“ਮੈਂ ਕਿਸਾਨ ਹੀ ਹਾਂ, ਉਸਨੇ ਕਦੇ ਖੇਤੀ ਨਹੀਂ ਕੀਤੀ। ਉਹ ਸਿਰਫ਼ ਆਪਣੇ ਪਸ਼ੂਆਂ ਨੂੰ ਪਿਆਰ ਕਰਦਾ ਹੈ, ਉਹ ਉਨ੍ਹਾਂ ਗਾਵਾਂ ਨੂੰ ਪਿਆਰ ਕਰਦਾ ਹੈ (ਭਾਵੇਂ ਹਰ ਗਾਂ ਇੱਕ ਲੀਟਰ ਹੀ ਦੁੱਧ ਹੀ ਦਿੰਦੀ ਹੈ)। ਮਰਦ ਪਿੰਡ ਦੇ ਦੁਆਲੇ ਘੁੰਮਦੇ ਰਹਿੰਦੇ ਹਨ, ਔਰਤਾਂ ਖੇਤੀ ਸੰਭਾਲ਼ਦੀਆਂ ਹਨ।" ਲੀਲਾਬਾਈ ਯਵਤਮਾਲ ਦੇ ਸਭ ਤੋਂ ਮਸ਼ਹੂਰ ਕਿਸਾਨਾਂ ਵਿੱਚੋਂ ਇੱਕ, ਅਸ਼ਨਾ ਤੋਟਾਵਰ ਦੀ ਗੱਲ ਕਰ ਰਹੀ ਹੈ। ਉਹ ਇੱਕ ਅਜਿਹਾ ਵਿਅਕਤੀ ਜਿਸਨੂੰ ਯਵਤਮਾਲ ਵਿਖੇ ਫ਼ਸਲਾਂ ਦੀ ਮੰਦੀ ਦੇ ਸਾਲਾਂ ਵਿੱਚ ਵੀ ਕਪਾਹ ਅਤੇ ਸੋਇਆਬੀਨ ਵਿੱਚ ਰਿਕਾਰਡ ਝਾੜ ਦਾ ਸਿਹਰਾ ਦਿੱਤਾ ਜਾਂਦਾ ਹੈ। ਅਸ਼ਨਾ ਇੱਕ ਨਿਮਰ, ਤਜ਼ਰਬੇਕਾਰ ਵਿਅਕਤੀ ਹੈ ਜਿਸਨੇ 50 ਸਾਲਾਂ ਵਿੱਚ ਵਿਦਰਭ ਖੇਤਰ ਵਿੱਚ ਖੇਤੀ ਨੂੰ ਨੇੜਿਓਂ ਦੇਖਿਆ ਹੈ। ਉਹ ਲੀਲਾਬਾਈ ਦਾ ਪਤੀ ਵੀ ਹੈ। ਇਹ ਜੋੜਾ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦੀ ਇੱਕ ਪ੍ਰਮੁੱਖ ਕਪਾਹ ਮੰਡੀ ਪੰਦਰਕੌਡਾ ਸ਼ਹਿਰ ਦੇ ਨਾਲ ਲੱਗਦੇ ਪਿੰਪਰੀ ਪਿੰਡ ਵਿੱਚ ਰਹਿੰਦਾ ਹੈ।
ਲੀਲਾਬਾਈ ਆਪਣੇ ਪਤੀ ਨੂੰ ਬਹੁਤ ਸਤਿਕਾਰ ਅਤੇ ਪਿਆਰ ਨਾਲ਼ ਰੱਖਦੀ ਹੈ। ਲੀਲਾਬਾਈ ਉਂਝ ਘੱਟ ਪੜ੍ਹੀ ਹੈ ਪਰ ਉਹਨੇ ਆਪਣੇ ਤਜ਼ਰਬੇ ਨਾਲ਼ ਕਾਫ਼ੀ ਕੁਸ਼ਲਤਾ ਤੇ ਸਿਖਲਾਈ ਪ੍ਰਾਪਤ ਕੀਤੀ ਹੈ। ਖੇਤੀ ਨੂੰ ਲੈ ਕੇ ਲੀਲਾ ਹਰ ਮਾਮਲੇ ਬਾਰੇ ਖੁੱਲ੍ਹ ਕੇ ਗੱਲ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ, ਖ਼ਾਸਕਰ ਜਦੋਂ ਖੇਤੀ ਕੌਣ ਕਰ ਰਿਹਾ ਹੈ, ਇਹਦੀ ਗੱਲ ਆਉਂਦੀ ਹੋਵੇ। "ਬਾਈ (ਔਰਤਾਂ)," ਉਹ ਕਹਿੰਦੀ ਹੈ । "ਅਤੇ ਇੰਝ ਉਹ ਹੋਰ ਬਿਹਤਰ ਖੇਤੀ ਕਰ ਪਾਉਣਗੀਆਂ।"
ਦਹਾਕਿਆਂ ਤੋਂ ਮਿਲ ਰਹੀ ਸਫਲਤਾ ਦਾ ਮੁੱਖ ਕਾਰਨ ਹੈ ਉਸ ਦਾ ਗਿਆਨ, ਜੋ ਕਿ ਬਹੁਤ ਪ੍ਰਭਾਵਸ਼ਾਲੀ ਹੈ। ਇਹ ਇਸਲਈ ਕਿਉਂਕਿ ਉਹ ਖੇਤੀ ਤੇ ਵਿੱਤ ਦੋਵਾਂ ਵਿੱਚ ਫੈਸਲਾ ਲੈਣ ਦੀ ਸਲਾਹੀਅਤ ਰੱਖਦੀ ਸੀ।
ਅਸੀਂ ਲੀਲਾਬਾਈ ਨੂੰ ਲਲਿਤਾ ਆਨੰਦਰਾਓ ਗੰਧੇਵਾਰ ਦੇ ਘਰ ਮਿਲੇ। ਲਲਿਤਾ ਦੇ ਪਤੀ, ਨਾਮਦੇਵ ਨੇ ਇਸ ਸਾਲ 20 ਮਈ ਨੂੰ ਖੁਦਕੁਸ਼ੀ ਕਰ ਲਈ, ਤੇ ਉਹ ਮਹਾਰਾਸ਼ਟਰ ਦੇ ਕਿਸਾਨ ਖੁਦਕੁਸ਼ੀਆਂ ਦੇ ਡਰਾਉਣੇ ਅੰਕੜਿਆਂ ਦਾ ਇੱਕ ਹੋਰ ਅੰਕ (ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਅਨੁਸਾਰ ਪਿਛਲੇ ਸਾਲ ਇਹ ਗਿਣਤੀ 3,786 ਤੋਂ ਘੱਟ ਨਹੀਂ) ਬਣ ਗਏ। ਅਸ਼ਨਾ ਵੀ ਗੰਧੇਵਾਰ ਦੇ ਘਰ ਹੀ ਸੀ।
ਕਿਹੜੀ ਮਜ਼ਬੂਰੀ ਸੀ ਜਿਹਨੇ ਨਾਮਦੇਓ ਨੂੰ ਆਤਮਹੱਤਿਆ ਲਈ ਉਕਸਾਇਆ, ਲਲਿਤਾ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਮੰਨੀ-ਪ੍ਰਮੰਨੀ ਕਿਸਾਨ ਅਸ਼ਨਾ ਨਾਲ ਗੱਲਬਾਤ ਕੀਤੀ। ਲੀਲਾਬਾਈ ਫ਼ਰਸ਼ 'ਤੇ ਬੈਠੀ ਹੋਈ ਸੀ, ਹਨ੍ਹੇਰੇ ਵਿੱਚ ਡੁੱਬੇ ਘਰ ਦੇ ਅਗਲੇ ਕਮਰੇ ਵਿੱਚ, ਇਸ ਲਈ ਅਸੀਂ ਉਸਨੂੰ ਦੇਖ ਵੀ ਨਾ ਸਕੇ। ਪਰ ਉਹਨੇ ਆਪਣੀ ਗੱਲ ਕਹਿ ਸੁਣਾਈ ਤੇ ਸਾਡੀ ਅਗਿਆਨਤਾ ਨੂੰ ਦੂਰ ਕਰਨ ਲਈ ਖੁੱਲ੍ਹ ਕੇ ਬੋਲਿਆ।
ਖੇਤਾਂ ਵਿੱਚ
“ਸਾਨੂੰ ਵਧੇਰੇ ਸੂਝਬੂਝ ਵਾਲ਼ੀ ਖੇਤੀ ਵੱਲ ਵਾਪਸ ਜਾਣ ਦੀ ਸਖ਼ਤ ਲੋੜ ਹੈ। ਕਾਸ਼ਤ ਦੀ ਵੱਧਦੀ ਲਾਗਤ ਅਤੇ ਉਪਜ ਦੀ ਘਟਦੀ ਸਹੀ ਕੀਮਤ ਹੀ ਸਾਨੂੰ ਮਾਰ ਰਹੀ।"
ਬਾਅਦ ਵਿੱਚ, ਆਪਣੇ ਘਰ ਵਿੱਚ, ਲੀਲਾਬਾਈ ਨੇ ਸਾਨੂੰ ਆਪਣੀ ਕਹਾਣੀ ਸੁਣਾਈ।
"ਜਦੋਂ ਅਸੀਂ ਕੰਮ ਸ਼ੁਰੂ ਕੀਤਾ, ਉਦੋਂ ਕੁਝ ਥਾਵਾਂ 'ਤੇ 10,000 ਰੁਪਏ ਵਿੱਚ 40 ਏਕੜ ਜ਼ਮੀਨ ਪ੍ਰਾਪਤ ਕਰਨੀ ਸੰਭਵ ਸੀ। ਅੱਜ, ਤੁਹਾਨੂੰ ਕਿਤੇ 40,000 ਰੁਪਏ ਵਿੱਚ ਵੀ ਇੱਕ ਏਕੜ ਜ਼ਮੀਨ ਤੱਕ ਨਹੀਂ ਮਿਲੇਗੀ।
“ਜਿਸ ਕਿਸਮ ਦੇ ਇਨਪੁਟਸ ਅਸੀਂ ਹੁਣ ਵਰਤਦੇ ਹਾਂ ਉਹ ਗੰਭੀਰ ਸਮੱਸਿਆਵਾਂ ਨੂੰ ਸੱਦਾ ਦਿੰਦੇ ਹਨ । ਉਦਾਹਰਣ ਵਜੋਂ, ਨਦੀਨਨਾਸ਼ਕ, ਜੋ ਘਾਹ ਨੂੰ ਕੰਟਰੋਲ ਨਹੀਂ ਕਰ ਰਿਹਾ ਬਲਕਿ ਇਹ ਪੌਦਿਆਂ ਤੇ ਮਿੱਟੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਸੇ ਤਰ੍ਹਾਂ ਹੋਰ ਰਸਾਇਣ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਰਹੇ ਹਨ। ਅਸੀਂ ਮਿੱਟੀ ਨੂੰ ਮਾਰ ਰਹੇ ਹਾਂ।
“ਦਸ ਸਾਲ ਪਹਿਲਾਂ, ਅਸੀਂ ਬਹੁਤ ਘੱਟ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਸੀ। ਹੁਣ ਝਾੜ ਵੱਧ ਹੋਣ ਦੇ ਬਾਵਜੂਦ ਵੀ ਮੁਨਾਫ਼ਾ ਘੱਟ ਹੈ।
"ਜਾਂ ਤਾਂ ਸਾਨੂੰ ਇਸਦੇ ਤੌਰ ਤਰੀਕੇ ਬਦਲਣੇ ਪੈਣਗੇ ਜਾਂ ਅਸੀਂ ਖੇਤੀਬਾੜੀ ਨੂੰ ਤਬਾਹ ਕਰ ਦੇਵਾਂਗੇ।"
ਉਹ ਅਜੇ ਬੱਚੇ ਹੀ ਸਨ ਜਦੋਂ 1965 ਵਿੱਚ ਉਹਨਾਂ ਦਾ ਵਿਆਹ ਹੋਇਆ। ਲੀਲਾਬਾਈ ਦਾ ਪਤੀ ਇੱਕ ਬੇਘਰ ਅਨਾਥ ਸੀ ਅਤੇ ਉਸਦੇ ਦਾਦਾ-ਦਾਦੀ ਦੁਆਰਾ ਉਸਨੂੰ ਲੀਲਾਬਾਈ ਦੇ ਪਤੀ ਵਜੋਂ ਚੁਣਿਆ ਗਿਆ ਸੀ। ਲੀਲਾਬਾਈ ਨੇ ਵਿਆਹ ਤੋਂ ਪਹਿਲਾਂ ਚੌਥੀ ਜਮਾਤ ਦੀ ਪੜ੍ਹਾਈ ਛੱਡ ਦਿੱਤੀ ਸੀ। ਅੱਜ, ਉਹ 63 ਸਾਲ ਦੀ ਹੈ ਅਤੇ ਉਸਦਾ ਪਤੀ 67, ਉਹ ਸੋਚਦੀ ਹੈ, ਹਾਲਾਂਕਿ ਦੋਵੇਂ ਵੱਡੀ ਉਮਰ ਦੇ ਹੋ ਰਹੇ ਨੇ। ਅੱਜ, ਕਿਸੇ ਨੂੰ ਵੀ ਯਕੀਨ ਨਹੀਂ ਹੋ ਸਕਦਾ, ਹਾਲਾਂਕਿ ਲੀਲਾ ਨੇ ਉਨ੍ਹਾਂ ਦਿਨਾਂ ਦੇ ਕੁਝ ਰਿਕਾਰਡ ਰੱਖੇ ਹੋਏ ਹਨ, ਕਦੇ ਇਸ ਦੰਪਤੀ ਕੋਲ ਇਕ ਇੰਚ ਜ਼ਮੀਨ ਵੀ ਨਹੀਂ ਸੀ। ਲੀਲਾਬਾਈ ਨੇ ਵਿਆਹ ਤੋਂ ਬਾਅਦ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ, ਦੋਵਾਂ ਦਾ ਗੁਜ਼ਾਰਾ ਤੋਰਨ ਤੇ ਉੱਚ-ਸ਼੍ਰੇਣੀ ਦਾ ਫਾਰਮ ਬਣਾਉਣ ਖ਼ਾਤਰ।
ਲੁਕਵੀਂ ਪਛਾਣ
ਇੱਕ ਸਮਾਜ ਵਿੱਚ ਆਦਮੀ ਨੂੰ ਹੀ ਕਿਸਾਨ ਅਤੇ "ਘਰ ਦਾ ਮੁਖੀ" ਮੰਨਿਆ ਜਾਂਦਾ ਹੈ, ਇਸ ਦਾ ਸਿਹਰਾ ਲਾਜ਼ਮੀ ਤੌਰ 'ਤੇ ਅਸ਼ਨਾ ਨੂੰ ਜਾਂਦਾ ਹੈ। ਜ਼ਿਆਦਾਤਰ ਕਾਸ਼ਤਕਾਰਾਂ ਔਰਤਾਂ ਵਾਂਗਰ, ਲੀਲਾਬਾਈ ਨੂੰ ਇੱਕ "ਕਿਸਾਨ ਦੀ ਪਤਨੀ" ਵਜੋਂ ਦੇਖਿਆ ਜਾਂਦਾ ਹੈ, ਨਾ ਕਿ ਸੰਪੂਰਨ ਕਿਸਾਨ ਵਜੋਂ। ਬਾਕੀ ਥਾਵਾਂ ਵਾਂਗਰ ਇੱਥੇ ਵੀ ਔਰਤਾਂ ਖੇਤੀ ਦਾ ਬਹੁਤ ਸਾਰਾ ਕੰਮ ਕਰਦੀਆਂ ਹਨ ਪਰ ਉਹਨਾਂ ਦੇ ਯੋਗਦਾਨ ਨੂੰ ਘੱਟ ਹੀ ਮੰਨਿਆ ਜਾਂਦਾ ਹੈ। ਅਸ਼ਨਾ ਖੇਤੀਬਾੜੀ ਵਿੱਚ ਸਫ਼ਲਤਾ ਦਾ ਪ੍ਰਤੀਕ ਹੈ। ਪਰ ਲੀਲਾਬਾਈ ਉਸ ਕਾਮਯਾਬੀ ਦੀ ਆਰਕੀਟੈਕਟ ਹੈ। ਉਹਦੇ ਕੀਤੇ ਨੂੰ ਪਛਾਣ ਮਿਲ਼ਦੀ ਹੈ। ਜਿੱਥੋਂ ਤੱਕ ਲੀਲਾਬਾਈ ਦਾ ਸਵਾਲ ਹੈ, ਇਹ ਗੱਲ ਸਾਫ਼ ਤੇ ਸਪੱਸ਼ਟ ਹੈ।
“ਮੈਂ ਹਮੇਸ਼ਾ ਕਿਸਾਨ ਸੀ। ਅਸ਼ਨਾ ਇੱਕ ਪੈਟਰੋਲ ਪੰਪ ਅਟੈਂਡੈਂਟ ਸੀ ਜਿਹਨੂੰ ਕਾਫ਼ੀ ਸਮੇਂ ਤੱਕ ਤਾਂ 70 ਰੁਪਏ ਮਹੀਨਾ ਕਮਾਈ ਹੁੰਦੀ ਰਹੀ। (ਅਸ਼ਨਾ ਇਸ ਗੱਲ ਨਾਲ ਸਹਿਮਤ ਹੈ ਕਿ ਉਸ ਨੇ ਇਹ ਨੌਕਰੀ ਕੋਈ 15 ਸਾਲ ਪਹਿਲਾਂ ਹੀ ਛੱਡੀ ਸੀ। ਉਦੋਂ ਤੱਕ ਉਸ ਦੀ ਪਤਨੀ ਨੇ ਖੇਤੀ ਨੂੰ ਸਫ਼ਲਤਾ ਦੇ ਰਾਹ ਲਿਆ ਖੜ੍ਹਾ ਕੀਤਾ।)
"ਪਹਿਲਾਂ, ਮੈਂ ਆਪਣੇ ਕੰਮ ਤੋਂ ਬਚੇ ਪੈਸਿਆਂ ਨਾਲ਼ 1,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ਼ ਚਾਰ ਏਕੜ ਜ਼ਮੀਨ ਖਰੀਦੀ। ਇਹ 1969 ਦੀ ਗੱਲ ਹੈ।"
ਨਰਮੇ ਦੀ ਖੇਤੀ ਲਈ ਉਨ੍ਹਾਂ ਨੇ ਬੜੇ ਧਿਆਨ ਨਾਲ਼ ਕਾਲ਼ੀ ਮਿੱਟੀ ਵਾਲ਼ੀ ਭੋਇੰ ਦੀ ਚੋਣ ਕੀਤੀ।
“ਅੱਜ ਦੀ ਤਰੀਕ ਵਿੱਚ ਉਨ੍ਹਾਂ ਚਾਰ ਏਕੜਾਂ ਦੀ ਕੀਮਤ 50 ਲੱਖ ਰੁਪਏ ਹੈ। (ਇਹ ਪਲਾਟ ਹਾਈਵੇਅ ਦੇ ਨਾਲ਼ ਹੈ ਜਿਸ ਕਾਰਨ ਜ਼ਮੀਨ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ।) ਫਿਰ 1971 ਵਿੱਚ, ਮੈਂ 9,000 ਰੁਪਏ ਵਿੱਚ 20 ਏਕੜ ਹੋਰ ਭੋਇੰ ਚੁਣੀ ਤੇ ਖਰੀਦੀ ਵੀ।"
ਇਸ ਤੋਂ ਬਾਅਦ ਉਸਨੇ 1973 ਵਿੱਚ 25,000 ਰੁਪਏ ਵਿੱਚ 15 ਏਕੜ ਅਤੇ 1985 ਵਿੱਚ 35,000 ਰੁਪਏ ਵਿੱਚ ਚਾਰ ਹੋਰ ਏਕੜ ਖਰੀਦੇ ਅਤੇ ਅੰਤ ਵਿੱਚ, 1991 ਵਿੱਚ 70,000 ਰੁਪਏ ਵਿੱਚ 10 ਏਕੜ ਹੋਰ ਖਰੀਦੀ।
“ਇਸ ਦੌਰਾਨ ਮੈਂ ਕੁਝ ਏਕੜ ਜ਼ਮੀਨ ਵੇਚ ਦਿੱਤੀ। ਅੱਜ ਸਾਡੇ ਕੋਲ 40 ਹਨ।"
“ਸਾਡਾ ਸਾਰਾ ਭੋਜਨ ਸਾਡੇ ਆਪਣੇ ਖੇਤਾਂ ਤੋਂ ਆਉਂਦਾ ਹੈ। ਮੈਂ ਇੱਕ ਏਕੜ 'ਤੇ ਝੋਨਾ, ਦੋ 'ਤੇ ਕਣਕ ਅਤੇ 10 'ਤੇ ਜਵਾਰ ਉਗਾਉਂਦੀ ਹਾਂ। (10 ਏਕੜ ਵਿੱਚ ਸਿਰਫ਼ ਜਵਾਰ ਪੈਦਾ ਕਰਨਾ, ਇੱਥੋਂ ਲਈ ਵਿਰਲੀ ਗੱਲ ਹੈ।) ਬਾਕੀ ਜ਼ਮੀਨ ਕਪਾਹ ਅਤੇ ਸੋਇਆਬੀਨ ਵਿੱਚ ਬਰਾਬਰ ਵੰਡੀ ਗਈ ਹੈ।'' ਖੇਤਾਂ ਬਾਰੇ ਹਰ ਫ਼ੈਸਲਾ ਲੀਲਾਬਾਈ ਹੀ ਕਰਦੀ ਹੈ ਕਿ ਕਦੋਂ, ਕਿੱਥੇ, ਕੀ ਉਗਾਉਣਾ ਹੈ। ਉਹ ਦਿਨ ਦਾ ਜ਼ਿਆਦਾਤਰ ਸਮਾਂ ਖੇਤਾਂ ਵਿੱਚ ਕੰਮ ਕਰਦਿਆਂ ਬਿਤਾਉਂਦੀ ਹੈ। ਪ੍ਰਤੀ ਏਕੜ ਵਿੱਚੋਂ 10 ਕੁਵਿੰਟਲ ਝਾੜ (ਕਪਾਹ ਤੇ ਸੋਇਆਬੀਨ) ਲੈਣ ਲਈ ਖੇਤਾਂ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਹੈ, ਜਿਹਦੀ ਔਸਤ ਇਸ ਖੇਤਰ ਵਿੱਚ ਬਹੁਤ ਘੱਟ ਹੀ ਰਹਿੰਦੀ ਹੈ।
ਉਸਨੇ ਇੱਕ ਸੁੰਦਰ ਘਰ ਬਣਾਇਆ ਹੈ- ਅਤੇ ਧਿਆਨ ਵਿੱਚ ਰੱਖਦਿਆਂ ਇਸਦੇ ਆਲੇ ਦੁਆਲੇ ਬਹੁਤ ਸਾਰੀ ਸਟੋਰੇਜ ਸਪੇਸ ਬਣਾਈ ਹੈ। ਇਹ ਸਪੇਸ ਉਸਨੂੰ ਆਪਣੀ ਕਪਾਹ ਨੂੰ ਸੁਰੱਖਿਅਤ ਢੰਗ ਨਾਲ ਅਤੇ ਹੋਰਾਂ ਨਾਲੋਂ ਜ਼ਿਆਦਾ ਦੇਰ ਤੱਕ ਸੁਰੱਖਿਅਤ ਰੱਖਣ ਦੇ ਯੋਗ ਬਣਾਉਂਦੀ ਹੈ ਅਤੇ ਜਦੋਂ ਤੱਕ ਵਪਾਰੀਆਂ ਤੋਂ ਵਧੀਆ ਕੀਮਤ ਨਹੀਂ ਮਿਲ਼ ਜਾਂਦੀ, ਉਪਜ ਸਾਂਭੀ ਰੱਖਣ ਵਿੱਚ ਮਦਦ ਕਰਦੀ ਹੈ। ਜਿੱਥੇ ਜ਼ਿਆਦਾਤਰ ਉਤਪਾਦਕਾਂ ਨੇ 2012 ਦੇ ਅਖੀਰ ਵਿੱਚ ਲਗਭਗ 3,800 ਰੁਪਏ ਪ੍ਰਤੀ ਕੁਇੰਟਲ ਵਿੱਚ ਆਪਣੀ ਫ਼ਸਲ ਵੇਚ ਦਿੱਤੀ, ਲੀਲਾਬਾਈ ਦਾ ਪਰਿਵਾਰ ਇਸ ਸਾਲ ਫਰਵਰੀ ਤੱਕ ਆਪਣੀ ਕਪਾਹ ਨੂੰ ਸੰਭਾਲਣ ਦੇ ਯੋਗ ਰਿਹਾ। ਉਹੀ ਉਪਜ ਅਖ਼ੀਰ 4,200 ਰੁਪਏ ਪ੍ਰਤੀ ਕੁਇੰਟਲ 'ਤੇ ਵਿਕ ਗਈ।
“ਸਾਡੇ ਕੋਲ 14 ਪਸ਼ੂ ਵੀ ਹਨ। ਇਨ੍ਹਾਂ ਵਿੱਚ ਛੇ ਬਲਦ, ਪੰਜ ਗਾਵਾਂ ਅਤੇ ਤਿੰਨ ਮੱਝਾਂ ਸ਼ਾਮਲ ਹਨ।
"ਉਹ ਇਹਨਾਂ ਦੀ ਦੇਖਭਾਲ ਕਰਦਾ ਹੈ," ਉਹ ਆਪਣੇ ਪਤੀ ਦੀ ਗੱਲ ਕਰਦਿਆਂ ਮੁਸਕਰਾਉਂਦੀ ਹੈ। "ਉਹ ਅਸਲ ਵਿੱਚ ਉਨ੍ਹਾਂ ਜਾਨਵਰਾਂ ਨੂੰ ਪਿਆਰ ਕਰਦਾ ਹੈ (ਭਾਵੇਂ ਉਹ ਬਹੁਤੇ ਉਤਪਾਦਕ ਨਾ ਵੀ ਹੋਣ)। ਸਾਨੂੰ ਕਦੇ ਵੀ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਆਪਣੇ ਪਾਲ਼ੇ ਡੰਗਰਾਂ ਦਾ ਦੁੱਧ ਪੀਂਦੇ ਅਤੇ ਆਪਣੇ ਖੇਤੀਂ ਉਗਾਇਆ ਭੋਜਨ ਖਾਂਦੇ ਹਾਂ।
ਪਰ ਖੇਤੀਬਾੜੀ ਨੂੰ ਲੈ ਕੇ "ਕੁਝ ਨਵਾਂ ਹੁੰਦੇ ਰਹਿਣਾ ਚਾਹੀਦਾ ਹੈ। ਅਸੀਂ ਇਸੇ ਚਾਲੇ ਖੇਤੀ ਕਰਨੀ ਜਾਰੀ ਨਹੀਂ ਰੱਖ ਸਕਦੇ। ਖੇਤੀ ਦੀਆਂ ਇਹ ਲਾਗਤਾਂ ਹਰ ਕੋਈ ਨਹੀਂ ਝੱਲ ਸਕਦਾ। ਸਾਡੇ ਕੋਲ ਸਸਤੇ ਇੰਪੁੱਟ ਹੋਣੇ ਚਾਹੀਦੇ ਹਨ ਅਤੇ ਸਾਨੂੰ ਆਪਣੇ ਕਪਾਹ ਅਤੇ ਸੋਇਆਬੀਨ ਦੀ ਬਿਹਤਰ ਕੀਮਤ ਮਿਲਣੀ ਚਾਹੀਦੀ ਹੈ। ਜੇਕਰ ਕੋਈ ਬਦਲਾਅ ਨਾ ਹੋਇਆ ਤਾਂ ਅਸੀਂ ਸਾਰੇ ਨਾਮਦੇਵ ਗੰਧੇਵਾਰ ਦੇ ਮਗਰ ਕਤਾਰ ਵਿੱਚ ਖੜ੍ਹੇ ਹੋਵਾਂਗੇ।
ਇਹ ਲੇਖ ਪਹਿਲੀ ਵਾਰ ਦਿ ਹਿੰਦੂ ਵਿੱਚ ਛਪਿਆ ਸੀ: http://www.thehindu.com/opinion/columns/sainath/when-leelabai-runs-the-farm/article4921390.ece
ਤਰਜਮਾ: ਮੁਸਕਾਨ