ਅੱਜ ਅਸੀਂ ਪਾਰੀ (PARI) ਦੇ ਅਨੁਵਾਦਕਾਂ ਦੀ ਬੇਮਿਸਾਲ ਟੀਮ ਵੱਲੋਂ ਮਾਰੀਆਂ ਹੈਰਾਨੀਜਨਕ ਮੱਲ੍ਹਾਂ ਦਾ ਜਸ਼ਨ ਮਨਾਉਂਦੇ ਹਾਂ, ਸਾਡੀ ਇਸ ਟੀਮ ਵਿੱਚ ਕੁੱਲ 170 ਤੋਂ ਵੱਧ ਲੋਕ ਸ਼ਾਮਲ ਹਨ ਜਿਨ੍ਹਾਂ ਵਿੱਚੋਂ ਘੱਟੋਘੱਟ 45 ਅਨੁਵਾਦਕ ਅਜਿਹੇ ਹਨ ਜੋ ਹਰ ਮਹੀਨੇ ਸਰਗਰਮੀ ਨਾਲ਼ ਕੰਮ ਕਰਦੇ ਹਨ ਅਤੇ ਇਸ ਪੂਰੇ ਕੰਮ ਦੌਰਾਨ ਸਾਡਾ ਆਪਸ ਵਿੱਚ ਮੁਕੰਮਲ ਸਾਥ ਬਣਿਆ ਰਹਿੰਦਾ ਹੈ ਅਤੇ ਸਾਡਾ ਆਪਸ ਵਿੱਚ ਇਹੀ ਨਫ਼ੀਸ ਸਾਥ ਮਿਸਾਲਾਂ ਘੜ੍ਹਦਾ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ 30 ਸਤੰਬਰ ਨੂੰ ਅੰਤਰਰਾਸ਼ਟਰੀ ਅਨੁਵਾਦ ਦਿਵਸ ਵਜੋਂ ਚੁਣਿਆ ਹੈ।

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਅੱਜ ਦਾ ਇਹ ਦਿਨ ''ਭਾਸ਼ਾ ਦੇ ਇਨ੍ਹਾਂ ਪੇਸ਼ੇਵਰਾਂ ਦੇ ਕੰਮ ਦੀ ਵਡਿਆਈ ਕਰਨ ਦੇ ਲੇਖੇ ਲਾਉਣਾ ਚਾਹੀਦਾ ਹੈ, ਜੋ ਨਾ ਸਿਰਫ਼ ਰਾਸ਼ਟਰਾਂ ਨੂੰ ਇੱਕ ਮੰਚ ' ਤੇ ਇਕੱਠਿਆਂ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਸਗੋਂ ਆਪਸੀ ਸੰਵਾਦ ਨੂੰ ਸੁਗਮ ਬਣਾਉਣ ਦੇ ਨਾਲ਼ ਨਾਲ਼ ਇੱਕ ਸਾਂਝੀ ਸਮਝ ਅਤੇ ਸਹਿਯੋਗ ਕਾਇਮ ਕਰਨ ਅਤੇ ਵਿਕਾਸ ਵਿੱਚ ਵੀ ਹਿੱਸਾ ਪਾ ਰਹੇ ਹਨ...'' ਅਤੇ ਹੋਰ ਵੀ ਬੜਾ ਕੁਝ ਕੀਤਾ ਜਾ ਰਿਹਾ ਹੈ। ਇਸਲਈ ਅੱਜ ਅਸੀਂ ਆਪਣੀ ਅਨੁਵਾਦਕ ਟੀਮ ਦੀ ਉਸਤਤ ਕਰਦੇ ਹਾਂ, ਸਾਡੇ ਦਾਅਵੇ ਮੁਤਾਬਕ ਜਿਹੋ-ਜਿਹੀ ਟੀਮ ਹੋਰ ਕਿਸੇ ਜਰਨਲਿਜ਼ਮ ਵੈੱਬਸਾਈਟ ਕੋਲ਼ ਨਹੀਂ।

