''ਇਹ ਬਾਂਸ ਗੀਤ ਸਾਡੇ ਬਜ਼ੁਰਗ ਬੜੇ ਚਿਰਾਂ ਤੋਂ ਗਾਉਂਦੇ ਆ ਰਹੇ ਹਨ,'' ਪੰਚਰਾਮ ਯਾਦਵ ਨੇ ਮੈਨੂੰ ਦੱਸਿਆ, ਜਦੋਂ ਮੱਧ ਛੱਤੀਸਗੜ੍ਹ ਦੇ ਭਿਲਾਈ ਸ਼ਹਿਰ ਵਿਖੇ ਅਯੋਜਿਤ ਲੋਕ ਸੰਗੀਤਕਾਰਾਂ ਦੇ ਸਲਾਨਾ ਮੇਲ਼ੇ ਵਿੱਚ ਮੇਰੀ ਉਨ੍ਹਾਂ ਨਾਲ਼ ਮੁਲਾਕਾਤ ਹੋਈ ਸੀ।
ਕੁਝ ਸਾਲ ਪਹਿਲਾਂ ਮਈ ਮਹੀਨੇ ਵਿੱਚ ਉਸ ਮੇਲੇ ਵਿੱਚ ਟਹਿਲਦਿਆਂ, ਗੀਤ ਗਾਉਂਦੀਆਂ ਅਵਾਜ਼ਾਂ ਨੇ ਮੈਨੂੰ ਆਪਣੇ ਵੱਲ ਖਿੱਚਿਆ। ਤਿੰਨ ਆਦਮੀ ਇੱਕ ਲੰਬੇ, ਪੂਰੀ ਤਰ੍ਹਾਂ ਸਜਾਏ ਗਏ ਵੇਲ਼ਣਾਕਾਰ ਸਾਜ, ਬਾਂਸ ਬਾਜਾ ਨੂੰ ਵਜਾ ਰਹੇ ਸਨ। ਇਹਨੂੰ ਯਾਦਵ ਜਾਤੀ ਦੇ ਇੱਕ ਓਬੀਸੀ ਉਪ-ਸਮੂਹ, ਰਾਊਤ ਦੇ ਪੁਰਸ਼ਾਂ ਦੁਆਰਾ ਮੁੱਖ ਰੂਪ ਨਾਲ਼ ਛੱਤੀਸਗੜ੍ਹ ਦੇ ਦੁਰਗ (ਜਿੱਥੇ ਭਿਲਾਈ ਸ਼ਹਿਰ ਸਥਿਤ ਹੈ), ਬਾਲੋਦ, ਧਮਤਰੀ, ਗਰਿਯਾਬੰਦ, ਕਾਂਕੇਰ ਤੇ ਮਹਾਸਮੁੰਦਰ ਜ਼ਿਲ੍ਹਿਆਂ ਵਿੱਚ ਵਜਾਇਆ ਜਾਂਦਾ ਹੈ।
ਕਰੀਬ 50 ਤੇ 60 ਸਾਲ ਦੀ ਉਮਰ ਦੇ ਤਿੰਨ ਸੰਗੀਤਕਾਰ ਜਿੱਥੇ ਇੱਕ ਪਾਸੇ ਇਸ ਸਾਜ ਨੂੰ ਵਜਾ ਰਹੇ ਸਨ, ਉੱਥੇ ਉਨ੍ਹਾਂ ਦੇ ਕੁਝ ਸਾਥੀ ਗਾਇਕ ਇਕਸਾਰ ਗੂੰਜਦੀਆਂ ਅਵਾਜ਼ਾਂ ਵਿੱਚ ਭਗਵਾਨ ਕ੍ਰਿਸ਼ਨ ਤੇ ਹੋਰ ਪ੍ਰਸਿੱਧ ਆਜੜੀਆਂ ਦੇ ਗੀਤ ਗਾ ਰਹੇ ਸਨ।
4 ਤੋਂ 5 ਫੁੱਟ ਲੰਬਾ ਬਾਂਸ ਵਾਜਾ ਪਰੰਪਰਾਗਤ ਰੂਪ ਨਾਲ਼ ਆਜੜੀਆਂ ਦਾ ਸਾਜ ਰਿਹਾ ਹੈ। ਕਲਾਕਾਰ (ਭਾਈਚਾਰੇ ਦੇ ਸਿਰਫ਼ ਪੁਰਸ਼ ਹੀ ਇਸ ਸਾਜ ਨੂੰ ਵਜਾਉਂਦੇ ਹਨ) ਆਮ ਤੌਰ 'ਤੇ ਵਾਜਾ ਖ਼ੁਦ ਬਣਾਉਂਦੇ ਹਨ, ਲੋੜ ਪੈਣ 'ਤੇ ਸਥਾਨਕ ਤਰਖਾਣ ਵੀ ਮਦਦ ਲੈ ਲੈਂਦੇ ਹਨ। ਸਹੀ ਬਾਂਸ ਨੂੰ ਚੁਣਨ ਤੋਂ ਲੈ ਕੇ ਉਹਨੂੰ ਤਿਆਰ ਕਰਨ ਤੱਕ, ਫਿਰ ਉਸ ਵਿੱਚ ਚਾਰ ਛੇਕ ਕਰਨ ਤੱਕ ਤੇ ਉੱਨ ਦੇ ਫੁੱਲਾਂ ਨਾਲ਼ ਤੇ ਰੰਗੀਨ ਕੱਪੜਿਆਂ ਨਾਲ਼ ਸਜਾਉਣ ਤੱਕ ਹਰ ਕੰਮ ਵਿੱਚ ਆਪ ਸ਼ਾਮਲ ਰਹਿੰਦੇ ਹਨ।
ਰਵਾਇਤੀ ਪੇਸ਼ਕਾਰੀ ਵਿੱਚ ਬਾਂਸ ਵਾਜਾ ਦੇ ਦੋ ਵਾਦਕਾਂ ਦੇ ਨਾਲ਼ ਇੱਕ ਕਥਾਕਾਰ ਤੇ ਇੱਕ ਰਾਗੀ ਹੁੰਦਾ ਹੈ। ਕਥਾਕਾਰ ਜਦੋਂ ਗਾਉਂਦਾ ਤੇ ਕਹਾਣੀ ਸੁਣਾਉਂਦਾ ਹੈ ਤਦ ਰਾਗੀ ਆਪਣੇ ਉਤਸਾਹ ਭਰੇ ਸ਼ਬਦਾਂ ਤੇ ਜੁਮਲਿਆਂ ਨਾਲ਼ ਸੰਗੀਤਕਾਰਾਂ ਤੇ ਕਥਾਕਾਰ-ਗਾਇਕ ਦੀ ਮਦਦ ਕਰਦਾ ਹੈ। ਪੇਸ਼ਕਾਰੀ ਤੋਂ ਪਹਿਲਾਂ ਸਰਸਵਤੀ, ਭੈਰਵ, ਮਹਾਮਾਯਾ ਤੇ ਗਣੇਸ਼ ਜਿਹੇ ਦੇਵੀ-ਦੇਵਤਿਆਂ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ, ਉਹਦੇ ਬਾਅਦ ਕਹਾਣੀ ਸੁਣਾਉਣ ਦੀ ਸ਼ੁਰੂਆਤ ਹੁੰਦੀ ਹੈ। ਕਹਾਣੀ ਦੇ ਅਧਾਰ 'ਤੇ ਇਹ ਪੇਸ਼ਕਾਰੀ ਅੱਧੇ ਘੰਟੇ ਤੋਂ ਤਿੰਨ ਘੰਟੇ ਤੱਕ ਤੇ ਰਵਾਇਤੀ ਰੂਪ ਨਾਲ਼ ਪੂਰੀ ਰਾਤ ਵੀ ਚੱਲ ਸਕਦੀ ਹੈ।
ਬਾਲੋਦ ਜ਼ਿਲ੍ਹੇ ਦੇ ਗੁੰਡਰਦੇਹੀ ਬਲਾਕ ਦੇ ਸਿਰਰੀ ਪਿੰਡ ਦੇ ਪੰਚਰਾਮ ਯਾਦਵ ਲੰਬੇ ਸਮੇਂ ਤੋਂ ਬਾਂਸ ਵਾਜਾ ਵਜਾਉਣ ਵਾਲ਼ਿਆਂ ਦੇ ਨਾਲ਼ ਉਨ੍ਹਾਂ ਦੀ ਪੇਸ਼ਕਾਰੀ ਵਿੱਚ ਹਿੱਸਾ ਲੈਂਦੇ ਰਹੇ ਹਨ। ''ਸਾਨੂੰ ਆਪਣੀ ਵਿਰਾਸਤ ਨੂੰ ਬਚਾਉਣਾ ਹੋਵੇਗਾ ਤੇ ਆਪਣੀਆਂ ਨਵੀਂਆਂ ਪੀੜ੍ਹੀਆਂ ਨੂੰ ਇਸ ਤੋਂ ਜਾਣੂ ਕਰਾਉਣਾ ਹੋਵੇਗਾ,'' ਉਹ ਕਹਿੰਦੇ ਹਨ। ਗੱਲ ਜਾਰੀ ਰੱਖਦਿਆਂ ਉਹ ਦੱਸਦੇ ਹਨ ਪਰ ਉਨ੍ਹਾਂ ਦੇ ਭਾਈਚਾਰੇ ਦੇ ਨੌਜਵਾਨ, ਜੋ ਪੜ੍ਹ-ਲਿਖ ਗਏ ਹਨ, ਇਸ ਪਰੰਪਰਾ ਵਿੱਚ ਕੋਈ ਰੁਚੀ ਨਹੀਂ ਲੈਂਦੇ ਅਤੇ ਸਿਰਫ਼ ਬਜ਼ੁਰਗ ਲੋਕ ਹੀ ਬਾਂਸ ਗੀਤ ਨੂੰ ਜਿਊਂਦੇ ਰੱਖਣ ਦਾ ਕੰਮ ਕਰਦੇ ਹਨ।
''ਅੱਜਕੱਲ੍ਹ ਦੇ ਨੌਜਵਾਨ ਇਹਨੂੰ ਪਸੰਦ ਨਹੀਂ ਕਰਦੇ,'' ਗੁਆਂਢੀ ਪਿੰਡ, ਕਨਕੋਟ ਦੇ ਸਹਦੇਵ ਯਾਦਵ ਕਹਿੰਦੇ ਹਨ। ''ਇਨ੍ਹਾਂ ਰਵਾਇਤੀ ਛੱਤੀਸਗੜ੍ਹੀ ਗੀਤਾਂ ਦੀ ਬਜਾਇ ਫ਼ਿਲਮੀ ਗੀਤਾਂ ਵਿੱਚ ਉਨ੍ਹਾਂ ਦੀ ਵਧੇਰੇ ਰੁਚੀ ਹੈ। ਬਾਂਸ ਗੀਤ ਰਾਹੀਂ, ਅਸੀਂ ਅੱਡ-ਅੱਡ ਮੌਕਿਆਂ 'ਤੇ ਰਵਾਇਤੀ ਦਾਦਰਿਆ, ਕਰਮਾ ਤੇ ਹੋਰ ਗੀਤ ਗਾਉਂਦੇ ਸਾਂ। ਲੋਕਾਂ ਦੁਆਰਾ ਪੇਸ਼ਕਾਰੀ ਲਈ ਸੱਦੇ ਦਿੱਤੇ ਜਾਣ 'ਤੇ ਅਸੀਂ ਵੱਖ-ਵੱਖ ਥਾਵਾਂ 'ਤੇ ਜਾਂਦੇ ਸਾਂ। ਪਰ ਨਵੀਂ ਪੀੜ੍ਹੀ ਇਹਦੇ ਪ੍ਰਤੀ ਉਦਾਸੀਨ ਹੈ। ਹੁਣ ਸਾਨੂੰ ਸ਼ਾਇਦ ਹੀ ਕੋਈ ਸੱਦਾ ਮਿਲ਼ਦਾ ਹੈ। ਇਸਲਈ ਅਸੀਂ ਚਾਹੁੰਦੇ ਹਾਂ ਕਿ ਸਾਡੇ ਸੰਗੀਤ ਨੂੰ ਟੈਲੀਵਿਯਮ 'ਤੇ ਹੀ ਪ੍ਰਚਾਰਤ ਕੀਤਾ ਜਾਵੇ।''
ਕਈ ਵਾਰ, ਮੰਡਲੀ ਨੂੰ ਅਜੇ ਵੀ ਕਿਸੇ ਸੱਭਿਆਚਾਰਕ ਤਿਓਹਾਰ ਮੌਕੇ ਪੇਸ਼ਕਾਰੀ ਲਈ ਸਰਕਾਰੀ ਦਫ਼ਤਰੋਂ ਜਾਂ ਯਾਦਵ ਸਮਾਜ ਦੇ ਪ੍ਰੋਗਰਾਮ ਲਈ ਕੋਈ ਟਾਂਵਾਂ-ਟਾਂਵਾਂ ਸੱਦਾ ਮਿਲ਼ ਜਾਂਦਾ ਹੈ, ਜਿਹਦੇ ਬਦਲੇ ਉਨ੍ਹਾਂ ਨੂੰ ਨਿਗੂਣੇ ਪੈਸੇ ਮਿਲ਼ਦੇ ਹਨ। ਉਨ੍ਹਾਂ ਵਿੱਚੋਂ ਕੋਈ ਵੀ ਵਾਜੇ ਤੇ ਗੀਤ ਰਾਹੀਂ ਹੋਣ ਵਾਲ਼ੀ ਆਮਦਨੀ ਸਿਰ ਨਿਰਭਰ ਹੋ ਕੇ ਨਹੀਂ ਰਹਿ ਸਕਦਾ। ਕੁਝ ਸੰਗੀਤਕਾਰਾਂ ਦੇ ਕੋਲ਼ ਛੋਟੀਆਂ ਜੋਤਾਂ ਹਨ, ਪਰ ਉਨ੍ਹਾਂ ਵਿੱਚੋਂ ਬਹੁਤੇਰੇ ਲੋਕ ਰੋਜ਼ੀਰੋਟੀ ਲਈ ਡੰਗਰ ਚਰਾਉਂਦੇ ਹਨ। ''ਜੇ ਕੋਈ ਸਾਨੂੰ ਸੱਦਾ ਦਿੰਦਾ ਹੈ ਤਾਂ ਅਸੀਂ ਉੱਥੇ ਜਾਂਦੇ ਹਾਂ, ਕਿਉਂਕਿ ਇਹ ਬਾਂਸ ਗੀਤ ਸਾਡਾ ਵਿਰਸਾ ਹੈ,'' ਪੰਚਰਾਮ ਯਾਦਵ ਕਹਿੰਦੇ ਹਨ। ''ਇਸਲਈ ਅਸੀਂ ਇਹਨੂੰ ਗਾਉਣਾ ਕਦੇ ਵੀ ਬੰਦ ਨਹੀਂ ਕਰਾਂਗੇ।''
ਤਰਜਮਾ: ਕਮਲਜੀਤ ਕੌਰ