"ਘਰੋਂ ਜਾਓ ਰੱਜ ਕੇ, ਕੰਮ ਹੋਗਾ ਗੱਜ ਕੇ (ਜੇਕਰ ਤੁਸੀਂ ਘਰੋਂ ਭਰੇ ਢਿੱਡ ਨਿਕਲ਼ਦੇ ਹੋ ਤਾਂ ਤੁਹਾਡੇ ਸਾਰੇ ਕਾਰਜ ਨੇਪਰੇ ਚੜ੍ਹ ਜਾਣਗੇ)।"

ਸ਼ਾਹਜਹਾਂਪੁਰ ਧਰਨੇ 'ਤੇ ਬੈਠੇ ਕਿਸਾਨਾਂ ਵਾਸਤੇ ਲੰਗਰ  ਚਲਾਉਣਾ ਇਹ ਭਿਲਾਵਲ ਸਿੰਘ ਦਾ ਸਧਾਰਣ ਸਿਧਾਂਤ ਹੈ। "ਇਹ ਸਰਕਾਰ ਭੁੱਖੇ ਪ੍ਰਦਰਸ਼ਨਕਾਰੀਆਂ ਨਾਲ਼ ਨਜਿੱਠਣ ਦੀ ਆਦਤ ਹੈ," ਉਹ ਪੰਜਾਬੀ ਵਿੱਚ ਆਪਣੀ ਗੱਲ ਜਾਰੀ ਰੱਖਦਾ ਹੈ। "ਆਓ ਦੇਖੀਏ ਉਹ ਰੱਜੇ ਪ੍ਰਦਰਸ਼ਨਕਾਰੀਆਂ ਨਾਲ਼ ਕਿਵੇਂ ਨਜਿੱਠਦੀ ਹੈ।"

ਰਾਜਸਥਾਨ ਦੇ ਗੰਗਾਨਗਰ ਜਿਲ੍ਹੇ ਦੇ 41 ਆਰਬੀ ਪਿੰਡ ਦੇ 30 ਸਾਲਾ ਕਿਸਾਨ ਬਿਲਾਵਲ ਅਤੇ ਉਨ੍ਹਾਂ ਦਾ ਚਚੇਰਾ ਭਰਾ, 32 ਸਾਲਾ ਰਸ਼ਵਿੰਦਰ ਸਿੰਘ, ਦਿੱਲੀ ਦੇ ਦੱਖਣ ਵਿੱਚ ਕਰੀਬ 120 ਕਿਲੋਮੀਟਰ ਦੂਰ, ਰਾਜਸਥਾਨ-ਹਰਿਆਣਾ ਸੀਮਾ 'ਤੇ ਸ਼ਾਹਜਹਾਂਪੁਰ ਵਿੱਚ ਡੇਰੇ ਲਾਈ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਹਨ।

ਇਹ ਦਿੱਲੀ ਅਤੇ ਉਹਦੇ ਆਸਪਾਸ ਦੀਆਂ ਥਾਵਾਂ ਵਿੱਚੋਂ ਇੱਕ ਹੈ ਜਿੱਥੇ ਲੱਖਾਂ ਕਿਸਾਨ ਅਤੇ ਉਨ੍ਹਾਂ ਦੇ ਕਈ ਸੰਘ, ਮੁੱਖ ਰੂਪ ਨਾਲ਼ ਹਰਿਆਣਾ, ਪੰਜਾਬ ਅਤੇ ਰਾਜਸਥਾਨ ਤੋਂ, 26 ਨਵੰਬਰ ਤੋਂ ਧਰਨਾ-ਪ੍ਰਦਰਸ਼ਨ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਦੁਆਰਾ ਇਸ ਸਾਲ ਸਤੰਬਰ ਵਿੱਚ ਪਾਸ ਹੋਏ ਤਿੰਨ ਨਵੇਂ ਖੇਤੀ ਕਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਕਰ ਰਹੇ ਹਨ।