ਸਾਡੇ ਅਨੁਵਾਦਕਾਂ ਦੀ ਇਸ ਟੀਮ ਵਿੱਚ ਡਾਕਟਰ, ਭੌਤਿਕ-ਵਿਗਿਆਨੀ, ਭਾਸ਼ਾ-ਪ੍ਰਵੀਨ, ਕਵੀ, ਗ੍ਰਹਿਸਥ, ਅਧਿਆਪਕ, ਕਲਾਕਾਰ, ਪੱਤਰਕਾਰ, ਲੇਖਕ, ਇੰਜੀਨੀਅਰ, ਵਿਦਿਆਰਥੀ ਅਤੇ ਪ੍ਰੋਫ਼ੈਸਰ ਸ਼ਾਮਲ ਹਨ। ਉਨ੍ਹਾਂ ਵਿੱਚੋਂ ਸਭ ਤੋਂ ਬਜ਼ੁਰਗ ਅਨੁਵਾਦਕ 84 ਸਾਲ ਦੇ ਹਨ ਅਤੇ ਸਭ ਤੋਂ ਨੌਜਵਾਨ 22 ਸਾਲ ਦੇ। ਕੁਝ ਕੁ ਤਾਂ ਮੁਲਕੋਂ ਬਾਹਰ ਰਹਿੰਦੇ ਹਨ। ਕੁਝ ਦੇਸ਼ ਦੇ ਉਨ੍ਹਾਂ ਬੀਹੜ ਇਲਾਕਿਆਂ ਵਿੱਚ ਰਹਿੰਦੇ ਹਨ, ਜਿੱਥੇ ਕੁਨੈਕਟੀਵਿਟੀ ਦੀ ਹਾਲਤ ਖ਼ਸਤਾ ਹੈ।

ਪਾਰੀ (PARI) ਦੇ ਇਸ ਵਿਸ਼ਾਲ ਅਨੁਵਾਦ ਪ੍ਰੋਗਰਾਮ ਦਾ ਮਕਸਦ ਨਿਸ਼ਚਿਤ ਤੌਰ 'ਤੇ ਆਪਣੀਆਂ ਸੀਮਾਵਾਂ ਅਤੇ ਪੱਧਰਾਂ ਦੇ ਅੰਦਰ ਰਹਿ ਕੇ, ਇਸ ਦੇਸ਼ ਨੂੰ ਆਪਣੀਆਂ ਭਾਸ਼ਾਵਾਂ ਪ੍ਰਤੀ ਸਨਮਾਨ ਭਾਵ ਅਤੇ ਬਰਾਬਰੀ ਦੀ ਭਾਵਨਾ ਨਾਲ਼ ਓਤਪੋਤ ਕਰਾ ਕੇ ਇੱਕ ਮੰਚ 'ਤੇ ਲਿਆਉਣਾ ਹੈ। ਪਾਰੀ (PARI) ਦੀ ਸਾਈਟ 'ਤੇ ਹਰੇਕ ਲੇਖ 13 ਭਾਸ਼ਾਵਾਂ ਵਿੱਚ ਉਪਲਬਧ ਹੈ ਜੋ ਨਹੀਂ ਹੈ ਉਹ ਛੇਤੀ ਹੀ ਉਪਲਬਧ ਹੋਵੇਗਾ। ਨਮੂਨੇ ਵਾਸਤੇ ਪਾਰੀ ਦਾ ਇਹ ਲੇਖ ਦੇਖੋ ( ਸਾਡੀ ਅਜ਼ਾਦੀ ਖ਼ਾਤਰ ਭਗਤ ਸਿੰਘ ਝੁੱਗੀਆਂ ਦੀ ਲੜਾਈ ) ਜੋ 13 ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਸਾਡੀ ਟੀਮ ਨੇ 6,000 ਦੇ ਕਰੀਬ ਲੇਖ ਅਨੁਵਾਦ ਕੀਤੇ ਹਨ, ਜਿਨ੍ਹਾਂ ਵਿੱਚੋਂ ਕੁਝ ਮਲਟੀਮੀਡਿਆ ਨਾਲ਼ ਸਬੰਧਤ ਹਨ।

ਕਮਲਜੀਤ ਕੌਰ ਨੂੰ ਪੀ. ਸਾਈਨਾਥ ਦੁਆਰਾ ਲਿਖੇ ਲੇਖ ' ਭਾਰਤ ਦੀ ਹਰੇਕ ਭਾਸ਼ਾ ਤੁਹਾਡੀ ਆਪਣੀ ਭਾਸ਼ਾ ਹੈ ' ਪੜ੍ਹਦਿਆਂ ਸੁਣੋ

ਪਾਰੀ (PARI) ਭਾਰਤੀ ਦੀ ਹਰੇਕ ਭਾਸ਼ਾ ਨੂੰ ਬਹੁਤ ਸੰਜੀਦਗੀ ਨਾਲ਼ ਲੈਂਦਾ ਹੈ- ਵਰਨਾ ਅਸੀਂ ਵੀ ਸਿਰਫ਼ ਅੰਗਰੇਜ਼ੀ 'ਤੇ ਹੀ ਧਿਆਨ ਕੇਂਦਰਤ ਕਰਦੇ ਅਤੇ ਕੰਮ ਵਧਾਉਂਦੇ ਰਹਿੰਦੇ। ਇੰਝ ਕਰਕੇ ਅਸੀਂ ਵੀ ਭਾਰਤ ਦੀ ਉਸ ਬਹੁ-ਗਿਣਤੀ ਗ੍ਰਾਮੀਣ ਵਸੋਂ ਨੂੰ ਲਾਂਭੇ ਕਰ ਦਿੰਦੇ ਜਿਨ੍ਹਾਂ ਦੀ ਕਦੇ ਵੀ ਅੰਗਰੇਜ਼ੀ ਤੱਕ ਪਹੁੰਚ ਨਹੀਂ ਬਣਦੀ। ਪੀਪਲਜ਼ ਲਿੰਗੁਇਸਟਿਕ ਸਰਵੇਅ ਆਫ਼ ਇੰਡੀਆ (ਭਾਰਤੀ ਲੋਕ ਭਾਸ਼ਾਈ ਸਰਵੇਖਣ) ਦੱਸਦਾ ਹੈ ਕਿ ਇਸ ਦੇਸ਼ ਅੰਦਰ 800 ਦੇ ਕਰੀਬ ਭਾਸ਼ਾਵਾਂ ਹਨ। ਪਰ ਇਹ ਵੀ ਤੱਥ ਹੈ ਕਿ ਪਿਛਲੇ 50 ਸਾਲਾਂ ਵਿੱਚ 225 ਦੇ ਕਰੀਬ ਭਾਰਤੀ ਬੋਲੀਆਂ ਲੁਪਤ ਹੋ ਗਈਆਂ ਹਨ। ਸਾਡਾ ਮੰਨਣਾ ਹੈ ਕਿ ਸਾਡੀਆਂ ਭਾਸ਼ਾਵਾਂ ਹੀ ਭਾਰਤ ਦੇ ਵੰਨ-ਸੁਵੰਨੇ ਅਤੇ ਬਹੁ-ਖੰਡੀ ਸਭਿਆਚਾਰਾਂ ਦਾ ਧੜਕਦਾ ਦਿਲ ਹਨ ਨਾ ਕਿ ਮੁੱਠੀ ਭਰ ਅੰਗਰੇਜ਼ੀ ਬੋਲਣ ਵਾਲ਼ੇ ਉਹ ਵਰਗ, ਜਿਨ੍ਹਾਂ ਨੂੰ ਹਰੇਕ ਜਾਣਕਾਰੀ ਅਤੇ ਸੂਚਨਾ ਹਾਸਲ ਕਰਨ ਦਾ ਅਧਿਕਾਰ ਪ੍ਰਾਪਤ ਹੈ।

ਬੀਬੀਸੀ ਜਿਹੇ ਕਈ ਵਿਸ਼ਾਲ ਮੀਡਿਆ ਓਪਰੇਸ਼ਨ ਵੀ ਮੌਜੂਦ ਹਨ ਜੋ 40 ਭਾਸ਼ਾਵਾਂ ਵਿੱਚ ਬਰੌਡਕਾਸਟ ਕਰ ਸਕਦੇ ਹਨ। ਪਰ ਉਨ੍ਹਾਂ ਵੱਲੋਂ ਵੱਖੋ-ਵੱਖ ਭਾਸ਼ਾਵਾਂ ਵਿੱਚ ਪੇਸ਼ ਕੀਤੀ ਜਾਂਦੀ ਸਮੱਗਰੀ ਵੀ ਅੱਡ ਹੁੰਦੀ ਜਾਂਦੀ ਹੈ। ਭਾਰਤ ਅੰਦਰ ਵੀ, ਕਾਰਪੋਰੇਟਾਂ ਦੇ ਮਾਲਿਕਾਨੇ ਵਾਲ਼ੇ ਚੈਨਲ ਹਨ ਜੋ ਕਈ ਭਾਸ਼ਾਵਾਂ ਵਿੱਚ ਸਮੱਗਰੀ ਪਰੋਸਦੇ ਹਨ। ਉਨ੍ਹਾਂ ਵਿੱਚੋਂ ਵੱਡੇ ਤੋਂ ਵੱਡਾ ਚੈਨਲ ਵੀ 12 ਭਾਸ਼ਾਵਾਂ ਵਿੱਚ ਹੀ ਕੰਮ ਕਰਦਾ ਹੈ।

ਪਾਰੀ (PARI) ਦੀ ਗੱਲ ਕਰੀਏ ਤਾਂ ਇਹ ਦਰਅਸਲ ਅਨੁਵਾਦ ਪ੍ਰੋਗਰਾਮ ਹੈ। ਵੈੱਬਸਾਈਟ 'ਤੇ ਅੰਗਰੇਜ਼ੀ ਵਿੱਚ ਚੜ੍ਹਾਇਆ ਜਾਣ ਵਾਲ਼ਾ ਹਰੇਕ ਆਰਟੀਕਲ ਹੋਰ 12 ਭਾਸ਼ਾਵਾਂ ਵਿੱਚ ਉਪਲਬਧ ਹੁੰਦਾ ਹੈ। ਇੰਝ ਅਨੁਵਾਦਕ ਸਮੇਂ ਦੇ ਨਾਲ਼ ਨਾਲ਼ ਢੁੱਕਦੇ ਜਾਂਦੇ ਹਨ। 13 ਭਾਸ਼ਾਵਾਂ ਵਿੱਚੋਂ ਹਰੇਕ ਭਾਸ਼ਾ ਦਾ ਇੱਕ ਸਮਰਪਤ ਸੰਪਾਦਕ ਹੈ ਅਤੇ ਅਸੀਂ ਛੇਤੀ ਹੀ ਛੱਤੀਸਗੜ੍ਹੀ ਅਤੇ ਸਾਂਠਾਲੀ ਭਾਸ਼ਾਵਾਂ ਨੂੰ ਵੀ ਆਪਣੀ ਪ੍ਰਕਾਸ਼ਤ ਸੂਚੀ ਹੇਠ ਲਿਆਉਣ ਦੀ ਯੋਜਨਾ ਬਣਾ ਰਹੇ ਹਾਂ।

ਸਭ ਤੋਂ ਅਹਿਮ ਗੱਲ ਇਹ ਕਿ ਪਾਰੀ (PARI) ਦਾ ਅਨੁਵਾਦ ਕਾਰਜ ਮਹਿਜ਼ ਭਾਸ਼ਾਈ ਕਾਰਜ ਹੀ ਨਹੀਂ ਹੁੰਦਾ ਅਤੇ ਨਾ ਹੀ ਸਾਡਾ ਮਕਸਦ ਹਰੇਕ ਸੂਖ਼ਮ ਤੋਂ ਸੂਖ਼ਮ ਪੇਸ਼ਕਾਰੀ (ਅਹਿਸਾਸ) ਨੂੰ ਅੰਗਰੇਜ਼ੀ ਵਿੱਚ ਪ੍ਰਗਟਾਵੇ ਵਜੋਂ ਛੋਟਾ ਕਰ ਦੇਣਾ ਹੁੰਦਾ ਹੈ। ਦਰਅਸਲ ਇਹ ਸਫ਼ਰ ਉਨ੍ਹਾਂ ਪ੍ਰਸੰਗਾਂ ਤੱਕ ਪਹੁੰਚਣ ਬਾਰੇ ਹੈ ਜੋ ਸਾਡੀਆਂ ਵਾਕਫ਼ (ਜਾਣੀਆਂ-ਪਛਾਣੀਆਂ) ਦੁਨੀਆਵਾਂ ਤੋਂ ਪਰ੍ਹੇ ਹੈ। ਸਾਡੇ ਅਨੁਵਾਦਕ ਕਈ ਭਾਰਤੀ ਭਾਸ਼ਾਵਾਂ ਜ਼ਰੀਏ ਭਾਰਤ ਦੇ ਵਿਚਾਰ ਨਾਲ਼ ਜੁੜਦੇ ਹਨ ਅਤੇ ਦਖ਼ਲ ਵੀ ਦਿੰਦੇ ਹਨ। ਸਾਡਾ ਦ੍ਰਿਸ਼ਟੀਕੋਣ ਕਿਸੇ ਇੱਕ ਭਾਸ਼ਾ ਵਿੱਚ ਸ਼ਬਦ-ਸ਼ਬਦ ਅਨੁਵਾਦ ਕਰਨ ਬਾਰੇ ਨਹੀਂ ਹੈ-ਕਿਉਂਕਿ ਅਜਿਹੇ ਅਨੁਵਾਦਾਂ ਦੇ ਹਾਸੋਹੀਣੇ ਨਤੀਜਿਆਂ ਲਈ ਗੂਗਲ ਹੈ ਨਾ। ਸਾਡੀ ਟੀਮ, ਸਟੋਰੀ ਦੀ ਆਤਮਾ, ਉਹਦੇ ਸੰਦਰਭ, ਸੱਭਿਆਚਾਰ, ਮੁਹਾਵਰੇ ਅਤੇ ਬਰੀਕੀ ਵਿੱਚ ਪਏ ਅਹਿਸਾਸਾਂ ਨੂੰ ਉਸੇ ਭਾਸ਼ਾ ਵਾਂਗ ਦਰਸਾਉਣ ਦੀ ਕੋਸ਼ਿਸ਼ ਕਰਦੀ ਹੈ ਜਿਸ ਮੂਲ਼ ਭਾਸ਼ਾ ਵਿੱਚ ਉਹ ਲਿਖੀ ਗਈ ਹੁੰਦੀ ਹੈ। ਇੰਨਾ ਹੀ ਨਹੀਂ ਹਰੇਕ ਅਨੁਵਾਦਕ ਦੁਆਰਾ ਅਨੁਵਾਦ ਕੀਤੀ ਗਈ ਸਟੋਰੀ ਦੀ ਸਮੀਖਿਆ ਦੂਸਰੇ ਅਨੁਵਾਦਕਾਂ ਦੁਆਰਾ ਕੀਤੀ ਜਾਂਦੀ ਹੈ, ਤਾਂਕਿ ਤਰੁਟੀਆਂ ਦੂਰ ਕਰਕੇ ਗੁਣਵੱਤਾ ਵਧਾਈ ਜਾਵੇ।

ਪਾਰੀ ਦਾ ਅਨੁਵਾਦ ਪ੍ਰੋਗਰਾਮ ਵਿਦਿਆਰਥੀਆਂ ਨੂੰ ਵੱਖੋ-ਵੱਖ ਭਾਸ਼ਾਵਾਂ ਵਿੱਚ ਸਟੋਰੀਆਂ ਪੜ੍ਹਨ ਵਿੱਚ ਮਦਦ ਕਰਨ ਦੇ ਨਾਲ਼-ਨਾਲ਼ ਉਨ੍ਹਾਂ ਦੀ ਭਾਸ਼ਾਈ ਕੌਸ਼ਲ ਵਿੱਚ ਵੀ ਸੁਧਾਰ ਲਿਆਉਂਦਾ ਹੈ

ਇੱਥੋਂ ਤੱਕ ਕਿ ਸਾਡੇ ਨੌਜਵਾਨ ਪਾਰੀ (PARI) ਸਿੱਖਿਆ ਸੈਕਸ਼ਨ ਨੇ ਵੀ ਭਾਰਤੀ ਭਾਸ਼ਾਵਾਂ ਵਿੱਚ ਆਪਣੀ ਮੌਜੂਦਗੀ ਦਰਜ ਕਰਾਉਣੀ ਸ਼ੁਰੂ ਕਰ ਦਿੱਤੀ ਹੈ। ਅੱਜ ਦੇ ਸਮਾਜ ਵਿੱਚ ਜਿੱਥੇ ਅੰਗਰੇਜ਼ੀ (ਭਾਸ਼ਾ) ਦੀ ਕਮਾਨ ਇੱਕ ਸੰਦ ਹੀ ਨਹੀਂ ਸਗੋਂ ਇੱਕ ਹਥਿਆਰ ਬਣ ਜਾਂਦੀ ਹੈ, ਫਿਰ ਅਜਿਹੇ ਮੌਕੇ ਇੱਕ ਹੀ ਸਟੋਰੀ ਦਾ ਵੱਖੋ-ਵੱਖ ਭਾਸ਼ਾਵਾਂ ਵਿੱਚ ਪ੍ਰਗਟ ਹੋਣਾ ਕਾਫ਼ੀ ਸਹਾਈ ਸਾਬਤ ਹੁੰਦਾ ਹੈ। ਜੋ ਵਿਦਿਆਰਥੀ ਨਾ ਟਿਊਸ਼ਨਾਂ ਪੜ੍ਹ ਸਕਦੇ ਹਨ ਅਤੇ ਨਾ ਹੀ ਮਹਿੰਗੇ ਰੇਮੇਡਿਅਲ ਕੋਰਸਾਂ (ਕੌਸ਼ਲ ਸਬੰਧੀ) ਦਾ ਖ਼ਰਚਾ ਝੱਲ ਪਾਉਂਦੇ ਹਨ, ਉਹ ਸਾਨੂੰ ਦੱਸਦੇ ਹਨ ਸਾਡੀ ਇਹ ਕੋਸ਼ਿਸ਼ ਉਨ੍ਹਾਂ ਦੀ ਅੰਗਰੇਜ਼ੀ ਵਿੱਚ ਸੁਧਾਰ ਲਿਆਉਣ ਲਈ ਮਦਦਗਾਰ ਹੁੰਦੀ ਹੈ। ਉਹ ਕੋਈ ਵੀ ਸਟੋਰੀ ਪਹਿਲਾਂ ਆਪਣੀ ਮਾਂ-ਬੋਲੀ ਵਿੱਚ ਅਤੇ ਫਿਰ ਉਹੀ ਸਟੋਰੀ ਅੰਗਰੇਜ਼ੀ (ਜਾਂ ਹਿੰਦੀ ਜਾਂ ਮਰਾਠੀ... ਜਿਹੜੀ ਵੀ ਭਾਸ਼ਾ ਵਿੱਚ ਉਹ ਸੁਧਾਰ ਲਿਆਉਣਾ ਲੋਚਦੇ ਹਨ) ਵਿੱਚ ਪੜ੍ਹ ਸਕਦੇ ਹਨ ਅਤੇ ਇਹ ਸਾਰਾ ਕੁਝ ਮੁਫ਼ਤ ਹੈ। ਪਾਰੀ (PARI) ਆਪਣੀ ਸਮੱਗਰੀ ਵਾਸਤੇ ਨਾ ਕੋਈ ਸਬਸਕ੍ਰਿਪਸ਼ਨ ਨਾ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਲੈਂਦਾ ਹੈ।

ਤੁਹਾਨੂੰ ਸਾਡੇ ਕੋਲ਼ ਮੂਲ਼ ਭਾਰਤੀ ਭਾਸ਼ਾਵਾਂ ਵਿੱਚ 300 ਤੋਂ ਵੱਧ ਵੀਡੀਓ ਇੰਟਰਵਿਊ, ਫ਼ਿਲਮਾਂ, ਡਾਕਿਊਮੈਂਟਰੀ ਮਿਲਣਗੀਆਂ ਜਿੰਨ੍ਹਾਂ ਦੇ ਸਬ-ਟਾਈਟਲ ਅੰਗਰੇਜ਼ੀ ਦੇ ਨਾਲ਼ ਨਾਲ਼ ਹੋਰ ਭਾਸ਼ਾਵਾਂ ਵਿੱਚ ਵੀ ਮਿਲਣਗੇ।

ਪਾਰੀ (PARI) ਹਿੰਦੀ, ਉੜੀਆ, ਉਰਦੂ, ਬਾਂਗਲਾ ਅਤੇ ਮਰਾਠੀ ਵਿੱਚ ਲੋਕਲਾਇਜ਼ਡ (ਸਥਾਨਕ), ਸਟੈਂਡ ਅਲੋਨ ਸਾਈਟਸ ਦੇ ਰੂਪ ਵਿੱਚ ਵੀ ਉਪਲਬਧ ਹੈ। ਤਮਿਲ ਅਤੇ ਆਸਾਮੀ ਵਿੱਚ ਛੇਤੀ ਅਗਾਜ਼ ਹੋਵੇਗਾ। ਅਸੀਂ ਸੋਸ਼ਲ ਮੀਡਿਆ 'ਤੇ ਵੀ ਸਰਗਰਮ ਹਾਂ ਜਿੱਥੇ ਅਸੀਂ ਅੰਗਰੇਜ਼ੀ ਤੋਂ ਇਲਾਵਾ ਹਿੰਦੀ, ਉਰਦੂ ਅਤੇ ਤਮਿਲ ਵਿੱਚ ਆਪਣੀ ਗੱਲ ਰੱਖਦੇ ਹਾਂ। ਦੋਬਾਰਾ ਦੱਸ ਦਈਏ ਕਿ ਜਿੰਨੇ ਵੱਧ ਵਲੰਟੀਅਰ ਸਾਨੂੰ ਮਿਲ਼ਦੇ ਜਾਣਗੇ, ਅਸੀਂ ਸੋਸ਼ਲ ਮੀਡਿਆ 'ਤੇ ਓਨੀਆਂ ਹੀ ਵੱਧ ਭਾਸ਼ਾਵਾਂ ਵਿੱਚ ਸਰਗਰਮ ਹੁੰਦੇ ਜਾਵਾਂਗੇ।

ਅਸੀਂ ਪਾਠਕਾਂ ਨੂੰ ਅਪੀਲ ਕਰਦੇ ਹਾਂ ਕਿ ਪਾਰੀ (PARI) ਦੇ ਕੰਮ ਨੂੰ ਹੋਰ ਵਧਾਉਣ ਲਈ ਵਲੰਟੀਅਰ ਦੇ ਰੂਪ ਵਿੱਚ ਆਪਣੀ ਕਿਰਤ-ਸ਼ਕਤੀ ਅਤੇ ਦਾਨ ਦੇ ਕੇ ਸਾਡੀ ਮਦਦ ਕਰਨ। ਖ਼ਾਸ ਕਰਕੇ, ਲੁਪਤ ਹੋ ਰਹੀਆਂ ਭਾਸ਼ਾਵਾਂ ਨੂੰ ਬਚਾਉਣ ਦੇ ਮੱਦੇਨਜ਼ਰ ਸਾਡੇ ਇਸ ਵੱਡੇ ਸੈਕਸ਼ਨ ਦੀ ਸ਼ੁਰੂਆਤ ਕਰਨ ਵਿੱਚ ਵੀ ਸਾਡੀ ਮਦਦ ਕਰਨ। ਸਾਡੀ ਸਮਝਇਹੀ ਹੋਣੀ ਚਾਹੀਦੀ ਹੈ ਕਿ: ਭਾਰਤ ਦੀ ਹਰੇਕ ਭਾਸ਼ਾ ਤੁਹਾਡੀ ਆਪਣੀ ਭਾਸ਼ਾ ਹੈ।

ਤਰਜਮਾ: ਕਮਲਜੀਤ ਕੌਰ

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought'.

Other stories by P. Sainath
Illustrations : Labani Jangi

Labani Jangi is a 2020 PARI Fellow, and a self-taught painter based in West Bengal's Nadia district. She is working towards a PhD on labour migrations at the Centre for Studies in Social Sciences, Kolkata.

Other stories by Labani Jangi
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur