ਸਰਤ ਮੋਹਨ ਦੱਸਦੇ ਹਨ ਕਿ ਇੱਕ ਹਾਥੀ ਕਦੇ ਵੀ ਆਪਣੇ ਫਾਂਦੀ (ਟ੍ਰੇਨਰ) ਨੂੰ ਨਹੀਂ ਭੁੱਲਦਾ। ਉਹਨਾਂ ਨੇ 90 ਤੋਂ ਵੱਧ ਹਾਥੀਆਂ ਨੂੰ ਟ੍ਰੇਨ ਕੀਤਾ ਹੈ। ਉਹ ਨਾਲ ਹੀ ਦੱਸਦੇ ਹਨ ਕਿ ਚਾਹੇ ਇਹ ਮੋਟੀ ਚਮੜੀ ਵਾਲਾ ਵਿਸ਼ਾਲ ਜਾਨਵਰ ਕਿਸੇ ਸੰਘਣੇ ਜੰਗਲ ਵਿੱਚ ਹੋਵੇ ਤੇ ਚਾਹੇ ਜੰਗਲੀ ਹਾਥੀਆਂ ਦੇ ਝੁੰਡ ਵਿੱਚ, ਆਪਣੇ ਫਾਂਦੀ ਕੋਲ ਭੱਜਾ ਆਉਂਦਾ ਹੈ।
ਪੀਲਖਾਨਾ ਦੇ ਆਰਜੀ ਟ੍ਰੇਨਿੰਗ ਕੈਂਪ ਵਿੱਚ ਨਵਜੰਮੇ ਹਾਥੀ ਨੂੰ ਹੌਲ਼ੀ ਹੌਲ਼ੀ ਇਨਸਾਨੀ ਛੋਹ ਦਾ ਆਦੀ ਬਣਾਇਆ ਜਾਂਦਾ ਹੈ। “ਟ੍ਰੇਨਿੰਗ ਦੌਰਾਨ ਥੋੜਾ ਜਿਹਾ ਦਰਦ ਵੀ ਬਹੁਤ ਵੱਡਾ ਮਹਿਸੂਸ ਹੁੰਦਾ ਹੈ,” ਸਰਤ ਦੱਸਦੇ ਹਨ।
ਜਿਵੇਂ ਜਿਵੇਂ ਦਿਨ ਬੀਤਦੇ ਹਨ ਹਾਥੀ ਦੇ ਬੱਚੇ ਦੁਆਲੇ ਲੋਕਾਂ ਦੀ ਗਿਣਤੀ ਹੌਲ਼ੀ ਹੌਲ਼ੀ ਵਧਾਈ ਜਾਂਦੀ ਹੈ ਜਦ ਤੱਕ ਬਿਲਕੁਲ ਸਹਿਜ ਹੋ ਜਾਂਦਾ ਹੈ।
ਇਸ ਜਾਨਵਰ ਦੀ ਟ੍ਰੇਨਿੰਗ ਦੌਰਾਨ ਸਰਤ ਅਤੇ ਹੋਰ ਟ੍ਰੇਨਰ ਇੱਕ ਜਾਨਵਰ ਅਤੇ ਉਸ ਦੇ ਟ੍ਰੇਨਰ ਵਿਚਲੀ ਦੋਸਤੀ ਤੇ ਆਧਾਰਿਤ ਸਕੂਨ ਦੇਣ ਵਾਲੇ ਗੀਤ ਗਾਉਂਦੇ ਰਹਿੰਦੇ ਹਨ।
“ਤੂੰ ਪਹਾੜੀਆਂ ਵਿੱਚ ਵੱਡੇ ਕਾਕੋ ਬਾਂਸ ਖਾਂਦਾ।
ਟ੍ਰੇਨਰ ਤੋਂ ਮੁਗਧ ਹੋ ਕੇ ਘਾਟੀ ਵੱਲ ਨੂੰ ਆਇਆ।
ਮੈਂ ਤੈਨੂੰ ਸਿਖਾਵਾਂਗਾ,
ਤੈਨੂੰ ਬਹਿਲਾਵਾਂਗਾ,
ਇਹ ਸਿੱਖਣ ਦਾ ਵੇਲਾ ਹੈ!
ਇਹ ਫਾਂਦੀ ਤੇਰੇ ਤੇ ਸਵਾਰ ਹੋ ਕੇ ਸ਼ਿਕਾਰ ਕਰਨ ਜਾਵੇਗਾ”
ਕੁਝ ਸਮੇਂ ਬਾਅਦ ਜੋ ਰੱਸੇ ਜਾਨਵਰ ਦੀ ਹਿੱਲਜੁਲ ਨੂੰ ਰੋਕਣ ਲਈ ਬੰਨ੍ਹੇ ਗਏ ਹੁੰਦੇ ਹਨ, ਹੌਲ਼ੀ ਹੌਲ਼ੀ ਢਿੱਲੇ ਕਰ ਦਿੱਤੇ ਜਾਂਦੇ ਹਨ ਤੇ ਫਿਰ ਅਖੀਰ ਖੋਲ੍ਹ ਹੀ ਦਿੱਤੇ ਜਾਂਦੇ ਹਨ। ਇਸ ਟ੍ਰੇਨਰ ਦਾ ਦੱਸਣਾ ਹੈ ਕਿ ਇੱਕ ਹਾਥੀ ਨੂੰ ਟ੍ਰੇਨ ਕਰਨ ਲਈ ਬਹੁਤ ਰੱਸੇ ਵਰਤੇ ਜਾਂਦੇ ਹਨ ਅਤੇ ਹਰ ਰੱਸੇ ਦੀ ਅਲੱਗ ਵਰਤੋਂ ਅਤੇ ਨਾਮ ਹੈ। ਹਾਥੀ ਦੀ ਦੋਸਤੀ ਜਿਹੜੇ ਮਿੱਠੇ ਗੀਤਾਂ ਨਾਲ ਕਰਾਈ ਜਾਂਦੀ ਹੈ ਉਹ ਵੀ ਆਪਣਾ ਇੱਕ ਅਲੱਗ ਹੀ ਜਾਦੂ ਕਰਦੇ ਹਨ। ਪਹਿਲੇ ਸਮਿਆਂ ਵਿੱਚ ਜੰਗਲੀ ਹਾਥੀਆਂ ਨੂੰ ਫੜ੍ਹਨ ਲਈ ਅਤੇ ਸ਼ਿਕਾਰ ਲਈ ਵੀ ਇਸੇ ਵਿਸ਼ਵਾਸ ਨੂੰ ਆਧਾਰ ਬਣਾਇਆ ਜਾਂਦਾ ਸੀ।
ਮਾਹਿਰ ਟ੍ਰੇਨਰ ਸਰਤ ਮੋਰਾਨ ਦੱਸਦੇ ਹਨ ਕਿ ਉਹ ਫਾਂਦੀ ਇਸ ਲਈ ਬਣੇ ਕਿਉਂਕਿ, “ਮੇਰਾ ਪਿੰਡ ਜੰਗਲ ਵਿੱਚ ਹੈ ਅਤੇ ਇੱਥੇ ਬਹੁਤ ਸਾਰੇ ਹਾਥੀ ਹਨ। ਅਸੀਂ ਇਹਨਾਂ ਨਾਲ ਬਚਪਨ ਤੋਂ ਖੇਡਦੇ ਆ ਰਹੇ ਹਾਂ। ਇਸੇ ਤਰ੍ਹਾਂ ਹੀ ਮੈਂ ਇਹਨਾਂ ਨੂੰ ਟ੍ਰੇਨ ਕਰਨਾ ਸਿੱਖਿਆ।”
ਹਾਥੀਆਂ ਨੂੰ ਟ੍ਰੇਨ ਕਰਨ ਲਈ ਪੂਰੀ ਟੀਮ ਦੀ ਲੋੜ ਪੈਂਦੀ ਹੈ। “ਇਸ ਟੀਮ ਦੇ ਲੀਡਰ ਨੂੰ ਹੀ ਫਾਂਦੀ ਕਹਿੰਦੇ ਹਨ। ਇਸ ਤੋਂ ਬਾਅਦ ਆਉਂਦੇ ਹਨ ਸਹਾਇਕ ਜਿਵੇਂ ਕਿ ਲੁਹੋਟੀਆ, ਮਹੌਤ ਅਤੇ ਘਾਸੀ। ਇੰਨੇ ਵੱਡੇ ਜਾਨਵਰ ਨੂੰ ਕੰਟਰੋਲ ਕਰਨ ਲਈ ਘੱਟੋ ਘੱਟ ਪੰਜ ਜਣੇ ਚਾਹੀਦੇ ਹਨ। ਨਾਲ ਹੀ ਸਰਤ ਦੱਸਦੇ ਹਨ ਕਿ ਅਸੀਂ ਖਾਣਾ ਵੀ ਇਕੱਠਾ ਕਰਨਾ ਹੁੰਦਾ ਹੈ ਅਤੇ ਪਿੰਡ ਦੇ ਲੋਕ ਉਹਨਾਂ ਦੀ ਮਦਦ ਕਰਦੇ ਹਨ।
ਉਹ ਅਸਾਮ ਦੇ ਤਿਨਸੂਕੀਆ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਤੋਰਾਨੀ ਵਿੱਚ ਰਹਿੰਦੇ ਹਨ ਜਿਸ ਦੇ ਨਾਲ ਅਪਰ ਦਿਹਿੰਗ ਰਿਸਰਵ ਜੰਗਲ ਲੱਗਦਾ ਹੈ। ਸਦੀਆਂ ਤੋਂ ਹੀ ਮੋਰਾਨ ਭਾਈਚਾਰੇ ਦੇ ਟ੍ਰੇਨਿੰਗ ਦੇ ਹੁਨਰ ਦੀ ਪੂਰੀ ਚੜਤ ਰਹੀ ਹੈ। ਕਿਸੇ ਸਮੇਂ ਇਹ ਲੋਕ ਹਾਥੀਆਂ ਨੂੰ ਫੜ੍ਹ ਕੇ ਜੰਗ ਲਈ ਟ੍ਰੇਨ ਕਰਦੇ ਸਨ। ਇਸ ਸਥਾਨਕ ਭਾਈਚਾਰੇ ਦੇ ਲੋਕ ਉੱਪਰਲੇ ਅਸਾਮ ਅਤੇ ਨਾਲ ਲੱਗਦੇ ਅਰੁਣਾਚਲ ਪ੍ਰਦੇਸ਼ ਵਿੱਚ ਵੱਸੇ ਹੋਏ ਹਨ।
ਅੱਜ ਜੰਗਲੀ ਹਾਥੀਆਂ ਨੂੰ ਪਾਲਤੂ ਬਣਾਉਣਾ ਗੈਰ-ਕਾਨੂੰਨੀ ਹੈ ਪਰ ਨਵਜੰਮੇ ਹਾਥੀ ਦੇ ਬੱਚਿਆਂ ਨੂੰ ਇਨਸਾਨੀ ਛੋਹ ਨਾਲ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ, ਅਤੇ ਸਰਤ ਵਰਗੇ ਫਾਂਦੀ ਅਤੇ ਉਹਨਾਂ ਦੀ ਟੀਮ ਨੂੰ ਇਸ ਕੰਮ ਲਈ ਇੱਕ ਲੱਖ ਤੱਕ ਰੁਪਏ ਵੀ ਅਦਾ ਕੀਤੇ ਜਾਂਦੇ ਹਨ ਜਿਸ ਵਿੱਚ ਇੱਕ ਤੋਂ ਤਿੰਨ ਮਹੀਨੇ ਦਾ ਸਮਾਂ ਲੱਗ ਸਕਦਾ ਹੈ।
ਪਿੰਡ ਦੇ ਬਾਹਰ ਬਣਾਇਆ ਗਿਆ ਇਹ ਕੈਂਪ ਆਕਰਸ਼ਣ ਦਾ ਕੇਂਦਰ ਹੈ। ਲੋਕ ਇੱਥੇ ਹਾਥੀ ਤੋਂ ਆਸ਼ੀਰਵਾਦ ਲੈਣ ਆਉਂਦੇ ਹਨ ਜਿਸ ਨੂੰ ਰੱਬ ਦਾ ਰੂਪ ਮੰਨਦੇ ਹਨ। ਹਾਥੀ ਦੇ ਟ੍ਰੇਨਰ, ਫਾਂਦੀ ਨੂੰ ਇਕ ਪੁਜਾਰੀ ਦੀ ਤਰ੍ਹਾਂ ਮੰਨਿਆ ਜਾਂਦਾ ਹੈ ਅਤੇ ਉਸ ਨੂੰ ਕਿਤੇ ਵੀ ਸਫ਼ਰ ਕਰਨ ਦੀ ਇੱਥੋਂ ਤੱਕ ਆਪਣੇ ਘਰ ਤੱਕ ਵੀ ਜਾਂ ਕਿਸੇ ਵੱਲੋਂ ਪਕਾਇਆ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੁੰਦੀ। ਇਸ ਪ੍ਰਥਾ ਨੂੰ ਸੁਵਾ ਕਹਿੰਦੇ ਹਨ। ਸਰਤ ਦੱਸਦੇ ਹਨ ਕਿ ਉਹ ਹਾਥੀ ਦੇਖਣ ਆਏ ਬੱਚਿਆਂ ਦੇ ਹੱਥ ਹੀ ਆਪਣੇ ਪਰਿਵਾਰ ਤੱਕ ਪੈਸੇ ਪਹੁੰਚਾਉਂਦੇ ਹਨ।
ਇਹ ਦਸਤਾਵੇਜ਼ੀ ਫਿਲਮ ਮਾਘ ਬੀਹੂ ਵੇਲੇ ਬਣਾਈ ਗਈ ਹੈ ਜੋ ਕਿ ਵਾਢੀ ਸਮੇਂ ਮਨਾਇਆ ਜਾਣ ਵੱਲ ਤਿਉਹਾਰ ਹੈ ਜਿਸ ਵਿੱਚ ਭੁੰਨੀ ਹੋਈ ਬਤੱਖ ਨੂੰ ਪੇਠੇ ਨਾਲ ਪਕਾਇਆ ਜਾਂਦਾ ਹੈ। “ਅਸੀਂ ਇੱਕ ਤੀਰ ਨਾਲ ਦੋ ਨਿਸ਼ਾਨੇ ਲਾ ਰਹੇ ਹਾਂ ਕਿਉਂਕਿ ਅਸੀਂ ਹਾਥੀ ਨੂੰ ਟ੍ਰੇਨ ਕਰ ਰਹੇ ਹਾਂ ਅਤੇ ਨਾਲ ਹੀ ਮਾਘ ਬੀਹੂ ਵੀ ਮਨਾ ਰਹੇ ਹਾਂ। ਅਸੀਂ ਬਤੱਖ ਭੁੰਨ ਰਹੇ ਹਾਂ ਅਤੇ ਇਕੱਠੇ ਖਾਵਾਂਗੇ,” ਸਰਤ ਕਹਿੰਦੇ ਹਨ।
ਹਰ ਪਾਸੇ ਤਿਉਹਾਰ ਦਾ ਮਾਹੌਲ ਹੋਣ ਦੇ ਬਾਵਜੂਦ ਸਰਤ ਦੇ ਮਨ ਵਿੱਚ ਡਰ ਹੈ ਕਿ ਇਹ ਰਿਵਾਇਤ ਛੇਤੀ ਹੀ ਖਤਮ ਹੋ ਜਾਵੇਗੀ ਕਿਉਂਕਿ ਨੌਜਵਾਨ ਲੜਕੇ ਇਸ ਕੰਮ ਵਿੱਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਸਿਖਲਾਈ ਲਈ ਲੰਬਾ ਸਮਾਂ ਲੋੜੀਂਦਾ ਹੈ। ਉਹ ਪਿੰਡ ਦੇ ਨੌਜਵਾਨਾਂ ਨੂੰ ਸਿੱਖਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਤਾਂ ਜੋ ਰਿਵਾਇਤ ਨੂੰ ਜਿੰਦਾ ਰੱਖਿਆ ਜਾ ਸਕੇ। “ਮੈਂ ਤਾਂ ਦਿਨੋਂ ਦਿਨ ਕਮਜ਼ੋਰ ਹੋ ਰਿਹਾ ਹਾਂ। ਮੈਂ ਹਮੇਸ਼ਾ ਪਿੰਡ ਦੇ ਮੁੰਡਿਆਂ ਨੂੰ ਇਹ ਕੰਮ ਸਿੱਖਣ ਲਈ ਪ੍ਰੇਰਿਤ ਕਰਦਾ ਰਹਿੰਦਾ ਹਾਂ। ਮੈਨੂੰ ਕਿਸੇ ਤੋਂ ਕੋਈ ਈਰਖਾ ਨਹੀਂ, ਮੈਂ ਚਾਹੁੰਦਾ ਹਾਂ ਕਿ ਹਰ ਕੋਈ ਇਸ ਕੰਮ ਨੂੰ ਸਿੱਖੇ ਤਾਂ ਕਿ ਇਸ ਗਿਆਨ ਨੂੰ ਪੀੜੀ ਡਰ ਪੀੜੀ ਸਾਂਭਿਆ ਜਾਂ ਸਕੇ,” ਉਹ ਕਹਿੰਦੇ ਹਨ।
ਤਰਜਮਾ: ਨਵਨੀਤ ਕੌਰ ਧਾਲੀਵਾਲ