ਉਹ ਸਟੇਜ 'ਤੇ ਖੜ੍ਹਾ ਸੀ ਤਾਂਕਿ ਮੁਨਸ਼ੀ ਕੋਲ਼ੋਂ ਇਨਾਮ ਦੇ ਰੂਪ ਵਿੱਚ ਇੱਕ ਪੈਸੇ ਦਾ ਲਿਸ਼ਕਣਾ ਦੁੱਪੜ ਲੈ ਸਕੇ- ਮੁਨਸ਼ੀ, ਜੋ ਇੱਕ ਸੀਨੀਅਰ ਅਧਿਕਾਰੀ ਸੀ ਜਿਸ ਦੇ ਕੰਟਰੋਲ ਅਧੀਨ ਕਈ ਸਕੂਲ ਆਉਂਦੇ ਸਨ। ਗੱਲ 1939 ਦੇ ਪੰਜਾਬ ਦੀ ਸੀ ਅਤੇ ਉਹ ਮਹਿਜ਼ 11 ਸਾਲਾਂ ਦਾ ਹੀ ਸੀ ਅਤੇ ਤੀਜੀ ਜਮਾਤ ਦਾ ਵਿਦਿਆਰਥੀ ਸੀ ਜਿਹਨੇ ਟੌਪ ਕੀਤਾ ਸੀ। ਮੁਨਸ਼ੀ ਨੇ ਉਹਦੀ ਪਿੱਠ ਥਾਪੜ੍ਹੀ ਅਤੇ ਉਹਨੂੰ 'ਬਰਤਾਨੀਆ ਜ਼ਿੰਦਾਬਾਦ, ਹਿਟਲਰ ਮੁਰਦਾਬਾਦ' ਦਾ ਨਾਅਰਾ ਲਾਉਣ ਲਈ ਕਿਹਾ। ਅੱਲ੍ਹੜ ਭਗਤ ਸਿੰਘ ਆਪਣੇ ਹਮਨਾਮ ਦੀ ਮਹਾਨਤਾ ਨੂੰ ਬਰਕਾਰ ਰੱਖਦਿਆਂ ਹਿੰਮਤ ਕਰਕੇ ਦਰਸ਼ਕਾਂ ਦੇ ਸਾਹਮਣੇ ਖੜ੍ਹੇ ਹੋ ਕੇ ਚੀਕਿਆ: ''ਬਰਤਾਨੀਆ ਮੁਰਦਾਬਾਦ, ਹਿੰਦੁਸਤਾਨ ਜ਼ਿੰਦਾਬਾਦ।''
ਉਨ੍ਹਾਂ ਦੀ ਇਸ ਵਧੀਕੀ ਦੇ ਤੁਰਤ-ਫੁਰਤ ਸਿੱਟੇ ਨਿਕਲ਼ੇ। ਮੁਨਸ਼ੀ ਬਾਬੂ ਨੇ ਉਨ੍ਹਾਂ ਦਾ ਕੁਟਾਪਾ ਚਾੜ੍ਹਿਆ ਅਤੇ ਸਮੁੰਦੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਕੱਢ ਬਾਹਰ ਕੀਤਾ। ਉੱਥੇ ਮੌਜੂਦ ਬਾਕੀ ਦੇ ਵਿਦਿਆਰਥੀ ਸਦਮੇ ਵਿੱਚ ਖੜ੍ਹੇ ਬਿਟਰ-ਬਿਟਰ ਦੇਖਦੇ ਰਹੇ ਅਤੇ ਫਿਰ ਭੱਜ ਗਏ। ਸਥਾਨਕ ਸਕੂਲ ਅਥਾਰਿਟੀ, ਜਿਹਨੂੰ ਅਸੀਂ ਅੱਜਕੱਲ੍ਹ ਬਲਾਕ ਸਿੱਖਿਆ ਅਫ਼ਸਰ ਕਹਿੰਦੇ ਹਾਂ ਨੇ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਸਹਿਮਤੀ ਨਾਲ਼ ਇੱਕ ਪੱਤਰ ਜਾਰੀ ਕੀਤਾ। ਪੱਤਰ ਵਿੱਚ ਇਸ 11 ਸਾਲਾ ਲੜਕੇ ਨੂੰ 'ਖ਼ਤਰਨਾਕ' ਅਤੇ ਇੱਕ 'ਇਨਕਲਾਬੀ' ਗਰਦਾਨਦਿਆਂ ਸਕੂਲੋਂ ਕੱਢੇ ਜਾਣ ਦੀ ਪੁਸ਼ਟੀ ਕੀਤੀ ਗਈ।
ਇਸ ਸਭ ਦਾ ਸਿੱਧਾ ਮਤਲਬ ਸੀ ਕਿ ਹੁਣ ਕੋਈ ਵੀ ਸਕੂਲ ਭਗਤ ਸਿੰਘ ਝੁੱਗੀਆਂ ਨੂੰ ਸਕੂਲ ਅੰਦਰ ਦਾਖ਼ਲ ਨਹੀਂ ਹੋਣ ਦਵੇਗਾ ਅਤੇ ਜਦੋਂਕਿ ਆਸਪਾਸ ਬਹੁਤੇ ਸਕੂਲ ਸਨ ਵੀ ਨਹੀਂ। ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਕਈ ਲੋਕਾਂ ਨੇ ਅਧਿਕਾਰੀਆਂ ਕੋਲ਼ ਆਪਣਾ ਫੈਸਲਾ ਵਾਪਸ ਲਏ ਜਾਣ ਲਈ ਹਾੜੇ ਕੱਢੇ। ਇੱਕ ਅਸਰ-ਰਸੂਖਵਾਨ ਜ਼ਿਮੀਂਦਾਰ, ਗੁਲਾਮ ਮੁਸਤਫਾ ਨੇ ਵੀ ਉਹਦੇ ਹੱਕ ਵਿੱਚ ਕਈ ਕੋਸ਼ਿਸ਼ਾਂ ਕੀਤੀਆਂ। ਪਰ ਬ੍ਰਿਟਿਸ਼ ਰਾਜ ਦੇ ਝੋਲ਼ੀਚੁੱਕ ਗੁੱਸੇ ਵਿੱਚ ਸਨ। ਇੱਕ ਛੋਟੇ ਜਿਹੇ ਲੜਕੇ ਨੇ ਉਨ੍ਹਾਂ ਦੀ ਸ਼ਾਖ ਨੂੰ ਸ਼ਰਮਿੰਦਿਆਂ ਕੀਤਾ ਸੀ। ਭਗਤ ਸਿੰਘ ਝੁੱਗੀਆਂ ਆਪਣੀ ਅਸਾਧਾਰਣ ਰੰਗ-ਬਿਰੰਗੀ ਅਤੇ ਬਾਕੀ ਰਹਿੰਦੀ ਹਯਾਤੀ ਵਿੱਚ ਰਸਮੀ ਸਿੱਖਿਆ ਵੱਲ ਕਦੇ ਵੀ ਨਾ ਮੁੜੇ ।
ਪਰ ਆਪਣੀ 93ਵੇਂ ਸਾਲ ਦੀ ਉਮਰ ਵਿੱਚ ਵੀ ਉਹ ਤਕਲੀਫ਼ਦੇਹ ਅੜਚਨਾਂ ਭਰੇ ਇਸ ਸਕੂਲ ਦੇ ਰੌਸ਼ਨ ਵਿਦਿਆਰਥੀ ਸਨ ਅਤੇ ਹੁਣ ਵੀ ਹਨ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ਵਿੱਚ ਪੈਂਦੇ ਆਪਣੇ ਘਰ ਵਿਖੇ ਸਾਡੇ ਨਾਲ਼ ਗੱਲਬਾਤ ਕਰਦਿਆਂ ਉਹ ਉਸ ਡਰਾਮੇ ਦੀਆਂ ਯਾਦਾਂ ਤਾਜਾ ਹੁੰਦਿਆਂ ਹੀ ਮੁਸਕਰਾਉਂਦੇ ਹਨ। ਕੀ ਉਨ੍ਹਾਂ ਨੂੰ ਇਸ ਬਾਰੇ ਭਿਆਨਕ ਮਹਿਸੂਸ ਨਹੀਂ ਹੋਇਆ? ਖ਼ੈਰ, ਉਹ ਕਹਿੰਦੇ ਹਨ,''ਮੇਰੀ ਪ੍ਰਤਿਕਿਰਿਆ ਇਹ ਸੀ ਕਿ ਹੁਣ ਮੈਂ ਬ੍ਰਿਟਿਸ਼-ਵਿਰੋਧੀ ਸੰਘਰਸ਼ ਵਿੱਚ ਖੁੱਲ੍ਹ ਕੇ ਹਿੱਸਾ ਲੈਣ ਲਈ ਅਜ਼ਾਦ ਹਾਂ।''
ਇਹ ਕਿ ਉਹ ਹੁਣ ਅਜ਼ਾਦ ਸਨ ਫਿਰ ਵੀ ਉਹ ਅਣਵਿਚਾਰੇ ਨਾ ਰਹੇ। ਭਾਵੇਂ ਉਦੋਂ ਵੀ ਜਦੋਂ ਉਹ ਆਪਣੇ ਪਰਿਵਾਰਕ ਖੇਤ ਵਿੱਚ ਕੰਮ ਗਏ ਹੋਣ ਜਿੱਥੇ ਉਨ੍ਹਾਂ ਦੀ ਪ੍ਰਸਿੱਧੀ ਛਾ ਗਈ ਸੀ। ਪੰਜਾਬ ਦੇ ਭੂਮੀਗਤ ਇਨਕਲਾਬੀ ਦਲਾਂ ਨੇ ਉਨ੍ਹਾਂ ਨਾਲ਼ ਸੰਪਰਕ ਸਾਧਣਾ ਸ਼ੁਰੂ ਕਰ ਦਿੱਤਾ। ਕਿਰਤੀ ਪਾਰਟੀ ਵਜੋਂ ਜਾਣੀ ਜਾਂਦੀ ਇੱਕ ਪਾਰਟੀ ਵਿੱਚ ਉਹ ਸ਼ਾਮਲ ਹੋ ਗਏ ਜੋ ਕਿ ਗਦਰ ਪਾਰਟੀ ਦੀ ਇੱਕ ਸ਼ਾਖਾ ਸੀ, ਜਿਹਨੇ 1914-15 ਵਿੱਚ ਸੂਬੇ ਅੰਦਰ ਗਦਰ ਵਿਦਰੋਹ ਦਾ ਸੰਖ ਪੂਰਿਆ ਸੀ।
ਇਸ ਕਿਰਤੀ ਪਾਰਟੀ ਵਿੱਚ ਅਜਿਹੇ ਬਹੁਤ ਸਾਰੇ ਲੋਕ ਵੀ ਸ਼ਾਮਲ ਸਨ ਜੋ ਫ਼ੌਜੀ ਅਤੇ ਵਿਚਾਰਧਾਰਕ ਸਿਖਲਾਈ ਲੈਣ ਵਾਸਤੇ ਇਨਕਲਾਬੀ ਰੂਸ ਵੀ ਗਏ ਸਨ। ਉਨ੍ਹਾਂ ਨੇ ਆਪਣੀ ਪੰਜਾਬ ਵਾਪਸੀ 'ਤੇ ਦੇਖਿਆ ਕਿ ਗਦਰ ਲਹਿਰ ਤਾਂ ਕੁਚਲ ਦਿੱਤੀ ਗਈ ਸੀ, ਫਿਰ ਉਨ੍ਹਾਂ ਨੇ ਕਿਰਤੀ ਨਾਮਕ ਪ੍ਰਕਾਸ਼ਨ ਸ਼ੁਰੂ ਕੀਤਾ। ਇਸ ਵਿੱਚ ਬਤੌਰ ਪੱਤਰਕਾਰ ਆਪਣਾ ਲਾਸਾਨੀ ਯੋਗਦਾਨ ਪਾਉਣ ਵਾਲ਼ਿਆਂ ਵਿੱਚੋਂ ਇੱਕ ਦੂਸਰੇ ਮਹਾਨ ਭਗਤ ਸਿੰਘ ਵੀ ਸਨ, ਜਿਨ੍ਹਾਂ ਨੇ ਦਰਅਸਲ ਉਦੋਂ ਕਿਰਤੀ ਨੂੰ ਇਕੱਲਿਆਂ ਹੀ ਤਿੰਨ ਮਹੀਨਿਆਂ ਤੱਕ ਚਲਾਇਆ ਸੀ ਜਦੋਂ ਉਹਦੇ ਸੰਪਾਦਕ ਨਹੀਂ ਰਹੇ ਸਨ।
ਅਤੇ ਨਹੀਂ, ਝੁੱਗੀਆਂ ਦਾ ਨਾਮ ਮਹਾਨ ਭਗਤ ਸਿੰਘ ਦੇ ਨਾਮ 'ਤੇ ਨਹੀਂ ਰੱਖਿਆ ਗਿਆ ਸੀ, ਭਾਵੇਂ ''ਮੈਂ ਲੋਕਾਂ ਦੇ ਮੂੰਹੋ ਉਨ੍ਹਾਂ ਦੇ ਕਈ ਸਾਰੇ ਗੀਤ ਸੁਣਦਿਆਂ- ਸੁਣਦਿਆਂ ਹੀ ਵੱਡਾ ਹੋਇਆ ਸਾਂ।'' ਇੱਥੋਂ ਤੱਕ ਕਿ ਉਹ ਉਸ ਦੌਰ ਦੇ ਇੱਕ ਮਹਾਨ ਇਨਕਲਾਬੀ ਬਾਰੇ ਕੁਝ ਅਲਫ਼ਾਜ਼ ਵੀ ਦਹੁਰਾਉਂਦੇ ਹਨ, ਜਿਸ ਇਨਕਲਾਬੀ ਨੂੰ ਬ੍ਰਿਟਿਸ਼ ਦੁਆਰਾ 1931 ਵਿੱਚ ਫਾਹੇ ਟੰਗ ਦਿੱਤਾ ਗਿਆ ਸੀ, ਜਦੋਂ ਉਨ੍ਹਾਂ ਦਾ ਨੰਨ੍ਹਾ-ਮੁੰਨਾ ਇਹ ਹਮਨਾਮ ਮਹਿਜ਼ ਤਿੰਨ ਸਾਲਾਂ ਦਾ ਸੀ।
ਮਈ 1942 ਵਿੱਚ, ਕਿਰਤੀ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਜਾ ਰਲ਼ੀ।
ਉਨ੍ਹਾਂ ਦੇ ਸਕੂਲ-ਨਿਕਾਲ਼ੇ ਤੋਂ ਕੁਝ ਸਾਲ ਬਾਅਦ, ਅੱਲ੍ਹੜ ਭਗਤ ਸਿੰਘ ਝੁੱਗੀਆਂ, ਭੂਮੀਗਤ ਇਨਕਲਾਬੀਆਂ ਲਈ ਇੱਕ ਹਰਕਾਰਾ ਬਣ ਗਿਆ। ਆਪਣੀ ਪੰਜ ਏਕੜ ਦੀ ਪਰਿਵਾਰਕ ਜ਼ਮੀਨ 'ਤੇ ਖੇਤੀ ਕਰਨ ਦੇ ਸਮੇਂ ਦੌਰਾਨ, ''ਉਹ ਮੈਨੂੰ ਜੋ ਕੁਝ ਕਰਨ ਨੂੰ ਕਹਿੰਦੇ ਮੈਂ ਉਹ ਸਭ ਕਰਦਾ।'' ਅੱਲ੍ਹੜ ਨੌਜਵਾਨ ਹੁੰਦਿਆਂ ਹੋਇਆਂ ਵੀ ਉਨ੍ਹਾਂ ਨੂੰ ਸੌਂਪੇ ਗਏ ਕੰਮਾਂ ਵਿੱਚੋਂ ਇੱਕ ਸੀ ਰਾਤ ਦੇ ਘੋਰ ਹਨ੍ਹੇਰੇ ਵਿੱਚ 20 ਕਿਲੋਮੀਟਰ ਤੁਰਨਾ ਅਤੇ ਸਿਰਫ਼ ਇੰਨਾ ਹੀ ਨਹੀਂ ਬਲਕਿ ਆਪਣੇ ਨਾਲ ਛੋਟੀ, ਅੱਡ-ਅੱਡ ਕੀਤੀ ਅਤੇ ''ਬਹੁਤ ਜ਼ਿਆਦਾ ਭਾਰੀ'' ਪ੍ਰਿਟਿੰਗ ਪ੍ਰੈੱਸ ਨੂੰ ਦੋ ਬੋਰੀਆਂ ਵਿੱਚ ਪਾ ਕੇ ਇਨਕਲਾਬੀਆਂ ਦੇ ਖੇਮੇ ਤੱਕ ਲਿਜਾਣਾ ਵੀ ਸ਼ਾਮਲ ਹੁੰਦਾ ਸੀ। ਅਜ਼ਾਦੀ ਦੇ ਪੈਦਲ ਸਿਪਾਹੀ ਦੇ ਇਹੀ ਸਹੀ ਮਾਅਨੇ ਹੁੰਦੇ ਹਨ।
''ਦੂਸਰੇ ਸਿਰੇ ਤੋਂ ਵਾਪਸੀ ਵੇਲ਼ੇ ਵੀ
ਮੈਨੂੰ ਭੋਜਨ ਅਤੇ ਹੋਰ ਵਸਤਾਂ ਨਾਲ਼ ਭਰਿਆ ਭਾਰਾ ਝੋਲ਼ਾ ਦਿੱਤਾ ਜਾਂਦਾ ਜਿਹਨੂੰ ਚੁੱਕ ਕੇ ਓਨਾ ਹੀ
ਪੈਂਡਾ ਤੈਅ ਕਰਨਾ ਹੁੰਦਾ ਅਤੇ ਆਪਣੇ ਸਾਥੀਆਂ ਤੱਕ ਪਹੁੰਚਾਉਣਾ ਹੁੰਦਾ।'' ਉਨ੍ਹਾਂ ਦਾ ਪਰਿਵਾਰ ਵੀ ਭੂਮੀਗਤ ਲੜਾਕੂਆਂ ਨੂੰ ਭੋਜਨ ਅਤੇ ਆਸਰਾ ਮੁਹੱਈਆ ਕਰਾਉਂਦਾ।''
ਜਿਹੜੀ ਮਸ਼ੀਨ ਉਨ੍ਹਾਂ ਨੇ ਬੋਰੀਆਂ ਵਿੱਚ ਪਾ ਕੇ ਢੋਹੀ ਸੀ ਉਹਨੂੰ 'ਉਡਾਰਾ ਪ੍ਰੈੱਸ' (ਸ਼ਾਬਦਿਕ ਭਾਵ, ਊਡਾਰੂ ਪ੍ਰੈੱਸ, ਪਰ ਜਿਹਦਾ ਅਰਥ ਹੈ ਚੁੱਕਵੀਂ ਮਸ਼ੀਨ) ਕਹਿੰਦੇ ਸਨ। ਇਹ ਸਪੱਸ਼ਟ ਨਹੀਂ ਸੀ ਕਿ ਉਹ ਅੱਡ-ਅੱਡ ਕੀਤੇ ਛੋਟੇ ਟੁਕੜੇ ਸੱਚਿਓਂ ਪ੍ਰੈੱਸ ਸੀ ਜਾਂ ਕਿਸੇ ਮਸ਼ੀਨ (ਪ੍ਰੈੱਸ) ਦੇ ਅਹਿਮ ਹਿੱਸੇ ਸਨ ਜਾਂ ਸਾਇਕਲੋਸਟਾਇਲਿੰਗ (ਲਿਪੀ ਦੀ ਨਕਲ-ਉਤਾਰੂ) ਮਸ਼ੀਨ ਸੀ। ਉਨ੍ਹਾਂ ਨੂੰ ਸਿਰਫ਼ ਇੰਨਾ ਹੀ ਚੇਤਾ ਹੈ ''ਇਸ ਲੋਹੇ ਦੀ ਮਸ਼ੀਨ ਦੇ ਵੱਡੇ ਅਤੇ ਭਾਰੇ ਹਿੱਸੇ ਹੁੰਦੇ ਸਨ।'' ਉਹ ਉਸ ਕੋਰੀਅਰ (ਹਰਕਾਰੇ) ਯੁੱਗ ਵਿੱਚੋਂ ਢਲ਼ ਕੇ ਨਿਕਲਿਆ ਉਹ ਇਨਸਾਨ ਸੀ ਜੋ ਅਣਸੁਣਿਆ ਹੀ ਰਿਹਾ ਅਤੇ ਜਿਹਨੇ ਕਿਸੇ ਵੀ ਖਤਰੇ ਅਤੇ ਜੋਖਮ ਨੂੰ ਚੁੱਕਣ ਤੋਂ ਕਦੇ ਨਾਂਹ ਨਹੀਂ ਕਿਹਾ ਸੀ ਅਤੇ ਫ਼ਖਰ ਮਹਿਸੂਸ ਕਰਦਾ ਰਿਹਾ ਸੀ ਇਹ ਸੋਚ ਕਿ ਕੀ ਸਾਲਾਂਬੱਧੀ, ''ਪੁਲਿਸ ਉਨ੍ਹਾਂ (ਭੂਮੀਗਤ ਇਨਕਲਾਬੀਆਂ) ਨਾਲ਼ੋਂ ਵੱਧ ਤਾਂ ਮੇਰੇ ਤੋਂ ਡਰਦੀ ਸੀ।''
*****
ਫਿਰ ਵੰਡ ਦੀ ਹਨ੍ਹੇਰੀ ਝੁੱਲੀ।
ਇਹ ਉਹ ਸਮਾਂ ਸੀ ਜਿਸ ਦੌਰ ਦੀ ਗੱਲ ਕਰਦਿਆਂ ਭਗਤ ਸਿੰਘ ਝੁੱਗੀਆਂ ਭਾਵੁਕ ਹੋ ਜਾਂਦੇ ਹਨ। ਬਜ਼ੁਰਗ ਸੱਜਣ ਵੰਡ ਦੇ ਉਸ ਦੌਰ ਵਿੱਚ ਮੱਚੀ ਤਬਾਹੀ ਅਤੇ ਸਮੂਹਿਕ ਕਤਲਾਂ ਬਾਰੇ ਗੱਲ ਕਰਦੇ ਕਰਦੇ ਆਪਣੇ ਬੇਰੋਕ ਹੰਝੂਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ । ''ਸਰਹੱਦ ਪਾਰ ਕਰਦੇ ਅਣਗਿਣਤ ਲੋਕਾਂ ਦੇ ਕਾਫ਼ਲਿਆਂ 'ਤੇ ਅਕਸਰ ਹਮਲਾ ਕੀਤਾ ਜਾਂਦਾ ਅਤੇ ਕਤਲੋਗਾਰਤ ਮਚਾਈ ਜਾਂਦੀ। ਇੱਥੇ ਵੀ ਚੁਫੇਰੇ ਕਤਲੋਗਾਰਤ ਹੁੰਦੇ ਸਨ।''
''ਸਿੰਬਲੀ ਪਿੰਡ ਅੰਦਰ ਸਿਰਫ਼ ਚਾਰ ਕਿਲੋਮੀਟਰ ਦੂਰ,'' ਸਕੂਲੀ ਅਧਿਆਪਕ, ਲੇਖਕ ਅਤੇ ਸਥਾਨਕ ਇਤਿਹਾਸਕਾਰ ਅਜਮੇਰ ਸਿੱਧੂ ਕਹਿੰਦੇ ਹਨ,''ਤਕਰੀਬਨ 250 ਲੋਕ, ਸਾਰੇ ਦੇ ਸਾਰੇ ਮੁਸਲਮਾਨ, ਦੋ ਰਾਤਾਂ ਅਤੇ ਇੱਕ ਦਿਨ ਵਿੱਚ ਵੱਢ ਦਿੱਤੇ ਗਏ ਸਨ।'' ਸਿੱਧੂ, ਜੋ ਭਗਤ ਸਿੰਘ ਝੁੱਗੀਆਂ ਨਾਲ਼ ਸਾਡੀ ਇਸ ਇੰਟਰਵਿਊ ਦੌਰਾਨ ਸਾਡੇ ਨਾਲ਼ ਹੀ ਸਨ, ਅੱਗੇ ਕਹਿੰਦੇ ਹਨ, ''ਫਿਰ ਵੀ ਗੜਸ਼ੰਕਰ ਪੁਲਿਸ ਸਟੇਸ਼ਨ ਦੇ ਥਾਣੇਦਾਰ ਵੱਲੋਂ ਉਨ੍ਹਾਂ ਵਿੱਚੋਂ ਸਿਰਫ਼ 101 ਮੌਤਾਂ ਨੂੰ ਹੀ ਰਿਕਾਰਡ ਕੀਤਾ ਗਿਆ।''
''ਅਗਸਤ 1947 ਵਿੱਚ ਲੋਕਾਂ ਦੇ ਦੋ ਧੜੇ ਸਨ। ਇੱਕ ਧੜਾ ਮੁਸਲਮਾਨਾਂ ਨੂੰ ਮਾਰਨ ਵਾਲ਼ਾ, ਦੂਸਰਾ ਹਮਲਾਵਰਾਂ ਤੋਂ ਉਨ੍ਹਾਂ ਨੂੰ ਬਚਾਉਣ ਵਾਲ਼ਾ,'' ਭਗਤ ਸਿੰਘ ਕਹਿੰਦੇ ਹਨ।
''ਇੱਕ ਨੌਜਵਾਨ ਆਦਮੀ ਨੂੰ ਮੇਰੇ ਖੇਤ ਨੇੜੇ ਗੋਲ਼ੀ ਮਾਰ ਦਿੱਤੀ ਗਈ। ਅਸੀਂ ਮਰਨ ਵਾਲ਼ੇ ਦੇ ਉਹਦੇ ਭਰਾ ਨੂੰ ਉਹਦੇ ਦਾਹ-ਸਸਕਾਰ ਲਈ ਮਦਦ ਦੇਣੀ ਚਾਹੀ ਪਰ ਉਹ ਸਹਿਮ ਗਿਆ ਅਤੇ ਕਾਫ਼ਲੇ ਦੇ ਨਾਲ਼ ਹੀ ਅੱਗੇ ਵੱਧ ਗਿਆ। ਅਸੀਂ ਉਸ ਲਾਸ਼ ਨੂੰ ਆਪਣੇ ਖੇਤਾਂ ਵਿੱਚ ਸਾੜਿਆ। ਇਹ 15 ਅਗਸਤ ਕੋਈ ਖੁਸ਼ਨੁਮਾ ਨਹੀਂ ਸੀ,'' ਉਹ ਅੱਗੇ ਕਹਿੰਦੇ ਹਨ।
ਸਰਹੱਦ ਪਾਰ ਕਰਨ ਵਾਲ਼ਿਆਂ ਵਿੱਚੋਂ ਇੱਕ ਗੁਲਾਮ ਮੁਸਤਫਾ ਵੀ ਸਨ, ਇੱਕ ਵੱਡਾ ਜ਼ਿਮੀਂਦਾਰ, ਜਿਨ੍ਹਾਂ ਨੇ ਕਦੇ ਭਗਤ ਸਿੰਘ ਝੁੱਗੀਆਂ ਨੂੰ ਸਕੂਲ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਸੀ।
''ਹਾਲਾਂਕਿ,'' ਭਗਤ ਸਿੰਘ ਕਹਿੰਦੇ ਹਨ,''ਮੁਸਤਫਾ ਦਾ ਬੇਟਾ, ਅਬਦੁਲ ਰਹਿਮਾਨ, ਜੋ ਥੋੜ੍ਹੀ ਦੇਰ ਲਈ ਇੱਥੇ ਰੁਕੇ ਸਨ ਅਤੇ ਗੰਭੀਰ ਖਤਰੇ ਵਿੱਚ ਸਨ। ਇੱਕ ਰਾਤ ਮਲ੍ਹਕੜੇ ਜਿਹੇ ਮੇਰਾ ਪਰਿਵਾਰ ਰਹਿਮਾਨ ਨੂੰ ਆਪਣੇ ਘਰ ਲੈ ਆਇਆ। ਉਹਦੇ ਨਾਲ਼ ਇੱਕ ਘੋੜਾ ਵੀ ਸੀ।''
ਪਰ ਮੁਸਲਮਾਨਾਂ ਨੂੰ ਮਾਰ-ਮੁਕਾਉਣ ਵਾਲ਼ੀ ਭੀੜ ਨੂੰ ਇਸ ਗੱਲ ਦੀ ਭਿਣਕ ਲੱਗ ਗਈ। ''ਇਸਲਈ ਇੱਕ ਰਾਤ ਅਸੀਂ ਉਹਨੂੰ ਲੁਕਾ ਕੇ ਬਾਹਰ ਕੱਢਿਆ ਅਤੇ ਦੋਸਤਾਂ ਅਤੇ ਸਾਥੀਆਂ ਦੇ ਇੱਕ ਨੈੱਟਵਰਕ ਦੀ ਮਦਦ ਨਾਲ਼ ਉਹ ਇੱਕੋ ਹੀਲੇ ਸਰਹੱਦ ਪਾਰ ਕਰਨ ਵਿੱਚ ਕਾਮਯਾਬ ਰਿਹਾ।'' ਬਾਅਦ ਵਿੱਚ, ਉਨ੍ਹਾਂ ਨੇ ਸਰਹੱਦ ਦੇ ਉਸ ਪਾਰ ਉਹਦਾ ਘੋੜਾ ਵੀ ਪਹੁੰਚਾ ਦਿੱਤਾ।
ਮੁਸਤਫਾ ਨੇ ਪਿੰਡ ਦੇ ਆਪਣੇ ਇੱਕ ਦੋਸਤ ਨੂੰ ਲਿਖੀਆਂ ਚਿੱਠੀਆਂ ਵਿੱਚ ਝੁੱਗੀਆਂ ਨੂੰ ਸ਼ੁਕਰੀਆ ਅਦਾ ਕੀਤਾ ਅਤੇ ਇੱਕ ਦਿਨ ਭਾਰਤ ਮਿਲ਼ਣ ਆਉਣ ਦਾ ਵਾਅਦਾ ਵੀ ਕੀਤਾ। ''ਪਰ ਉਹ ਕਦੇ ਨਹੀਂ ਮੁੜਿਆ।''
ਵੰਡ ਦੀਆਂ ਗੱਲਾਂ ਭਗਤ ਸਿੰਘ ਨੂੰ ਦੁਖੀ ਅਤੇ ਅਸਹਿਜ ਬਣਾ ਦਿੰਦੀਆਂ ਹਨ। ਉਹ ਅੱਗੇ ਬੋਲਣ ਤੋਂ ਪਹਿਲਾਂ ਕੁਝ ਦੇਰ ਤੱਕ ਖ਼ਾਮੋਸ਼ ਬੈਠੇ ਰਹੇ। ਉਨ੍ਹਾਂ ਨੂੰ ਉਸ ਵੇਲ਼ੇ 17 ਦਿਨਾਂ ਲਈ ਜੇਲ੍ਹ ਡੱਕਿਆ ਗਿਆ ਸੀ, ਜਦੋਂ ਪੁਲਿਸ ਨੇ ਹੁਸ਼ਿਆਰਪੁਰ ਵਿੱਚ ਪੈਂਦੇ ਇੱਕ ਹੋਰ ਪਿੰਡ ਬੀਰਮਪੁਰ ਵਿੱਚ ਅਜ਼ਾਦੀ ਦੇ ਘੋਲ਼ ਨੂੰ ਲੈ ਕੇ ਇੱਕ ਸੰਮੇਲਨ ਵਿੱਚ ਸੰਨ੍ਹ ਲਾਈ ਸੀ।
1948 ਵਿੱਚ, ਉਹ ਲਾਲ ਕਮਿਊਨਿਸਟ ਪਾਰਟੀ ਹਿੰਦ ਯੂਨੀਅਨ ਵਿੱਚ ਸ਼ਾਮਲ ਹੋ ਗਏ, ਇਹ ਸਾਬਕਾ ਕਿਰਤੀ ਪਾਰਟੀ ਦਾ ਇੱਕ ਵੱਖਰਾ ਸਮੂਹ ਸੀ, ਜੋ ਭਾਕਪਾ ਵਿੱਚ ਰਲ਼ ਗਿਆ ਸੀ।
ਪਰ ਇਹ ਉਹ ਦੌਰ ਸੀ ਜਦੋਂ 1948 ਅਤੇ 1951 ਵਿੱਚ ਤੇਲੰਗਾਨਾ ਅਤੇ ਹੋਰਨਾਂ ਥਾਵਾਂ 'ਤੇ ਵਿਦਰੋਹ ਫੁੱਟਣ ਤੋਂ ਬਾਅਦ ਕਮਿਊਨਿਸਟ ਸਮੂਹਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਭਗਤ ਸਿੰਘ ਝੁੱਗੀਆਂ ਦਿਨ ਵੇਲ਼ੇ ਆਪਣੇ ਕਿਸਾਨ ਦੀ ਅਤੇ ਰਾਤ ਵੇਲ਼ੇ ਗੁਪਤ ਹਰਕਾਰੇ ਦੀ ਭੂਮਿਕਾ ਵਿੱਚ ਵਾਪਸ ਆ ਗਏ ਅਤੇ ਭੂਮੀਗਤ ਕਾਰਕੁੰਨਾਂ ਦੀ ਸੇਵਾ ਕਰਦੇ ਰਹੇ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਇਸ ਪੜਾਅ ਦਾ ਇੱਕ ਸਾਲ ਭੂਮੀਗਤ ਰਹਿ ਕੇ ਬਿਤਾਇਆ।
ਬਾਅਦ ਵਿੱਚ, 1952 ਵਿੱਚ, ਲਾਲ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਰਲ਼ ਗਈ। ਜਦੋਂ 1961 ਵਿੱਚ ਸੀਪੀਆਈ ਵਿੱਚ ਫੁੱਟ ਪਈ ਤਾਂ ਉਨ੍ਹਾਂ ਨੇ ਨਵ-ਗਠਿਤ ਸੀਪੀਆਈ-ਐੱਮ ਵਿੱਚ ਆਪਣਾ ਹਿੱਸਾ ਪਾਇਆ, ਜਿਸ ਪਾਰਟੀ ਨਾਲ਼ ਉਹ ਅੱਜ ਤੱਕ ਬਣੇ ਹੋਏ ਹਨ।
ਜਿਸ ਦੌਰ ਵਿੱਚ ਉਨ੍ਹਾਂ ਨੇ ਜ਼ਰਾਇਤ ਅਤੇ ਕਿਸਾਨੀ ਨੂੰ ਪ੍ਰਭਾਵਤ ਕਰਨ ਵਾਲ਼ੇ ਹੋਰ ਸੰਘਰਸ਼ਾਂ ਵਿੱਚ ਹਿੱਸਾ ਲਿਆ। ਭਗਤ ਸਿੰਘ ਨੂੰ 1959 ਵਿੱਚ ਖੁਸ਼ ਹੈਸੀਅਤ ਟੈਕਸ ਮੋਰਚਾ (ਸੁਧਾਰ-ਵਿਰੋਧੀ ਟੈਕਸ ਸੰਘਰਸ਼) ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦਾ ਜ਼ੁਰਮ: ਕੰਡੀ ਇਲਾਕੇ (ਪੰਜਾਬ ਦੇ ਉੱਤਰ-ਪੂਰਬੀ ਸੀਮਾ) ਦੇ ਕਿਸਾਨਾਂ ਦੀ ਲਾਮਬੰਧੀ ਕਰਨਾ ਸੀ। ਗੁੱਸੇ ਵਿੱਚ ਆਈ ਪ੍ਰਤਾਪ ਸਿੰਘ ਕੈਰੋਂ ਸਰਕਾਰ ਨੇ ਉਨ੍ਹਾਂ ਨੂੰ ਸਜਾ ਦੇਣ ਲਈ ਉਨ੍ਹਾਂ ਦੀ ਮੱਝ ਅਤੇ ਟੋਕਾ (ਪੱਠੇ-ਕੁਤਰਣ ਵਾਲ਼ੀ ਮਸ਼ੀਨ) ਜ਼ਬਤ ਕਰਕੇ ਨੀਲਾਮ ਕਰ ਦਿੱਤਾ। ਪਰ ਦੋਵੇਂ ਹੀ ਚੀਜਾਂ ਪਿੰਡ ਦੇ ਇੱਕ ਹਮਦਰਦ ਨੇ 11 ਰੁਪਏ ਵਿੱਚ ਖਰੀਦੀਆਂ ਅਤੇ ਪਰਿਵਾਰ ਨੂੰ ਦੋਬਾਰਾ ਮੋੜ ਦਿੱਤੀਆਂ।
ਭਗਤ ਸਿੰਘ ਨੇ ਇਸ ਵਿਦਰੋਹ ਦੌਰਾਨ ਲੁਧਿਆਣਾ ਜੇਲ੍ਹ ਵਿੱਚ ਵੀ ਤਿੰਨ ਮਹੀਨੇ ਕੱਟੇ ਅਤੇ ਬਾਅਦ ਵਿੱਚ ਦੋਬਾਰਾ, ਉਸੇ ਸਾਲ ਪਟਿਆਲਾ ਜੇਲ੍ਹ ਵਿੱਚ ਤਿੰਨ ਮਹੀਨੇ ਹੋਰ ਕੱਟੇ।
ਜਿਸ ਪਿੰਡ ਵਿੱਚ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਬਿਤਾਇਆ, ਉੱਥੇ ਪਹਿਲਾਂ ਝੁੱਗੀਆਂ (ਬਸਤੀਆਂ) ਦਾ ਇੱਕ ਝੁੰਡ ਸੀ ਅਤੇ ਇਸੇ ਕਰਕੇ ਇਹਨੂੰ ਝੁੱਗੀਆਂ ਕਿਹਾ ਜਾਂਦਾ ਸੀ। ਸੋ ਇਵੇਂ ਹੀ ਨਾਮ ਪਿਆ ਭਗਤ ਸਿੰਘ ਝੁੱਗੀਆਂ। ਇਹ ਹੁਣ ਗੜਸ਼ੰਕਰ ਤਹਿਸੀਲ ਦੇ ਪਿੰਡ ਰਾਮਗੜ੍ਹ ਦਾ ਇੱਕ ਹਿੱਸਾ ਹੈ।
1975 ਵਿੱਚ, ਉਹ ਐਮਰਜੈਂਸੀ ਨਾਲ਼ ਲੜਦਿਆਂ ਦੋਬਾਰਾ ਇੱਕ ਸਾਲ ਵਾਸਤੇ ਭੂਮੀਗਤ ਹੋ ਗਏ। ਲੋਕਾਂ ਨੂੰ ਲਾਮਬੰਦ ਕਰਨਾ, ਲੋੜ ਪੈਣ 'ਤੇ ਹਰਕਾਰਾ ਬਣਨਾ, ਐਮਰਜੈਂਸੀ-ਵਿਰੋਧੀ ਸਾਹਿਤ ਵੰਡਣਾ ਉਨ੍ਹਾਂ ਦੇ ਕੰਮ ਦਾ ਹਿੱਸਾ ਸੀ।
ਇਨ੍ਹਾਂ ਸਾਰੇ ਸਾਲਾਂ ਵਿੱਚ ਵੀ, ਉਹ ਜੜ੍ਹੋਂ ਆਪਣੇ ਪਿੰਡ ਅਤੇ ਇਲਾਕੇ ਨਾਲ਼ ਜੁੜੇ ਰਹੇ। ਉਹ ਵਿਅਕਤੀ ਜਿਨ੍ਹਾਂ ਨੇ ਕਦੇ ਵੀ ਤੀਜੀ ਜਮਾਤ ਮੁਕੰਮਲ ਨਹੀਂ ਕੀਤੀ, ਨੇ ਆਪਣੇ ਆਲ਼ੇ-ਦੁਆਲ਼ੇ ਸਿੱਖਿਆ ਅਤੇ ਰੁਜ਼ਗਾਰ ਵਾਸਤੇ ਸੰਘਰਸ਼ ਕਰਦੇ ਨੌਜਵਾਨਾਂ ਵਿੱਚ ਡੂੰਘੀ ਦਿਲਚਸਪੀ ਲਈ। ਉਨ੍ਹਾਂ ਵਿੱਚੋਂ ਕਈ ਜਿਨ੍ਹਾਂ ਦੀ ਉਨ੍ਹਾਂ ਨੇ ਮਦਦ ਕੀਤੀ ਉਹ ਚੰਗਾ ਪ੍ਰਦਰਸ਼ਨ ਕਰਦੇ ਰਹੇ, ਕਈ ਤਾਂ ਸਰਕਾਰੀ ਨੌਕਰੀਆਂ ਵੀ ਪਾ ਗਏ।
*****
1990: ਭਗਤ ਸਿੰਘ ਦਾ ਪਰਿਵਾਰ ਜਾਣਦਾ ਸੀ ਕਿ ਉਨ੍ਹਾਂ ਵਿੱਚ, ਉਨ੍ਹਾਂ ਦੀ ਬੰਬੀ (ਟਿਊਬਵੈੱਲ) ਅਤੇ ਦਹਿਸ਼ਤ ਵਿਚਾਲੇ ਸਿਰਫ਼ ਕੁਝ ਹੀ ਪਲ ਦੀ ਵਿੱਥ ਸੀ। ਭਾਰੀ ਹਥਿਆਰਾਂ ਨਾਲ਼ ਲੈਸ ਖਾਲਿਸਤਾਨੀ ਦਸਤਾ ਉਨ੍ਹਾਂ ਦੇ ਖੇਤਾਂ ਵਿੱਚ ਠਹਿਰ ਗਿਆ, ਬੰਬੀ 'ਤੇ ਲਿਖੇ ਉਨ੍ਹਾਂ ਦੇ ਨਾਮ ਨਾਲ਼ ਆਪਣੇ ਟੀਚੇ ਦੀ ਪੁਸ਼ਟੀ ਕਰਦਿਆਂ, ਉਨ੍ਹਾਂ ਦੇ ਘਰ ਤੋਂ ਸਿਰਫ਼ 400 ਮੀਟਰ ਦੂਰ ਸਥਿਤ ਬੰਬੀ ਵਿਖੇ ਘਾਤ ਲਾਈ ਬੈਠੇ ਰਹੇ- ਪਰ ਛੇਤੀ ਹੀ ਨਜ਼ਰੇ ਚੜ੍ਹ ਗਏ।
1984 ਤੋਂ 1993 ਤੱਕ ਪੰਜਾਬ ਅੱਤਵਾਦ ਨਾਲ਼ ਵਿਲ਼ਕਦਾ ਰਿਹਾ। ਸੈਂਕੜੇ ਹੀ ਲੋਕਾਂ ਨੂੰ ਗੋਲ਼ੀਆਂ ਨਾਲ਼ ਭੁੰਨ੍ਹ ਸੁੱਟਿਆ ਗਿਆ, ਕਈਆਂ ਨੂੰ ਚਾਕੂ ਮਾਰੇ ਗਏ ਅਤੇ ਕਈ ਕਤਲ ਹੋਏ। ਜਿਨ੍ਹਾਂ ਪਾਰਟੀਆਂ ਨੇ ਖਾਲਿਸਤਾਨੀਆਂ ਦਾ ਸਖ਼ਤ ਵਿਰੋਧ ਕੀਤਾ ਉਨ੍ਹਾਂ ਵਿੱਚ ਸੀਪੀਆਈ, ਸੀਪੀਆਈ-ਐੱਮ ਅਤੇ ਸੀਪੀਆਈ-ਐੱਮਐੱਲ ਦੇ ਕਾਰਕੁੰਨ ਵੱਡੀ ਗਿਣਤੀ ਵਿੱਚ ਸਨ। ਇਸ ਦੌਰ ਵਿੱਚ ਭਗਤ ਸਿੰਘ ਹਮੇਸ਼ਾ ਹਿਟ ਲਿਸਟ ਵਿੱਚ ਹੁੰਦੇ ਸਨ।
ਗੱਲ 1990 ਦੀ ਸੀ, ਜਦੋਂ ਉਨ੍ਹਾਂ ਨੇ ਪਹਿਲੀ ਵਾਰ ਇਸ ਸੂਚੀ ਵਿੱਚ ਹੋਣ ਦੇ ਮਤਲਬ ਨੂੰ ਇੰਨੀ ਨੇੜਿਓਂ ਦੇਖਿਆ ਅਤੇ ਮਹਿਸੂਸ ਕੀਤਾ। ਉਨ੍ਹਾਂ ਦੇ ਤਿੰਨੋਂ ਛੋਟੇ ਬੇਟੇ ਆਪਣੀਆਂ ਬੰਦੂਕਾਂ ਲਈ ਛੱਤ 'ਤੇ ਖੜ੍ਹੇ ਸਨ, ਉਹੀ ਬੰਦੂਕਾਂ ਜੋ ਉਨ੍ਹਾਂ ਨੂੰ ਪੁਲਿਸ ਵੱਲੋਂ ਦਿੱਤੀਆਂ ਗਈਆਂ ਸਨ। ਇਹ ਉਹ ਸਮਾਂ ਸੀ ਜਦੋਂ ਸਰਕਾਰ ਵੱਲੋਂ ਮੌਤ ਦੀ ਧਮਕੀ ਮਿਲ਼ਣ ਵਾਲ਼ੇ ਲੋਕਾਂ ਨੂੰ ਸਵੈ-ਰੱਖਿਆ ਲਈ ਖੁਦ ਨੂੰ ਹਥਿਆਰਬੰਦ ਕਰਨ ਦੀ ਇਜਾਜਤ ਦੇਣ ਦੇ ਨਾਲ਼ ਨਾਲ਼ ਉਨ੍ਹਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਸੀ।
''ਉਨ੍ਹਾਂ ਨੇ ਜਿਹੜੀਆਂ ਬੰਦੂਕਾਂ ਸਾਨੂੰ ਦਿੱਤੀਆਂ ਸਨ, ਕੋਈ ਬਾਹਲੀਆਂ ਵਧੀਆਂ ਨਹੀਂ ਸਨ। ਇਸਲਈ ਮੈਂ ਇੱਕ 12-ਬੋਰ ਦੀ ਸ਼ਾਟਗਨ ਉਧਾਰ ਲਈ ਅਤੇ ਬਾਅਦ ਵਿੱਚ ਇੱਕ ਪੁਰਾਣੀ ਬੰਦੂਕ ਵੀ ਖਰੀਦ ਲਈ,'' ਭਗਤ ਸਿੰਘ ਉਸ ਦੌਰ ਨੂੰ ਚੇਤੇ ਕਰਦਿਆਂ ਕਹਿੰਦੇ ਹਨ।
ਉਨ੍ਹਾਂ ਦੇ 50 ਸਾਲਾ ਪੁੱਤਰ, ਪਰਮਜੀਤ ਕਹਿੰਦੇ ਹਨ,''ਇੱਕ ਵਾਰ ਮੈਂ ਉਹ ਚਿੱਠੀ ਪੜ੍ਹ ਲਈ ਜਿਸ ਵਿੱਚ ਅੱਤਵਾਦੀਆਂ ਨੇ ਮੇਰੇ ਪਿਤਾ ਨੂੰ ਧਮਕੀ ਦਿੱਤੀ: 'ਆਪਣੀਆਂ ਗਤੀਵਿਧੀਆਂ ਰੋਕ ਦੇ ਵਰਨਾ ਤੇਰੇ ਪੂਰੇ ਪਰਿਵਾਰ ਨੂੰ ਨਬੇੜ ਦਿਆਂਗੇ।' ਮੈਂ ਉਸ ਚਿੱਠੀ ਨੂੰ ਵਾਪਸ ਲਿਫਾਫੇ ਵਿੱਚ ਪਾਇਆ ਅਤੇ ਇੰਝ ਦਿਖਾਇਆ ਜਿਵੇਂ ਕਿਸੇ ਨੇ ਉਹਨੂੰ ਨਹੀਂ ਪੜ੍ਹਿਆ। ਮੈਂ ਹੈਰਾਨ ਸਾਂ ਇਹ ਦੇਖਣ ਲਈ ਕਿ ਮੇਰੇ ਪਿਤਾ ਦੀ ਪ੍ਰਤਿਕਿਰਿਆ ਕੀ ਹੋਵੇਗੀ। ਉਨ੍ਹਾਂ ਨੇ ਸ਼ਾਂਤੀ ਨਾਲ਼ ਉਹ ਚਿੱਠੀ ਪੜ੍ਹੀ, ਉਹਦੀ ਤਹਿ ਲਾਈ ਅਤੇ ਆਪਣੇ ਖੀਸੇ ਵਿੱਚ ਰੱਖ ਲਈ। ਕੁਝ ਪਲ ਬਾਅਦ, ਉਹ ਸਾਨੂੰ ਤਿੰਨਾਂ ਨੂੰ ਛੱਤ 'ਤੇ ਲੈ ਗਏ ਅਤੇ ਸਾਨੂੰ ਸੁਚੇਤ ਰਹਿਣ ਨੂੰ ਕਿਹਾ। ਪਰ ਚਿੱਠੀ ਬਾਰੇ ਇੱਕ ਅਲਫ਼ਾਜ਼ ਤੱਕ ਨਹੀਂ ਕਿਹਾ।
1990 ਦੀ ਖੜ੍ਹੋਤ ਰੀੜ੍ਹ ਨੂੰ ਯੱਖ ਕਰ ਸੁੱਟਣ ਵਾਲ਼ੀ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਇਹ ਸਾਹਸੀ ਪਰਿਵਾਰ ਅਖੀਰ ਤੱਕ ਲੜੇਗਾ। ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਸੀ ਕਿ ਉਹ ਏਕੇ-47 (ਲੀਆਂ) ਨਾਲ਼ ਅਤੇ ਹੋਰ ਮਾਰੂ ਹਥਿਆਰਾਂ ਨਾਲ਼ ਲੈਸ ਸਿਖਲਾਈ ਪ੍ਰਾਪਤ ਹਿਟ ਸਕੁਐਡ ਦੀ ਗੋਲ਼ੀ ਦਾਗਣ ਦੀ ਤਾਕਤ ਤੋਂ ਪ੍ਰਭਾਵਤ ਜ਼ਰੂਰ ਹੋਣਗੇ।
ਇਹ ਗੱਲ ਉਦੋਂ ਦੀ ਹੈ ਜਦੋਂ ਅੱਤਵਾਦੀਆਂ ਨੇ ਬੰਬੀ ਉੱਤੇ ਲਿਖੇ ਨਾਮ ਦੀ ਪਛਾਣ ਕੀਤੀ ਸੀ। ''ਉਹ ਦੂਜਿਆਂ ਵੱਲ ਘੁੰਮੇ ਅਤੇ ਮੁਖਾਤਿਬ ਹੋ ਕੇ ਬੋਲੇ,'ਜੇ ਇਹ ਭਗਤ ਸਿੰਘ ਝੁੱਗੀਆਂ ਉਹੀ ਹੈ ਜੋ ਸਾਡਾ ਨਿਸ਼ਾਨਾ ਹੈ ਤਾਂ ਮੇਰਾ ਇਸ ਨਾਲ਼ ਕੋਈ ਲੈਣਾ-ਦੇਣਾ ਨਹੀਂ ਹੋਵੇਗਾ,'' ਬਜ਼ੁਰਗ ਅਜ਼ਾਦੀ ਘੁਲਾਟੀਏ ਨੇ ਕਿਹਾ। ਹਿਟ ਦਸਤੇ ਨੇ ਇਹਨੂੰ ਰੱਦ ਕਰਨ ਦਾ ਫੈਸਲਾ ਕੀਤਾ ਅਤੇ ਮੈਦਾਨ ਛੱਡ ਕੇ ਗਾਇਬ ਹੋ ਗਏ।
ਇਹ ਪਤਾ ਲੱਗਿਆ ਕਿ ਖਾੜਕੂ ਦਾ ਛੋਟਾ ਭਰਾ ਉਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਸੀ ਜਿਨ੍ਹਾਂ ਦੀ ਭਗਤ ਸਿੰਘ ਨੇ ਪਿੰਡ ਵਿੱਚ ਮਦਦ ਕੀਤੀ ਸੀ। ਜੋ ਦਰਅਸਲ ਵਿੱਚ ਬਤੌਰ ਪਟਵਾਰੀ (ਪਿੰਡ ਦੇ ਰਿਕਾਰਡ ਰੱਖਣ ਵਾਲ਼ਾ ) ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਗਿਆ ਸੀ। ''ਉਨ੍ਹਾਂ ਦੇ ਪਿਛਾਂਹ ਹਟਣ ਤੋਂ ਦੋ ਸਾਲ ਬਾਅਦ,'' ਭਗਤ ਸਿੰਘ ਮੁਸਕਰਾਉਂਦਿਆਂ ਕਹਿੰਦੇ ਹਨ,''ਉਹ ਵੱਡਾ ਭਰਾ ਮੈਨੂੰ ਖੁਫੀਆ ਸੂਚਨਾ ਅਤੇ ਚੇਤਾਵਨੀਆਂ ਭੇਜਦਾ ਅਤੇ ਮੈਨੂੰ ਦੱਸਦਾ ਕਿ ਮੈਂ ਕਿੱਥੇ ਜਾਵਾਂ ਅਤੇ ਕਿੱਥੇ ਨਾ ਜਾਵਾਂ...'' ਜਿਨ੍ਹਾਂ ਨੇ ਉਨ੍ਹਾਂ ਨੂੰ ਅਗਲੇਰੇ ਯਤਨਾਂ ਤੋਂ ਬਚਣ ਵਿੱਚ ਮਦਦ ਕੀਤੀ।
ਜਿਸ ਢੰਗ ਨਾਲ਼ ਪਰਿਵਾਰ ਉਨ੍ਹਾਂ ਕਾਂਡਾਂ ਬਾਰੇ ਗੱਲ ਕਰਦਾ ਹੈ ਉਹ ਪੂਰੀ ਤਰ੍ਹਾਂ ਪਰੇਸ਼ਾਨ ਕਰਨ ਵਾਲ਼ਾ ਹੈ। ਇਸ ਬਾਰੇ ਭਗਤ ਸਿੰਘ ਦਾ ਵਿਸ਼ਲੇਸ਼ਣ ਭਾਵਨਾ-ਵਿਹੂਣਾ ਹੈ। ਵੰਡ ਬਾਰੇ ਗੱਲ ਕਰਦਿਆਂ ਉਹ ਕਿਤੇ ਵੱਧ ਭਾਵੁਕ ਹੋ ਜਾਂਦੇ ਹਨ। ਆਪਣੀ ਪਤਨੀ ਬਾਰੇ ਦੱਸਦਿਆਂ ਕਿ ਕਿਵੇਂ ਉਹ ਉਸ ਸਮੇਂ ਵੀ ਡੋਲੀ ਨਹੀਂ ਸੀ? ''ਮੈਨੂੰ ਯਕੀਨ ਸੀ ਸਾਨੂੰ ਹਮਲੇ ਦਾ ਸਾਹਮਣਾ ਕਰਨਾ ਪੈ ਸਕਦਾ ਸੀ,'' 78 ਸਾਲਾ ਗੁਰਦੇਵ ਕੌਰ, ਸ਼ਾਂਤੀ ਨਾਲ਼ ਕਹਿੰਦੀ ਹਨ। ਕੁੱਲ ਭਾਰਤੀ ਜਮਹੂਰੀ ਮਹਿਲਾ ਐਸੋਸੀਏਸ਼ਨ ਦੀ ਉਹ ਬਜ਼ੁਰਗ ਕਾਰਕੁੰਨ, ਕਹਿੰਦੀ ਹਨ: ''ਮੇਰੇ ਪੁੱਤਰ ਮਜ਼ਬੂਤ ਸਨ, ਮੈਨੂੰ ਕੋਈ ਡਰ ਨਹੀਂ ਸੀ ਅਤੇ ਪਿੰਡ ਵਾਲ਼ਿਆਂ ਨੇ ਵੀ ਸਾਡਾ ਪੂਰਾ ਸਾਥ ਦਿੱਤਾ।''
ਗੁਰਦੇਵ ਕੌਰ ਦਾ ਭਗਤ ਸਿੰਘ ਨਾਲ਼ ਵਿਆਹ 1961 ਵਿੱਚ ਹੋਇਆ- ਜੋ ਭਗਤ ਸਿੰਘ ਦਾ ਦੂਜਾ ਵਿਆਹ ਸੀ। ਉਨ੍ਹਾਂ ਦੀ ਪਹਿਲੀ ਪਤਨੀ ਦੀ ਵਿਆਹ ਤੋਂ ਕੁਝ ਸਾਲਾਂ ਬਾਅਦ 1944 ਵਿੱਚ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀਆਂ ਦੋ ਧੀਆਂ ਵਿਦੇਸ਼ ਵਿੱਚ ਪੱਕੀਆਂ ਸਨ। ਗੁਰਦੇਵ ਕੌਰ ਅਤੇ ਉਨ੍ਹਾਂ ਦੇ ਵਿਆਹ ਤੋਂ ਤਿੰਨ ਲੜਕੇ ਸਨ, ਪਰ ਸਭ ਤੋਂ ਵੱਡੇ ਬੇਟੇ, ਜਸਵੀਰ ਸਿੰਘ ਦੀ 2011 ਵਿੱਚ 47 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਬਾਕੀ ਦੋਹਾਂ ਵਿੱਚੋਂ ਇੱਕ 55 ਸਾਲਾ ਕੁਲਦੀਪ ਸਿੰਘ ਯੂਨਾਇਟਡ ਕਿੰਗਡਮ ਵਿਖੇ ਰਹਿੰਦੇ ਹਨ ਅਤੇ ਪਰਮਜੀਤ ਆਪਣੇ ਮਾਪਿਆਂ ਨਾਲ਼ ਹੀ ਰਹਿੰਦੇ ਹਨ।
ਕੀ ਹੁਣ ਵੀ ਉਨ੍ਹਾਂ ਕੋਲ਼ 12-ਬੋਰ ਦੀ ਬੰਦੂਕ ਹੈ? ''ਨਹੀਂ, ਮੈਂ ਉਸ ਤੋਂ ਛੁਟਕਾਰਾ ਪਾ ਲਿਆ। ਹੁਣ ਉਹਦੀ ਵਰਤੋਂ ਹੀ ਕਾਹਦੀ ਸੀ- ਹੁਣ ਤਾਂ ਇੱਕ ਬੱਚਾ ਵੀ ਮੇਰੇ ਹੱਥੋਂ ਉਹਨੂੰ ਖੋਹ ਸਕਦਾ ਸੀ,'' 93 ਸਾਲਾ ਬਜ਼ੁਰਗ ਸੱਜਣ ਹੱਸਦੇ ਹਨ।
1992 ਦੀਆਂ ਸੂਬਾ ਵਿਧਾਨ ਸਭਾ ਚੋਣਾਂ ਦੇ ਖਤਰੇ ਨੇ ਉਨ੍ਹਾਂ ਦੇ ਬੂਹੇ 'ਤੇ ਦਸਤਕ ਦਿੱਤੀ। ਕੇਂਦਰ ਸਰਕਾਰ ਪੰਜਾਬ ਵਿੱਚ ਚੋਣਾਂ ਕਰਾਏ ਜਾਣ ਲਈ ਦ੍ਰਿੜ-ਸੰਕਲਪ ਸੀ। ਖਾਲਿਸਤਾਨੀਆਂ ਨੇ ਚੋਣਾਂ ਨੂੰ ਕਮਜ਼ੋਰ ਕਰਨ ਖਾਤਰ, ਉਮੀਦਵਾਰਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਭਾਰਤੀ ਚੋਣ ਕਨੂੰਨ ਤਹਿਤ ਕਿਸੇ ਮਾਨਤਾ ਪ੍ਰਾਪਤ ਸਿਆਸੀ ਪਾਰਟੀ ਦੇ ਉਮੀਦਵਾਰ ਦੀ ਪ੍ਰਚਾਰ ਮੁਹਿੰਮ ਦੌਰਾਨ ਹੋਈ ਮੌਤ ਉਸ ਚੋਣ ਹਲਕੇ ਵਿੱਚ ਚੋਣਾਂ ਨੂੰ 'ਟਾਲ਼ੇ ਜਾਣ' ਜਾਂ ਚੋਣਾਂ ਨੂੰ ਰੱਦ ਕਰਨ ਵੱਲ ਲੈ ਜਾਂਦੀ ਹੈ। ਹਰੇਕ ਉਮੀਦਵਾਰ ਦੇ ਸਿਰ 'ਤੇ ਹੁਣ ਤਲਵਾਰ ਲਮਕ ਰਹੀ ਸੀ।
ਅਸਲ ਵਿੱਚ, ਇਸ ਨਿਵੇਕਲੇ ਪੱਧਰ ਦੀ ਹਿੰਸਾ ਦੇ ਕਾਰਨ ਜੂਨ 1991 ਵਿੱਚ ਇਨ੍ਹਾਂ ਚੋਣਾਂ ਨੂੰ ਮੁਲਤਵੀ ਕਰਨਾ ਪਿਆ ਸੀ। ਉਸੇ ਸਾਲ ਮਾਰਚ ਤੋਂ ਜੂਨ ਵਿਚਕਾਰ, ਏਸ਼ੀਅਨ ਸਰਵੇਖਣ ਦੇ ਰੂਪ ਵਿੱਚ ਗੁਰਹਰਪਾਲ ਸਿੰਘ ਦਾ ਇੱਕ ਪੇਪਰ ਧਿਆਨ ਦਵਾਉਂਦਾ ਹੈ ਕਿ,''24 ਸੂਬਾ ਅਤੇ ਸੰਸਦੀ ਉਮੀਦਵਾਰ ਮਾਰੇ ਗਏ; ਦੋ ਰੇਲਾਂ ਵਿੱਚ 76 ਯਾਤਰੀਆਂ ਦਾ ਕਤਲੇਆਮ ਕੀਤਾ ਗਿਆ; ਅਤੇ ਚੋਣਾਂ ਤੋਂ ਇੱਕ ਹਫ਼ਤਾ ਪਹਿਲਾਂ ਪੰਜਾਬ ਨੂੰ ਅਸ਼ਾਂਤ ਇਲਾਕਾ ਐਲਾਨ ਦਿੱਤਾ ਗਿਆ ਸੀ।''
ਅੱਤਵਾਦੀਆਂ ਦਾ ਨਿਸ਼ਾਨ ਐਨ ਸਾਫ ਸੀ। ਵੱਧ ਤੋਂ ਵੱਧ ਉਮੀਦਵਾਰਾਂ ਨੂੰ ਮਾਰ ਮੁਕਾਉਣਾ। ਸਰਕਾਰ ਨੇ ਉਮੀਦਵਾਰਾਂ ਨੂੰ ਬੇਮਿਸਾਲ ਪੱਧਰ ਦੀ ਸੁਰੱਖਿਆ ਪ੍ਰਦਾਨ ਕਰਨ ਦੇ ਰੂਪ ਵਿੱਚ ਆਪਣਾ ਜਵਾਬ ਦਿੱਤਾ। ਉਨ੍ਹਾਂ ਵਿੱਚੋਂ, ਭਗਤ ਸਿੰਘ ਝੁੱਗੀਆਂ ਵੀ ਸਨ ਜਿਨ੍ਹਾਂ ਨੇ ਗੜਸ਼ੰਕਰ ਚੋਣ ਹਲਕੇ ਤੋਂ ਚੋਣ ਲੜੀ ਸੀ। ਅਕਾਲੀ ਦਲ ਦੇ ਸਾਰੇ ਗੁੱਟਾਂ ਨੇ ਚੋਣਾਂ ਦਾ ਬਾਈਕਾਟ ਕੀਤਾ। ' 'ਹਰੇਕ ਉਮੀਦਵਾਰ ਨੂੰ 32-ਵਿਅਕਤੀਆਂ ਦੀ ਸੁਰੱਖਿਆ ਟੁਕੜੀ ਪ੍ਰਦਾਨ ਕੀਤੀ ਗਈ ਸੀ ਅਤੇ ਵੱਧ ਪ੍ਰਮੁਖ ਨੇਤਾਵਾਂ ਲਈ ਅੰਕੜਾ 50 ਜਾਂ ਉਸ ਤੋਂ ਵੀ ਵੱਧ ਸੀ।''
ਭਗਤ ਸਿੰਘ ਦੀ 32 ਵਿਅਕਤੀਆਂ ਦੀ ਇਸ ਟੁਕੜੀ ਦਾ ਕੀ ਬਣਿਆ? ''ਮੇਰੇ ਪਾਰਟੀ ਦਫ਼ਤਰ ਵਿਖੇ 18 ਰੱਖਿਆ ਗਾਰਡ ਤੈਨਾਤ ਰਹਿੰਦੇ। ਬਾਕੀ ਦੇ 12 ਹਮੇਸ਼ਾ ਮੇਰੇ ਨਾਲ਼ ਰਹਿੰਦੇ ਅਤੇ ਜਿੱਥੇ ਕਿਤੇ ਵੀ ਮੈਂ ਪ੍ਰਚਾਰ ਲਈ ਜਾਂਦਾ ਮੇਰੇ ਨਾਲ਼ ਰਹਿੰਦੇ। ਬਾਕੀ ਦੋ ਘਰੇ ਮੇਰੇ ਪਰਿਵਾਰ ਦੀ ਰੱਖਿਆ ਕਰਦੇ,'' ਉਹ ਕਹਿੰਦੇ ਹਨ। ਚੋਣਾਂ ਤੋਂ ਪਹਿਲਾਂ ਸਾਲਾਂਬੱਧੀ ਅੱਤਵਾਦੀਆਂ ਦੀ ਹਿਟ ਲਿਸਟ ਵਿੱਚ ਰਹਿਣ ਕਾਰਨ, ਉਨ੍ਹਾਂ ਨੂੰ ਵੱਧ ਖਤਰੇ ਸਨ। ਪਰ ਉਹ ਹਰ ਖਤਰੇ ਵਿੱਚੋਂ ਨਿਕਲ਼ ਆਏ। ਫੌਜ, ਅਰਧ-ਸੈਨਿਕ ਬਲਾਂ ਅਤੇ ਪੁਲਿਸ ਕਰਮੀਆਂ ਵੱਲੋਂ ਵਿੱਢੇ ਵਿਸ਼ਾਲ ਸੁਰੱਖਿਆ ਅਭਿਆਨ ਨੇ ਅੱਤਵਾਦੀਆਂ ਦਾ ਟਾਕਰਾ ਕੀਤਾ ਅਤੇ ਬਿਨਾਂ ਕਿਸੇ ਜਾਨ-ਮਾਲ਼ ਦੇ ਨੁਕਸਾਨ ਹੋਇਆਂ ਚੋਣਾਂ ਨਿਬੜ ਗਈਆਂ।
''ਉਨ੍ਹਾਂ ਨੇ 1992 ਵਿੱਚ ਚੋਣ ਲੜੀ,'' ਪਰਮਜੀਤ ਕਹਿੰਦੀ ਹਨ,''ਇਹ ਯਕੀਨ ਕਰਦਿਆਂ ਕਿ ਖੁਦ ਨੂੰ ਉੱਚ-ਤਰਜੀਹੀ ਟੀਚਾ ਬਣਾ ਕੇ, ਉਹ ਕਿਤੇ ਨਾ ਕਿਤੇ ਖਾਲਿਸਤਾਨੀਆਂ ਦਾ ਧਿਆਨ ਆਪਣੇ ਵੱਲ ਖਿੱਚ ਕੇ ਆਪਣੇ ਬਾਕੀ ਨੌਜਵਾਨ ਸਾਥੀਆਂ ਨੂੰ ਮਹਿਫੂਜ਼ ਕਰ ਰਹੇ ਹੁੰਦੇ।''
ਭਗਤ ਸਿੰਘ ਕਾਂਗਰਸ ਦੇ ਉਮੀਦਵਾਰ ਕੋਲ਼ੋਂ ਚੋਣ ਹਾਰ ਗਏ। ਪਰ ਬਾਕੀਆਂ ਵਿੱਚ ਉਹ ਬਣੇ ਰਹੇ ਜਿਨ੍ਹਾਂ ਵਿੱਚ ਉਹ ਜਿੱਤ ਗਏ ਹਨ। 1957 ਵਿੱਚ, ਉਹ ਦੋ ਪਿੰਡਾਂ, ਰਾਮਗੜ੍ਹ ਅਤੇ ਚੱਕ ਗੁਜਰਾਂ ਦੇ ਸਰਪੰਚ ਚੁਣੇ ਗਏ। ਉਨ੍ਹਾਂ ਨੇ ਚਾਰ ਵਾਰ ਸਰਪੰਚ ਰਹਿਣਾ ਸੀ, ਉਨ੍ਹਾਂ ਦਾ ਆਖਰੀ ਕਾਰਜਕਾਲ 1998 ਵਿੱਚ ਸੀ।
ਉਹ 1978 ਵਿੱਚ ਨਵਾਂਸ਼ਹਿਰ (ਹੁਣ ਨਾਮ ਸ਼ਹੀਦ ਭਗਤ ਸਿੰਘ ਨਗਰ) ਦੀ ਸਹਿਕਾਰੀ ਖੰਡ ਮਿੱਲ ਦੇ ਡਾਇਰੈਕਟਰ ਚੁਣੇ ਗਏ। ਉਹ ਅਹੁਦਾ ਅਕਾਲੀ ਦਲ ਨਾਲ਼ ਜੁੜੇ ਤਾਕਤਵਾਰ ਜ਼ਿਮੀਂਦਾਰ ਸੰਸਾਰ ਸਿੰਘ ਨੂੰ ਹਰਾ ਕੇ ਪ੍ਰਾਪਤ ਹੋਇਆ ਸੀ। 1998 ਵਿੱਚ, ਉਹ ਸਰਵਸੰਮਤੀ ਨਾਲ਼ ਦੋਬਾਰਾ ਚੁਣੇ ਗਏ।
*****
ਉਨ੍ਹਾਂ ਅੱਠ ਦਹਾਕਿਆਂ ਦੇ ਬੀਤਣ ਬਾਅਦ ਜਦੋਂ ਉਨ੍ਹਾਂ ਨੂੰ ਕੁੱਟ ਕੇ ਸਕੂਲੋਂ ਕੱਢਿਆ ਗਿਆ ਸੀ, ਭਗਤ ਸਿੰਘ ਝੁੱਗੀਆਂ ਸਿਆਸੀ ਤੌਰ 'ਤੇ ਜਾਗਰੂਕ, ਸੁਚੇਤ ਅਤੇ ਸਰਗਰਮ ਰਹਿੰਦੇ ਰਹੇ ਅਤੇ ਹੁਣ ਵੀ ਹਨ। ਉਹ ਚੱਲ ਰਹੇ ਕਿਸਾਨ ਪ੍ਰਦਰਸ਼ਨਾਂ ਬਾਰੇ ਹਰੇਕ ਗੱਲ ਜਾਣਨਾ ਚਾਹੁੰਦੇ ਹਨ। ਉਹ ਆਪਣੀ ਪਾਰਟੀ ਦੇ ਸੂਬਾ ਕੰਟਰੋਲ ਕਮਿਸ਼ਨ ਵਿੱਚ ਬੈਠਦੇ ਹਨ। ਜਲੰਧਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਨੂੰ ਚਲਾਉਣ ਵਾਲ਼ੇ ਅਦਾਰੇ ਦੇ ਟਰੱਸਟੀ ਵੀ ਹਨ। ਕਿਸੇ ਹੋਰ ਸੰਸਥਾ ਦੇ ਮੁਕਾਬਲੇ, ਡੀਬੀਵਾਏਐੱਚ (DBYH) ਪੰਜਾਬ ਦੇ ਇਨਕਲਾਬੀ ਅੰਦੋਲਨਾਂ ਨੂੰ ਰਿਕਾਰਡ ਕਰਨ ਦਸਤਾਵੇਜ ਕਰਕੇ ਯਾਦਗਾਰੀ ਬਣਾਉਂਦਾ ਹੈ। ਟਰੱਸਟ ਦੀ ਸਥਾਪਨਾ ਖੁਦ ਗਦਰ ਅੰਦੋਲਨ ਦੇ ਇਨਕਲਾਬੀਆਂ ਨੇ ਕੀਤੀ ਸੀ।
''ਅੱਜ ਵੀ, ਜਦੋਂ ਇਸ ਇਲਾਕੇ ਵਿੱਚੋਂ ਕਿਸਾਨੀਂ ਮਸਲਿਆਂ ਨੂੰ ਹਮਾਇਤ ਕਰਨ ਲਈ ਜੱਥੇ (ਮਾਰਚ ਕਰਨ ਵਾਲ਼ਿਆਂ ਦਾ ਜਥੇਬੰਦ ਕਾਫ਼ਲਾ) ਨਿਕਲ਼ਦੇ ਹਨ, ਭਾਵੇਂ ਉਨ੍ਹਾਂ ਦਿੱਲੀ ਸਰਹੱਦਾਂ 'ਤੇ ਹੀ ਕਿਉਂ ਨਾ ਜਾਣਾ ਹੋਵੇ, ਉਹ ਜੱਥੇ ਪਹਿਲਾਂ ਅਸ਼ੀਰਵਾਦ ਲੈਣ ਕਾਮਰੇਡ ਭਗਤ ਸਿੰਘ ਦੇ ਘਰ ਜਾਂਦੇ ਹਨ,'' ਉਨ੍ਹਾਂ ਦੇ ਦੋਸਤ ਦਰਸ਼ਨ ਸਿੰਘ ਮੱਟੂ ਕਹਿੰਦੇ ਹਨ। ਸੀਪੀਆਈਐੱਮ ਦੇ ਪੰਜਾਬ ਸੂਬਾ ਕਮੇਟੀ ਦੇ ਮੈਂਬਰ, ਮੱਟੂ ਧਿਆਨ ਦਵਾਉਂਦੇ ਹਨ ''ਉਹ ਪਹਿਲਾਂ ਦੇ ਮੁਕਾਬਲੇ ਹੁਣ ਸਰੀਰਕ ਤੌਰ 'ਤੇ ਵੱਧ ਸੀਮਤ ਹੋ ਗਏ ਹਨ। ਪਰ ਉਨ੍ਹਾਂ ਦੀ ਪ੍ਰਤੀਬੱਧਤਾ ਅਤੇ ਗੰਭੀਰਤਾ ਸਦਾ ਵਾਂਗਰ ਹੀ ਮਜ਼ਬੂਤ ਬਣੇ ਹੋਏ ਹਨ। ਹੁਣ ਵੀ ਉਹ ਸ਼ਾਹਜਹਾਨਪੁਰ ਵਿਖੇ ਪ੍ਰਦਰਸ਼ਨ ਕਰਦੇ ਕਿਸਾਨਾਂ ਵਾਸਤੇ ਰਾਮਗੜ੍ਹ ਅਤੇ ਗੜਸ਼ੰਕਰ ਵਿੱਚੋਂ ਚੌਲ਼, ਤੇਲ, ਦਾਲ, ਹੋਰ ਸਮਾਨ ਅਤੇ ਪੈਸਾ ਇਕੱਠਾ ਕਰਕੇ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦਾ ਨਿੱਜੀ ਯੋਗਦਾਨ ਵੀ ਸ਼ਾਮਲ ਹੈ।''
ਜਿਓਂ ਹੀ ਅਸੀਂ ਨਿਕਲ਼ਣ ਲੱਗੇ, ਉਹ ਸਾਨੂੰ ਬਾਹਰ ਛੱਡਣ ਆਉਣ ਦੀ ਜਿੱਦ ਕਰਨ ਲੱਗੇ, ਆਪਣੇ ਵਾਰਕਰ ਸਹਾਰੇ ਤੇਜੀ ਨਾਲ਼ ਤੁਰਦੇ ਹੋਏ ਅੱਗੇ ਵੱਧਦੇ ਰਹੇ। ਭਗਤ ਸਿੰਘ ਝੁੱਗੀਆਂ ਸਾਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਜਿਸ ਮੁਲਕ ਦੀ ਅਜ਼ਾਦੀ ਵਾਸਤੇ ਲੜਾਈ ਲੜੀ, ਉਹਦੀ ਹਾਲਾਤ ਉਨ੍ਹਾਂ ਨੂੰ ਮਾਸਾ ਵੀ ਗਵਾਰਾ ਨਹੀਂ। ਉਹ ਕਹਿੰਦੇ ਹਨ,''ਨਾ ਹੀ ਦੇਸ਼ ਨੂੰ ਚਲਾਉਣ ਵਾਲ਼ੇ ਲੋਕਾਂ ਨੇ ਅਜ਼ਾਦੀ ਅੰਦੋਲਨ ਦੀ ਕਿਸੇ ਵੀ ਵਿਰਾਸਤ ਨੂੰ ਸੰਭਾਲ਼ਿਆ ਹੈ। ਜਿਨ੍ਹਾਂ ਸਿਆਸੀ ਤਾਕਤਾਂ ਦੀ ਉਹ ਨੁਮਾਇੰਦਗੀ ਕਰਦੇ ਹਨ- ਉਹ ਕਦੇ ਵੀ ਅਜ਼ਾਦੀ ਅਤੇ ਸੁਤੰਤਰਤਾ ਦੇ ਸੰਘਰਸ਼ ਵਿੱਚ ਕਿਤੇ ਵੀ ਸ਼ਾਮਲ ਨਹੀਂ ਰਹੇ। ਉਨ੍ਹਾਂ ਵਿੱਚੋਂ ਕੋਈ ਇੱਕ ਵੀ ਨਹੀਂ। ਜੇ ਜਾਂਚ ਪੜਤਾਲ਼ ਨਾ ਕੀਤੀ ਗਈ ਤਾਂ ਉਹ ਇਸ ਦੇਸ਼ ਨੂੰ ਬਰਬਾਦ ਕਰ ਸੁੱਟਣਗੇ,'' ਉਹ ਚਿੰਤਤ ਹੋ ਕੇ ਕਹਿੰਦੇ ਹਨ।
ਅਤੇ ਅੱਗੇ ਕਹਿੰਦੇ ਹਨ: ''ਪਰ ਮੇਰਾ ਯਕੀਨ ਕਰੋ, ਇਸ ਰਾਜ ਦਾ ਸੂਰਜ ਵੀ ਡੁੱਬੇਗਾ।''
ਲੇਖਕ ਦੀ ਟਿੱਪਣੀ : ਦਿ ਟ੍ਰਿਬਿਊਨ, ਚੰਡੀਗੜ੍ਹ ਦੇ ਵਿਸ਼ਵ ਭਾਰਤੀ ਅਤੇ ਮਹਾਨ ਇਨਕਲਾਬੀ ਸ਼ਹੀਦ ਭਗਤ ਸਿੰਘ ਦੇ ਭਤੀਜੇ ਪ੍ਰੋਫੈਸਰ ਜਗਮੋਹਨ ਸਿੰਘ ਦਾ ਉਨ੍ਹਾਂ ਦੇ ਬੇਸ਼ਕੀਮਤੀ ਯੋਗਦਾਨ ਅਤੇ ਸਹਾਇਤਾ ਲਈ ਸ਼ੁਕਰੀਆ। ਅਜਮੇਰ ਸਿੰਘ ਦੀ ਨੇਕ ਮਦਦ ਅਤੇ ਇਨਪੁਟ ਵਾਸਤੇ ਵੀ ਸ਼ੁਕਰੀਆਂ।
ਤਰਜਮਾ: ਕਮਲਜੀਤ ਕੌਰ