ਮਾਜੁਲੀ ਟਾਪੂ ਦਾ ਗਰਮੂਰ ਬਾਜ਼ਾਰ ਨਵੰਬਰ ਦੇ ਮਹੀਨੇ ਵਿੱਚ ਤਿੰਨ ਦਿਨਾਂ ਲਈ ਰੰਗੀਨ ਲਾਈਟਾਂ ਅਤੇ ਮਿੱਟੀ ਦੇ ਦੀਵਿਆਂ ਨਾਲ਼ ਚਮਕਣਾ ਸ਼ੁਰੂ ਕਰ ਦਿੰਦਾ ਹੈ। ਸਰਦੀਆਂ ਦੀ ਸ਼ਾਮ ਸ਼ੁਰੂ ਹੁੰਦਿਆਂ ਹੀ ਖੋਲ ਦੇ ਢੋਲ ਦੀ ਥਾਪ ਅਤੇ ਲਾਊਡ ਸਪੀਕਰਾਂ ਰਾਹੀਂ ਤਾਲਾਂ ਦੀ ਆਵਾਜ਼ ਚਾਰੇ ਪਾਸੇ ਫੈਲ ਜਾਂਦੀ ਹੈ।
ਇਸ ਤਰ੍ਹਾਂ ਰਾਸ ਮਹੋਤਸਵ ਦੀ ਸ਼ੁਰੂਆਤ ਹੁੰਦੀ ਹੈ।
ਇਹ ਤਿਉਹਾਰ ਕਾਟੀ-ਅਗਨ ਦੇ ਆਸਾਮੀ ਮਹੀਨੇ ਦੇ ਪੂਰਨਿਮਾ ਜਾਂ ਪੂਰਨਮਾਸ਼ੀ ਵਾਲ਼ੇ ਦਿਨ ਮਨਾਇਆ ਜਾਂਦਾ ਹੈ - ਜੋ ਕਿ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਆਉਂਦਾ ਹੈ - ਜੋ ਹਰ ਸਾਲ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਟਾਪੂ ਵੱਲ ਆਕਰਸ਼ਤ ਕਰਦਾ ਹੈ। ਇਹ ਦੋ ਦਿਨਾਂ ਤੱਕ ਜਾਰੀ ਰਹਿੰਦਾ ਹੈ।
"ਜੇ ਇਹ ਤਿਉਹਾਰ ਨਾ ਹੁੰਦਾ, ਤਾਂ ਸਾਨੂੰ ਕੁਝ ਖੁੱਸਿਆ-ਖੁੱਸਿਆ ਜਿਹਾ ਮਹਿਸੂਸ ਹੁੰਦਾ। ਇਹ [ਰਾਸ ਮਹੋਤਸਵ] ਸਾਡੀ ਸੰਸਕ੍ਰਿਤੀ ਹੈ," ਬੋਰੂਨ ਚਿਤਦਰਚੁਕ ਪਿੰਡ ਵਿੱਚ ਤਿਉਹਾਰ ਦਾ ਆਯੋਜਨ ਕਰਨ ਵਾਲ਼ੀ ਕਮੇਟੀ ਦੇ ਸਕੱਤਰ ਰਾਜਾ ਪਯੇਂਗ ਕਹਿੰਦੇ ਹਨ। ਉਹ ਕਹਿੰਦੇ ਹਨ, "ਲੋਕ ਸਾਰਾ ਸਾਲ ਇਸ ਦਾ ਬੇਸਬਰੀ ਨਾਲ਼ ਇੰਤਜ਼ਾਰ ਕਰਦੇ ਹਨ।"
ਸੈਂਕੜੇ ਵਸਨੀਕ, ਆਪਣੇ ਵਧੀਆ ਕੱਪੜੇ ਪਹਿਨੇ ਹੋਏ, ਅਸਾਮ ਦੇ ਬਹੁਤ ਸਾਰੇ ਵੈਸ਼ਨਵ ਮੱਠਾਂ ਵਿੱਚੋਂ ਇੱਕ, ਗਰਮੂਰ ਸਰੂ ਸਤਰਾ ਦੇ ਨੇੜੇ ਇਕੱਠੇ ਹੋਏ ਹਨ।
ਰਾਸ ਮਹੋਤਸਵ (ਕ੍ਰਿਸ਼ਨ ਦੇ ਨਾਚ ਦਾ ਤਿਉਹਾਰ) ਨਾਚ, ਨਾਟਕ ਅਤੇ ਸੰਗੀਤ ਪੇਸ਼ਕਾਰੀਆਂ ਰਾਹੀਂ ਭਗਵਾਨ ਕ੍ਰਿਸ਼ਨ ਦੇ ਜੀਵਨ ਦਾ ਜਸ਼ਨ ਮਨਾਉਂਦਾ ਹੈ। ਤਿਉਹਾਰ ਦੌਰਾਨ ਇੱਕ ਦਿਨ ਵਿੱਚ ਸਟੇਜ 'ਤੇ 100 ਤੋਂ ਵੱਧ ਪਾਤਰ ਵੇਖੇ ਜਾ ਸਕਦੇ ਹਨ।
ਪੇਸ਼ਕਾਰੀਆਂ ਕ੍ਰਿਸ਼ਨ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦੀਆਂ ਹਨ - ਵਰਿੰਦਾਵਨ ਵਿੱਚ ਇੱਕ ਵਧਫੁੱਲ ਰਹੇ ਬੱਚੇ ਤੋਂ ਲੈ ਕੇ ਰਾਸ ਲੀਲਾ ਤੱਕ, ਕਿਹਾ ਜਾਂਦਾ ਹੈ ਕਿ ਉਸਨੇ ਗੋਪੀਆਂ ਨਾਲ਼ ਨਾਚ ਕੀਤਾ ਸੀ। ਇਸ ਸਮੇਂ ਦੌਰਾਨ ਪੇਸ਼ ਕੀਤੇ ਗਏ ਕੁਝ ਨਾਟਕ ਸ਼ੰਕਰਦੇਵ ਦੁਆਰਾ ਲਿਖੇ ਗਏ 'ਕੇਲੀ ਗੋਪਾਲ' ਅਤੇ ਉਸ ਦੇ ਚੇਲੇ ਮਾਧਵਦੇਵਾ ਨਾਲ਼ ਸਬੰਧਤ 'ਰਾਸ ਜੁਮੁਰਾ' ਦੇ ਰੂਪਾਂਤਰਣ ਹਨ।
ਗਰਮੂਰ ਮਹੋਤਸਵ ਵਿੱਚ ਭਗਵਾਨ ਵਿਸ਼ਨੂੰ ਦੀ ਭੂਮਿਕਾ ਨਿਭਾਉਣ ਵਾਲ਼ੀ ਮੁਕਤਾ ਦੱਤਾ ਦਾ ਕਹਿਣਾ ਹੈ ਕਿ ਇੱਕ ਵਾਰ ਜਦੋਂ ਉਹ ਇਸ ਭੂਮਿਕਾ ਨੂੰ ਸੰਭਾਲ ਲੈਂਦੀ ਹੈ, ਤਾਂ ਉਸ ਨੂੰ ਕੁਝ ਪਰੰਪਰਾਵਾਂ ਦੀ ਪਾਲਣਾ ਕਰਨੀ ਪੈਂਦੀ ਹੈ:"ਜਿਸ ਦਿਨ ਤੋਂ ਕਿਰਦਾਰ ਦਿੱਤਾ ਜਾਂਦਾ ਹੈ, ਉਸ ਦਿਨ ਤੋਂ, ਅਸੀਂ ਜੋ ਕ੍ਰਿਸ਼ਨ, ਨਾਰਾਇਣ ਜਾਂ ਵਿਸ਼ਨੂੰ ਦੀਆਂ ਭੂਮਿਕਾਵਾਂ ਨਿਭਾਉਂਦੇ ਹਾਂ, ਆਮ ਤੌਰ 'ਤੇ ਸਿਰਫ ਸ਼ਾਕਾਹਾਰੀ ਸਾਤਵਿਕ ਭੋਜਨ ਖਾਣ ਦੀ ਰਸਮ ਮਨਾਉਂਦੇ ਹਾਂ। ਰਾਸ ਦੇ ਪਹਿਲੇ ਦਿਨ, ਅਸੀਂ ਵਰਤ ਦਾ ਪਾਲਣ ਕਰਦੇ ਹਾਂ। ਪਹਿਲੇ ਦਿਨ ਦਾ ਸ਼ੋਅ ਖਤਮ ਹੋਣ ਤੋਂ ਬਾਅਦ ਹੀ ਅਸੀਂ ਇਸ ਬਰੂਟ (ਵਰਤ) ਨੂੰ ਤੋੜਦੇ ਹਾਂ।"
ਮਾਜੁਲੀ ਬ੍ਰਹਮਪੁੱਤਰ ਨਦੀ ਦਾ ਇੱਕ ਵੱਡਾ ਟਾਪੂ ਹੈ ਜੋ ਅਸਾਮ ਵਿੱਚੋਂ ਲਗਭਗ 640 ਕਿਲੋਮੀਟਰ ਤੱਕ ਵਗਦਾ ਜਾਂਦਾ ਹੈ। ਟਾਪੂ ਦੇ ਸਤਰਾ (ਮੱਠ) ਵੈਸ਼ਨਵਵਾਦ ਅਤੇ ਕਲਾ ਅਤੇ ਸੰਸਕ੍ਰਿਤੀ ਦੇ ਕੇਂਦਰ ਹਨ। ਸਮਾਜ ਸੁਧਾਰਕ ਅਤੇ ਸੰਤ ਸ੍ਰੀਮੰਤ ਸੰਕਰਦੇਵ ਦੁਆਰਾ 15ਵੀਂ ਸਦੀ ਵਿੱਚ ਸਥਾਪਤ ਕੀਤੇ ਗਏ, ਸਤਰਾਂ ਨੇ ਅਸਾਮ ਵਿੱਚ ਨਵ-ਵੈਸ਼ਨਵ ਭਗਤੀ ਲਹਿਰ ਨੂੰ ਆਕਾਰ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ।
ਮਾਜੁਲੀ ਵਿੱਚ ਇੱਕ ਵਾਰ ਸਥਾਪਤ ਕੀਤੇ ਗਏ 65 ਜਾਂ ਇਸ ਤੋਂ ਵੱਧ ਸਤਰਾਂ ਵਿੱਚੋਂ, ਅੱਜ ਸਿਰਫ 22 ਦੇ ਕਰੀਬ ਹੀ ਕੰਮ ਕਰ ਰਹੇ ਹਨ। ਬਾਕੀਆਂ ਨੂੰ ਬ੍ਰਹਮਪੁੱਤਰ ਨਦੀ ਦੇ ਵਾਰ-ਵਾਰ ਹੜ੍ਹਾਂ ਕਾਰਨ ਖੁਰਨ ਦਾ ਸਾਹਮਣਾ ਕਰਨਾ ਪਿਆ ਹੈ, ਜੋ ਕਿ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਨਦੀ ਪ੍ਰਣਾਲੀਆਂ ਵਿੱਚੋਂ ਇੱਕ ਹੈ। ਗਰਮੀਆਂ-ਮੌਨਸੂਨ ਦੇ ਮਹੀਨਿਆਂ ਦੌਰਾਨ ਹਿਮਾਲਿਆਈ ਗਲੇਸ਼ੀਅਰ ਬਰਫ ਬਣ ਪਿਘਲ ਜਾਂਦਾ ਹੈ, ਜੋ ਨਦੀ ਦੇ ਬੇਸਿਨ ਵਿੱਚ ਖਾਲੀ ਹੋਈਆਂ ਨਦੀਆਂ ਲਈ ਪਾਣੀ ਪ੍ਰਦਾਨ ਕਰਦਾ ਹੈ। ਇਹ, ਮਾਜੁਲੀ ਦੇ ਅੰਦਰ ਅਤੇ ਆਸ-ਪਾਸ ਵਰਖਾ ਦੇ ਨਾਲ਼-ਨਾਲ਼, ਖੁਰਨ ਦਾ ਮੁੱਖ ਕਾਰਨ ਬਣਦਾ ਹੈ।
ਸਤਰਾ ਰਾਸ ਮਹੋਤਸਵ ਦੇ ਜਸ਼ਨ ਲਈ ਸਥਾਨਾਂ ਵਜੋਂ ਕੰਮ ਕਰਦੇ ਹਨ ਅਤੇ ਟਾਪੂ ਦੇ ਵੱਖ-ਵੱਖ ਭਾਈਚਾਰੇ ਕਮਿਊਨਿਟੀ ਹਾਲਾਂ, ਖੁੱਲ੍ਹੇ ਮੈਦਾਨ ਵਿੱਚ ਅਸਥਾਈ ਪਲੇਟਫਾਰਮਾਂ ਅਤੇ ਸਕੂਲ ਦੇ ਮੈਦਾਨਾਂ ਵਿੱਚ ਜਸ਼ਨਾਂ ਅਤੇ ਪ੍ਰਦਰਸ਼ਨਾਂ ਦਾ ਆਯੋਜਨ ਕਰਦੇ ਹਨ।
ਗਰਮੂਰ ਸਰੂ ਸਤਰਾ ਦੇ ਉਲਟ, ਉੱਤਰੀ ਸੱਜੇ ਪਾਸੇ ਬਰੀ ਸਤਰਾ ਦੇ ਪ੍ਰਦਰਸ਼ਨ ਵਿੱਚ ਆਮ ਤੌਰ 'ਤੇ ਔਰਤਾਂ ਸ਼ਾਮਲ ਨਹੀਂ ਹੁੰਦੀਆਂ। ਇੱਥੇ, ਸਤਰਾ ਦੇ ਬ੍ਰਹਮਚਾਰੀ ਭਿਕਸ਼ੂ, ਜਿਨ੍ਹਾਂ ਨੂੰ ਧਾਰਮਿਕ ਅਤੇ ਸਭਿਆਚਾਰਕ ਸਿੱਖਿਆ ਪ੍ਰਾਪਤ ਕਰਨ ਵਾਲ਼ੇ ਭਕਤ ਕਿਹਾ ਜਾਂਦਾ ਹੈ, ਅਜਿਹੇ ਨਾਟਕਾਂ ਵਿੱਚ ਪੇਸ਼ਕਾਰੀ ਕਰਦੇ ਹਨ ਜੋ ਸਾਰਿਆਂ ਲਈ ਸੁਤੰਤਰ ਅਤੇ ਖੁੱਲ੍ਹੇ ਹੁੰਦੇ ਹਨ।
82 ਸਾਲਾ ਇੰਦਰਨੀਲ ਦੱਤਾ ਰਾਸ ਮਹੋਤਸਵ ਦੇ ਸੰਸਥਾਪਕਾਂ ਵਿੱਚੋਂ ਇੱਕ ਹਨ, ਜੋ ਗਰਮੂਰ ਸਰੂ ਸਤਰਾ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਉਹ ਯਾਦ ਕਰਦੇ ਹਨ ਕਿ ਕਿਵੇਂ 1950 ਦੇ ਦਹਾਕੇ ਵਿੱਚ, ਸਤਰਾਧਿਕਾਰੀ ( ਸਤਰਾ ਦੇ ਮੁਖੀ), ਪੀਤੰਬਰ ਦੇਵ ਗੋਸਵਾਮੀ ਨੇ ਸਿਰਫ ਪੁਰਸ਼ ਅਦਾਕਾਰਾਂ ਦੀ ਪਰੰਪਰਾ ਨੂੰ ਰੋਕ ਦਿੱਤਾ ਅਤੇ ਪੇਸ਼ਕਾਰੀ ਵਿੱਚ ਮਹਿਲਾ ਅਦਾਕਾਰਾਂ ਦਾ ਸਵਾਗਤ ਕੀਤਾ।
"ਪੀਤੰਬਰ ਦੇਵ ਨੇ ਨਾਮਘਰ (ਪੂਜਾ ਸਥਾਨ) ਦੇ [ਪਰੰਪਰਾਗਤ ਸਥਾਨ] ਦੇ ਬਾਹਰ ਸਟੇਜ ਦੀ ਉਸਾਰੀ ਕੀਤੀ। ਕਿਉਂਕਿ ਨਾਮਘਰ ਇੱਕ ਪੂਜਾ ਸਥਾਨ ਹੈ, ਇਸ ਲਈ ਅਸੀਂ ਇਸ ਨੂੰ ਸਟੇਜ ਤੋਂ ਬਾਹਰ ਬਣਾਇਆ ਸੀ," ਉਹ ਯਾਦ ਕਰਦੇ ਹਨ।
ਇਹ ਪਰੰਪਰਾ ਅੱਜ ਵੀ ਜਾਰੀ ਹੈ। ਗਰਮੂਰ ਉਨ੍ਹਾਂ 60 ਤੋਂ ਵੱਧ ਥਾਵਾਂ ਵਿੱਚੋਂ ਇੱਕ ਹੈ ਜਿੱਥੇ ਮਹੋਤਸਵ ਦਾ ਆਯੋਜਨ ਕੀਤਾ ਜਾਂਦਾ ਹੈ। ਸ਼ੋਅ ਦੀ ਟਿਕਟ ਲੱਗਦੀ ਹੈ ਅਤੇ ਆਡੀਟੋਰੀਅਮ ਵਿੱਚ ਆਯੋਜਿਤ ਕੀਤੇ ਜਾਂਦੇ ਅਤੇ ਲਗਭਗ 1,000 ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਜਾਂਦੀ ਹੈ।
ਇੱਥੇ ਪੇਸ਼ ਕੀਤੇ ਗਏ ਨਾਟਕ ਸ਼ੰਕਰਦੇਵ ਅਤੇ ਵੈਸ਼ਨਵ ਪਰੰਪਰਾ ਦੇ ਹੋਰ ਲੋਕਾਂ ਦੁਆਰਾ ਲਿਖੇ ਗਏ ਨਾਟਕਾਂ ਦੇ ਰੂਪਾਂਤਰਣ ਹਨ, ਜਿਨ੍ਹਾਂ ਨੂੰ ਤਜ਼ਰਬੇਕਾਰ ਕਲਾਕਾਰਾਂ ਦੁਆਰਾ ਨਵੇਂ ਰੂਪਾਂਤਰਿਤ ਕੀਤਾ ਗਿਆ ਹੈ। ''ਜਦੋਂ ਮੈਂ ਕੋਈ ਨਾਟਕ ਲਿਖਦਾ ਹਾਂ, ਤਾਂ ਮੈਂ ਉਸ ਵਿੱਚ ਵਿਸ਼ਵ ਸੱਭਿਆਚਾਰ ਦੇ ਤੱਤਾਂ ਨੂੰ ਪੇਸ਼ ਕਰਦਾ ਹਾਂ।'' ਇੰਦਰਨੀਲ ਦੱਤਾ ਕਹਿੰਦੇ ਹਨ, "ਸਾਨੂੰ ਆਪਣੀ ਜਾਤ (ਭਾਈਚਾਰੇ) ਅਤੇ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਹੋਵੇਗਾ।''
ਮੁਕਤਾ ਦੱਤਾ ਕਹਿੰਦੀ ਹੈ, "ਮੁੱਖ ਰਿਹਰਸਲ ਦੀਵਾਲ਼ੀ ਦੇ ਅਗਲੇ ਹੀ ਦਿਨ ਸ਼ੁਰੂ ਹੋ ਜਾਂਦੀ ਹੈ। ਇੰਝ ਪ੍ਰਦਰਸ਼ਕਾਂ ਨੂੰ ਤਿਆਰ ਹੋਣ ਲਈ ਦੋ ਹਫ਼ਤਿਆਂ ਤੋਂ ਵੀ ਘੱਟ ਸਮਾਂ ਮਿਲ਼ਦਾ ਹੈ। ''ਜਿਨ੍ਹਾਂ ਲੋਕਾਂ ਨੇ ਅਤੀਤ ਵਿੱਚ ਕੰਮ ਕੀਤਾ ਹੁੰਦਾ ਹੈ ਤੇ ਹੁਣ ਹੋਰ ਥਾਵੇਂ ਰਹਿ ਰਹੇ ਹਨ। ਉਨ੍ਹਾਂ ਨੂੰ ਵਾਪਸ ਲਿਆਉਣਾ ਅਸੁਵਿਧਾਜਨਕ ਹੈ," ਦੱਤਾ ਕਹਿੰਦੇ ਹਨ, ਜੋ ਇੱਕ ਅਭਿਨੇਤਾ ਹੋਣ ਤੋਂ ਇਲਾਵਾ, ਗਰਮੂਰ ਸੰਸਕ੍ਰਿਤ ਸਕੂਲ (ਸਕੂਲ) ਵਿੱਚ ਅੰਗਰੇਜ਼ੀ ਪੜ੍ਹਾਉਂਦੇ ਹਨ।
ਕਾਲਜ ਅਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਆਮ ਤੌਰ 'ਤੇ ਮਹੋਤਸਵ ਦੇ ਅਨੁਕੂਲ ਹੁੰਦੀਆਂ ਹਨ। "[ਵਿਦਿਆਰਥੀ] ਅਜੇ ਵੀ ਆਉਂਦੇ ਹਨ, ਭਾਵੇਂ ਇੱਕ ਦਿਨ ਲਈ ਹੀ ਕਿਉਂ ਨਾ ਆਉਣ। ਉਹ ਰਾਸ ਸ਼ੋਅ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਹਨ ਅਤੇ ਅਗਲੇ ਦਿਨ ਆਪਣੇ ਇਮਤਿਹਾਨਾਂ ਲਈ ਰਵਾਨਾ ਹੋ ਜਾਂਦੇ ਹਨ," ਮੁਕਤਾ ਕਹਿੰਦੀ ਹੈ।
ਤਿਉਹਾਰ ਦੇ ਆਯੋਜਨ ਦੀ ਲਾਗਤ ਹਰ ਸਾਲ ਵੱਧਦੀ ਹੈ। ਗਰਮੂਰ ਵਿੱਚ, 2022 ਵਿੱਚ ਲਗਭਗ 4 ਲੱਖ ਰੁਪਏ ਇਕੱਠੇ ਕੀਤੇ ਗਏ ਸਨ। ਮੁਕਤਾ ਕਹਿੰਦੀ ਹੈ, "ਅਸੀਂ ਤਕਨੀਸ਼ੀਅਨਾਂ ਨੂੰ ਭੁਗਤਾਨ ਕਰਦੇ ਹਾਂ। ਅਦਾਕਾਰ ਸਵੈ-ਇੱਛਾ ਨਾਲ਼ ਅਜਿਹਾ ਕਰਦੇ ਹਨ। ਲਗਭਗ 100 ਤੋਂ 150 ਲੋਕ ਆਪਣੀ ਮਰਜ਼ੀ ਨਾਲ਼ ਕੰਮ ਕਰਦੇ ਹਨ।''
ਬੋਰੂਨ ਚਿਤਦਰਚੁਕ ਵਿਖੇ ਰਾਸ ਮਹੋਤਸਵ ਸਕੂਲ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਅਤੇ ਅਸਾਮ ਵਿੱਚ ਇੱਕ ਅਨੁਸੂਚਿਤ ਕਬੀਲੇ, ਮਿਸਿੰਗ (ਜਾਂ ਮਿਸ਼ਿੰਗ) ਭਾਈਚਾਰੇ ਦੇ ਮੈਂਬਰਾਂ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ, ਨੌਜਵਾਨ ਪੀੜ੍ਹੀ ਵਿੱਚ ਦਿਲਚਸਪੀ ਦੀ ਘਾਟ ਅਤੇ ਇਸ ਖੇਤਰ ਤੋਂ ਪਰਵਾਸ ਦੇ ਵੱਧਦੇ ਮਾਮਲਿਆਂ ਨੇ ਪ੍ਰਦਰਸ਼ਕਾਂ ਦੀ ਗਿਣਤੀ ਨੂੰ ਘਟਾ ਦਿੱਤਾ ਹੈ। ਫਿਰ ਵੀ ਉਹ ਕਹਿੰਦੇ ਹਨ,"ਜੇ ਅਸੀਂ ਇਸ ਦਾ ਅਯੋਜਨ ਨਾ ਕਰੀਏ, ਤਾਂ ਪਿੰਡ ਵਿੱਚ ਕੁਝ ਨਾ ਕੁਝ ਅਸ਼ੁਭ ਵਾਪਰ ਸਕਦਾ ਹੁੰਦਾ ਹੈ," ਰਾਜਾ ਪੇਂਗ ਕਹਿੰਦੇ ਹਨ। "ਇਹ ਪਿੰਡ ਦਾ ਹਰਮਨ ਪਿਆਰਾ ਵਿਸ਼ਵਾਸ ਹੈ।''
ਇਹ ਕਹਾਣੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮਐਮਐਫ) ਦੀ ਫੈਲੋਸ਼ਿਪ ਤਹਿਤ ਲਿਖੀ ਗਈ ਹੈ।
ਤਰਜਮਾ: ਕਮਲਜੀਤ ਕੌਰ