ਦਸੰਬਰ 2020 ਵਿੱਚ ਸੁਰਿੰਦਰ ਕੁਮਾਰ ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਬਾਰਡਰ ਗਾਜ਼ੀਪੁਰ ਵਿਖੇ ਅੰਦੋਲਨ ’ਤੇ ਬੈਠੇ ਕਿਸਾਨਾਂ ਲਈ ਖਾਣਾ ਬਣਾਉਣ ਲਈ ਹਫ਼ਤੇ ’ਚੋਂ ਦਿਨ ਦੇ ਚਾਰ ਘੰਟੇ ਕੱਢਦੇ ਰਹੇ ਸਨ । ਹੌਲੀ-ਹੌਲੀ ਇਹ ਚਾਰ ਘੰਟੇ ਅੱਠ ਘੰਟਿਆਂ ਵਿੱਚ ਬਦਲ ਗਏ ਅਤੇ ਹੁਣ ਸੁਰਿੰਦਰ ਅੰਦੋਲਨਕਾਰੀਆਂ ਲਈ ਖਾਣਾ ਬਣਾਉਣ ਲਈ ਹਫ਼ਤੇ ਦੇ 12 ਘੰਟੇ ਬਿਤਾਉਂਦੇ ਹਨ ।
“ਮੈਨੂੰ ਹਰ ਰੋਜ਼ ਇੰਨੇ ਹੀ ਘੰਟੇ ਖਾਣਾ ਬਣਾਉਣਾ ਪੈ ਸਕਦਾ ਹੈ,” 58 ਸਾਲਾ ਸੁਰਿੰਦਰ ਗਾਜ਼ੀਪੁਰ ਵਿਖੇ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਪੱਛਮੀ ਯੂਪੀ ਦੇ ਕਿਸਾਨਾਂ ਦੀ ਵੱਧ ਰਹੀ ਗਿਣਤੀ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ।
ਸੁਰਿੰਦਰ ਇਕ ਹਲਵਾਈ ਹਨ ਜਿਨ੍ਹਾਂ ਦੀ ਯੂਪੀ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਸ਼ੌਰੋਂ (ਜਾਂ ਸੋਰਮ) ਪਿੰਡ ਵਿੱਚ ਆਪਣੀ ਦੁਕਾਨ ਹੈ । “ਅਸੀਂ ਇੱਥੇ (ਪਿੰਡ ਵਿੱਚ) ਭੋਜਨ ਪਕਾ ਕੇ ਟਰੈਕਟਰਾਂ ਅਤੇ ਕਾਰਾਂ ਤੇ ਲੱਦ ਕੇ ਸਰਹੱਦ ਵੱਲ ਭੇਜਦੇ ਹਾਂ,” ਉਹ ਕਹਿੰਦੇ ਹਨ । ਪਿੰਡ ਵਾਸੀ ਹਫ਼ਤੇ ਵਿੱਚ ਇੱਕ ਦਿਨ ਭੋਜਨ ਗਾਜ਼ੀਪੁਰ ਪਹੁੰਚਾਉਂਦੇ ਹਨ ।
“ਸ਼ੁਰੂ ਵਿੱਚ ਪੱਛਮੀ ਯੂਪੀ ਦੇ ਕਿਸਾਨ ਉੱਥੇ ਇੰਨੀ ਵੱਡੀ ਗਿਣਤੀ ਵਿਚ ਨਹੀਂ ਸਨ। ਇਸ ਲਈ ਮੈਂ ਆਪਣੀ ਦੁਕਾਨ ਸੰਭਾਲਣ ਦੇ ਨਾਲ-ਨਾਲ ਹਰ ਹਫ਼ਤੇ ਕੁਝ ਕੁ ਘੰਟੇ ਉਹਨਾਂ ਲਈ (ਖਾਣਾ ਬਣਾਉਣ ਲਈ) ਕੱਢ ਸਕਦਾ ਸਾਂ । ਪਰ ਹੁਣ ਹਰ ਗੁਜ਼ਰਦੇ ਦਿਨ ਨਾਲ ਕੰਮ ਵੱਧਦਾ ਜਾ ਰਿਹਾ ਹੈ,” ਸੁਰਿੰਦਰ ਅੱਗੇ ਕਹਿੰਦੇ ਹਨ ।
ਸ਼ੌਰੋਂ ਤੋਂ 95 ਕਿਲੋਮੀਟਰ ਦੂਰ ਗਾਜ਼ੀਪੁਰ, ਨਵੇਂ ਬਿੱਲਾਂ ਖਿਲਾਫ਼ ਹੋ ਰਹੇ ਕਿਸਾਨੀ ਅੰਦੋਲਨ ਦੇ ਤਿੰਨ ਮੁੱਖ ਸਥਾਨਾਂ ਵਿੱਚੋਂ ਇੱਕ ਹੈ, ਜੋ 26 ਨਵੰਬਰ 2020 ਨੂੰ ਦਿੱਲੀ ਦੀਆਂ ਬਰੂਹਾਂ ਤੇ ਸ਼ੁਰੂ ਹੋਇਆ । ਭਾਰਤੀ ਕਿਸਾਨ ਯੂਨੀਅਨ (ਬੀ ਕੇ ਯੂ) ਦੇ ਆਗੂ ਰਾਕੇਸ਼ ਟਿਕੇਤ ਦੀ ਭਾਵਨਾਤਮਕ ਅਪੀਲ ਦਾ ਹੁੰਗਾਰਾ ਭਰਦਿਆਂ (ਜਨਵਰੀ ਦੇ ਅਖੀਰ ਤੋਂ) ਯੂਪੀ ਦੇ ਕਿਸਾਨਾਂ ਦੇ ਵੱਡੇ ਸਮੂਹ ਅੰਦੋਲਨ ਵਾਲੀ ਥਾਂ ਤੇ ਪਹੁੰਚਣਾ ਸ਼ੁਰੂ ਹੋ ਗਏ ਸਨ ।









