ਇੱਕ ਦਿਨ ਬਾਲਾਜੀ ਹੱਟਗਾਲੇ ਕਮਾਦ ਵੱਢ ਰਹੇ ਸਨ। ਅਗਲੇ ਦਿਨ ਉਹ ਕਿਤੇ ਨਹੀਂ ਸਨ। ਉਨ੍ਹਾਂ ਦੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਬੇਟੇ ਬਾਰੇ ਹੋਰ ਕੁਝ ਪਤਾ ਲੱਗ ਪਾਉਂਦਾ। ''ਅਨਿਸ਼ਚਿਤਤਾ ਸਾਨੂੰ ਮਾਰ ਰਹੀ ਹੈ,'' ਉਨ੍ਹਾਂ ਦੇ ਪਿਤਾ, ਬਾਬਾਸਾਹੇਬ ਹੱਟਗਾਲੇ ਕਹਿੰਦੇ ਹਨ। ਜੁਲਾਈ ਦੀ ਇੱਕ ਦੁਪਹਿਰ ਜਦੋਂ ਉਹ ਗੱਲ ਕਰ ਰਹੇ ਹੁੰਦੇ ਹਨ ਤਾਂ ਬੱਦਲ ਛਾ ਰਹੇ ਹੁੰਦੇ ਹਨ, ਇੱਕ ਲਿਸ਼ਕਣਾ ਬੱਦਲ ਉਨ੍ਹਾਂ ਦੇ ਇੱਕ-ਕਮਰੇ ਦੇ ਘਰ ਉੱਪਰ ਛਾ ਜਾਂਦਾ ਹੈ, ਬਿਲਕੁਲ ਇੰਝ ਜਿਵੇਂ ਬਾਬਾਸਾਹੇਬ ਦੀ ਦੁਖ ਨਾਲ਼ ਫਟਦੀ ਅਵਾਜ਼ ਨੂੰ ਸੁਣਨ ਆਇਆ ਹੋਵੇ, ਜਦੋਂ ਉਹ ਕਹਿੰਦੇ ਹਨ: ''ਅਸੀਂ ਬੱਸ ਇਹੀ ਜਾਣਨਾ ਚਾਹੁੰਦੇ ਹਾਂ ਕਿ ਉਹ ਜਿਊਂਦਾ ਵੀ ਹੈ ਜਾਂ ਨਹੀਂ।''
ਇਹ ਨਵੰਬਰ 2020 ਦਾ ਸਮਾਂ ਸੀ ਜਦੋਂ ਬਾਬਾਸਾਹੇਬ ਅਤੇ ਉਨ੍ਹਾਂ ਦੀ ਪਤਨੀ, ਸੰਗੀਤਾ ਨੇ, ਅਖੀਰਲੀ ਵਾਰੀ ਆਪਣੇ 22 ਸਾਲਾ ਪੁੱਤਰ ਨੂੰ ਦੇਖਿਆ। ਬਾਲਾਜੀ ਨੇ ਕਰਨਾਟਕ ਦੇ ਬੇਲਾਗਾਵੀ (ਬੇਲਗਾਮ) ਜਿਲ੍ਹੇ ਦੇ ਗੰਨੇ ਦੇ ਖੇਤਾਂ ਵਿੱਚ ਕੰਮ ਕਰਨ ਖਾਤਰ ਮਹਾਰਾਸ਼ਟਰ ਦੇ ਬੀਡ ਜਿਲ੍ਹੇ ਦੇ ਕਾਦੀਵਾਡਗਾਓਂ ਪਿੰਡੋਂ ਕੂਚ ਕੀਤਾ ਸੀ।
ਉਹ ਉਨ੍ਹਾਂ ਲੱਖਾਂ ਮੌਸਮੀ ਮਜ਼ਦੂਰਾਂ ਵਿੱਚੋਂ ਇੱਕ ਸਨ ਜੋ ਮਰਾਠਵਾੜਾ ਇਲਾਕੇ ਵਿੱਚੋਂ ਸਾਲ ਦੇ ਛੇ ਮਹੀਨੇ ਪੱਛਮੀ ਮਹਾਰਾਸ਼ਟਰ ਅਤੇ ਕਰਨਾਟਕ ਗੰਨੇ ਦੀ ਕਟਾਈ ਵਾਸਤੇ ਪ੍ਰਵਾਸ ਕਰਦੇ ਰਹਿੰਦੇ ਹਨ। ਹਰੇਕ ਸਾਲ, ਨਵੰਬਰ ਵਿੱਚ ਦੀਵਾਲੀ ਤੋਂ ਬਾਅਦ ਮਜ਼ਦੂਰ ਆਪਣੇ ਪਿੰਡਾਂ ਵਿੱਚੋਂ ਰਵਾਨਾ ਹੁੰਦੇ ਹਨ ਅਤੇ ਮਾਰਚ ਅਤੇ ਅਪ੍ਰੈਲ ਵਿੱਚ ਵਾਪਸ ਮੁੜਦੇ ਹਨ। ਪਰ ਬਾਲਾਜੀ ਇਸ ਸਾਲ ਵਾਪਸ ਨਹੀਂ ਆਏ।
ਇਹ ਪਹਿਲੀ ਦਫ਼ਾ ਸੀ ਜਦੋਂ ਬਾਲਾਜੀ ਨੇ ਪਹਿਲੀ ਵਾਰ ਆਪਣਾ ਘਰ ਛੱਡਿਆ ਉਹ ਵੀ ਉਸ ਕੰਮ ਕਰਨ ਖਾਤਰ ਜੋ ਦੋ ਦਹਾਕਿਆਂ ਤੋਂ ਉਨ੍ਹਾਂ ਦੇ ਮਾਪੇ ਕਰਦੇ ਆਏ ਸਨ। ''ਮੇਰੀ ਪਤਨੀ ਅਤੇ ਮੈਂ ਕਮਾਦ ਦੀ ਵਾਢੀ ਲਈ ਪਿਛਲੇ ਵੀਹ ਸਾਲਾਂ ਤੋਂ ਪ੍ਰਵਾਸ ਕਰਦੇ ਆਏ ਹਾਂ। ਅਸੀਂ (ਇਕੱਠਿਆਂ) ਇੱਕ ਮੌਸਮ ਵਿੱਚ 60,000-70,000 ਰੁਪਏ ਤੱਕ ਕਮਾ ਲੈਂਦੇ,'' ਬਾਬਾਸਾਹੇਬ ਕਹਿੰਦੇ ਹਨ। ''ਬੱਸ ਇਹੀ ਸਾਡੀ ਪੱਕੀ ਕਮਾਈ ਦਾ ਵਸੀਲਾ ਬਣਿਆ ਹੈ। ਬੀਡ ਅੰਦਰ ਰਹਿੰਦਿਆਂ ਦਿਹਾੜੀ ਦਾ ਕੰਮ ਆਮ ਦਿਨਾਂ ਵਿੱਚ ਵੀ ਬੇਯਕੀਨੀ ਭਰਿਆ ਰਹਿੰਦਾ ਹੈ, ਕੋਵਿਡ ਤੋਂ ਬਾਅਦ ਕੰਮ ਦੀ ਹਾਲਤ ਹੋਰ ਪਤਲੀ ਹੋ ਗਈ ਹੈ।''
ਪਰਿਵਾਰ ਵਾਸਤੇ ਮਹਾਂਮਾਰੀ ਦੌਰਾਨ ਖੇਤਾਂ ਅਤੇ ਨਿਰਮਾਣ ਸਥਲਾਂ 'ਤੇ ਦਿਹਾੜੀ ਲੱਭਣਾ ਹੋਰ ਮੁਸ਼ਕਲ ਬਣ ਗਿਆ। ''ਮਾਰਚ ਤੋਂ ਨਵੰਬਰ 2020 ਤੱਕ ਅਸੀਂ ਮੁਸ਼ਕਲ ਹੀ ਇੱਕ ਨਵਾਂ ਪੈਸਾ ਕਮਾਇਆ ਹੋਵੇ,'' ਬਾਬਾਸਾਹੇਬ ਕਹਿੰਦੇ ਹਨ। ਕੋਵਿਡ-19 ਦੇ ਵਿਸਫੋਟ ਤੋਂ ਪਹਿਲਾਂ, ਉਨ੍ਹਾਂ ਮਹੀਨਿਆਂ ਵਿੱਚ ਜਦੋਂ ਉਹ ਦੋਵੇਂ ਬੀਡ ਦੀ ਵਾਡਵਾਨੀ ਤਾਲੁਕਾ ਵਿੱਚ ਪੈਂਦੇ ਆਪਣੇ ਪਿੰਡ ਮੁੜਦੇ ਰਹੇ ਸਨ ਤਾਂ ਬਾਬਾਸਾਹੇਬ ਆਮ ਤੌਰ 'ਤੇ ਹਫ਼ਤੇ ਵਿੱਚ 2-3 ਦਿਨ ਕੰਮ ਕਰ ਲਿਆ ਕਰਦੇ ਜਿਹਦੇ ਬਦਲੇ ਉਨ੍ਹਾਂ ਨੂੰ 300 ਰੁਪਏ ਦਿਹਾੜੀ ਮਿਲ਼ਦੀ ਸੀ।
ਪਿਛਲੇ ਸਾਲ ਨਵੰਬਰ ਵਿੱਚ ਜਦੋਂ ਦੋਬਾਰਾ ਪ੍ਰਵਾਸ ਕਰਨ ਦਾ ਸਮਾਂ ਆਇਆ ਤਾਂ ਬਾਬਾਸਾਹੇਬ ਅਤੇ ਸੰਗੀਤਾ ਨੇ ਘਰੇ ਹੀ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਬਾਬਾਸਾਹੇਬ ਦੀ ਬਜ਼ੁਰਗ ਮਾਂ ਬੀਮਾਰ ਸਨ ਅਤੇ ਉਨ੍ਹਾਂ ਨੂੰ ਪੂਰਾ ਸਮਾਂ ਦੇਖਭਾਲ਼ ਦੀ ਲੋੜ ਸੀ। ''ਪਰ ਸਾਨੂੰ ਜਿਊਂਦੇ ਰਹਿਣ ਲਈ ਕੁਝ ਤਾਂ ਕਰਨਾ ਹੀ ਪੈਣਾ ਸੀ,'' ਬਾਬਾਸਾਹੇਬ ਕਹਿੰਦੇ ਹਨ। ''ਇਸਲਈ ਸਾਡੀ ਜਗ੍ਹਾ ਸਾਡਾ ਬੇਟਾ ਕੰਮ ਕਰਨ ਲਈ ਚਲਾ ਗਿਆ।''
ਮਾਰਚ 2020 ਵਿੱਚ, ਦੇਸ਼ ਅੰਦਰ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਅਚਾਨਕ ਐਲਾਨੀ ਤਾਲਾਬੰਦੀ ਨੇ ਬਾਬਾਸਾਹੇਬ ਅਤੇ ਸੰਗੀਤਾ ਜਿਹੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਦੀ ਰੋਜੀਰੋਟੀ ਨੂੰ ਖਤਰੇ ਵਿੱਚ ਪਾ ਦਿੱਤਾ। ਕਈਆਂ ਨੇ ਆਪਣੀਆਂ ਨੌਕਰੀਆਂ ਤੋਂ ਹੱਥ ਧੋਤੇ ਅਤੇ ਕਈ ਦਿਹਾੜੀਆਂ ਦਾ ਕੰਮ ਵੀ ਨਾ ਲੱਭ ਸਕੇ। ਉਹ ਸਾਰੇ ਮਹੀਨਿਆਂ ਬੱਧੀ ਕਮਾਈ ਦੇ ਇੱਕ-ਇੱਕ ਰੁਪਏ ਲਈ ਸੰਘਰਸ਼ ਕਰਨ ਲੱਗੇ ਇੱਥੋਂ ਤੱਕ ਕਿ ਉਨ੍ਹਾਂ ਦਾ ਇਹ ਸੰਘਰਸ਼ ਜੂਨ ਵਿੱਚ ਵੀ ਜਾਰੀ ਰਿਹਾ ਜਦੋਂ ਤਾਲਾਬੰਦੀ ਚੁੱਕੀ ਜਾਣ ਲੱਗੀ।
ਹੱਟਗਾਲੇ ਦੇ ਪਰਿਵਾਰ ਦੀ ਹਾਲਤ ਵੀ ਕੋਈ ਵੱਖਰੀ ਨਹੀਂ ਸੀ। 2020 ਵਿੱਚ ਕੰਮ ਦੀ ਇਸੇ ਘਾਟ ਤੋਂ ਨਿਰਾਸ਼ਾ ਨੇ ਬਾਲਾਸਾਹੇਬ ਨੂੰ ਕਮਾਦ ਦੀ ਕਟਾਈ ਦਾ ਮੌਸਮ ਆਉਣ 'ਤੇ ਬੀਡ ਤੋਂ ਪ੍ਰਵਾਸ ਕਰਨ ਲਈ ਮਜ਼ਬੂਰ ਕੀਤਾ। ਓਨਾ ਚਿਰ, ਉਹ ਪਿੰਡ ਦੇ ਅੰਦਰ ਅਤੇ ਬਾਹਰ ਥੋੜ੍ਹਾ ਬਹੁਤ ਕੰਮ ਕਰਦੇ ਰਹੇ।
ਸੱਜ-ਵਿਆਹਿਆ ਉਨ੍ਹਾਂ ਦਾ ਬੇਟਾ ਕਮਾਦ ਦੀ ਕਟਾਈ ਵਾਸਤੇ ਆਪਣੀ ਪਤਨੀ ਅਤੇ ਉਹਦੇ ਮਾਪਿਆਂ ਦੇ ਨਾਲ਼ ਬੇਲਾਗਾਵੀ ਦੇ ਬਾਸਾਬਪੁਰ ਪਿੰਡ ਗਿਆ ਜੋ ਕਿ ਘਰੋਂ ਕਰੀਬ 550 ਕਿਲੋਮੀਟਰ ਦੂਰ ਹੈ। ''ਉੱਥੋਂ ਹੀ ਸਾਨੂੰ ਰੋਜ਼ ਫ਼ੋਨ ਕਰਦਾ ਰਿਹਾ ਤਾਂ ਕਿ ਅਸੀਂ ਚਿੰਤਾ ਨਾ ਕਰੀਏ,'' ਭੁੱਬਾਂ ਮਾਰਦੀ ਹੋਈ ਸੰਗੀਤਾ ਕਹਿੰਦੀ ਹਨ।
ਦਸੰਬਰ ਦੀ ਇੱਕ ਸ਼ਾਮ ਸੀ ਜਦੋਂ ਸੰਗੀਤਾ ਨੇ ਆਪਣੇ ਬੇਟੇ ਨੂੰ ਫ਼ੋਨ ਕੀਤਾ, ਉਹਦੀ ਬਜਾਇ ਉਹਦੇ ਸਹੁਰੇ ਨੇ ਫ਼ੋਨ ਚੁੱਕਿਆ। ਉਨ੍ਹਾਂ ਨੇ ਸੰਗੀਤਾ ਨੂੰ ਦੱਸਿਆ ਕਿ ਬਾਲਾਜੀ ਬਾਹਰ ਗਿਆ ਹੋਇਆ ਹੈ। ''ਜਦੋਂ ਅਸੀਂ ਬਾਅਦ ਵਿੱਚ ਉਹਨੂੰ ਫ਼ੋਨ ਕਰਨਾ ਚਾਹਿਆ ਤਾਂ ਉਹ ਬੰਦ ਆਇਆ,'' ਉਹ ਕਹਿੰਦੀ ਹਨ।
ਜਦੋਂ ਬਾਲਾ ਦਾ ਫ਼ੋਨ ਅਗਲੇ 2-3 ਦਿਨ ਵੀ ਬੰਦ ਹੀ ਰਿਹਾ ਤਾਂ ਬਾਬਾਸਾਹੇਬ ਅਤੇ ਸੰਗੀਤ ਚਿੰਤਤ ਹੋ ਉੱਠੇ। ਉਨ੍ਹਾਂ ਨੇ ਬੇਲਾਗਾਵੀ ਜਾਣ ਦਾ ਫੈਸਲਾ ਕੀਤਾ ਤਾਂ ਕਿ ਉਹ ਦੇਖ ਸਕਣ ਕਿ ਉਹ ਠੀਕ ਵੀ ਹੈ ਕਿ ਨਹੀਂ। ਪਰ ਉਨ੍ਹਾਂ ਕੋਲ਼ ਇਸ ਸਫ਼ਰ 'ਤੇ ਨਿਕਲ਼ਣ ਲਈ ਲੋੜੀਂਦੇ ਪੈਸੇ ਨਹੀਂ ਸਨ। ਉਹ ਤਾਂ ਪਹਿਲਾਂ ਹੀ ਬਾਮੁਸ਼ਕਲ ਪਰਿਵਾਰ ਦੀ ਦੋ ਡੰਗ ਰੋਟੀ ਦਾ ਗੁਜਾਰਾ ਕਰ ਰਹੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ 15 ਸਾਲਾ ਧੀ ਅਲਕਾ ਅਤੇ ਦੂਸਰਾ ਬੇਟਾ 13 ਸਾਲਾ ਤਾਨਾਜੀ ਵੀ ਸ਼ਾਮਲ ਹਨ। ਪਰਿਵਾਰ ਮਤੰਗ ਜਾਤੀ ਨਾਲ਼ ਸਬੰਧ ਰੱਖਦਾ ਹੈ ਜੋ ਕਿ ਮਹਾਰਾਸ਼ਟਰ ਦੇ ਹਾਸ਼ੀਏ ਦਾ ਦਲਿਤ ਭਾਈਚਾਰਾ ਹੈ।
ਬਾਬਾਸਾਹੇਬ ਨੇ ਨਿੱਜੀ ਸ਼ਾਹੂਕਾਰ ਪਾਸੋਂ 36 ਫੀਸਦ ਵਿਆਜ਼ ਦੀ ਦਰ 'ਤੇ 30,000 ਰੁਪਏ ਦਾ ਉਧਾਰ ਚੁੱਕਿਆ। ਬੱਸ ਕਿਸੇ ਤਰ੍ਹਾਂ ਉਨ੍ਹਾਂ ਨੇ ਆਪਣੇ ਬੇਟੇ ਨੂੰ ਦੇਖਣਾ ਹੀ ਸੀ।
ਬਾਬਾਸਾਹੇਬ ਅਤੇ ਸੰਗੀਤਾ ਨੇ ਕਿਰਾਏ 'ਤੇ ਵਾਹਨ ਲਿਆ ਅਤੇ ਬੇਲਾਗਾਵੀ ਲਈ ਨਿਕਲ਼ ਗਏ। ''ਜਦੋਂ ਅਸੀਂ ਉੱਥੇ ਪੁੱਜੇ ਤਾਂ ਉਹਦੇ ਸਹੁਰੇ ਪਰਿਵਾਰ ਦਾ ਸਾਡੇ ਪ੍ਰਤੀ ਰਵੱਈਆ ਨਾਮੁਨਾਸਬ ਸੀ। ਜਦੋਂ ਅਸੀਂ ਬਾਬਾਜੀ ਬਾਰੇ ਪੁੱਛਿਆ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ,'' ਬਾਬਾਸਾਹੇਬ ਕਹਿੰਦੇ ਹਨ। ਕੁਝ ਮਾੜਾ ਹੋਏ ਹੋਣ ਦੇ ਖ਼ਦਸ਼ੇ ਨੂੰ ਲੈ ਕੇ ਉਨ੍ਹਾਂ ਨੇ ਸਥਾਨਕ ਪੁਲਿਸ ਸਟੇਸ਼ਨ ਵਿਖੇ ਗੁੰਮਸ਼ੁਦਾ ਵਿਅਕਤੀ ਵਜੋਂ ਰਿਪੋਰਟ ਦਰਜ਼ ਕਰਵਾ ਦਿੱਤਾ। ''ਉਹ ਅਜੇ ਵੀ ਮਾਮਲੇ ਦੀ ਤਫ਼ਤੀਸ਼ ਕਰ ਰਹੇ ਹਨ।''
ਬਾਬਾਸਾਹੇਬ ਕਹਿੰਦੇ ਹਨ ਕਿ ਜੇ ਉਹ ਆਪਣੇ ਬੇਟੇ ਨੂੰ ਜਾਣ ਦੇਣ ਲਈ ਰਾਜੀ ਨਾ ਹੋਏ ਹੁੰਦੇ ਤਾਂ ਉਹ ਅੱਜ ਉਨ੍ਹਾਂ ਦੇ ਨਾਲ਼ ਹੁੰਦਾ। ''ਕੀ ਕੀਤਾ ਜਾਵੇ? ਅਸੀਂ ਪ੍ਰਵਾਸੀ ਮਜ਼ਦੂਰ ਹਾਂ। ਤਾਲਾਬੰਦੀ ਤੋਂ ਬਾਅਦ ਨੇੜਲੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੰਮ ਦੀਆਂ ਸੰਭਾਵਨਾਵਾਂ/ਮੌਕਿਆਂ ਵਿੱਚ ਖੜ੍ਹੋਤ ਆ ਗਈ ਹੈ।'' ਗੰਨੇ ਦੀ ਕਟਾਈ ਹੀ ਸਾਡੇ ਸਾਹਮਣੇ ਇਕਲੌਤਾ ਵਿਕਲਪ ਬੱਚਦਾ ਹੈ, ਉਹ ਅੱਗੇ ਕਹਿੰਦੇ ਹਨ। ''ਜੇਕਰ ਮੈਨੂੰ ਨੇੜੇ-ਤੇੜੇ ਕੰਮ ਲੱਭੇ ਜਾਣ ਦਾ ਭਰੋਸਾ ਹੁੰਦਾ ਤਾਂ ਮੈਂ ਆਪਣੇ ਬੇਟੇ ਨੂੰ ਘਰੇ ਹੀ ਰੁਕਣ ਲਈ ਕਹਿਣਾ ਸੀ।''
ਲੰਬੇ ਸਮੇਂ ਤੋਂ ਖੇਤੀ ਸੰਕਟ ਦੇ ਚੱਲਦਿਆਂ ਅਤੇ ਹੁਣ ਜਲਵਾਯੂ ਪਰਿਵਰਤਨ ਦੇ ਕਾਰਨ ਰੋਜ਼ੀਰੋਟੀ ਦੇ ਮੌਕਿਆਂ ਵਿੱਚ ਆਈ ਘਾਟ ਨੇ ਬੀਡ ਦੇ ਲੋਕਾਂ ਨੂੰ ਕੰਮ ਖਾਤਰ ਪਲਾਇਨ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਕਮਾਦ ਦੇ ਖੇਤਾਂ ਵਿੱਚ ਕੰਮ ਕਰਨ ਤੋਂ ਛੁੱਟ ਵੀ ਕਈ ਲੋਕਾਂ ਨੇ ਮੁੰਬਈ, ਪੂਨੇ ਅਤੇ ਔਰੰਗਾਬਾਦ ਜਿਹੇ ਸ਼ਹਿਰਾਂ ਵਿੱਚ ਪ੍ਰਵਾਸ ਕੀਤਾ ਹੈ ਅਤੇ ਉੱਤੇ ਬਤੌਰ ਮਜ਼ਦੂਰ, ਡਰਾਈਵਰ, ਸੁਰੱਖਿਆ ਗਾਰਡ ਅਤੇ ਘਰੇਲੂ ਨੌਕਰਾਂ ਕਰਦੇ ਰਹੇ ਹਨ।
ਪਿਛਲੇ ਸਾਲ ਦੇਸ਼ਵਿਆਹੀ ਤਾਲਾਬੰਦੀ ਤੋਂ ਬਾਅਦ ਉਨ੍ਹਾਂ ਨੇ ਘਰ ਵਾਪਸੀ ਦੀਆਂ ਜੋ ਵਹੀਰਾਂ ਘੱਤੀਆਂ ਉਹ ਦੇਸ਼ ਨੇ ਪਹਿਲਾਂ ਕਦੇ ਨਹੀਂ ਦੇਖੀਆਂ- ਇਹ ਵਰਤਾਰਾ ਕਰੀਬ ਦੋ ਮਹੀਨੇ ਚੱਲਿਆ। ਭੁੱਖੇ, ਪਿਆਸੇ ਅਤੇ ਥੱਕੇ-ਟੁੱਟੇ ਮਜ਼ਦੂਰਾਂ ਨੇ ਆਪੋ-ਆਪਣੇ ਘਰਾਂ ਤੱਕ ਪੁੱਜਣ ਲਈ ਜਾਨਲੇਵਾ ਲੰਬਾ ਪੈਂਡਾ ਤੈਅ ਕੀਤਾ। ਕੁਝ ਤਾਂ ਹੀ ਭੁੱਖ, ਪਿਆਸ, ਥਕਾਵਟ ਅਤੇ ਸਦਮੇ ਦੀ ਮਾਰ ਨਾ ਝੱਲ ਸਕੇ ਅਤੇ ਅਧਵਾਟੇ ਹੀ ਮਰ ਗਏ। ਭਾਵੇਂ ਕਿ ਘਰ ਵਾਪਸੀ ਦੇ ਉਨ੍ਹਾਂ ਦੇ ਇਸ ਸਫ਼ਰ ਨੂੰ ਮੀਡਿਆ ਨੇ ਵਿਆਪਕ ਪੱਧਰ 'ਤੇ ਰਿਪੋਰਟ ਕੀਤਾ ਪਰ ਪਿਛਲੇ ਡੇਢ ਸਾਲ ਤੋਂ ਉਨ੍ਹਾਂ ਨੇ ਇਸ ਸਭ ਦਾ ਕਿਵੇਂ ਮੁਕਾਬਲਾ ਕੀਤਾ ਇਸ ਬਾਰੇ ਰਿਪੋਰਟਿੰਗ ਗਾਇਬ ਹੈ।
ਪਿਛਲੇ ਸਾਲ ਮਈ ਦੀ ਗੱਲ ਹੈ ਜਦੋਂ 50 ਸਾਲਾ ਸੰਜੀਵਨੀ ਸ਼ਾਲਵੇ ਆਪਣੇ ਪਰਿਵਾਰ ਦੇ ਨਾਲ਼ ਆਪਣੇ ਘਰ ਵਾਪਸ ਪਰਤੀ, ਜੋ ਕਿ ਬੀਡ ਦਾ ਰਾਜੌਰੀ ਘੋਡਕਾ ਪਿੰਡ ਵਿੱਚ ਹੈ ਅਤੇ ਪੂਨੇ ਤੋਂ ਕਰੀਬ 250 ਕਿਲੋਮੀਟਰ ਦੂਰ ਹੈ। ''ਅਸੀਂ ਜਿਵੇਂ ਕਿਵੇਂ ਇੱਕ ਮਹੀਨਾ ਗੁਜਾਰਿਆ। ਪਰ ਛੇਤੀ ਹੀ ਸਾਨੂੰ ਅਹਿਸਾਸ ਹੋ ਗਿਆ ਕਿ ਚੀਜਾਂ ਨੂੰ ਦੋਬਾਰਾ ਆਪੋ-ਆਪਣੀ ਥਾਂ 'ਤੇ ਆਉਂਦੇ ਆਉਂਦੇ ਥੋੜ੍ਹਾ ਸਮਾਂ ਤਾਂ ਲੱਗਣਾ ਹੀ ਹੈ, ਇਸਲਈ ਅਸੀਂ ਟੈਂਪੂ ਕਿਰਾਏ 'ਤੇ ਲਿਆ ਅਤੇ ਵਾਪਸ ਆ ਗਏ,'' ਸੰਜੀਵਨੀ ਕਹਿੰਦੀ ਹਨ। ਉਹ ਪੂਨੇ ਵਿੱਚ ਘਰਾਂ ਵਿੱਚ ਕੰਮ ਕਰਕੇ ਮਹੀਨੇ ਦਾ 5,000 ਰੁਪਏ ਕਮਾਉਂਦੀ ਸਨ। ਉਨ੍ਹਾਂ ਦੇ ਦੋ ਬੇਟੇ, ਅਸ਼ੋਕ ਉਮਰ 30 ਸਾਲ ਅਤੇ ਅਮਰ ਉਮਰ 26 ਸਾਲ ਅਤੇ ਧੀ ਭਾਗਿਆਸ਼੍ਰੀ ਉਮਰ 33 ਸਾਲ, ਸ਼ਹਿਰ ਵਿੱਚ ਦਿਹਾੜੀ ਮਜ਼ਦੂਰੀ ਕਰਿਆ ਕਰਦੇ ਸਨ। ਉਹ ਸਾਰੇ ਵੀ ਸੰਜੀਵਨੀ ਦੇ ਨਾਲ਼ ਹੀ ਵਾਪਸ ਮੁੜ ਆਏ। ਉਦੋਂ ਤੋਂ ਹੀ ਇਹ ਪਰਿਵਾਰ ਜੋ ਨਵ ਬੌਧਾ (ਬੀਤੇ ਸਮੇਂ ਦੇ ਦਲਿਤ) ਭਾਈਚਾਰੇ ਨਾਲ਼ ਸਬੰਧ ਰੱਖਦਾ ਹੈ, ਕੰਮ ਦੀ ਭਾਲ਼ ਵਿੱਚ ਸੰਘਰਸ਼ ਕਰਦਾ ਰਿਹਾ ਹੈ।
ਭਾਗਿਆਸ਼੍ਰੀ ਹਾਲੀਆ ਸਮੇਂ ਪੂਨੇ ਵਾਪਸ ਚਲੀ ਗਈ ਹਨ, ਪਰ ਉਨ੍ਹਾਂ ਦੇ ਭਰਾਵਾਂ ਨੇ ਬੀਡ ਵਿੱਚ ਹੀ ਰਹਿਣ ਨੂੰ ਚੁਣਿਆ। ''ਅਸੀਂ ਸ਼ਹਿਰ ਮੁੜਨਾ ਨਹੀਂ ਚਾਹੁੰਦੇ। ਭਾਗਿਆਸ਼੍ਰੀ ਕੁਝ ਮਜ਼ਬੂਰੀਆਂ ਦੇ ਕਰਕੇ (ਉਹਦੇ ਬੇਟੇ ਦੇ ਸਕੂਲ) ਵਾਪਸ ਗਈ ਹਨ। ਪਰ ਉਨ੍ਹਾਂ ਨੂੰ ਸੌਖਿਆਂ ਹੀ ਕੰਮ ਨਹੀਂ ਲੱਭ ਰਿਹਾ। ਸ਼ਹਿਰ ਵੀ ਹੁਣ ਪਹਿਲਾਂ ਵਾਲ਼ਾ ਸ਼ਹਿਰ ਨਹੀਂ ਰਿਹਾ,'' ਅਸ਼ੋਕ ਕਹਿੰਦੇ ਹਨ।
ਅਸ਼ੋਕ ਤਾਲਾਬੰਦੀ ਦੌਰਾਨ ਪੂਨੇ ਵਿੱਚ ਦਰਪੇਸ਼ ਆਈਆਂ ਦਿੱਕਤਾਂ ਨੂੰ ਚੇਤੇ ਕਰਦਿਆਂ ਹੀ ਡਹਿਲ ਗਏ। ''ਕੀ ਬਣੂਗਾ ਜੇਕਰ ਕੋਵਿਡ ਦੀ ਤੀਸਰੀ ਲਹਿਰ ਆ ਗਈ ਅਤੇ ਕੀ ਸਾਨੂੰ ਇਹ ਸਾਰਾ ਕੁਝ ਦੋਬਾਰਾ ਝੱਲਣਾ ਪਵੇਗਾ?'' ਉਹ ਪੁੱਛਦੇ ਹਨ। ''ਸਾਨੂੰ ਆਪਣੇ ਆਪ ਦਾ ਧਿਆਨ ਰੱਖਣਾ ਹੀ ਪੈਣਾ ਹੈ। ਕੋਈ ਨਹੀਂ ਪੁੱਛਦਾ ਕਿ ਅਸੀਂ ਭੁੱਖੇ ਹਾਂ ਜਾਂ ਪਿਆਸੇ। ਅਸੀਂ ਮਰ ਵੀ ਜਾਈਏ ਤਾਂ ਵੀ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਣ ਲੱਗਿਆ।''
ਪਿੰਡ ਦਾ ਭਾਈਚਾਰਾ ਅਸ਼ੋਕ ਅੰਦਰ ਭਰੋਸੇ ਦੀ ਭਾਵਨਾ ਨੂੰ ਮੁੜ-ਸੁਰਜੀਤ ਕਰਦਾ ਰਹਿੰਦਾ ਹੈ। ''ਇੱਥੇ ਜਿੰਨੇ ਵੀ ਲੋਕ ਹਨ ਉਹ ਉਂਗਲਾ 'ਤੇ ਗਿਣੇ ਜਾ ਸਕਦੇ ਹਨ। ਪਿੰਡ ਵਿੱਚ ਖੁੱਲ੍ਹੀ ਥਾਂ ਹੈ। ਸ਼ਹਿਰ ਅੰਦਰ ਛੋਟੇ ਜਿਹੇ ਦਮਘੋਟੂ ਘੁਰਨੇ ਵਿੱਚ ਕੈਦ ਹੋਣ ਨਾਲੋਂ ਇੱਥੇ ਰਹਿਣਾ ਕਿਤੇ ਚੰਗਾ ਹੈ।''
ਅਸ਼ੋਕ ਅਤੇ ਅਮਰ ਬੀਡ ਅੰਦਰ ਹੀ ਤਰਖਾਣ ਵਜੋਂ ਖੁਦ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ''ਕੰਮ ਲਗਾਤਾਰ ਤਾਂ ਨਹੀਂ ਮਿਲ਼ਦਾ। ਪਰ ਪਿੰਡ ਵਿੱਚ ਖਰਚੇ ਵੀ ਘੱਟ ਹੁੰਦੇ ਹਨ। ਸਾਡਾ ਗੁਜਾਰਾ ਚੱਲ ਰਿਹਾ ਹੈ,'' ਅਸ਼ੋਕ ਕਹਿੰਦੇ ਹਨ। ਹਾਲਾਂਕਿ, ਜੇ ਕੋਈ ਸੰਕਟ ਆਇਆ ਤਾਂ ਅਸੀਂ ਦਿੱਕਤ ਵਿੱਚ ਆ ਜਾਵਾਂਗੇ।''
ਹਾਲੀਆ ਸਮੇਂ ਵਿੱਚ ਕਈ ਲੋਕ ਵਾਪਸ ਸ਼ਹਿਰਾਂ ਨੂੰ ਪਰਤ ਗਏ ਹਨ, ਜੋ ਪਿਛਾਂਹ ਰਹਿ ਗਏ ਹਨ ਉਨ੍ਹਾਂ ਨੂੰ ਘੱਟ ਕੰਮ ਅਤੇ ਥੋੜ੍ਹੀ ਕਮਾਈ ਨਾਲ਼ ਗੁਜਾਰਾ ਚਲਾਉਣਾ ਪਵੇਗਾ। ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਯੋਜਨਾ (MGNREGS) ਤਹਿਤ ਜਾਰੀ ਕੀਤੇ ਗਏ ਜੌਬ ਕਾਰਡਾਂ ਵਿੱਚ ਹੋਏ ਭਾਰੀ ਵਾਧੇ ਤੋਂ ਪਤਾ ਚੱਲਦਾ ਹੈ ਕਿ ਕਿੰਨੇ ਲੋਕ ਕੰਮ ਦੀ ਤਲਾਸ਼ ਵਿੱਚ ਹਨ।
ਸਾਲ 2020-21 ਵਿੱਚ, ਮਹਾਰਾਸ਼ਟਰ ਦੇ 8.57 ਲੱਖ ਪਰਿਵਾਰਾਂ ਦੇ ਜੌਬ ਕਾਰਡਾਂ ਨੂੰ ਮਨਰੇਗਾ ਤਹਿਤ ਸ਼ਾਮਲ ਕੀਤਾ ਗਿਆ - ਜੋ ਕਿ ਬੀਤੇ ਵਿੱਤੀ ਸਾਲ 2.49 ਲੱਖ ਪਰਿਵਾਰਾਂ ਲਈ ਜਾਰੀ ਜੌਬ ਕਾਰਡਾਂ ਨਾਲ਼ੋਂ ਤਿੰਨ ਗੁਣਾ ਤੋਂ ਵੀ ਵੱਧ ਹਨ।
ਹਾਲਾਂਕਿ, ਤਾਲਾਬੰਦੀ ਤੋਂ ਬਾਅਦ, ਸਾਲ ਦੇ 100 ਦਿਨ ਕੰਮ ਮੁਹੱਈਆ ਕਰਾਉਣ ਵਾਲ਼ੀ ਯੋਜਨਾ ਤਾਂ ਅਸਫ਼ਲ ਹੋ ਗਈ। ਮਹਾਰਾਸ਼ਟਰ ਵਿੱਚ, 18.84 ਲੱਖ ਪਰਿਵਾਰ ਜਿਨ੍ਹਾਂ ਨੇ ਸਾਲ 2020-21 ਵਿੱਚ ਰੁਜ਼ਗਾਰ ਦੀ ਮੰਗ ਕੀਤੀ ਸੀ, ਉਨ੍ਹਾਂ ਵਿੱਚੋਂ ਸਿਰਫ਼ 7 ਫੀਸਦ ਭਾਵ 1.36 ਲੱਖ ਪਰਿਵਾਰਾਂ ਨੇ ਹੀ 100 ਦਿਨਾਂ ਦਾ ਕੰਮ ਪੂਰਾ ਕੀਤਾ। ਬੀਡ ਅੰਦਰ ਵੀ ਇਹੀ ਦਰ ਚੱਲਦੀ ਹੈ।
ਹਾਲੀਆ ਸਮੇਂ ਵਿੱਚ ਕਈ ਲੋਕ ਵਾਪਸ ਸ਼ਹਿਰਾਂ ਨੂੰ ਪਰਤ ਗਏ ਹਨ, ਜੋ ਪਿਛਾਂਹ ਰਹਿ ਗਏ ਹਨ ਉਨ੍ਹਾਂ ਨੂੰ ਘੱਟ ਕੰਮ ਅਤੇ ਥੋੜ੍ਹੀ ਕਮਾਈ ਨਾਲ਼ ਗੁਜਾਰਾ ਚਲਾਉਣਾ ਪਵੇਗਾ। ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਯੋਜਨਾ (MGNREGS) ਤਹਿਤ ਜਾਰੀ ਕੀਤੇ ਗਏ ਜੌਬ ਕਾਰਡਾਂ ਵਿੱਚ ਹੋਏ ਭਾਰੀ ਵਾਧੇ ਤੋਂ ਪਤਾ ਚੱਲਦਾ ਹੈ ਕਿ ਕਿੰਨੇ ਲੋਕ ਕੰਮ ਦੀ ਤਲਾਸ਼ ਵਿੱਚ ਹਨ
ਘਰ (ਪਿੰਡ) ਅੰਦਰ ਰੋਜ਼ੀਰੋਟੀ ਦੇ ਵਿਕਲਪਾਂ ਦੀ ਘਾਟ ਅਤੇ ਸ਼ਹਿਰ ਵਿੱਚ ਫਸੇ ਰਹਿਣ ਦੇ ਖ਼ਤਰੇ ਦਰਮਿਆਨ ਅੜੇ ਪ੍ਰਵਾਸੀ ਮਜ਼ਦੂਰ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਾਸ਼ੀਏ 'ਤੇ ਖੜ੍ਹੇ ਭਾਈਚਾਰਿਆਂ ਨਾਲ਼ ਸਬੰਧਤ ਹਨ- ਮਹਾਂਮਾਰੀ ਵਿੱਚ ਕਸੂਤੇ ਫਸੇ ਹਨ। ''ਅਸੀਂ ਤਾਲਾਬੰਦੀ ਤੋਂ ਇੱਕ ਮਹੀਨੇ ਬਾਅਦ ਘਰੋ-ਘਰੀਂ ਪਰਤੇ,'' 40 ਸਾਲਾ ਅਰਚਨਾ ਮੰਡਵੇ ਕਹਿੰਦੇ ਹਨ, ਜੋ ਬੀਡ ਦੀ ਮਹੇਸੇਵਾਡੀ ਪਿੰਡ ਤਾਲੁਕਾ ਵਿੱਚ ਆਪਣੀ ਝੌਂਪੜੀ ਦੀ ਚੋਂਦੀ ਛੱਤ ਹੇਠਾਂ ਬੈਠੀ ਹੋਈ ਗੱਲਾਂ ਕਰ ਰਹੀ ਹਨ। ਉਨ੍ਹਾਂ ਦੇ ਪਰਿਵਾਰ ਨੇ ਰਾਤ ਵੇਲ਼ੇ 200 ਕਿਲੋਮੀਟਰ ਤੱਕ ਦਾ ਸਫਰ ਤੈਅ ਕੀਤਾ। ''ਅਸੀਂ ਪੰਜੋ ਮੋਟਰਸਾਈਕਲ 'ਤੇ ਸਵਾਰ ਸਾਂ ਜੋ ਕਿ ਖ਼ਤਰਨਾਕ ਕੰਮ ਸੀ। ਪਰ ਸਾਨੂੰ ਇਹ ਕਰਨਾ ਹੀ ਪਿਆ,'' ਉਹ ਕਹਿੰਦੀ ਹਨ। ''ਤਾਲਾਬੰਦੀ ਤੋਂ ਬਾਅਦ ਬਿਨਾ ਕਿਸੇ ਕਮਾਈ ਦੇ ਸਾਡੀ ਹਾਲਤ ਦਿਨੋਂ-ਦਿਨ ਵਿਗੜਦੀ ਜਾ ਰਹੀ ਸੀ।''
ਅਰਚਨਾ ਅਤੇ ਚਿੰਤਾਮਨੀ, ਉਨ੍ਹਾਂ ਦੇ ਪਤੀ, ਔਰੰਗਾਬਾਦ ਸ਼ਹਿਰ ਵਿੱਚ ਆਪਣੇ ਤਿੰਨ ਬੱਚਿਆਂ- ਅਕਸ਼ੈ (18), ਵਿਸ਼ਾਲ (15) ਤੇ ਮਹੇਸ਼ (12) ਦੇ ਨਾਲ਼ ਰਹਿੰਦੇ ਸਨ। ਚਿੰਤਾਮਨੀ ਟਰੱਕ ਚਲਾਉਂਦੇ ਸਨ ਅਤੇ ਅਰਚਨਾ ਕਢਾਈ ਦਾ ਕੰਮ ਕਰਦੀ ਸਨ। ਉਹ ਜਿਵੇਂ-ਕਿਵੇਂ ਮਹੀਨੇ ਦਾ 12,000 ਰੁਪਿਆ ਕਮਾ ਲੈਂਦੇ। ''ਅਸੀਂ ਔਰੰਗਾਬਾਦ ਵਿੱਚ ਪੰਜ ਸਾਲਾਂ ਅਤੇ ਉਸ ਤੋਂ ਪਹਿਲਾਂ ਪੂਨੇ ਵਿੱਚ 10 ਸਾਲ ਤੱਕ ਰਹੇ,'' ਅਰਚਨਾ ਕਹਿੰਦੀ ਹਨ। ''ਉਹਨੇ (ਚਿੰਤਾਮਨੀ) ਹਮੇਸ਼ਾ ਬਤੌਰ ਟਰੱਕ ਡਰਾਈਵਰ ਹੀ ਕੰਮ ਕੀਤਾ।''
ਮਹੇਸੇਵਾਡੀ ਵਿੱਚ, ਚਿੰਤਾਮਨੀ ਨੂੰ ਖਾਲੀਪਣ ਸਤਾਉਣ ਲੱਗਿਆ। ''ਉਨ੍ਹਾਂ ਨੇ ਇਸ ਤੋਂ ਪਹਿਲਾਂ ਕਦੇ ਖੇਤਾਂ ਵਿੱਚ ਕੰਮ ਨਹੀਂ ਕੀਤਾ ਸੀ। ਉਨ੍ਹਾਂ ਨੇ ਕੋਸ਼ਿਸ਼ ਕੀਤੀ ਪਰ ਕਿਸੇ ਵੀ ਤਰ੍ਹਾਂ ਸਭ ਦਰੁੱਸਤ ਨਹੀਂ ਕਰ ਸਕੇ। ਮੈਂ ਵੀ ਖੇਤੀਬਾੜੀ ਦਾ ਕੰਮ ਲੱਭ ਰਹੀ ਸਾਂ। ਪਰ ਕੰਮ ਕਿਤੇ ਵੀ ਸੀ ਹੀ ਨਹੀਂ,'' ਅਰਚਨਾ ਕਹਿੰਦੀ ਹਨ।
ਬਿਨਾਂ ਕਿਸੇ ਰੁਜ਼ਗਾਰ ਦੇ ਘਰੇ ਰਹਿ ਕੇ ਦਿਨੋਂ-ਦਿਨੀਂ ਚਿੰਤਾਮਨੀ ਦੀ ਚਿੰਤਾ ਵੱਧਦੀ ਗਈ। ਉਹ ਆਪਣੇ ਬੱਚਿਆਂ ਅਤੇ ਉਨ੍ਹਾਂ ਦੀ ਪੜ੍ਹਾਈ ਨੂੰ ਲੈ ਕੇ ਵੀ ਚਿੰਤਤ ਸਨ,''ਉਨ੍ਹਾਂ ਨੂੰ ਸਭ ਫਜ਼ੂਲ ਜਾਪਣ ਲੱਗਿਆ,'' ਅਰਚਨਾ ਕਹਿੰਦੀ ਹਨ। ''ਉਨ੍ਹਾਂ ਦੀ ਮਾਲੀ ਹਾਲਤ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਸੀ ਅਤੇ ਉਹ ਕੁਝ ਵੀ ਨਹੀਂ ਕਰ ਸਕੇ। ਉਨ੍ਹਾਂ ਦਾ ਆਤਮ-ਵਿਸ਼ਵਾਸ ਟੁੱਟਣ ਲੱਗਿਆ। ਉਹ ਡਿਪਪ੍ਰੈਸ਼ਨ ਵਿੱਚ ਚਲੇ ਗਏ।''
ਪਿਛਲੇ ਸਾਲ ਜੁਲਾਈ ਦੇ ਇੱਕ ਦਿਨ, ਜਦੋਂ ਅਰਚਨਾ ਸ਼ਾਮੀਂ ਘਰ ਮੁੜੀ ਤਾਂ ਉਨ੍ਹਾਂ ਨੇ ਆਪਣੇ ਪਤੀ ਨੂੰ ਟੀਨ ਦੀ ਛੱਤ ਨਾਲ਼ ਫਾਹੇ ਲੱਗੇ ਦੇਖਿਆ। ਇੱਕ ਸਾਲ ਬੀਤ ਗਿਆ ਪਰ ਉਹ ਅਜੇ ਵੀ ਕਮਾਈ ਵਾਸਤੇ ਸੰਘਰਸ਼ ਕਰ ਰਹੀ ਹਨ। ''ਮੈਂ ਖੇਤਾਂ ਵਿੱਚ ਕੰਮ ਕਰਕੇ ਹਫ਼ਤੇ ਦੇ ਮਸਾਂ ਹੀ 800 ਰੁਪਏ ਕਮਾ ਪਾਉਂਦੀ ਹਾਂ। ਪਰ ਮੈਂ ਵਾਪਸ ਔਰੰਗਾਬਾਦ ਜਾਣ ਬਾਰੇ ਨਹੀਂ ਸੋਚ ਸਕਦੀ,'' ਉਹ ਕਹਿੰਦੀ ਹਨ। ''ਮੈਂ ਇਕੱਲੀ ਸ਼ਹਿਰ ਵਿੱਚ ਜੀ ਨਹੀਂ ਸਕਦੀ। ਜਦੋਂ ਉਹ ਮੇਰੇ ਨਾਲ਼ ਸਨ ਤਾਂ ਸਭ ਠੀਕ ਸੀ। ਪਿੰਡ ਵਿੱਚ, ਭਰੋਸਾ ਕਰਨ (ਮਦਦ ਕਰਨ ਵਾਲ਼ੇ) ਲਈ ਕਈ ਲੋਕ ਹਨ।''
ਅਰਚਨਾ ਅਤੇ ਉਨ੍ਹਾਂ ਦੇ ਬੱਚੇ ਆਪਣੀ ਝੌਂਪੜੀ ਛੱਡ ਕੇ ਕਿਤੇ ਹੋਰ ਜਾਣਾ ਚਾਹੁੰਦੇ ਹਨ। ''ਇੱਥੇ ਮੈਨੂੰ ਤੁਰਦੇ-ਫਿਰਦੇ ਹਮੇਸ਼ਾ ਉਨ੍ਹਾਂ ਦੀ ਯਾਦ ਆਉਂਦੀ ਰਹਿੰਦੀ ਹੈ,'' ਉਹ ਕਹਿੰਦੀ ਹਨ। ''ਉਸ ਦਿਨ ਘਰ ਆ ਕੇ ਮੈਂ ਜੋ ਕੁਝ ਦੇਖਿਆ ਬੱਸ ਉਸੇ ਬਾਰੇ ਸੋਚਦੀ ਰਹਿੰਦੀ ਹਾਂ।''
ਪਰ ਉਹ ਅਜੇ ਨਵਾਂ ਘਰ ਲੱਭਣ ਬਾਰੇ ਸੋਚ ਵੀ ਨਹੀਂ ਸਕਦੀ। ਉਹ ਇਸੇ ਗੱਲੋਂ ਚਿੰਤਤ ਹਨ ਕਿ ਕੀ ਸਰਕਾਰੀ ਸਕੂਲ ਵਿੱਚ ਪੜ੍ਹਦੇ ਉਨ੍ਹਾਂ ਦੇ ਬੱਚੇ ਆਪਣੀ ਪੜ੍ਹਾਈ ਜਾਰੀ ਵੀ ਰੱਖ ਪਾਉਣਗੇ ਜਾਂ ਨਹੀਂ। ''ਮੈਂ ਨਹੀਂ ਜਾਣਦੀ ਕਿ ਮੈਂ ਉਨ੍ਹਾਂ ਦੀ ਫੀਸ ਕਿਵੇਂ ਦੇਣੀ ਹੈ,'' ਉਹ ਕਹਿੰਦੀ ਹਨ।
ਅਰਚਨਾ ਦੇ ਭਰਾ ਨੇ ਤਿੰਨੋਂ ਮੁੰਡਿਆਂ ਨੂੰ ਆਨਲਾਈਨ ਕਲਾਸਾਂ ਲਾਉਣ ਵਾਸਤੇ ਸਮਾਰਟਫੋਨ ਲਿਆ ਕੇ ਦਿੱਤਾ। ''ਆਨਲਾਈਨ ਲੈਕਚਰ ਲਾਉਣਾ ਕਾਫੀ ਮੁਸ਼ਕਲ ਹੁੰਦਾ ਹੈ,'' ਅਕਸ਼ੈ ਕਹਿੰਦੇ ਹਨ ਜੋ ਕਿ 12ਵੀਂ ਜਮਾਤ ਦੇ ਵਿਦਿਆਰਥੀ ਹਨ ਅਤੇ ਜੋ ਇੰਜੀਨੀਅਰ ਬਣਨਾ ਲੋਚਦੇ ਹਨ। ''ਸਾਡੇ ਪਿੰਡ ਵਿੱਚ ਜ਼ਿਆਦਾਤਰ ਸਮੇਂ ਮੋਬਾਇਲ ਨੈਟਵਰਕ ਖਰਾਬ ਹੀ ਰਹਿੰਦਾ ਹੈ। ਮੈਂ ਆਪਣੇ ਦੋਸਤ ਦੇ ਘਰ ਜਾ ਕੇ ਉਹਦੀਆਂ ਕਿਤਾਬਾਂ ਤੋਂ ਪੜ੍ਹਾਈ ਕਰਦਾ ਹਾਂ।''
ਹਾਲਾਂਕਿ, ਜਿੱਥੇ, ਅਕਸ਼ੈ ਹਿੰਮਤ ਨਾਲ਼ ਆਪਣੇ ਪਿਤਾ ਦੀ ਆਤਮਹੱਤਿਆ ਤੋਂ ਬਾਅਦ ਵੀ ਆਪਣੀ ਪੜ੍ਹਾਈ ਵੱਲ ਧਿਆਨ ਦੇ ਰਿਹਾ ਹੈ, ਓਧਰ ਤਾਨਾਜੀ ਹੱਟਗਾਲੇ ਬਾਲਾਜੀ ਦੇ ਲਾਪਤਾ ਹੋਣ ਦੀ ਹਾਲਤ ਨੂੰ ਕਬੂਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ''ਮੈਨੂੰ ਆਪਣੇ ਭਰਾ ਦੀ ਯਾਦ ਆਉਂਦੀ ਹੈ,'' ਹੋਰ ਬੋਲਣ ਤੋਂ ਮਨ੍ਹਾ ਕਰਦਿਆਂ ਬੱਸ ਇੰਨਾ ਹੀ ਕਹਿੰਦੇ ਹਨ।
ਬਾਬਾਸਾਹੇਬ ਅਤੇ ਸੰਗੀਤ ਬਾਲਾਜੀ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਪਰ ਇਹ ਪ੍ਰਕਿਰਿਆ ਉਨ੍ਹਾਂ ਲਈ ਕੋਈ ਸੌਖੀ ਨਹੀਂ। ''ਅਸੀਂ ਬੀਡ ਦੇ ਜਿਲ੍ਹਾ ਕੁਲੈਟਕਰ ਨੂੰ ਮਿਲ਼ੇ ਅਤੇ ਉਨ੍ਹਾਂ ਅੱਗੇ ਕੋਈ ਕਦਮ ਚੁੱਕਣ ਦੀ ਫਰਿਆਦ ਕੀਤੀ,'' ਬਾਬਾਸਾਹੇਬ ਕਹਿੰਦੇ ਹਨ। ''ਸਾਡੇ ਕੋਲ਼ ਬਹੁਤ ਥੋੜ੍ਹੇ ਪੈਸੇ ਹਨ ਇਸਲਈ ਅਸੀਂ ਬਾਰ-ਬਾਰ ਬੇਲਾਗਾਵੀ (ਬੇਲਗਾਓਂ) ਨਹੀਂ ਜਾ ਸਕਦੇ।''
ਆਮ ਹਾਲਤਾਂ ਵਿੱਚ ਵੀ, ਇੱਕ ਦੱਬੇ-ਕੁਚਲੇ ਭਾਈਚਾਰੇ ਦੇ ਗਰੀਬ ਪਰਿਵਾਰ ਵਾਸਤੇ ਪੁਲਿਸ ਸ਼ਿਕਾਇਤ ਦੀ ਕਾਰਵਾਈ ਨੂੰ ਅੱਗੇ ਲਿਜਾ ਪਾਉਣਾ ਮੁਸ਼ਕਲ ਹੁੰਦਾ ਹੈ। ਪਰ ਮਹਾਂਮਾਰੀ ਨੇ ਇਸ ਹਾਲਤ ਨੂੰ ਹੋਰ ਮੁਸ਼ਕਲ ਬਣਾ ਛੱਡਿਆ ਹੈ, ਜਿੱਥੇ ਅੰਤਰਰਾਜੀ ਯਾਤਰਾ 'ਤੇ ਲੱਗੀਆਂ ਪਾਬੰਦੀਆਂ ਅਤੇ ਵਸੀਲਿਆਂ ਦੀ ਅਤੇ ਨਕਦੀ ਦੀ ਘਾਟ ਹੋਣਾ ਸ਼ਾਮਲ ਰਿਹਾ।
ਦਸੰਬਰ ਵਿੱਚ ਆਪਣੀ ਪਹਿਲੀ ਯਾਤਰਾ ਤੋਂ ਬਾਅਦ, ਬਾਬਾਸਾਹੇਬ ਅਤੇ ਸੰਗੀਤਾ ਬਾਲਾਜੀ ਦੀ ਭਾਲ਼ ਵਿੱਚ ਦੋਬਾਰਾ ਵਾਪਸ ਗਏ। ਇਸ ਵਾਰ ਯਾਤਰਾ ਬਦਲੇ ਉਨ੍ਹਾਂ ਨੇ 60,000 ਵਿੱਚ ਆਪਣੀ 10 ਭੇਡਾਂ ਵੇਚ ਦਿੱਤੀਆਂ। ''ਅਸੀਂ ਕੁੱਲ 1,300 ਕਿਲੋਮੀਟਰ ਦਾ ਸਫ਼ਰ ਕੀਤਾ,'' ਬਾਬਾਸਾਹੇਬ ਕਹਿੰਦੇ ਹਨ, ਜਿਨ੍ਹਾਂ ਨੇ ਵਾਹਨ ਦੇ ਓਡੋਮੀਟਰ ਤੋਂ ਪੂਰੀ ਦੂਰੀ ਦਾ ਪਤਾ ਲਾਇਆ। ''ਉਸ ਪੈਸੇ ਵਿੱਚੋਂ ਕੁਝ ਪੈਸਾ ਬਚਿਆ ਹੈ ਪਰ ਉਹ ਵੀ ਬਹੁਤੀ ਦੇਰ ਨਹੀਂ ਚੱਲਣਾ।''
ਨਵੰਬਰ ਵਿੱਚ ਕਮਾਦ ਦੀ ਕਟਾਈ ਦਾ ਨਵਾਂ ਸੀਜ਼ਨ ਸ਼ੁਰੂ ਹੋ ਜਾਵੇਗਾ। ਭਾਵੇਂ ਬਾਬਾਸਾਹੇਬ ਦੀ ਮਾਤਾ ਬੀਮਾਰ ਹਨ ਫਿਰ ਵੀ ਉਹ ਅਤੇ ਸੰਗੀਤਾ ਕਮਾਦ ਦੀ ਕਟਾਈ ਲਈ ਜਾਣਾ ਚਾਹੁੰਦੇ ਹਨ। ਉਨ੍ਹਾਂ ਨੂੰ ਪਰਿਵਾਰ ਦੇ ਬਚੇ ਰਹਿਣ ਲਈ ਇਹ ਸਭ ਕਰਨਾ ਪਵੇਗਾ, ਬਾਬਾਸਾਹੇਬ ਕਹਿੰਦੇ ਹਨ। ''ਸਾਨੂੰ ਆਪਣੇ ਬਾਕੀ ਬੱਚਿਆਂ ਦਾ ਧਿਆਨ ਰੱਖਣਾ ਹੀ ਪੈਣਾ ਹੈ।''
ਇਹ ਕਹਾਣੀ ਪੁਲਟੀਜ਼ਰ ਸੈਂਟਰ ਦੇ ਸਮਰਥਨ ਪ੍ਰਾਪਤ ਇੱਕ ਲੜੀ ਦਾ ਹਿੱਸਾ ਹੈ।
ਤਰਜਮਾ: ਕਮਲਜੀਤ ਕੌਰ