“ਜਦੋਂ (ਖੇਤਾਂ ‘ਚ) ਕੋਈ ਕੰਮ ਨਹੀਂ ਹੁੰਦਾ, ਮੈਂ ਜੰਗਲ ਵਿੱਚ ਕਰਮਾਤਾ ਦੇ ਫਲ ਅਤੇ ਹੋਰ ਉਪਜ ਇਕੱਠੀ ਕਰਨ ਚਲੀ ਜਾਂਦੀ ਹਾਂ,” ਗੰਗੇ ਦਸਦੀ ਹੈ। ਉਸ ਦਾ ਇਸ਼ਾਰਾ ਲਾਊਦ ਵੱਲ ਹੈ, ਜੋ ਕਿ ਪਵਿੱਤਰ ਦਰਖਤਾਂ ਦਾ ਇੱਕ ਝੁੰਡ ਅਤੇ ਝਾੜ ਭਰਿਆ ਜੰਗਲ ਹੈ, ਜਿਹੜਾ ਉਹਦੇ ਪਿੰਡ ਬਾਲਿੰਗਾ ਪਾਰਾ ਦੇ ਆਲ਼ੇ-ਦੁਆਲ਼ੇ ਹੈ। ਵੱਡੇ ਵੱਡੇ ਗੂੜੇ ਸਲੇਟੀ ਪੱਥਰ, ਜਿਹਨਾਂ ‘ਚੋਂ ਕੁਝ ਦਾ ਆਕਾਰ ਪਿੰਡ ਦੇ ਘਰਾਂ ਜਿੱਡਾ ਅਤੇ ਕੁਝ ਦਾ ਕਾਰਾਂ ਜਿੱਡਾ ਵੱਡਾ, ਏਥੋਂ ਦੇ ਮੈਦਾਨੀ ਇਲਾਕੇ 'ਚ ਸਾਰੇ ਪਾਸੇ ਖਿੰਡਰੇ ਪਏ ਹਨ। ਪੁਰਾਣੇ ਦਰਖਤ ਏਥੋਂ ਦੇ ਮੰਜ਼ਰ ਤੇ ਹਾਵੀ ਹਨ, ਜਿੰਨਾ ਦੀਆਂ ਟਾਹਣੀਆਂ ਘਣੀਆਂ ਵੇਲਾਂ ਨਾਲ਼ ਢੱਕੀਆਂ ਹੋਈਆਂ ਹਨ।
ਬਾਲਿੰਗਾ ਪਾਰਾ, ਬਸਤਰ ਖੇਤਰ ਵਿੱਚ ਸਥਿਤ ਅਮਰਾਵਤੀ ਜੰਗਲ ਦੇ ਕੰਢੇ ਵੱਸੀ ਇੱਕ ਬਸਤੀ ਹੈ। ਦੱਖਣੀ ਛੱਤੀਸਗੜ੍ਹ ਦੇ ਕਸਬੇ ਰਾਜਨੰਦਗਾਉਂ ਤੋਂ ਏਥੇ ਪਹੁੰਚਣ ਲਈ, ਬੱਸ ਦੇ ਅੱਠ ਘੰਟਿਆਂ ਦੇ ਇੰਜਰ-ਪਿੰਜਰ ਹਿਲਾਉਣ ਵਾਲੇ ਸਫ਼ਰ ਤੋਂ ਬਾਅਦ ਦੋ ਕਿਲੋਮੀਟਰ ਦਾ ਵਲਵਲੇਵਿਆਂ ਵਾਲਾ ਪੈਦਲ ਰਾਹ ਤੈਅ ਕਰਨਾ ਪੈਂਦਾ ਹੈ। ਪਿੰਡ ਵਿੱਚ ਸਿਰਫ਼ ਇੱਕ ਮੁੱਖ ਗਲੀ 'ਤੇ ਹੀ ਲੁੱਕ ਪਈ ਹੋਈ ਹੈ, ਬਾਕੀ ਸਾਰੀਆਂ ਗਲ਼ੀਆਂ ਕੱਚੀਆਂ, ਧੂੜ ਮਿੱਟੀ ਭਰੀਆਂ ਅਤੇ ਥਾਂ-ਥਾਂ ਗੋਹੇ ਨਾਲ਼ ਲਿਬੜੀਆਂ ਹੋਈਆਂ ਹਨ। ਬਾਲਿੰਗਾ ਪਾਰਾ ਦੇ 336 ਵਸਨੀਕ (2011 ਦੀ ਮਰਦਮਸ਼ੁਮਾਰੀ ਮੁਤਾਬਕ) ਮੁੱਖ ਗਲੀ ਦੇ ਆਸ-ਪਾਸ ਲਗਭਗ 60 ਇਕ-ਮੰਜ਼ਲਾ ਘਰਾਂ ਵਿੱਚ ਰਹਿੰਦੇ ਹਨ। ਕੁਝ ਘਰ ਪੁਰਾਣੇ ਤੇ ਭੂਰੇ ਅਤੇ ਇੱਟਾਂ-ਗਾਰੇ ਦੇ ਬਣੇ ਹੋਏ ਹਨ। ਕੁਝ ਨਵੇਂ ਹਨ, ਜਿਹੜੇ ਕੰਕਰੀਟ ਦੇ ਬਣੇ ਹੋਏ ਹਨ, ਜਿਹਨਾਂ ਵਿੱਚੋਂ ਕਈਆਂ ਦੀਆਂ ਛੱਤਾਂ ਟੀਨ ਜਾਂ ਐਸਬੈੱਸਟਅਸ ਦੀਆਂ ਹਨ ਜੋ ਹਰੇ ਅਤੇ ਗੁਲਾਬੀ ਨਿਓਨ ਰੰਗਾਂ ਨਾਲ਼ ਰੰਗੀਆਂ ਹੋਈਆਂ ਹਨ।
33 ਸਾਲਾ ਗੰਗੇ ਸੋੜੀ, ਗੌਂਡ ਆਦਿਵਾਸੀ ਬਰਾਦਰੀ ਤੋਂ ਹੈ। ਉਹ ਹਲਬੀ, ਗੋਂਡੀ ਅਤੇ ਥੋੜ੍ਹੀ-ਬਹੁਤ ਹਿੰਦੀ ਬੋਲ ਲੈਂਦੀ ਹੈ। ਪਹਿਲਾਂ ਤਾਂ ਉਹ ਸ਼ਰਮਾਈ ਪਰ ਬਾਅਦ ਵਿੱਚ ਉਸ ਨੇ ਸਾਨੂੰ ਆਪਣੀ ਜ਼ਿੰਦਗੀ ਬਾਰੇ ਲਿਖਣ ਦੀ ਸਹਿਮਤੀ ਦੇ ਦਿਤੀ।
ਗੰਗੇ ਆਪਣੇ ਪਰਿਵਾਰ ਦੀ ਦੇਖ-ਭਾਲ਼ ਕਰਨ, ਆਪਣੇ ਪਿਤਾ ਦੇ ਖੇਤਾਂ ਵਿੱਚ ਕੰਮ ਕਰਨ ਅਤੇ ਹਫ਼ਤਾਵਰੀ ਬਜ਼ਾਰ ਵਿੱਚ ਵੇਚਣ ਲਈ ਮਹੂਏ ਦੇ ਫੁੱਲਾਂ ਤੋਂ ਸ਼ਰਾਬ ਬਣਾਉਣ ਦੇ ਕੰਮਾਂ-ਕਾਰਾਂ ਵਿੱਚ ਹੀ ਆਪਣਾ ਪੂਰਾ ਦਿਨ ਬਿਤਾਉਂਦੀ ਹੈ।
ਉਸ ਦਾ ਦਿਨ, ਤੜਕੇ ਤਕਰੀਬਨ 5 ਵਜੇ ਸ਼ੁਰੂ ਹੋ ਜਾਂਦਾ ਹੈ। “ਮੈਂ ਦਿਨ ਦੇ ਖਾਣੇ ਲਈ ਝੋਨਾ ਛੱਟਦੀ ਹਾਂ। ਮੈਂ ਭਾਂਡੇ ਮਾਂਜਦੀ ਹਾਂ, ਨੇੜਲੇ ਪੰਪ ਤੋਂ ਪਾਣੀ ਲਿਆਉਂਦੀ ਹਾਂ ਤੇ ਬਾਲਣ ਇਕੱਠਾ ਕਰਦੀ ਹਾਂ। ਮੈਂ ਨਾਸ਼ਤਾ ਬਣਾ ਕੇ 10 ਵਜੇ ਤਕ ਪੈਲੀਆਂ ਵਿੱਚ ਕੰਮ ਕਰਨ ਚਲੀ ਜਾਂਦੀ ਹਾਂ।” ਦੁਪਹਿਰੇ ਉਹ ਥੋੜੀ ਕੁ ਦੇਰ ਲਈ ਘਰ ਖਾਣਾ ਖਾਣ ਲਈ ਆਉਂਦੀ ਹੈ ਤੇ ਫੇਰ ਵਾਪਸ ਖੇਤਾਂ 'ਚ ਚਲੀ ਜਾਂਦੀ ਹੈ। ਉਹ ਚਾਰ ਵਜੇ ਤਕ ਆਪਣਾ ਕੰਮ ਮੁਕਾ ਲੈਂਦੀ ਹੈ। “ਫੇਰ ਮੈਂ ਨਹਾਉਂਦੀ ਹਾਂ, ਹੋਰ ਪਾਣੀ ਅਤੇ ਬਾਲਣ ਲਿਆਉਂਦੀ ਹਾਂ, ਕਦੀ ਕਦੀ ਫਰਸ਼ ਨੂੰ ਗੋਹੇ ਨਾਲ਼ ਲਿਪਦੀ ਹਾਂ ਅਤੇ ਰਾਤ ਦੇ ਖਾਣੇ ਲਈ ਚੌਲ ਤੇ ਤਰੀ (ਸ਼ਾਕਾਹਾਰੀ 'ਤੇ ਮਾਸਾਹਾਰੀ ਦੋਨੋਂ) ਪਕਾਉਂਦੀ ਹਾਂ। ਖਾਸ ਖਾਸ ਮੌਕਿਆਂ 'ਤੇ ਅਸੀਂ ਪੂੜੀ ਅਤੇ ਖੀਰ (ਦਲੀਏ ਦੀ ਬਣੀ) ਛਕਦੇ ਹਾਂ।”
ਗੰਗੇ ਆਪਣੀ ਮਾਂ ਕੁਮੇਂਤੀ ਅਤੇ ਪਿਤਾ ਮੰਗਲਰਾਮ, ਆਪਣੇ ਭੈਣ ਭਰਾਵਾਂ ਸ਼ਿਵਰਾਜ, ਉਮੇਸ਼, ਸਹਨਦਾਈ ਤੇ ਰਤਨੀ, ਅਤੇ ਆਪਣੀਆਂ ਤਿੰਨ ਧੀਆਂ-ਜਿਤੇਸ਼ਵਰੀ (15), ਜਯੋਤੀ (13), ਤੇ 11 ਸਾਲ ਦੀ ਪ੍ਰਤਿਮਾ ਨਾਲ਼ ਗਲੀ ਤੋਂ ਥੋੜੇ ਹਟਵੇਂ ਇੱਕ ਘਰ 'ਚ ਰਹਿੰਦੇ ਹਨ। ਇਹ ਘਰ ਪਾਣੀ ਦੇ ਪੰਪ ਦੇ ਨੇੜੇ ਹੈ ਜੋ ਕਿ ਪਿੰਡ ਵਿੱਚ ਪਾਣੀ ਦਾ ਇਕੋ ਇੱਕ ਜ਼ਰੀਆ ਹੈ। ਟੈਰਾਕੋਟਾ ਟਾਈਲਾਂ ਨਾਲ਼ ਬਣੀ ਉਹਦੇ ਘਰ ਦੀ ਛੱਤ ਸ਼ੋਖ ਹਰੇ ਰੰਗ ਨਾਲ਼ ਰੰਗੀ ਹੋਈ ਹੈ। ਘਰ ਦੀਆਂ ਬਰੂਹਾਂ 'ਤੇ ਰੰਗ-ਬਰੰਗੀਆਂ ਕੱਚ ਦੀਆਂ ਚੂੜੀਆਂ ਨਾਲ਼ ਘੁਮਾਓਦਾਰ ਨਮੂਨੇ ਬਣੇ ਹੋਏ ਹਨ।
“ਖੇਤਾਂ ਵਿੱਚ (ਉਸ ਦੇ ਪਿਤਾ ਦੇ ਚਾਰ ਕਿੱਲੇ), ਮੈਂ ਵੱਟਾਂ ਬਣਾਉਂਦੀ ਹਾਂ ਅਤੇ ਫ਼ਸਲਾਂ ਦੀ ਵਾਢੀ ਕਰਦੀ ਹਾਂ,” ਉਹ ਦੱਸਦੀ ਹੈ। ਗੰਗੇ ਪੰਜ ਸਾਲ ਦੀ ਉਮਰ ਤੋਂ ਹੀ ਜ਼ਮੀਨ 'ਤੇ ਕੰਮ ਕਰ ਰਹੀ ਹੈ। ਉਹ ਪੈਲੀਆਂ 'ਚ ਝੋਨਾ, ਦਾਲਾਂ, ਕੁਲਥੀ, ਅਤੇ ਤਿਲ ਆਦਿ ਫਸਲਾਂ ਉਗਾਉਂਦੇ ਹਨ। ਅਤੇ ਆਪਣੇ ਘਰ ਦੇ ਮਗਰਲੇ ਪਾਸੇ ਉਸ ਦਾ ਪਰਿਵਾਰ ਕੁਝ ਸਬਜ਼ੀਆਂ ਸਮੇਤ, ਬਾਜਰਾ ਅਤੇ ਉੜਦ (ਮਾਂਹ) ਦਾਲ ਉਗਾਉਂਦਾ ਹੈ। ਇਹਨਾਂ ਸਾਰੀਆਂ ਫ਼ਸਲਾਂ ਦੀ ਸਿੰਚਾਈ ਜੂਨ ਤੋਂ ਲੈਕੇ ਨਵੰਬਰ ਤੱਕ ਦੇ ਮਹੀਨਿਆਂ ਦੌਰਾਨ ਮਾਨਸੂਨ ਦੀਆਂ ਬਾਰਸ਼ਾਂ ਨਾਲ਼ ਹੁੰਦੀ ਹੈ।
“ਗਰਮੀ ਦੇ ਮਹੀਨਿਆਂ 'ਚ, ਮੈਂ ਜ਼ਮੀਨ 'ਤੇ ਡਿੱਗੇ ਮਹੂਏ ਦੇ ਫੁੱਲਾਂ ਨੂੰ ਇਕੱਠਾ ਕਰਕੇ ਵੱਡੇ ਵੱਡੇ ਪੱਥਰਾਂ 'ਤੇ ਸੁਕਾਉਂਦੀ ਹਾਂ। ਫੇਰ ਮੈਂ ਉਹਨਾਂ ਨੂੰ ਕੁਝ ਦਿਨ ਸਾਂਭਣ ਤੋਂ ਬਾਅਦ ਪਾਣੀ 'ਚ ਭਿਓਂ ਕੇ ਅਤੇ ਖਮੀਰਾ ਕਰ ਮੰਡ (ਸ਼ਰਾਬ) ਬਣਾਉਂਦੀ ਹਾਂ।” ਬਹੁਤ ਸਾਰੇ ਗੌਂਡ ਆਦਿਵਾਸੀ ਮਹੂਏ ਦੀ ਸ਼ਰਾਬ ਵੇਚ ਕੇ ਗੁਜ਼ਾਰਾ ਕਰਦੇ ਹਨ। “ਇੱਕ ਬੋਤਲ 50 ਰੁਪਏ ਦੀ ਵਿਕਦੀ ਹੈ,” ਗੰਗੇ ਦੱਸਦੀ ਹੈ। ਉਹ ਬੀਅਰ ਦੀਆਂ 650 ਮਿ. ਲੀ. ਖਾਲੀ ਬੋਤਲਾਂ ਨੂੰ ਮੁੜ ਵਰਤੋਂ 'ਚ ਲੈ ਆਉਂਦੇ ਹਨ। ਇੱਕ ਛੋਟੀ ਬੋਤਲ (450-500 ਮਿ. ਲੀ.) ਨੂੰ ਅਧੀਆ ਕਹਿੰਦੇ ਹਨ ਜਿਹੜੀ ਕਿ 25 ਰੁਪਏ ਦੀ ਵਿਕਦੀ ਹੈ।
100 ਤੋਂ ਵੱਧ ਹੱਟੀਆਂ ਵਾਲੇ ਸ਼ੁਕਰਵਾਰੀ ਬਜ਼ਾਰ ਵਿੱਚ ਲੋਕੀਂ 20 ਕਿਲੋਮੀਟਰ ਦਾ ਪੈਂਡਾ ਮਾਰ ਕੇ ਆਪਣਾ ਮਾਲ਼ ਵੇਚਣ ਵਾਸਤੇ ਪੈਦਲ ਤੁਰ ਕੇ ਜਾਂ ਮੋਟਰਸਾਈਕਲਾਂ ਤੇ ਸਾਈਕਲਾਂ ਰਾਹੀਂ ਵੀ ਇੱਥੇ ਆਉਂਦੇ ਹਨ। ਉਹ ਜੰਗਲੀ ਉਪਜ, ਸਬਜ਼ੀਆਂ, ਮਿਠਾਈਆਂ ਤੇ ਤਲ਼ੀਆਂ ਚੀਜ਼ਾਂ, ਕੱਪੜੇ, ਸ਼ਿੰਗਾਰ ਦਾ ਸਮਾਨ ਅਤੇ ਪਲਾਸਟਿਕ ਦੀਆਂ ਚੀਜ਼ਾਂ ਦੀ ਖਰੀਦੋ-ਫਰੋਖਤ ਕਰਦੇ ਹਨ।
ਸ਼ਾਂਤਮਈ ਇਲਾਕੇ ਵਿੱਚ, ਜਦੋਂ ਬਜ਼ਾਰ ਲੱਗਦਾ ਹੈ ਤਾਂ ਰੰਗਾਂ ਦੀ ਭਰਪੂਰ ਰੌਣਕ ਹੁੰਦੀ ਹੈ। ਵਿਕਰੀ ਵਾਸਤੇ ਸਜਾਈਆਂ ਚੀਜ਼ਾਂ ਵਿੱਚ ਇਮਲੀ, ਅੰਬ, ਅੰਬਚੂਰ (ਸੁਕਾਇਆ ਕੱਚਾ ਅੰਬ), ਕੋਲੀਆਰੀ ਭਾਜੀ (ਇੱਕ ਖਾਸ ਦਰਖਤ ਦੇ ਪੱਤੇ ਜਿਹੜੇ ਸਬਜ਼ੀ ਵਾਂਗੂੰ ਖਾਧੇ ਜਾਂਦੇ ਹਨ), ਬੋਹਾੜ ਦੇ ਪੱਤੇ ਅਤੇ ਫਲ, ਕਰਮਾਤਾ ਦੇ ਫਲ (ਸਭ ਕੁਝ ਸਬਜ਼ੀਆਂ ਬਣਾਉਣ ਦੀ ਤਿਆਰੀ ਲਈ ਵਰਤਿਆ ਜਾਂਦਾ ਹੈ), ਬੇਹਾੜ, ਹਰੜ (ਰੋਗ ਨਾਸ਼ਕ ਫਲ), ਸ਼ਹਿਦ, ਤੀਕੂਰ (ਇੱਕ ਜ਼ਾਇਕੇਦਾਰ/ਸੁਆਦਲੀ ਜੜ੍ਹੀ-ਬੂਟੀ), ਕੋਸਮ ਦਾ ਫਲ, ਤੋਰਾ (ਮਹੂਆ ਦੇ ਤਿੱਲ) ਅਤੇ ਸੁੱਕੇ ਹੋਏ ਮਹੂਏ ਦੇ ਫੁਲ, ਸਲਫੀ (ਸਲਫੀ ਤਾੜ ਦੇ ਪੱਤਿਆਂ ਦਾ ਸਤ), ਔਲੇ, ਚਾਰ ਦੇ ਬੀਜ (ਸ਼ੀਰਖੰਡ ਵਰਗੇ ਖਾਣਿਆਂ ਦੀ ਸਜਾਵਟ ਲਈ ਗਿਰੀਆਂ), ਭੇਲਵਾ ਦੇ ਬੀਜ (ਰੋਗ-ਨਾਸ਼ਕ ਗੁਣਾਂ ਵਾਲੇ), ਖੁੰਬਾਂ ਦੀ ਇੱਕ ਕਿਸਮ, ਕੰਦ-ਮੂਲ ਦੀਆਂ ਕਈ ਕਿਸਮਾਂ, ਸੀਂਡੀ (ਖਜੂਰਾਂ), ਅੰਜੀਰ, ਜਾਮੁਨ ਅਤੇ ਟੇਂਡੂ ਦੇ ਫਲ ਹੁੰਦੇ ਹਨ।
ਜੰਗਲੀ ਉਪਜ ਜੋ ਖਾਣਯੋਗ ਨਹੀਂ ਹੁੰਦੀ, ਉਹ ਵੀ ਵਿਕਦੀ ਹੈ: ਸਾਲ ਦੇ ਬੀਜ, ਕਰੰਜੀ ਦੇ ਬੀਜ, ਗਿਰਚੀ ਦੇ ਬੀਜ ਅਤੇ ਵਡਾਂਗੁਲ ਦੇ ਬੀਜ, ਸਾਰਿਆਂ ਦੇ ਤਿੱਲ ਬਣਾ ਕੇ ਉਹਨਾਂ ਦਾ ਜਾਂ ਤੇ ਸਾਬਣ ਬਣਾਇਆ ਜਾਂਦਾ ਹੈ ਜਾਂ ਔਸ਼ਧੀ ਦੇ ਲੇਪ ਦੇ ਤੌਰ 'ਤੇ ਵਰਤੇ ਜਾਂਦੇ ਹਨ। ਖਜੂਰ ਦੇ ਦਰਖਤਾਂ ਦੇ ਪੱਤਿਆਂ ਤੋਂ ਬਣੇ ਝਾੜੂ ਜਾਂ ਘਾਹ ਜਾਂ ਬਾਂਸ ਵੀ ਏਥੇ ਵਿਕਦੇ ਹਨ।
ਬਜ਼ਾਰ ਦੁਪਹਿਰ ਵੇਲੇ ਲੱਗਦਾ ਹੈ ਅਤੇ ਘੰਟਿਆਂ ਬਧੀ ਸਰਗਰਮ ਰਹਿੰਦਾ ਹੈ। ਸ਼ਾਮ ਦੇ ਸੱਤ ਵਜੇ ਤਕ, ਜਦੋਂ ਚਾਨਣ ਘਟਦਾ ਹੈ, ਸਾਰੇ ਜਣੇ ਆਪੋ-ਆਪਣਾ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ। ਵਪਾਰੀ ਆਪਣਾ ਮਾਲ ਕਿਸੇ ਹੋਰ ਬਜ਼ਾਰ ਵਿੱਚ ਦੋਬਾਰਾ ਵੇਚਣ ਲਈ ਲੱਦ ਲੈਂਦੇ ਹਨ, ਅਤੇ ਬਾਲੀਂਗਾ ਪਾਰਾ ਦੇ ਲੋਕ ਆਪੋ ਆਪਣਾ ਸਮਾਨ ਘਰੋ-ਘਰੀਂ ਲੈ ਜਾਂਦੇ ਹਨ, ਗੰਗੇ ਵੀ ਆਪਣੇ ਖਰੀਦੇ ਹੋਏ ਫਲਾਂ ਅਤੇ ਸਬਜ਼ੀਆਂ, ਤੇ ਜੇ ਮੰਡ ਦੀਆਂ ਇੱਕ ਦੋ ਬੋਤਲਾਂ ਬਚੀਆਂ ਹੋਣ, ਸਭ ਚੀਜ਼ਾਂ ਨੂੰ ਇਕੱਠਿਆਂ ਕਰਕੇ ਵਾਪਸ ਘਰ ਚਲੀ ਜਾਂਦੀ ਹੈ।
ਛੋਟੇ ਹੁੰਦਿਆਂ, ਗੰਗੇ ਸਕੂਲ ਜਾਣਾ ਚਾਹੁੰਦੀ ਸੀ, ਪਰ ਜਾ ਨਹੀਂ ਸਕੀ। “ਹੁਣ ਮੈਨੂੰ ਮਾਣ ਹੈ ਮੇਰੀਆਂ ਧੀਆਂ ਪੜ੍ਹਾਈ ਕਰ ਰਹੀਆਂ ਹਨ,” ਉਹ ਕਹਿੰਦੀ ਹੈ। ਉਸ ਦੀ ਇੱਛਾ ਹੈ ਕਿ ਉਸ ਦੀਆਂ ਧੀਆਂ ਕਿਸੇ ਦਿਨ ਵਿਆਹ ਕਰਵਾ ਕੇ ਆਪਣੇ ਘਰੋ-ਘਰੀਂ ਵੱਸ ਜਾਣ।
ਗੰਗੇ, ਤਕਰੀਬਨ 17 ਸਾਲ ਦੀ ਉਮਰ ਵਿੱਚ, ਛੇਦੀਲਾਲ ਸੋਢੀ ਨਾਲ਼ ਵਿਆਹੀ ਗਈ ਸੀ। ਉਸਦੀ ਬਰਾਦਰੀ ਵਿੱਚ, ਔਰਤ ਅਤੇ ਆਦਮੀ, ਦੋਹਾਂ ਜਣਿਆਂ ਦੀ ਵਿਆਹ ਲਈ ਰਜ਼ਾਮੰਦੀ ਲਾਜ਼ਮੀ ਹੁੰਦੀ ਹੈ। ਵਿਆਹ ਦੀਆਂ ਰਸਮਾਂ ਲਾੜ੍ਹੀ ਦੇ ਪਿੰਡ ਵਿੱਚ ਪੂਰੀਆਂ ਕਰਨ ਤੋਂ ਬਾਅਦ, ਵਿਆਹ ਦਾ ਜਸ਼ਨ ਲਾੜ੍ਹੇ ਦੇ ਪਿੰਡ ਮਨਾਇਆ ਜਾਂਦਾ ਹੈ।
“ਉਹਨੂੰ ਮੇਰੇ ਮਾਪਿਆਂ ਨੇ ਚੁਣਿਆ ਸੀ,” ਉਹ ਦਸਦੀ ਹੈ। “ਪਰ ਕੁਝ ਵਰ੍ਹੇ ਪਹਿਲਾਂ ਮੈਂ ਉਸ ਨੂੰ ਛੱਡ ਕੇ ਬੱਚਿਆਂ ਸਮੇਤ ਆਪਣੇ ਪੇਕੇ ਪਰਤ ਆਈ ਕਿਉਂਕਿ ਉਹ ਸ਼ਰਾਬ ਪੀ ਕੇ ਮੈਨੂੰ ਕੁੱਟਦਾ ਮਾਰਦਾ ਸੀ। ਸਾਡੇ ਦੋਹਾਂ ਦੇ ਮਾਪਿਆਂ ਨੇ, ਅਤੇ ਪਿੰਡ ਦੇ ਲੋਕਾਂ ਨੇ ਉਸਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਉੱਤੇ ਕੋਈ ਅਸਰ ਨਾ ਹੋਇਆ। ਕੁਝ ਚਿਰ ਬਾਅਦ, ਉਸ ਦੀ ਮੌਤ ਹੋ ਗਈ, ਸੋ ਮੈਂ ਕਦੀ ਵਾਪਸ ਨਹੀਂ ਗਈ।”
ਕੀ ਉਹਨੇ ਕਦੀ ਦੁਬਾਰਾ ਵਿਆਹ ਕਰਵਾਉਣਾ ਚਾਹਿਆ? “ਨਹੀਂ। ਮੈਂ ਆਪਣੇ ਬੱਚਿਆਂ ਨੂੰ ਛੱਡ ਕੇ ਦੁਬਾਰਾ ਵਿਆਹ ਨਹੀਂ ਸੀ ਕਰਾ ਸਕਦੀ। ਮੈਨੂੰ ਆਪਣਾ ਆਪ ਚੰਗਾ ਲਗਦਾ ਹੈ। ਮੈਂ ਤਾਂ ਬਸ ਏਥੇ ਆਪਣੇ ਘਰ ਵਿੱਚ ਰਹਿਣਾ ਚਾਹੁੰਦੀ ਹਾਂ।”
ਰਿਪੋਰਟਰ ਸਾਡੇ ਨਾਲ਼ ਸਮਾਂ ਬਿਤਾਉਣ ਲਈ ਪ੍ਰਯਾਗ ਜੋਸ਼ੀ ਦਾ ਅਤੇ ਇਸ ਸਟੋਰੀ ਨੂੰ ਕਰਨ ਵਿੱਚ ਸੀਐੱਫਐੱਲ ਵਿੱਚ ਸਾਡੇ ਅਧਿਆਪਕਾਂ ਵੱਲੋਂ ਰਹਿਨੁਮਾਈ ਅਤੇ ਸਹਾਇਤਾ ਪ੍ਰਦਾਨ ਕਰਨ ਵਿੱਚ, ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੀ ਹੈ।
ਪਾਰੀ ਤੋਂ ਪ੍ਰੇਰਿਤ ਹੋ ਕੇ, ਸੈਂਟਰ ਫਾਰ ਲਰਨਿੰਗ (ਸੀਐੱਫਐੱਲ), ਬੰਗਲੌਰ ਦੀ ਹਾਈ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ, ਸਕੂਲ ਦੇ ਮੱਧ ਪ੍ਰਦੇਸ਼ ਦੀ ਇੱਕ ਫੇਰੀ ਦੌਰਾਨ ਇੱਕ ਕਿਸਾਨ ਨਾਲ਼ ਆਪਣੀ ਮੁਲਾਕਾਤ ਦਾ ਦਸਤਾਵੇਜੀਕਰਨ ਕੀਤਾ। ਪਾਰੀ ਨੇ ਉਨ੍ਹਾਂ ਨੂੰ ਪੇਂਡੂ ਭਾਰਤ ਦੇ ਵੱਖ-ਵੱਖ ਪੱਖਾਂ ਅਤੇ ਉਨ੍ਹਾਂ ਦੇ ਖ਼ੋਜ ਦੇ ਦਸਤਾਵੇਜੀਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ।
ਤਰਜਮਾ: ਜੀਨਾ ਸਿੰਘ