ਮੁਹੰਮਦ ਅਸਲਮ ਦੇ ਪਿਘਲਿਆ ਹੋਇਆ ਪਿੱਤਲ ਸਾਂਚੇ ਵਿੱਚ ਪਾਉਂਦੀਆਂ ਹੀ ਛੋਟੇ ਛੋਟੇ ਕਣ ਹਵਾ ਵਿੱਚ ਫੈਲ ਗਏ। ਇਸ ਸਾਂਚੇ ਵਿੱਚ ਪਿੱਤਲ ਨੂੰ ਢਾਲ਼ ਕੇ ਚੰਦਨ ਪਿਆਲੀ ਬਣਾਈ ਜਾਵੇਗੀ ਜੋ ਕਿ ਪੂਜਾ ਵੇਲੇ ਕੰਮ ਆਉਣ ਵਾਲੀ ਇੱਕ ਛੋਟੀ ਕਟੋਰੀ ਹੈ।

ਪਿੱਤਲ ਦੇ ਕੰਮ ਦੇ ਤਜ਼ਰਬੇਕਾਰ ਅਸਲਮ ਦੇ ਹੱਥ ਸਹਿਜਤਾ ਤੇ ਸਾਵਧਾਨੀ ਨਾਲ਼ ਚੱਲ ਰਹੇ ਹਨ। ਉਹ ਭਾਂਡੇ ਵਿੱਚ ਪਿੱਤਲ ਪਾਉਂਦੇ ਹੋਏ ਦਬਾਅ ਜਾਂਚਦੇ ਹਨ ਤਾਂ ਕਿ ਅੰਦਰਲੀ ਰੇਤ ਜਿਸ ਨੇ ਪਿੱਤਲ ਨੂੰ ਆਕਾਰ ਦੇਣਾ ਹੈ- ਡੁੱਲ ਨਾ ਜਾਵੇ।

“ਆਪਣੇ ਹੱਥ ਸਹਿਜ ਰੱਖਣੇ ਪੈਂਦੇ ਹਨ ਨਹੀਂ ਤਾਂ ਸਾਂਚੇ ਦੇ ਅੰਦਰ ਦਾ ਸਮਾਨ ਹਿੱਲ ਜਾਵੇਗਾ, ਜਿਸ ਨਾਲ਼ ਅਦਤ (ਪਿੱਤਲ ਢਾਲ਼ ਕੇ ਬਣਨ ਵਾਲਾਂ ਸਮਾਨ) ਵੀ ਖਰਾਬ ਹੋ ਜਾਵੇਗਾ,” 55 ਸਾਲਾ ਅਸਲਮ ਦੱਸਦੇ ਹਨ। ਪਰ ਰੇਤਾ ਡੁੱਲਣ ਨਾਲ਼ੋਂ ਵਧੇਰੇ ਫ਼ਿਕਰ ਉਹਨਾਂ ਨੂੰ ਹਵਾ ਵਿੱਚ ਤੈਰਦੇ ਹੋਏ ਕਣਾਂ ਦੀ ਹੈ। “ਕੀ ਤੁਹਾਨੂੰ ਇਹ ਦਿਖਾਈ ਦੇ ਰਹੇ ਹਨ? ਇਸ ਸਾਰਾ ਪਿੱਤਲ ਬੇਕਾਰ ਜਾ ਰਿਹਾ ਹੈ ਤੇ ਇਸਦਾ ਖਰਚਾ ਸਾਨੂੰ ਹੀ ਪਵੇਗਾ,” ਉਹ ਦੁਖੀ ਹੁੰਦਿਆਂ ਕਹਿੰਦੇ ਹਨ। ਢਲਾਈ ਸਮੇਂ ਹਰ 100 ਕਿਲੋ ਪਿੱਤਲ ਵਿੱਚੋਂ 3 ਕਿਲੋ ਤਾਂ ਹਵਾ ਵਿੱਚ ਹੀ ਉੱਡ ਜਾਂਦਾ ਹੈ। ਇੱਕ ਅੰਦਾਜ਼ੇ ਨਾਲ਼ 50 ਰੁਪਏ ਤਾਂ ਹਵਾ ਵਿੱਚ ਹੀ ਗਾਇਬ ਹੋ ਜਾਂਦੇ ਹਨ।

ਮੋਰਾਦਾਬਾਦ ਦਾ ਪੀਰਜ਼ਾਦਾ ਇਲਾਕਾ ਪਿੱਤਲ ਦੇ ਕੰਮ ਲਈ ਮਸ਼ਹੂਰ ਹੈ ਤੇ ਅਸਲਮ ਉਹਨਾਂ ਮੁੱਠੀ ਭਰ ਸ਼ਿਲਪਕਾਰਾਂ ਵਿੱਚੋਂ ਹਨ ਜੋ ਇੱਥੇ ਦੀਆਂ ਭੱਠੀਆਂ 'ਤੇ ਕੰਮ ਕਰਦੇ ਹਨ। ਸ਼ਿਲਪਕਾਰ ਪਿੱਤਲ ਦੀ ਸਿੱਲੀ ਨੂੰ ਪਿਘਲਾ ਕੇ ਸਾਂਚਿਆਂ ਵਿੱਚ ਅਲੱਗ ਅਲੱਗ ਆਕਾਰ ਦਿੰਦੇ ਹਨ ਜਿਸ ਨੂੰ ਸਥਾਨਕ ਭਾਸ਼ਾ ਵਿੱਚ ‘ ਢਲਾਈ ਕਾ ਕਾਮ’ ਕਿਹਾ ਜਾਂਦਾ ਹੈ।

ਅਸਲਮ ਤੇ ਉਹਨਾਂ ਦਾ ਸਹਾਇਕ ਰਈਸ ਜਾਨ ਇੱਥੇ ਰੋਜ਼ਾਨਾ 12 ਘੰਟੇ ਕੰਮ ਕਰਦੇ ਹਨ ਤੇ ਉਹਨਾਂ ਦੇ ਆਲੇ ਦੁਆਲੇ ਉਹਨਾਂ ਤੇ ਕੰਮ ਦਾ ਸਾਜੋ ਸਮਾਨ- ਕੋਲ਼ਾ, ਰੇਤਾ, ਲੱਕੜ ਦੇ ਫੱਟੇ, ਲੋਹੇ ਦੀਆਂ ਛੜਾਂ, ਵੱਖੋ ਵੱਖਰੇ ਸਾਈਜ਼ ਦੇ ਪਲਾਸ ਤੇ ਚਿਮਟੇ ਖਿੱਲਰੇ ਰਹਿੰਦੇ ਹਨ। ਅਸਲਮ ਇਸ ਪੰਜ ਵਰਗ ਫੁੱਟੀ ਭੀੜੀ ਜਿਹੀ ਥਾਂ ਦਾ 1500 ਰੁਪਏ ਮਹੀਨਾ ਕਿਰਾਇਆ ਅਦਾ ਕਰਦੇ ਹਨ।

PHOTO • Mohd Shehwaaz Khan
PHOTO • Mohd Shehwaaz Khan

ਖੱਬੇ: ਮੁਹੰਮਦ ਅਸਲਮ (ਸੱਜੇ) ਅਤੇ ਰਈਸ ਜਾਨ (ਖੱਬੇ) ਮੋਰਾਦਾਬਾਦ ਦੇ ਪੀਰਜ਼ਾਦਾ ਇਲਾਕੇ ਵਿੱਚ ਭੱਠੀ ਤੇ ਚੰਦਨ ਪਿਆਲੀ (ਪੂਜਾ ਵਿੱਚ ਵਰਤੀਆਂ ਜਾਣ ਵਾਲੀਆਂ ਛੋਟੀਆਂ ਕੌਲੀਆਂ) ਬਣਾਉਂਦੇ ਹੋਏ। ਸੱਜੇ: ਅਸਲਮ ਸਾਂਚੇ ਤੇ ਹੋਰ ਸਮਾਨ ਤਿਆਰ ਕਰਦੇ ਹਨ

PHOTO • Mohd Shehwaaz Khan
PHOTO • Mohd Shehwaaz Khan

ਖੱਬੇ: ਅਸਲਮ ਸਾਂਚੇ ਵਿੱਚ ਰੇਤ ਪਾ ਕੇ ਪਿੱਤਲ ਪਾਉਣ ਲਈ ਖੋਲ ਬਣਾਉਂਦੇ ਹਨ। ਸੱਜੇ: ਉਹ ਪਿੱਤਲ ਪਾਉਂਦਿਆਂ ਧਿਆਨ ਰੱਖਦੇ ਹਨ ਕਿ ਕਿਧਰੇ ਭਾਂਡੇ ਵਿੱਚੋਂ ਰੇਤ ਡੁੱਲ ਨਾ ਜਾਵੇ। ਉਹਨਾਂ ਅਨੁਸਾਰ, ‘ਜੇਕਰ ਹੱਥ ਸਹਿਜ ਨਹੀਂ ਰਹਿੰਦੇ ਤਾਂ ਸਾਂਚੇ ਦੇ ਅੰਦਰਲਾ ਸਮਾਨ ਹਿੱਲ ਜਾਂਦਾ ਹੈ‘

ਉੱਤਰ ਪ੍ਰਦੇਸ਼ ਦਾ ਇਹ ਸ਼ਹਿਰ ‘ਪਿੱਤਲ ਨਗਰੀ’ ਦੇ ਨਾਮ ਨਾਲ਼ ਪ੍ਰਸਿੱਧ ਹੈ ਤੇ ਇੱਥੇ ਜਿਆਦਾਤਰ ਕਾਮੇ ਮੁਸਲਿਮ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ। ਅਸਲਮ ਜੀ ਦੇ ਅੰਦਾਜ਼ੇ ਨਾਲ਼ ਇਹ 90 ਪ੍ਰਤੀਸ਼ਤ ਹਨ ਤੇ ਇਹਨਾਂ ਵਿੱਚੋਂ ਜਿਆਦਾਤਰ ਪੀਰਜ਼ਾਦਾ ਇਲਾਕੇ ਵਿੱਚ ਜਾਂ ਇਸ ਦੇ ਆਸ ਪਾਸ ਰਹਿੰਦੇ ਹਨ। ਮੋਰਾਦਾਬਾਦ ਦੀ ਮੁਸਲਿਮ ਆਬਾਦੀ ਸ਼ਹਿਰ ਦੀ ਕੁੱਲ ਆਬਾਦੀ ਦਾ 47.12 ਪ੍ਰਤੀਸ਼ਤ ਹੈ (ਜਨਗਣਨਾ 2011)।

ਅਸਲਮ ਅਤੇ ਜਾਨ ਨੂੰ ਇਕੱਠਿਆਂ ਕੰਮ ਕਰਦਿਆਂ ਪੰਜ ਸਾਲ ਹੋ ਚੁੱਕੇ ਹਨ। ਸਵੇਰੇ ਜਲਦੀ ਕੰਮ ਸ਼ੁਰੂ ਕਰਨ ਲਈ ਇਹ ਭੱਠੀ ਤੇ 5:30 ਪਹੁੰਚ ਜਾਂਦੇ ਹਨ। ਇਹ ਦੋਵੇਂ ਭੱਠੀ ਦੇ ਨਜ਼ਦੀਕ ਹੀ ਰਹਿੰਦੇ ਹਨ ਤੇ ਦੁਪਹਿਰ ਦੀ ਰੋਟੀ ਖਾਣ ਲਈ ਘਰ ਜਾਂਦੇ ਹਨ। ਸ਼ਾਮ ਦੀ ਚਾਹ ਕੋਈ ਪਰਿਵਾਰਿਕ ਮੈਂਬਰ ਲੈ ਕੇ ਵਰਕਸ਼ਾਪ 'ਤੇ ਆ ਜਾਂਦਾ ਹੈ।

“ਅਸੀਂ ਸਖਤ ਮਿਹਨਤ ਕਰਦੇ ਹਾਂ ਪਰ ਕਦੇ ਰੋਟੀ ਦਾ ਵਕਤ ਖੁੰਝਣ ਨਹੀਂ ਦਿੱਤਾ। ਆਖਿਰ ਸਾਰਾ ਕੰਮ ਰੋਟੀ ਲਈ ਹੀ ਤਾਂ ਕਰਦੇ ਹਾਂ,” ਅਸਲਮ ਕਹਿੰਦੇ ਹਨ।

ਜਾਨ ਅਸਲਮ ਦੇ ਸਹਾਇਕ ਹਨ ਤੇ 400 ਰੁਪਏ ਦੀ ਦਿਹਾੜੀ 'ਤੇ ਕੰਮ ਕਰਦੇ ਹਨ। ਇਕੱਠਿਆਂ ਇਹ ਦੋਵੇਂ ਪਿੱਤਲ ਪਿਘਲਾਉਂਦੇ, ਠੰਡਾ ਕਰਦੇ ਤੇ ਆਪਣੇ ਦੁਆਲੇ ਖਿੱਲਰੀ ਰੇਤ ਨੂੰ ਦੁਬਾਰਾ ਵਰਤੋਂ ਲਈ ਇਕੱਠਾ ਕਰਦੇ ਹਨ।

ਜਾਨ ਜਿਆਦਾਤਰ ਭੱਠੀ ਦਾ ਕੰਮ ਸੰਭਾਲਦੇ ਹਨ ਜਿਸ ਲਈ ਉਹਨਾਂ ਨੇ ਖੜੇ ਰਹਿ ਕੇ ਕੋਲ਼ਾ ਪਾਉਣਾ ਹੁੰਦਾ ਹੈ। “ਇਹ ਇਕੱਲੇ ਬੰਦੇ ਦਾ ਕੰਮ ਨਹੀਂ, ਘੱਟੋ ਘੱਟ ਦੋ ਆਦਮੀ ਚਾਹੀਦੇ ਹਨ। ਇਸ ਲਈ ਜੇ ਅਸਲਮ ਭਾਈ ਛੁੱਟੀ 'ਤੇ ਹੁੰਦੇ ਹਨ ਤਾਂ ਮੇਰਾ ਵੀ ਕੰਮ ਖੁੱਸ ਜਾਂਦਾ ਹੈ,” 60 ਸਾਲਾ ਜਾਨ ਦਾ ਕਹਿਣਾ ਹੈ। “ਰਈਸ ਭਾਈ ਕੱਲ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਜਾ ਰਹੇ ਹਨ ਤੇ ਮੈਨੂੰ 500 ਰੁਪਏ ਦਾ ਘਾਟਾ ਪਵੇਗਾ,” ਅਸਲਮ ਵੀ ਮੁਸਕੁਰਾਉਂਦੇ ਹੋਏ ਕਹਿੰਦੇ ਹਨ।

“ਇੱਕ ਢਲਈਏ ਦਾ ਲੱਕ ਤਾਂ ਕੋਲ਼ਾ ਹੀ ਤੋੜਦਾ ਹੈ,” ਅਸਲਮ ਦੱਸਦੇ ਹਨ, “ਜੇ ਸਾਨੂੰ ਕੋਲ਼ਾ ਅੱਧ ਮੁੱਲ 'ਤੇ ਮਿਲ ਜਾਵੇ ਤਾਂ ਬਹੁਤ ਰਾਹਤ ਹੋਵੇਗੀ”। ਅਸਲਮ ਠੇਕੇ 'ਤੇ ਰੋਜ਼ਾਨਾ ਪਿੱਤਲ ਦੀ ਢਲਾਈ ਕਰਦੇ ਹਨ।

PHOTO • Mohd Shehwaaz Khan
PHOTO • Mohd Shehwaaz Khan

ਖੱਬੇ: ਰਈਸ ਜਾਨ ਅਸਲਮ ਦੇ ਸਹਾਇਕ ਹਨ ਅਤੇ ਭੱਠੀ ਦਾ ਕੰਮ ਕਰਦੇ ਹਨ। ਸੱਜੇ: ਭੱਠੀ ਕੋਲੇ ਨਾਲ਼ ਚੱਲਦੀ ਤੇ ਇੱਕ ਕਿਲੋ ਪਿੱਤਲ ਲਈ 300 ਗ੍ਰਾਮ ਕੋਲ਼ਾ ਲੱਗਦਾ ਹੈ। ਅਸਲਮ ਵਰਗੇ ਢਲਈਆਂ ਨੂੰ ਲੱਗਦਾ ਹੈ ਕਿ ਕੋਲੇ ਦਾ ਮੁੱਲ (55 ਰੁਪਏ ਕਿਲੋ) ਬਹੁਤ ਜਿਆਦਾ ਹੈ

ਇਹ ਲੋਕ ਸਥਾਨਕ ਵਪਾਰੀਆਂ ਤੋਂ 500 ਰੁਪਏ ਕਿਲੋ ਦੇ ਹਿਸਾਬ ਨਾਲ਼ ਪਿੱਤਲ ਦੀਆਂ ਸਿੱਲੀਆਂ ਖਰੀਦਦੇ ਹਨ ਤੇ ਢਲਾਈ ਕਰ ਕੇ ਵਾਪਿਸ ਦੇ ਦਿੰਦੇ ਹਨ। ਆਮ ਤੌਰ ਤੇ ਇੱਕ ਸਿੱਲੀ ਦਾ ਵਜ਼ਨ 7-8 ਕਿਲੋ ਹੁੰਦਾ ਹੈ।

“ਕੰਮ ਮਿਲਣ ਦੇ ਹਿਸਾਬ ਨਾਲ਼ ਅਸੀਂ ਇੱਕ ਦਿਨ ਵਿੱਚ ਘੱਟੋ ਘੱਟ 42 ਕਿਲੋ ਪਿੱਤਲ ਦੀ ਢਲਾਈ ਕਰ ਦਿੰਦੇ ਹਾਂ। ਇੱਕ ਕਿਲੋ ਪਿੱਤਲ ਦੀ ਢਲਾਈ ਪਿੱਛੇ ਕੋਲ਼ਾ ਤੇ ਹੋਰ ਖਰਚੇ ਪਾ ਕੇ ਸਾਨੂੰ 40 ਰੁਪਏ ਦੀ ਕਮਾਈ ਹੁੰਦੀ ਹੈ,” ਅਸਲਮ ਦੱਸਦੇ ਹਨ।

ਅਸਲਮ ਦੱਸਦੇ ਹਨ ਕਿ ਇੱਕ ਕਿਲੋ ਕੋਲੇ ਦਾ ਮੁੱਲ 55 ਰੁਪਏ ਹੈ ਤੇ ਇਸ ਨੂੰ ਪਿਘਲਾਉਣ ਲਈ ਲਗਭਗ 300 ਗ੍ਰਾਮ ਕੋਲ਼ਾ ਖਪਤ ਹੁੰਦਾ ਹੈ। “ਜੇ ਸਾਰੇ ਖਰਚੇ ਕੱਢ ਦਈਏ ਤਾਂ ਇੱਕ ਕਿਲੋ ਪਿੱਤਲ ਦੀ ਢਲਾਈ ਤੇ ਸਾਨੂੰ 6-7 ਰੁਪਏ ਦੀ ਕਮਾਈ ਹੁੰਦੀ ਹੈ,” ਉਹ ਨਾਲ਼ ਹੀ ਦੱਸਦੇ ਹਨ।

ਰਈਸ ਜਾਨ ਨੇ 10 ਸਾਲ ਦੀ ਉਮਰੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਇਹ ਕੰਮ ਸਿੱਖਣ ਲਈ ਉਹਨਾਂ ਨੂੰ ਇੱਕ ਸਾਲ ਦਾ ਸਮਾਂ ਲੱਗ ਗਿਆ ਸੀ। “ਇਹ ਕੰਮ ਸਿਰਫ਼ ਦੇਖਣ ਵਿੱਚ ਅਸਾਨ ਲੱਗਦਾ ਹੈ,” ਉਹ ਕਹਿੰਦੇ ਹਨ, “ਸਭ ਤੋਂ ਮੁਸ਼ਕਿਲ ਕੰਮ ਇਹ ਸਮਝਣਾ ਹੈ ਕਿ ਪਿਘਲਣ ਤੇ ਪਿੱਤਲ ਕਿਵੇਂ ਕੰਮ ਕਰਦਾ ਹੈ।''

ਜਾਨ ਦੱਸਦੇ ਹਨ ਕਿ ਪਿੱਤਲ ਦੀ ਢਲਾਈ ਕਰਨ ਵੇਲੇ ਆਪਣੇ ਹੱਥ ਸਖ਼ਤ ਤੇ ਆਪਣੇ ਆਪ ਨੂੰ ਸਹਿਜ ਰੱਖਣਾ ਹੁੰਦਾ ਹੈ। “ਅਸਲ ਕਲਾ ਤਾਂ ਭਾਂਡਾ ਭਰਨ ਵਿੱਚ ਹੈ। ਕਿਸੇ ਨੌਸਿੱਖੀਏ ਨੂੰ ਤਾਂ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਪਿਘਲਿਆ ਪਿੱਤਲ ਭਰਨ ਦੇ ਬਾਅਦ ਭਾਂਡੇ ਨੂੰ ਮਾਰ ਕਿੰਨੀ ਕੁ ਲਾਉਣੀ ਹੈ। ਜੇ ਇਹ ਕੰਮ ਸਹੀ ਤਰੀਕੇ ਨਾ ਹੋਵੇ ਤਾਂ ਅਦਤ (ਢਲਿਆ ਹੋਇਆ ਸਮਾਨ) ਟੁੱਟ ਜਾਵੇਗਾ,” ਜਾਨ ਕਹਿੰਦੇ ਹਨ, “ਮਾਹਿਰ ਬੰਦੇ ਦੇ ਹੱਥ ਤਾਂ ਆਪਣੇ ਆਪ ਸਹਿਜੇ ਹੀ ਚੱਲਦੇ ਰਹਿੰਦੇ ਹਨ।''

ਜਾਨ ਦੇ ਪੁਰਖੇ ਵੀ ਢਲਾਈ ਦਾ ਕੰਮ ਕਰਦੇ ਸਨ। “ਇਹ ਮੇਰਾ ਪਿਤਾ ਪੁਰਖੀ ਕਿੱਤਾ ਹੈ,” ਉਹ ਦੱਸਦੇ ਹਨ, “ਅਸੀਂ ਲਗਭਗ 200 ਸਾਲ ਤੋਂ ਇਹ ਕੰਮ ਕਰ ਰਹੇ ਹਾਂ।'' ਪਰ ਜਾਨ ਅਕਸਰ ਆਪਣੇ ਇਸ ਕੰਮ ਕਰਨ ਦੇ ਫੈਸਲੇ ਨੂੰ ਲੈ ਕੇ ਸ਼ੰਕੇ ਵਿੱਚ ਰਹਿੰਦੇ ਹਨ। “ਮੇਰੇ ਪਿਤਾ ਦਾ ਢਲਾਈ ਦਾ ਆਪਣਾ ਕੰਮ ਸੀ, ਪਰ ਮੈਂ ਸਿਰਫ਼ ਇੱਕ ਦਿਹਾੜੀਦਾਰ ਹਾਂ,” ਉਹ ਅਫ਼ਸੋਸ ਨਾਲ਼ ਕਹਿੰਦੇ ਹਨ।

PHOTO • Mohd Shehwaaz Khan
PHOTO • Mohd Shehwaaz Khan

ਖੱਬੇ: ਢਲਾਈ ਦੇ ਕੰਮ ਲਈ ਰੇਤ ਨੂੰ ਸਮਤਲ ਕਰਨ ਲਈ ਦੋ ਲੱਕੜ ਦੇ ਫੱਟੇ (ਫੈਂਟੀ ਤੇ ਪਟਲਾ), ਰੇਤ ਨੂੰ ਭਾਂਡੇ ਵਿੱਚ ਪਾਉਣ ਲਈ ਸਰੀਆ, ਲੋਹੇ ਦੇ ਚਿਮਟੇ ਜਾਂ ਸੰਦਾਸੀ, ਅਤੇ ਬਣੇ ਹੋਏ ਭਾਂਡੇ ਨੂੰ ਫੜਨ ਲਈ ਜਾਂ ਵਾਧੂ ਪਿੱਤਲ ਤੋੜਨ ਲਈ ਪਲਾਸ, ਅਤੇ ਢਲੇ ਹੋਏ ਭਾਂਡੇ ਨੂੰ ਆਕਾਰ ਦੇਣ ਲਈ ਮੂਸਲੀ ਜਾਂ ਲੋਹੇ ਦਾ ਘੋਟਣਾ। ਸੱਜੇ: ਚੰਦਨ ਪਿਆਲੀ ਨਾਲ਼ ਲੱਗਿਆ ਵਾਧੂ ਪਿੱਤਲ ਢਲਈਏ ਦੁਬਾਰਾ ਵਰਤ ਲੈਂਦੇ ਹਨ

ਅਸਲਮ ਨੇ ਢਲਾਈ ਦਾ ਕੰਮ 40 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਸ਼ੁਰੂ ਵਿੱਚ ਤਾਂ ਪਰਿਵਾਰ ਦੇ ਭਰਨ ਪੋਸ਼ਣ ਵਿੱਚ ਉਸ ਦੇ ਪਿਤਾ ਦੀ ਫ਼ਲ ਤੇ ਸਬਜ਼ੀ ਦੀ ਰੇਹੜੀ ਤੋਂ ਹੁੰਦੀ ਕਮਾਈ ਨਾਲ਼ ਮਦਦ ਹੋ ਜਾਂਦੀ ਸੀ। “ਸਾਡਾ ਹਰ ਦਿਨ ਇੱਕੋ ਜਿਹਾ ਹੈ, ਕੁਝ ਨਹੀਂ ਬਦਲਦਾ,” ਇਸ ਢਲਈਏ ਦਾ ਕਹਿਣਾ ਹੈ। “ਅੱਜ ਦੇ 500 ਰੁਪਏ 10 ਸਾਲ ਪਹਿਲਾਂ ਕਮਾਏ 250 ਰੁਪਈਆਂ ਦੇ ਬਰਾਬਰ ਹਨ,” ਵੱਧਦੀ ਹੋਈ ਮਹਿੰਗਾਈ ਵੱਲ ਧਿਆਨ ਦਵਾਉਂਦੀਆਂ ਉਹ ਕਹਿੰਦੇ ਹਨ।

ਅਸਲਮ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹਨ। ਉਹਨਾਂ ਦੀ ਧੀਆਂ ਵਿਆਹੀਆਂ ਹੋਈਆਂ ਹਨ। “ਸਾਡੇ ਘਰ ਵਿੱਚ ਐਨੀ ਥਾਂ ਨਹੀਂ ਕਿ ਅਸੀਂ ਪੁੱਤਰ ਨੂੰ ਵਿਆਹ ਕੇ ਇੱਕ ਹੋਰ ਜੀਅ ਨੂੰ ਘਰ ਲੈ ਆਈਏ,” ਉਹ ਕਹਿੰਦੇ ਹਨ।

*****

ਪੀਰਜ਼ਾਦਾ ਵਿੱਚ ਕੰਮ ਕਰਦੇ ਸ਼ਿਲਪਕਾਰਾਂ ਨੂੰ ਸ਼ੁੱਕਰਵਾਰ ਦੇ ਦਿਨ ਛੁੱਟੀ ਹੁੰਦੀ ਹੈ। ਹਰ ਜੁੰਮਾਬਾਰ ਭੱਠੀਆਂ ਬੰਦ ਹੁੰਦੀਆਂ ਹਨ ਅਤੇ ਆਮ ਤੌਰ ਤੇ ਹਥੌੜਿਆਂ ਤੇ ਚਿਮਟਿਆਂ ਦੇ ਸ਼ੋਰ ਨਾਲ਼ ਗੂੰਜਦਾ ਇਹ ਇਲਾਕਾ ਸ਼ਾਂਤ ਹੋ ਜਾਂਦਾ ਹੈ।

ਛੁੱਟੀ ਵਾਲੇ ਦਿਨ ਮੁਹੰਮਦ ਨਈਮ ਆਪਣੇ ਘਰ ਦੀ ਛੱਤ ਤੇ ਆਪਣੇ ਪੋਤੇ ਪੋਤੀਆਂ ਨਾਲ਼ ਪਤੰਗ ਉਡਾਉਂਦੇ ਹਨ। “ਇਸ ਨਾਲ਼ ਮੇਰੀ ਸਾਰੀ ਥਕਾਨ ਦੂਰ ਹੋ ਜਾਂਦੀ ਹੈ,” ਉਹ ਦੱਸਦੇ ਹਨ।

ਉਹ ਬਾਕੀ ਦਾ ਸਾਰਾ ਹਫ਼ਤਾ ਅਸਲਮ ਅਤੇ ਜਾਨ ਦੀ ਭੱਠੀ ਤੋਂ ਬੱਸ ਪੰਜ ਕੁ ਮਿੰਟਾਂ ਦੀ ਦੂਰੀ ਤੇ ਇੱਕ ਭੀੜੀ ਜਿਹੀ ਗਲੀ ਵਿੱਚ ਵਰਕਸ਼ਾਪ ਵਿੱਚ ਕੰਮ ਕਰਦਿਆਂ ਬਿਤਾਉਂਦੇ ਹਨ। ਉਹਨਾਂ ਨੂੰ ਇਹ ਕੰਮ ਕਰਦਿਆਂ 36 ਸਾਲ ਹੋ ਗਏ ਹਨ। “ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕਾਂ ਨੂੰ ਪਿੱਤਲ ਦਾ ਸਮਾਨ ਕਿਉਂ ਪਸੰਦ ਹੈ। ਮੈਂ ਕਦੇ ਆਪਣੇ ਲਈ ਕੁਝ ਨਹੀਂ ਬਣਾਇਆ,” ਉਹ ਕਹਿੰਦੇ ਹਨ। ਅਸਲਮ ਤੇ ਜਾਨ ਦੇ ਉਲਟ ਉਹਨਾਂ ਨੂੰ ਕੰਮ ਤੇ ਪਹੁੰਚਣ ਲਈ 20 ਕਿਲੋਮੀਟਰ ਦਾ ਸਫ਼ਰ ਕਰਨਾ ਪੈਂਦਾ ਹੈ ਜਿਸ ਲਈ ਉਹ ਮੂੰਹ ਹਨੇਰੇ ਘਰੋਂ ਚੱਲਦੇ ਹਨ। ਹਰ ਰੋਜ਼ ਆਉਣ ਜਾਣ ਤੇ ਉਹਨਾਂ ਦੇ 80 ਰੁਪਏ ਖਰਚ ਹੁੰਦੇ ਹਨ।

PHOTO • Aishwarya Diwakar
PHOTO • Aishwarya Diwakar

ਮੁਹੰਮਦ ਨਈਮ ਭੱਠੀ ਤੇ ਅੱਗ ਦੇਖਦੇ ਹੋਏ (ਖੱਬੇ) ਅਤੇ ਭੱਠੀ ਵਿੱਚੋਂ ਨੰਗੇ ਹੱਥੀਂ ਸਾਂਚਾ ਕੱਢਦੇ ਹੋਏ (ਸੱਜੇ)

55 ਸਾਲਾ ਮੁਹੰਮਦ ਜਿਆਦਾਤਰ ਭੱਠੀ ਦਾ ਕੰਮ ਦੇਖਦੇ ਹਨ ਜਦਕਿ ਉਹਨਾਂ ਦੇ ਤਿੰਨ ਸਾਥੀ ਢਲਾਈ ਵਗੈਰਾ ਦਾ ਕੰਮ ਕਰਦੇ ਹਨ।

ਇਹ ਲੋਕ ਪੂਜਾ ਦੇ ਸਮਾਨ ਦੀ ਢਲਾਈ ਕਰ ਰਹੇ ਹਨ ਜਿਹਨਾਂ ਵਿੱਚ ਦੀਵੇ, ਓਮ ਦੇ ਚਿੰਨ੍ਹ, ਅਤੇ ਦੀਵਿਆਂ ਦਾ ਆਧਾਰ ਸ਼ਾਮਿਲ ਹਨ। ਨਈਮ ਅਨੁਸਾਰ ਇਹਨਾਂ ਵਿੱਚੋਂ ਜਿਆਦਾ ਸਮਾਨ ਮੰਦਿਰਾਂ ਵਿੱਚ ਵਰਤਿਆ ਜਾਂਦਾ ਹੈ।

“ਤੁਸੀਂ ਕਹਿ ਸਕਦੇ ਹੋ ਕਿ ਅਸੀਂ ਦੇਸ਼ ਦੇ ਤਕਰੀਬਨ ਹਰ ਮੰਦਿਰ ਲਈ ਪਿੱਤਲ ਦਾ ਸਮਾਨ ਬਣਾ ਚੁੱਕੇ ਹਾਂ,” ਉਹ ਥਾਵਾਂ ਦਾ ਨਾਮ ਉਂਗਲਾਂ ਤੇ ਗਿਣਾਉਂਦੇ ਹੋਏ ਦੱਸਦੇ ਹਨ, “ਕੇਰਲ, ਬਨਾਰਸ, ਗੁਜਰਾਤ, ਤੇ ਹੋਰ ਵੀ ਕਈ ਥਾਵਾਂ।''

ਤਾਪਮਾਨ 42o ਸੈਲਸੀਅਸ ਨੂੰ ਛੂਹ ਰਿਹਾ ਹੈ ਤੇ ਇਸ ਗਰਮੀ ਵਿੱਚ ਵੀ ਨਈਮ ਸਭ ਲਈ ਚਾਹ ਬਨਾਉਣ ਤੇ ਜੋਰ ਦਿੰਦੇ ਹਨ। “ਮੈਂ ਬਹੁਤ ਵਧੀਆ ਚਾਹ ਬਣਾਉਂਦਾ ਹਾਂ,” ਉਹਨਾਂ ਦੀਆਂ ਅੱਖਾਂ ਵਿੱਚ ਰੌਸ਼ਨੀ ਤੈਰਨ ਲੱਗਦੀ ਹੈ। “ਤੁਸੀਂ ਕਦੀ ਭੱਠੀ ਵਾਲੀ ਚਾਹ ਪੀਤੀ ਹਉ?” ਉਹ ਪਾਰੀ ਦੇ ਪੱਤਰਕਾਰਾਂ ਨੂੰ ਪੁੱਛਦੇ ਹਨ। ਉਹਨਾਂ ਅਨੁਸਾਰ ਭੱਠੀ ਦੇ ਸੇਕ ਵਿੱਚ ਚਾਹ ਵਧੀਆ ਬਣਦੀ ਹੈ।

ਨਈਮ ਦੇ ਪਰਿਵਾਰ ਦਾ ਰਿਵਾਇਤੀ ਕੰਮ ਕੱਪੜੇ ਵੇਚਣ ਦਾ ਸੀ ਪਰ ਨਈਮ ਨੇ ਢਲਾਈ ਦਾ ਕੰਮ ਆਪਣੇ ਭਰਾਵਾਂ ਦੇ ਨਕਸ਼ੇ ਕਦਮਾਂ ਤੇ ਸ਼ੁਰੂ ਕੀਤਾ ਸੀ। ਉਹ ਕਹਿੰਦੇ ਹਨ, “ਉਹ ਤਾਂ ਨਿਕਲ ਗਏ ਪਰ ਮੈਂ ਇੱਥੇ ਹੀ ਰਹਿ ਗਿਆ”।

ਨਈਮ ਨੂੰ ਲੱਗਦਾ ਹੈ ਕਿ 450-500 ਰੁਪਏ ਦਿਹਾੜੀ ਬਹੁਤ ਘੱਟ ਹੈ ਤੇ ਉਹ ਇਹ ਕੰਮ ਛੱਡਣ ਬਾਰੇ ਸੋਚਦੇ ਹਨ। “ਜੇ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਕੱਪੜੇ ਵੇਚਣ ਵਾਲਾ ਕੰਮ ਦੁਬਾਰਾ ਕਰਦਾ। ਮੈਨੂੰ ਉਹ ਕੰਮ ਬਹੁਤ ਪਸੰਦ ਸੀ। ਹੋਰ ਕੁਝ ਨਹੀਂ ਬੱਸ ਸਾਰਾ ਦਿਨ ਆਰਾਮ ਨਾਲ਼ ਕੁਰਸੀ ਤੇ ਬੈਠ ਕੇ ਕੱਪੜੇ ਵੇਚਣੇ ਹੁੰਦੇ ਹਨ,” ਉਹ ਕਹਿੰਦੇ ਹਨ।

PHOTO • Aishwarya Diwakar
PHOTO • Aishwarya Diwakar

ਖੱਬੇ: ਨਈਮ ਤੇ ਉਸ ਦੇ ਸਾਥੀ ਦੀਵੇ ਅਤੇ ਓਮ ਦੇ ਚਿੰਨ੍ਹ ਬਣਾਉਂਦੇ ਹਨ ਜੋ ਭਾਰਤ ਦੇ ਮੰਦਿਰਾਂ ਤੱਕ ਪਹੁੰਚਾਏ ਜਾਂਦੇ ਹਨ। ਸੱਜੇ: ਓਮ ਦਾ ਚਿੰਨ੍ਹ ਸਾਂਚੇ ਵਿੱਚੋਂ ਕੱਢਦੇ ਸਮੇਂ

PHOTO • Aishwarya Diwakar
PHOTO • Aishwarya Diwakar

ਖੱਬੇ: ਨਈਮ ਆਪਣਾ ਬਣਾਇਆ ਓਮ ਦਾ ਚਿੰਨ੍ਹ ਦਿਖਾਉਂਦੇ ਹੋਏ। ਸੱਜੇ: ਨਈਮ ਵੱਲੋਂ ਨਵ ਨਿਰਮਿਤ ਬਿਨਾਂ ਪਾਲਸ਼ ਦੇ ਚੰਦਨ ਪਿਆਲੀਆਂ

*****

ਇਹ ਪ੍ਰਸਿੱਧ ਪਿੱਤਲ ਉਦਯੋਗ ਕੇਂਦਰੀ ਤੇ ਉੱਤਰ ਪ੍ਰਦੇਸ਼ ਸਰਕਾਰ ਦੀ ‘ਇੱਕ ਜ਼ਿਲ੍ਹਾ ਇੱਕ ਉਤਪਾਦ’ ਸਕੀਮ ਦਾ ਹਿੱਸਾ ਹੈ। ਮੋਰਾਦਾਬਾਦ ਦੀ ਇਸ ਸ਼ਿਲਪਕਾਰੀ ਨੂੰ 2014 ਵਿੱਚ ਜੋਗਰਾਫਿਕਲ ਇੰਡੀਕੇਸ਼ਨ (ਜੀ. ਆਈ.) ਦਾ ਟੈਗ ਵੀ ਮਿਲਿਆ। ਪਰ ਢਲਈਆਂ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ।

ਪਿੱਤਲ ਦਾ ਸਮਾਨ ਬਨਾਉਣ ਵਿੱਚ ਢਲਾਈ ਦਾ ਕੰਮ ਸਭ ਤੋਂ ਵੱਧ ਸਖ਼ਤ ਹੈ। ਕਾਰੀਗਰ ਲੰਬਾ ਸਮਾਂ ਤੱਕ ਹੇਠਾਂ ਬੈਠ ਕੇ ਅੱਗ ਦੀਆਂ ਲਪਟਾਂ ਤੋਂ ਬਚਦੇ ਹੋਏ ਭਾਰੀ ਭਰਕਮ ਸਮਾਨ ਨੂੰ ਇੱਧਰ ਤੋਂ ਉਧਰ ਕਰਦੇ ਹਨ, ਰੇਤ ਸਮਤਲ ਕਰਦੇ ਹਨ ਅਤੇ ਭੱਠੀ ਵਿੱਚ ਕੋਲੇ ਭਰਦੇ ਹਨ।

ਸਖਤ ਮਿਹਨਤ ਅਤੇ ਬਹੁਤ ਘੱਟ ਕਮਾਈ ਵਾਲੇ ਇਸ ਢਲਾਈ ਦੇ ਕੰਮ ਤੋਂ ਨੌਜਵਾਨ ਪੀੜ੍ਹੀ ਮੂੰਹ ਮੋੜਦੀ ਜਾ ਰਹੀ ਹੈ।

ਨੌਜਵਾਨ ਮੁੰਡੇ ਜਿਆਦਾਤਰ ਮੀਨੇ ਕਾ ਕਾਮ ਵਿੱਚ ਦਿਲਚਸਪੀ ਰੱਖਦੇ ਹਨ। ਉਹਨਾਂ ਅਨੁਸਾਰ ਇਹ ਕੰਮ ਜਿਆਦਾ ਇੱਜਤ ਵਾਲਾਂ ਹੈ ਤੇ ਕੱਪੜੇ ਵੀ ਗੰਦੇ ਨਹੀਂ ਹੁੰਦੇ। ਰੋਜ਼ਗਾਰ ਦੇ ਹੋਰ ਵਸੀਲਿਆਂ ਵਿੱਚ ਪੈਕਿੰਗ, ਸਿਲਾਈ ਤੇ ਬਕਸੇ ਵਿੱਚ ਸਮਾਨ ਬੰਦ ਕਰਨ ਦਾ ਕੰਮ ਸ਼ਾਮਿਲ ਹੈ।

PHOTO • Mohd Shehwaaz Khan
PHOTO • Mohd Shehwaaz Khan

ਖੱਬੇ: ਜਿੱਥੇ ਮੋਰਾਦਾਬਾਦ ਦੇ ਨੌਜਵਾਨ ਇਸ ਕੰਮ ਤੋਂ ਕੰਨੀ ਕਤਰਾਉਂਦੇ ਹਨ ਉੱਥੇ ਮੁਹੰਮਦ ਸੁਬਹਾਨ ਕੋਲ ਇਸ ਕੰਮ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ। ਕੋਵਿਡ-19 ਦੀ ਤਾਲਾਬੰਦੀ ਦੌਰਾਨ ਉਹਨਾਂ ਦੀ ਸਾਰੀ ਜਮਾਂਪੂੰਜੀ ਖਰਚ ਹੋ ਗਈ ਤੇ ਹੁਣ ਪੈਸੇ ਦੀ ਤੰਗੀ ਹੈ। ਵਿਆਹਾਂ ਦੇ ਸੀਜ਼ਨ ਦੌਰਾਨ ਉਹ ਬਿਜਲੀ ਦਾ ਕੰਮ ਕਰਦੇ ਹਨ। ਸੱਜੇ: ਸੁਬਹਾਨ ਵੱਲੋਂ ਢਾਲੇ ਗਏ ਦੀਵੇ ਭੱਠੀ ਵਿੱਚੋਂ ਤਾਜ਼ਾ ਕੱਢੇ ਹੋਏ

PHOTO • Mohd Shehwaaz Khan
PHOTO • Mohd Shehwaaz Khan

ਖੱਬੇ: ‘ਮੈਂ ਅੱਠ ਬੱਚਿਆਂ ਵਿੱਚੋਂ ਦੂਜੇ ਨੰਬਰ ਤੇ ਹਾਂ ਅਤੇ ਮੇਰੇ ਤੇ ਪਰਿਵਾਰ ਦੀ ਜਿੰਮੇਵਾਰੀ ਹੈ’ ਸੁਬਹਾਨ ਕਹਿੰਦੇ ਹਨ। ਸੱਜੇ: ਭੱਠੀ ਤੇ ਕੰਮ ਕਰਦਿਆਂ ਉਹਨਾਂ ਦੇ ਪੈਰ ਮੱਚ ਗਏ ਸਨ ਪਰ ਉਹ ਅਗਲੇ ਹੀ ਦਿਨ ਕੰਮ ਤੇ ਪਹੁੰਚ ਗਏ ਸਨ

24 ਸਾਲਾ ਢਲਈਏ ਮੁਹੰਮਦ ਸੁਬਹਾਨ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਦੋ ਥਾਂ ਕੰਮ ਕਰਦੇ ਹਨ। ਦਿਨ ਵੇਲੇ ਉਹ 300 ਰੁਪਏ ਦਿਹਾੜੀ ਤੇ ਪਿੱਤਲ ਦੀ ਢਲਾਈ ਦਾ ਕੰਮ ਕਰਦੇ ਹਨ। ਜਦ ਵਿਆਹਾਂ ਦਾ ਸੀਜ਼ਨ ਹੁੰਦਾ ਹੈ ਤਾਂ ਉਹ ਬਿਜਲੀ ਦਾ ਕੰਮ ਕਰਦੇ ਹਨ ਜਿੱਥੇ ਇੱਕ ਵਿਆਹ ਵਿੱਚ ਕੰਮ ਕਰ ਕੇ ਉਹ 200 ਰੁਪਏ ਕਮਾ ਲੈਂਦੇ ਹਨ। “ਢਲਾਈ ਦਾ ਕੰਮ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਪੈਸੇ ਦੀ ਬਹੁਤ ਤੰਗੀ ਹੈ,” ਉਹ ਦੱਸਦੇ ਹਨ।

ਇਸ ਰਿਕਸ਼ਾ ਚਾਲਕ ਦੇ ਬੇਟੇ ਨੇ 12 ਸਾਲਾਂ ਦੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। “ਅੱਠ ਬੱਚਿਆਂ ਵਿੱਚੋਂ ਮੈਂ ਦੂਜੇ ਨੰਬਰ ਤੇ ਹਾਂ ਤੇ ਪਰਿਵਾਰ ਦੀ ਦੇਖਭਾਲ ਦੀ ਜਿੰਮੇਵਾਰੀ ਮੇਰੇ ਤੇ ਹੈ,” ਸੁਬਹਾਨ ਦੱਸਦੇ ਹਨ। “ਕੋਵਿਡ-19 ਤਾਲਾਬੰਦੀ ਦੌਰਾਨ ਮੇਰੀ ਜਮਾਂਪੂੰਜੀ ਖਰਚ ਹੋ ਗਈ ਤੇ ਹੁਣ ਕੰਮ ਛੱਡਣਾ ਮੇਰੇ ਲਈ ਬਹੁਤ ਮੁਸ਼ਕਿਲ ਹੈ”।

ਸੁਬਹਾਨ ਜਾਣਦੇ ਹਨ ਕਿ ਉਹ ਇਕੱਲੇ ਨਹੀਂ ਹਨ। “ਮੇਰੇ ਵਰਗੇ ਕਈ ਨੌਜਵਾਨ ਹਨ ਜੋ ਦੋ ਦੋ ਨੌਕਰੀਆਂ ਕਰਦੇ ਹਨ। ਜੀ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਕੁਝ ਹੱਲ ਤਾਂ ਕਰਨਾ ਹੀ ਪਵੇਗਾ,” ਉਹ ਕਹਿੰਦੇ ਹਨ।

ਇਸ ਕਹਾਣੀ ਨੂੰ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮ. ਐਮ. ਐਫ.) ਵੱਲੋਂ ਮਦਦ ਪ੍ਰਾਪਤ ਹੈ

ਤਰਜਮਾ: ਨਵਨੀਤ ਕੌਰ ਧਾਲੀਵਾਲ

Mohd Shehwaaz Khan

Mohd Shehwaaz Khan is a journalist based in Delhi. He won the Laadli Media Award 2023 for feature writing. He is a PARI-MMF fellow for 2023.

यांचे इतर लिखाण Mohd Shehwaaz Khan
Shivangi Pandey

Shivangi Pandey is a journalist and translator based in New Delhi. She is interested in how the loss of language impacts public memory. Shivangi is a PARI-MMF fellow for 2023. She was shortlisted for the Armory Square Ventures Prize For South Asian Literature In Translation 2024.

यांचे इतर लिखाण Shivangi Pandey
Photographer : Aishwarya Diwakar

Aishwarya Diwakar is a writer and translator based in Rampur, Uttar Pradesh. She has worked on the oral and cultural history of Rohilkhand and is currently working with IIT Madras on an Urdu-language AI programme.

यांचे इतर लिखाण Aishwarya Diwakar
Editor : Sarbajaya Bhattacharya

Sarbajaya Bhattacharya is a Senior Assistant Editor at PARI. She is an experienced Bangla translator. Based in Kolkata, she is interested in the history of the city and travel literature.

यांचे इतर लिखाण Sarbajaya Bhattacharya
Translator : Navneet Kaur Dhaliwal

Navneet Kaur Dhaliwal is an agriculture scientist based in Punjab. She believes in the creation of a humane society, conservation of natural resources and preserving heritage and traditional knowledge.

यांचे इतर लिखाण Navneet Kaur Dhaliwal