ਇਨ੍ਹਾਂ ਕਨੂੰਨਾਂ ਨੂੰ ਸਭ ਤੋਂ ਪਹਿਲਾਂ 5 ਜੂਨ, 2020 ਨੂੰ ਆਰਡੀਨੈਂਸ ਦੇ ਰੂਪ ਵਿੱਚ ਪਾਸ ਕੀਤਾ ਗਿਆ ਸੀ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਅਤੇ ਉਸੇ ਮਹੀਨੇ ਦੀ 20 ਤਰੀਖ ਨੂੰ ਵਰਤਮਾਨ ਸਰਕਾਰ ਦੁਆਰਾ ਕਾਹਲੀ-ਕਾਹਲੀ ਵਿੱਚ ਕਨੂੰਨ ਵਿੱਚ ਬਦਲ ਦਿੱਤਾ ਗਿਆ। ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਆਜੀਵਿਕਾ ਲਈ ਤਬਾਹੀ ਦੀ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜ਼ਿਆਦਾ ਹੱਕ ਪ੍ਰਦਾਨ ਕਰਦੇ ਹਨ। ਇਹ ਘੱਟੋ-ਘੱਟ ਸਮਰਥਨ ਮੁੱਲ, ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ, ਰਾਜ ਦੁਆਰਾ ਖ਼ਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲ਼ੇ ਮੁੱਖ ਰੂਪਾਂ ਨੂੰ ਵੀ ਕਮਜ਼ੋਰ ਕਰਦੇ ਹਨ।

Bilawal Singh (left) and his cousin Rashwinder run a langar at the Shajahanpur site: 'We have enough supplies coming in. We can stay here till the 2024 elections'
PHOTO • Parth M.N.
Bilawal Singh (left) and his cousin Rashwinder run a langar at the Shajahanpur site: 'We have enough supplies coming in. We can stay here till the 2024 elections'
PHOTO • Parth M.N.

ਬਿਲਾਵਲ ਸਿੰਘ (ਖੱਬੇ) ਅਤੇ ਉਨ੍ਹਾਂ ਦਾ ਚਚੇਰਾ ਭਰਾ ਰਸ਼ਵਿੰਦਰ ਸ਼ਾਹਜਹਾਂਪੁਰ ਦੇ ਵਿਰੋਧ ਸਥਲ 'ਤੇ ਲੰਗਰ ਚਲਾਉਂਦੇ ਹਨ: 'ਸਾਡੇ ਕੋਲ਼ ਕਾਫ਼ੀ ਪੂਰਤੀ ਆ ਰਹੀ ਹੈ। ਅਸੀਂ 2024 ਦੀਆਂ ਚੋਣਾਂ ਤੱਕ ਇੱਥੇ ਰੁੱਕ ਸਕਦੇ ਹਾਂ '

ਕਿਸਾਨ ਜਿਨ੍ਹਾਂ ਤਿੰਨੋਂ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।

"ਅਸੀਂ ਇੱਥੇ ਦਸੰਬਰ ਦੇ ਤੀਸਰੇ ਹਫ਼ਤੇ ਤੋਂ ਲੰਗਰ ਚਲਾ ਰਹੇ ਹਾਂ," ਬਿਲਾਵਲ ਦੱਸਦੇ ਹਨ, ਜੋ ਦਿਨ ਵੇਲ਼ੇ ਲਈ ਬਣਾਈ ਗਈ ਕੜੀ ਅਤੇ ਪੂੜੀਆਂ ਦੇ ਵੱਡੇ ਭਾਂਡਿਆਂ ਦੇ ਕੋਲ਼ ਬੈਠੇ ਹਨ। "ਇਸ ਤੋਂ ਪਹਿਲਾਂ ਅਸੀਂ ਟੀਕਰੀ ਬਾਰਡਰ 'ਤੇ (ਪੱਛਮੀ ਦਿੱਲੀ ਵਿੱਚ) ਸਨ।"

ਬਿਲਾਵਲ ਅਤੇ ਰਸ਼ਵਿੰਦਰ ਸ਼ਾਹਜਹਾਂਪੁਰ ਉਦੋਂ ਆ ਗਏ, ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇੱਥੇ ਬਹੁਤੇ ਲੋਕਾਂ ਦੀ ਲੋੜ ਹੈ; ਟੀਕਰੀ ਅਤੇ ਸਿੰਘੂ ਜ਼ਿਆਦਾ ਵੱਡੇ ਵਿਰੋਧ ਸਥਲ ਹਨ, ਜਿੱਥੇ ਜੁਟੇ ਪ੍ਰਦਰਸ਼ਨਕਾਰੀਆਂ ਲਈ ਸਾਧਨ ਮੁਕਾਬਲਤਨ ਬੇਹਤਰ ਹਨ।

ਸ਼ਾਹਜਹਾਂਪੁਰ ਵਿੱਚ ਹੁਣ ਪੰਜ ਲੰਗਰ ਚੱਲ ਰਹੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਹੋਰਨਾਂ ਧਰਨਾ-ਸਥਲਾਂ ਤੋਂ ਇੱਥੇ ਆਏ ਹਨ। "ਖੇਤੀ ਸਾਡਾ ਧਰਮ ਹੈ," ਬਿਲਾਵਲ ਕਹਿੰਦੇ ਹਨ। "ਸਾਨੂੰ ਲੋਕਾਂ ਦਾ ਢਿੱਡ ਭਰਨਾ ਪਸੰਦ ਹੈ। ਕਿਸਾਨ ਅਤੇ ਗੁਰਦੁਆਰੇ (ਭੋਜਨ ਪਕਾਉਣ ਲਈ) ਕੱਚਾ ਮਾਲ਼ ਦਾਨ ਕਰ ਰਹੇ ਹਨ। ਸਾਡੇ ਕੋਲ਼ ਕਾਫ਼ੀ ਚੀਜ਼ਾਂ ਸਪਲਾਈ ਹੋ ਰਹੀਆਂ ਹਨ। ਅਸੀਂ 2024 ਦੀਆਂ ਚੋਣਾਂ ਤੱਕ ਇੱਥੇ ਠਹਿਰ ਸਕਦੇ ਹਾਂ।"

ਚਚੇਰਾ ਭਰਾ, ਜਿਨ੍ਹਾਂ ਵਿੱਚੋਂ ਹਰੇਕ ਦੇ ਕੋਲ਼ 40 ਏਕੜ ਜ਼ਮੀਨ ਹੈ ਅਤੇ ਉਹ ਮੁੱਖ ਰੂਪ ਨਾਲ਼ ਕਣਕ, ਚੌਲ਼, ਸਰ੍ਹੋਂ, ਛੋਲੇ ਅਤੇ ਨਰਮੇ ਦੀ ਕਾਸ਼ਤ ਕਰਦੇ ਹਨ, ਇਨ੍ਹਾਂ ਖੇਤੀ ਕਨੂੰਨਾਂ ਦੀ ਰੱਜ ਕੇ ਅਲੋਚਨਾਂ ਕਰਦੇ ਹਨ-ਉਨ੍ਹਾਂ ਨੇ ਨਾ ਸਿਰਫ਼ ਇਨ੍ਹਾਂ ਦਸਤਾਵੇਜਾਂ ਦਾ ਹੀ ਅਧਿਐਨ ਕੀਤਾ ਹੈ, ਸਗੋਂ ਉਹ ਆਪਣੇ ਤਜ਼ਰਬਿਆਂ ਸਦਕਾ ਵੀ ਬੋਲ ਰਹੇ ਹਨ। ਵਿਵਾਦਾਂ ਨਾਲ਼ ਭਰੇ ਕਨੂੰਨਾਂ ਵਿੱਚ ਠੇਕਾ ਖੇਤੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਇਕਰਾਰਨਾਮੇ ਵਿੱਚ ਪੈਰ ਪਾਉਣ ਵਾਲ਼ੇ ਵੱਡੇ ਕਾਰਪੋਰੇਟਾਂ ਦੀ ਰੱਖਿਆ ਕਰਦੇ ਹਨ, ਜਦੋਂਕਿ ਕਿਸਾਨਾਂ ਦੇ ਹੱਲ ਲਈ ਇਨ੍ਹਾਂ ਅੰਦਰ ਕੋਈ ਰਸਤਾ ਨਹੀਂ ਛੱਡਿਆ ਗਿਆ ਹੈ। ਬਿਲਾਵਲ ਇਸ ਬਾਰੇ ਇੱਕ-ਦੋ ਗੱਲਾਂ ਜਾਣਦੇ ਹਨ।

One of the new laws covers contract farming and protects large corporations, leaving no redressal for farmers. Bilawal has already had this experience
PHOTO • Parth M.N.
One of the new laws covers contract farming and protects large corporations, leaving no redressal for farmers. Bilawal has already had this experience
PHOTO • Parth M.N.

ਨਵੇਂ ਕਨੂੰਨਾਂ ਵਿੱਚੋਂ ਇੱਕ ਠੇਕਾ ਖੇਤੀ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਵੱਡੇ ਕਾਰਪੋਰੇਟਾਂ ਦੀ ਰੱਖਿਆ ਕਰਦਾ ਹੈ, ਜਦੋਂਕਿ ਕਿਸਾਨਾਂ ਵਾਸਤੇ ਕੋਈ ਰਾਹ ਤੱਕ ਨਹੀਂ ਛੱਡਿਆ ਗਿਆ ਹੈ। ਬਿਲਾਵਲ ਨੂੰ ਪਹਿਲਾਂ ਹੀ ਇਹਦਾ ਤਜ਼ਰਬਾ ਹੋ ਚੁੱਕਿਆ ਹੈ।

ਨਵੰਬਰ 2019 ਵਿੱਚ ਉਨ੍ਹਾਂ ਨੇ ਜੌਂ ਦੀ ਖੇਤੀ ਕਰਨ ਲਈ ਪੇਪਿਸਕੋ ਦੇ ਨਾਲ਼ ਇੱਕ ਇਕਰਾਰਨਾਮਾ ਕੀਤਾ ਸੀ, ਅਤੇ ਫ਼ਸਲ ਉਗਾਉਣ ਲਈ ਕੰਪਨੀ ਤੋਂ ਬੀਜ਼ ਖਰੀਦੇ ਸਨ। "ਉਨ੍ਹਾਂ ਨੇ ਇਹਨੂੰ ਮੇਰੇ ਕੋਲ਼ੋਂ 1,525 ਰੁਪਏ ਪ੍ਰਤੀ ਕੁਇੰਟਲ ਵਿੱਚ ਖਰੀਦਣ ਦਾ ਵਾਅਦਾ ਕੀਤਾ ਸੀ," ਬਿਲਾਵਲ ਕਹਿੰਦੇ ਹਨ। "ਪਰ ਜਦੋਂ ਮੈਂ ਫ਼ਸਲ ਦੀ ਵਾਢੀ ਕੀਤੀ (ਅਪ੍ਰੈਲ 2020 ਦੇ ਆਸਪਾਸ) ਤਾਂ ਉਨ੍ਹਾਂ ਨੇ ਮੈਨੂੰ ਦੋ ਮਹੀਨੇ ਤੱਕ ਇੱਧਰੋਂ-ਉੱਧਰ ਭਜਾਇਆ, ਇਹ ਕਹਿੰਦਿਆਂ ਕਿ ਗੁਣਵੱਤਾ ਠੀਕ ਨਹੀਂ ਹੈ ਜਾਂ ਸਾਨੂੰ ਹੋਰ ਨਮੂਨੇ ਦੇਖਣੇ ਪੈਣਗੇ।"

ਬਿਲਾਵਲ ਦਾ ਮੰਨਣਾ ਹੈ ਕਿ ਤਾਲਾਬੰਦੀ ਕਾਰਨ ਸ਼ਰਾਬ ਦੀ ਖਪਤ ਵਿੱਚ ਗਿਰਾਵਟ ਤੋਂ ਬਾਅਦ ਕੰਪਨੀ ਨੇ ਜੌਂ ਦੇ ਭੰਡਾਰਣ ਵਿੱਚ ਕਟੌਤੀ ਕਰ ਦਿੱਤੀ। "ਤਾਂ ਪੇਪਿਸਕੋ ਆਪਣੇ ਵਾਅਦੇ ਤੋਂ ਮੁੱਕਰ ਗਈ," ਉਹ ਦੱਸਦੇ ਹਨ। ਅੰਤ ਵਿੱਚ ਬਿਲਾਵਲ ਨੂੰ ਜੂਨ 2020 ਵਿੱਚ, ਪਦਮਪੁਰ ਮੰਡੀ (ਇਸ ਤਾਲੁਕਾ ਵਿੱਚ ਉਨ੍ਹਾਂ ਦੀ ਪਿੰਡ ਹੈ) ਦੇ ਖੁੱਲ੍ਹੇ ਬਜ਼ਾਰ ਵਿੱਚ ਇਹਨੂੰ 1,100 ਰੁਪਏ ਪ੍ਰਤੀ ਕੁਵਿੰਟਲ ਵੇਚਣਾ ਪਿਆ।

ਬਿਲਾਵਲ ਨੇ ਜੌਂ ਨੂੰ ਜਿੰਨੇ ਮੁੱਲ 'ਤੇ ਵੇਚਣ ਦੀ ਉਮੀਦ ਲਾ ਰੱਖੀ ਸੀ, ਉਸ ਨਾਲ਼ੋਂ 415 ਰੁਪਏ ਪ੍ਰਤੀ ਕੁਵਿੰਟਲ ਘੱਟ 'ਤੇ 250 ਕੁਵਿੰਟਲ ਜੌਂ ਨੂੰ ਵੇਚਣ ਨਾਲ਼ ਉਨ੍ਹਾਂ ਨੂੰ 1 ਲੱਖ ਰੁਪਏ ਤੋਂ ਜ਼ਿਆਦਾ ਨੁਕਸਾਨ ਝੱਲਣਾ ਪਿਆ। "ਕਿਸੇ ਵੀ ਮਾਮਲੇ ਵਿੱਚ ਨਿਵਾਰਣ ਦੀ ਕੋਈ ਵਿਵਸਥਾ ਨਹੀਂ ਹੈ," ਉਹ ਕਹਿੰਦੇ ਹਨ। "ਇਹ ਬਿੱਲ (ਨਵਾਂ ਕਨੂੰਨ) ਇਹਨੂੰ ਹੋਰ ਵੀ ਬਦਤਰ ਬਣਾਉਂਦਾ ਹੈ।"

ਇਤਿਹਾਸ ਤੋਂ ਸਬਕ ਲੈਂਦਿਆਂ, ਰਸ਼ਵਿੰਦਰ ਕਹਿੰਦੇ ਹਨ ਕਿ ਜਦੋਂ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਨੇ 1917 ਵਿੱਚ ਬਿਹਾਰ ਦੇ ਚੰਪਾਰਣ ਵਿੱਚ ਨੀਲ਼ ਦੀ ਕਾਸ਼ਤ ਕਰਨ ਵਾਲ਼ੇ ਕਿਸਾਨਾਂ ਲਈ ਲੜਾਈ ਲੜੀ ਸੀ ਤਾਂ ਉਹ ਵੀ ਠੇਕਾ ਖੇਤੀ ਦਾ ਵਿਰੋਧ ਕਰ ਰਹੇ ਸਨ। "ਮੋਦੀ ਆਪਣੇ ਭਾਸ਼ਣਾਂ ਵਿੱਚ ਦੋਵਾਂ ਦਾ ਹਵਾਲ਼ਾ ਦਿੰਦੇ ਰਹਿੰਦੇ ਹਨ," ਉਹ ਕਹਿੰਦੇ ਹਨ।

ਰਸ਼ਵਿੰਦਰ ਦੂਸਰੇ ਸਬਕ ਦੀ ਵੀ ਗੱਲ ਕਰਦੇ ਹਨ। "ਨਿੱਜੀਕਰਨ ਤੋਂ ਬਾਅਦ ਸਿੱਖਿਆ  ਜਾਂ ਸਿਹਤ ਦਾ ਕੀ ਹੋਇਆ?" ਉਹ ਪੁੱਛਦੇ ਹਨ। "ਅੱਜ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਭਿਆਨਕ ਹੈ। ਗ੍ਰਹਿ ਮੰਤਰੀ ਜਦੋਂ ਬੀਮਾਰ ਹੁੰਦੇ ਹਨ, ਤਾਂ ਉਹ ਵੀ ਨਿੱਜੀ ਹਸਪਤਾਲ ਵਿੱਚ ਹੀ ਜਾਂਦੇ ਹਨ। ਖੇਤੀ ਦਾ ਨਿੱਜੀਕਰਨ ਕਰਕੇ, ਰਾਜ ਆਪਣੀਆਂ ਜ਼ਿੰਮੇਦਾਰੀਆਂ ਤੋਂ ਭੱਜ ਰਿਹਾ ਹੈ।"

Gurudeep Singh (in white turban), says, 'MSP [minimum support price] is very important for us. Without it, we are finished'
PHOTO • Parth M.N.
PHOTO • Parth M.N.

ਗੁਰੂਦੀਪ ਸਿੰਘ (ਚਿੱਟੀ ਪੱਗ ਵਿੱਚ) ਕਹਿੰਦੇ ਹਨ,'ਐੱਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) ਸਾਡੇ ਲਈ ਬਹੁਤ ਮਹੱਵਪੂਰਨ ਹੈ। ਇਹਦੇ ਬਿਨਾਂ, ਅਸੀਂ ਮਰ ਹੀ ਜਾਂਵਾਂਗੇ '

ਆਪਣੀ ਗੱਲ ਨੂੰ ਹੋਰ ਵਿਸਤਾਰ ਦਿੰਦਿਆਂ, ਰਸ਼ਵਿੰਦਰ ਬੋਲਿਵੀਆ ਦੇ ਜਲ ਸੰਕਟ ਦੀ ਉਦਾਹਰਣ ਦਿੰਦੇ ਹਨ, ਜਿੱਥੇ ਪਾਣੀ ਦੀ ਸਪਲਾਈ ਦੇ ਨਿੱਜੀਕਰਨ ਦੇ ਕਾਰਨ 1999-2000 ਵਿੱਚ ਦੇਸ਼ ਵਿੱਚ ਪਾਣੀ ਨੂੰ ਲੈ ਕੇ ਦੰਗੇ ਭੜਕ ਉੱਠੇ ਸਨ। "ਨਿੱਜੀਕਰਨ ਕੋਈ ਹੱਲ ਨਹੀਂ ਹੈ," ਉਹ ਕਹਿੰਦੇ ਹਨ। "ਇਸ ਸਰਕਾਰ ਦਾ ਲਗਾਤਾਰ ਇਹੀ ਕਹਿਣਾ ਹੈ ਕਿ ਕਿਸਾਨਾਂ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ। ਪਰ ਅਸੀਂ ਪੂਰੀ ਤਰ੍ਹਾਂ ਨਾਲ਼ ਜਾਣੂ ਹਾਂ। ਜੇਕਰ ਤੁਸੀਂ ਸੂਚਿਤ ਨਹੀਂ ਰਹੋਗੇ, ਤਾਂ ਇਹ ਦੁਨੀਆ ਤੁਹਾਨੂੰ ਗੁਆਚ ਜਾਵੇਗੀ।"

ਨਵੇਂ ਕਨੂੰਨਾਂ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਅਤੇ ਗੁੱਸੇ ਦੇ ਬਾਵਜੂਦ, ਸ਼ਾਹਜਹਾਂਪੁਰ ਵਿੱਚ ਰਸ਼ਵਿੰਦਰ ਅਤੇ ਬਿਲਾਵਲ ਦੇ ਲੰਗਰ ਦੇ ਆਸਪਾਸ ਦੇ ਵਿਰੋਧ ਸਥਲ 'ਤੇ, ਕਰੀਬ ਉਤਸਵ ਦਾ ਮਾਹੌਲ ਹੈ, ਜੋ ਉਨ੍ਹਾਂ ਦੀ ਇਕਜੁਟਤਾ ਦੀ ਭਾਵਨਾ ਤੋਂ  ਪ੍ਰੇਰਿਤ ਹੈ। ਕੁਝ ਕਿਸਾਨ ਜ਼ੋਰ ਨਾਲ਼ ਪੰਜਾਬੀ ਗਾਣੇ ਵਜਾਉਂਦੇ ਹੋਏ ਟਰੈਕਟਰ ਚਲਾ ਰਹੇ ਹਨ। ਹੋਰ ਲੋਕ ਪ੍ਰਧਾਨਮੰਤਰੀ ਨਰਿੰਦਰ ਮੋਦੀ ਬਾਰੇ ਪੈਰੋਡੀ ਗਾਣੇ ਗਾ ਰਹੇ ਹਨ ਅਤੇ ਨੱਚ ਰਹੇ ਹਨ। ਪਰ, ਬਿਲਾਵਲ ਕਹਿੰਦੇ ਹਨ,"ਅਸੀਂ ਆਪਣੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਗਾਉਂਦੇ ਅਤੇ ਨੱਚਦੇ ਹਾਂ। ਇੱਥੋਂ ਦੇ ਕਿਸਾਨ ਲੜਾਈ ਲੜ ਰਹੇ ਹਨ।" ਅਤੇ ਉਸ ਲੜਾਈ ਵਿੱਚ, ਰਸ਼ਵਿੰਦਰ ਕਹਿੰਦੇ ਹਨ,"ਇੱਥੇ ਵਿਰੋਧ ਕਰਨ ਵਾਲ਼ੇ ਹਰ ਲੰਘਦੇ ਦਿਨ ਦੇ ਨਾਲ਼ ਹੋਰ ਵੀ ਪੱਕੇ-ਪੈਰੀਂ ਹੁੰਦੇ ਜਾ ਰਹੇ ਹਨ।"

ਚਚੇਰੇ ਭਰਾ ਦੇ ਲੰਗਰ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ, 54 ਸਾਲਾ ਗੁਰੂਦੀਪ ਸਿੰਘ ਇੱਕ ਵੱਡੇ ਸਾਰੇ ਤਵੇ 'ਤੇ ਫੁਲਕੇ ਸੇਕ ਰਹੇ ਹਨ। ਉਹ ਵੀ ਇੱਥੇ ਥਾਂ ਬਦਲੀ ਤੋਂ ਪਹਿਲਾਂ ਟੀਕਰੀ ਵਿੱਚ ਲੰਗਰ ਚਲਾ ਰਹੇ ਸਨ। ਉਨ੍ਹਾਂ ਕੋਲ਼ ਪੰਜਾਬ ਦੇ ਫਿਰੋਜਪੁਰ ਜ਼ਿਲ੍ਹੇ ਦੀ ਮਮਦੋਤ ਤਹਿਸੀਲ ਦੇ ਅਲਫੂਕੇ ਪਿੰਡ ਵਿੱਚ 40 ਏਕੜ ਜ਼ਮੀਨ ਹੈ, ਅਤੇ ਉਹ ਕਹਿੰਦੇ ਹਨ ਕਿ ਉਹ ਤਿੰਨੋਂ ਨਵੇਂ ਕਨੂੰਨ ਕਿਸਾਨਾਂ ਵਾਸਤੇ "ਮੌਤ ਦਾ ਫ਼ੁਰਮਾਨ" ਹਨ। "ਮੈਂ ਚੌਲ਼ ਅਤੇ ਕਣਕ ਦੀ ਖੇਤੀ ਕਰਦਾ ਹਾਂ," ਉਹ ਦੱਸਦੇ ਹਨ। "ਐੱਮਐੱਸਪੀ (ਘੱਟੋਘੱਟ ਸਮਰਥਨ ਮੁੱਲ) ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਇਸਦੇ ਬਿਨਾਂ, ਅਸੀਂ ਮਰ ਜਾਵਾਂਗੇ।"

ਗੁਰੂਦੀਪ ਅੰਦੋਲਨ ਸ਼ੁਰੂ ਹੋਣ ਦੇ ਦਿਨ ਤੋਂ ਹੀ ਆਪਣੇ ਘਰੋਂ ਦੂਰ ਹਨ। "ਮੈਂ 26 ਨਵੰਬਰ ਨੂੰ ਘਰੋਂ ਚਲਾ ਗਿਆ ਸਾਂ," ਉਹ ਦੱਸਦੇ ਹਨ। "ਮੈਂ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਆਪਣੀ ਪਤਨੀ ਅਤੇ ਬੱਚਿਆਂ ਨਾਲ਼ ਨਹੀਂ ਮਿਲ਼ਿਆ ਹਾਂ। ਉਹ ਮੈਨੂੰ ਵੀਡਿਓ ਕਾਲ ਕਰਦੇ ਹਨ ਅਤੇ ਘਰ ਮੁੜਨ ਲਈ ਕਹਿੰਦੇ ਹਨ।"

ਹਾਲਾਂਕਿ, ਗੁਰੂਦੀਪ ਇਹੀ ਡਟੇ ਰਹਿਣ ਲਈ ਦ੍ਰਿੜ ਸੰਕਲਪ ਹਨ। ਜਦੋਂ ਤੱਕ ਕਨੂੰਨ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਅਸੀਂ ਇੱਥੋਂ ਹਿਲਾਂਗੇ ਤੱਕ ਨਹੀਂ। "ਮੈਂ ਉਨ੍ਹਾਂ ਤੋਂ (ਪਰਿਵਾਰ ਦੇ ਮੈਂਬਰਾਂ ਨੂੰ) ਇੱਕ ਹਾਰ ਖਰੀਦਣ ਲਈ ਕਿਹਾ ਹੈ," ਉਹ ਕਹਿੰਦੇ ਹਨ। "ਜੇਕਰ ਕਨੂੰਨ ਵਾਪਸ ਲੈ ਲਏ ਜਾਂਦੇ ਹਨ, ਤਾਂ ਪਰਤਣ ਵੇਲ਼ੇ ਉਸ ਹਾਰ ਨਾਲ਼ ਮੇਰਾ ਸੁਆਗਤ ਕਰਨ। ਜੇਕਰ ਮੈਂ ਇੱਥੇ ਮਰ ਜਾਂਦਾ  ਹਾਂ, ਤਾਂ ਇਹਨੂੰ ਮੇਰੀ ਫ਼ੋਟੋ 'ਤੇ ਪਾ ਦੇਣ।"

ਤਰਜਮਾ: ਕਮਲਜੀਤ ਕੌਰ

Parth M.N.

پارتھ ایم این ۲۰۱۷ کے پاری فیلو اور ایک آزاد صحافی ہیں جو مختلف نیوز ویب سائٹس کے لیے رپورٹنگ کرتے ہیں۔ انہیں کرکٹ اور سفر کرنا پسند ہے۔

کے ذریعہ دیگر اسٹوریز Parth M.N.
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur