।

ਸਾਡੇ ਪਿੰਡ ਜਵਾਹਰਲਾਲਪੁਰਮ ਵਿਖੇ ਤਿੰਨ ਝੀਲਾਂ ਸਨ- ਵੱਡੀ ਝੀਲ, ਛੋਟੀ ਝੀਲ ਤੇ ਮਾਰੂਥਨਕੁਲਮ ਝੀਲ। ਮੇਰੇ ਘਰ ਦੇ ਨੇੜੇ ਵੱਡੀ ਝੀਲ ਤੇ ਛੋਟੀ ਝੀਲ ਨੂੰ ਨੀਲਾਮ ਕਰਕੇ ਪਿੰਡ ਵਾਲ਼ਿਆਂ ਨੂੰ ਠੇਕੇ 'ਤੇ ਦੇ ਦਿੱਤਾ ਜਾਂਦਾ ਸੀ। ਉਹ ਲੋਕ ਇਸ ਵਿੱਚ ਮੱਛੀਆਂ ਪਾਲ਼ਦੇ ਸਨ ਤੇ ਇਸੇ ਕਮਾਈ ਨਾਲ਼ ਉਨ੍ਹਾਂ ਦਾ ਘਰ ਚੱਲਦਾ ਸੀ। ਥਾਈ (ਅੱਧ ਜਨਵਰੀ ਤੋਂ ਅੱਧ ਫਰਵਰੀ) ਮਹੀਨੇ ਦੌਰਾਨ ਦੋਵਾਂ ਝੀਲਾਂ ਵਿੱਚ ਮੱਛੀਆਂ ਦੀ ਪੈਦਾਵਾਰ ਹੁੰਦੀ ਸੀ- ਇਸ ਸਮੇਂ ਨੂੰ ਮੱਛੀਆਂ ਫੜ੍ਹਨ ਦਾ ਮੌਸਮ ਕਿਹਾ ਜਾਂਦਾ ਹੈ।

ਜਦੋਂ ਮੇਰੇ ਪਿਤਾ ਝੀਲਾਂ ਵਾਲ਼ੀਆਂ ਮੱਛੀਆਂ ਖਰੀਦਣ ਜਾਂਦੇ ਤਾਂ ਮੈਂ ਵੀ ਉਨ੍ਹਾਂ ਦੇ ਨਾਲ਼ ਜਾਇਆ ਕਰਦਾ। ਉਨ੍ਹਾਂ ਦੇ ਸਾਈਕਲ ਦੇ ਮਗਰ ਇੱਕ ਬਕਸਾ ਬੱਝਿਆ ਹੁੰਦਾ ਸੀ ਤੇ ਅਸੀਂ ਮੱਛੀ ਖਰੀਦਣ ਵਾਸਤੇ ਕਦੇ-ਕਦਾਈਂ ਤਾਂ 20-30 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਕਈ ਪਿੰਡਾਂ ਦੀ ਯਾਤਰਾ ਕਰ ਲੈਂਦੇ ਸਾਂ।

Villagers scouring the lake as part of the fish harvesting festival celebrations held in March in Madurai district’s Kallandhiri village
PHOTO • M. Palani Kumar

ਮਦੁਰਈ ਜ਼ਿਲ੍ਹੇ ਦੇ ਕੱਲਨਧਿਰੀ ਪਿੰਡ ਦੇ ਵਾਸੀ ਝੀਲ ਵਿੱਚੋਂ ਮੱਛੀਆਂ ਫੜ੍ਹਦੇ ਹੋਏ। ਜੋ ਮਾਰਚ ਵਿੱਚ ਮੱਛੀਆਂ ਪੈਦਾਵਾਰ ਦੇ ਤਿਓਹਾਰ ਦੇ ਸਮਾਰੋਹ ਦਾ ਇੱਕ ਹਿੱਸਾ ਹੈ

ਮਦੁਰਈ ਜ਼ਿਲ੍ਹੇ ਦੀਆਂ ਕਈ ਝੀਲਾਂ ਵਿੱਚ ਮੱਛੀਆਂ ਦੀ ਪੈਦਾਵਾਰ ਦੇ ਤਿਓਹਾਰ ਮਨਾਏ ਜਾਂਦੇ ਹਨ ਤੇ ਨੇੜਲੇ ਪਿੰਡਾਂ ਦੇ ਲੋਕੀਂ ਮੱਛੀ ਫੜ੍ਹਨ ਲਈ ਝੀਲਾਂ 'ਤੇ ਪਹੁੰਚਦੇ ਹਨ। ਉਹ ਚੰਗੇ ਮੀਂਹ, ਚੰਗੀ ਫ਼ਸਲ ਤੇ ਸਾਰੇ ਲੋਕਾਂ ਦੀ ਰਾਜ਼ੀ-ਖ਼ੁਸ਼ੀ ਦੀ ਪ੍ਰਾਰਥਨਾ ਕਰਦੇ ਹਨ। ਲੋਕ ਮੰਨਦੇ ਹਨ ਕਿ ਮੱਛੀ ਫੜ੍ਹਨ ਨਾਲ਼ ਰੱਜਵਾਂ ਮੀਂਹ ਪੈਂਦਾ ਹੈ ਤੇ ਜੇ ਮੱਛੀ ਦੀ ਪੈਦਾਵਾਰ ਦਾ ਤਿਓਹਾਰ ਨਾ ਮਨਾਇਆ ਗਿਆ ਤਾਂ ਸੋਕਾ ਪੈ ਜਾਵੇਗਾ।

ਅੰਮਾ ਸਦਾ ਕਹਿੰਦੀ ਸੀ ਕਿ ਪੈਦਾਵਾਰ ਦੌਰਾਨ ਮੱਛੀ ਦਾ ਭਾਰ ਸਭ ਤੋਂ ਜ਼ਿਆਦਾ ਹੋਣਾ ਭਾਵ ਬਿਹਤਰ ਮੁਨਾਫ਼ਾ। ਲੋਕ ਅਕਸਰ ਜਿਊਂਦੀ ਮੱਛੀ ਲੈਣਾ ਪਸੰਦ ਕਰਦੇ ਹਨ। ਆਫ਼ ਸੀਜ਼ਨ ਵਿੱਚ ਮੱਛੀਆਂ ਦਾ ਭਾਰ ਘੱਟ ਹੋ ਜਾਂਦਾ ਹੈ ਤੇ ਉਹ ਕਾਫ਼ੀ ਮਾਤਾਰ ਵਿੱਚ ਫੜ੍ਹੀਆਂ ਨਹੀਂ ਜਾਂਦੀਆਂ।

ਮੱਛੀ ਵੇਚਣ ਕਾਰਨ ਹੀ ਸਾਡੇ ਪਿੰਡ ਦੀਆਂ ਕਈ ਔਰਤਾਂ ਦਾ ਜੀਵਨ ਬਚ ਸਕਿਆ ਹੈ; ਇਸ ਕੰਮ ਨੇ ਉਨ੍ਹਾਂ ਔਰਤਾਂ ਨੂੰ ਰੋਜ਼ੀਰੋਟੀ ਦਿੱਤੀ ਜਿਨ੍ਹਾਂ ਦੇ ਪਤੀਆਂ ਦੀ ਮੌਤ ਹੋ ਗਈ ਸੀ।

ਮੱਛੀਆਂ ਨੇ ਹੀ ਮੈਨੂੰ ਇੱਕ ਚੰਗਾ ਫ਼ੋਟੋਗ੍ਰਾਫ਼ਰ ਵੀ ਬਣਾਇਆ। 2013 ਵਿੱਚ ਜਦੋਂ ਮੈਂ ਕੈਮਰਾ ਖਰੀਦਿਆ ਤਾਂ ਮੈਂ ਮੱਛੀ ਖਰੀਦਣ ਜਾਂਦੇ ਵੇਲ਼ੇ ਉਹਨੂੰ ਨਾਲ਼ ਲੈ ਜਾਂਦਾ ਸਾਂ। ਕਦੇ-ਕਦਾਈਂ ਮੈਂ ਮੱਛੀ ਖਰੀਦਣਾ ਹੀ ਭੁੱਲ ਜਾਂਦਾ ਤੇ ਮੱਛੀਆਂ ਦੀਆਂ ਫ਼ੋਟੋਆਂ ਹੀ ਲੈਂਦਾ ਰਹਿ ਜਾਂਦਾ। ਮੈਂ ਉਦੋਂ ਤੱਕ ਸਭ ਭੁੱਲਿਆ ਰਹਿੰਦਾ ਜਦੋਂ ਤੱਕ ਕਿ ਮੇਰਾ ਫ਼ੋਨ ਨਹੀਂ ਵੱਜਣ ਲੱਗਦਾ ਤੇ ਅੰਮਾ ਮੈਨੂੰ ਦੇਰ ਲਾਉਣਾ ਲਈ ਡਾਂਟਣ ਨਾ ਲੱਗਦੀ। ਉਹ ਮੈਨੂੰ ਯਾਦ ਦਵਾਉਂਦੀ ਕਿ ਲੋਕ ਉਨ੍ਹਾਂ ਕੋਲ਼ੋਂ ਮੱਛੀ ਖਰੀਦਣ ਦੀ ਉਡੀਕ ਕਰ ਰਹੇ ਹਨ ਤੇ ਇਹ ਸੁਣਦਿਆਂ ਹੀ ਮੈਂ ਛੂਟ ਵੱਟ ਜਾਂਦਾ।

ਝੀਲਾਂ ਕੰਢੇ ਸਿਰਫ਼ ਇਨਸਾਨ ਹੀ ਨਾ ਮਿਲ਼ਦੇ। ਇੱਥੇ ਤਾਂ ਪੰਛੀ ਤੇ ਡੰਗਰ ਵੀ ਹੁੰਦੇ ਸਨ। ਮੈਂ ਇੱਕ ਟੇਲੀ ਲੈਂਸ ਖਰੀਦਿਆ ਤੇ ਜਲੀ ਤੇ ਜੰਗਲੀ ਜੀਵਾਂ ਜਿਵੇਂ ਸਾਰਸ, ਬਤਖ਼, ਛੋਟੇ ਪੰਛੀਆਂ ਦੀਆਂ ਫ਼ੋਟੋਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਪੰਛੀਆਂ ਨੂੰ ਦੇਖਣ ਤੇ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਵਿੱਚ ਮੈਨੂੰ ਬੜਾ ਮਜ਼ਾ ਆਉਂਦਾ।

ਇਨ੍ਹੀਂ ਦਿਨੀਂ ਨਾ ਤਾਂ ਮੀਂਹ ਪੈਂਦਾ ਹੈ, ਨਾ ਹੀ ਝੀਲਾਂ ਵਿੱਚ ਪਾਣੀ ਹੀ ਬਚਿਆ ਹੈ ਤੇ ਨਾ ਹੀ ਕੋਈ ਮੱਛੀ ਹੀ।

*****

Senthil Kalai shows his catch of kamma paarai fish. He enjoys posing for pictures
PHOTO • M. Palani Kumar

ਆਪਣੀ ਫੜ੍ਹੀ ਹੋਈ ਕੰਮਾ ਪਾਰਾਈ ਮੱਛੀ ਦਿਖਾਉਂਦੇ ਹੋਏ ਸੈਂਥਿਲ ਕਲਈ। ਉਨ੍ਹਾਂ ਨੂੰ ਤਸਵੀਰਾਂ ਨੂੰ ਖਿਚਵਾਉਣ ਦਾ ਖ਼ਾਸਾ ਸ਼ੌਕ ਹੈ

ਜਿਓਂ ਹੀ ਕੈਮਰਾ ਮੇਰੇ ਕੋਲ਼ ਆਇਆ, ਮੈਂ ਮਛੇਰਿਆਂ- ਪਿਚਈ ਅੰਨਾ, ਮੋਕਾ ਅੰਨਾ, ਕਾਰਤਿਕ, ਮਾਰਧੂ, ਸੇਂਥਿਲ ਕਲਈ ਦੀਆਂ ਫ਼ੋਟੋਆਂ ਖਿੱਚਣ ਲੱਗਿਆ, ਜੋ ਝੀਲਾਂ ਵਿੱਚ ਆਪਣਾ ਜਾਲ਼ ਸੁੱਟਿਆ ਕਰਦੇ। ਉਨ੍ਹਾਂ ਨਾਲ਼ ਜਾਲ਼ ਸੁੱਟਦਿਆਂ ਤੇ ਮੱਛੀ ਫੜ੍ਹਦਿਆਂ ਮੈਂ ਬੜਾ ਕੁਝ ਸਿੱਖਿਆ। ਇਹ ਸਾਰੇ ਮਦੁਰਈ ਦੇ ਪੂਰਬੀ ਬਲਾਕ ਦੇ ਪੁਦੁਪੱਟੀ ਪਿੰਡ ਦੇ ਆਸ-ਪਾਸ ਰਹਿਣ ਵਾਲ਼ੇ ਹਨ। ਕਰੀਬ 600 ਲੋਕਾਂ ਦੇ ਇਸ ਪਿੰਡ ਵਿੱਚ ਬਹੁਤੇਰੇ ਭਾਵ 500 ਲੋਕ ਮੱਛੀਆਂ ਫੜ੍ਹਨ ਦਾ ਕੰਮ ਕਰਦੇ ਹਨ ਤੇ ਇਹੀ ਉਨ੍ਹਾਂ ਦੀ ਰੋਜ਼ੀਰੋਟੀ ਦਾ ਮੁੱਢਲਾ ਵਸੀਲਾ ਹੈ।

ਸੀ. ਪਿਚਈ 60 ਸਾਲਾ ਮਛੇਰੇ ਹਨ, ਜਿਨ੍ਹਾਂ ਨੇ ਤਿਰੂਨੇਲਵੇਲੀ, ਰਾਜਪਾਲਯਮ, ਤੇਨਕਾਸੀ, ਕਰਾਈਕੁਡੀ, ਦੇਵਕੋਟਈ ਤੇ ਹੋਰਨਾਂ ਥਾਵਾਂ ਦੀਆਂ ਝੀਲਾਂ ਵਿੱਚ ਮੱਛੀਆਂ ਫੜ੍ਹਨ ਵਾਸਤੇ ਦੂਰ-ਦੂਰ ਤੱਕ ਯਾਤਰਾਵਾਂ ਕੀਤੀਆਂ ਹਨ। ਉਨ੍ਹਾਂ ਨੇ ਦਸ ਸਾਲ ਦੀ ਉਮਰੇ ਆਪਣੇ ਪਿਤਾ ਕੋਲ਼ੋਂ ਮੱਛੀਆਂ  ਫੜ੍ਹਨਾ ਸਿੱਖਿਆ ਤੇ ਉਹ ਮੱਛੀ ਫੜ੍ਹਨ ਲਈ ਉਨ੍ਹਾਂ ਦੇ ਨਾਲ਼ ਘੁੰਮਦੇ ਰਹਿੰਦੇ ਸਨ। ਕਦੇ-ਕਦਾਈਂ ਤਾਂ ਇਹਦੇ ਵਾਸਤੇ ਉਹ ਕੁਝ ਦਿਨਾਂ ਤੱਕ ਰੁੱਕ ਵੀ ਜਾਇਆ ਕਰਦੇ ਸਨ।

ਪਿਚਈ ਦੱਸਦੇ ਹਨ,''ਅਸੀਂ ਸਾਲ ਦੇ ਛੇ ਮਹੀਨੇ ਮੱਛੀਆਂ ਫੜ੍ਹਦੇ ਹਾਂ। ਅਗਲੇ ਛੇ ਮਹੀਨੇ ਅਸੀਂ ਉਸੇ ਫੜ੍ਹੀ ਮੱਛੀ ਨੂੰ ਵੇਚਦੇ ਰਹਿੰਦੇ ਹਾਂ ਤੇ ਫਿਰ ਬਚ ਗਈ ਮੱਛੀ ਨੂੰ ਸੁਕਾ ਲੈਂਦੇ ਹਾਂ ਤਾਂਕਿ ਪੂਰਾ ਸਾਲ ਆਮਦਨੀ ਦਾ ਜ਼ਰੀਆ ਬਣਿਆ ਹੀ ਰਹੇ।''

ਉਹ ਕਹਿੰਦੇ ਹਨ ਕਿ ਇੱਥੇ ਮੱਛੀਆਂ ਉਨ੍ਹਾਂ ਆਂਡਿਆਂ ਤੋਂ ਪੈਦਾ ਹੁੰਦੀਆਂ ਹਨ ਜੋ ਮਿੱਟੀ ਵਿੱਚ ਦੱਬੇ ਹੁੰਦੇ ਹਨ ਤੇ ਮੀਂਹ ਪੈਣ ਨਾਲ਼ ਪੋਸ਼ਤ ਹੁੰਦੇ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ,''ਕੇਲੁਥੀ, ਕੋਰਵਾ, ਵਰਾ, ਪਾਂਪੁਪਿਡੀ ਕੇਂਡਾਪੁਡੀ, ਵੇਲਿਚੀ ਜਿਹੀਆਂ ਦੇਸੀ ਮੱਛੀਆਂ ਹੁਣ ਓਨੀ ਮਾਤਰਾ ਵਿੱਚ ਨਹੀਂ ਮਿਲ਼ਦੀਆਂ, ਜਿੰਨੀਆਂ ਕਿ ਪਹਿਲਾਂ ਮਿਲ਼ਦੀਆਂ ਸਨ। ਖੇਤਾਂ ਵਿੱਚ ਇਸਤੇਮਾਲ ਹੋਣ ਵਾਲ਼ੇ ਕੀਟਨਾਸ਼ਕਾਂ ਕਾਰਨ ਪ੍ਰਦੂਸ਼ਤ ਪਾਣੀ ਝੀਲਾਂ ਵਿੱਚ ਪਹੁੰਚ ਜਾਂਦਾ ਹੈ। ਹੁਣ ਸਾਰੀਆਂ ਮੱਛੀਆਂ ਨੂੰ ਮਨਸੂਈ ਤਰੀਕੇ ਨਾਲ਼ ਪ੍ਰਜਨਨ ਕਰਾਇਆ ਤੇ ਖੁਆਇਆ ਜਾਂਦਾ ਹੈ, ਜਿਸ ਨਾਲ਼ ਝੀਲਾਂ ਦਾ ਉਪਜਾਊਪੁਣਾ ਹੋਰ ਤਬਾਹ ਹੋ ਜਾਂਦਾ ਹੈ।''

ਮੱਛੀ ਫੜ੍ਹਨ ਦਾ ਕੰਮ ਨਾ ਹੋਣ ਦੀ ਸੂਰਤ ਵਿੱਚ ਪਿਚਈ ਨਰੇਗਾ (ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਐਕਟ) ਤਹਿਤ ਨਹਿਰ ਪੁੱਟਣ ਜਿਹੇ ਦਿਹਾੜੀ-ਧੱਪੇ ਵਾਲ਼ੇ ਕੰਮ ਕਰਦੇ ਹਨ, ਜਿਹਨੂੰ ਸਥਾਨਕ ਤੌਰ 'ਤੇ ਨੂਰ ਨਾਲ ਪਨੀ ਕਿਹਾ ਜਾਂਦਾ ਹੈ, ਭਾਵ ਜੋ ਕੰਮ ਵੀ ਮਿਲ਼ ਜਾਵੇ।

Left: C. Pichai holding a Veraal fish.
PHOTO • M. Palani Kumar
Right: Mokka, one of the most respected fishermen in Y. Pudupatti  hamlet, says that they do not get native varieties like ara , kendai , othai kendai , thar kendai and kalpaasi anymore
PHOTO • M. Palani Kumar

ਖੱਬੇ ਪਾਸੇ: ਹੱਥ ਵਿੱਚ ਵੇਰਾਲ ਫੜ੍ਹੀ ਸੀ. ਪਿਚਈ। ਸੱਜੇ ਪਾਸੇ: ਪੁਦੁਪੱਟੀ ਇਲਾਕਿਆਂ ਦੇ ਪਿੰਡ ਵਾਸੀਆਂ ਦਰਮਿਆਨ ਮੌਜੂਦ ਮੋਕਾ ਸਭ ਤੋਂ ਇੱਜ਼ਤਦਾਰ ਮਛੇਰਿਆਂ ਵਿੱਚੋਂ ਇੱਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਆਰਾ, ਕੇਂਦਈ, ਓਥਾਈ ਕੇਂਦਈ, ਥਾਰ ਕੇਂਦਈ ਤੇ ਕਲਪਾਸੀ ਜਿਹੀਆਂ ਦੇਸੀ ਮੱਛੀਆਂ ਦੀਆਂ ਕਿਸਮਾਂ ਨਹੀਂ ਮਿਲ਼ਦੀਆਂ

ਇੱਕ ਹੋਰ ਮਛੇਰੇ 30 ਸਾਲਾ ਮੋਕਾ ਮੁਤਾਬਕ ਮੱਛੀ ਪਾਲਣ ਦਾ ਮੌਸਮ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੀ ਦਿਹਾੜੀ-ਧੱਪਾ ਹੀ ਕਰਨਾ ਪਵੇਗਾ। ਉਨ੍ਹਾਂ ਦੀ ਪਤਨੀ ਇੱਕ ਹੋਟਲ ਵਿੱਚ ਕੰਮ ਕਰਦੀ ਹੈ ਤੇ ਉਨ੍ਹਾਂ ਦੇ ਦੋ ਬੱਚੇ ਤੀਜੀ ਤੇ ਦੂਜੀ ਵਿੱਚ ਪੜ੍ਹ ਰਹੇ ਹਨ।

ਬਚਪਨ ਵਿੱਚ ਹੀ ਮਾਂ ਦੀ ਮੌਤ ਕਾਰਨ ਉਨ੍ਹਾਂ ਦੀ ਦਾਦੀ ਨੇ ਹੀ ਉਨ੍ਹਾਂ ਨੂੰ ਪਾਲਿਆ-ਪੋਸਿਆ। ਉਹ ਕਹਿੰਦੇ ਹਨ,''ਮੈਨੂੰ ਪੜ੍ਹਾਈ ਵਿੱਚ ਕੋਈ ਰੁਚੀ ਨਹੀਂ ਸੀ ਤੇ ਮੈਂ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਛੋਟੀਆਂ-ਮੋਟੀਆਂ ਨੌਕਰੀਆਂ ਕੀਤੀਆਂ। ਪਰ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ ਹਾਂ ਤਾਂਕਿ ਉਨ੍ਹਾਂ ਨੂੰ ਚੰਗੀਆਂ ਨੌਕਰੀਆਂ ਮਿਲ਼ ਜਾਣ।''

*****

ਮਾਲਕਲਈ ਹੱਥੀਂ ਮੱਛੀਆਂ ਫੜ੍ਹਨ ਵਾਲ਼ਾ ਜਾਲ਼ ਬਣਾਉਂਦੇ ਹਨ। ਇਹ ਹੁਨਰ ਉਨ੍ਹਾਂ ਨੇ ਆਪਣੇ ਪੁਰਖਿਆਂ ਕੋਲ਼ੋਂ ਸਿੱਖਿਆ। 32 ਸਾਲਾ ਮਾਲਕਲਈ ਦਾ ਕਹਿਣਾ ਹੈ,''ਸਿਰਫ਼ ਸਾਡੇ ਪਿੰਡ ਓਥਾਕਦਾਈ ਵਿਖੇ ਅਸੀਂ ਹਾਲੇ ਤੀਕਰ ਮੱਛੀਆਂ ਫੜ੍ਹਨ ਵਾਸਤੇ ਹੱਥੀਂ ਬਣਾਇਆ ਜਾਲ਼ ਇਸਤੇਮਾਲ ਕਰਦੇ ਹਾਂ। ਅੱਜ ਦੇ ਜਾਲ਼ ਮੇਰੇ ਦਾਦਾ ਜੀ ਵੱਲੋਂ ਵਰਤੀਂਦੇ ਜਾਲ਼ਾਂ ਨਾਲ਼ੋਂ ਕਾਫ਼ੀ ਅੱਡ ਹਨ। ਉਹ ਨਾਰੀਅਲ ਦੇ ਰੁੱਖਾਂ ਦੇ ਰੇਸ਼ਾ (ਮੁੰਜ) ਤੋਂ ਜਾਲ਼ ਬੁਣਦੇ ਸਨ। ਉਹ ਜਾਲ਼ ਬੁਣਨ ਲਈ ਕੋਕੋ ਘਾਹ (ਮੁੰਜ) ਲੱਭਣ ਜਾਂਦੇ ਹੁੰਦੇ ਸਨ, ਜਿਹਦੀ ਸਾਡੇ ਪਿੰਡ ਵਿੱਚ ਕਾਫ਼ੀ ਮਾਨਤਾ ਹੋਇਆ ਹੋਇਆ ਕਰਦੀ ਸੀ। ਦੂਸਰੀ ਥਾਵੇਂ ਮੱਛੀਆਂ ਫੜ੍ਹਨ ਜਾਂਦੇ ਵੇਲ਼ੇ ਲੋਕ ਇਹਨੂੰ ਆਪਣੇ ਨਾਲ਼ ਲੈ ਜਾਂਦੇ ਸਨ।

''ਮੱਛੀ ਤੇ ਮੱਛੀ ਫੜ੍ਹਨਾ ਸਾਡੀ ਜ਼ਿੰਦਗੀ ਦਾ ਇੱਕ ਖ਼ਾਸਮ-ਖ਼ਾਸ ਹਿੱਸਾ ਹੈ ਤੇ ਸਾਡੇ ਪਿੰਡ ਵਿੱਚ ਕਈ ਮਛੇਰੇ ਹਨ। ਜਦੋਂ ਕੋਈ ਹੁਨਰਮੰਦ ਮਛੇਰਾ ਮਰਦਾ ਹੈ ਤਾਂ ਪਿੰਡ ਵਾਲ਼ੇ ਉਹਦੀ ਅਰਥੀ ਵਿੱਚੋਂ ਬਾਂਸ ਦੀ ਇੱਕ ਸੋਟੀ ਕੱਢ ਕੇ ਉਸ ਤੋਂ ਨਵੇਂ ਜਾਲ਼ ਦਾ ਅਧਾਰ ਤਿਆਰ ਕਰਦੇ ਹਨ। ਇੰਝ ਉਹਦੀ ਵਿਰਾਸਤ ਦਾ ਸਨਮਾਨ ਕੀਤਾ ਜਾਂਦਾ ਹੈ। ਸਾਡੇ ਪਿੰਡ ਵਿੱਚ ਇਹ ਪ੍ਰਥਾ ਜਾਰੀ ਹੈ।

Left: Malkalai (foreground) and Singam hauling nets out of the water.
PHOTO • M. Palani Kumar
Right: They have to dive into the lake to drag out their nets
PHOTO • M. Palani Kumar

ਖੱਬੇ ਪਾਸੇ: ਮਾਲਕਲਈ (ਖੱਬੇ) ਤੇ ਸਿੰਗਮ (ਸੱਜੇ) ਪਾਣੀ ਵਿੱਚੋਂ ਮੱਛੀ ਫੜ੍ਹਨ ਵਾਸਤੇ ਜਾਲ਼ ਖਿੱਚ ਕੇ ਬਾਹਰ ਕੱਢ ਰਹੇ ਹਨ। ਸੱਜੇ ਪਾਸੇ: ਮਛੇਰਿਆਂ ਨੂੰ ਆਪਣੇ ਮੱਛੀ ਫੜ੍ਹਨ ਵਾਲ਼ੇ ਜਾਲ਼ ਕੱਢਣ ਲਈ ਝੀਲ਼ ਵਿੱਚ ਗੋਤਾ ਲਾਉਣਾ ਪੈਂਦਾ ਹੈ

''ਸਾਡੇ ਲੋਕ ਝੀਲ ਦਾ ਪਾਣੀ ਦੇਖ ਕੇ ਹੀ ਦੱਸ ਸਕਦੇ ਹਨ ਕਿ ਇਸ ਵਿੱਚ ਕਿੰਨੀਆਂ ਕੁ ਵੱਡੀਆਂ ਮੱਛੀਆਂ ਹੋਣਗੀਆਂ। ਉਹ ਪਾਣੀ ਤਲ਼ੀ 'ਤੇ ਰੱਖਦੇ ਹਨ ਤੇ ਜੇ ਪਾਣੀ ਗੰਦਲਾ ਹੋਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਵੱਡੀਆਂ ਮੱਛੀਆਂ ਹੋਣਗੀਆਂ। ਜੇ ਪਾਣੀ ਸਾਫ਼ ਹੈ ਤਾਂ ਮੱਛੀਆਂ ਦੀ ਗਿਣਤੀ ਘੱਟ ਹੋਵੇਗੀ।

''ਮੱਛੀ ਫੜ੍ਹਨ ਲਈ ਮਦੁਰਈ ਜ਼ਿਲ੍ਹੇ ਦੇ ਚਾਰੇ ਪਾਸੇ ਜਾਂਦੇ ਸਨ- ਤੋਂਡੀ, ਕਰਾਈਕੁਡੀ, ਇੱਥੋਂ ਤੱਕ ਕਿ ਕੰਨਿਆਕੁਮਾਰੀ ਸਮੁੰਦਰ (ਹਿੰਦ ਮਹਾਂਸਾਗਰ) ਤੱਕ ਵੀ। ਅਸੀਂ ਤੇਨਕਾਸੀ ਦੀਆਂ ਸਾਰੀਆਂ ਝੀਲਾਂ ਦਾ ਦੌਰਾ ਕਰਦੇ ਤੇ ਬੰਨ੍ਹਾਂ 'ਤੇ ਵੀ ਜਾਂਦੇ। ਕਦੇ-ਕਦਾਈਂ ਅਸੀਂ ਕਰੀਬ ਪੰਜ-ਦਸ ਟਨ ਤੱਕ ਮੱਛੀਆਂ ਫੜ੍ਹ ਲੈਂਦੇ। ਭਾਵੇਂ ਸਾਡੀਆਂ  ਫੜ੍ਹੀਆਂ ਗਈਆਂ ਮੱਛੀਆਂ ਦਾ ਅਕਾਰ ਕਿੰਨਾ ਵੀ ਹੁੰਦਾ, ਸਾਡੀ ਮਜ਼ਦੂਰੀ ਉਹੀ ਰਹਿੰਦੀ ਸੀ।

''ਮਦੁਰਈ ਵਿੱਚ ਕਦੇ 200 ਦੇ ਕਰੀਬ ਝੀਲਾਂ ਹੋਇਆ ਕਰਦੀਆਂ ਸਨ ਪਰ ਤੇਜ਼ੀ ਨਾਲ਼ ਸ਼ਹਿਰੀਕਰਨ ਹੋਣ ਨਾਲ਼ ਇਹ ਝੀਲਾਂ ਵਿੱਚ ਗਾਇਬ ਹੋ ਰਹੀਆਂ ਹਨ। ਇਸਲਈ ਅਸੀਂ ਲੋਕਾਂ ਨੂੰ ਮੱਛੀ ਫੜ੍ਹਨ ਲਈ ਦੂਜੀਆਂ ਥਾਵਾਂ 'ਤੇ ਜਾਣਾ ਪੈਂਦਾ ਹੈ। ਜਿਵੇਂ-ਜਿਵੇਂ ਝੀਲਾਂ ਗਾਇਬ ਹੋ ਰਹੀਆਂ ਹਨ, ਸਾਡੇ ਜਿਹੇ ਰਵਾਇਤੀ ਮਛੇਰਿਆਂ ਦੀ ਜ਼ਿੰਦਗੀ 'ਤੇ ਮਾੜਾ ਅਸਰ ਪੈ ਰਿਹਾ ਹੈ। ਮੱਛੀ ਦੇ ਕਾਰੋਬਾਰੀ ਵੀ ਇਹਦੇ ਅਸਰ ਤੋਂ ਬਚੇ ਨਹੀਂ ਹਨ।

''ਮੇਰੇ ਪਿਤਾ ਤਿੰਨ ਭੈਣ-ਭਰਾ ਸਨ ਤੇ ਮੇਰੇ ਵੀ ਤਿੰਨ ਭੈਣ-ਭਰਾ ਹਨ। ਅਸੀਂ ਸਾਰੇ ਮੱਛੀ ਫੜ੍ਹਦੇ ਹਾਂ। ਮੇਰਾ ਵਿਆਹ ਹੋ ਚੁੱਕਿਆ ਹੈ ਤੇ ਮੇਰੀਆਂ ਤਿੰਨ ਧੀਆਂ ਤੇ ਇੱਕ ਬੇਟਾ ਹੈ। ਸਾਡੇ ਪਿੰਡ ਦੇ ਨੌਜਵਾਨ ਹੁਣ ਸਕੂਲ-ਕਾਲਜ ਜਾਂਦੇ ਹਨ ਤੇ ਫਿਰ ਵੀ ਉਨ੍ਹਾਂ ਦੀ ਰੁਚੀ ਮੱਛੀ ਫੜ੍ਹਨ ਵਿੱਚ ਹੀ ਰਹਿੰਦੀ ਹੈ। ਸਕੂਲ-ਕਾਲਜ ਦੇ ਘੰਟਿਆਂ ਦੇ ਬਾਅਦ ਵੀ ਉਹ ਆਪਣਾ ਸਮਾਂ ਮੱਛੀਆਂ ਫੜ੍ਹਨ ਵਿੱਚ ਗੁਜ਼ਾਰਦੇ ਹਨ।''

The shore of chinna kamma (small lake) in Jawaharlalpuram area in Madurai where the writer would walk to buy fish from the lake
PHOTO • M. Palani Kumar

ਮਦੁਰਈ ਵਿਖੇ ਜਵਾਹਰਲਾਲਪੁਰਮ ਇਲਾਕੇ ਵਿਖੇ ਚਿੰਨਾ ਕੰਮਾ (ਛੋਟੀ ਝੀਲ) ਦਾ ਕੰਢਾ। ਇਸੇ ਕੰਢੇ ਮੈਂ ਝੀਲ ' ਚੋਂ ਮੱਛੀਆਂ ਖਰੀਦਣ ਜਾਂਦਾ ਸਾਂ

Left: Local fishermen say that lakes come alive when water is let out from the dam.
PHOTO • M. Palani Kumar
Right: C.Pichai from Y.Pudupatti village is well-known for his nuanced skills in this difficult craft
PHOTO • M. Palani Kumar

ਖੱਬੇ ਪਾਸੇ : ਸਥਾਨਕ ਮਛੇਰੇ ਦੱਸਦੇ ਹਨ ਕਿ ਬੰਨ੍ਹ ' ਚੋਂ ਪਾਣੀ ਛੱਡੇ ਜਾਣ ਝੀਲਾਂ ਭਰ ਜਾਂਦੀਆਂ ਹਨ। ਸੱਜੇ ਪਾਸੇ : ਵਾਈ. ਪੁਦੁਪੱਟੀ ਪਿੰਡ ਦੇ ਸੀ. ਪਿਚਈ ਮੱਛੀ ਫੜ੍ਹਨ ਦੇ ਆਪਣੇ ਹੁਨਰ ਲਈ ਜਾਣੇ ਜਾਂਦੇ ਹਨ

Fishermen readying for action at the lake in Kunnathur, north Madurai. They have rented a mini truck to carry all the equipment they require
PHOTO • M. Palani Kumar

ਉੱਤਰ ਮਦੁਰਈ ਦੇ ਕੁੰਨਾਥੁਰ ਦੇ ਮਛੇਰੇ ਝੀਲ ਵਿੱਚੋਂ ਮੱਛੀ ਫੜ੍ਹਨ ਦੀ ਤਿਆਰੀ ਵਿੱਚ ਹਨ। ਮੱਛੀ ਫੜ੍ਹਨ ਤੇ ਆਉਣ-ਜਾਣ ਲਈ ਜ਼ਰੂਰੀ ਸਮਾਨ ਲਿਜਾਣ ਲਈ ਉਹ ਕਿਰਾਏ ' ਤੇ ਮਿਨੀ ਟਰੱਕ ਲੈਂਦੇ ਹਨ

Fishermen move around the big lake in Jawaharlalpuram in Madurai to increase the catch
PHOTO • M. Palani Kumar

ਮਛੇਰੇ ਜ਼ਿਆਦਾ ਮੱਛੀ ਫੜ੍ਹਨ ਲਈ ਮਦੁਰਈ ਦੇ ਜਵਾਹਰਲਾਲਪੁਰਮ ਵਿਖੇ ਵੱਡੀ ਝੀਲ ਦੇ ਨੇੜੇ-ਤੇੜੇ ਘੁੰਮਦੇ ਰਹਿੰਦੇ ਹਨ

They cast their fishing nets and get into the deeper end of the lake
PHOTO • M. Palani Kumar

ਉਹ ਝੀਲ ਵਿੱਚ ਡੂੰਘਾਈ ਵਿੱਚ ਲੱਥ ਕੇ ਮੱਛੀ ਫੜ੍ਹਨ ਲਈ ਜਾਲ਼ ਪਾਉਂਦੇ ਹਨ

Fishermen agitate the deeper waters in an attempt to trap more catch
PHOTO • M. Palani Kumar

ਜ਼ਿਆਦਾ ਮੱਛੀਆਂ ਫਸਾਉਣ ਦੀ ਕੋਸ਼ਿਸ਼ ਵਿੱਚ ਮਛੇਰੇ ਡੂੰਘੇ ਪਾਣੀ ਵਿੱਚ ਹਲਚਲ ਜਿਹੀ ਪੈਦਾ ਕਰਦੇ ਹਨ

Fishermen hauling nets out of water in the big lake in Jawaharlalpuram. Mokka (extreme left), says there are stones and thorns in the lake bed. 'If pricked by a thorn, we won't be able to even walk properly so we have to be very careful when throwing the nets'
PHOTO • M. Palani Kumar

ਜਵਾਹਰਲਾਲਪੁਰਮ ਦੀ ਵੱਡੀ ਝੀਲ ਵਿੱਚ ਪਾਣੀ ' ਚੋਂ ਜਾਲ਼ ਖਿੱਚਦੇ ਮਛੇਰੇ। ਮੋਕਾ (ਐਨ ਖੱਬੇ) ਕਹਿੰਦੇ ਹਨ ਕਿ ਝੀਲ ਦੇ ਤਲ਼ੇ ਵਿੱਚ ਪੱਥਰ ਕੇ ਕੰਡੇ ਹਨ। ' ਜੇ ਕੰਡਾ ਚੁੱਭ ਗਿਆ ਤਾਂ ਚੰਗੀ ਤਰ੍ਹਾਂ ਤੁਰਿਆ ਵੀ ਨਹੀਂ ਜਾਣਾ। ਇਸਲਈ ਜਾਲ਼ ਸੁੱਟਦੇ ਵੇਲ਼ੇ ਸਾਨੂੰ ਕਾਫ਼ੀ ਸਾਵਧਾਨ ਰਹਿਣਾ ਪੈਂਦਾ ਹੈ '

They drag the net towards the shore in the small lake in Kunnathur
PHOTO • M. Palani Kumar

ਕੁੰਨਾਥੁਰ ਦੀ ਛੋਟੀ ਝੀਲ ਵਿੱਚ ਜਾਲ਼ ਨੂੰ ਕੰਢੇ ਖਿੱਚਦੇ ਮਛੇਰੇ

They move their catch towards shallow waters where temporary structures have been built to collect and store fish
PHOTO • M. Palani Kumar

ਮਛੇਰੇ ਫਸੀਆਂ ਮੱਛੀਆਂ ਨੂੰ ਉੱਚੇ ਪਾਣੀਆਂ ਵੱਲ ਲਿਜਾਂਦੇ ਹਨ, ਜਿੱਥੇ ਮੱਛੀਆਂ ਨੂੰ ਇਕੱਠਾ ਕਰਨ ਤੇ ਰੋਕਣ ਲਈ ਆਰਜ਼ੀ ਢਾਂਚੇ ਬਣਾਏ ਗਏ ਹਨ

That’s a kanadi katla variety in C. Pichai’s hands (left).
PHOTO • M. Palani Kumar
Raman (right) shows off his catch of a katla
PHOTO • M. Palani Kumar

ਸੀ. ਪਿਚਈ (ਖੱਬੇ) ਨੇ ਆਪਣੇ ਹੱਥ ਵਿੱਚ ਕਨਾਡੀ ਕਤਲਾ ਮੱਛੀ ਫੜ੍ਹੀ ਹੋਈ ਹੈ। ਰਮਨ (ਸੱਜੇ) ਆਪਣੀ ਫੜ੍ਹੀ ਹੋਈ ਕਤਲਾ ਮੱਛੀ ਦਿਖਾਉਂਦੇ ਹੋਏ

M. Marudhu holding the mullu rohu kenda fish in his hand
PHOTO • M. Palani Kumar

ਐੱਮ. ਮਾਰਥੂ ਮੁੱਲੂ ਰੋਹੂ ਕੇਂਦਾ ਮੱਛੀ ਫੜ੍ਹੀ ਖੜ੍ਹੇ ਹਨ

Fish caught during the day are stored in a temporary structure called ' aapa' to keep the catch fresh until evening when it will be taken and sold at the market
PHOTO • M. Palani Kumar

ਮਛੇਰੇ ਪੂਰਾ ਦਿਨ ਫੜ੍ਹੀਆਂ ਮੱਛੀਆਂ ਨੂੰ ਤਾਜ਼ਾ ਬਣਾਈ ਰੱਖਣ ਲਈ ਆਰਜ਼ੀ ਢਾਂਚੇ ' ਆਪਾ ' ਵਿੱਚ ਇਕੱਠਾ ਕਰਦੇ ਹਨ। ਸ਼ਾਮੀਂ ਬਜ਼ਾਰ ਵੇਚਣ ਲਈ ਉਨ੍ਹਾਂ ਨੂੰ ਬਾਹਰ ਕੱਢਿਆ ਜਾਂਦਾ ਹੈ

Neer kaagam (cormorant) is one of the most commonly sighted birds in the big lake in Jawaharlalpuram
PHOTO • M. Palani Kumar

ਨੀਰ ਕਾਗਮ (ਜਲੀ ਕਾਂ) ਜਵਾਹਰਲਾਲਪੁਰਮ ਦੀ ਵੱਡੀ ਝੀਲ ' ਤੇ ਸਭ ਤੋਂ ਜ਼ਿਆਦਾ ਨਜ਼ਰੀਂ ਪੈਣ ਵਾਲ਼ੇ ਪੰਛੀਆਂ ਵਿੱਚ ਹੈ

Fishermen eating lunch as they sit on a hillock near Kunnathur lake
PHOTO • M. Palani Kumar

ਕੁੰਨਾਥੁਰ ਝੀਲ ਦੇ ਨੇੜੇ ਇੱਕ ਪਹਾੜੀ ' ਤੇ ਬੈਠੇ ਮਛੇਰੇ ਦੁਪਹਿਰ ਦਾ ਭੋਜਨ ਖਾਂਦੇ ਹੋਏ

As the fishermen head home, they tie their nets together into a bundle to make it easier for them to carry
PHOTO • M. Palani Kumar

ਘਰ ਜਾਂਦੇ ਵੇਲ਼ੇ ਮੱਛੀ ਫੜ੍ਹਨ ਵਾਲ਼ੇ ਆਪਣੇ ਜਾਲ਼ ਨੂੰ ਬੰਨ੍ਹ ਦਿੰਦੇ ਹਨ ਤਾਂਕਿ ਉਹਨੂੰ ਲਿਜਾਣਾ ਅਸਾਨ ਹੋ ਜਾਵੇ

Fishermen pushing their coracle towards the shore; it is heavy and loaded with their catch
PHOTO • M. Palani Kumar

ਮਛੇਰੇ ਆਪਣੀ ਬੇੜੀ ਨੂੰ ਕੰਡੇ ਵੱਲ ਨੂੰ ਧੱਕ ਰਹੇ ਹਨ। ਉਹ ਭਾਰੀ ਹੈ ਤੇ ਉਸ ਵਿੱਚ ਉਨ੍ਹਾਂ ਦੀਆਂ ਮੱਛੀਆਂ ਲੱਦੀਆਂ ਹਨ

They are transferring their catch from coracle to ice box to be transported for sale in other districts
PHOTO • M. Palani Kumar

ਮੱਛੀਆਂ ਨੂੰ ਦੂਜੇ ਜ਼ਿਲ੍ਹਿਆਂ ਵਿੱਚ ਵੇਚਣ ਲਿਜਾਣ ਲਈ ਮਛੇਰੇ ਉਨ੍ਹਾਂ ਨੂੰ ਬੇੜੇ ਵਿੱਚੋਂ ਕੱਢ ਕੇ ਆਈਸ-ਬਾਕਸ ਵਿੱਚ ਪਾ ਰਹੇ ਹਨ

Madurai once had almost 200 lakes but with rapid urbanisation, these water bodies on which so many livelihoods once depended, are vanishing
PHOTO • M. Palani Kumar

ਮਦੁਰਈ ਵਿੱਚ ਇੱਕ ਸਮੇਂ 200 ਦੇ ਕਰੀਬ ਝੀਲਾਂ ਸਨ, ਪਰ ਤੇਜ਼ੀ ਨਾਲ਼ ਹੋਏ ਸ਼ਹਿਰੀਕਰਨ ਕਾਰਨ ਸੈਂਕੜੇ ਲੋਕਾਂ ਦੀ ਰੋਜ਼ੀ-ਰੋਟੀ ਦੇ ਇਹ ਸਹਾਰੇ ਇਹ ਜਲਗ੍ਰਹਿ ਹੁਣ ਗਾਇਬ ਹੋ ਰਹੇ ਹਨ

Ice boxes filled with catch being loaded into the truck in Kunnathur to be taken to the market
PHOTO • M. Palani Kumar

ਕੁੰਨਾਥੁਰ ਵਿਖੇ ਮਛੇਰੇ ਮੱਛੀ ਨਾਲ਼ ਭਰੇ ਬਰਫ਼ ਦੇ ਬਕਸਿਆਂ ਨੂੰ ਬਜ਼ਾਰ ਲਿਜਾਣ ਲਈ ਟਰੱਕ ਵਿੱਚ ਲੱਦ ਰਹੇ ਹਨ

Local merchants waiting with their gunny bags to buy directly from the fishermen near the big lake in Jawaharlalpuram
PHOTO • M. Palani Kumar

ਮਛੇਰਿਆਂ ਕੋਲ਼ੋਂ ਸਿੱਧੇ ਮੱਛੀ ਖਰੀਦਣ ਵਾਸਤੇ ਆਪਣੇ ਟਾਟ ਦੇ ਬੋਰਿਆਂ ਨਾਲ਼ ਜਵਾਹਰਲਾਲਪੁਰਮ ਵਿੱਚ ਵੱਡੀ ਝੀਲ ਕੰਢੇ ਉਡੀਕ ਕਰਦੇ ਮੁਕਾਮੀ ਮੱਛੀ ਵਿਕ੍ਰੇਤਾ

As the season comes to an end and water starts drying up, fishermen pump out water left in the lake to catch korava and veral varieties
PHOTO • M. Palani Kumar

ਮੱਛੀ ਫੜ੍ਹਨ ਦਾ ਮੌਸਮ ਖ਼ਤਮ ਹੁੰਦਿਆਂ ਹੀ ਪਾਣੀ ਸੁੱਕਣ ਲੱਗਦਾ ਹੈ ਤੇ ਮਛੇਰੇ ਕੋਰਵਾ ਤੇ ਵੇਰਲ ਮੱਛੀਆਂ ਫੜ੍ਹਨ ਲਈ ਝੀਲ ਵਿੱਚ ਬਚਿਆ ਹੋਇਆ ਪਾਣੀ ਬਾਹਰ ਕੱਢ ਲੈਂਦੇ ਹਨ

Even as water dries up in Kodikulam, this small lake still has some fish
PHOTO • M. Palani Kumar

ਹਾਲਾਂਕਿ ਕੋਡਿਕੁਲਮ ਵਿੱਚ ਪਾਣੀ ਸੁੱਕ ਗਿਆ ਹੈ ਪਰ ਫਿਰ ਵੀ ਛੋਟੀ ਝੀਲ ਵਿੱਚ ਅਜੇ ਵੀ ਮੱਛੀਆਂ ਹਨ

The native uluva is the most delicious variety found in Madurai
PHOTO • M. Palani Kumar

ਦੇਸ਼ੀ ਉਲੂਵਾ ਮੱਛੀ ਮਦੁਰਈ ਵਿੱਚ ਮਿਲ਼ਣ ਵਾਲ਼ੀ ਸਭ ਤੋਂ ਸੁਆਦੀ ਮੱਛੀ ਹੈ

A family from Kallandhiri village show off their catch during the fish harvesting festival
PHOTO • M. Palani Kumar

ਕੱਲਨਧਿਰੀ ਪਿੰਡ ਦਾ ਇੱਕ ਪਰਿਵਾਰ ਤਿਓਹਾਰ ਵੇਲ਼ੇ ਆਪਣੀਆਂ ਫੜ੍ਹੀਆਂ ਹੋਈਆਂ ਮੱਛੀਆਂ ਦਿਖਾ ਰਿਹਾ ਹੈ


ਤਰਜਮਾ: ਕਮਲਜੀਤ ਕੌਰ

M. Palani Kumar

ایم پلنی کمار پیپلز آرکائیو آف رورل انڈیا کے اسٹاف فوٹوگرافر ہیں۔ وہ کام کرنے والی خواتین اور محروم طبقوں کی زندگیوں کو دستاویزی شکل دینے میں دلچسپی رکھتے ہیں۔ پلنی نے ۲۰۲۱ میں ’ایمپلیفائی گرانٹ‘ اور ۲۰۲۰ میں ’سمیُکت درشٹی اور فوٹو ساؤتھ ایشیا گرانٹ‘ حاصل کیا تھا۔ سال ۲۰۲۲ میں انہیں پہلے ’دیانیتا سنگھ-پاری ڈاکیومینٹری فوٹوگرافی ایوارڈ‘ سے نوازا گیا تھا۔ پلنی تمل زبان میں فلم ساز دویہ بھارتی کی ہدایت کاری میں، تمل ناڈو کے ہاتھ سے میلا ڈھونے والوں پر بنائی گئی دستاویزی فلم ’ککوس‘ (بیت الخلاء) کے سنیماٹوگرافر بھی تھے۔

کے ذریعہ دیگر اسٹوریز M. Palani Kumar
Photo Editor : Binaifer Bharucha

بنائیفر بھروچا، ممبئی کی ایک فری لانس فوٹوگرافر ہیں، اور پیپلز آرکائیو آف رورل انڈیا میں بطور فوٹو ایڈیٹر کام کرتی ہیں۔

کے ذریعہ دیگر اسٹوریز بنیفر بھروچا
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur