''ਜੇ ਅਸੀਂ ਕੰਮ ਕਰਨਾ ਬੰਦ ਕਰ ਦੇਈਏ ਤਾਂ ਪੂਰਾ ਦੇਸ਼ ਦੁਖੀ ਹੋ ਜਾਵੇਗਾ।''

ਬਾਬੂ ਲਾਲ ਦੇ ਉਪਰੋਕਤ ਕਥਨ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ ਜਦੋਂ ਉਹ ਕਹਿੰਦੇ ਹਨ, "ਕ੍ਰਿਕਟ ਖੇਲਨੇ ਕੋ ਨਹੀਂ ਮਿਲੇਗਾ ਕਿਸੀ ਕੋ ਭੀ [ਕੋਈ ਵੀ ਕ੍ਰਿਕਟ ਨਹੀਂ ਖੇਡ ਸਕੇਗਾ]।''

ਲਾਲ ਅਤੇ ਚਿੱਟੇ ਰੰਗ ਦੀ ਕ੍ਰਿਕਟ ਦੀ ਗੇਂਦ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਲਈ ਪਿਆਰ ਅਤੇ ਡਰ ਦੋਵੇਂ ਹੀ ਹੁੰਦੀ ਹੈ। ਇੱਕ ਗੇਂਦ ਜਿਸ 'ਤੇ ਲੱਖਾਂ ਦਰਸ਼ਕਾਂ ਦੀਆਂ ਨਜ਼ਰਾਂ ਗੱਡੀਆਂ ਰਹਿੰਦੀਆਂ ਹਨ, ਇਹ ਗੇਂਦ ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਦੀ ਇੱਕ ਝੁੱਗੀ-ਝੌਂਪੜੀ ਸ਼ੋਭਾਪੁਰ ਵਿੱਚ ਸਥਿਤ ਚਮੜੇ ਦੇ ਕਾਰਖ਼ਾਨਿਆਂ ਤੋਂ ਇੱਥੇ ਪਹੁੰਚਦੀ ਹੈ। ਇਹ ਥਾਂ ਸ਼ਹਿਰ ਦਾ ਇੱਕੋ ਇੱਕ ਖੇਤਰ ਹੈ ਜਿੱਥੇ ਚਮੜੇ ਦੇ ਕਾਮੇ ਕ੍ਰਿਕਟ ਬਾਲ ਉਦਯੋਗ ਲਈ ਲੋੜੀਂਦੇ ਕੱਚੇ ਮਾਲ ਨੂੰ ਬਣਾਉਣ ਲਈ ਐਲਮ-ਟੈਨਿੰਗ (ਫਟਕੜੀ ਦੁਆਰਾ ਚਮੜਾ-ਸੁਧਾਈ) ਵਿਧੀ ਦੀ ਵਰਤੋਂ ਕਰਕੇ ਕੱਚੇ ਚਮੜੇ ਨੂੰ ਸੁਕਾਉਂਦੇ ਹਨ। 'ਟੈਨਿੰਗ' ਕੱਚੀ ਖੱਲ੍ਹ ਤੋਂ ਚਮੜਾ ਬਣਨ ਦੀ ਪ੍ਰਕਿਰਿਆ ਹੈ।

ਬਾਬੂ ਲਾਲ ਕਹਿੰਦੇ ਹਨ, "ਐਲਮ ਟੈਨਿੰਗ ਦੀ ਪ੍ਰਕਿਰਿਆ ਰਾਹੀਂ ਹੀ ਚਮੜੀ ਦੇ ਤੰਤੂਆਂ ਨੂੰ ਖੋਲ੍ਹਿਆ ਜਾ ਸਕਦਾ ਹੈ ਅਤੇ ਰੰਗ (ਰੰਗ) ਵੀ ਆਸਾਨੀ ਨਾਲ਼ ਚੜ੍ਹ ਜਾਂਦਾ ਹੈ।'' ਉਨ੍ਹਾਂ ਦੇ ਇਸ ਬਿਆਨ ਦਾ ਸਮਰਥਨ ਸੱਠਵਿਆਂ ਦੇ ਦਹਾਕੇ ਵਿੱਚ ਸੈਂਟਰਲ ਲੈਦਰ ਰਿਸਰਚ ਇੰਸਟੀਚਿਊਟ ਦੀ ਖੋਜ ਨੇ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਐਲਮ-ਟੈਨਿੰਗ ਦਾ ਅਸਰ ਇਹ ਹੁੰਦਾ ਹੈ ਕਿ ਜਦੋਂ ਕੋਈ ਗੇਂਦਬਾਜ਼ ਕ੍ਰਿਕਟ ਦੀ ਗੇਂਦ ਨੂੰ ਚਮਕਾਉਣ ਲਈ ਪਸੀਨਾ/ਲਾਰ ਲਗਾਉਂਦਾ ਹੈ, ਤਾਂ ਗੇਂਦ ਖਰਾਬ ਨਹੀਂ ਹੁੰਦੀ ਅਤੇ ਗੇਂਦਬਾਜ਼ ਨੂੰ ਮੈਚ ਖ਼ਰਾਬ ਕਰਨ ਤੋਂ ਵੀ ਰੋਕਦੀ ਹੈ।

62 ਸਾਲਾ ਬਾਬੂਲਾਲ ਸ਼ੋਭਾਪੁਰ ਵਿਖੇ ਚਮੜੇ ਦੇ ਆਪਣਾ ਕਾਰਖ਼ਾਨੇ ਦੇ ਇੱਕ ਕੋਨੇ ਵਿੱਚ ਡੱਠੀ ਪਲਾਸਟਿਕ ਦੀ ਕੁਰਸੀ 'ਤੇ ਬੈਠਾ ਹੈ; ਸਫੈਦ ਫਰਸ਼, ਜਿਸ 'ਤੇ ਚੂਨਾ ਫੇਰਿਆ ਗਿਆ ਸੀ, ਚਮਕ ਰਿਹਾ ਹੈ। ਉਹ ਕਹਿੰਦੇ ਹਨ, "ਸਾਡੇ ਪੁਰਖੇ 200 ਸਾਲਾਂ ਤੋਂ ਚਮੜੇ ਦਾ ਕੰਮ ਕਰਦੇ ਆਏ ਹਨ।''

Left: Bharat Bhushan standing in the godown of his workplace, Shobhapur Tanners Cooperative Society Limited .
PHOTO • Shruti Sharma
Right: In Babu Lal’s tannery where safed ka putthas have been left to dry in the sun. These are used to make the outer cover of leather cricket balls
PHOTO • Shruti Sharma

ਖੱਬੇ ਪਾਸੇ: ਭਾਰਤ ਭੂਸ਼ਣ ਭੂਸ਼ਣ ਸ਼ੋਭਾਪੁਰ ਟੈਨਰਜ਼ ਕੋ-ਆਪਰੇਟਿਵ ਸੋਸਾਇਟੀ ਲਿਮਟਿਡ ਦੇ ਗੋਦਾਮ ਵਿੱਚ ਖੜ੍ਹੇ ਹਨ , ਜੋ ਉਨ੍ਹਾਂ ਦੇ ਕੰਮ ਕਰਨ ਦੀ ਥਾਂ ਹੈ। ਸੱਜੇ ਪਾਸੇ: ਬਾਬੂਲਾਲ ਦਾ ਚਮੜੇ ਦਾ ਕਾਰਖ਼ਾਨਾ, ਜਿੱਥੇ ਸਫ਼ੈਦ ਕਾ ਪੁੱਠਾਂ ਨੂੰ ਧੁੱਪ ਵਿੱਚ ਸੁਕਾਇਆ ਜਾ ਰਿਹਾ ਹੈ। ਇਹਨਾਂ ਦੀ ਵਰਤੋਂ ਚਮੜੇ ਦੀਆਂ ਕ੍ਰਿਕਟ ਗੇਂਦਾਂ ਦੇ ਬਾਹਰੀ ਕਵਰ ਨੂੰ ਬਣਾਉਣ ਲਈ ਕੀਤੀ ਜਾਂਦੀ ਹੈ

ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਭਾਰਤ ਭੂਸ਼ਣ ਭੂਸ਼ਣ ਨਾਂ ਦਾ ਇੱਕ ਹੋਰ ਟੈਨਰ (ਚਮੜਾ-ਸੋਧਕ) ਅੰਦਰ ਆ ਗਿਆ। 43 ਸਾਲਾ ਇਹ ਵਿਅਕਤੀ 13 ਸਾਲ ਦੀ ਉਮਰ ਤੋਂ ਹੀ ਇਸ ਇੰਡਸਟਰੀ 'ਚ ਕੰਮ ਕਰ ਰਿਹਾ ਹੈ। ਦੋਹਾਂ ਨੇ "ਜੈ ਭੀਮ" ਕਹਿ ਕੇ ਇੱਕ ਦੂਜੇ ਨੂੰ ਸਲਾਮ ਕੀਤਾ।

ਭਾਰਤ ਭੂਸ਼ਣ ਨੇ ਇੱਕ ਕੁਰਸੀ ਖਿੱਚੀ ਅਤੇ ਸਾਡੇ ਨੇੜੇ ਬਹਿ ਗਏ। ਬਾਬੂ ਲਾਲ ਨੇ ਮੈਨੂੰ ਮਸਾਂ-ਸੁਣੀਂਦੀ ਅਵਾਜ਼ ਵਿੱਚ ਹੌਲ਼ੀ ਜਿਹੀ ਪੁੱਛਿਆ, " ਗੰਧ ਨਹੀਂ ਆ ਰਹੀ (ਕੀ ਤੈਨੂੰ ਬਦਬੂ ਨਹੀਂ ਆਉਂਦੀ)?'' ਉਨ੍ਹਾਂ ਦਾ ਇਸ਼ਾਰਾ ਸਾਡੇ ਆਲ਼ੇ-ਦੁਆਲ਼ੇ ਟੋਇਆਂ ਵਿੱਚ ਭਿਓਂਏ ਚਮੜੇ ਵਿੱਚੋਂ ਉੱਠਦੀ ਤੇਜ਼ ਗੰਧ ਵੱਲ ਸੀ। ਚਮੜੇ ਦੇ ਕਾਮਿਆਂ 'ਤੇ ਲਗਾਏ ਜਾਂਦੇ ਸਮਾਜਿਕ ਕਲੰਕ ਅਤੇ ਉਨ੍ਹਾਂ ਪ੍ਰਤੀ ਹਮਲਾਵਰ ਵਤੀਰੇ ਦਾ ਜ਼ਿਕਰ ਕਰਦੇ ਹੋਏ, ਭਾਰਤ ਭੂਸ਼ਣ ਕਹਿੰਦੇ ਹਨ, "ਗੱਲ ਇਹ ਹੈ ਕਿ ਕੁਝ ਲੋਕਾਂ ਦੇ ਨੱਕ ਦੂਜਿਆਂ ਨਾਲ਼ੋਂ ਜ਼ਿਆਦਾ ਲੰਬੇ ਹੁੰਦੇ ਹਨ। ਲੰਬੀ ਦੂਰੀ ਤੋਂ ਵੀ ਉਹ ਚਮੜੇ ਦੇ ਕੰਮ ਦੀ ਗੰਧ ਨੂੰ ਮਹਿਸੂਸ ਕਰ ਸਕਦੇ ਹਨ।''

ਬਾਬੂ ਲਾਲ ਨੇ ਭਾਰਤ ਭੂਸ਼ਣ ਦੇ ਬਿਆਨ ਮਗਰ ਲੁਕੇ ਦਰਦ ਬਾਰੇ ਦੱਸਿਆ, "ਪਿਛਲੇ ਪੰਜ-ਸੱਤ ਸਾਲਾਂ ਵਿੱਚ, ਸਾਨੂੰ ਆਪਣੇ ਰੁਜ਼ਗਾਰ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।''

ਚਮੜਾ ਉਦਯੋਗ ਭਾਰਤ ਭੂਸ਼ਣ ਦੇ ਸਭ ਤੋਂ ਪੁਰਾਣੇ ਨਿਰਮਾਣ ਉਦਯੋਗਾਂ ਵਿੱਚੋਂ ਇੱਕ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲ਼ੀ ਕੌਂਸਲ ਫਾਰ ਲੈਦਰ ਐਕਸਪੋਰਟਸ ਦੇ ਅਨੁਸਾਰ , ਇਸ ਉਦਯੋਗ ਵਿੱਚ 40 ਲੱਖ ਤੋਂ ਵੱਧ ਲੋਕ ਕੰਮ ਕਰਦੇ ਹਨ ਅਤੇ 2021-2022 ਤੱਕ ਦੁਨੀਆ ਦੇ ਚਮੜੇ ਦੇ ਉਤਪਾਦਨ ਦਾ ਲਗਭਗ 13 ਪ੍ਰਤੀਸ਼ਤ ਪੈਦਾ ਕਰ ਰਹੇ ਸਨ।

ਸ਼ੋਭਾਪੁਰ ਦੇ ਲਗਭਗ ਸਾਰੇ ਚਮੜਾ ਕਾਰਖਾਨਿਆਂ ਦੇ ਮਾਲਕ ਅਤੇ ਮਜ਼ਦੂਰ ਜਾਟਵ ਭਾਈਚਾਰੇ (ਉੱਤਰ ਪ੍ਰਦੇਸ਼ ਵਿੱਚ ਅਨੁਸੂਚਿਤ ਜਾਤੀਆਂ ਦੇ ਅਧੀਨ ਸੂਚੀਬੱਧ) ਨਾਲ਼ ਸਬੰਧਤ ਹਨ। ਭਾਰਤ ਭੂਸ਼ਣ ਦੇ ਅੰਦਾਜ਼ੇ ਅਨੁਸਾਰ, ਇਸ ਖੇਤਰ ਵਿੱਚ 3,000 ਜਾਟਵ ਪਰਿਵਾਰ ਰਹਿੰਦੇ ਹਨ ਅਤੇ ਲਗਭਗ 100 ਪਰਿਵਾਰ ਇਸੇ ਕੰਮ ਵਿੱਚ ਲੱਗੇ ਹੋਏ ਹਨ। ਸ਼ੋਭਾਪੁਰ, ਵਾਰਡ ਨੰਬਰ 12 ਦੇ ਅਧੀਨ ਆਉਂਦਾ ਹੈ, ਜਿਸ ਦੀ ਆਬਾਦੀ 16,931 ਹੈ ਅਤੇ ਲਗਭਗ ਅੱਧੇ ਵਾਰਡ ਨਿਵਾਸੀ ਅਨੁਸੂਚਿਤ ਭਾਈਚਾਰਿਆਂ (ਮਰਦਮਸ਼ੁਮਾਰੀ 2011) ਨਾਲ਼ ਤਾਅਲੁੱਕ ਰੱਖਦੇ ਹਨ।

ਮੇਰਠ ਸ਼ਹਿਰ ਦੇ ਪੱਛਮੀ ਹਿੱਸੇ ਵਿੱਚ ਸ਼ੋਭਾਪੁਰ ਝੁੱਗੀ ਝੌਂਪੜੀ ਵਿੱਚ ਸਥਿਤ ਅੱਠ ਚਮੜਾ ਕਾਰਖਾਨਿਆਂ ਵਿੱਚੋਂ ਇੱਕ ਬਾਬੂ ਲਾਲ ਦਾ ਹੈ। "ਜੋ ਅਸੀਂ ਬਣਾਉਂਦੇ ਹਾਂ ਉਹਨੂੰ ਸਫ਼ੇਦ ਦਾ ਪੁੱਠਾ (ਖੱਲ੍ਹ ਦਾ ਮਗਰਲਾ ਚਿੱਟਾ ਹਿੱਸਾ) ਕਹਿੰਦੇ ਹਨ। ਇਸਦੀ ਵਰਤੋਂ ਚਮੜੇ ਦੀਆਂ ਕ੍ਰਿਕਟ ਗੇਂਦਾਂ ਦੇ ਬਾਹਰੀ ਕਵਚ ਨੂੰ ਬਣਾਉਣ ਲਈ ਕੀਤੀ ਜਾਂਦੀ ਹੈ," ਭਾਰਤ ਭੂਸ਼ਣ ਕਹਿੰਦੇ ਹਨ। ਪੋਟਾਸ਼ੀਅਮ ਐਲੂਮੀਨੀਅਮ ਸਲਫੇਟ, ਜਿਸਨੂੰ ਸਥਾਨਕ ਤੌਰ 'ਤੇ ਫਟਕੜੀ ਵਜੋਂ ਜਾਣਿਆ ਜਾਂਦਾ ਹੈ, ਦੀ ਵਰਤੋਂ ਚਮੜੀ ਨੂੰ ਸੋਧਣ (ਪ੍ਰੋਸੈਸ ਕਰਨ) ਲਈ ਕੀਤੀ ਜਾਂਦੀ ਹੈ।

Left : Babu Lal at his tannery.
PHOTO • Shruti Sharma
Right: An old photograph of tannery workers at Shobhapur Tanners Cooperative Society Limited, Meerut
PHOTO • Courtesy: Bharat Bhushan

ਖੱਬੇ ਪਾਸੇ : ਬਾਬੂ ਲਾਲ ਆਪਣੇ ਚਮੜਾ ਕਾਰਖਾਨੇ ਦੇ ਨੇੜੇ। ਸੱਜੇ ਪਾਸੇ: ਮੇਰਠ ਸ਼ਹਿਰ ਦੀ ਸ਼ੋਭਾਪੁਰ ਟੈਨਰਜ਼ ਕੋ-ਆਪਰੇਟਿਵ ਸੋਸਾਇਟੀ ਲਿਮਟਿਡ ਵਿਖੇ ਚਮੜਾ ਕਾਰਖਾਨਿਆਂ ਦੇ ਵਰਕਰਾਂ ਦੀ ਪੁਰਾਣੀ ਤਸਵੀਰ

ਵੰਡ ਤੋਂ ਬਾਅਦ, ਪਾਕਿਸਤਾਨ ਦੇ ਸਿਆਲਕੋਟ ਵਿੱਚ ਖੇਡ ਸਮਾਨ ਬਣਾਉਣ ਦੇ ਉਦਯੋਗ ਨੂੰ ਮੇਰਠ ਸ਼ਹਿਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਬਾਬੂ ਲਾਲ ਹਾਈਵੇ ਦੇ ਦੂਸਰੇ ਪਾਸੇ ਇਸ਼ਾਰਾ ਕਰਦਿਆਂ ਕਹਿੰਦੇ ਹਨ, ਜਿੱਥੇ 1950 ਦੇ ਦਹਾਕੇ ਵਿੱਚ ਜ਼ਿਲ੍ਹੇ ਦੇ ਉਦਯੋਗ ਵਿਭਾਗ ਦੁਆਰਾ ਸਪੋਰਟਸ ਇੰਡਸਟਰੀ ਦੀ ਮਦਦ ਲਈ ਇੱਕ ਚਮੜਾ-ਸੋਧਕ ਕੇਂਦਰ ਖੋਲ੍ਹਿਆ ਗਿਆ ਸੀ।

ਭਾਰਤ ਭੂਸ਼ਣ ਦੇ ਅਨੁਸਾਰ, ਕੁਝ ਟੈਨਰਾਂ ਨੇ ਇਕੱਠੇ ਹੋ ਕੇ ਇੱਕ "21-ਮੈਂਬਰੀ ਸੋਸਾਇਟੀ ਬਣਾਈ ਜਿਸਦਾ ਨਾਮ ਸ਼ੋਭਾਪੁਰ ਟੈਨਰਜ਼ ਕੋ-ਆਪਰੇਟਿਵ ਸੋਸਾਇਟੀ ਲਿਮਟਿਡ ਸੀ। ਅਸੀਂ ਕੇਂਦਰ ਦੀ ਵਰਤੋਂ ਕਰਦੇ ਹਾਂ ਅਤੇ ਇਸਨੂੰ ਚਲਾਉਣ ਲਈ ਸਾਂਝੇ ਖਰਚੇ ਕਰਦੇ ਹਾਂ, ਕਿਉਂਕਿ ਯੂਨਿਟਾਂ ਨੂੰ ਨਿੱਜੀ ਤੌਰ 'ਤੇ ਚਲਾਉਣਾ ਸੰਭਵ ਨਹੀਂ ਹੈ।

*****

ਭਾਰਤ ਭੂਸ਼ਣ ਆਪਣੇ ਕਾਰੋਬਾਰ ਲਈ ਕੱਚਾ ਮਾਲ ਖਰੀਦਣ ਲਈ ਸਵੇਰੇ ਜਲਦੀ ਉੱਠ ਜਾਂਦੇ ਹਨ। ਉਹ ਮੇਰਠ ਸਟੇਸ਼ਨ ਪਹੁੰਚਣ ਲਈ ਇੱਕ ਸਵਾਰੀ ਆਟੋ ਲੈਂਦੇ ਹਨ ਅਤੇ ਪੰਜ ਕਿਲੋਮੀਟਰ ਦੀ ਯਾਤਰਾ ਕਰਦੇ ਹਨ ਅਤੇ ਉੱਥੋਂ ਸਵੇਰੇ 5:30 ਵਜੇ ਖੁਰਜਾ ਜੰਕਸ਼ਨ ਐਕਸਪ੍ਰੈਸ ਰੇਲ ਗੱਡੀ ਫੜ੍ਹਦੇ ਹਨ ਜੋ ਹਾਪੁੜ ਜਾਂਦੀ ਹੈ। ਉਹ ਕਹਿੰਦੇ ਹਨ, "ਅਸੀਂ ਐਤਵਾਰ ਨੂੰ ਹਾਪੁੜ ਵਿਖੇ ਲੱਗਦੀ ਚਮੜਾ ਪੈਂਠ [ਕੱਚੇ ਚਮੜੇ ਦੀ ਮੰਡੀ] ਤੋਂ ਚਮੜਾ ਖਰੀਦਦੇ ਹਾਂ, ਜਿੱਥੇ ਦੇਸ਼ ਭਰ ਤੋਂ ਕੱਚਾ ਚਮੜਾ ਪਹੁੰਚਦਾ ਹੈ।''

ਹਾਪੁੜ ਜ਼ਿਲ੍ਹੇ ਵਿੱਚ ਲੱਗਣ ਵਾਲ਼ਾ ਹਫ਼ਤਾਵਰੀ ਬਜ਼ਾਰ ਸ਼ੋਭਾਪੁਰ ਤੋਂ ਲਗਭਗ 40 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਮਾਰਚ 2023 ਵਿੱਚ, ਇੱਥੇ ਗਾਂ ਦੀ ਕੱਚੀ ਚਮੜੀ ਦੀ ਕੀਮਤ 500 ਤੋਂ ਲੈ ਕੇ 1200 ਰੁਪਏ ਤੱਕ ਸੀ ਜੋ ਇਸ ਦੀ ਗੁਣਵੱਤਾ 'ਤੇ ਨਿਰਭਰ ਕਰਦੀ ਹੈ।

ਬਾਬੂ ਲਾਲ ਦਾ ਕਹਿਣਾ ਹੈ ਕਿ ਪਸ਼ੂਆਂ ਦੇ ਭੋਜਨ, ਬਿਮਾਰੀ ਤੇ ਹੋਰ ਦੂਸਰੀਆਂ ਚੀਜ਼ਾਂ ਕਾਰਨ ਖੱਲ੍ਹ ਦੀ ਕੀਮਤ ਪ੍ਰਭਾਵਿਤ ਹੁੰਦੀ ਹੈ। "ਰਾਜਸਥਾਨ ਦੇ ਚਮੜੇ 'ਤੇ ਆਮ ਤੌਰ 'ਤੇ ਕਿੱਕਰ ਦੇ ਕੰਡਿਆਂ ਦੇ ਨਿਸ਼ਾਨ ਹੁੰਦੇ ਹਨ ਅਤੇ ਹਰਿਆਣਾ ਦੇ ਚਮੜੇ 'ਤੇ ਚਿਚੜੀ ਦੇ ਨਿਸ਼ਾਨ ਹੁੰਦੇ ਹਨ। ਇਹ ਦੂਜੇ ਦਰਜੇ ਦਾ ਮਾਲ਼ ਕਹਾਉਂਦਾ ਹੈ।''

ਸਾਲ 2022-23 ਵਿੱਚ ਡਰਮਾਟਾਈਟਸ ਕਾਰਨ 1.84 ਲੱਖ ਪਸ਼ੂਆਂ ਦੀ ਮੌਤ ਹੋ ਗਈ ਸੀ। ਬਜ਼ਾਰ ਵਿੱਚ ਚਮੜੇ ਦੀ ਬਹੁਤਾਤ ਹੋ ਗਈ। ਪਰ ਭਾਰਤ ਭੂਸ਼ਣ ਕਹਿੰਦੇ ਹਨ,"ਅਸੀਂ ਉਨ੍ਹਾਂ ਨੂੰ ਖਰੀਦਣ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੇ ਸੀ ਕਿਉਂਕਿ ਉਨ੍ਹਾਂ 'ਤੇ ਵੱਡੇ ਦਾਗ ਸਨ ਅਤੇ ਇੱਥੋਂ ਤੱਕ ਕਿ ਕ੍ਰਿਕਟ ਗੇਂਦ ਨਿਰਮਾਤਾਵਾਂ ਨੇ ਵੀ ਉਨ੍ਹਾਂ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ।''

Hide of cattle infected with lumpy skin disease (left). In 2022-23, over 1.84 lakh cattle deaths were reported on account of this disease.
PHOTO • Shruti Sharma
But Bharat (right) says, 'We could not purchase them as [they had] big marks and cricket ball makers refused to use them'
PHOTO • Shruti Sharma

ਚਮੜੀ ਦੀ ਨੋਡਿਊਲ ਬਿਮਾਰੀ ਨਾਲ਼ ਲਾਗ ਗ੍ਰਸਤ ਪਸ਼ੂਆਂ ਦੀ ਚਮੜੀ (ਖੱਬੇ ਪਾਸੇ ਪਾਸੇ)। ਸਾਲ 2022-23 ਵਿੱਚ ਇਸ ਬਿਮਾਰੀ ਨਾਲ਼ 1.84 ਲੱਖ ਪਸ਼ੂਆਂ ਦੀ ਮੌਤ ਹੋ ਗਈ। ਪਰ ਭਾਰਤ ਭੂਸ਼ਣ (ਸੱਜੇ ਪਾਸੇ) ਕਹਿੰਦੇ ਹਨ, 'ਅਸੀਂ ਉਨ੍ਹਾਂ ਨੂੰ ਖਰੀਦਣ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੇ ਸੀ ਕਿਉਂਕਿ [ਉਨ੍ਹਾਂ ਦੇ] ਵੱਡੇ ਦਾਗ ਸਨ। ਇੱਥੋਂ ਤੱਕ ਕਿ ਕ੍ਰਿਕਟ ਗੇਂਦ ਨਿਰਮਾਤਾਵਾਂ ਨੇ ਵੀ ਉਨ੍ਹਾਂ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ'

ਚਮੜੇ ਦੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਮਾਰਚ 2017 ਵਿੱਚ ਰਾਜ ਸਰਕਾਰ ਦੇ ਗੈਰਕਾਨੂੰਨੀ ਬੁੱਚੜਖਾਨੇ ਬੰਦ ਕਰਨ ਦੇ ਜਾਰੀ ਕੀਤੇ ਗਏ ਆਦੇਸ਼ ਤੋਂ ਪਰੇਸ਼ਾਨ ਹਨ। ਇਸ ਤੋਂ ਥੋੜ੍ਹੀ ਦੇਰ ਬਾਅਦ, ਕੇਂਦਰ ਸਰਕਾਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ, ਬੁੱਚੜਖਾਨਿਆਂ ਲਈ ਜਾਨਵਰਾਂ ਦੀ ਪਸ਼ੂ-ਮੰਡੀ ਵਿੱਚ ਖਰੀਦੋ-ਫ਼ਰੋਖਤ 'ਤੇ ਪਾਬੰਦੀ ਲਗਾ ਦਿੱਤੀ ਗਈ। ਨਤੀਜੇ ਵਜੋਂ, ਭਾਰਤ ਭੂਸ਼ਣ ਕਹਿੰਦੇ ਹਨ, "ਬਾਜ਼ਾਰ ਆਪਣੇ [ਪਹਿਲਾਂ] ਆਕਾਰ ਨਾਲ਼ੋਂ ਅੱਧਾ ਰਹਿ ਗਿਆ ਹੈ। ਕਈ ਵਾਰ, ਐਤਵਾਰ ਨੂੰ ਕੋਈ ਕਾਰੋਬਾਰ ਨਹੀਂ ਹੁੰਦਾ।''

ਗਊ ਰੱਖਿਅਕਾਂ ਨੇ ਲੋਕਾਂ ਨੂੰ ਪਸ਼ੂ ਅਤੇ ਉਨ੍ਹਾਂ ਦਾ ਚਮੜਾ ਇੱਕ ਥਾਂ ਤੋਂ ਦੂਜੀ ਥਾਵੇਂ ਨਾ ਲਿਜਾਣ ਦੀ ਧਮਕੀ ਦਿੱਤੀ ਹੈ। "ਇੱਥੋਂ ਤੱਕ ਕਿ ਰਜਿਸਟਰਡ ਅੰਤਰ-ਰਾਜੀ ਟਰਾਂਸਪੋਰਟਰ ਵੀ ਇਨ੍ਹੀਂ ਦਿਨੀਂ ਕੱਚਾ ਮਾਲ ਲੈ ਕੇ ਜਾਣ ਤੋਂ ਡਰਦੇ ਹਨ। ਹਾਲਤ ਇਹ ਹੈ," ਬਾਬੂ ਲਾਲ ਕਹਿੰਦੇ ਹਨ। ਮੇਰਠ ਅਤੇ ਜਲੰਧਰ ਦੀਆਂ ਸਭ ਤੋਂ ਵੱਡੀਆਂ ਕ੍ਰਿਕਟ ਕੰਪਨੀਆਂ, ਜੋ 50 ਸਾਲਾਂ ਤੋਂ ਵੱਡੇ ਸਪਲਾਇਰ ਰਹੀਆਂ ਹਨ, ਉਨ੍ਹਾਂ ਦੀਆਂ ਜ਼ਿੰਦਗੀਆਂ ਦਾਅ 'ਤੇ ਲੱਗੀਆਂ ਹੋਈਆਂ ਹਨ ਅਤੇ ਕਮਾਈ ਘੱਟਦੀ ਜਾ ਰਹੀ ਹੈ। "ਮੁਸੀਬਤ ਵੇਲ਼ੇ ਕੋਈ ਵੀ ਸਾਡੇ ਨਾਲ਼ ਖੜ੍ਹਾ ਨਹੀਂ ਹੁੰਦਾ।'' ਉਹ ਕਹਿੰਦੇ ਹਨ, "ਹਮੇ ਅਕੇਲੇ ਹੀ ਸੰਭਲਣਾ ਪੜਤਾ ਹੈ [ਸਾਨੂੰ ਇਕੱਲਿਆਂ ਲੜਨਾ ਪੈਂਦਾ ਹੈ]।''

2019 ਵਿੱਚ, ਭਾਰਤ ਵਿੱਚ ਹਿੰਸਕ ਗਊ ਰੱਖਿਆ, ਗਊ ਰੱਖਿਅਕਾਂ ਦੇ ਹਮਲਿਆਂ ਬਾਰੇ ਹਿਊਮਨ ਰਾਈਟਸ ਵਾਚ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ, "ਮਈ 2015 ਅਤੇ ਦਸੰਬਰ 2018 ਦੇ ਵਿਚਕਾਰ, ਭਾਰਤ ਦੇ 12 ਰਾਜਾਂ ਵਿੱਚ ਘੱਟੋ ਘੱਟ 44 ਲੋਕ ਮਾਰੇ ਗਏ ਸਨ - ਜਿਨ੍ਹਾਂ ਵਿੱਚੋਂ 36 ਮੁਸਲਮਾਨ ਸਨ। ਇਸੇ ਸਮੇਂ ਦੌਰਾਨ, 20 ਰਾਜਾਂ ਵਿੱਚ 100 ਤੋਂ ਵੱਧ ਵੱਖ-ਵੱਖ ਘਟਨਾਵਾਂ ਵਿੱਚ ਲਗਭਗ 280 ਲੋਕ ਜ਼ਖਮੀ ਹੋਏ ਸਨ।''

"ਮੇਰਾ ਕਾਰੋਬਾਰ ਤਾਂ ਬਿਲਕੁੱਲ ਪੱਕਾ (ਕਾਨੂੰਨੀ ਅਤੇ ਰਸੀਦਾਂ ਆਧਾਰਿਤ) ਹੈ। ਫਿਰ ਵੀ ਉਨ੍ਹਾਂ ਨੂੰ ਇਸ ਬਾਰੇ ਇਤਰਾਜ਼ ਹੈ," ਬਾਬੂਲਾਲ ਕਹਿੰਦੇ ਹਨ।

Left : Buffalo hides drying in the sun at the government tanning facility in Dungar village near Meerut.
PHOTO • Shruti Sharma
Right: Bharat near the water pits. He says, 'the government constructed amenities for all stages of tanning here'
PHOTO • Shruti Sharma

ਖੱਬੇ ਪਾਸੇ : ਮੇਰਠ ਦੇ ਨੇੜੇ ਪਿੰਡ ਡੰਗਰ ਦੇ ਸਰਕਾਰੀ ਟੈਨਿੰਗ ਸੈਂਟਰ ਵਿਖੇ ਧੁੱਪ ਵਿੱਚ ਸੁੱਕਣ ਪਾਈ ਮੱਝ ਦੀ ਖੱਲ੍ਹ ਸੱਜੇ ਪਾਸੇ: ਭਾਰਤ ਭੂਸ਼ਣ ਪਾਣੀ ਦੇ ਤਲਾਬਾਂ ਦੇ ਨੇੜੇ ਖੜ੍ਹੇ ਹਨ। ਉਹ ਕਹਿੰਦੇ ਹਨ , ' ਸਰਕਾਰ ਨੇ ਇੱਥੇ ਟੈਨਿੰਗ ਦੇ ਸਾਰੇ ਪੜਾਵਾਂ ਲਈ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਹਨ '

ਜਨਵਰੀ 2020 ਵਿੱਚ, ਸ਼ੋਭਾਪੁਰ ਦੇ ਚਮੜਾ-ਸੋਧਕਾਂ ਦਰਪੇਸ਼ ਇੱਕ ਹੋਰ ਮੁਸੀਬਤ ਆਣ ਪਈ। ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਵਿੱਚ ਉਨ੍ਹਾਂ ਦੇ ਖਿਲਾਫ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ। ਭਾਰਤ ਭੂਸ਼ਣ ਕਹਿੰਦੇ ਹਨ, "ਉਨ੍ਹਾਂ ਨੇ ਇੱਕ ਹੋਰ ਸ਼ਰਤ ਲਗਾਈ ਹੈ ਕਿ ਚਮੜੇ ਦਾ ਕੋਈ ਵੀ ਕੰਮ ਹਾਈਵੇ ਤੋਂ ਦਿਖਾਈ ਨਹੀਂ ਦੇਣਾ ਚਾਹੀਦਾ।" ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਥਾਨਕ ਪੁਲਿਸ ਨੇ ਸਾਰੇ ਚਮੜਾ ਕੇਂਦਰਾਂ ਨੂੰ ਬੰਦ ਕਰਨ ਦਾ ਨੋਟਿਸ ਦਿੱਤਾ ਹੈ, ਜਦੋਂਕਿ ਪੀਆਈਐੱਲ ਵਿੱਚ ਲਿਖਿਆ ਗਿਆ ਸੀ ਕਿ ਸਰਕਾਰੀ ਸਹਾਇਤਾ ਨਾਲ਼ ਇਨ੍ਹਾਂ ਕੇਂਦਰਾਂ ਨੂੰ ਦੂਜੀ ਥਾਵੇਂ ਤਬਦੀਲ ਕੀਤਾ ਜਾਵੇਗਾ।

" ਸਰਕਾਰ ਹਮੇ ਵਿਆਵਸਥਾ ਬਨਾਕੇ ਦੇ ਅਗਰ ਡਿੱਕਟ ਹੈ ਤੋ। ਜੈਸੇ ਡੰਗਰ ਮੇਂ ਬਨਈ ਹੈ 2003-4 ਮੇਂ (ਜੇ ਸਾਡੇ ਨਾਲ਼ ਕੋਈ ਸਮੱਸਿਆ ਹੈ, ਤਾਂ ਸਰਕਾਰ ਨੂੰ ਸਾਡੇ ਲਈ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਜਿਵੇਂ ਕਿ ਇਸ ਨੇ 2003-4 ਵਿੱਚ ਡੰਗਰ ਪਿੰਡ ਵਿੱਚ ਟੈਨਿੰਗ ਦੀ ਸਹੂਲਤ ਬਣਾਈ ਸੀ," ਬਾਬੂ ਲਾਲ ਕਹਿੰਦੇ ਹਨ।

ਭਾਰਤ ਭੂਸ਼ਣ ਕਹਿੰਦੇ ਹਨ, "ਸਾਡੀ ਚਿੰਤਾ ਇਹ ਹੈ ਕਿ ਨਗਰ ਨਿਗਮ ਨੇ ਨਾਲੀਆਂ ਬਣਾਉਣ ਦਾ ਕੰਮ ਪੂਰਾ ਨਹੀਂ ਕੀਤਾ ਹੈ। ਇਸ ਇਲਾਕੇ ਨੂੰ ਨਗਰ ਨਿਗਮ ਦੇ ਅਧੀਨ ਆਇਆਂ 30 ਸਾਲ ਹੋ ਗਏ ਹਨ। "ਮਾਨਸੂਨ ਦੌਰਾਨ ਨੀਵੇਂ ਰਿਹਾਇਸ਼ੀ ਪਲਾਟਾਂ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ ਜਿਨ੍ਹਾਂ ਨੂੰ ਪੱਧਰਾ ਨਹੀਂ ਕੀਤਾ ਗਿਆ ਹੁੰਦਾ।''

*****

ਕ੍ਰਿਕੇਟ ਦੀ ਗੇਂਦ ਬਣਾਉਣ ਵਿੱਚ ਵਰਤੀਂਦੀਆਂ ਸੈਂਕੜੇ ਸਫੇਦ ਖੱਲ੍ਹਾਂ ਦੀ ਸਪਲਾਈ ਸ਼ੋਭਾਪੁਰ ਦੇ ਅੱਠ ਚਮੜਾ ਕੇਂਦਰਾਂ ਤੋਂ ਕੀਤੀ ਜਾਂਦੀ ਹੈ। ਚਮੜਾ ਕਾਰਖਾਨਿਆਂ ਦੇ ਕਾਮੇ ਪਹਿਲਾਂ ਖੱਲ੍ਹ ਤੋਂ ਗੰਦਗੀ, ਧੂੜ ਅਤੇ ਚਿੱਕੜ ਨੂੰ ਧੋਂਦੇ ਹਨ ਅਤੇ ਹਰੇਕ ਖੱਲ੍ਹ ਨੂੰ ਸੋਧ ਕੇ ਚਮੜਾ ਬਣਾਉਣ ਦੇ ਪੂਰੇ ਕੰਮ ਬਦਲੇ ਉਨ੍ਹਾਂ ਨੂੰ 300 ਰੁਪਏ ਦਿਹਾੜੀ ਮਿਲ਼ਦੀ ਹੈ।

ਬਾਬੂ ਲਾਲ ਕਹਿੰਦੇ ਹਨ, "ਚਮੜੀ ਨੂੰ ਸਾਫ਼ ਕਰਨ ਅਤੇ ਦੁਬਾਰਾ ਹਾਈਡ੍ਰੇਟ ਕਰਨ ਤੋਂ ਬਾਅਦ, ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਗੁਣਵੱਤਾ ਦੇ ਆਧਾਰ 'ਤੇ ਵੱਖ ਕਰਦੇ ਹਾਂ, ਖਾਸ ਕਰਕੇ ਉਨ੍ਹਾਂ ਦੀ ਮੋਟਾਈ ਦੇ ਆਧਾਰ 'ਤੇ। ਪਤਲੀਆਂ ਖੱਲ੍ਹਾਂ ਨੂੰ ਬਨਸਪਤੀ-ਟੈਨ ਕੀਤਾ ਜਾਂਦਾ ਹੈ ਤੇ ਜਿਸ ਕੰਮ ਵਿੱਚ 24 ਦਿਨ ਲੱਗਦੇ ਹਨ। ''ਵੱਡੀ ਖੇਪ ਵਿੱਚ ਖੱਲ੍ਹਾਂ ਨੂੰ ਇਕੱਠਿਆਂ ਟੈਨ ਕੀਤਾ ਜਾਂਦਾ ਹੈ, ਇਸਲਈ ਹੋਰ ਰੋਜ਼ ਚਮੜੇ ਦੇ ਬੈਚ ਤਿਆਰ ਹੁੰਦੇ ਜਾਂਦੇ ਹਨ।''

Left: A leather-worker washes and removes dirt, dust and soil from the raw hide. Once clean and rehydrated, hides are soaked in a water pit with lime and sodium sulphide. 'The hides have to be vertically rotated, swirled, taken out and put back into the pit so that the mixture gets equally applied to all parts,' Bharat explains.
PHOTO • Shruti Sharma
Right: Tarachand, a craftsperson, pulls out a soaked hide for fleshing
PHOTO • Shruti Sharma

ਖੱਬੇ ਪਾਸੇ: ਚਮੜੇ ਦਾ ਕੰਮ ਕਰਨ ਵਾਲ਼ਾ ਕਾਮਾ ਕੱਚੀ ਖੱਲ੍ਹ ਤੋਂ ਧੂੜ ਅਤੇ ਮਿੱਟੀ ਧੋ ਰਿਹਾ ਹੈ। ਸਾਫ਼-ਸਫ਼ਾਈ ਤੋਂ ਬਾਅਦ ਇਨ੍ਹਾਂ ਖੱਲ੍ਹਾਂ ਨੂੰ ਚੂਨੇ ਤੇ ਸੋਡੀਅਮ ਸਲਫਾਈਡ ਦੇ ਘੋਲ਼ ਨਾਲ਼ ਭਰੇ ਪਾਣੀ ਦੇ ਟੋਇਆਂ ਵਿੱਚ ਭਿਉਂ ਦਿੱਤਾ ਜਾਂਦਾ ਹੈ। ' ਖੱਲ੍ਹਾਂ ਨੂੰ ਖੜ੍ਹਵੇਂ ਰੂਪ ਵਿੱਚ ਘੁਮਾਉਣਾ ਪੈਂਦਾ ਹੈ , ਬਾਹਰ ਕੱਢਣਾ ਤੇ ਦੋਬਾਰਾ ਟੋਏ ਵਿੱਚ ਡੁਬੋਣਾ ਪੈਂਦਾ ਹੈ , ਤਾਂ ਜੋ ਸਾਰੇ ਭਾਗਾਂ ਵਿੱਚ ਬਰਾਬਰ ਰੂਪ ਵਿੱਚ ਮਿਸ਼ਰਣ ਲੱਗ ਸਕੇ, ' ਭਾਰਤ ਭੂਸ਼ਣ ਦੱਸਦੇ ਹਨ। ਸੱਜੇ ਪਾਸੇ: ਤਾਰਾਚੰਦ ਨਾਮ ਦਾ ਇੱਕ ਕਾਰੀਗਰ ਜੋ ਭਿੱਜੀਆਂ ਖੱਲ੍ਹਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਵਿੱਚੋਂ ਮਾਸ ਦੀ ਰਹਿੰਦ-ਖੂੰਹਦ ਨੂੰ ਸਾਫ਼ ਕਰਦੇ ਹਨ

Left: A rafa (iron knife) is used to remove the flesh. This process is called chillai
PHOTO • Shruti Sharma
Right: A craftsperson does the sutaai (scraping) on a puttha with a khaprail ka tikka (brick tile). After this the hides will be soaked in water pits with phitkari (alum) and salt
PHOTO • Shruti Sharma

ਖੱਬੇ ਪਾਸੇ: ਮਾਸ ਨੂੰ ਹਟਾਉਣ ਲਈ ਰਾਫਾ (ਲੋਹੇ ਦਾ ਚਾਕੂ) ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਨੂੰ ਚਿੱਲਈ ਕਿਹਾ ਜਾਂਦਾ ਹੈ। ਸੱਜੇ ਪਾਸੇ: ਇੱਕ ਕਾਰੀਗਰ ਖਪਰੈਲ ਕੇ ਟਿੱਕੇ (ਟਾਇਲ) ਦੀ ਵਰਤੋਂ ਕਰਕੇ ਪੁੱਠਾ ' ਤੇ ਸੁਤਾਈ (ਖੁਰਚ) ਕਰ ਰਿਹਾ ਹੈ। ਇਸ ਤੋਂ ਬਾਅਦ ਚਮੜੀ ਨੂੰ ਫਟਕੜੀ, ਨਮਕ ਤੇ ਪਾਣੀ ਵਿੱਚ ਭਿਉਂ ਦਿੱਤਾ ਜਾਂਦਾ ਹੈ

ਫਿਰ ਖੱਲ੍ਹਾਂ ਨੂੰ ਤਿੰਨ ਦਿਨਾਂ ਲਈ ਚੂਨਾ ਅਤੇ ਸੋਡੀਅਮ ਸਲਫਾਈਡ ਰਲ਼ੇ ਪਾਣੀ ਦੇ ਟੋਇਆਂ ਵਿੱਚ ਭਿਉਂ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਖੱਲ੍ਹ ਦਾ ਹਰ ਟੁਕੜਾ ਇੱਕ ਚਪਟੇ ਫਰਸ਼ 'ਤੇ ਫੈਲਾ ਦਿੱਤਾ ਜਾਂਦਾ ਹੈ ਅਤੇ ਖੱਲ੍ਹ ਵਿਚਲੇ ਵਾਲਾਂ ਨੂੰ ਲੋਹੇ ਦੇ ਇੱਕ ਖਰ੍ਹਵੇ ਔਜ਼ਾਰ ਨਾਲ਼ ਹਟਾ ਦਿੱਤਾ ਜਾਂਦਾ ਹੈ - ਇਸ ਪ੍ਰਕਿਰਿਆ ਜਿਸਨੂੰ ਸੁਤਾਈ ਕਿਹਾ ਜਾਂਦਾ ਹੈ। ਭਾਰਤ ਭੂਸ਼ਣ ਕਹਿੰਦੇ ਹਨ, "ਕਿਉਂਕਿ ਖੱਲ੍ਹ ਫੁੱਲਣ ਤੋਂ ਬਾਅਦ ਵਾਲ਼ਾਂ ਦੇ ਰੂੰਏ ਸੌਖਿਆਂ ਹੀ ਨਿਕਲ਼ ਆਉਂਦੇ ਹਨ।'' ਚਮੜੀ ਦੇ ਮੁਸਾਮਾਂ ਨੂੰ ਮਿਟਾਉਣ ਭਾਵ ਚਮੜੀ ਨੂੰ ਮੋਟਾ ਕਰਨ ਲਈ ਇਹਨੂੰ ਦੋਬਾਰਾ ਭਿਉਂ ਦਿੱਤਾ ਜਾਂਦਾ ਹੈ।

ਬਾਬੂ ਲਾਲ ਦਾ ਮਾਸਟਰ ਕਾਰੀਗਰ (ਕਾਰੀਗਰ) 44 ਸਾਲਾ ਤਾਰਾਚੰਦ ਹਨ, ਜੋ ਰਾਫਾ ਜਾਂ ਚਾਕੂ ਨਾਲ਼ ਖੱਲ੍ਹ ਦੇ ਅੰਦਰ ਲੱਗੇ ਮਾਸ ਦੀ ਰਹਿੰਦ-ਖੂੰਹਦ ਨੂੰ ਸਾਫ਼ ਕਰਦੇ ਹਨ। ਫਿਰ ਇਨ੍ਹਾਂ ਖੱਲ੍ਹਾਂ ਨੂੰ ਸਾਦੇ ਪਾਣੀ ਵਿੱਚ ਤਿੰਨ ਦਿਨ ਤੱਕ ਭਿਓਂ ਕੇ ਰੱਖਿਆ ਜਾਂਦਾ ਹੈ ਤਾਂ ਕਿ ਚੂਨੇ ਦੇ ਨਿਸ਼ਾਨ ਸਾਫ਼ ਹੋ ਸਕਣ। ਫਿਰ ਇਨ੍ਹਾਂ ਨੂੰ ਪੂਰੀ ਰਾਤ ਲਈ ਹਾਈਡਰੋਜਨ ਪਰਆਕਸਾਈਡ ਰਲ਼ੇ ਪਾਣੀ ਵਿੱਚ ਭਿਉਂ ਦਿੱਤਾ ਜਾਂਦਾ ਹੈ। ਬਾਬੂ ਲਾਲ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਰੋਗਾਣੂ-ਮੁਕਤ ਕਰਨ ਅਤੇ ਬਲੀਚ ਕਰਨ ਲਈ ਇੰਝ ਕੀਤਾ ਜਾਂਦਾ ਹੈ। ਉਹ ਕਹਿੰਦੇ ਹਨ, "ਏਕ ਏਕ ਕਰ ਕੇ ਸਾਰੀ ਗੰਧ-ਗੰਦਗੀ ਨਿਕਲ ਜਾਤੀ ਹੈ।''

ਭਾਰਤ ਭੂਸ਼ਣ ਕਹਿੰਦੇ ਹਨ, "ਗੇਂਦ ਨਿਰਮਾਤਾ ਤੱਕ ਜੋ ਉਤਪਾਦ ਪਹੁੰਚਦਾ ਹੈ ਉਹ ਬਹੁਤ ਸਾਫ਼ ਹੁੰਦਾ ਹੈ।''

ਇੱਕ ਪ੍ਰੋਸੈਸਡ ਚਮੜਾ ਕ੍ਰਿਕਟ ਬਾਲ ਨਿਰਮਾਤਾ ਨੂੰ 1,700 ਰੁਪਏ ਵਿੱਚ ਵੇਚਿਆ ਜਾਂਦਾ ਹੈ। ਖੱਲ੍ਹ ਦੇ ਹੇਠਲੇ ਹਿੱਸੇ ਵੱਲ ਇਸ਼ਾਰਾ ਕਰਦੇ ਹੋਏ, ਭਾਰਤ ਭੂਸ਼ਣ ਦੱਸਦੇ ਹਨ, "ਸਭ ਤੋਂ ਵਧੀਆ ਗੁਣਵੱਤਾ ਵਾਲ਼ੀਆਂ 18-24 ਗੇਂਦਾਂ ਖੱਲ੍ਹ ਦੇ ਇਸੇ ਹਿੱਸੇ ਤੋਂ ਬਣਾਈਆਂ ਜਾਂਦੀਆਂ ਹਨ, ਕਿਉਂਕਿ ਇਹ ਸਭ ਤੋਂ ਮਜ਼ਬੂਤ ਹਿੱਸਾ ਹੁੰਦਾ ਹੈ। ਇਨ੍ਹਾਂ ਗੇਂਦਾਂ ਨੂੰ ਵਿਲਾਇਤੀ ਗੇਂਦ ਕਿਹਾ ਜਾਂਦਾ ਹੈ ਅਤੇ ਹਰੇਕ ਨੂੰ [ਪ੍ਰਚੂਨ ਬਾਜ਼ਾਰ ਵਿੱਚ] 2,500 ਰੁਪਏ ਤੋਂ ਵੱਧ ਵਿੱਚ ਵੇਚਿਆ ਜਾਂਦਾ ਹੈ।''

Left : Raw hide piled up at the Shobhapur Tanners Cooperative Society Limited
PHOTO • Shruti Sharma
Right: 'These have been soaked in water pits with boric acid, phitkari [alum] and salt. Then a karigar [craftsperson] has gone into the soaking pit and stomped the putthas with his feet,' says Babu Lal
PHOTO • Shruti Sharma

ਖੱਬੇ ਪਾਸੇ: ਸ਼ੋਭਾਪੁਰ ਟੈਨਰਜ਼ ਕੋ-ਆਪਰੇਟਿਵ ਸੋਸਾਇਟੀ ਲਿਮਟਿਡ ਵਿੱਚ ਕੱਚੇ ਚਮੜੇ ਦੇ ਢੇਰ ਲੱਗ ਗਏ ਹਨ। ਸੱਜੇ ਪਾਸੇ: ' ਇਹ ਬੋਰਿਕ ਐਸਿਡ , ਫਟਕੜੀ [ਐਲਮ/ਪਾਤਿਕਾ] ਅਤੇ ਨਮਕੀਨ ਪਾਣੀ ਦੇ ਟੋਇਆਂ ਵਿੱਚ ਭਿਓਂਈਆਂ ਜਾਂਦੀਆਂ ਹਨ। ਫਿਰ ਇੱਕ ਕਾਰੀਗਰ ਪਾਣੀ ਭਰੇ ਟੋਏ ਵਿੱਚ ਵੜ੍ਹਦਾ ਹੈ ਅਤੇ ਆਪਣੇ ਪੈਰਾਂ ਨਾਲ਼ ਪੁੱਠਾਂ ਨੂੰ ਲਤਾੜਦਾ ਹੈ ,’ ਬਾਬੂ ਲਾਲ ਕਹਿੰਦੇ ਹਨ

Left: Bharat in the Cooperative Society's tanning room.
PHOTO • Shruti Sharma
Right: 'Raw hide is made into a bag and bark liquor is poured into it to seep through the hair grains for vegetable-tanning. Bharat adds , 'only poorer quality cricket balls, less water-resistant and with a hard outer cover are made from this process'
PHOTO • Shruti Sharma

ਖੱਬੇ ਪਾਸੇ : ਭਾਰਤ ਭੂਸ਼ਣ ਆਪਣੇ ਟੈਨਿੰਗ ਰੂਮ ਵਿੱਚ। ਸੱਜੇ ਪਾਸੇ: ' ਇਨ੍ਹਾਂ ਕੱਚੀਆਂ ਖੱਲ੍ਹਾਂ ਦਾ ਇੱਕ ਬੈਗ ਜਿਹਾ ਬਣਾਇਆ ਜਾਂਦਾ ਹੈ ਅਤੇ ਇਹਦੇ ਅੰਦਰ ਛਾਲ਼ ਦੀ ਸ਼ਰਾਬ ਪਾਈ ਜਾਂਦੀ ਹੈ ਤਾਂ ਜੋ ਇਹ ਰੂੰਇਆਂ ਦੇ ਮੁਸਾਮਾਂ ਵਿੱਚੋਂ ਦੀ ਹੋ ਕੇ ਲੰਘੇ। ਭਾਰਤ ਭੂਸ਼ਣ ਦੱਸਦੇ ਹਨ, ' ਇਸ ਤੋਂ ਸਿਰਫ ਮਾੜੀ ਗੁਣਵੱਤਾ ਵਾਲ਼ੀਆਂ ਕ੍ਰਿਕਟ ਗੇਂਦਾਂ ਹੀ ਬਣਾਈਆਂ ਜਾਂਦੀਆਂ ਹਨ ਜੋ ਪਾਣੀ ਵਿੱਚ ਛੇਤੀ ਖ਼ਰਾਬ ਹੋ ਜਾਂਦੀਆਂ ਹਨ ਤੇ ਜਿਹਦੀ ਉਪਰਲੀ ਸਤ੍ਹਾ ਕਾਫ਼ੀ ਖ਼ੁਰਦੁਰੀ ਹੁੰਦੀ ਹੈ, ' ਭਾਰਤ ਭੂਸ਼ਣ ਕਹਿੰਦੇ ਹਨ

ਬਾਬੂ ਲਾਲ ਕਹਿੰਦੇ ਹਨ, "ਖੱਲ੍ਹ ਦੇ ਦੂਜੇ ਹਿੱਸੇ ਇੰਨੇ ਮਜ਼ਬੂਤ ਅਤੇ ਪਤਲੇ ਨਹੀਂ ਹੁੰਦੇ, ਇਸ ਲਈ ਇਨ੍ਹਾਂ ਹਿੱਸਿਆਂ ਤੋਂ ਬਣੀਆਂ ਗੇਂਦਾਂ ਸਸਤੀਆਂ ਕੀਮਤਾਂ 'ਤੇ ਉਪਲਬਧ ਹੁੰਦੀਆਂ ਹਨ, ਕਿਉਂਕਿ ਇਨ੍ਹਾਂ ਦਾ ਆਕਾਰ ਛੇਤੀ ਵਿਗੜ ਜਾਂਦਾ ਹੈ ਇਸ ਲਈ ਇਨ੍ਹਾਂ ਦੀ ਵਰਤੋਂ ਘੱਟ ਓਵਰਾਂ ਲਈ ਕੀਤੀ ਜਾਂਦੀ ਹੈ।'' ਉਹ ਹਿਸਾਬ ਲਾਉਂਦਿਆਂ ਕਹਿੰਦੇ ਹਨ, "ਇੱਕ ਪੁੱਠੇ ਵਿੱਚੋਂ ਵੱਖ-ਵੱਖ ਕੁਆਲਿਟੀ ਦੀਆਂ ਕੁੱਲ 100 ਗੇਂਦਾਂ ਬਣਾਈਆਂ ਜਾਂਦੀਆਂ ਹਨ। ਜੇ ਇੱਕ ਗੇਂਦ 150 ਰੁਪਏ ਦੀ ਵੀ ਵੇਚੀ ਜਾਂਦੀ ਹੈ, ਤਾਂ ਵੀ ਗੇਂਦ-ਨਿਰਮਾਤਾ ਹਰੇਕ ਪੁੱਠੇ ਵਿੱਚੋਂ ਘੱਟੋ-ਘੱਟ 15,000 ਰੁਪਏ ਕਮਾਉਂਦਾ ਹੀ ਹੈ।"

ਭਾਰਤ ਭੂਸ਼ਣ ਨੇ ਬਾਬੂ ਲਾਲ ਵੱਲ ਦੇਖਦਿਆਂ ਕਹਿੰਦੇ ਹਨ,"ਪਰ ਸਾਨੂੰ ਇਸ ਵਿੱਚੋਂ ਕੀ ਮਿਲ਼ਦਾ ਹੈ? ਉਨ੍ਹਾਂ ਨੂੰ ਹਰ ਇੱਕ ਚਮੜੇ ਦੇ 150 ਰੁਪਏ ਮਿਲਦੇ ਹਨ। ਅਸੀਂ ਕਾਰੀਗਰਾਂ ਦੀ ਹਫਤੇ ਦੀ ਮਜ਼ਦੂਰੀ ਅਤੇ ਕੱਚੇ ਮਾਲ 'ਤੇ ਲਗਭਗ 700 ਰੁਪਏ ਖਰਚ ਕਰਦੇ ਹਾਂ। ਜਿਹੜੇ ਚਮੜੇ ਤੋਂ ਕ੍ਰਿਕਟ ਗੇਂਦਾਂ ਬਣਾਈਆਂ ਜਾਂਦੀਆਂ ਹਨ ਉਹ ਅਸੀਂ ਆਪਣੇ ਹੱਥਾਂ ਅਤੇ ਪੈਰਾਂ ਨਾਲ਼ ਬਣਾਉਂਦੇ ਹਾਂ। ਤੁਸੀਂ ਜਾਣਦੇ ਹੋ ਕਿ ਗੇਂਦਾਂ 'ਤੇ ਵੱਡੀਆਂ ਕੰਪਨੀਆਂ ਦੇ ਨਾਵਾਂ ਤੋਂ ਇਲਾਵਾ ਹੋਰ ਕੀ ਲਿਖਿਆ ਹੁੰਦਾ ਹੈ? 'ਐਲਮ-ਟੈਨਡ ਹਾਈਡ'। ਮੈਨੂੰ ਨਹੀਂ ਜਾਪਦਾ ਕਿ ਖਿਡਾਰੀਆਂ ਨੂੰ ਇਹਦਾ ਮਤਲਬ ਵੀ ਪਤਾ ਹੋਣਾ।''

*****

"ਕੀ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਪ੍ਰਦੂਸ਼ਣ, ਗੰਧ ਤੇ ਨਜ਼ਰੀਂ ਪੈਣਾ (ਹਾਈਵੇ ਤੋਂ ਦਿਖਾਈ ਦੇਣਾ) ਇਸ ਉਦਯੋਗ ਦੀ ਅਸਲੀ ਸਮੱਸਿਆਵਾਂ ਹਨ?''

ਪੱਛਮੀ ਉੱਤਰ ਪ੍ਰਦੇਸ਼ ਦੇ ਗੰਨੇ ਦੇ ਖੇਤਾਂ ਦੇ ਮਗਰ ਦਿਸਹੱਦੇ 'ਤੇ ਸੂਰਜ ਡੁੱਬਣਾ ਸ਼ੁਰੂ ਹੋ ਗਿਆ ਸੀ। ਚਮੜਾ ਕਾਰਖਾਨਿਆਂ ਦੇ ਕਾਮੇ ਆਪਣੇ ਕੰਮ ਵਾਲ਼ੀ ਥਾਂ 'ਤੇ ਕਾਹਲੀ ਵਿੱਚ ਇਸ਼ਨਾਨ ਕਰਦੇ ਸਨ ਅਤੇ ਘਰ ਜਾਣ ਤੋਂ ਪਹਿਲਾਂ ਆਪਣੇ ਕੰਮ ਦੇ ਕੱਪੜੇ ਬਦਲਦੇ ਸਨ।

The smell of raw hide and chemicals hangs over the tannery
PHOTO • Shruti Sharma
Workers take a quick bath and change out of their work clothes (left) before heading home
PHOTO • Shruti Sharma

ਕੱਚੀ ਖੱਲ੍ਹ ਅਤੇ ਰਸਾਇਣਾਂ ਦੀ ਗੰਧ ਆਬੋ-ਹਵਾ ਵਿੱਚ ਤੈਰਦੀ ਹੈ। ਕਾਮੇ ਘਰ ਜਾਣ ਤੋਂ ਪਹਿਲਾਂ ਜਲਦੀ ਨਾਲ਼ ਨਹਾਉਂਦੇ ਹਨ ਅਤੇ ਆਪਣੇ ਕੰਮ ਦੇ ਕੱਪੜੇ (ਖੱਬੇ ਪਾਸੇ) ਬਦਲਦੇ ਹਨ

ਭਾਰਤ ਭੂਸ਼ਣ ਦ੍ਰਿੜਤਾ ਨਾਲ਼ ਕਹਿੰਦੇ ਹਨ, "ਮੈਂ ਚਮੜੇ 'ਤੇ ਆਪਣੇ ਪੁੱਤਰ ਦੇ ਨਾਮ ਦੇ ਪਹਿਲੇ ਅੱਖਰ 'ਏਬੀ' ਖੁਦਵਾਉਂਦਾ ਹਾਂ। ਪਰ ਮੈਂ ਉਹਨੂੰ ਚਮੜੇ ਦਾ ਕੰਮ ਨਹੀਂ ਕਰਨ ਦਿਆਂਗਾ। ਅਗਲੀ ਪੀੜ੍ਹੀ ਸਿੱਖਿਅਤ ਹੋ ਰਹੀ ਹੈ। ਉਹ ਲੋਕ ਅੱਗੇ ਵੱਧਦੇ ਜਾਣਗੇ ਤੇ ਇੱਕ ਦਿਨ ਚਮੜੇ ਦਾ ਇਹ ਕਾਰੋਬਾਰ ਬੰਦ ਹੋ ਜਾਊਗਾ।"

ਜਦੋਂ ਅਸੀਂ ਹਾਈਵੇ ਵੱਲ ਵੱਧਦੇ ਹਾਂ, ਤਾਂ ਭਾਰਤ ਭੂਸ਼ਣ ਕਹਿੰਦੇ ਹਨ, "ਜਿਵੇਂ ਹਰ ਕਿਸੇ ਨੂੰ ਕ੍ਰਿਕੇਟ ਦਾ ਭੂਤ ਸਵਾਰ ਹੈ ਸਾਨੂੰ ਚਮੜੇ ਦੇ ਕੰਮ ਦਾ ਨਹੀਂ ਹੈ। ਇਹ ਕੰਮ ਸਾਡੇ ਰੁਜ਼ਗਾਰ ਨਾਲ਼ ਜੁੜਿਆ ਹੋਇਆ ਹੈ; ਸਾਡੇ ਕੋਲ਼ ਹੋਰ ਕੋਈ ਚਾਰਾ ਨਹੀਂ ਹੈ ਇਸਲਈ ਅਸੀਂ ਮਜ਼ਬੂਰੀਵੱਸ ਹੀ ਸਹੀ ਇਸ ਕੰਮ ਨੂੰ ਕਰਦੇ ਹਾਂ।"

ਪੱਤਰਕਾਰ, ਪ੍ਰਵੀਨ ਕੁਮਾਰ ਅਤੇ ਭਾਰਤ ਭੂਸ਼ਣ ਭੂਸ਼ਣ ਦਾ ਧੰਨਵਾਦ ਕਰਨਾ ਚਾਹੁੰਦੀ ਹਨ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਅਤੇ ਇਸ ਕਹਾਣੀ ਦੀ ਰਿਪੋਰਟਿੰਗ ਵਿੱਚ ਹਰ ਪੱਧਰ ' ਤੇ ਆਪਣੀ ਮਦਦ ਦਿੱਤੀ। ਇਹ ਰਿਪੋਰਟ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮਐਮਐਫ) ਦੀ ਫੈਲੋਸ਼ਿਪ ਦੇ ਸਹਿਯੋਗ ਨਾਲ਼ ਤਿਆਰ ਕੀਤੀ ਗਈ ਹੈ।

ਤਰਜਮਾ: ਕਮਲਜੀਤ ਕੌਰ

Shruti Sharma

Shruti Sharma is a MMF-PARI fellow (2022-23). She is working towards a PhD on the social history of sports goods manufacturing in India, at the Centre for Studies in Social Sciences, Calcutta.

यांचे इतर लिखाण Shruti Sharma
Editor : Riya Behl

रिया बेहल सोनिपतच्या अशोका युनिवर्सिटीची मदर तेरेसा फेलो (२०१९-२०) असून ती मुंबई स्थित आहे.

यांचे इतर लिखाण Riya Behl
Photo Editor : Binaifer Bharucha

Binaifer Bharucha is a freelance photographer based in Mumbai, and Photo Editor at the People's Archive of Rural India.

यांचे इतर लिखाण बिनायफर भरुचा
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur