ਜਨਮ-ਅਸ਼ਟਮੀ ਦਾ ਮੌਕਾ ਸੀ। ਭਗਵਾਨ ਕ੍ਰਿਸ਼ਨ ਨੇ ਸੁਣਿਆ ਸੀ ਕਿ ਆਰਿਆਵ੍ਰਤ ਦੇ ਲੋਕ ਉਨ੍ਹਾਂ ਦੇ ਜਨਮ ਸਮੇਂ ਨੂੰ ਬੜੇ ਜ਼ਸ਼ਨ ਅਤੇ ਧੂਮਧਾਮ ਨਾਲ਼ ਮਨਾਉਂਦੇ ਹਨ। ਬੱਚਿਆਂ ਨੂੰ ਭਗਵਾਨ ਕ੍ਰਿਸ਼ਨ ਵਾਂਗ ਪੀਲ਼ੇ ਕੱਪੜੇ ਪਹਿਨਾਏ ਜਾਂਦੇ ਹਨ, ਕ੍ਰਿਸ਼ਨ ਦੇ ਭਗਤ ਮਸਤ ਹੋ ਕੇ ਝੂਮਦੇ ਹੋਏ ਝਾਂਕੀਆਂ ਕੱਢਦੇ ਹਨ, ਖੁੱਲ੍ਹੇ ਵਿਹੜੇ ਵਿੱਚ ਕੋਲਮ ਹੁੰਦੇ ਹਨ, ਮੰਦਰਾਂ ਅੰਦਰ ਕ੍ਰਿਸ਼ਨ- ਲੀਲਾ ਹੁੰਦੀ ਹੈ, ਦਹੀਂ-ਹਾਂਡੀ ਦਾ ਅਯੋਜਨ ਹੁੰਦਾ ਹੈ, ਭਗਤੀ ਭਾਵ ਵਿੱਚ ਲੀਨ ਹੋ ਕੇ ਨਾਚ ਹੁੰਦੇ ਹਨ, ਅੱਧੀ ਰਾਤ ਤੱਕ ਜ਼ਸ਼ਨ ਦਾ ਮਾਹੌਲ ਹੁੰਦਾ ਹੈ। ਇਸ ਦਿਨ, ਕ੍ਰਿਸ਼ਨ ਨੇ ਹਰ ਸਮਾਗਮ ਦਾ ਹਿੱਸਾ ਬਣਨ ਦਾ ਮਨ ਬਣਾਇਆ।

ਭਗਵਾਨ ਕ੍ਰਿਸ਼ਨ ਭੇਸ ਵਟਾ ਕੇ ਆਰਿਆਵ੍ਰਤ ਦਾ ਚੱਕਰ ਲਾ ਰਹੇ ਸਨ ਅਤੇ ਲੋਕਾਂ ਨੂੰ ਜਸ਼ਨ ਮਨਾਉਂਦਿਆਂ ਦੇਖ ਕੇ ਖ਼ੁਸ਼ ਹੋ ਰਹੇ ਸਨ ਕਿ ਜਿਓਂ ਹੀ ਉਹ ਗੋਰਖਪੁਰ ਦੀ ਨਗਰੀ ਨੂੰ ਪਾਰ ਕਰਨ ਲੱਗੇ ਉਨ੍ਹਾਂ ਦੇ ਕੰਨਾਂ ਨੂੰ ਕੀਰਨੇ ਸੁਣਾਈ ਦਿੱਤੇ। ਇਸ ਵਿਰਲਾਪ ਨੂੰ ਸੁਣ ਕ੍ਰਿਸ਼ਨ ਦਾ ਧਿਆਨ ਉਸ ਪਾਸੇ ਗਿਆ ਅਤੇ ਉਹ ਉਸ ਵਿਅਕਤੀ ਦੇ ਕੋਲ਼ ਪੁੱਜੇ, ਤਾਂ ਉਹ ਕੀ ਦੇਖਦੇ ਹਨ ਕਿ ਆਦਮੀ ਨੇ ਆਪਣੇ ਮੋਢਿਆਂ 'ਤੇ ਆਪਣੀ ਹੀ ਬੱਚੇ ਦੀ ਲਾਸ਼ ਚੁੱਕੀ ਹੋਈ ਹੈ ਅਤੇ ਹਸਪਤਾਲ ਤੋਂ ਬਾਹਰ ਆ ਰਿਹਾ ਸੀ। ਉਹਨੂੰ ਦੇਖ ਕੇ ਸ਼੍ਰੀਕ੍ਰਿਸ਼ਨ ਤੋਂ ਰਿਹਾ ਨਾ ਗਿਆ। ਉਨ੍ਹਾਂ ਨੇ ਉਸ ਵਿਅਕਤੀ ਨੂੰ ਪੁੱਛਿਆ,''ਓ ਮੇਰੇ ਪਿਆਰੇ ਬੱਚੇ! ਤੂੰ ਇੰਨਾ ਕੁਰਲਾ ਕਿਉਂ ਰਿਹਾ ਹੈਂ? ਅਤੇ ਤੇਰੀਆਂ ਬਾਹਾਂ ਵਿੱਚ ਇਹ ਬੱਚਾ ਕੌਣ ਹੈ? '' ਵਿਅਕਤੀ ਨੇ ਸ਼੍ਰੀਕ੍ਰਿਸ਼ਨ ਵੱਲ ਦੇਖਿਆ ਅਤੇ ਕਿਹਾ,''ਭਗਵਾਨ, ਤੁਸੀਂ ਬੜੀ ਦੇਰ ਕਰ ਦਿੱਤੀ, ਮੇਰਾ ਬੇਟਾ ਮਰ ਗਿਆ।''

ਤਕਸੀਰ 'ਤੇ ਕਾਬੂ ਪਾਉਂਦਿਆਂ, ਸ਼੍ਰੀਕ੍ਰਿਸ਼ਨ ਨੇ ਉਸ ਪਿਤਾ ਦੇ ਨਾਲ਼ ਸ਼ਮਸ਼ਾਨ- ਘਾਟ ਵੱਲ ਜਾਣ ਦਾ ਇਰਾਦਾ ਕੀਤਾ। ਉੱਥੇ ਪਹੁੰਚ ਕੇ ਉਨ੍ਹਾਂ ਜੋ ਦੇਖਿਆ ਉਹਨੂੰ ਦੇਖ ਉਹ ਤ੍ਰਬਕ ਪਏ- ਉੱਥੇ ਹਜ਼ਾਰਾਂ ਹੀ ਬੱਚਿਆਂ ਦੀਆਂ ਲੋਥਾਂ ਚਿੱਟੇ ਕਫ਼ਨਾਂ ਵਿੱਚ ਲਿਪਟੀਆਂ ਕਤਾਰਾਂ ਵਿੱਚ ਪਈਆਂ ਸਨ। ਉੱਥੇ ਮਾਸੂਮ ਬੱਚੇ ਯੱਖ ਹੋਏ ਪਏ ਸਨ ਅਤੇ ਉਨ੍ਹਾਂ ਦੀਆਂ ਮਾਵਾਂ ਵੈਣ ਪਾ ਪਾ ਕੇ ਸ਼ੁਦੈਣਾਂ ਹੋਈਆਂ ਪਈਆਂ ਅਤੇ ਪਿਓਂ ਵਿਚਾਰੇ ਆਪਣੀ ਛਾਤੀਆਂ ਪਿੱਟ ਰਹੇ ਸਨ। ਸ਼੍ਰੀਕ੍ਰਿਸ਼ਨ ਦੇ ਪੈਰ ਥਾਏਂ ਜੰਮ ਗਏ।

ਸ਼੍ਰੀਕ੍ਰਿਸ਼ਨ ਖ਼ੁਦ ਨੂੰ ਸਵਾਲ ਕਰ ਰਹੇ ਸਨ: ਪੀਲ਼ੀਆਂ ਪੁਸ਼ਾਕਾਂ ਕਿੱਧਰ ਗਈਆਂ? ਕੈਸਾ ਭਿਅੰਕਰ ਤਿਓਹਾਰ ਸੀ ਇਹ? ਕੌਣ ਕੰਸ ਹੈ ਜਿਹਨੇ ਇਨ੍ਹਾਂ ਮਾਸੂਮਾਂ ਦਾ ਇਹ ਹਾਲ ਕੀਤਾ? ਇਹ ਕਿਹਦਾ ਸ਼ਰਾਪ ਲੱਗਿਆ ਹੈ? ਇਹ ਕਿਹਦਾ ਰਾਜ ਹੈ? ਇਹ ਯਤੀਮ ਪ੍ਰਜਾ ਕਿਹਦੀ ਹੈ?

ਦੇਵੇਸ਼ ਦੀ ਅਵਾਜ਼ ਵਿੱਚ ਹਿੰਦੀ ਵਿੱਚ ਕਵਿਤਾ ਪਾਠ ਸੁਣੋ

ਪ੍ਰਤਿਸ਼ਠਾ ਪਾਂਡਯਾ ਦੀ ਅਵਾਜ਼ ਵਿੱਚ ਅੰਗਰੇਜ਼ੀ ਵਿੱਚ ਕਵਿਤਾ ਪਾਠ ਸੁਣੋ


ਕੀ ਇਸ ਨਗਰ ਦੇ ਬੱਚੇ ਯਤੀਮ ਨੇ ?

1. ਕੈਲੰਡਰ ਦੇਖੋ
ਅਗਸਤ ਆਉਂਦਾ ਏ ਬੀਤ ਜਾਂਦਾ ਏ
ਜੋ ਨਹੀਂ ਬਿਤਾ ਪਾਉਂਦੇ, ਉਨ੍ਹਾਂ ਦੀਆਂ ਅੱਖਾਂ ਵਹਾ ਦਿੰਦੀਆਂ ਨੇ
ਕੰਬਦੇ ਹੱਥਾਂ ਤੋਂ ਡਿੱਗਦਾ ਐ ਤੇ ਟੁੱਟ ਜਾਂਦਾ ਏ
ਨੱਕ ਅੰਦਰ ਸਾਹ ਨਹੀਂ ਵੜ੍ਹਨ ਦਿੰਦਾ
ਸਾਹ ਖੋਹ ਲੈਂਦਾ ਹੈ

ਕਈਆਂ ਲਈ ਮਾੜਾ ਸੁਪਨਾ
ਕਈਆਂ ਦੇ ਗਲ਼ੇ ਦੀ ਹੱਡੀ ਹੈ
ਮੇਰੇ ਗੋਰਖਪੁਰ ਦੀਆਂ ਮਾਵਾਂ ਦਾ
ਲਾਲ ਹੈ
ਕਈਆਂ ਲਈ ਅਗਸਤ, ਪੂਰਾ ਇੱਕ ਸਾਲ ਹੈ


2. ਪਰ ਮਾਵਾਂ ਦਾ ਡਰ ਜਾਇਜ਼ ਨਹੀਂ
ਪਿਤਾ ਨੇ ਵੀ ਝੂਠ ਬੋਲਿਐ ਸਭ ਕਹਿੰਦੇ ਨੇ
ਹਸਪਤਾਲਾਂ 'ਚ ਜੀਵਨ-ਦੇਊ ਹਵਾ ਦਾ ਨਾ ਮਿਲ਼ਣਾ
ਇੱਕ ਮੁਗ਼ਲਾਂ ਦੀ ਸਾਜ਼ਸ਼ ਸੀ
ਅਸਲ ਵਿੱਚ ਇੰਨੀ ਆਕਸੀਜਨ ਸੀ
ਕਿ ਹਰ ਗਲੀਏ ਹਰ ਨੁੱਕੜ 'ਤੇ
ਆਕਸੀਜਨ ਲੈਂਦੀ ਅਤੇ ਛੱਡਦੀ ਨਜ਼ਰੀਂ ਪੈਂਦੀ ਹੈ ਗਊ ਮਾਤਾ
ਇੰਨਾ ਆਮ ਸ਼ਬਦ ਹੈ ਆਕਸੀਜਨ ਕਿ ਨਾਂਅ ਲੈਂਦੇ ਹੀ
ਸਾਹ ਘੁੱਟਣ ਲੱਗਦੈ


3. ਇਹ ਕੀਹਦੇ ਬੱਚੇ ਨੇ ਜੋ ਯਤੀਮ ਪਏ ਜਾਪਦੇ ਨੇ
ਇਹ ਕੀਹਦੇ ਬੱਚੇ ਨੇ ਜਿਨ੍ਹਾਂ ਨੂੰ ਮੱਛਰ ਕੱਟ ਜਾਂਦਾ ਏ
ਇਹ ਕੀਹਦੇ ਬੱਚੇ ਨੇ
ਜਿਨ੍ਹਾਂ ਦੇ ਹੱਥਾਂ 'ਚ ਬੰਸਰੀ ਨਹੀਂ
ਕੌਣ ਨੇ ਇਨ੍ਹਾਂ ਦੇ ਮਾਂ-ਬਾਪ
ਕਿੱਥੋਂ ਆਉਂਦੇ ਨੇ ਇਹ ਲੋਕ...
ਜਿਨ੍ਹਾਂ ਦੀਆਂ ਝੁੱਗੀਆਂ ਦੂਜੀ ਦੁਨੀਆ
ਦੀਆਂ ਝਾਂਕੀਆਂ ਵਿੱਚ ਸ਼ਾਮਲ ਨੀਂ ਹੁੰਦੀਆਂ
ਜਿਨ੍ਹਾਂ ਦੇ ਘਰਾਂ ਅੰਦਰ ਅੱਧੀ ਰਾਤੀਂ
ਅਵਤਾਰ ਨੀਂ ਲੈਂਦੇ ਭਗਵਾਨ ਕ੍ਰਿਸ਼ਨ
ਬੱਸ ਜੰਮ ਪੈਂਦੇ ਨੇ
ਅਤੇ ਇਨ੍ਹਾਂ ਨੂੰ ਆਕਸੀਜਨ ਚਾਹੀਦੀ ਏ!
ਚਾਹੀਦਾ ਇਨ੍ਹਾਂ ਨੂੰ ਹਸਪਤਾਲ ਦਾ ਬੈੱਡ ਵੀ!
ਕਮਾਲ ਦੀ ਗੱਲ ਆ!


4. ਗੋਰਖ ਦੀ ਧਰਤੀ ਹੁਣ ਫਟੀ ਕਿ ਫਟੀ
ਕਬੀਰ ਸ਼ੌਕ ਨਾਚ 'ਚ ਰੁਝੇ ਨੇ
ਲਪਟਾਂ 'ਚ ਪਏ ਮੱਚਦੇ ਨੇ ਰਾਪਤੀ ਦੇ ਕੰਢੇ
ਜਿਸ ਸ਼ਹਿਰ ਨੇ ਵੈਣ ਪਾਉਣੇ ਸਨ
ਉਹਦੀ ਅਵਾਜ਼ ਬੰਦ ਏ
ਸੂਬੇ ਦੇ ਮਹੰਤ ਦਾ ਕਹਿਣਾ ਏ
ਦੇਵਤਾਵਾਂ ਦਾ ਪਵਿੱਤਰੀਕਰਨ
ਬੱਚਿਆਂ ਦੀ ਬਲ਼ੀ ਪਿਆ ਮੰਗਦੈ

ਸ਼ਬਦਾਵਲੀ

ਆਰਿਆਵ੍ਰਤ : ਇੱਕ ਅਜਿਹਾ ਸ਼ਬਦ ਜੋ ਭਾਰਤੀ ਸੰਦਰਭ ਵਿੱਚ, ਇਤਿਹਾਸ ਦੇ ਵੱਖ-ਵੱਖ ਨੁਕਤਿਆਂ 'ਤੇ ਵੱਖਰੇ ਕਾਲਖੰਡਾਂ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ। ਵੈਦਿਕ ਸੰਸਕ੍ਰਿਤੀ/ਸਭਿਆਚਾਰ, ਰਮਾਇਣ ਅਤੇ ਮਹਾਂਭਾਰਤ ਦੇ ਨਾਲ਼-ਨਾਲ਼, ਬੁੱਧ ਅਤੇ ਮਹਾਂਵੀਰ ਦੀ ਧਰਤੀ ਨੂੰ ਵੀ ਆਰਿਆਵ੍ਰਤ ਕਿਹਾ ਜਾਂਦਾ ਰਿਹਾ ਹੈ

ਕੋਲਮ : ਤਮਿਲ ਸ਼ਬਦ ਜੋ ਬਰੀਕ ਪੀਹੇ ਚੌਲਾਂ ਦੇ ਆਟੇ ਦੀ ਪੇਸਟ ਨਾਲ਼ ਬਣੀ ਸਿੱਧੀ ਜਾਂ ਘੁਮਾਅਦਾਰ ਰੇਖਾ/ਸੀਮਾ ਦੇ ਡਿਜ਼ਾਇਨ ਲਈ ਵਰਤਿਆ ਜਾਂਦਾ ਹੈ

ਦਹੀਂ-ਹਾਂਡੀ : ਮਾਨਤਾ ਹੈ ਕਿ ਕ੍ਰਿਸ਼ਨ ਨੂੰ ਦਹੀਂ ਬਹੁਤ ਪਸੰਦ ਸੀ। ਕ੍ਰਿਸ਼ਨ ਜਨਮ-ਅਸ਼ਟਮੀ ਦੇ ਦਿਨ ਮਟਕੇ ਵਿੱਚ ਦਹੀਂ ਭਰ ਕੇ, ਇੱਕ ਤੈਅ ਉੱਚਾਈ 'ਤੇ ਲਮਕਾ ਦਿੱਤਾ ਜਾਂਦਾ ਹੈ ਅਤੇ ਨੌਜਵਾਨ ਮੁੰਡੇ-ਕੁੜੀਆਂ ਮਨੁੱਖੀ ਦੇਹਾਂ ਦਾ ਪਿਰਾਮਿਡ ਬਣਾ ਕੇ ਉਹਨੂੰ ਭੰਨ੍ਹਣ ਦੀ ਕੋਸ਼ਿਸ਼ ਕਰਦੇ ਹਨ

ਕੰਸ : ਸ਼੍ਰੀਕ੍ਰਿਸ਼ਨ ਦਾ ਮਾਮਾ ਅਤੇ ਮਥੁਰਾ ਦਾ ਸ਼ਾਸਕ, ਜਿਹਨੇ ਖ਼ੁਦ ਦੀ ਰੱਖਿਆ ਦੇ ਨਾਮ 'ਤੇ ਕਈ ਬੱਚਿਆਂ ਨੂੰ ਮਾਰਨ ਦੇ ਨਾਲ਼ ਨਾਲ਼ ਆਪਣੀ ਭੈਣ ਦੇ ਬੱਚਿਆਂ ਨੂੰ ਮਾਰ ਮੁਕਾਇਆ

ਗੋਰਖ : 13ਵੀਂ ਸਦੀ ਦੇ ਗੁਰੂ ਅਤੇ 'ਨਾਥ ਸੰਪ੍ਰਦਾਇ' ਦੇ ਸਭ ਤੋਂ ਅਹਿਮ ਯੋਗੀ। ਜਿਨ੍ਹਾਂ ਕਵਿਤਾਵਾਂ ਵਿੱਚ ਉਨ੍ਹਾਂ ਨੂੰ ਦਰਜ ਕੀਤਾ ਜਾਂਦਾ ਹੈ, ''ਗੋਰਖ ਬਾਣੀ'' ਵਜੋਂ ਜਾਣੀਆਂ ਜਾਂਦੀਆਂ ਹਨ

ਰਾਪਤੀ : ਪੂਰਬੀ ਉੱਤਰ ਪ੍ਰਦੇਸ਼ ਵਿੱਚ ਵਹਿੰਦੀ ਇੱਕ ਨਦੀ, ਜਿਹਦੇ ਕੰਢੇ ਗੋਰਖਪੁਰ ਵੱਸਿਆ ਹੋਇਆ ਹੈ

ਕਬੀਰ : 15ਵੀਂ ਸਦੀ ਦੇ ਰਹਿਸਵਾਦੀ, ਸੰਤ ਕਵੀ


ਇਸ ਕਵਿਤਾ-ਸਟੋਰੀ ਨੂੰ ਮੁਕੰਮਲ ਕਰਨ ਵਿੱਚ ਅਹਿਮ ਯੋਗਦਾਨ ਦੇਣ ਲਈ ਸਮਿਤਾ ਖਟੋਰ ਦਾ ਵਿਸ਼ੇਸ਼ ਸ਼ੁਕਰੀਆ।

ਤਰਜਮਾ: ਕਮਲਜੀਤ ਕੌਰ

Poems and Text : Devesh

দেবেশ একজন কবি, সাংবাদিক, চলচ্চিত্র-নির্মাতা ও অনুবাদক। তিনি পিপলস্ আর্কাইভ অফ রুরাল ইন্ডিয়ার হিন্দি সম্পাদক ও হিন্দি অনুবাদ-সম্পাদক।

Other stories by Devesh
Paintings : Labani Jangi

২০২০ সালের পারি ফেলোশিপ প্রাপক স্ব-শিক্ষিত চিত্রশিল্পী লাবনী জঙ্গীর নিবাস পশ্চিমবঙ্গের নদিয়া জেলায়। তিনি বর্তমানে কলকাতার সেন্টার ফর স্টাডিজ ইন সোশ্যাল সায়েন্সেসে বাঙালি শ্রমিকদের পরিযান বিষয়ে গবেষণা করছেন।

Other stories by Labani Jangi
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur