ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਅੱਜ ਸੱਤ ਸਾਲਾਂ ਦਾ ਹੋ ਗਿਆ। ਅਸੀਂ ਨਾ ਸਿਰਫ਼ ਮਹਾਂਮਾਰੀ ਅਤੇ ਤਾਲਾਬੰਦੀ ਤੋਂ ਹੀ ਉਭਰੇ ਸਗੋਂ ਇਸ ਕਾਲ ਦੌਰਾਨ ਅਸੀਂ ਆਪਣਾ ਕੰਮ ਵੀ ਬਾਖ਼ੂਬੀ ਕੀਤਾ।
ਪਿਛਲੇ ਸਾਲ ਤਾਲਾਬੰਦੀ ਦੇ ਐਲਾਨ ਦੇ ਪਹਿਲੇ ਹੀ ਦਿਨ ਤੋਂ ਭਾਰਤ ਸਰਕਾਰ ਨੇ ਮੀਡੀਆ (ਪ੍ਰਿੰਟ ਅਤੇ ਇਲੈਕਟ੍ਰਾਨਿਕ ਦੋਵਾਂ ਨੂੰ) ਨੂੰ ਲਾਜ਼ਮੀ ਵਸਤਾਂ ਅਤੇ ਸੇਵਾਵਾਂ ਦੀ ਸ਼੍ਰੇਣੀ ਵਿੱਚ ਗਿਣਿਆ। ਇਹ ਇੱਕ ਚੰਗਾ ਫ਼ੈਸਲਾ ਸੀ। ਇਸ ਤੋਂ ਪਹਿਲਾਂ ਭਾਰਤੀ ਜਨਤਾ ਨੂੰ ਪੱਤਰਕਾਰਤਾ ਅਤੇ ਪੱਤਰਕਾਰਾਂ ਦੀ ਇੰਨੀ ਲੋੜ ਕਦੋਂ ਪਈ ਸੀ! ਅਜਿਹੀਆਂ ਕਹਾਣੀਆਂ ਕਹਿਣੀਆਂ ਲਾਜ਼ਮੀ ਸਨ ਜਿਨ੍ਹਾਂ ਦੇ ਸਿਰ 'ਤੇ ਲੋਕਾਂ ਦਾ ਜੀਵਨ ਅਤੇ ਰੋਜ਼ੀਰੋਟੀ ਨਿਰਭਰ ਸੀ। ਬਦਲੇ ਵਿੱਚ ਇਸ ਦੇਸ਼ ਦੀਆਂ ਵੱਡੀਆਂ ਮੀਡੀਆ ਕੰਪਨੀਆਂ ਨੇ ਕੀ ਕੀਤਾ? 2,000 ਤੋਂ 2,500 ਪੱਤਰਕਾਰਾਂ ਅਤੇ ਕਰੀਬ 10,000 ਤੋਂ ਵੱਧ ਮੀਡੀਆ ਕਰਮੀਆਂ ਨੂੰ ਨੌਕਰੀ ਤੋਂ ਕੱਢ ਬਾਹਰ ਕੀਤਾ ਗਿਆ।
ਤਾਂ ਦੱਸੋ ਉਹ ਇਨ੍ਹਾਂ ਵੱਡੀਆਂ ਕਹਾਣੀਆਂ ਨੂੰ ਸੁਣਾਉਣ ਕਿਵੇਂ ਵਾਲ਼ੇ ਸਨ? ਸ਼ਾਇਦ ਬਿਹਤਰੀਨ ਪੱਤਰਕਾਰਾਂ ਨੂੰ ਕੱਢ ਕੇ? ਜਿਨ੍ਹਾਂ ਦੀਆਂ ਨੌਕਰੀਆਂ ਸਲਾਮਤ ਰਹੀਆਂ ਉਨ੍ਹਾਂ ਹਜ਼ਾਰਾਂ ਮੀਡੀਆ-ਕਰਮੀਆਂ ਦੀ ਤਨਖ਼ਾਹ ਵਿੱਚੋਂ 40 ਤੋਂ 60 ਫ਼ੀਸਦ ਤੱਕ ਦੀ ਕਟੌਤੀ ਕੀਤੀ ਗਈ। ਪੱਤਰਕਾਰਾਂ ਦੇ ਯਾਤਰਾ ਕਰਨ 'ਤੇ ਸਖ਼ਤ ਪਾਬੰਦੀ ਲਾਈ ਗਈ ਸੀ, ਪਰ ਇਹ ਕਦਮ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸਰੋਕਾਰ ਕਾਰਨ ਨਹੀਂ, ਸਗੋਂ ਆਉਣ ਵਾਲ਼ੇ ਖ਼ਰਚਿਆਂ 'ਤੇ ਕੈਂਚੀ ਫ਼ੇਰਨ ਲਈ ਕੀਤਾ ਗਿਆ ਸੀ। 25 ਮਾਰਚ 2020 ਤੋਂ ਬਾਅਦ ਜੋ ਸਾਰੇ ਦੀਆਂ ਸਾਰੀਆਂ ਕਹਾਣੀਆਂ ਕਵਰ ਕੀਤੀਆਂ ਵੀ ਗਈਆਂ, ਉਹ ਵੱਡੇ ਪੱਧਰ 'ਤੇ ਸ਼ਹਿਰਾਂ ਜਾਂ ਵੱਡੇ ਕਸਬਿਆਂ ਤੱਕ ਹੀ ਸੀਮਤ ਸਨ।
ਅਪ੍ਰੈਲ 2020 ਤੋਂ ਬਾਅਦ ਪਾਰੀ (PARI ) ਨੇ ਆਪਣੀ ਟੀਮ ਵਿੱਚ 11 ਹੋਰ ਲੋਕਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ ਅਤੇ ਕਿਸੇ ਦੀ ਵੀ ਤਨਖ਼ਾਹ ਵਿੱਚੋਂ ਇੱਕ ਨਵੇਂ ਪੈਸੇ ਦੀ ਕਟੌਤੀ ਨਹੀਂ ਕੀਤੀ। ਅਗਸਤ 2020 ਵਿੱਚ, ਕਰੀਬ ਸਾਰੇ ਕਰਮਚਾਰੀਆਂ ਦੀ ਪਦ-ਉੱਨਤੀ ਹੋਈ ਅਤੇ ਤਨਖ਼ਾਹ ਵੀ ਵਧਾਈ ਗਈ।
ਆਪਣੀਆਂ ਹੋਰਨਾਂ ਰਿਪੋਰਟਾਂ ਤੋਂ ਛੁੱਟ, ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪਾਰੀ ਨੇ ਕਰੀਬ 270 (ਜ਼ਿਆਦਾਤਰ ਮਲਟੀਮੀਡੀਆ) ਸਟੋਰੀਆਂ ਅਤੇ ਲਾਜ਼ਮੀ ਦਸਤਾਵੇਜਾਂ ਦਾ ਪ੍ਰਕਾਸ਼ਨ ਕੀਤਾ ਹੈ, ਜੋ ਤਾਲਾਬੰਦੀ ਦੌਰਾਨ ਰੋਜ਼ੀਰੋਟੀ ਨਾਲ਼ ਜੁੜੀਆਂ ਸਮੱਸਿਆਵਾਂ 'ਤੇ ਅਧਾਰਤ ਸਨ। ਸਾਡੇ ਕੋਲ਼ ਇਹ ਕਹਾਣੀਆਂ 23 ਰਾਜਾਂ ਤੋਂ ਆਈਆਂ ਅਤੇ ਜੋ ਭਾਰਤ ਦੇ ਕਰੀਬ ਸਾਰੇ ਮਹੱਤਵਪੂਰਨ ਇਲਾਕਿਆਂ ਦੀ ਗੱਲ ਕਰਦੀਆਂ ਹਨ, ਇਹ ਗ੍ਰਾਮੀਣ ਇਲਾਕਿਆਂ ਵੱਲੋਂ ਪ੍ਰਵਾਸ ਕਰ ਰਹੇ ਮਜ਼ਦੂਰਾਂ ਦੀ ਗੱਲ ਕਰਦੀਆਂ ਹਨ ਅਤੇ ਇਨ੍ਹਾਂ ਕਹਾਣੀਆਂ ਦੇ ਨਾਲ਼ ਹੀ ਅਸੀਂ ਉਨ੍ਹਾਂ ਇਲਾਕਿਆਂ ਨਾਲ਼ ਜੁੜੀਆਂ ਸਾਰੀਆਂ ਕਹਾਣੀਆਂ ਨੂੰ ਅਸੀਂ ਇੱਕ ਤੰਦ ਵਿੱਚ ਪਿਰੋਇਆ ਜਿਨ੍ਹਾਂ ਲਈ ਪੱਤਰਕਾਰਾਂ ਨੇ ਤਾਲਾਬੰਦੀ ਦੌਰਾਨ ਆਵਾਜਾਈ ਦੇ ਸਾਧਨਾਂ ਦੇ ਮੌਜੂਦ ਨਾ ਹੋਣ ਕਾਰਨ ਵੀ ਸੈਂਕੜੇ ਕਿਲੋਮੀਟਰ ਦੇ ਪੈਂਡੇ ਤੈਅ ਕੀਤੇ। ਤੁਹਾਨੂੰ ਇਨ੍ਹਾਂ ਕਹਾਣੀਆਂ ਦੇ ਹੇਠਾਂ 65 ਤੋਂ ਵੱਧ ਪੱਤਰਕਾਰਾਂ ਦੇ ਨਾਮ ਮਿਲ਼ਣਗੇ। ਮਹਾਂਮਾਰੀ ਆਉਣ ਤੋਂ ਕਈ ਸਾਲ ਪਹਿਲਾਂ ਤੋਂ ਹੀ ਪਾਰੀ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਕਹਾਣੀਆਂ ਕਵਰ ਕਰਦਾ ਰਿਹਾ ਸੀ ਅਤੇ ਉਹਨੂੰ ਇਹਦੇ ਵਾਸਤੇ 25 ਮਾਰਚ 2020 ਤੱਕ ਦੀ ਉਡੀਕ ਕਰਨ ਦੀ ਲੋੜ ਨਹੀਂ ਸੀ।
ਜਿਵੇਂ ਕਿ ਸਾਡੇ ਪਾਠਕ ਜਾਣਦੇ ਹੀ ਹਨ ਅਤੇ ਜੋ ਨਹੀਂ ਜਾਣਦੇ ਉਨ੍ਹਾਂ ਨੂੰ ਦੱਸ ਦੇਈਏ ਕਿ ਪਾਰੀ ਨਾ ਸਿਰਫ਼ ਪੱਤਰਕਾਰਤਾ ਨਾਲ਼ ਜੁੜਿਆ ਇੱਕ ਮੰਚ ਹੈ, ਸਗੋਂ ਇੱਕ ਜਿਊਂਦਾ ਜਾਗਦਾ ਸਾਹ ਲੈਂਦਾ ਸੰਗ੍ਰਹਿ (ਆਰਕਾਈਵ) ਵੀ ਹੈ। ਅਸੀਂ ਗ੍ਰਾਮੀਣ ਭਾਰਤ ਦੇ ਵੱਖੋ-ਵੱਖ ਹਿੱਸਿਆਂ ਸਬੰਧੀ ਲੇਖਾਂ, ਰਿਪੋਰਟਾਂ, ਲੋਕ ਗੀਤ-ਸੰਗੀਤ, ਗਾਣਿਆਂ, ਤਸਵੀਰਾਂ ਅਤੇ ਫ਼ਿਲਮਾਂ ਦੇ ਸਭ ਤੋਂ ਵੱਡਾ ਖ਼ਜਾਨਾ (ਸੰਗ੍ਰਹਿ) ਹਾਂ ਅਤੇ ਪੂਰੀ ਦੁਨੀਆ ਵਿੱਚ ਗ੍ਰਾਮੀਣ ਇਲਾਕਿਆਂ ਨਾਲ਼ ਜੁੜੀਆਂ ਕਹਾਣੀਆਂ ਦੇ ਸਭ ਤੋਂ ਵੱਡੇ ਸੰਗ੍ਰਹਿਕਰਤਾਵਾਂ ਵਿੱਚੋਂ ਇੱਕ ਹਾਂ। ਇੰਨਾ ਹੀ ਨਹੀਂ ਪਾਰੀ ਦੀ ਪੱਤਰਕਾਰਤਾ ਲੋਕਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਦੇ ਅਧਾਰਤ ਹੈ। ਅਸੀਂ 83 ਕਰੋੜ ਗ੍ਰਾਮੀਣ ਭਾਰਤੀਆਂ ਦੇ ਜੀਵਨ ਨਾਲ਼ ਜੁੜੀਆਂ ਕਹਾਣੀਆਂ ਨੂੰ ਉਨ੍ਹਾਂ ਦੀ ਹੀ ਜ਼ੁਬਾਨ ਵਿੱਚ ਲੈ ਕੇ ਆਉਂਦੇ ਹਾਂ।










