14 ਅਪ੍ਰੈਲ ਨੂੰ ਹੋਈ ਇੱਕ ਮੁਲਾਕਾਤ ਦੌਰਾਨ ਦੇਵੀ ਕਨਕਰਾਜ (ਨਾਮ ਬਦਲਿਆ ਹੋਇਆ) ਦੱਸਦੀ ਹੈ ਕਿ ਦਿਨ ਸਮੇਂ ਮੈਂ ਕੋਸ਼ਿਸ਼ ਕਰਦੀ ਹਾਂ ਕਿ ਬੱਚੇ ਸੌਂ ਜਾਣ ਅਤੇ ਘਰੋਂ ਬਾਹਰ ਨਾ ਜਾ ਸਕਣ। ਤਾਂ ਕਿ ਇਹ ਹੋਰਨਾਂ ਬੱਚਿਆਂ ਨੂੰ ਖਾਣਾ ਖਾਂਦੇ ਹੋਏ ਨਾ ਦੇਖ ਸਕਣ।” ਉਸ ਦਿਨ ਵੀ ਉਸ ਕੋਲ ਸਿਰਫ਼ ਦੋ ਦਿਨਾਂ ਦਾ ਰਾਸ਼ਨ ਬਚਿਆ ਸੀ। ਉਸ ਨੇ ਦੱਸਿਆ “ਹੁਣ ਮੇਰੇ ਕੋਲ ਬੱਚਿਆਂ ਦਾ ਢਿੱਡ ਭਰਨ ਦਾ ਹੋਰ ਕੋਈ ਵਸੀਲਾ ਨਹੀਂ। ਨਾ ਹੀ ਮੇਰਾ ਕੋਈ ਹੈ ਜਿਸ ਕੋਲ ਮੈਂ ਮਦਦ ਲਈ ਜਾ ਸਕਾਂ।”
28 ਸਾਲਾ ਦੇਵੀ ਤਾਮਿਲਨਾਡੂ ਦੇ ਵਿਰੁਧਨਗਰ ਦੇ ਇੱਕ ਪਿੰਡ ਇਡਾਆਪੋਟਲਪੱਟੀ ਦੀ ਜਾਤੀ ਅਰੁੰਥਾਥਿਆਰ ਦੇ ਗਰੀਬ ਤਬਕੇ ਨਾਲ ਸਬੰਧ ਰੱਖਦੀ ਹੈ। ਜੋ ਰਾਜ ਅੰਦਰ ਪਿਛੜੀ ਜਾਤੀ ਵਜੋਂ ਸੂਚੀਬੱਧ ਹੈ। ਆਪਣੀ ਜਾਤੀ ਦੀਆਂ ਹੋਰ ਔਰਤਾਂ ਵਾਂਗ ਹੀ ਦੇਵੀ ਵੀ ਪਿੰਡ ਤੋਂ 25 ਕਿਲੋਮੀਟਰ ਦੂਰ ਸਿਵਕਾਸੀ ਵਿਖੇ ਸਥਿਤ ਪਟਾਕਿਆਂ ਦੀ ਫ਼ੈਕਟਰੀ ਵਿੱਚ ਹਫ਼ਤਾਵਾਰੀ ਤਨਖ਼ਾਹ ‘ਤੇ ਕੰਮ ਕਰਨ ਜਾਂਦੀ ਹੈ। 24 ਮਾਰਚ ਨੂੰ ਕੋਵਿਡ-19 ਕਾਰਨ ਲੱਗਣ ਵਾਲੇ ਲੌਕਡਾਊਨ ਤੋਂ ਪਹਿਲਾਂ ਉਹ ਰਾਕੇਟ ਟਿਊਬ ਅਤੇ ਕਾਗਜ਼ ਦੇ ਖੋਲਾਂ ਵਿੱਚ ਬਾਰੂਦ ਭਰਨ ਦਾ ਜੋਖਿਮ ਭਰਿਆ ਕੰਮ ਕਰਕੇ 250 ਰੁਪਏ ਦਿਹਾੜੀ ਕਮਾਉਂਦੀ ਸੀ।
ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਦੇਵੀ ਨੂੰ ਸਰਕਾਰ ਵੱਲੋਂ ਲੌਕਡਾਊਨ ਦੌਰਾਨ ਰਾਹਤ ਵਜੋਂ 15 ਕਿਲੋ ਚੌਲ ਅਤੇ ਇੱਕ ਕਿਲੋ ਦਾਲ ਮਿਲੀ ਸੀ, ਜੋ ਕਿ ਜਲਦੀ ਹੀ ਖ਼ਤਮ ਹੋ ਗਏ। ਉਸ ਨੇ ਅੱਗੇ ਦੱਸਦਿਆਂ ਕਿਹਾ, “ਸਾਡੇ ਪਰਿਵਾਰ ਨੂੰ ਸਰਕਾਰ ਵੱਲੋਂ 1000 ਰੁਪਏ ਵੀ ਮਿਲੇ ਸਨ ਜੋ ਸਬਜ਼ੀਆਂ ਅਤੇ ਰਾਸ਼ਨ ‘ਤੇ ਖ਼ਰਚ ਹੋ ਗਏ। ਇਸ ਤੋਂ ਬਾਅਦ ਰਾਸ਼ਨ ਵਾਲੇ ਨੇ ਸਾਨੂੰ ਤੇਲ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਰਾਸ਼ਣ ਬਚਾਉਣ ਦੀ ਕੋਸ਼ਿਸ਼ ਵਿੱਚ ਅਸੀਂ ਸਿਰਫ਼ ਦੋ ਡੰਗ ਦਾ ਖਾਣਾ ਹੀ ਖਾਂਦੇ ਹਾਂ।”
ਮਈ ਦੇ ਸ਼ੁਰੂਆਤ ਵਿੱਚ ਦੇਵੀ ਦੇ ਪਰਿਵਾਰ ਨੂੰ 30 ਕਿਲੋ ਚੌਲ, 1 ਕਿਲੋ ਦਾਲ, 1 ਲੀਟਰ ਤੇਲ ਅਤੇ 2 ਕਿਲੋ ਚੀਨੀ ਮਿਲੀ ਸੀ। ਪਰ ਦੋ ਹਫ਼ਤਿਆਂ ਬਾਅਦ ਸਿਰਫ਼ ਥੋੜੇ ਜਿਹੇ ਚੌਲ ਹੀ ਬਚੇ ਰਹਿ ਗਏ। “ਸਾਡੇ ਕੋਲ ਸਬਜ਼ੀਆਂ ਅਤੇ ਰਾਸ਼ਣ ਖਰੀਦਣ ਲਈ ਕੋਈ ਪੈਸਾ ਨਹੀਂ ਬਚਿਆ” ਉਸ ਨੇ ਦੱਸਿਆ। “ਅਸੀਂ ਸਿਰਫ਼ ਚੌਲ ‘ਤੇ ਅਚਾਰ ਖਾ ਕੇ ਗੁਜ਼ਾਰਾ ਕਰ ਰਹੇ ਹਾਂ।”
18 ਮਈ ਆਉਂਦੇ ਆਉਂਦੇ ਵਿਰੁਧਨਗਰ ਵਿੱਚ ਕੋਵਿਡ-19 ਦੇ ਘੱਟ ਮਾਮਲੇ ਹੋਣ ਕਾਰਨ ਲੌਕਡਾਊਨ ਦੀ ਸਖ਼ਤੀ ਵਿੱਚ ਥੋੜੀ ਢਿੱਲ ਦਿੱਤੀ ਗਈ। ਦੇਵੀ ਨੇ ਵੀ ਉਸੇ ਦਿਨ ਤੋਂ ਕੰਮ 'ਤੇ ਜਾਣਾ ਸ਼ੁਰੂ ਕਰ ਦਿੱਤਾ, ਇਸ ਉਮੀਦ ਨਾਲ਼ ਕਿ ਉਹ ਆਪਣੀਆਂ 12, 10 ਅਤੇ 8 ਸਾਲ ਦੀਆਂ ਧੀਆਂ ਦਾ ਢਿੱਡ ਭਰਨ ਜੋਗੇ ਪੈਸੇ ਕਮਾ ਸਕੇ। ਉਸ ਦਾ 30 ਸਾਲਾ ਪਤੀ ਆਰ. ਕਨਕਰਾਜ (ਨਾਮ ਬਦਲਿਆ ਹੋਇਆ) ਆਪਣੀ ਟਰੱਕ ਡਰਾਇਵਰੀ ਤੋਂ ਕੀਤੀ ਹੋਈ ਕਮਾਈ ਦਾ ਜ਼ਿਆਦਾਤਰ ਹਿੱਸਾ ਸ਼ਰਾਬ ਪੀਣ ‘ਤੇ ਉਡਾ ਦਿੰਦਾ ਹੈ।
ਵਿਰੁਧਨਗਰ ਜ਼ਿਲੇ ਦੀ ਸਿਵਕਾਸੀ ਮਿਉਂਸਪੈਲਿਟੀ ਦੇ ਆਲੇ ਦੁਆਲੇ ਪਟਾਕੇ ਬਣਾਉਣ ਵਾਲੀਆਂ 900 ਦੇ ਕਰੀਬ ਵੱਡੀਆਂ ਛੋਟੀਆਂ ਫ਼ੈਕਟਰੀਆਂ ਹਨ। ਇੰਨ੍ਹਾਂ ਵਿੱਚੋਂ ਇੱਕ ਫ਼ੈਕਟਰੀ ਵਿੱਚ ਹੀ ਦੇਵੀ ਪਿਛਲੇ ਚਾਰ ਸਾਲ ਤੋਂ ਕੰਮ ਕਰਦੀ ਹੈ। ਇਡਾਆਪੋਟਲਪੱਟੀ, ਜੋ ਕਿ ਸਰੀਵਿਲੀਪੁਥੁਰ ਤਾਲੁਕਾ ਦੀ ਪੱਡੀਕਾਸੂ ਵੈਥਾਨਪੱਟੀ ਪੰਚਾਇਤ ਦਾ ਹਿੱਸਾ ਹੈ, ਦੀ ਅਬਾਦੀ ਤਕਰੀਬਨ 554 ਹੈ। ਜਿੰਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਲੋਕ ਇੰਨ੍ਹਾਂ ਫ਼ੈਕਟਰੀਆਂ ਵਿੱਚ ਕੰਮ ਕਰਦੇ ਹਨ ਜਿੱਥੇ ਉਨ੍ਹਾਂ ਨੂੰ ਸਾਲ ਵਿੱਚ ਘੱਟੋ ਘੱਟ 6 ਮਹੀਨੇ ਪੱਕਾ ਰੋਜ਼ਗਾਰ ਮਿਲਦਾ ਹੈ।
ਦੇਵੀ ਦੱਸਦੀ ਹੈ “ਹਰ ਸ਼ਨੀਵਾਰ, ਮੈਂ 700-800 ਰੁਪਏ ਕਮਾ ਕੇ ਘਰ ਲੈ ਜਾਂਦੀ ਸਾਂ।” ਇਹ ਰਕਮ ਉਸ ਨੂੰ ਪਰੌਵੀਡੈਂਟ ਫ਼ੰਡ, ਰਾਜ ਕਰਮਚਾਰੀ ਇੰਸ਼ੌਰੈਂਸ ਅਤੇ ਠੇਕੇਦਾਰ ਵੱਲੋਂ ਦਿੱਤੀ ਪੇਸ਼ਗੀ ਦੇ ਪੈਸੇ ਕੱਟ ਕੇ ਮਿਲਦੀ ਹੈ। “ਲੌਕਡਾਊਨ ਨੇ ਮੇਰੇ ਪਰਿਵਾਰ ਦੇ ਗੁਜ਼ਾਰੇ ਲਈ ਕਮਾਈ ਦਾ ਇੱਕੋ ਇੱਕ ਸਾਧਨ ਖੋਹ ਲਿਆ।” 25 ਮਾਰਚ ਤੋਂ 18 ਮਈ ਤੱਕ ਲੱਗੇ ਲੌਕਡਾਊਨ ਦੌਰਾਨ ਦੇਵੀ ਕੋਲ ਨਾ ਤਾਂ ਕਮਾਈ ਦਾ ਕੋਈ ਸਾਧਨ ਸੀ ‘ਤੇ ਨਾ ਹੀ ਫ਼ੈਕਟਰੀ ਵੱਲੋਂ ਕੋਈ ਮਾਲ਼ੀ ਸਹਾਇਤਾ।
ਲੌਕਡਾਊਨ ਵਿੱਚ ਢਿੱਲ ਮਿਲਣ ਤੇ ਸਿਵਕਾਸੀ ਵਿੱਚ ਪਟਾਕਿਆਂ ਦੀਆਂ ਛੋਟੀਆਂ ਫ਼ੈਕਟਰੀਆਂ ਵਿੱਚ ਤਾਂ ਪੂਰੇ ਅਮਲੇ ਨਾਲ ਕੰਮ ਸ਼ੁਰੂ ਹੋ ਗਿਆ। ਪਰ ਜਿਹੜੀਆਂ ਫ਼ੈਕਟਰੀਆਂ ਵਿੱਚ 50 ਤੋਂ ਵੱਧ ਕਾਮੇ ਕੰਮ ਕਰਦੇ ਸਨ, ਉਨ੍ਹਾਂ ਵਿੱਚ ਸਿਰਫ਼ 50 ਪ੍ਰਤੀਸ਼ਤ ਅਮਲੇ ਨਾਲ ਹੀ ਕੰਮ ਚਾਲੂ ਹੋਇਆ। ਦੇਵੀ ਜਿੱਥੇ ਕੰਮ ਕਰਦੀ ਸੀ ਉਹ ਫ਼ੈਕਟਰੀ ਵੀ ਇਨ੍ਹਾਂ ਵਿੱਚੋਂ ਇੱਕ ਸੀ ਜਿੱਥੇ ਹਰ ਕਾਮਾ ਹਫ਼ਤੇ ਵਿੱਚ ਸਿਰਫ਼ ਦੋ ਦਿਨ ਕੰਮ ਲਈ ਜਾ ਸਕਦਾ ਸੀ। ਸੋ, 18 ਮਈ ਤੋਂ ਦੇਵੀ ਨੇ ਹਫ਼ਤੇ ਵਿੱਚ ਚਾਰ ਦਿਨ ਕੰਮ 'ਤੇ ਜਾਣਾ ਸ਼ੁਰੂ ਕਰ ਦਿੱਤਾ। ਦੋਬਾਰਾ ਕੰਮ ਸ਼ੁਰੂ ਕਰਨ 'ਤੇ ਉਸ ਨੂੰ 500 ਰੁਪਏ ਦਾ ਦੋ ਦਿਨਾਂ ਦਾ ਐਡਵਾਂਸ ਮਿਲ਼ਿਆ ਅਤੇ 30 ਮਈ ਨੂੰ ਬਾਕੀ 500 ਰੁਪਏ ਮਿਲੇ।
ਪਟਾਕਿਆਂ ਦੀ ਫ਼ੈਕਟਰੀ ਵਿੱਚ ਕੰਮ ਕਰਨ ਤੋਂ ਪਹਿਲਾਂ ਦੇਵੀ ਕਪਾਹ ਦੀ ਕਤਾਈ ਕਰਨ ਵਾਲੀ ਮਿੱਲ ਵਿੱਚ 150 ਰੁਪਏ ਦਿਹਾੜੀ ‘ਤੇ ਕੰਮ ਕਰਦੀ ਸੀ। ਵਿਰੁਧਨਗਰ ਵਰਗੇ ਖ਼ੁਸ਼ਕ ਇਲਾਕੇ ਵਿੱਚ, ਜਿੱਥੇ ਖੇਤੀ ਕੁਝ ਹੀ ਹਿੱਸਿਆਂ ਵਿੱਚ ਕੀਤੀ ਜਾਂਦੀ ਹੈ, ਉੱਥੇ ਪਟਾਕਿਆਂ ਦਾ ਉਦਯੋਗ ਹੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਂਦਾ ਹੈ। ਇਸ ਤੋਂ ਇਲਾਵਾ ਬੱਸ ਕੁਝ ਕਪਾਹ ਮਿੱਲਾਂ ਹੀ ਹਨ ਜੋ ਇਲਾਕੇ ਦੇ ਲੋਕਾਂ ਲਈ ਰੋਜ਼ਗਾਰ ਦਾ ਮੁੱਖ ਜ਼ਰੀਆ ਹਨ।
ਤਮਿਲਨਾਡੂ ਪਟਾਕਾ ਉਦਯੋਗ ਕਰਮਚਾਰੀ ਸੁਰੱਖਿਆ ਐਸੋਸੀਏਸ਼ਨ ਦੇ ਸੈਕਟਰੀ ਮੁਥੂਕ੍ਰਿਸ਼ਨਨ ਏ. ਦਾ ਕਹਿਣਾ ਹੈ ਕਿ ਸਿਵਕਾਸੀ ਦੀਆਂ ਪਟਾਕਾ ਫ਼ੈਕਟਰੀਆਂ ਵਿੱਚ ਤਕਰੀਬਨ 3 ਲੱਖ ਕਰਮਚਾਰੀ ਕੰਮ ਕਰਦੇ ਹਨ, ਅਤੇ ਹੋਰ 4-5 ਲੱਖ ਕਾਮੇ ਇਹਦੇ ਭਾਈਵਾਲ਼ (ਸਹਾਇਕ) ਉਦਯੋਗਾਂ ਵਿੱਚ ਕੰਮ ਕਰਦੇ ਹਨ। ਮੁਥੂਕ੍ਰਿਸ਼ਨਨ ਵੀ ਸਿਵਕਾਸੀ ਦਾ ਇੱਕ ਛੋਟਾ ਜਿਹਾ ਯੂਨਿਟ ਚਲਾਉਂਦੇ ਹਨ ਜਿੱਥੇ 50 ਦੇ ਕਰੀਬ ਕਾਮੇ ਕੰਮ ਕਰਦੇ ਹਨ।
ਅਰੁੰਥਾਥਿਆਰ ਭਾਈਚਾਰੇ ਦੇ ਅੱਧੇ ਤੋਂ ਜ਼ਿਆਦਾ ਲੋਕ ਇਨ੍ਹਾਂ ਫ਼ੈਕਟਰੀਆਂ ਵਿੱਚ ਕੰਮ ਕਰਦੇ ਹਨ ਅਤੇ ਇੰਨ੍ਹਾ ਕਾਮਿਆ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ। ਤਮਿਲਨਾਡੂ ਦੇ ਕਾਮਿਆਂ ਦੇ ਹੱਕਾਂ ਲਈ ਬਣੀ ਫ਼ੈਡਰੇਸ਼ਨ (TNLRF) ਦੇ, ਇਡਾਆਪੋਟਲਪੱਟੀ ਦੇ ਰਹਿਣ ਵਾਲੇ, ਰਾਜ ਕੋਆਰਡੀਨੇਟਰ ਪੋਨੂਚਾਮੀ ਐਮ. ਦਾ ਕਹਿਣਾ ਹੈ,“ਇਸੇ ਭਾਈਚਾਰੇ ਦੇ ਲੋਕ ਹੀ ਪਟਾਕਿਆਂ ਦੀ ਫ਼ੈਕਟਰੀ ਵਿੱਚ ਸਭ ਤੋਂ ਜੋਖ਼ਿਮ ਭਰਿਆ ਕੰਮ ਕਰਦੇ ਹਨ। ਉਹ ਨਾਲੀਆਂ ਵਿੱਚ ਕੈਮੀਕਲ (ਬਾਰੂਦ) ਭਰਨ ਦਾ ਕੰਮ ਕਰਦੇ ਹਨ ਜਿਸ ਵਿੱਚ ਕਿਸੇ ਵੀ ਦੁਰਘਟਨਾ ਦਾ ਖਦਸ਼ਾ ਰਹਿੰਦਾ ਹੈ।”
ਲੌਕਡਾਊਨ ਤੋਂ ਪਹਿਲਾਂ ਦੇਵੀ ਸਵੇਰੇ 8 ਤੋਂ ਸ਼ਾਮ ਦੇ 5 ਵਜੇ ਤੱਕ ਹਫ਼ਤੇ ਵਿੱਚ 3-5 ਦਿਨ ਫ਼ੈਕਟਰੀ ਵਿੱਚ ਕੰਮ ਕਰਨ ਲਈ ਜਾਂਦੀ ਸੀ। ਉਹ ਦੱਸਦੀ ਹੈ,“ਫ਼ੈਕਟਰੀ ਵੱਲੋਂ ਸਵੇਰੇ 7 ਵਜੇ ਬੱਸ ਸਾਨੂੰ ਪਿੰਡ ਤੋਂ ਲੈਣ ਲਈ ਅਤੇ ਸ਼ਾਮੀਂ 6 ਵਜੇ ਛੱਡਣ ਲਈ ਆਉਂਦੀ ਹੈ।” ਬਰਸਾਤਾਂ (ਜੂਨ ਤੋਂ ਅਗਸਤ) ਦੌਰਾਨ ਫ਼ੈਕਟਰੀ ਬੰਦ ਰਹਿੰਦੀ ਹੈ ਜਾਂ ਕਿਸੇ ਨੇੜਲੀ ਫ਼ੈਕਟਰੀ ਵਿੱਚ ਕਿਸੇ ਤਰ੍ਹਾਂ ਦੀ ਦੁਰਘਟਨਾ ਹੋਣ ਦੀ ਸੂਰਤ ਵਿੱਚ। “ਜਦੋਂ ਇਹ ਕੰਮ ਬੰਦ ਹੁੰਦਾ ਹੈ ਤਾਂ ਮੈਂ ਕਪਾਹ ਦੇ ਖੇਤਾਂ ਵਿੱਚ 150 ਰੁਪਏ ਦਿਹਾੜੀ 'ਤੇ ਕੰਮੇ ਲੱਗ ਜਾਂਦੀ ਹਾਂ,” ਦੇਵੀ ਦੱਸਦੀ ਹੈ। ਇਸ ਤੋਂ ਇਲਾਵਾ ਉਹ ਜਨਵਰੀ ਤੋਂ ਮਾਰਚ ਦੌਰਾਨ ਹਫ਼ਤੇ ਵਿੱਚ 2-3 ਦਿਨ ਮਨਰੇਗਾ ਅਧੀਨ ਕੰਮ ਕਰਦੀ ਹੈ।
ਦੇਵੀ ਅਤੇ ਉਸ ਵਰਗੇ ਹੋਰ ਕਾਮਿਆਂ ਨੂੰ ਪਟਾਕਿਆਂ ਦੀ ਫ਼ੈਕਟਰੀ ‘ਤੇ ਸਿਰਫ਼ ਉਨੇ ਦਿਨਾਂ ਦੀ ਹੀ ਤਨਖ਼ਾਹ ਮਿਲਦੀ ਹੈ ਜਿੰਨੇ ਦਿਨ ਉੁਹ ਕੰਮ ‘ਤੇ ਜਾਂਦੇ ਹਨ। ਲੌਕਡਾਊਨ ਤੋਂ ਪਹਿਲਾਂ ਉਹਨਾਂ ਨੂੰ ਹਰ ਮਹੀਨੇ ਦੀ ਸ਼ੁਰੂਆਤ ‘ਤੇ ਐਡਵਾਂਸ ਰਕਮ ਮਿਲਦੀ ਸੀ। ਜਿਸ ਵਿੱਚ ਦੇਵੀ ਨੂੰ 10,000 ਰੁਪਏ ਮਿਲਦੇ ਸਨ, ਕੁਝ ਰਕਮ ਉਸ ਨੂੰ ਹਰ ਹਫ਼ਤੇ ਉਸ ਹਿਸਾਬ ਨਾਲ ਦਿੱਤੀ ਜਾਂਦੀ ਸੀ ਜਿੰਨੇ ਦਿਨ ਉਹ ਕੰਮ ਕਰਦੀ ਸੀ। ਉਸ ਨੇ ਲੌਕਡਾਊਨ ਦੌਰਾਨ ਫ਼ੈਕਟਰੀ ਤੋਂ ਉਧਾਰ ਨਹੀਂ ਲਿਆ, ਪਰ ਜਿਨ੍ਹਾਂ ਨੇ ਲਿਆ ਸੀ ਹੁਣ ਉਨ੍ਹਾਂ ਨੂੰ ਕੰਮ ਕਰ ਕੇ ਪੈਸਾ ਚੁਕਾਉਣਾ ਪਵੇਗਾ।
ਮੁਥੂਕ੍ਰਿਸ਼ਨਨ ਦਾ ਵੀ ਕਹਿਣਾ ਹੈ,“ਅਸੀਂ ਸਿਰਫ਼ ਓਨੇ ਦਿਨਾਂ ਦੀ ਤਨਖ਼ਾਹ ਦਿੰਦੇ ਹਾਂ ਜਿੰਨੇ ਦਿਨ ਕਿਸੇ ਨੇ ਕੰਮ ਕੀਤਾ ਹੁੰਦਾ ਹੈ। 18 ਮਈ ਤੋਂ ਹੀ ਮੇਰੀ ਫ਼ੈਕਟਰੀ ਤੇ ਸਾਰੇ ਕਾਮੇ ਕੰਮ ਲਈ ਆਉਂਦੇ ਹਨ ਅਤੇ ਮੈਂ ਹਫ਼ਤਾਵਾਰੀ ਤਨਖ਼ਾਹ ਦੇਣੀ ਸ਼ੁਰੂ ਕਰ ਦਿੱਤੀ ਹੈ।” ਉਹ ਨਾਲ ਹੀ ਦੱਸਦੇ ਹਨ “ਔਰਤਾਂ ਦੀ ਦਿਹਾੜੀ 350 ਰੁਪਏ ਹੈ ਜਦਕਿ ਮਰਦਾਂ ਦੀ 400-500 ਰੁਪਏ ਹੈ।”
ਪਰ ਮੁਥੂਕ੍ਰਿਸ਼ਨਨ ਨੂੰ ਲੱਗਦਾ ਹੈ ਕਿ ਉਹ ਹੁਣ ਜ਼ਿਆਦਾ ਦੇਰ ਆਪਣੀ ਫ਼ੈਕਟਰੀ ਨੂੰ ਚਾਲੂ ਨਹੀਂ ਰੱਖ ਸਕੇਗਾ। “ਬਣਾਏ ਹੋਏ ਮਾਲ ਨੂੰ ਫੌਰਨ ਹੀ ਫ਼ੈਕਟਰੀ ਵਿੱਚੋਂ ਰਵਾਨਾ ਕਰਨਾ ਹੁੰਦਾ ਹੈ,” ਉਹ ਦੱਸਦੇ ਹਨ। “ਸਾਨੂੰ ਹਫ਼ਤੇ ਵਿੱਚ ਘੱਟੋ ਘੱਟ ਇੱਕ ਵਾਰ ਤਾਂ ਪਟਾਕੇ ਭੇਜਣੇ ਪੈਂਦੇ ਹਨ। ਪਰ ਦੇਸ਼ ਅਤੇ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਲੌਕਡਾਊਨ ਕਾਰਨ ਟਰਾਂਸਪੋਰਟ ਸੇਵਾ ਹਾਲੇ ਪੂਰੀ ਤਰ੍ਹਾਂ ਚਾਲੂ ਨਹੀਂ ਹੈ। ਜਿਸ ਕਾਰਨ ਫ਼ੈਕਟਰੀ ਵਿੱਚ ਪਟਾਕੇ ਜਮਾਂ ਹੋਈ ਜਾ ਰਹੇ ਹਨ। ਅਸੀਂ ਸਿਰਫ਼ ਦੋ ਹਫ਼ਤੇ ਹੋਰ ਕੰਮ ਜਾਰੀ ਰੱਖ ਸਕਦੇ ਹਾਂ। ਜੇ ਛੇਤੀ ਇੱਥੇ ਪਏ ਮਾਲ ਨੂੰ ਢੋਇਆ ਨਾ ਗਿਆ ਤਾਂ ਪਟਾਕਾ ਫ਼ੈਕਟਰੀਆਂ ਨੂੰ ਬੰਦ ਕਰਨਾ ਪਵੇਗਾ” ਇਹ ਗੱਲਾਂ ਉਨ੍ਹਾਂ ਨੇ 25 ਮਈ ਨੂੰ ਮੇਰੇ ਨਾਲ ਸਾਂਝੀਆਂ ਕੀਤੀਆਂ।
ਸਾਲ 2019 ਦੌਰਾਨ ਚਾਰ ਮਹੀਨੇ ਫ਼ੈਕਟਰੀਆਂ ਬੰਦ ਰਹੀਆਂ ਜਿਸ ਦੀ ਵਜਾਹ ਸੁਪਰੀਮ ਕੋਰਟ ਦਾ ਅਕਤੂਬਰ 2018 ਦਾ ਫ਼ੈਸਲਾ ਸੀ ਜਿਸ ਅਨੁਸਾਰ ਸਿਰਫ਼ ਘੱਟ ਪ੍ਰਦੂਸ਼ਨ ਫੈਲਾਉਣ ਵਾਲੇ ਪਟਾਕਿਆਂ ਦਾ ਹੀ ਨਿਰਮਾਣ ਕੀਤਾ ਜਾਵੇਗਾ।
ਦੇਵੀ ਇਸ ਸਾਲ ਚੰਗੇ ਦਿਨਾਂ ਨੂੰ ਲੈ ਕੇ ਆਸਵੰਦ ਸੀ, ਪਰ ਅੱਧ ਅਪ੍ਰੈਲ ਆਉਂਦੇ ਆਉਂਦੇ ਕਰਿਆਨੇ ਵਾਲੇ ਦੇ ਉਧਾਰ ਦੀ ਪੰਡ ਕਾਫ਼ੀ ਭਾਰੀ ਹੋ ਚੁੱਕੀ ਸੀ।
ਲੌਕਡਾਊਨ ਦੌਰਾਨ ਦੇਵੀ ਅਤੇ ਉਸ ਦੇ ਪਰਿਵਾਰ ਦਾ ਢਿੱਡ ਭਰਨ ਲਈ ਕੋਈ ਸਰਕਾਰੀ ਲੰਗਰ ਦੀ ਵਿਵਸਥਾ ਨਹੀਂ ਸੀ। TNLRF ਵਰਗੀਆਂ ਸੰਸਥਾਵਾਂ ਕੁਝ ਕਾਮਿਆਂ ਦੇ ਪਰਿਵਾਰਾਂ ਤੱਕ ਹੀ ਰਾਸ਼ਨ ਪਹੁੰਚਾਉਣ ਵਿੱਚ ਸਫ਼ਲ ਹੋ ਸਕੀਆਂ। “ਅਸੀਂ 44 ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਾਣੀ ਪਹੁੰਚਾਉਣ ਵਿੱਚ ਸਫ਼ਲ ਰਹੇ,” ਪੋਨੂਚਮੀ ਦਾ ਕਹਿਣਾ ਹੈ।
ਇਸ ਬਿਪਤਾ ਨਾਲ ਨਜਿੱਠਿਣ ਲਈ ਪੰਚਾਇਤਾਂ ਨੂੰ ਅਜੇ ਤੱਕ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਮਿਲੀ ਹੈ। ਪੜੀਕਾਸੂ ਵੈਥਾਨਪੱਟੀ ਵਿਖੇ ਪੰਚਾਇਤ ਪ੍ਰਧਾਨ ਏ. ਮੁਰੂਗੇਸਨ ਨੇ ਰਾਜ ਸਰਕਾਰ ਵੱਲੋਂ ਹਰ ਚਾਰ ਮਹੀਨੇ ਬਾਅਦ ਪਾਣੀ, ਸਫ਼ਾਈ ਅਤੇ ਪਿੰਡ ਦੇ ਰੱਖ ਰਖਾਵ ਲਈ ਦਿੱਤੀ ਜਾਣ ਵਾਲੀ ਰਕਮ ਨੂੰ ਸਫ਼ਾਈ ਕਰਮਚਾਰੀਆਂ ਦੀ ਤਨਖ਼ਾਹ ਪੂਰੀ ਕਰਨ ਅਤੇ ਰਾਸ਼ਨ ‘ਤੇ ਖ਼ਰਚ ਕਰ ਦਿੱਤਾ। ਮੁਰੂਗੇਸਨ ਦਾ ਕਹਿਣਾ ਹੈ ਕਿ ਉਹ ਰਾਸ਼ਨ ਵੰਡਣ ਲਈ 30,000 ਰੁਪਏ ਦੇ ਕਰੀਬ ਆਪਣੇ ਪੱਲਿਓਂ ਖ਼ਰਚ ਕਰ ਚੁੱਕਾ ਹੈ।
ਵਿਰੁਧਨਗਰ ਦੇ ਕਈ ਪਿੰਡ ਇੱਕ ਹੋਰ ਸਮੱਸਿਆ ਨਾਲ ਜੂਝ ਰਹੇ ਹਨ- ਅੋਰਤਾਂ ਪ੍ਰਤੀ ਵਧ ਰਹੀ ਘਰੇਲੂ ਹਿੰਸਾ।
ਲੌਕਡਾਊਨ ਵਿੱਚ ਢਿੱਲ ਹੁੰਦਿਆਂ ਹੀ ਤਮਿਲਨਾਡੂ ਰਾਜ ਮੰਡੀਕਰਨ ਕਾਰਪੋਰੇਸ਼ਨ (TASMAC) ਵੱਲੋਂ ਚਲਾਏ ਜਾਂਦੇ ਸਰਕਾਰੀ ਠੇਕੇ ਵੀ ਖੁੱਲ੍ਹ ਗਏ। “ਜਦੋਂ ਦੇ TASMAC ਦੇ ਠੇਕੇ ਖੁੱਲੇ ਹਨ, TNLRF ਨੂੰ ਜ਼ਿਲ੍ਹੇ ਭਰ ਵਿੱਚੋਂ ਘਰੇਲੂ ਹਿੰਸਾ ਦੀਆਂ ਤਕਰੀਬਨ 10 ਸ਼ਿਕਾਇਤਾਂ ਰੋਜ਼ਾਨਾ ਮਿਲ ਰਹੀਆਂ ਹਨ। ਅਸੀਂ 25 ਮਈ ਨੂੰ ਇੱਕ ਦਸਤਖ਼ਤੀ ਮੁਹਿੰਮ ਵੀ ਚਲਾਈ ਜਿਸ ਵਿੱਚ ਠੇਕਿਆਂ (TASMAC) ਨੂੰ ਬੰਦ ਕਰਨ ਦੀ ਮੰਗ ਰੱਖੀ ਗਈ,” ਪੋਨੂਚਾਮੀ ਨੇ ਦੱਸਿਆ। ਮੁਹਿੰਮ ਦੇ ਪਹਿਲੇ ਚਾਰ ਦਿਨਾਂ ਵਿੱਚ ਹੀ ਤਕਰੀਬਨ 200 ਔਰਤਾਂ ਨੇ ਦਸਤਖ਼ਤ ਕੀਤੇ।
ਦੇਵੀ ਦਾ ਦੱਸਣਾ ਹੈ ਕਿ ਉਸ ਦਾ ਘਰਵਾਲਾ ਬਹੁਤ ਸ਼ਰਾਬ ਪੀਂਦਾ ਹੈ ਅਤੇ ਜਿਸ ਦਿਨ ਤੋਂ ਸ਼ਰਾਬ ਦੇ ਠੇਕੇ ਖੁੱਲੇ ਹਨ ਉਹ ਰੋਜ਼ਾਨਾ ਪੀ ਕੇ ਘਰ ਵਿੱਚ ਕਲੇਸ਼ ਕਰਦਾ ਹੈ। ਜਦ ਵੀ ਉਸ ਨੂੰ ਪੀਣ ਲਈ ਕੋਈ ਸਾਥ ਲੱਭ ਜਾਂਦਾ ਹੈ ਤਾਂ ਉਹ ਆਪਣੀ ਸਾਰੀ ਕਮਾਈ ਸ਼ਰਾਬ ‘ਤੇ ਉਡਾ ਦਿੰਦਾ ਹੈ। ਸ਼ਰਾਬ ਪੀ ਕੇ ਜਦ ਘਰ ਆਉਂਦਾ ਹੈ ਤਾਂ ਮੇਰੇ ਨਾਲ ਕੁੱਟ ਮਾਰ ਕਰਦਾ ਹੈ। ਸਰੀਰਕ ਕਸ਼ਟ ਤਾਂ ਮੈ ਸਹਿ ਸਕਦੀ ਹਾਂ ਪਰ ਉਸ ਦੇ ਬੇਰਹਿਮੀ ਭਰੇ ਬੋਲ ਮੈਨੂੰ ਖੁਦਕੁਸ਼ੀ ਬਾਰੇ ਸੋਚਣ ਲਈ ਮਜਬੂਰ ਕਰਦੇ ਹਨ,” ਉਹ ਦੁਖੀ ਹੁੰਦਿਆਂ ਕਹਿੰਦੀ ਹੈ।
16 ਸਾਲ ਦੀ ਹੁੰਦੇ ਹੀ ਦੇਵੀ ਦਾ ਵਿਆਹ ਹੋ ਗਿਆ ਸੀ ਅਤੇ ਉਸ ਤੋਂ ਦੋ ਕੁ ਸਾਲ ਬਾਅਦ ਜਦ ਉਸ ਦਾ ਪਤੀ ਸ਼ਰਾਬ ਪੀਣ ਲੱਗਿਆ ਤਾਂ ਹਿੰਸਾ ਦਾ ਦੌਰ ਵੀ ਸ਼ੁਰੂ ਹੋ ਗਿਆ। “ਮੈਂ ਇਹ ਜ਼ੁਲਮ ਸਿਰਫ਼ ਆਪਣੇ ਬੱਚਿਆਂ ਖ਼ਾਤਿਰ ਸਹਿ ਰਹੀ ਹਾਂ,” ਉਸ ਦਾ ਕਹਿਣਾ ਹੈ। “ਮੈਂ ਆਪਣੀਆਂ ਬੱਚੀਆਂ ਨੂੰ ਚੰਗੀ ਸਿੱਖਿਆ ਦਵਾਉਣੀ ਚਾਹੁੰਦੀ ਹਾਂ। ਲੋਕ ਵੀ ਕਹਿੰਦੇ ਹਨ ਕਿ ਜਦੋਂ ਬੱਚੇ ਵੱਡੇ ਹੋ ਗਏ ਤਾਂ ਸਭ ਠੀਕ ਹੋ ਜਾਵੇਗਾ।” ਉਸ ਦੇ ਜੀਜੇ ਵੀ ਸ਼ਰਾਬ ਦੀ ਲਤ ਦੇ ਸ਼ਿਕਾਰ ਹਨ। “ਮੇਰੀਆਂ ਭੈਣਾਂ ਦੀ ਜ਼ਿੰਦਗੀ ਵੀ ਜੱਦੋ ਜਹਿਦ ਭਰੀ ਹੈ।”
ਵਿਰੁਧਨਗਰ ਦੀਆਂ ਬਹੁਤੀਆਂ ਔਰਤਾਂ ਆਰਥਿਕ ਮੰਦਹਾਲੀ ਅਤੇ ਸ਼ਰਾਬੀ ਪਤੀਆਂ ਵੱਲੋਂ ਘਰੇਲੂ ਕਲੇਸ਼ ਕਰਕੇ ਮਾਨਸਿਕ ਤਨਾਅ ਦਾ ਸ਼ਿਕਾਰ ਹਨ। ਅਜਿਹੀ ਹੀ ਇੱਕ ਔਰਤ ਰਾਣੀ ਐਮ. (ਨਾਮ ਬਦਲਿਆ ਹੋਇਆ) ਦੱਸਦੀ ਹੈ,“ਲੌਕਡਾਊਨ ਦੌਰਾਨ ਮੇਰੇ ਪਤੀ ਕੋਲ ਕੰਮ ਨਾ ਹੋਣ ਕਾਰਨ ਪੈਸੇ ਦੀ ਤੰਗੀ ਸੀ। ਉਹ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਰਹਿਣ ਲੱਗ ਗਿਆ।” ਰਾਣੀ ਇਡਾਆਪੋਟਲਪੱਟੀ ਦੇ ਇੱਕ ਸਰਕਾਰੀ ਸਕੂਲ ਵਿੱਚ ਠੇਕੇ 'ਤੇ ਸਫ਼ਾਈ ਕਰਮਚਾਰੀ ਵਜੋਂ ਕੰਮ ਕਰਦੀ ਹੈ।
ਰਾਣੀ ਦਾ ਪਤੀ ਇੱਕ ਰਿਪੇਅਰ ਵਰਕਸ਼ਾਪ ‘ਤੇ ਕੰਮ ਕਰ ਕੇ ਦਿਹਾੜੀ ਦੇ 500 ਰੁਪਏ ਕਮਾਉਂਦਾ ਹੈ ਜਿਸ ਦਾ ਜ਼ਿਆਦਾਤਰ ਹਿੱਸਾ ਉਹ ਸ਼ਰਾਬ ‘ਤੇ ਉਡਾ ਦਿੰਦਾ ਹੈ। “ਉਹ ਅਕਸਰ ਮੇਰੇ ਤੋਂ ਪੈਸੇ ਮੰਗਦਾ ਹੈ ਅਤੇ ਹਰ ਕੰਮ ਵਿੱਚ ਨੁਕਸ ਕੱਢਦਾ ਰਹਿੰਦਾ ਹੈ। ਅਕਸਰ ਹੀ ਉਹ ਮੇਰੇ ਨਾਲ ਕੁੱਟਮਾਰ ਵੀ ਕਰਦਾ ਹੈ,
ਪਰ ਮੈਂ ਸਭ ਕੁਝ ਆਪਣੇ ਬੱਚਿਆਂ ਕਰਕੇ ਸਹਿਣ ਕਰ ਰਹੀ ਹਾਂ,” ਉਸ ਦਾ ਕਹਿਣਾ ਹੈ।
ਰਾਣੀ ਕੋਲ ਰਾਸ਼ਨ ਕਾਰਡ ਨਾ ਹੋਣ ਕਾਰਨ ਲੌਕਡਾਊਨ ਦੌਰਾਨ ਸਰਕਾਰੀ ਆਰਥਿਕ ਸਹਾਇਤਾ ਅਤੇ ਰਾਸ਼ਨ ਤੋਂ ਉਹ ਵਾਂਝੀ ਰਹਿ ਗਈ। ਹੁਣ ਜਦੋਂ ਤੱਕ ਸਕੂਲ ਨਹੀਂ ਖੁੱਲਦੇ ਨਾ ਤਾਂ ਉਸ ਕੋਲ ਕੰਮ ਹੈ ਅਤੇ ਨਾ ਹੀ ਪੈਸੇ ਦਾ ਕੋਈ ਹੋਰ ਜਰੀਆ।
ਉਸ ਦੀ ਗੁਆਂਢਣ ਜੀ. ਕਾਮਾਚੀ ਵੀ ਹਰ ਰਾਤ ਆਪਣੇ ਪਤੀ ਦੀ ਦਹਿਸ਼ਤ ਵਿੱਚ ਜਿਉਂਦੀ ਹੈ। ਉਹ ਉਸ ਨਾਲ ਕਾਫ਼ੀ ਕੁੱਟ ਮਾਰ ਕਰਦਾ ਹੈ, ਗਾਲ਼ਾਂ ਕੱਢਦਾ ਹੈ ਅਤੇ ਸ਼ਰਾਬ ਲਈ ਪੈਸੇ ਦੀ ਮੰਗ ਕਰਦਾ ਹੈ। ਪੈਸੇ ਦੇਣ ਤੋਂ ਮਨ੍ਹਾ ਕਰਨ 'ਤੇ ਉਸ ਨੇ ਪਰਿਵਾਰ ਦਾ ਸਾਇਕਲ ਵੇਚ ਦਿੱਤਾ।
ਔਰਤਾਂ ਦੀਆਂ ਮੁਸ਼ਕਿਲਾਂ ਵਿੱਚ ਲੈਣਦਾਰਾਂ ਦੇ ਨਿੱਤ ਦੇ ਗੇੜੇ ਹੋਰ ਵਾਧਾ ਕਰਦੇ ਹਨ। ਇਹ ਲੋਕ ਉਧਾਰ ਦਿੱਤੇ ਪੈਸੇ ‘ਤੇ ਲੱਕ ਤੋੜਵਾਂ ਵਿਆਜ ਲਾ ਕੇ ਵਸੂਲੀ ਕਰਦੇ ਹਨ। ਦੇਵੀ ਦੇ ਸਿਰ ‘ਤੇ 2 ਲੱਖ ਤੋਂ ਜ਼ਿਆਦਾ ਦਾ ਕਰਜ਼ਾ ਹੈ ਜਿਸ ਵਿੱਚੋਂ ਜ਼ਿਆਦਾਤਰ ਘਰ ਦੀ ਮੁਰੰਮਤ ‘ਤੇ ਖ਼ਰਚ ਹੋ ਗਿਆ। ਜੋ 500 ਰੁਪਏ ਦੀ ਮਜ਼ਦੂਰੀ ਉਸ ਨੂੰ 30 ਮਈ ਨੂੰ ਮਿਲੀ ਹੈ ਉਹ ਖਾਣੇ ‘ਤੇ ਖ਼ਰਚ ਨਹੀਂ ਹੋਵੇਗੀ। ਉਹ ਦੱਸਦੀ ਹੈ,“ਹੁਣ ਇਹ ਰਕਮ ਕਰਜ਼ਾ ਚੁਕਾਉਣ ਲਈ ਵਰਤੀ ਜਾਵੇਗੀ।”
ਤਰਜ਼ਮਾ: ਡਾ. ਨਵਨੀਤ ਕੌਰ ਧਾਲੀਵਾਲ