ਮੈਂ ਥੱਕਿਆ ਹੋਇਆ ਹਾਂ। ਮੇਰਾ ਸਰੀਰ ਤੇ ਦਿਮਾਗ਼ ਬੜੇ ਭਾਰੇ-ਭਾਰੇ ਹੋਏ ਪਏ ਹਨ। ਮੇਰੀ ਅੱਖਾਂ ਅੰਦਰ ਮੌਤ ਦੀ ਦਹਿਸ਼ਤ ਤੈਰਨ ਲੱਗਦੀ ਹੈ ਜੋ ਮੇਰੇ ਸਿਰ 'ਤੇ ਮੰਡਰਾ ਰਹੀ ਸੀ। ਮੈਂ ਹਾਲੇ ਤੀਕਰ ਸੁੰਨ ਪਿਆ ਹਾਂ ਭਾਵੇਂ ਕਿ ਮੈਂ ਇਹ ਸਟੋਰੀ ਲਿਖਣੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਚੇਨੱਈ ਦੇ ਅਨਾਗਪਾਤੁਰ ਵਿਖੇ ਦਲਿਤ ਭਾਈਚਾਰੇ ਦੇ ਘਰ ਢਾਹ ਰਹੀ ਹੈ। ਮੇਰਾ ਰਹਿੰਦਾ ਸਰੀਰ ਜਿਓਂ ਲਕਵੇ ਦਾ ਸ਼ਿਕਾਰ ਹੋ ਗਿਆ।
7 ਅਕਤੂਬਰ 2023 ਨੂੰ ਤਮਿਲਨਾਡੂ ਦੇ ਹੋਸੁਰ ਵਿਖੇ ਪਟਾਕਿਆਂ ਦੇ ਗੁਦਾਮ ਅੰਦਰ ਮਾਰੇ ਗਏ ਮਜ਼ਦੂਰਾਂ ਤੋਂ ਮੈਂ ਖੁਦ ਨੂੰ ਅੱਡ ਨਾ ਕਰ ਸਕਿਆ। ਅਜੇ ਤੱਕ ਮੈਂ 22 ਮੌਤਾਂ ਬਾਰੇ ਲਿਖ ਚੁੱਕਿਆ ਹਾਂ। ਮਰਨ ਵਾਲ਼ਿਆਂ ਵਿੱਚੋਂ, 17 ਤੇ 21 ਸਾਲਾਂ ਦੇ ਅੱਠ ਵਿਦਿਆਰਥੀ ਵੀ ਸਨ। ਉਹ ਸਾਰੇ ਹੀ ਪਟਾਕਿਆਂ ਦੇ ਗੁਦਾਮ ਵਿੱਚ ਕੰਮ ਕਰਦੇ ਸਨ। ਮਰਨ ਵਾਲ਼ੇ ਅੱਠ ਵਿਦਿਆਰਥੀ ਇੱਕੋ ਕਸਬੇ ਦੇ ਸਨ ਤੇ ਆਪਸ ਵਿੱਚ ਚੰਗੇ ਦੋਸਤ ਵੀ ਸਨ।
ਜਦੋਂ ਤੋਂ ਮੈਂ ਫ਼ੋਟੋਗ੍ਰਾਫੀ ਸਿੱਖਣੀ ਸ਼ੁਰੂ ਕੀਤੀ ਹੈ, ਮੈਂ ਉਨ੍ਹਾਂ ਲੋਕਾਂ ਬਾਰੇ ਜਾਣਨ ਵਿੱਚ ਉਤਸੁਕ ਰਿਹਾ ਹਾਂ ਜੋ ਪਟਾਕਿਆਂ ਦੀਆਂ ਫੈਕਟਰੀਆਂ, ਗੋਦਾਮਾਂ ਅਤੇ ਦੁਕਾਨਾਂ ਵਿੱਚ ਕੰਮ ਕਰਦੇ ਹਨ। ਮੈਂ ਲੰਬੇ ਸਮੇਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਲੋੜੀਂਦੀਆਂ ਇਜਾਜ਼ਤਾਂ ਨਾ ਮਿਲ ਸਕੀਆਂ। ਮੇਰੀਆਂ ਸਾਰੀਆਂ ਪੁੱਛਗਿੱਛਾਂ ਦੌਰਾਨ, ਮੈਨੂੰ ਦੱਸਿਆ ਗਿਆ ਕਿ ਗੋਦਾਮ ਕਦੇ ਵੀ ਇਜਾਜ਼ਤ ਨਹੀਂ ਦੇਣਗੇ। ਅੰਦਰ ਜਾਣਾ ਹੀ ਮੁਸੀਬਤ ਜਾਪਦਾ ਸੀ, ਫ਼ੋਟੋਆਂ ਲੈਣਾ ਤਾਂ ਬੜੀ ਦੂਰ ਦੀ ਗੱਲ ਸੀ।
ਮੇਰੇ ਮਾਪਿਆਂ ਨੇ ਸਾਨੂੰ ਕਦੇ ਵੀ ਦੀਵਾਲੀ ਮੌਕੇ ਨਵੇਂ ਕੱਪੜੇ ਜਾਂ ਪਟਾਕੇ ਲੈ ਕੇ ਨਾ ਦਿੱਤੇ। ਉਹ ਚਾਹ ਕੇ ਵੀ ਇਹ ਸਭ ਨਾ ਕਰ ਸਕੇ। ਮੇਰੇ ਤਾਇਆ ਜੀ ਸਾਡੇ ਲਈ ਨਵੇਂ ਕੱਪੜੇ ਲਿਆਉਂਦੇ। ਦੀਵਾਲੀ ਮਨਾਉਣ ਲਈ ਵੀ ਅਸੀਂ ਆਪਣੇ ਤਾਇਆ ਘਰ ਹੀ ਜਾਇਆ ਕਰਦੇ। ਉਹ ਸਾਡੇ ਲਈ ਪਟਾਕੇ ਵੀ ਲਿਆਇਆ ਕਰਦੇ ਤੇ ਫਿਰ ਅਸੀਂ ਸਾਰੇ ਜਣੇ ਮਿਲ਼ ਕੇ ਪਟਾਕੇ ਚਲਾਇਆ ਵੀ ਕਰਦੇ।
ਮੈਨੂੰ ਪਟਾਕੇ ਚਲਾਉਣਾ ਚੰਗਾ ਨਹੀਂ ਸੀ ਲੱਗਦਾ। ਜਿਓਂ-ਜਿਓਂ ਮੈਂ ਵੱਡਾ ਹੁੰਦਾ ਗਿਆ, ਪਟਾਕੇ ਚਲਾਉਣੇ ਬਿਲਕੁਲ ਬੰਦ ਕਰ ਦਿੱਤੇ। ਸਮੇਂ ਦੇ ਨਾਲ਼ ਤਾਂ ਮੈਂ ਸਾਰੇ ਤਿਓਹਾਰ ਮਨਾਉਣੇ ਹੀ ਛੱਡ ਦਿੱਤੇ। ਕੈਮਰਾ ਫੜ੍ਹਨ ਤੋਂ ਬਾਅਦ ਹੀ ਮੈਂ ਪ੍ਰੋਲੇਤਾਰੀਆਂ ਦੇ ਜੀਵਨ ਬਾਰੇ ਸਮਝਣਾ ਸ਼ੁਰੂ ਕੀਤਾ।
ਮੈਂ ਫ਼ੋਟੋਗ੍ਰਾਫੀ ਰਾਹੀਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ। ਹਰ ਸਾਲ ਪਟਾਕਿਆਂ ਦੇ ਗੋਦਾਮਾਂ 'ਚ ਅੱਗ ਲੱਗਦੀ ਤੇ ਹਾਦਸੇ ਵੀ ਹੁੰਦੇ। ਪਰ ਅਜਿਹੀਆਂ ਘਟਨਾਵਾਂ ਕਿਸੇ ਦਾ ਧਿਆਨ ਖਿੱਚਣ ਤੋਂ ਬਿਨਾਂ ਖਤਮ ਹੋ ਜਾਂਦੀਆਂ।
ਫਿਰ ਵੀ, ਇਸ ਵਾਰ [2023] ਮੈਂ ਸੋਚਿਆ ਕਿ ਮੈਨੂੰ ਘੱਟੋ ਘੱਟ ਇਨ੍ਹਾਂ ਹਾਦਸਿਆਂ ਨੂੰ ਦਸਤਾਵੇਜ਼ ਬਣਾਉਣ ਦਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਤਾਮਿਲਨਾਡੂ ਅਤੇ ਕਰਨਾਟਕ ਦੀ ਸਰਹੱਦ 'ਤੇ ਕ੍ਰਿਸ਼ਨਾਗਿਰੀ ਨੇੜੇ ਪਟਾਕੇ ਧਮਾਕੇ 'ਚ ਉਸੇ ਪਿੰਡ ਦੇ 8 ਬੱਚਿਆਂ ਦੀ ਮੌਤ ਹੋ ਗਈ। ਮੈਨੂੰ ਇਸ ਬਾਰੇ ਇੰਸਟਾਗ੍ਰਾਮ ਅਤੇ ਫੇਸਬੁੱਕ ਰਾਹੀਂ ਪਤਾ ਲੱਗਾ, ਜਿਸ ਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ। ਮੈਨੂੰ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਬਾਰੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ।
ਮੈਨੂੰ ਇਸ ਹਾਦਸੇ ਬਾਰੇ ਆਪਣੇ ਕੁਝ ਦੋਸਤਾਂ ਤੋਂ ਪਤਾ ਲੱਗਿਆ ਤੇ ਇਹ ਵੀ ਪਤਾ ਲੱਗਿਆ ਕਿ ਸਾਰੇ ਨੌਜਵਾਨ ਇੱਕੋ ਕਸਬੇ ਦੇ ਸਨ ਅਤੇ ਦੀਵਾਲੀ ਦੇ ਸੀਜ਼ਨ ਲਈ ਕੰਮ 'ਤੇ ਗਏ ਸਨ। ਇਸ ਗੱਲ ਦਾ ਮੇਰੇ 'ਤੇ ਡੂੰਘਾ ਅਸਰ ਪਿਆ, ਕਿਉਂਕਿ ਅਸੀਂ ਵੀ ਇੰਝ ਸੀਜ਼ਨ ਮੌਕੇ ਕੰਮ ਕਰਨ ਵਾਲ਼ੇ ਪਰਿਵਾਰਾਂ ਤੋਂ ਹੀ ਆਉਂਦੇ ਹਾਂ। ਵਿਨਾਇਕ ਚਤੁਰਥੀ ਦੇ ਦੌਰਾਨ, ਅਸੀਂ ਅਰੂਗਮਪੁਲ [ਦੂਬ ਘਾਹ] ਅਤੇ ਏਰੁਕਮ ਪੁਲ [ਮਿਲਕਵੀਡ/ਦੁਧੀਆ ਘਾਹ] ਦੀਆਂ ਮਾਲਾਵਾਂ ਬਣਾਉਂਦੇ ਅਤੇ ਵੇਚਦੇ ਸੀ। ਵਿਆਹ ਦੇ ਸਮੇਂ, ਅਸੀਂ ਭੋਜਨ ਵਰਤਾਉਣ ਦੇ ਕੰਮ ਲਈ ਵਿਆਹ ਦੇ ਘਰਾਂ ਵਿੱਚ ਜਾਂਦੇ ਸੀ। ਮੈਂ ਉਨ੍ਹਾਂ ਮੁੰਡਿਆਂ ਵਿੱਚੋਂ ਇੱਕ ਸੀ ਜੋ ਘਰ ਦੀ ਖ਼ਰਾਬ ਮਾਲੀ ਹਾਲਤ ਕਾਰਨ ਮੌਸਮੀ ਤੌਰ 'ਤੇ ਕੰਮ 'ਤੇ ਜਾਂਦੇ ਸਨ।
ਮੇਰੇ ਵਰਗਾ ਕੋਈ ਮੁੰਡਾ ਰੋਜ਼ੀ-ਰੋਟੀ ਦੀ ਭਾਲ਼ ਵਿੱਚ ਗਿਆ ਅਤੇ ਇੱਕ ਦੁਖਾਂਤ ਵਿੱਚ ਆਪਣੀ ਜਾਨ ਗੁਆ ਬੈਠਾ। ਮੇਰੇ ਲਈ ਬੜੀ ਵੱਡੀ ਗੱਲ ਸੀ।
ਇਸ ਦਿਲ-ਵਲੂੰਧਰੂ ਹਾਦਸੇ ਨੂੰ ਰਿਕਾਰਡ ਕਰਨਾ ਮੇਰੇ ਲਈ ਬੇਹੱਦ ਲਾਜ਼ਮੀ ਸੀ। ਮੈਂ ਇਹ ਕੰਮ ਤਾਮਿਲਨਾਡੂ ਦੇ ਧਰਮਪੁਰੀ ਜ਼ਿਲ੍ਹੇ ਦੇ ਅਮੂਰ ਤਾਲੁਕਾ ਦੇ ਅੰਮਾਪੇਟਾਈ ਤੋਂ ਸ਼ੁਰੂ ਕੀਤਾ। ਇਹ ਪਿੰਡ ਥੇਨਪਨਾਈ ਨਦੀ ਦੇ ਕੰਢੇ ਸਥਿਤ ਹੈ ਜੋ ਧਰਮਪੁਰੀ ਅਤੇ ਤਿਰੂਵੰਨਾਮਲਾਈ ਦੇ ਵਿਚਕਾਰ ਵਗਦੀ ਹੈ। ਨਦੀ ਪਾਰ ਕਰਦੇ ਹੀ ਤੁਸੀਂ ਤਿਰੂਵੰਨਾਮਲਾਈ ਪਹੁੰਚ ਜਾਂਦੇ ਹੋ।
ਮੈਨੂੰ ਇਸ ਜਗ੍ਹਾ 'ਤੇ ਪਹੁੰਚਣ ਲਈ ਤਿੰਨ ਬੱਸਾਂ ਬਦਲਣੀਆਂ ਪਈਆਂ। ਸਫ਼ਰ ਦਾ ਸਮਾਂ ਮੈਂ ਆਪਣੇ ਸਾਥੀਆਂ ਨਾਲ਼ ਗੱਲਾਂ ਕਰਨ ਵਿੱਚ ਬਿਤਾਇਆ ਜਿਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਸੀ। ਅਮੂਰ ਦਾ ਕਾਮਰੇਡ ਮੈਨੂੰ ਅੰਮਾਪੇਟਾਈ ਬੱਸ ਵਿੱਚ ਲੈ ਗਿਆ, ਬੱਸ ਅੱਡੇ 'ਤੇ ਹੋਰ ਸਾਥੀਆਂ ਨਾਲ਼ ਸ਼ਾਮਲ ਹੋਣ ਦਾ ਵਾਅਦਾ ਕੀਤਾ। ਜਿਵੇਂ ਹੀ ਬੱਸ ਅੰਮਾਪੇਟਾਈ ਪਹੁੰਚੀ, ਸਭ ਤੋਂ ਪਹਿਲਾਂ ਮੇਰੀ ਨਜ਼ਰ ਲੋਹੇ ਦੀਆਂ ਸੀਖਾਂ ਦੇ ਅੰਦਰ ਅੰਬੇਡਕਰ ਦੀ ਮੂਰਤੀ ਵੱਲ ਪਈ। ਉਹ ਚੁੱਪ ਚਾਪ ਖੜ੍ਹੇ ਸਨ। ਸ਼ਹਿਰ ਚੁੱਪ ਸੀ। ਉਹੀ ਚੁੱਪ ਮੇਰੇ ਸਰੀਰ ਅੰਦਰ ਕੰਬਣੀ ਪੈਦਾ ਕਰਨ ਲੱਗੀ। ਕਿਸੇ ਵੀ ਘਰ ਤੋਂ ਕੋਈ ਅਵਾਜ਼ ਨਹੀਂ ਸੀ ਨਿਕਲ਼ ਰਹੀ- ਪੂਰਾ ਇਲਾਕਾ ਜਿਓਂ ਹਨ੍ਹੇਰੇ ਵਿੱਚ ਡੁੱਬਿਆ ਹੋਵੇ।
ਜਿਸ ਦਿਨ ਤੋਂ ਮੈਂ ਇਸ ਕੰਮ ਲਈ ਰਵਾਨਾ ਹੋਇਆ, ਮੈਨੂੰ ਕੁਝ ਖਾਣ ਦਾ ਮਨ ਵੀ ਨਹੀਂ ਹੋਇਆ। ਅੰਬੇਡਕਰ ਦੀ ਮੂਰਤੀ ਦੇ ਸਾਹਮਣੇ ਚਾਹ ਦੀ ਦੁਕਾਨ 'ਤੇ, ਮੈਂ ਇੱਕ ਕੱਪ ਚਾਹ ਪੀਤੀ, ਦੋ ਵੜਾ ਖਾਧਾ ਅਤੇ ਆਪਣੇ ਸਾਥੀ ਦੇ ਆਉਣ ਦੀ ਉਡੀਕ ਕੀਤੀ।
ਕਾਮਰੇਡ ਆਇਆ ਅਤੇ ਮੈਨੂੰ ਉਸ ਪਹਿਲੇ ਘਰ ਲੈ ਗਿਆ ਜਿਸ ਘਰ ਦਾ ਪੁੱਤਰ ਉਸ ਹਾਦਸੇ ਵਿੱਚ ਚਲਾ ਗਿਆ ਸੀ। ਘਰ ਵਿੱਚ ਅਸਬੇਸਟੋਸ ਦੀ ਛੱਤ ਸੀ ਅਤੇ ਘਰ ਦੀਆਂ ਕੰਧਾਂ ਸਿਰਫ਼ ਇੱਕ ਪਾਸਿਓਂ ਪਲੱਸਤਰ ਕੀਤੀਆਂ ਸਨ।
ਅਸੀਂ ਘਰ ਦੇ ਬੰਦ ਬੂਹੇ ਨੂੰ ਕਾਫੀ ਦੇਰ ਤੱਕ ਖੜਕਾਉਂਦੇ ਰਹੇ ਤੇ ਫਿਰ ਇੱਕ ਔਰਤ ਨੇ ਬੂਹਾ ਖੋਲ੍ਹਿਆ। ਉਸ ਨੂੰ ਦੇਖ ਕੇ ਲੱਗਦਾ ਸੀ ਜਿਵੇਂ ਉਹ ਕਈ ਰਾਤਾਂ ਤੋਂ ਸੁੱਤੀ ਨਾ ਹੋਵੇ। ਕਾਮਰੇਡ ਨੇ ਸਾਡੀ ਜਾਣ-ਪਛਾਣ ਕਰਾਈ ਤੇ ਕਿਹਾ, ਇਹ ਸੇਲਵੀ (35) ਹਨ, ਵੀ. ਗਿਰੀ ਇਨ੍ਹਾਂ ਦਾ ਹੀ ਬੇਟਾ ਸੀ, ਜਿਸ ਦੀ ਪਟਾਕਿਆਂ ਦੇ ਹਾਦਸੇ 'ਚ ਮੌਤ ਹੋਈ ਸੀ। ਮੈਨੂੰ ਉਨ੍ਹਾਂ ਨੂੰ ਜਗਾਉਣ ਦਾ ਬਹੁਤ ਅਫ਼ਸੋਸ ਹੋਇਆ।
ਜਿਵੇਂ ਹੀ ਅਸੀਂ ਘਰ ਦੇ ਅੰਦਰ ਕਦਮ ਰੱਖਿਆ, ਇੱਟਾਂ ਵਾਲ਼ੀ ਕੰਧ 'ਤੇ ਹਾਰ ਪਈ ਇੱਕ ਫ਼ੋਟੋ ਲਟਕ ਰਹੀ ਸੀ ਜਿਸ ਵਿੱਚ ਲੜਕੇ ਨੇ ਵਰਦੀ ਪਾਈ ਹੋਈ ਸੀ। ਜਦੋਂ ਮੈਂ ਉਸ ਤਸਵੀਰ ਵੱਲ ਵੇਖਿਆ ਤਾਂ ਮੈਨੂੰ ਲੱਗਿਆ ਜਿਵੇਂ ਮੈਂ ਆਪਣੇ ਭਰਾ ਨੂੰ ਦੇਖ ਰਿਹਾ ਹੋਵਾਂ।
ਤਾਲਾਬੰਦੀ ਖ਼ਤਮ ਹੁੰਦਿਆਂ ਹੀ ਮੇਰਾ ਆਪਣਾ ਭਰਾ ਪਟਾਕਿਆਂ ਦੀ ਦੁਕਾਨ 'ਤੇ ਅਸਥਾਈ ਕਰਮਚਾਰੀ ਵਜੋਂ ਕੰਮ ਕਰਨ ਗਿਆ ਸੀ। ਅਸੀਂ ਸਾਰਿਆਂ ਨੇ ਉਹਨੂੰ ਨਾ ਜਾਣ ਦੀ ਜ਼ਿੱਦ ਕੀਤੀ, ਪਰ ਉਸਨੇ ਸਾਡੀ ਗੱਲ ਨਾ ਸੁਣੀ। ਮਾਂ ਬੇਸਬਰੀ ਨਾਲ਼ ਉਸ ਦੇ ਕੰਮ ਤੋਂ ਵਾਪਸ ਆਉਣ ਦੀ ਉਡੀਕ ਕਰਦੀ ਰਹੀ ਸੀ।
ਗਿਰੀ ਦੀ ਮਾਂ ਬੋਲਣ ਦੀ ਹਾਲਤ ਵਿੱਚ ਨਹੀਂ ਸੀ। ਜਿਵੇਂ ਹੀ ਮੈਂ ਉਸ ਦੇ ਬੇਟੇ ਬਾਰੇ ਪੁੱਛਿਆ, ਉਹ ਘਰ ਦੇ ਇੱਕ ਕੋਨੇ ਵਿੱਚ ਬੈਠ ਗਈ ਅਤੇ ਰੋਣ ਲੱਗੀ। ਕਾਮਰੇਡ ਨੇ ਕਿਹਾ ਅਸੀਂ ਪੀੜਤ ਦੇ ਭਰਾ ਦੇ ਆਉਣ ਦੀ ਉਡੀਕ ਕਰ ਸਕਦੇ ਹਾਂ। ਗਿਰੀ ਦਾ ਦੂਜਾ ਭਰਾ, ਜੋ ਬਾਅਦ ਵਿੱਚ ਆਇਆ, ਨੇ ਆਪਣੇ ਭਰਾ ਦੀ ਮੌਤ ਦੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ।
"ਮੇਰਾ ਨਾਮ ਸੂਰਿਆ ਹੈ, ਮੈਂ 20 ਸਾਲਾਂ ਦਾ ਹਾਂ। ਮੇਰੇ ਪਿਤਾ ਦਾ ਨਾਮ ਵੇਦਿਅੱਪਨ ਸੀ। ਦਿਲ ਦਾ ਦੌਰਾ ਪੈਣ ਨਾਲ਼ ਅੱਠ ਸਾਲ ਪਹਿਲਾਂ ਹੋ ਗਏ ਹਨ।''
ਉਸ ਦੇ ਬੋਲਣ ਤੋਂ ਬਾਅਦ, ਉਸਦੀ ਮਾਂ ਨੇ ਹਿੰਮਤ ਕੀਤੀ ਤੇ ਥਿਰਕਦੀ ਆਵਾਜ਼ ਵਿੱਚ ਬੋਲਣ ਲੱਗੀ। "ਉਸ ਦੀ ਮੌਤ ਤੋਂ ਬਾਅਦ ਗੁਜ਼ਾਰਾ ਕਰਨਾ ਮੁਸ਼ਕਲ ਸੀ। ਮੇਰੇ ਵੱਡੇ ਬੇਟੇ ਨੇ 12ਵੀਂ ਦੀ ਪੜ੍ਹਾਈ ਪੂਰੀ ਕੀਤੀ ਅਤੇ ਕੰਮ ਕਰਨ ਅਤੇ ਪੈਸੇ ਭੇਜਣ ਲਈ ਸ਼ਹਿਰ ਜਾਣ ਦਾ ਫੈਸਲਾ ਕੀਤਾ। ਅਸੀਂ ਕਰਜ਼ੇ ਚੁਕਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਇਲਾਵਾ, ਉਸ ਦੇ ਭਰਾ ਵੱਡੇ ਹੋ ਰਹੇ ਸਨ। ਅਸੀਂ ਉਸ ਦਾ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਤੇ ਉਹਦੇ ਵਿਆਹ ਹੋਣ ਵਿੱਚ ਤਿੰਨ ਮਹੀਨੇ ਰਹਿੰਦੇ ਸਨ। ਮੈਂ ਇੰਨੀਆਂ ਮੁਸ਼ਕਲ ਹਾਲਤਾਂ ਵਿੱਚ ਵੀ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ। ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਇੰਝ ਵੀ ਹੋ ਸਕਦਾ ਹੈ," ਉਹ ਕਹਿੰਦੇ ਹਨ।
"ਉਸਨੇ ਦੋ ਮਹੀਨਿਆਂ ਲਈ ਕੱਪੜੇ ਦੀ ਦੁਕਾਨ ਵਿੱਚ ਵੀ ਕੰਮ ਕੀਤਾ ਕਿਉਂਕਿ ਉਸਨੂੰ ਕਾਲਜ ਵਿੱਚ ਸੀਟ ਨਹੀਂ ਮਿਲ ਸਕੀ। ਉਹ ਦੋ ਮਹੀਨੇ ਘਰ ਵੀ ਬੈਠਾ ਰਿਹਾ। ਉਹ ਵੀ ਪਟਾਕਿਆਂ ਦੀ ਦੁਕਾਨ 'ਤੇ ਕੰਮ ਕਰਨ ਗਿਆ ਕਿਉਂਕਿ ਉਸ ਦੇ ਦੋਸਤ ਵੀ ਜਾ ਰਹੇ ਸਨ। ਫਿਰ ਇਹ ਸਭ ਹੋ ਗਿਆ।''
"ਇਸ ਸਾਲ, ਥੰਬੀ [ਛੋਟਾ ਭਰਾ] ਕੱਪੜੇ ਦੀ ਦੁਕਾਨ 'ਤੇ ਕੰਮ ਕਰਨ ਜਾਂਦਾ ਸੀ। ਪਰ ਅਚਾਨਕ ਉਨ੍ਹਾਂ ਨੇ ਇਸ ਕੰਮ (ਪਟਾਕਿਆਂ ਦੀ ਦੁਕਾਨ) 'ਤੇ ਜਾਣ ਦਾ ਫੈਸਲਾ ਕਰ ਲਿਆ। ਉਸਨੇ 12ਵੀਂ ਜਮਾਤ ਪੂਰੀ ਕੀਤੀ ਸੀ ਅਤੇ ਪੈਰਾ-ਮੈਡੀਕਲ ਕੋਰਸ ਲਈ ਅਰਜ਼ੀ ਦਿੱਤੀ। ਉਸ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਕਿਉਂਕਿ ਉਸ ਦੇ ਅੰਕ ਘੱਟ ਸਨ। ਇਸ ਤੋਂ ਬਾਅਦ ਉਹ ਕੱਪੜੇ ਦੀ ਦੁਕਾਨ 'ਤੇ ਜਾਣ ਲੱਗਾ। ਇੱਕ ਵਾਰ ਉਹ ਆੜੀ [ਅੱਧ ਜੁਲਾਈ ਤੋਂ ਅੱਧ ਅਗਸਤ ਦਾ ਸਮਾਂ ਜਦੋਂ ਕੱਪੜੇ ਦੀਆਂ ਦੁਕਾਨਾਂ 'ਤੇ ਖਾਸ ਸੇਲ ਤੇ ਛੋਟ ਹੁੰਦੀ ਹੈ), ਮੌਕੇ 25,000 ਰੁਪਏ ਤੱਕ ਕਮਾ ਲੈਂਦਾ ਸੀ। ਇਸ ਵਿੱਚੋਂ 20,000 ਰੁਪਏ ਹੋਮ ਲੋਨ ਦਾ ਭੁਗਤਾਨ ਕਰਨ ਲਈ ਵਰਤੇ ਗਏ ਸਨ।
"ਅੱਠ ਸਾਲ ਪਹਿਲਾਂ ਮੇਰੇ ਪਿਤਾ ਦੀ ਮੌਤ ਤੋਂ ਬਾਅਦ, ਅਸੀਂ ਦੋਵੇਂ ਕੱਪੜੇ ਦੀਆਂ ਦੁਕਾਨਾਂ 'ਤੇ ਕੰਮ ਕਰਨ ਜਾਂਦੇ ਅਤੇ ਆਪਣੀ ਕਮਾਈ ਦੇ ਪੈਸੇ ਨਾਲ਼ ਕਰਜ਼ਾ ਅਦਾ ਕਰਦੇ। ਮੇਰੇ ਭਰਾ ਦਾ ਵਿਆਹ ਹੋ ਗਿਆ। ਇਸ ਪ੍ਰਕਿਰਿਆ ਵਿੱਚ, ਅਸੀਂ 30,000 ਰੁਪਏ ਦੇ ਹੋਰ ਕਰਜੇ ਹੇਠ ਆ ਗਏ।
"ਅਸੀਂ ਹਰ ਤਰ੍ਹਾਂ ਦਾ ਕੰਮ ਕਰਦੇ। ਜੇ ਕੋਈ ਕੰਮ ਠੀਕ ਨਾ ਬਹਿੰਦਾ, ਤਾਂ ਅਸੀਂ ਘਰ ਵਾਪਸ ਆ ਜਾਂਦੇ। ਪਟਾਕਿਆਂ ਦੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਇੱਥੇ ਮੁੰਡਿਆਂ ਲਈ ਨੌਕਰੀ ਸੀ ਅਤੇ ਇੰਝ ਮੁੰਡਿਆਂ ਦੀ ਪਹਿਲੀ ਟੀਮ ਕੰਮ ਲਈ ਰਵਾਨਾ ਹੋਈ। ਮੇਰਾ ਭਰਾ ਵੀ ਦੂਜੀ ਟੀਮ ਦਾ ਹਿੱਸਾ ਸੀ।
"ਪਰ ਕੰਮ 'ਤੇ ਜਾਣ ਵਾਲ਼ੇ ਮੁੰਡਿਆਂ ਵਿਚਾਲੇ ਕੋਈ ਮਤਭੇਦ ਹੋ ਗਏ। ਇਸ ਲਈ ਮੇਰਾ ਭਰਾ ਗਿਰੀ ਵਾਪਸ ਆ ਗਿਆ ਤੇ ਸਾਡੇ ਵੱਡੇ ਭਰਾ ਨਾਲ਼ ਰਹਿਣ ਲੱਗਿਆ। ਉਹ ਵੀ ਉਹਦੇ ਨਾਲ਼ ਉੱਥੇ ਹੀ ਕੰਮ ਕਰ ਰਿਹਾ ਸੀ। ਫਿਰ ਮੇਰਾ ਵੱਡਾ ਭਰਾ ਮੰਦਰ ਜਾਣ ਲਈ ਪਿੰਡ ਆਇਆ।
"ਇਸੇ ਸਮੇਂ, ਮੇਰੇ ਛੋਟੇ ਭਰਾ ਨੂੰ ਪਟਾਕਿਆਂ ਦੀ ਦੁਕਾਨ 'ਤੇ ਕੰਮ ਕਰਨ ਵਾਲ਼ੇ ਮੁੰਡਿਆਂ ਦਾ ਫੋਨ ਆਇਆ ਜੋ ਉਹਨੂੰ ਕੰਮ 'ਤੇ ਵਾਪਸ ਬੁਲਾ ਰਹੇ ਸਨ। ਉਹ 7 ਅਕਤੂਬਰ, 2023 ਨੂੰ ਕੰਮ 'ਤੇ ਗਿਆ ਸੀ। ਇਹ ਹਾਦਸਾ ਵੀ ਉਸੇ ਦਿਨ ਹੀ ਵਾਪਰਿਆ।
ਉਸਨੇ ਸਿਰਫ਼ ਇੱਕੋ ਦਿਨ ਕੰਮ ਕੀਤਾ।
ਮੇਰੇ ਭਰਾ ਦਾ ਜਨਮ 3 ਅਕਤੂਬਰ, 2006 ਨੂੰ ਹੋਇਆ ਸੀ। ਉਹਨੇ ਅਜੇ ਆਪਣਾ ਜਨਮਦਿਨ ਮਨਾਇਆ ਹੀ ਸੀ ਕਿ 7 ਅਕਤੂਬਰ ਨੂੰ ਇਹ ਹਾਦਸਾ ਵਾਪਰ ਗਿਆ।
ਸਾਡੇ ਵਿੱਚੋਂ ਕਿਸੇ ਨੂੰ ਵੀ (ਪਿੰਡ ਵਿੱਚ) ਨਹੀਂ ਪਤਾ ਸੀ ਕਿ ਉਸ ਦਿਨ ਕੀ ਹੋਇਆ ਸੀ। ਹਾਦਸੇ ਵਿੱਚ ਬਚੇ ਪਿੰਡ ਦੇ ਦੋ ਮੁੰਡਿਆਂ ਨੇ ਸਾਨੂੰ ਸੂਚਿਤ ਕੀਤਾ। ਫਿਰ ਅਸੀਂ ਪੁੱਛਗਿੱਛ ਸ਼ੁਰੂ ਕੀਤੀ। ਉਦੋਂ ਸਾਨੂੰ ਪਤਾ ਲੱਗਾ ਕਿ ਸਾਡੇ ਪਿੰਡ ਦੇ ਸੱਤ ਬੱਚਿਆਂ ਦੀ ਮੌਤ ਹੋ ਗਈ ਹੈ। ਅਸੀਂ ਇੱਕ ਕਾਰ ਕਿਰਾਏ 'ਤੇ ਲਈ ਅਤੇ ਲਾਸ਼ ਦੀ ਪਛਾਣ ਕਰਨ ਲਈ ਗਏ।
ਮਾਮਲਾ ਦਰਜ ਕਰ ਲਿਆ ਗਿਆ ਹੈ। ਕਰਨਾਟਕ ਦੇ ਮੁੱਖ ਮੰਤਰੀ, ਮੰਤਰੀ ਕੇ ਪੀ ਅੰਬਾਲਗਨ, ਵਿਧਾਇਕ, ਸੰਸਦ ਮੈਂਬਰ ਅਤੇ ਕਈ ਹੋਰ ਨੇਤਾ ਮੌਜੂਦ ਸਨ। ਇਕੱਠੇ ਕੀਤੇ 3 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਆਉਣਗੇ ਪਰ ਉਹ ਨਹੀਂ ਆਏ।
ਸਾਡੀ ਮੰਗ ਹੈ ਕਿ ਹਰ ਪਰਿਵਾਰ ਨੂੰ ਉਨ੍ਹਾਂ ਦੇ ਵਿਦਿਅਕ ਪੱਧਰ ਦੇ ਅਨੁਸਾਰ ਸਰਕਾਰੀ ਨੌਕਰੀ ਦਿੱਤੀ ਜਾਵੇ।''
ਗਿਰੀ ਦਾ ਪਰਿਵਾਰ ਉਮੀਦ ਕਰ ਰਿਹਾ ਸੀ ਕਿ ਬਾਕੀ ਦੋ ਪੁੱਤਰਾਂ ਵਿੱਚੋਂ ਇੱਕ ਨੂੰ ਨੌਕਰੀ ਮਿਲ਼ ਜਾਵੇ। "ਸਾਡੇ ਘਰ ਆਈ-ਚਲਾਈ ਹੁੰਦੀ ਹੈ। ਜੇ ਦੋਵਾਂ ਵਿੱਚੋਂ ਕਿਸੇ ਨੂੰ ਨੌਕਰੀ ਮਿਲ਼ ਜਾਂਦੀ ਹੈ ਤਾਂ ਇਸ ਨਾਲ਼ ਉਨ੍ਹਾਂ ਨੂੰ ਮਦਦ ਮਿਲ਼ੇਗੀ।''
ਗਿਰੀ ਦੀ ਮਾਂ ਵੱਲੋਂ ਦਿਲ ਹੌਲ਼ਾ ਕਰਨ ਉਪਰੰਤ ਮੈਂ ਪੁੱਛਿਆ ਕਿ ਕੀ ਉਸ ਦੀ ਕੋਈ ਫ਼ੋਟੋ ਹੈ। ਗਿਰੀ ਦੇ ਵੱਡੇ ਭਰਾ ਨੇ ਆਪਣੇ ਮਰਹੂਮ ਪਿਤਾ ਦੀ ਫ਼ੋਟੋ ਵੱਲ ਇਸ਼ਾਰਾ ਕੀਤਾ। ਫ਼ੋਟੋ ਦੇ ਫਰੇਮ ਅੰਦਰ ਇੱਕ ਪਾਸੇ ਗਿਰੀ ਦੇ ਬਚਪਨ ਦੀ ਛੋਟੀ ਜਿਹੀ ਫ਼ੋਟੋ ਸੀ। ਇਹ ਇੱਕ ਖੂਬਸੂਰਤ ਤਸਵੀਰ ਸੀ।
"ਜੇ ਕਰੂਰ ਵਿੱਚ ਸਿਪਕੋਟ ਵਰਗਾ ਕੁਝ ਹੁੰਦਾ ਤਾਂ ਸਾਡੇ ਮੁੰਡੇ ਕੰਮ ਦੀ ਭਾਲ਼ ਵਿੱਚ ਇੰਨੀ ਦੂਰ ਨਾ ਜਾਂਦੇ। ਪਿਛਲੀ ਵਾਰ ਮੁੰਡਿਆਂ ਦਾ ਬ੍ਰੇਨਵਾਸ਼ ਕੀਤਾ ਗਿਆ ਸੀ। ਉਨ੍ਹਾਂ ਨੂੰ ਲਾਰਾ ਲਾਇਆ ਗਿਆ ਕਿ ਜੇ ਉਹ ਕੰਮ 'ਤੇ ਆਏ ਤਾਂ ਉਨ੍ਹਾਂ ਨੂੰ ਇੱਕ ਨਵਾਂ ਫ਼ੋਨ ਦਿੱਤਾ ਜਾਵੇਗਾ। ਕਿਸੇ ਨੂੰ ਨਹੀਂ ਪਤਾ ਸੀ ਕਿ ਗੋਦਾਮ ਵਿੱਚ ਪਟਾਕੇ ਫਟ ਗਏ ਸਨ। ਸਾਰੇ ਅੱਠ ਮੁੰਡਿਆਂ ਦੀ ਦਮ ਘੁੱਟਣ ਨਾਲ਼ ਮੌਤ ਹੋ ਗਈ। ਜਦੋਂ ਮੈਂ ਉੱਥੇ ਗਿਆ, ਤਾਂ ਦੇਖਿਆ ਕਿ ਬਾਹਰ ਆਉਣ ਵਾਲ਼ੀ ਸੜਕ ਇੰਨੀ ਤੰਗ ਸੀ ਕਿ ਸਾਰਿਆਂ ਦਾ ਇਕੱਠੇ ਬਾਹਰ ਆਉਣਾ ਸੰਭਵ ਹੀ ਨਹੀਂ ਸੀ।'' ਕਾਮਰੇਡ ਬਾਲਾ ਨੇ ਅੱਗੇ ਕਿਹਾ, ''ਇਹ ਪਹਿਲੀ ਵਾਰ ਹੈ ਜਦੋਂ ਮੁੰਡੇ ਪਟਾਕਿਆਂ ਦੀ ਦੁਕਾਨ 'ਤੇ ਕੰਮ ਕਰ ਰਹੇ ਸਨ।''
ਜਦੋਂ ਕਾਮਰੇਡ ਬਾਲਾ ਨੇ ਇਹ ਗੱਲ ਕਹੀ ਤਾਂ ਮੈਨੂੰ ਆਪਣੇ ਭਰਾ ਬਾਲਾ ਦੀ ਯਾਦ ਆ ਗਈ। ਮੇਰੇ ਲਈ ਉੱਥੇ ਖੜ੍ਹਾ ਹੋਣਾ ਮੁਸ਼ਕਲ ਹੋ ਗਿਆ, ਮੇਰਾ ਸਾਹ ਘੁੱਟਣ ਲੱਗਿਆ ਤੇ ਮੇਰਾ ਦਿਲ ਯਖ਼ ਹੋ ਗਿਆ।
ਮਾਰੇ ਗਏ ਸਾਰੇ ਅੱਠ ਨੌਜਵਾਨਾਂ ਦੇ ਪਰਿਵਾਰਾਂ ਨੇ ਆਪਣੇ ਪਿਆਰਿਆਂ ਦੀਆਂ ਤਸਵੀਰਾਂ ਤਿਆਰ ਕੀਤੀਆਂ ਸਨ। ਹਰ ਘਰ ਕਬਰਿਸਤਾਨ ਵਰਗਾ ਸੀ। ਲੋਕ ਆਉਂਦੇ-ਜਾਂਦੇ ਰਹਿੰਦੇ ਸਨ। ਹਾਦਸੇ ਨੂੰ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਨਾ ਦਰਦ ਮੁੱਕਦਾ ਹੈ ਅਤੇ ਨਾ ਹੰਝੂ ਸੁੱਕਦੇ ਹਨ। ਰਿਸ਼ਤੇਦਾਰ ਪੱਥਰ ਬਣੇ ਉੱਥੇ ਖੜ੍ਹੇ ਹਨ।
19 ਸਾਲਾ ਆਕਾਸ਼ ਦੀ ਤਸਵੀਰ ਨੂੰ ਹਾਰ ਪਾ ਕੇ ਘਰ ਦੇ ਸਾਹਮਣੇ ਇੱਕ ਕੁਰਸੀ 'ਤੇ ਰੱਖਿਆ ਗਿਆ ਹੈ। ਉਸ ਦੇ ਪਿਤਾ ਫ਼ੋਟੋ ਦੇ ਸਾਹਮਣੇ ਲੇਟੇ ਹੋਏ ਸਨ। ਉਨ੍ਹਾਂ ਦੇ ਘਰ ਵਿੱਚ ਸਿਰਫ਼ ਦੋ ਕਮਰੇ ਸਨ। ਜਦੋਂ ਮੈਂ ਉਨ੍ਹਾਂ ਦੇ ਘਰ ਗਿਆ ਤਾਂ ਇੱਕ ਹੋਰ ਕੁਰਸੀ 'ਤੇ ਆਕਾਸ਼ ਦੀ ਮਾਂ ਦੀ ਫ਼ੋਟੋ ਪਈ ਹੋਈ ਸੀ।
ਜਦੋਂ ਮੈਂ ਆਕਾਸ਼ ਦੇ ਪਿਤਾ ਨਾਲ਼ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਹ ਫੁੱਟ-ਫੁੱਟ ਰੋਣ ਲੱਗੇ। ਉਹ ਸ਼ਰਾਬ ਦੇ ਨਸ਼ੇ ਵਿੱਚ ਵੀ ਸਨ। ਮੈਨੂੰ ਉੱਥੇ ਲੈ ਜਾਣ ਵਾਲ਼ੇ ਕਾਮਰੇਡ ਨੇ ਉਨ੍ਹਾਂ ਨੂੰ ਸ਼ਾਂਤ ਕੀਤਾ ਅਤੇ ਮੈਨੂੰ ਬੋਲਣ ਲਈ ਦਾ ਮਾਹੌਲ ਬਣਾਇਆ।
"ਮੈਂ M ਰਾਜਾ ਹਾਂ। ਮੇਰੀ ਉਮਰ 47 ਸਾਲ ਹੈ। ਮੈਂ ਇੱਕ ਚਾਹ ਦੀ ਦੁਕਾਨ ਵਿੱਚ ਗਲਾਸ ਧੋਣ ਦਾ ਕੰਮ ਕਰਦਾ ਹਾਂ। ਮੇਰਾ ਬੇਟਾ ਪਟਾਕਿਆਂ ਦੀ ਦੁਕਾਨ 'ਤੇ ਕੰਮ ਕਰਨ ਗਿਆ ਸੀ ਕਿਉਂਕਿ ਉਸਦੇ ਦੋਸਤ ਗਏ ਹੋਏ ਸਨ। ਉਹ ਇੱਕ ਚੰਗਾ ਅਤੇ ਸਿਆਣਾ ਮੁੰਡਾ ਸੀ। ਉਸਨੇ ਮੈਨੂੰ ਕੰਮ 'ਤੇ ਜਾਣ ਤੋਂ ਪਹਿਲਾਂ 200 ਰੁਪਏ ਦਿੱਤੇ ਸਨ ਤੇ ਨਾ ਪੀਣ ਦੀ ਸਲਾਹ ਦਿੱਤੀ। ਉਸਨੇ ਕਿਹਾ ਕਿ ਉਹ 10 ਦਿਨਾਂ ਵਿੱਚ ਵਾਪਸ ਆ ਜਾਵੇਗਾ ਅਤੇ ਵਾਪਸ ਆਉਣ ਤੋਂ ਬਾਅਦ ਮੇਰੀ ਦੇਖਭਾਲ਼ ਕਰੇਗਾ। ਇਹ ਪਹਿਲੀ ਵਾਰ ਸੀ ਜਦੋਂ ਉਹ ਇਸ ਤਰ੍ਹਾਂ ਕੰਮ ਕਰਨ ਗਿਆ ਸੀ। ਮੈਂ ਉਸ ਨੂੰ ਪਹਿਲਾਂ ਕਦੇ ਕੰਮ 'ਤੇ ਨਹੀਂ ਭੇਜਿਆ।
ਰਾਜਾ ਕਹਿੰਦੇ ਹਨ ਕਿ ਆਕਾਸ਼ ਅੰਬੇਡਕਰ ਨੂੰ ਬਹੁਤ ਪਿਆਰ ਕਰਦਾ ਸੀ। ''ਉਸਨੇ ਆਪਣੇ ਬਿਸਤਰੇ ਦੇ ਸਾਹਮਣੇ ਹੀ ਅੰਬੇਡਕਰ ਦੀ ਤਸਵੀਰ ਲਟਕਾ ਰੱਖੀ ਸੀ ਤਾਂਕਿ ਸਵੇਰੇ ਉੱਠਦਿਆਂ ਹੀ ਉਨ੍ਹਾਂ ਦਾ ਚਿਹਰਾ ਸਭ ਤੋਂ ਪਹਿਲਾਂ ਦਿੱਸੇ। ਮੈਂ ਬੱਸ ਇਹੀ ਸੋਚੀ ਜਾ ਰਿਹਾ ਸਾਂ ਕਿ ਸਾਡੇ ਬੱਚੇ ਕਿਵੇਂ ਵਿਚਰਣ ਲੱਗੇ ਸਨ। ਇਸੇ ਦੌਰਾਨ ਇਹ ਸਭ ਕੁਝ ਵਾਪਰ ਗਿਆ। ਸ਼ੁਰੂ ਵਿੱਚ ਉਹ ਇੱਕ ਕੱਪੜੇ ਦੀ ਦੁਕਾਨ ਵਿੱਚ ਕੰਮ ਕਰਨ ਗਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਇਸ ਵਾਰ ਉਹ ਪਟਾਕਿਆਂ ਦੀ ਦੁਕਾਨ 'ਤੇ ਕੰਮ ਕਰਨ ਜਾਵੇਗਾ। ਉਸਨੇ ਦੋ ਸਾਲ ਪੜ੍ਹਾਈ ਕਰਨ ਤੋਂ ਬਾਅਦ ਕਾਲਜ ਜਾਣਾ ਬੰਦ ਕਰ ਦਿੱਤਾ ਸੀ। ਪਰ ਸਾਡਾ ਉਸ ਨੂੰ ਕੰਮ 'ਤੇ ਭੇਜਣ ਦਾ ਕੋਈ ਇਰਾਦਾ ਨਹੀਂ ਸੀ। ਮੈਨੂੰ ਚਾਹ ਦੀ ਦੁਕਾਨ 'ਤੇ ਭਾਂਡੇ ਧੋਣ ਬਦਲੇ 400 ਰੁਪਏ ਦਿਹਾੜੀ ਮਿਲ਼ਦੀ ਹੈ। ਮੇਰੀ ਇੱਕ ਧੀ ਅਤੇ ਦੋ ਪੁੱਤਰ ਹਨ। ਮੈਂ ਆਪਣੇ ਬੱਚਿਆਂ ਲਈ ਜੀ ਰਿਹਾ ਹਾਂ। ਮੇਰੀ ਪਤਨੀ ਦੀ ਮੌਤ ਹੋਇਆਂ 12 ਸਾਲ ਹੋ ਗਏ ਹਨ।''
ਫਿਰ ਅਸੀਂ 21 ਸਾਲਾ ਵੇਦੱਪਨ ਦੇ ਘਰ ਗਏ। ਅੰਬੇਡਕਰ ਦੀ ਤਸਵੀਰ ਦੇ ਨਾਲ਼ ਕੰਧ 'ਤੇ ਉਸ ਦੀ ਆਪਣੀ ਤਸਵੀਰ ਲਟਕੀ ਹੋਈ ਸੀ, ਉਹਨੇ ਕੋਟ ਪਾਇਆ ਹੋਇਆ ਸੀ। ਤਸਵੀਰ ਸਾਨੂੰ ਉਹਦੀ ਮੌਤ ਦਾ ਸੰਦੇਸ਼ ਦੇ ਰਹੀ ਸੀ। ਅੱਠ ਮ੍ਰਿਤਕਾਂ ਵਿੱਚੋਂ ਉਹੀ ਇਕਲੌਤਾ ਵਿਆਹੁਤਾ ਸੀ। ਉਹਦਾ ਵਿਆਹ ਹੋਇਆਂ ਸਿਰਫ਼ 21 ਦਿਨ ਹੋਏ ਸਨ। ਉਸ ਦੇ ਪਿਤਾ ਤੋਂ ਇਲਾਵਾ ਹੋਰ ਕੋਈ ਵੀ ਬੋਲਣ ਦੀ ਸਥਿਤੀ ਵਿੱਚ ਨਹੀਂ ਸੀ। ਵੇਦੱਪਨ ਦੀ ਪਤਨੀ ਅਜੇ ਵੀ ਸਦਮੇ ਤੋਂ ਉਭਰ ਨਹੀਂ ਸਕੀ ਸੀ।
"ਅਸੀਂ ਧਰਮਪੁਰੀ ਜ਼ਿਲ੍ਹੇ ਦੇ ਟੀ ਅੰਮਾਪੱਟੀ ਪਿੰਡ ਦੇ ਰਹਿਣ ਵਾਲੇ ਹਾਂ। ਅਸੀਂ ਕੋਈ ਅਮੀਰ ਪਰਿਵਾਰ ਨਹੀਂ ਹਾਂ। ਸਾਡੇ ਪਿੰਡ ਵਿੱਚੋਂ ਘੱਟੋ ਘੱਟ ਸੱਤ ਲੋਕ ਅਤੇ ਜ਼ਿਲ੍ਹੇ 'ਚੋਂ 10 ਜਣੇ ਕੰਮ ਕਰਨ ਗਏ। ਉਹ ਰੁਜ਼ਗਾਰ ਦੀ ਘਾਟ ਕਾਰਨ ਇਹ ਕੰਮ ਕਰਨ ਗਏ ਸਨ। ਉਨ੍ਹਾਂ ਨੂੰ ਕੰਮ 'ਤੇ ਗਿਆਂ ਦੋ ਜਾਂ ਤਿੰਨ ਦਿਨ ਹੀ ਹੋਏ ਸਨ ਕਿ ਹਾਦਸਾ ਹੋ ਗਿਆ।
ਨਾ ਤਾਂ ਕਰਨਾਟਕ ਅਤੇ ਨਾ ਹੀ ਤਾਮਿਲਨਾਡੂ ਸਰਕਾਰ ਨੇ ਹਾਦਸੇ ਦੇ ਕਾਰਨਾਂ ਦਾ ਐਲਾਨ ਕੀਤਾ ਹੈ। ਇਸ ਨਾਲ਼ ਮੌਤ ਦਾ ਸਰਟੀਫਿਕੇਟ ਪ੍ਰਾਪਤ ਕਰਨਾ ਵੀ ਮੁਸ਼ਕਲ ਹੋ ਗਿਆ। ਤਾਮਿਲਨਾਡੂ ਸਰਕਾਰ ਨੂੰ ਸਾਨੂੰ ਮੌਤ ਦਾ ਸਰਟੀਫਿਕੇਟ, ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਹਰ ਪਰਿਵਾਰ ਨੂੰ ਵਿਦਿਅਕ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ।''
ਆਰ. ਕੇਸ਼ਵਨ ਦੀ ਮਾਂ, ਆਪਣੀ ਉਮਰ ਦੇ 30ਵੇਂ ਦਹਾਕੇ ਵਿੱਚ ਹਨ। ਕੇਸ਼ਵਨ ਦੀ ਮਾਂ ਕ੍ਰਿਸ਼ਨਾਵੇਨੀ ਨੂੰ ਨਹੀਂ ਪਤਾ ਸੀ ਕਿ ਉਸ ਦਾ ਬੇਟਾ ਪਟਾਕਿਆਂ ਦੀ ਦੁਕਾਨ 'ਤੇ ਕੰਮ ਕਰਨ ਗਿਆ ਸੀ। "ਉਹ ਆਪਣੇ ਦੋਸਤਾਂ ਨਾਲ਼ ਗਿਆ ਸੀ। ਸਰਕਾਰ ਵੱਲੋਂ ਅਜੇ ਤੱਕ ਕੋਈ ਖ਼ਬਰ ਨਹੀਂ ਆਈ ਹੈ। ਅਸੀਂ ਉਮੀਦ ਕਰ ਰਹੇ ਹਾਂ ਕਿ ਉਹ ਸਾਨੂੰ ਨੌਕਰੀਆਂ ਦੇਣਗੇ।''
35 ਸਾਲਾ ਕੁਮਾਰੀ, ਜਿਸ ਨੇ ਆਪਣੇ ਬੇਟੇ ਨੂੰ ਇੱਕ ਹਾਦਸੇ ਵਿੱਚ ਗੁਆ ਦਿੱਤਾ, ਹਾਦਸੇ ਵਾਲੇ ਦਿਨ ਆਪਣੇ ਬੇਟੇ ਦੁਆਰਾ ਸਾਂਝੀਆਂ ਕੀਤੀਆਂ ਸੈਲਫੀਆਂ ਬਾਰੇ ਗੱਲ ਕਰਦੀ ਹਨ। "ਉਹ ਅਜਿਹੇ ਖਤਰਨਾਕ ਕੰਮਾਂ ਲਈ ਜਾਂਦੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਦੀਵਾਲੀ ਦੌਰਾਨ ਸਾਨੂੰ ਸਾਰਿਆਂ ਨੂੰ ਘਰ ਵਿੱਚ ਖਾਣਾ ਮਿਲ਼ੇ। ਉਸਨੇ ਉੱਥੇ ਕੰਮ ਕਰਨ ਅਤੇ ਨਵੇਂ ਕੱਪੜੇ ਅਤੇ ਤੋਹਫ਼ੇ ਖਰੀਦਣ ਬਾਰੇ ਸੋਚਿਆ ਸੀ, ਪਟਾਕਿਆਂ ਦੀ ਦੁਕਾਨ 'ਤੇ ਇੱਕ ਦਿਨ ਵਿੱਚ 1,200 ਰੁਪਏ ਕਮਾਉਂਦੇ ਸਨ, ਪਰ ਕੱਪੜੇ ਦੀ ਦੁਕਾਨ ਵਿੱਚ ਉਸਨੂੰ ਸਿਰਫ 700-800 ਰੁਪਏ ਮਿਲ਼ਦੇ ਸਨ।
"ਇੱਕ ਮਾਂ ਦੀ ਹਾਲਤ ਬਾਰੇ ਤਾਂ ਸੋਚੋ ਜਿਹਨੇ ਕੁਝ ਸਮਾਂ ਪਹਿਲਾਂ ਖਾਣਾ ਖਾਂਦੇ ਆਪਣੇ ਬੱਚੇ ਦੀ ਫ਼ੋਟੋ ਦੇਖੀ ਤੇ ਉਹਦੇ ਯਕਦਮ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਦੇਖੀਆਂ?"
ਰੱਬ ਕਿਸੇ ਪਰਿਵਾਰ ਨੂੰ ਇਹ ਦਿਨ ਨਾ ਦਿਖਾਵੇ। ਪਟਾਕਿਆਂ ਦੀਆਂ ਦੁਕਾਨਾਂ ਵਿੱਚ ਅਜਿਹੇ ਹਾਦਸੇ ਨਹੀਂ ਹੋਣੇ ਚਾਹੀਦੇ। ਜੇ ਇੰਝ ਹੁੰਦਾ ਵੀ ਹੈ, ਤਾਂ ਬਚਣ ਦਾ ਕੋਈ ਤਰੀਕਾ ਵੀ ਹੋਣਾ ਚਾਹੀਦਾ ਹੈ। ਨਹੀਂ ਤਾਂ ਦੁਕਾਨ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਕਿਸੇ ਹੋਰ ਪਰਿਵਾਰ ਨੂੰ ਉਹ ਦਰਦ ਨਾ ਝੱਲਣਾ ਪਵੇ ਜੋ ਸਾਡੇ ਪਰਿਵਾਰ ਨੇ ਝੱਲਿਆ ਹੈ।
ਜਦੋਂ ਅਸੀਂ 18 ਸਾਲਾ ਟੀ ਵਿਜੇਰਾਘਵਨ ਦੇ ਘਰ ਗਏ, ਤਾਂ ਉਸ ਦੀ ਮਾਂ ਗੰਭੀਰ ਰੂਪ ਨਾਲ਼ ਬਿਮਾਰ ਹੋਣ ਕਾਰਨ ਹਸਪਤਾਲ ਗਈ ਸਨ। ਜਦੋਂ ਉਹ ਵਾਪਸ ਆਏ, ਤਾਂ ਮੈਨੂੰ ਪਤਾ ਸੀ ਕਿ ਉਹ ਕਿੰਨੇ ਥੱਕੇ ਹੋਏ ਸਨ। ਫਿਰ ਵੀ ਉਹ ਸਾਡੇ ਨਾਲ਼ ਗੱਲ ਕਰਨ ਲਈ ਤਿਆਰ ਸਨ। ਇਸ ਦੌਰਾਨ, ਵਿਜੇਰਾਘਵਨ ਦੀ ਭੈਣ ਸਾਡੇ ਲਈ ਲੱਸੀ ਲੈ ਕੇ ਆਈ। ਉਸਨੇ ਮੈਨੂੰ ਪਹਿਲਾਂ ਲੱਸੀ ਪੀਣ ਲਈ ਕਿਹਾ।
"ਉਸਨੇ ਕਿਹਾ ਕਿ ਉਹ ਕੱਪੜੇ ਦੀ ਦੁਕਾਨ 'ਤੇ ਕੰਮ ਕਰਨ ਜਾਵੇਗਾ। ਮੈਨੂੰ ਨਹੀਂ ਪਤਾ ਕਿ ਉਹ ਪਟਾਕਿਆਂ ਦੀ ਦੁਕਾਨ 'ਤੇ ਕੰਮ ਕਰਨ ਲਈ ਕਿਉਂ ਗਿਆ। ਮੈਨੂੰ ਪਤਾ ਸੀ ਕਿ ਉਸਨੇ ਆਪਣੀ ਫੀਸ ਭਰਨੀ ਸੀ, ਉਹ ਸਾਡੇ ਸਿਰ ਇਹ ਖਰਚਾ ਪਾਉਣ ਨੂੰ ਤਿਆਰ ਨਹੀਂ ਸੀ। ਕਿਉਂਕਿ ਸਾਡੀ ਸਾਰੀ ਕਮਾਈ ਧੀ ਦੀ ਸਿਹਤ 'ਤੇ ਖਰਚ ਹੋ ਰਹੀ ਸੀ। ਜੇ ਸਰਕਾਰ ਸਾਨੂੰ ਨੌਕਰੀ ਦਿੰਦੀ ਹੈ, ਤਾਂ ਅਸੀਂ ਇਸ ਲਈ ਸ਼ੁਕਰਗੁਜ਼ਾਰ ਹੋਵਾਂਗੇ," 55 ਸਾਲਾ ਸਰਿਤਾ ਕਹਿੰਦੀ ਹਨ।
ਅਸੀਂ ਕੁਝ ਸਾਥੀਆਂ ਅਤੇ ਵਿਜੇਰਾਘਵਨ ਦੇ ਪਿਤਾ ਨਾਲ਼ ਉਸ ਜਗ੍ਹਾ 'ਤੇ ਗਏ ਜਿੱਥੇ ਨੌਜਵਾਨ ਦਾ ਅੰਤਿਮ ਸੰਸਕਾਰ ਹੋਇਆ ਸੀ। ਉਨ੍ਹਾਂ ਕਿਹਾ ਕਿ ਲਾਸ਼ਾਂ ਪਹਿਲਾਂ ਹੀ ਸੜ ਚੁੱਕੀਆਂ ਸਨ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਸੀ। ਵਿਜੇਰਾਘਵਨ ਦੇ ਪਿਤਾ ਨੇ ਕਿਹਾ ਕਿ ਅਸੀਂ ਉਨ੍ਹਾਂ ਸਾਰਿਆਂ ਦਾ ਅੰਤਿਮ ਸੰਸਕਾਰ ਇਕੱਠੇ ਕੀਤਾ।
ਅੱਠ ਨੌਜਵਾਨਾਂ ਦੇ ਅੰਤਿਮ ਸੰਸਕਾਰ ਦਾ ਗਵਾਹ ਬਣਨ ਵਾਲ਼ੀ ਨਦੀ, ਥੇਨਪਨਾਈ ਦਾ ਜੇਰਾ ਦੇਖੋ, ਜੋ ਹਾਲੇ ਤੀਕਰ ਵਹਿ ਰਹੀ ਹੈ, ਨੌਜਵਾਨ ਜਿਨ੍ਹਾਂ ਨੇ ਕਦੇ ਪਿਆਰ ਕਰਨ ਤੇ ਚੰਗੇ ਭਵਿੱਖ ਦੀ ਉਮੀਦ ਪਾਲ਼ੀ ਹੋਈ ਸੀ।
ਮੈਂ ਉੱਥੋਂ ਵਾਪਸ ਆਇਆ ਤੇ ਮੇਰਾ ਸਰੀਰ, ਦਿਲ ਯਖ਼ ਹੋ ਗਿਆ।
ਦੋ ਦਿਨ ਬਾਅਦ, ਜਦੋਂ ਮੈਂ ਉੱਠਿਆ ਤਾਂ ਮੇਰੇ ਸਾਹਮਣੇ ਪਟਾਕੇ ਬਣਾਉਣ ਦੇ ਇੱਕ ਪ੍ਰਮੁੱਖ ਕੇਂਦਰ ਸ਼ਿਵਕਾਸੀ ਵਿੱਚ 14 ਲੋਕਾਂ ਦੀ ਮੌਤ ਦੀ ਖ਼ਬਰ ਸੀ।
ਪੰਜਾਬੀ ਤਰਜਮਾ: ਕਮਲਜੀਤ ਕੌਰ