ਤਿੰਨ ਸਾਲਾ ਸੁਹਾਨੀ ਨੂੰ ਆਪਣੀ ਨਾਨੀ ਦੀ ਗੋਦੀ ਵਿੱਚ ਬੇਸੁਰਤ ਪਿਆ ਦੇਖ ਕੇ ਗ੍ਰਾਮੀਣ ਸਿਹਤ ਅਧਿਕਾਰੀ ਉਰਮਿਲਾ ਦੁੱਗਾ ਕਹਿੰਦੀ ਹਨ,''ਤੁਹਾਨੂੰ ਮਲੇਰੀਆ ਦੀਆਂ ਇਹ ਗੋਲ਼ੀਆਂ ਸਦਾ ਗੁੜ ਜਾਂ ਸ਼ਹਿਦ ਨਾਲ਼ ਹੀ ਦੇਣੀਆਂ/ਖਾਣੀਆਂ ਚਾਹੀਦੀਆਂ ਹਨ।''
ਬੱਚੀ ਨੂੰ ਮਲੇਰੀਏ ਦੀਆਂ ਕੌੜੀਆਂ ਗੋਲ਼ੀਆਂ ਖੁਆਉਣ ਦੌਰਾਨ ਤਿੰਨ ਔਰਤਾਂ ਨੂੰ ਪਿਆਰ ਅਤੇ ਸਿਆਣਪ ਦੀ ਲੋੜ ਪੈਂਦੀ ਹੈ, ਇੱਕ ਬੱਚੀ ਦੀ ਨਾਨੀ, ਇੱਕ ਹੋਰ ਗ੍ਰਾਮੀਣ ਸਿਹਤ ਅਧਿਕਾਰੀ (ਆਰਐੱਚਓ) ਸਾਵਿਤਰੀ ਨਾਇਕ ਅਤੇ ਮਨਕੀ ਕਾਚਲਨ ਯਾਨਿ ਮਿਤਾਨਿਨ (ਆਸ਼ਾ ਵਰਕਰ)।
ਇਸ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰਦਿਆਂ, 39 ਸਾਲਾ ਸੀਨੀਅਰ ਆਰਐੱਚਓ ਉਰਮਿਲਾ ਇੱਕ ਵੱਡੇ ਸਾਰੇ ਰਜਿਸਟਰ ਵਿੱਚ ਮਾਮਲੇ ਦਾ ਵੇਰਵਾ ਲਿਖਦੀ ਹਨ ਅਤੇ ਉਨ੍ਹਾਂ ਦੇ ਸਾਹਮਣੇ ਵਾਲ਼ੇ ਵਿਹੜੇ ਵਿੱਚ ਬੱਚਿਆਂ ਦੇ ਖੇਡਣ ਦੀ ਅਵਾਜ਼ ਗੂੰਜਦੀ ਹੈ। ਉਨ੍ਹਾਂ ਦਾ ਅਸਥਾਈ ਕਲੀਨਿਕ ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਵਿੱਚ, ਨੌਮੁੰਜਮੇਟਾ ਪਿੰਡ ਦੀ ਇੱਕ ਆਂਗਨਵਾੜੀ ਦੇ ਉਸ ਬਰਾਂਡੇ ਵਿੱਚ ਕੰਮ ਕਰਦਾ ਹੈ ਜਿਹਨੂੰ ਥੋੜ੍ਹਾ-ਬਹੁਤ ਢੱਕਿਆ ਹੋਇਆ ਹੈ।
ਮਹੀਨੇ ਦੇ ਹਰ ਦੂਸਰੇ ਮੰਗਲਵਾਰ ਨੂੰ, ਆਂਗਨਵਾੜੀ ਦਾ ਮਾਹੌਲ ਆਊਟ ਪੇਸ਼ੇਂਟ ਕਲੀਨਿਕ (ਉਹ ਕਲੀਨਿਕ ਜਿੱਥੇ ਇਲਾਜ ਕਰਾਉਣ ਵਾਲ਼ੇ ਮਰੀਜ਼ਾਂ ਨੂੰ ਭਰਤੀ ਹੋਣ ਦੀ ਲੋੜ ਨਹੀਂ ਪੈਂਦੀ) ਵਰਗਾ ਹੋ ਜਾਂਦਾ ਹੈ, ਜਿੱਥੇ ਬੱਚੇ ਵਰਣਮਾਲਾ ਚੇਤੇ ਕਰਨ ਵਿੱਚ ਰੁੱਝੇ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਮਾਵਾਂ, ਨਵਜਾਤ ਬੱਚੇ ਅਤੇ ਦੂਸਰੇ ਹੋਰ ਲੋਕ ਚੈੱਕਅਪ ਵਾਸਤੇ ਲੱਗੀ ਲਾਈਨ ਵਿੱਚ ਖੜ੍ਹੇ ਦੇਖੇ ਜਾ ਸਕਦੇ ਹੁੰਦੇ ਹਨ। ਉਰਮਿਲਾ ਅਤੇ ਉਨ੍ਹਾਂ ਦੇ ਸਿਹਤ-ਕਰਮੀਆਂ ਦੀ ਟੀਮ ਸਵੇਰੇ ਕਰੀਬ 10 ਵਜੇ ਉੱਥੇ ਪਹੁੰਚ ਜਾਂਦੀ ਹੈ। ਇਹਦੇ ਬਾਅਦ, ਬਰਾਂਡੇ ਵਿੱਚ ਇੱਕ ਮੇਜ਼ ਅਤੇ ਬੈਂਚ ਟਿਕਾਇਆ ਜਾਂਦਾ ਹੈ ਅਤੇ ਉਹ ਬੈਗ ਵਿੱਚੋਂ ਰਜਿਸਟਰ, ਜਾਂਚ ਅਤੇ ਵਾਕਸੀਨੇਸ਼ਨ ਵਾਲ਼ੇ ਔਜ਼ਾਰ ਕੱਢ ਕੇ, ਆਪਣੇ ਮਰੀਜਾਂ ਨੂੰ ਦੇਖਣ ਦੀ ਤਿਆਰ ਹੋ ਜਾਂਦੇ ਹਨ।
ਸੁਹਾਨੀ ਦਾ ਰੈਪਿਡ ਡਾਇਗਨੋਸਟਿਕ ਟੈਸਟ (ਆਰਡੀਟੀ) ਉਨ੍ਹਾਂ ਕਰੀਬ 400 ਮਲੇਰੀਆ ਜਾਂਚਾਂ ਵਿੱਚੋਂ ਇੱਕ ਹੈ ਜੋ ਨਰਾਇਣਪੁਰ ਬਲਾਕ ਦੇ ਛੇ ਪਿੰਡਾਂ ਵਿੱਚ ਇੱਕ ਸਾਲ ਵਿੱਚ ਕੀਤੇ ਜਾਂਦੇ ਹਨ। ਉਰਮਿਲਾ ਅਤੇ ਉਨ੍ਹਾਂ ਦੇ ਸਹਿਯੋਗੀ, ਜਿਨ੍ਹਾਂ ਵਿੱਚ 35 ਸਾਲਾ ਆਰਐੱਚਓ ਸਾਵਿਤਰੀ ਨਾਇਕ ਵੀ ਸ਼ਾਮਲ ਹਨ, ਇਸ ਬਲਾਕ ਇੰਚਾਰਜ ਹਨ ਅਤੇ ਸਾਰੇ ਟੈਸਟ ਆਪ ਹੀ ਕਰਦੇ ਹਨ।
ਨਰਾਇਣਪੁਰ ਜ਼ਿਲ੍ਹੇ ਦੇ ਮੁੱਖ ਮੈਡੀਕਲ ਸਿਹਤ ਅਧਿਕਾਰੀ ਡਾ. ਆਨੰਦ ਰਾਮ ਗੋਟਾ ਕਹਿੰਦੇ ਹਨ,''ਮਲੇਰੀਆ ਸਾਡੀਆਂ ਸਭ ਤੋਂ ਵੱਡੀਆਂ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ। ਇਹ ਲਹੂ-ਵਹਿਣੀਆਂ ਅਤੇ ਲੀਵਰ 'ਤੇ ਅਸਰ ਪਾਉਂਦਾ ਹੈ ਜਿਸ ਕਰਕੇ ਅਨੀਮਿਆ ਹੋ ਜਾਂਦਾ ਹੈ ਅਤੇ ਫਿਰ ਕੰਮ ਕਰਨ ਦੀ ਸਾਡੀ ਸਰੀਰਕ ਸਮਰੱਥਾ ਘੱਟ ਜਾਂਦੀ ਹੈ। ਇਸਲਈ, ਮਜ਼ਦੂਰੀ ਵੀ ਪ੍ਰਭਾਵਤ ਹੁੰਦੀ ਹੈ। ਬੱਚੇ ਜਨਮ ਵੇਲ਼ੇ ਹੀ ਘੱਟ ਵਜ਼ਨ ਲੈ ਕੇ ਪੈਦਾ ਹੁੰਦੇ ਹਨ ਅਤੇ ਇਹ ਸਿਲਸਿਲਾ ਫਿਰ ਰੁਕਦਾ ਨਹੀਂ।''
ਸਾਲ 2020 ਵਿੱਚ, ਛੱਤੀਸਗੜ੍ਹ ਅੰਦਰ ਮਲੇਰੀਆ ਨਾਲ਼ 18 ਮੌਤਾਂ ਹੋਈਆਂ ਸਨ, ਜੋ ਦੇਸ਼ ਦੇ ਦੂਸਰੇ ਰਾਜਾਂ ਦੇ ਮੁਕਾਬਲੇ ਸਭ ਤੋਂ ਵੱਧ ਸਨ। 10 ਮੌਤਾਂ ਦੇ ਨਾਲ਼ ਮਹਾਰਾਸ਼ਟਰ ਦੂਜੇ ਸਥਾਨ 'ਤੇ ਰਿਹਾ ਸੀ। 'ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ' ਦੇ ਮੁਤਾਬਕ, ਮਲੇਰੀਆ ਦੇ 80 ਫੀਸਦ ਮਾਮਲੇ 'ਆਦਿਵਾਸੀ, ਪਹਾੜੀ, ਬੀਹੜ ਹੁੰਦੇ ਹਨ ਜਿਨ੍ਹਾਂ ਤੱਕ ਪਹੁੰਚ ਬਣਾਉਣੀ ਇੱਕ ਮੁਸ਼ਕਲ ਕੰਮ ਹੁੰਦਾ ਹੈ।
ਉਰਮਿਲਾ ਦੱਸਦੀ ਹਨ ਕਿ ''ਆਮ ਤੌਰ 'ਤੇ ਇੱਥੋਂ ਦੇ ਲੋਕ ਮੱਛਰਾਂ ਨੂੰ ਭਜਾਉਣ ਵਾਸਤੇ, ਨਿੰਮ ਦੇ ਪੱਤਿਆਂ ਨੂੰ ਸਾੜਦੇ ਹਨ। ਅਸੀਂ ਉਨ੍ਹਾਂ ਨੂੰ ਬਾਰ ਬਾਰ ਕਹਿੰਦੇ ਹਾਂ ਕਿ ਜੋ ਵੀ ਹੋਵੇ ਰਾਤੀਂ ਸੌਣ ਲੱਗਿਆਂ ਮੱਛਰਦਾਨੀ ਵਰਤਿਆ ਕਰਨ ਅਤੇ ਆਪਣੇ ਘਰਾਂ ਦੇ ਨੇੜੇ-ਤੇੜੇ ਜਮ੍ਹਾਂ ਪਾਣੀ ਨੂੰ ਸੁਕਾ ਲਿਆ ਕਰਨ। ਧੂੰਆਂ (ਨਿੰਮ ਦੇ ਪੱਤਿਆਂ ਦਾ) ਮੱਛਰਾਂ ਨੂੰ ਸਿਰਫ਼ ਭਜਾਉਂਦਾ ਹੈ ਪਰ ਜਿਵੇਂ ਹੀ ਧੂੰਆਂ ਘੱਟਦਾ ਹੈ ਉਹ ਵਾਪਸ ਆ ਜਾਂਦੇ ਹਨ।''
ਬਾਅਦ ਵਿੱਚ, ਉਰਮਿਲਾ, ਨਰਾਇਣਗੜ੍ਹ ਜ਼ਿਲ੍ਹੇ ਦੇ 64 ਕੇਂਦਰਾਂ ਵਿੱਚੋਂ ਇੱਕ ਹਲਾਮੀਮੁਨਮੇਟਾ ਦੇ ਉਪ-ਸਿਹਤ ਕੇਂਦਰ (ਐੱਚਐੱਚਸੀ) ਵਿਖੇ, ਵੱਡੇ ਰਜਿਸਟਰਾਂ ਵਿੱਚ ਦੂਜੀ ਵਾਰ ਮਾਮਲੇ ਦਾ ਵੇਰਵਾ ਭਰੇਗੀ। ਉਨ੍ਹਾਂ ਨੂੰ ਰਜਿਸਟਰਾਂ ਨੂੰ ਅਪਡੇਟ ਕਰਨ ਲਈ ਹਰ ਰੋਜ਼ ਤਿੰਨ ਘੰਟੇ ਲੱਗਦੇ ਹਨ, ਜਿਸ ਵਿੱਚ ਹਰ ਜਾਂਚ, ਕਈ ਤਰ੍ਹਾਂ ਦੇ ਟੀਕਾਕਰਨ, ਪ੍ਰਸਵ ਤੋਂ ਪਹਿਲਾਂ ਅਤੇ ਬਾਅਦ ਦੀ ਜਾਂਚ, ਮਲੇਰੀਆ ਅਤੇ ਟੀ.ਬੀ. ਦੀ ਜਾਂਚ, ਬੁਖ਼ਾਰ ਅਤੇ ਦਰਦ ਦੇ ਨਿਵਾਰਣ ਵਾਸਤੇ ਮੁੱਢਲੇ ਇਲਾਜ ਵੇਰਵੇ ਲਿਖਣੇ ਹੁੰਦੇ ਹਨ।
ਉਰਮਿਲਾ ਇੱਕ ਸਹਾਇਕ ਨਰਸ (ਏਐੱਨਐੱਮ) ਵੀ ਹਨ, ਜਿਹਦੇ ਵਾਸਤੇ ਉਨ੍ਹਾਂ ਨੇ ਦੋ ਸਾਲਾ ਟ੍ਰੇਨਿੰਗ ਲਈ ਹੈ। ਆਰਐੱਚਓ ਦੇ ਰੂਪ ਵਿੱਚ ਉਨ੍ਹਾਂ ਨੇ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਡਾਇਰੈਕਟੋਰੇਟ ਦੁਆਰਾ ਅਯੋਜਿਤ ਹੋਰ ਵੀ ਸਿਖਲਾਈ ਕੈਂਪਾਂ ਵਿੱਚ ਹਿੱਸਾ ਲਿਆ ਹੈ ਜੋ ਸਾਲ ਵਿੱਚ ਕਰੀਬ ਪੰਜ ਵਾਰ ਲੱਗਦਾ ਹੈ ਅਤੇ 1 ਤੋਂ 3 ਰੋਜ਼ਾ ਹੁੰਦਾ ਹੈ।
ਪੁਰਸ਼ ਆਰਐੱਚਓ ਨੂੰ ਬਹੁ-ਉਦੇਸ਼ੀ ਸਿਹਤ ਕਰਮੀ ਦੇ ਰੂਪ ਵਿੱਚ ਸਿਰਫ਼ ਇੱਕ ਸਾਲ ਦੀ ਟ੍ਰੇਨਿੰਗ ਲੈਣੀ ਪੈਂਦੀ ਹੈ। ਉਰਮਿਲਾ ਕਹਿੰਦੀ ਹਨ,''ਇਹ ਸਹੀ ਨਹੀਂ ਹੈ। ਅਸੀਂ ਇੱਕੋ ਕੰਮ ਕਰਦੇ ਹਾਂ ਇਸਲਈ ਸਿਖਲਾਈ ਵੀ ਇੱਕੋ ਜਿਹੀ ਹੀ ਹੋਣੀ ਚਾਹੀਦੀ ਹੈ ਅਤੇ ਇੰਝ ਕਿਉਂ ਹੈ ਕਿ ਮੈਨੂੰ ਮਰੀਜ਼ 'ਸਿਸਟਰ' ਕਹਿੰਦੇ ਹਨ ਅਤੇ ਪੁਰਸ਼ ਆਰਐੱਚਓ ਨੂੰ 'ਡਾਕਟਰ' ਸਾਹਬ ਕਹਿ ਕੇ ਬੁਲਾਉਂਦੇ ਹਨ? ਤੁਹਾਨੂੰ ਆਪਣੀ ਸਟੋਰੀ ਵਿੱਚ ਇਸ ਗੱਲ ਦਾ ਜ਼ਿਕਰ ਕਰਨਾ ਚਾਹੀਦਾ ਹੈ!''
ਹੁਣ ਬੱਚੇ ਆਪੋ-ਆਪਣੀਆਂ ਜਮਾਤਾਂ ਵਿੱਚ ਮੁੜ ਆਏ ਹਨ ਅਤੇ ਵਰਣਮਾਲ਼ਾ ਦਾ ਪਾਠ ਕਰ ਰਹੇ ਹਨ। ਸੁਹਾਨੀ ਨੂੰ ਦਵਾਈ ਖਾਣ ਬਾਅਦ ਹਲਕੀ ਜਿਹੀ ਝਪਕੀ ਲੈਂਦਿਆਂ ਦੇਖ, ਉਰਮਿਲਾ, ਸੁਹਾਨੀ ਦੀ ਦਾਦੀ ਨਾਲ਼ ਗੱਲਬਾਤ ਕਰਨ ਲਈ ਮੁੜਦੀ ਹਨ ਅਤੇ ਗੋਂਡੀ ਵਿੱਚ ਮਲੇਰੀਆ ਦੇ ਇਲਾਜ ਅਤੇ ਪੋਸ਼ਣ ਬਾਰੇ ਕੁਝ ਸੁਝਾਅ ਦੱਸਣ ਲੱਗਦੀ ਹਨ। ਨਰਾਇਣਪੁਰ ਜ਼ਿਲ੍ਹੇ ਦੇ 78 ਫ਼ੀਸਦ ਨਿਵਾਸੀ ਗੋਂਡ ਭਾਈਚਾਰੇ ਦੇ ਹਨ।
''ਮੈਂ ਉਨ੍ਹਾਂ ਵਿੱਚੋਂ ਇੱਕ (ਗੋਂਡ) ਹਾਂ। ਉਰਮਿਲਾ ਕਹਿੰਦੀ ਹਨ, ਮੈਂ ਗੋਂਡੀ, ਹਲਬੀ, ਛੱਤੀਸਗੜ੍ਹੀ ਅਤੇ ਹਿੰਦੀ ਬੋਲ ਸਕਦੀ ਹਾਂ। ਲੋਕਾਂ ਨੂੰ ਆਪਣੀ ਗੱਲ ਸਮਝਾਉਣ ਲਈ ਮੈਨੂੰ ਇਨ੍ਹਾਂ ਦੀ ਲੋੜ ਪੈਂਦੀ ਹੈ। ਮੈਨੂੰ ਅੰਗਰੇਜ਼ੀ ਬੋਲਣ ਵਿੱਚ ਥੋੜ੍ਹੀ ਸਮੱਸਿਆ ਆਉਂਦੀ ਹੈ, ਪਰ ਮੈਂ ਸਮਝ ਲੈਂਦੀ ਹਾਂ।''
ਉਨ੍ਹਾਂ ਨੂੰ ਆਪਣੀ ਨੌਕਰੀ ਦਾ ਸਭ ਤੋਂ ਵਧੀਆ ਪੱਖ ਲੋਕਾਂ ਨਾਲ਼ ਰਾਬਤਾ ਬਣਾਉਣਾ ਲੱਗਦਾ ਹੈ। ਉਹ ਕਹਿੰਦੀ ਹਨ,''ਮੈਨੂੰ ਆਪਣੇ ਕੰਮ ਦਾ ਉਹ ਹਿੱਸਾ ਪਸੰਦ ਹੈ ਜਦੋਂ ਮੈਂ ਲੋਕਾਂ ਨਾਲ਼ ਮਿਲ਼ਦੀ ਹਾਂ ਅਤੇ ਉਨ੍ਹਾਂ ਦੇ ਘਰ ਵੀ ਜਾਂਦੀ ਹਾਂ। ਮੈਂ ਹਰ ਦਿਨ 20 ਤੋਂ 60 ਲੋਕਾਂ ਨਾਲ਼ ਮਿਲ਼ਦੀ ਹਾਂ। ਮੈਨੂੰ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸੁਣਨਾ ਅਤੇ ਉਨ੍ਹਾਂ ਦੇ ਜੀਵਨ ਬਾਰੇ ਜਾਣਨਾ ਚੰਗਾ ਲੱਗਦਾ ਹੈ।'' ਉਹ ਹੱਸਦੀ ਹੋਈ ਅੱਗੇ ਕਹਿੰਦੀ ਹਨ,''ਮੈਂ ਲੈਕਚਰ ਨਹੀਂ ਦਿੰਦੀ, ਘੱਟੋ-ਘੱਟ ਮੈਨੂੰ ਤਾਂ ਇੰਝ ਨਹੀਂ ਲੱਗਦਾ!''
ਦੁਪਹਿਰ ਦੇ 1 ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਉਰਮਿਲਾ ਨੇ ਸਵੇਰੇ ਤਾਜ਼ੀ ਬਣਾਈ ਰੋਟੀ ਅਤੇ ਹਰੇ ਸਬਜ਼ੀ ਵਾਲ਼ਾ ਆਪਣਾ ਡੱਬਾ ਖੋਲ੍ਹਿਆ। ਉਹ ਕਾਹਲੀ-ਕਾਹਲੀ ਭੋਜਨ ਨਿਗਲ਼ਣਾ ਚਾਹੁੰਦੀ ਹਨ ਤਾਂਕਿ ਉਨ੍ਹਾਂ ਦੀ ਟੀਮ ਘਰਾਂ ਦੇ ਦੌਰੇ ਵਾਸਤੇ ਨਿਕਲ਼ ਸਕੇ। ਉਰਮਿਲਾ, ਸਾਵਿਤਰੀ (ਜੋ ਹਲਬੀ ਆਦਿਵਾਸੀ ਭਾਈਚਾਰੇ ਨਾਲ਼ ਸਬੰਧ ਰੱਖਦੀ ਹਨ) ਦੇ ਨਾਲ਼, ਬਗ਼ੈਰ ਗੇਅਲ ਵਾਲ਼ੇ ਆਪਣੇ ਸਕੂਟਰ 'ਤੇ ਸਵਾਰ ਹੋ ਹਰ ਰੋਜ਼ ਕਰੀਬ 30 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹਨ। ਇੱਕ ਪਿੰਡ ਤੋਂ ਦੂਸਰੇ ਪਿੰਡ ਦਾ ਰਸਤਾ ਸੰਘਣੇ ਜੰਗਲ ਵਿੱਚੋਂ ਦੀ ਹੋ ਕੇ ਜਾਂਦਾ ਹੈ ਇਸ ਕਰਕੇ ਦੋ ਜਣਿਆਂ ਦਾ ਇਕੱਠੇ ਹੋਣਾ ਜ਼ਰੂਰੀ ਬਣਦਾ ਹੈ।
ਇਸ ਤਰ੍ਹਾਂ ਅੱਗੇ ਵੱਧਦਿਆਂ, ਉਰਮਿਲਾ ਅਤੇ ਉਨ੍ਹਾਂ ਦੀ ਟੀਮ ਆਪਣੇ ਕੰਮ ਦੌਰਾਨ 10 ਤੋਂ 16 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਛੇ ਪਿੰਡਾਂ ਦੇ ਕਰੀਬ 2,500 ਲੋਕਾਂ ਦੀ ਸਿਹਤ ਸਬੰਧੀ ਲੋੜਾਂ ਨੂੰ ਪੂਰਿਆਂ ਕਰਦੀ ਹੈ। ਉਹ ਜਿਹੜੇ 390 ਘਰਾਂ ਵਿੱਚ ਜਾਂਦੇ ਹਨ ਉਨ੍ਹਾਂ ਵਿੱਚੋਂ ਬਹੁਤੇਰੇ ਪਰਿਵਾਰ ਗੋਂਡ ਅਤੇ ਹਲਬੀ ਆਦਿਵਾਸੀ ਹਨ, ਜਦੋਂ ਕਿ ਬਾਕੀ ਦੇ ਕੁਝ ਪਰਿਵਾਰ ਦਲਿਤ ਭਾਈਚਾਰੇ ਦੇ ਹਨ।
ਉਨ੍ਹਾਂ ਦੀ ਮਹੀਨੇਵਾਰ ਫ਼ੇਰੀ, ਜਿਨ੍ਹਾਂ ਨੂੰ ' ਗ੍ਰਾਮੀਣ ਸਿਹਤ ਸਵੱਥਯਾ ਆਹਾਰ ਦਿਵਸ ' (ਗ੍ਰਾਮੀਣ ਸਿਹਤ, ਸਵੱਛਤਾ ਅਤੇ ਪੋਸ਼ਣ ਦਿਵਸ) ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਮਹੀਨੇ ਦੀ ਇੱਕ ਤੈਅ ਮਿਤੀ ਨੂੰ ਅਲੱਗ-ਥਲੱਗ ਖੇਤਰਾਂ ਵਿੱਚ ਅਯੋਜਿਤ ਕੀਤਾ ਜਾਂਦਾ ਹੈ। ਇਸ ਦਿਨ, ਉਰਮਿਲਾ ਅਤੇ ਉਨ੍ਹਾਂ ਦੇ ਸਹਿਯੋਗੀ (ਇੱਕ ਪੁਰਸ਼ ਅਤੇ ਮਹਿਲਾ ਆਰਐੱਚਓ) ਟੀਕਾਕਰਨ, ਜਨਮ ਪੰਜੀਕਰਣ ਅਤੇ ਜੱਚਾ-ਬੱਚਾ ਸਿਹਤ ਸੰਰਖਣ ਜਿਹੇ 28 ਰਾਸ਼ਟਰੀ ਪ੍ਰੋਗਰਾਮਾਂ ਵਿੱਚੋਂ ਕਈ ਕਈ ਪ੍ਰੋਗਰਾਮਾਂ ਵਿੱਚ ਜ਼ਮੀਨੀਂ ਕੰਮਾਂ ਦੀ ਜਾਂਚ ਕਰਦੇ ਹਨ।
ਕੰਮਾਂ ਦੀ ਸੂਚੀ ਲੰਬੀ ਹੈ- ਉਰਮਿਲਾ ਅਤੇ ਬਾਕੀ ਆਰਐੱਚਓ ਹੀ ਜਨਤਕ ਸਿਹਤ ਪ੍ਰਣਾਲੀ ਨੂੰ ਜ਼ਮੀਨੀ ਬਣਾਉਂਦੇ ਹਨ ਅਤੇ ਸਾਰੇ ਕੰਮ ਕਰਦੇ ਹਨ। ਇਨ੍ਹਾਂ ਸਿਰ ਹੀ ਸੁਪਰਵਾਈਜ਼ਰ, ਸੈਕਟਰ ਦੇ ਡਾਕਟਰ, ਬਲਾਕ ਮੈਡੀਕਲ ਅਫ਼ਸਰ ਅਤੇ ਹਰ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਧਿਕਾਰੀ ਨਿਰਭਰ ਕਰਦੇ ਹਨ।
ਸੀਐੱਮਓ ਡਾ. ਗੋਟਾ ਕਹਿੰਦੇ ਹਨ,''ਆਰਐੱਚਓ ਹੀ ਫ਼ਰੰਟਲਾਈਨ ਸਿਹਤ ਕਰਮੀ ਹਨ ਅਤੇ ਉਹ ਸਿਹਤ ਢਾਂਚੇ ਦਾ ਚਿਹਰਾ ਵੀ ਹਨ। ਉਨ੍ਹਾਂ ਬਗ਼ੈਰ ਅਸੀਂ ਬੇਵੱਸ ਅਤੇ ਲਾਚਾਰ ਹਾਂ।'' ਉਹ ਅੱਗੇ ਕਹਿੰਦੇ ਹਨ,''ਨਰਾਇਣਪੁਰ ਜ਼ਿਲ੍ਹੇ ਦੀਆਂ 74 ਮਹਿਲਾ ਆਰਐੱਚਓ ਅਤੇ 66 ਪੁਰਸ਼ ਆਰਐੱਚਓ, ਜੱਚਾ-ਬੱਚਾ ਸਿਹਤ, ਮਾਨਿਸਕ ਸਿਹਤ, ਟੀਬੀ, ਕੋਹੜ ਰੋਗ ਅਤੇ ਅਨੀਮਿਆ ਜਿਹੀਆਂ ਬੀਮਾਰੀਆਂ 'ਤੇ ਲਗਾਤਾਰ ਨਜ਼ਰ ਬਣਾਈ ਰੱਖਦੇ ਹਨ। ਉਨ੍ਹਾਂ ਦਾ ਕੰਮ ਲਗਾਤਾਰ ਜਾਰੀ ਰਹਿੰਦਾ ਹੈ।''
ਕੁਝ ਦਿਨਾਂ ਬਾਅਦ, ਹਲਮੀਨੂਨਮੇਟਾ ਤੋਂ ਕਰੀਬ 16 ਕਿਲੋਮੀਟਰ ਦੂਰ, ਮਾਲੇਚੁਰ ਪਿੰਡ ਦੇ 'ਸਿਹਤ, ਸਵੱਛਤਾ ਅਤੇ ਪੋਸ਼ਣ ਦਿਵਸ' ਮੌਕੇ ਉਰਮਿਲਾ ਕਰੀਬ 15 ਔਰਤਾਂ ਨੂੰ ਸਲਾਹ ਦਿੰਦੀ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਛੋਟੀਆਂ ਬੱਚੀਆਂ ਹਨ।
ਉਡੀਕ ਕਰਨ ਵਾਲ਼ੇ ਮਰੀਜ਼ਾਂ ਵਿੱਚੋਂ ਇੱਕ ਹਨ ਫੁਲਕੁਵਰ ਕਾਂਰਗਾ, ਜੋ ਗੰਡਾ ਭਾਈਚਾਰੇ (ਛੱਤੀਸਗੜ੍ਹ ਵਿੱਚ ਪਿਛੜੀ ਜਾਤੀ ਵਜੋਂ ਸੂਚੀਬੱਧ ਹਨ) ਤੋਂ ਹਨ। ਕੁਝ ਦਿਨ ਪਹਿਲਾਂ ਜਦੋਂ ਉਰਮਿਲਾ ਇੱਥੇ ਫੀਲਡ ਫੇਰੀ 'ਤੇ ਸਨ ਤਾਂ ਫੁਲਕੁਵਰ ਨੇ ਉਨ੍ਹਾਂ ਨੂੰ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੋਣ ਬਾਰੇ ਦੱਸਿਆ ਸੀ। ਉਰਮਿਲਾ ਨੂੰ ਸ਼ੱਕ ਹੋਇਆ ਕਿ ਫੁਲਕੁਵਰ ਨੂੰ ਅਨੀਮਿਆ ਹੈ, ਇਸਲਈ ਉਨ੍ਹਾਂ ਨੂੰ ਆਇਰਨ ਦੀਆਂ ਗੋਲ਼ੀਆਂ ਲੈਣ ਦੀ ਸਲਾਹ ਦਿੱਤੀ ਸੀ ਅਤੇ ਉਹ ਅੱਜ ਆਇਰਨ ਦੀਆਂ ਗੋਲ਼ੀਆਂ ਲੈਣ ਆਈ ਸਨ। ਦੁਪਹਿਰ ਦੇ ਕਰੀਬ 2 ਵੱਜ ਚੁੱਕੇ ਹਨ ਅਤੇ ਦਿਨ ਦੀ ਅਖ਼ੀਰਲੀ ਮਰੀਜ਼ ਉਹੀ ਹਨ।
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-4 (2015-16) ਦੇ ਮੁਤਾਬਕ, ਛੱਤੀਸਗੜ੍ਹ ਅੰਦਰ 15-49 ਸਾਲ ਉਮਰ ਵਰਗ ਦੀਆਂ ਲਗਭਗ ਅੱਧੀ (47 ਫ਼ੀਸਦ) ਔਰਤਾਂ ਨੂੰ ਅਨੀਮਿਆ ਹੈ ਅਤੇ ਇਸੇ ਕਾਰਨ ਕਰਕੇ ਰਾਜ ਦੇ 42 ਫ਼ੀਸਦ ਬੱਚਿਆਂ ਨੂੰ ਵੀ ਅਨੀਮਿਆ ਹੈ।
ਉਰਮਿਲਾ ਦਾ ਕਹਿਣਾ ਹੈ ਕਿ ਇਸ ਹਾਲਤ ਦਾ ਸਾਹਮਣਾ ਕਰ ਰਹੀਆਂ ਅੱਲ੍ਹੜ ਉਮਰ ਦੀਆਂ ਕੁੜੀਆਂ ਦਾ ਵਿਆਹ ਤੋਂ ਪਹਿਲਾਂ ਵੀ ਇਸ ਸਮੱਸਿਆਂ ਨਾਲ਼ ਨਜਿੱਠਣਾ ਸੌਖਾ ਨਹੀਂ ਹੁੰਦਾ। ਆਪਣੇ ਰਜਿਸਟਰ ਵਿੱਚ ਅਖ਼ੀਰਲੇ ਕੁਝ ਵੇਰਵੇ ਲਿਖਦੇ ਹੋਏ ਉਹ ਕਹਿੰਦੀ ਹਨ,''ਕੁੜੀਆਂ ਦਾ ਵਿਆਹ 16 ਜਾਂ 17 ਸਾਲ ਦੀ ਉਮਰੇ ਹੋ ਜਾਂਦਾ ਹੈ ਅਤੇ ਉਹ ਸਾਡੇ ਕੋਲ਼ ਉਦੋਂ ਆਉਂਦੀਆਂ ਹਨ ਜਦੋਂ ਉਨ੍ਹਾਂ ਦੀ ਮਾਹਵਾਰੀ ਦੇ ਕੁਝ ਕੁਝ ਮਹੀਨੇ ਛੁੱਟ ਗਏ ਹੁੰਦੇ ਹਨ ਅਤੇ ਉਨ੍ਹਾਂ ਦੇ ਗਰਭਵਤੀ ਹੋਣ ਦੀ ਸੰਭਾਵਨਾ ਹੁੰਦੀ ਹੈ। ਮੈਂ ਉਨ੍ਹਾਂ ਨੂੰ ਪ੍ਰਸਵ ਤੋਂ ਪਹਿਲਾਂ ਲੋੜੀਂਦੀਆਂ ਆਇਰਨ ਅਤੇ ਫ਼ੌਲਿਕ ਐਸਿਡ ਜਿਹੀਆਂ ਸਪਲੀਮੈਂਟ ਨਹੀਂ ਦੇ ਪਾਉਂਦੀ।''
ਗਰਭਨਿਰੋਧਕ ਦੀ ਸਲਾਹ ਦੇਣਾ ਉਰਮਿਲਾ ਦੇ ਕੰਮ ਦਾ ਇੱਕ ਵੱਡਾ ਹਿੱਸਾ ਹੈ ਅਤੇ ਉਹ ਚਾਹੁੰਦੀ ਹਨ ਕਿ ਇਹਦਾ ਵੱਧ ਅਸਰ ਹੋਵੇ। ਉਹ ਕਹਿੰਦੀ ਹਨ,''ਮੈਂ ਕੁੜੀਆਂ ਨੂੰ ਵਿਆਹ ਤੋਂ ਪਹਿਲਾਂ ਕਦੇ ਦੇਖ ਹੀ ਨਹੀਂ ਪਾਉਂਦੀ, ਇਸਲਈ ਗਰਭ-ਅਵਸਥਾ ਵਿੱਚ ਦੇਰੀ ਕਰਨ ਜਾਂ ਵਕਫ਼ਾ ਰੱਖਣ ਨੂੰ ਲੈ ਕੇ ਗੱਲ ਕਰਨਾ ਸਮਾਂ ਹੀ ਨਹੀਂ ਮਿਲ਼ਦਾ।'' ਉਰਮਿਲਾ ਅੱਲ੍ਹੜ ਕੁੜੀਆਂ ਨਾਲ਼ ਗੱਲ ਕਰਨ ਲਈ, ਮਹੀਨੇ ਵਿੱਚ ਘੱਟੋ-ਘੱਟ ਸਕੂਲ ਫ਼ੇਰੀ ਜ਼ਰੂਰ ਲਾਉਂਦੀ ਹਨ ਅਤੇ ਵੱਡੀ ਉਮਰ ਦੀਆਂ ਔਰਤਾਂ ਨੂੰ ਵੀ ਗੱਲ਼ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੀ ਹਨ ਅਤੇ ਉਨ੍ਹਾਂ ਨੂੰ ਇਸ ਉਮੀਦ ਨਾਲ਼ ਸਲਾਹ ਦਿੰਦੀ ਹਨ ਕਿ ਜਦੋਂ ਵੀ ਉਹ ਇਨ੍ਹਾਂ ਅੱਲ੍ਹੜ ਕੁੜੀਆਂ ਨੂੰ ਮਿਲ਼ਣ (ਪਾਣੀ ਭਰਨ ਵੇਲ਼ੇ ਜਾਂ ਪੱਠੇ ਲੈਣ ਦੌਰਾਨ) ਤਾਂ ਉਨ੍ਹਾਂ ਨੂੰ ਥੋੜ੍ਹੀ ਬਹੁਤ ਜਾਣਕਾਰੀ ਦੇਣ।
ਜਦੋਂ ਉਰਮਿਲਾ ਨੇ ਸਾਲ 2006 ਵਿੱਚ ਇੱਕ ਆਰਐੱਚਓ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਤਾਂ 52 ਸਾਲਾ ਫੁਲਕੁਵਰ (ਮੌਜੂਦਾ ਉਮਰ) ਪਹਿਲੀ ਔਰਤ ਸਨ ਜੋ ਗਰਭਵਤੀ ਹੋਣ ਤੋਂ ਬਚਣ ਵਾਸਤੇ ਨਸਬੰਦੀ ਕਰਾਉਣ ਲਈ ਰਾਜ਼ੀ ਹੋਈ ਸਨ। ਉਨ੍ਹਾਂ ਨੇ 10 ਸਾਲਾਂ ਦੌਰਾਨ ਚਾਰ ਮੁੰਡਿਆਂ ਅਤੇ ਇੱਕ ਕੁੜੀ ਨੂੰ ਜਨਮ ਦਿੱਤਾ ਸੀ। ਇਹ ਜਾਣਦੇ ਹੋਏ ਕਿ ਉਨ੍ਹਾਂ ਦੇ ਵੱਧਦੇ ਪਰਿਵਾਰ ਦਾ ਅਸਰ ਉਨ੍ਹਾਂ ਦੀ ਕੁਝ ਵਿਘੇ ਜ਼ਮੀਨ 'ਤੇ ਵੀ ਪਵੇਗਾ ਹੀ, ਸੋ ਉਹ ਇੱਕ ਵਾਰ ਫਿਰ ਗਰਭਵਤੀ ਨਹੀਂ ਸੀ ਹੋਣਾ ਚਾਹੁੰਦੀ। ਫੁਲਕੁਵਰ ਚੇਤੇ ਕਰਦਿਆਂ ਕਹਿੰਦੀ ਹਨ ਕਿ ''ਮੇਰੇ ਓਪਰੇਸ਼ਨ ਦਾ ਪ੍ਰਬੰਧ ਕਰਨ ਤੋਂ ਲੈ ਕੇ ਮੈਨੂੰ ਨਰਾਇਣਪੁਰ ਦੇ ਜ਼ਿਲ੍ਹਾ ਹਸਪਤਾਲ ਲੈ ਜਾਣ ਤੱਕ, ਉਰਮਿਲਾ ਹਰ ਥਾਵੇਂ ਮੇਰੇ ਨਾਲ਼ ਹੀ ਸਨ। ਉਹ ਮੇਰੇ ਨਾਲ਼ ਹੀ ਹਸਪਤਾਲ ਰੁੱਕਦੀ ਵੀ ਰਹੀ ਅਤੇ ਅਗਲੇ ਦਿਨ ਮੈਨੂੰ ਘਰ ਵਾਪਸ ਲੈ ਆਈ।''
ਦੋਵਾਂ ਔਰਤਾਂ ਵਿਚਾਲੇ ਦੋਸਤੀ ਦਾ ਰਿਸ਼ਤਾ ਬਣਿਆ ਰਿਹਾ। ਜਦੋਂ ਫੁਲਕੁਵਰ ਨੇ ਪੁੱਤਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ ਦੇ ਪਹਿਲੇ ਬੱਚਿਆਂ ਦਾ ਜਨਮ ਹੋਇਆ। ਉਹ ਆਪਣੀਆਂ ਦੋਵਾਂ ਨੂੰਹਾਂ ਨੂੰ ਉਰਮਿਲਾ ਕੋਲ਼ ਲੈ ਕੇ ਗਈ ਅਤੇ ਉਰਮਿਲਾ ਨੇ ਉਨ੍ਹਾਂ ਨੂੰ ਦੂਸਰੀ ਵਾਰ ਗਰਭਵਤੀ ਹੋਣ ਵਿੱਚ ਰੱਖੇ ਜਾਂਦੇ ਅੰਤਰ ਦਾ ਮਹੱਤਵ ਸਮਝਾਇਆ।
ਫੁਲਕੁਵਰ ਜਾਣ ਲਈ ਤਿਆਰ ਹੁੰਦੀ ਹੋਈ ਅਤੇ ਆਇਰਨ ਦੀਆਂ ਗੋਲ਼ੀਆਂ ਨੂੰ ਨੇਫ਼ੇ ਵਿੱਚ ਬੰਨ੍ਹਦੀ ਹੋਈ ਅਤੇ ਸਾੜੀ ਠੀਕ ਕਰਦਿਆਂ ਕਹਿੰਦੀ ਹਨ,''ਮੈਂ ਹਰ ਦੋ ਸਾਲਾਂ ਵਿੱਚ ਗਰਭਵਤੀ ਹੋ ਜਾਂਦੀ ਸਾਂ ਅਤੇ ਮੈਨੂੰ ਪਤਾ ਹੈ ਕਿ ਇਹਦਾ ਕੀ ਅਸਰ ਪੈਂਦਾ ਹੈ।'' ਉਨ੍ਹਾਂ ਦੀਆਂ ਦੋਹਾਂ ਨੂੰਹਾਂ ਨੂੰ ਕਾਪਰ-ਟੀ ਲਗਵਾਈ ਹੋਈ ਹੈ ਅਤੇ ਦੋਵਾਂ ਨੇ ਦੋਬਾਰਾ ਗਰਭਵਤੀ ਹੋਣ ਲਈ 3 ਸਾਲ ਤੋਂ 6 ਸਾਲ ਤੱਕ ਉਡੀਕ ਕੀਤੀ।
ਉਰਮਿਲਾ ਇੱਕ ਸਾਲ ਅੰਦਰ, 18 ਸਾਲ ਜਾਂ ਉਸ ਤੋਂ ਘੱਟ ਉਮਰ ਦੀਆਂ ਕੁਆਰੀਆਂ ਕੁੜੀਆਂ ਅੰਦਰ ਗਰਭਧਾਰਨ ਦੇ ਘੱਟ ਤੋਂ ਘੱਟ ਤਿੰਨ ਮਾਮਲੇ ਦੇਖਦੀ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਕੁੜੀਆਂ ਨੂੰ ਉਨ੍ਹਾਂ ਦੀਆਂ ਮਾਵਾਂ ਲੈ ਕੇ ਆਉਂਦੀਆਂ ਹਨ ਅਤੇ ਉਨ੍ਹਾਂ ਦੇ ਛੇਤੀ ਤੋਂ ਛੇਤੀ ਗਰਭਪਾਤ ਕਰਵਾਉਣਾ ਚਾਹੁੰਦੀਆਂ ਹਨ। ਗਰਭਪਾਤ ਆਮ ਤੌਰ 'ਤੇ ਜ਼ਿਲ੍ਹਾ ਹਸਪਤਾਲ ਵਿੱਚ ਕੀਤਾ ਜਾਂਦਾ ਹੈ। ਉਰਮਿਲਾ ਦਾ ਕਹਿਣਾ ਹੈ ਕਿ ਉਹ (ਕੁੜੀਆਂ) ਆਪਣੀ ਹਾਲਤ ਬਾਰੇ ਉਨ੍ਹਾਂ ਦੇ ਨਾਲ਼ ਲੁਕਣ-ਮੀਚੀ ਵਾਲ਼ੀ ਖੇਡ ਖੇਡਦੀਆਂ ਹਨ। ਉਹ ਕਹਿੰਦੀ ਹਨ,''ਜਿਓਂ ਹੀ ਮੈਂ ਉਨ੍ਹਾਂ ਦੇ ਗਰਭ ਦੀ ਪੁਸ਼ਟੀ ਕਰਦੀ ਹਾਂ ਉਹ ਗੁੱਸੇ ਨਾਲ਼ ਇਸ ਗੱਲ ਨੂੰ ਨਕਾਰ ਦਿੰਦੀਆਂ ਹਨ ਅਤੇ ਸਿਰਾਹਾ (ਸਥਾਨਕ ਵੈਦ) ਕੋਲ਼ ਚਲੀਆਂ ਜਾਂਦੀਆੰ ਹਨ ਜਾਂ ਉਹ ਮੰਦਰਾਂ ਵਿੱਚ ਜਾ ਕੇ 'ਦੋਬਾਰਾ' ਮਾਹਵਾਰੀ ਸ਼ੁਰੂ ਕਰਨ ਦੀ ਪ੍ਰਾਰਥਨਾ ਕਰਦੀਆਂ ਹਨ।'' ਐੱਨਐੱਫ਼ਐੱਚਐੱਸ-4 ਮੁਤਾਬਕ ਰਾਜ ਅੰਦਰ 45 ਫ਼ੀਸਦ ਗਰਭਪਾਤ ਘਰੇ ਹੀ ਕੀਤੇ ਜਾਂਦੇ ਹਨ।
ਆਰਐੱਚਓ ਆਪਣੀਆਂ ਸਭ ਤੋਂ ਤਿੱਖੀਆਂ ਟਿੱਪਣੀਆਂ ਉਨ੍ਹਾਂ ਪੁਰਖ਼ਾਂ 'ਤੇ ਕਰਦੀਆਂ ਜੋ ਕਦੇ ਵੀ ਉਨ੍ਹਾਂ ਕੋਲ਼ ਨਹੀਂ ਆਉਂਦੇ। ਉਹ ਕਹਿੰਦੀ ਹਨ,''ਉਹ ਬਾਮੁਸ਼ਕਲ ਹੀ ਕਦੇ ਇੱਥੇ (ਐੱਸਐੱਚਸੀ) ਆਉਂਦੇ ਹੋਣ। ਪੁਰਖ਼ ਸੋਚਦੇ ਹਨ ਕਿ ਗਰਭਅਵਸਥਾ ਤਾਂ ਔਰਤਾਂ ਦੀ ਪਰੇਸ਼ਾਨੀ ਹੈ। ਵਿਰਲੇ ਹੀ ਪੁਰਖ਼ ਹਨ ਜੋ ਨਸਬੰਦੀ ਕਰਵਾਉਂਦੇ ਹਨ, ਪਰ ਆਮ ਤੌਰ 'ਤੇ ਤਾਂ ਉਹ ਆਪਣੀਆਂ ਪਤਨੀਆਂ ਸਿਰ ਹੀ ਹਰ ਪਰੇਸ਼ਾਨੀ ਛੱਡਦੇ ਹਨ। ਇੱਥੋਂ ਤੱਕ ਕਿ ਉਹ (ਪਤੀ) ਉਪ-ਕੇਂਦਰਾਂ ਵਿਖੇ ਕੰਡੋਮ ਲਿਆਉਣ ਤੱਕ ਲਈ ਵੀ ਆਪਣੀਆਂ ਪਤਨੀਆਂ ਨੂੰ ਭੇਜ ਦਿੰਦੇ ਹਨ!''
ਉਰਮਿਲਾ ਦਾ ਅੰਦਾਜ਼ਾ ਹੈ ਕਿ ਇੱਕ ਸਾਲ ਅੰਦਰ ਉਨ੍ਹਾਂ ਦੇ ਕਾਰਜ-ਖੇਤਰ ਵਿੱਚ ਇੱਕ ਹੀ ਪੁਰਖ਼ ਨਸਬੰਦੀ ਕਰਵਾਉਂਦਾ ਹੈ। ਉਹ ਅੱਗੇ ਕਹਿੰਦੀ ਹਨ,''ਇਸ ਸਾਲ (2020) ਮੇਰੇ ਪਿੰਡ ਦੇ ਇੱਕ ਵੀ ਆਦਮੀ ਨੇ ਨਸਬੰਦੀ ਨਹੀਂ ਕਰਵਾਈ। ਅਸੀਂ ਸਿਰਫ਼ ਸਲਾਹ ਦੇ ਸਕਦੇ ਹਾਂ, ਅਸੀਂ ਮਜ਼ਬੂਰ ਨਹੀਂ ਕਰ ਸਕਦੇ, ਪਰ ਉਮੀਦ ਇਹੀ ਹੈ ਕਿ ਭਵਿੱਖ ਵਿੱਚ ਹੋਰ ਵੀ ਪੁਰਖ਼ ਅੱਗੇ ਆਉਣਗੇ।''
ਸ਼ਾਮ ਦੇ ਕਰੀਬ 5 ਵੱਜਣ ਵਾਲ਼ੇ ਹਨ ਅਤੇ ਸਵੇਰ ਦੇ 10 ਵਜੇ ਤੋਂ ਸ਼ੁਰੂ ਹੋਇਆ ਇਹ ਦਿਨ ਹੁਣ ਖ਼ਤਮ ਹੋਣ ਵਾਲ਼ਾ ਹੈ। ਉਹ ਹਲਾਮੀਮੂਨਮੇਟਾ ਵਿੱਚ ਆਪਣੇ ਘਰ ਉਸੇ ਸਮੇਂ ਦੇ ਆਸਪਾਸ ਪਰਤਦੀ ਹਨ, ਜਦੋਂ ਉਨ੍ਹਾਂ ਦੇ ਪੁਲਿਕਰਮੀ ਪਤੀ (40 ਸਾਲਾ), ਕਨੱਹੀਆ ਲਾਲ ਦੁੱਗਾ ਵੀ ਘਰ ਮੁੜਦੇ ਹਨ। ਇਸ ਤੋਂ ਬਾਅਦ, ਛੇ ਸਾਲ ਦੀ ਬੇਟੀ ਪਲਕ ਦੇ ਨਾਲ਼ ਬਹਿ ਕੇ ਉਹਦਾ ਹੋਮਵਰਕ ਕਰਵਾਉਣ ਅਤੇ ਘਰ ਦੀ ਕੁਝ ਕੰਮ ਨਬੇੜਨਾ ਦਾ ਸਮਾਂ ਹੋ ਜਾਂਦਾ ਹੈ।
ਉਰਮਿਲਾ ਜਾਣਦੀ ਹਨ ਕਿ ਵੱਡੀ ਹੋ ਕੇ ਉਹ ਆਪਣੇ ਲੋਕਾਂ ਵਾਸਤੇ ਕੁਝ ਨਾ ਕੁਝ ਕਰਨਾ ਚਾਹੁੰਦੀ ਹੈ। ਉਹ ਕਹਿੰਦੀ ਹਨ ਕਿ ਮੈਂ ਆਪਣੇ ਕੰਮ ਨਾਲ਼ ਪਿਆਰ ਕਰਦੀ ਹਾਂ ਭਾਵੇਂ ਕਿ ਇਹ ਕਾਫ਼ੀ ਚੁਣੌਤੀ ਭਰਿਆ ਕੰਮ ਹੈ। ਉਹ ਕਹਿੰਦੀ ਹਨ,''ਇਸ ਕੰਮ ਬਦਲੇ ਮੈਨੂੰ ਬੜਾ ਆਦਰ-ਮਾਣ ਮਿਲ਼ਦਾ ਹੈ। ਮੈਂ ਕਿਸੇ ਵੀ ਪਿੰਡ ਜਾ ਸਕਦੀ ਹਾਂ ਅਤੇ ਲੋਕ ਆਪਣੇ ਘਰਾਂ ਵਿੱਚ ਮੇਰਾ ਸੁਆਗਤ ਕਰਦੇ ਹਨ ਅਤੇ ਮੇਰੀ ਗੱਲ ਵੀ ਸੁਣਦੇ ਹਨ। ਇਹੀ ਮੇਰਾ ਕੰਮ ਹੈ।''
ਤਰਜਮਾ: ਕਮਲਜੀਤ ਕੌਰ