ਕੇਹਲਿਆ ਵਸਾਵੇ ਮੱਛਰਦਾਨੀ ਲੱਗੀ ਚਾਰਪਾਈ 'ਤੇ ਪਿੱਠ ਪਰਨੇ ਲੇਟੇ ਹੋਏ ਹਨ ਅਤੇ ਪੀੜ੍ਹ, ਬੇਚੈਨੀ ਕਾਰਨ ਨੀਂਦ ਵਿੱਚ ਹੀ ਵਿਲ਼ਕ ਰਹੇ ਸਨ। ਉਨ੍ਹਾਂ ਦੀ ਬੇਚੈਨੀ ਨੂੰ ਦੇਖ ਕੇ ਉਨ੍ਹਾਂ ਦੀ 18 ਸਾਲਾ ਧੀ ਲੀਲਾ ਨੇ ਕਾਹਲੀ-ਕਾਹਲੀ ਉਨ੍ਹਾਂ ਦੇ ਪੈਰ ਮਲ਼ਣੇ ਸ਼ੁਰੂ ਕਰ ਦਿੱਤੇ ਤਾਂਕਿ ਉਨ੍ਹਾਂ ਨੂੰ ਕੁਝ ਰਾਹਤ ਮਿਲ਼ ਸਕੇ।
ਕਈ ਮਹੀਨਿਆਂ ਤੋਂ, ਉਹ ਪੂਰਾ ਪੂਰਾ ਦਿਨ ਉਸੇ ਮੰਜੇ 'ਤੇ ਲੇਟੇ ਰਹਿੰਦੇ ਹਨ- ਉਨ੍ਹਾਂ ਦੀ ਖੱਬੀ ਗੱਲ੍ਹ 'ਤੇ ਇੱਕ ਫੋੜਾ ਹੈ ਅਤੇ ਸੱਜੀ ਨਾਸ ਥਾਣੀ ਖਾਣਾ ਖੁਆਉਣ ਵਾਲ਼ੀ ਟਿਊਬ ਲੱਗੀ ਹੋਈ ਹੈ। ''ਉਹ ਬਹੁਤਾ ਹਿੱਲ-ਜੁੱਲ ਨਹੀਂ ਕਰਦੇ ਨਾ ਹੀ ਗੱਲ ਕਰਦੇ ਹਨ। ਫ਼ੋੜਾ ਦੁਖਦਾ ਵੀ ਹੈ,'' ਉਨ੍ਹਾਂ ਦੀ ਪਤਨੀ, 42 ਸਾਲਾ ਪੇਸਰੀ ਦੱਸਦੀ ਹਨ।
ਇਸ ਸਾਲ 21 ਜਨਵਰੀ ਨੂੰ, 45 ਸਾਲਾ ਕੇਹਲਿਆ ਨੂੰ ਉੱਤਰ-ਪੱਛਮੀ ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ਦੇ ਚਿੰਚਾਪਾੜਾ ਕ੍ਰਿਸ਼ਚਿਅਨ ਹਸਪਤਾਲ ਵਿੱਚ ਗੱਲ੍ਹ ਦੇ ਅੰਦਰੂਨੀ ਕੈਂਸਰ (ਬੁੱਕਲ ਮਿਊਕੋਸਾ/ਮੂੰਹ ਦੀ ਝਿੱਲੀ ਦਾ ਕੈਂਸਰ) ਦੀ ਤਸ਼ਖੀਸ ਹੋਈ ਸੀ।
ਉਨ੍ਹਾਂ ਦੀ ਬੀਮਾਰੀ- ਕੈਂਸਰ ਸਿਹਤ ਅਤੇ ਪਰਿਵਾਰ ਕਲਿਆਣਾ ਮੰਤਰਾਲੇ ਦੁਆਰਾ 45 ਤੋਂ 59 ਉਮਰ ਵਰਗ ਦੀ ਟੀਕਾ ਯੋਗਤਾ ਲਈ ਸੂਚੀਬੱਧ 20 ਗੰਭੀਰ ਬੀਮਾਰੀਆਂ ਵਿੱਚੋਂ ਇੱਕ ਸੀ, ਭਾਰਤ ਅੰਦਰ ਜਿਹਦੀ ਸ਼ੁਰੂਆਤ ਕੋਵਿਡ-19 ਟੀਕਾਕਰਨ ਦੇ ਦੂਸਰੇ ਪੜਾਅ ਵਿੱਚ, 1 ਮਾਰਚ ਤੋਂ ਕੀਤੀ ਗਈ ਸੀ। ਮੰਤਰਾਲੇ ਦੇ ਦਿਸ਼ਾ-ਨਿਰਦੇਸ਼ ਕਹਿੰਦੇ ਹਨ ਕਿ ਟੀਕਾਕਰਨ ''ਢੁੱਕਵੀਂ ਉਮਰ-ਸ਼੍ਰੇਣੀਆਂ ਦੇ ਨਾਗਰਿਕਾਂ ਲਈ, ਜਿਸ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ ਗੰਭੀਰ ਬੀਮਾਰੀਆਂ ਤੋਂ ਪੀੜਤ 45 ਤੋਂ 60 ਸਾਲ ਦੀ ਉਮਰ ਦੇ ਲੋਕ ਸ਼ਾਮਲ ਹਨ।'' (1 ਅਪ੍ਰੈਲ ਤੋਂ, 45 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਲਈ ਟੀਕਾਕਰਣ ਨੂੰ ਖੋਲ੍ਹ ਦਿੱਤਾ ਗਿਆ ਹੈ, ਭਾਵੇਂ ਉਨ੍ਹਾਂ ਨੂੰ ਕੋਈ ਗੰਭੀਰ ਬੀਮਾਰੀ ਹੋਵੇ ਜਾਂ ਨਾ ਹੋਵੇ)।
ਪਰ ਕੇਲਹਿਆ ਅਤੇ ਪੇਸਰੀ ਲਈ ਉਮਰ ਦੀ ਸੀਮਾ, ਗੰਭੀਰ ਬੀਮਾਰੀਆਂ ਦੀ ਸੂਚੀ ਜਾਂ ਵਿਸਤ੍ਰਿਤ ਯੋਗਤਾ/ਸਮਰੱਥਾ ਅਰਥਹੀਣੇ ਹਨ। ਵਸਾਵੇ ਪਰਿਵਾਰ, ਉਹ ਭੀਲ ਭਾਈਚਾਰੇ ਨਾਲ਼ ਸਬੰਧਤ ਹੈ, ਜੋ ਇੱਕ ਪਿਛੜਿਆ ਕਬੀਲਾ ਹੈ, ਟੀਕੇ ਦੀ ਵਰਤੋਂ ਕਰਨ ਵਿੱਚ ਸਮਰੱਥ ਨਹੀਂ ਹੈ। ਅਕਰਾਨੀ ਤਾਲੁਕਾ ਵਿੱਚ ਉਨ੍ਹਾਂ ਦੀ ਬਸਤੀ, ਕੁੰਭਾਰੀ ਤੋਂ ਨੇੜਲਾ ਟੀਕਾਕਰਨ ਕੇਂਦਰ, ਧੜਗਾਓਂ ਗ੍ਰਾਮੀਣ ਹਸਪਤਾਲ ਵੀ 20 ਕਿਲੋਮੀਟਰ ਦੂਰ ਹੈ। ''ਸਾਨੂੰ ਪੈਦਲ ਤੁਰਨਾ ਪੈਂਦਾ ਹੈ। ਕੋਈ ਹੋਰ ਚਾਰਾ ਵੀ ਤਾਂ ਨਹੀਂ ਨਹੀਂ ਹੈ,'' ਪੇਸਰੀ ਕਹਿੰਦੀ ਹਨ।
ਇਹ ਚੜ੍ਹਾਈ ਅਤੇ ਢਲਾਣ ਵਾਲ਼ੇ ਰਸਤੇ 'ਤੇ ਸਥਿਤ ਹੈ ਅਤੇ ਪੈਦਲ ਚਾਰ ਘੰਟੇ ਦੀ ਦੂਰੀ ਹੈ। ''ਉਨ੍ਹਾਂ ਨੂੰ ਬਾਂਸ ਅਤੇ ਚਾਦਰ ਦੀ ਡੋਲੀ (ਆਰਜ਼ੀ ਝੱਲੀਨੁਮਾ ਸਟ੍ਰੈਚਰ) ਰਾਹੀਂ ਕੇਂਦਰ ਤੱਕ ਲਿਜਾਣਾ ਸੰਭਵ ਨਹੀਂ ਹੈ,'' ਨੰਦੁਰਬਾਰ ਦੇ ਮੁੱਖ ਰੂਪ ਨਾਲ਼ ਆਦਿਵਾਸੀ ਜ਼ਿਲ੍ਹੇ ਦੇ ਪਹਾੜੀ ਇਲਾਕੇ ਵਿੱਚ ਆਪਣੀ ਮਿੱਟੀ ਦੇ ਘਰ ਦੀਆਂ ਪੌੜੀਆਂ 'ਤੇ ਬੈਠ ਪੇਸਰੀ ਕਹਿੰਦੀ ਹਨ।
''ਕੀ ਸਰਕਾਰ ਸਾਨੂੰ ਇੱਥੇ (ਸਥਾਨਕ ਪੀਐੱਚਸੀ, ਪ੍ਰਾਇਮਰੀ ਸਿਹਤ ਕੇਂਦਰ ਵਿਖੇ) ਟੀਕਾ ਨਹੀਂ ਲਾ ਸਕਦੀ? ਸਾਨੂੰ ਉੱਥੇ ਜਾ ਸਕਦੇ ਸਾਂ,'' ਪੇਸਰੀ ਕਹਿੰਦੀ ਹਨ। ਰੋਸ਼ਾਮਲ ਖੁਰਦ ਪਿੰਡ ਵਿੱਚ ਸਥਿਤ ਨੇੜਲੇ ਪੀਐੱਚਸੀ, ਉਨ੍ਹਾਂ ਦੇ ਘਰ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਹੈ।
ਰਾਜ ਟ੍ਰਾਂਸਪੋਰਟ ਦੀਆਂ ਬੱਸਾਂ ਪਹਾੜੀ ਧੜਗਾਓਂ ਇਲਾਕੇ ਦੇ ਅੰਦਰ ਨਹੀਂ ਚੱਲਦੀਆਂ, ਜਿਸ ਵਿੱਚ ਅਕਾਰਨੀ ਤਾਲੁਕਾ ਦੇ 165 ਪਿੰਡ ਅਤੇ ਬਸਤੀਆਂ ਅਤੇ ਕਰੀਬ 200,000 ਦੀ ਵਸੋਂ ਸ਼ਾਮਲ ਹੈ। ਧੜਗਾਓਂ ਗ੍ਰਾਮੀਣ ਹਸਪਤਾਲ ਦੇ ਨੇੜਲੇ ਡਿਪੂ ਤੋਂ ਬੱਸਾਂ ਨੰਦੁਰਬਾਰ ਦੇ ਹੋਰਨਾਂ ਹਿੱਸਿਆਂ ਵਿੱਚ ਅਤੇ ਉਸ ਤੋਂ ਵੀ ਅੱਗੇ ਜਾਂਦੀਆਂ ਹਨ। ''ਇੱਥੇ ਕੋਈ ਬੁਨਿਆਦੀ ਢਾਂਚਾ ਨਹੀਂ ਹੈ,'' ਨੰਦੁਰਬਾਰ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਗਣੇਸ਼ ਪਰਾੜਕੇ ਕਹਿੰਦੇ ਹਨ।
ਲੋਕ ਆਮ ਤੌਰ 'ਤੇ ਕਿਰਾਏ ਦੀਆਂ ਸਾਂਝੀ ਜੀਪਾਂ 'ਤੇ ਨਿਰਭਰ ਹਨ, ਪਰ ਉਹ ਬਹੁਤ ਵਿਰਲੇ ਹੀ ਚੱਲਦੀਆਂ ਹਨ ਅਤੇ ਇਲਾਕੇ ਦੇ ਅੰਦਰ ਕਿਤੇ ਵੀ ਦੋ-ਪਾਸੜ ਯਾਤਰਾ ਕਰਨੀ ਹੋਵੇ- ਇੱਕ ਪਿੰਡ ਤੋਂ ਦੂਜੇ ਪਿੰਡ ਤੱਕ, ਬਜ਼ਾਰ ਤੱਕ ਜਾਂ ਬੱਸ ਸਟੈਂਡ ਤੱਕ ਪ੍ਰਤੀ ਵਿਅਕਤੀ 100 ਰੁਪਏ ਕਿਰਾਇਆ ਲੱਗਦਾ ਹੈ।
ਪੇਸਰੀ ਅਤੇ ਉਨ੍ਹਾਂ ਦਾ ਟੱਬਰ ਇੰਨਾ ਕਿਰਾਇਆ ਨਹੀਂ ਦੇ ਸਕਦਾ। ਉਨ੍ਹਾਂ ਨੇ ਕੇਲਹਿਆ ਦੀ ਤਸ਼ਖੀਸ ਕਰਾਉਣ ਅਤੇ ਸ਼ੁਰੂਆਤੀ ਇਲਾਜ ਵਾਸਤੇ ਪਰਿਵਾਰ ਦੇ ਡੰਗਰ- ਇੱਕ ਬਲਦ, ਅੱਠ ਬੱਕਰੀਆਂ, ਸੱਤ ਮੁਰਗੀਆਂ ਨੂੰ ਵੇਚ (ਸਥਾਨਕ ਕਿਸਾਨ ਕੋਲ਼) ਦਿੱਤਾ। ਆਪਣੇ ਕੱਚੇ ਢਾਰੇ ਅੰਦਰ ਉਹ ਥਾਂ ਜਿੱਥੇ ਉਹ ਲੱਕੜ ਦੇ ਖੰਭਿਆਂ ਨਾਲ਼ ਡੰਗਰਾਂ ਨੂੰ ਬੰਨਿਆ ਕਰਦੀ ਸਨ, ਸੁੰਨਸਾਨ ਪਈ ਹੈ।
ਅਪ੍ਰੈਲ 2020 ਦੀ ਸ਼ੁਰੂਆਤ ਵਿੱਚ, ਕੇਲਹਿਆ ਨੇ ਆਪਣੀ ਖੱਬੀ ਗੱਲ੍ਹ 'ਤੇ ਇੱਕ ਗੰਢ ਦੇਖੀ ਸੀ। ਪਰ ਕੋਵਿਡ ਦੇ ਡਰੋਂ ਪਰਿਵਾਰ ਨੇ ਇਲਾਜ ਸਹਾਇਤਾ ਲੈਣ ਤੋਂ ਗੁਰੇਜ ਕੀਤਾ। ''ਅਸੀਂ ਕਰੋਨਾ ਕਰਕੇ ਹਸਪਤਾਲ ਜਾਣੋਂ ਡਰ ਰਹੇ ਸਾਂ। ਅਸੀਂ ਇਸ ਸਾਲ ਨਿੱਜੀ ਹਸਪਤਾਲ (ਜਨਵਰੀ 2021 ਵਿੱਚ, ਨਵਾਪੁਰ ਤਾਲੁਕਾ ਦੇ ਚਿੰਚਪਾੜਾ ਕ੍ਰਿਸ਼ਚਿਅਨ ਹਸਪਤਾਲ) ਗਏ ਕਿਉਂਕਿ ਗੰਢ ਵੱਡੀ ਹੋ ਰਹੀ ਸੀ ਅਤੇ ਉਸ ਵਿੱਚ ਪੀੜ੍ਹ ਵੀ ਰਹਿਣ ਲੱਗੀ ਸੀ,'' ਪੇਸਰੀ ਦੱਸਦੀ ਹਨ।
''ਮੈਂ ਸਾਰੇ ਜਾਨਵਰਾਂ ਨੂੰ 60,000 ਰੁਪਏ ਵਿੱਚ ਵੇਚ ਦਿੱਤਾ। ਸਰਕਾਰੀ ਹਸਪਤਾਲ ਦੀ ਬਜਾਇ, ਅਸੀਂ ਸੋਚਿਆ ਕਿ ਵੱਡੇ (ਨਿੱਜੀ) ਹਸਪਤਾਲ ਵਿਖੇ ਉਹ ਬੇਹਤਰ ਇਲਾਜ ਕਰਾ ਲੈਣਗੇ। ਅਸੀਂ ਸੋਚਿਆ ਕਿ ਸਾਨੂੰ ਪੈਸੇ ਤਾਂ ਖ਼ਰਚਣੇ ਪੈਣਗੇ ਪਰ ਇਲਾਜ ਵੀ ਚੰਗਾ ਮਿਲ਼ੇਗਾ। ਉੱਥੋਂ ਦੇ ਡਾਕਟਰਾਂ ਨੇ ਸਰਜਰੀ ਕਰਾਉਣੀ ਜ਼ਰੂਰੀ ਦੱਸੀ, ਪਰ ਹੁਣ ਸਾਡੇ ਕੋਲ਼ ਪੈਸਾ ਨਹੀਂ ਹੈ,'' ਉਹ ਅੱਗੇ ਕਹਿੰਦੀ ਹਨ।
ਉਨ੍ਹਾਂ ਦੇ ਅੱਠ ਮੈਂਬਰੀ ਪਰਿਵਾਰ ਵਿੱਚ ਉਨ੍ਹਾਂ ਦੀ ਧੀ ਲੀਲਾ, ਸਭ ਤੋਂ ਵੱਡਾ ਬੇਟਾ ਸੁਭਾਸ, ਜੋ 28 ਸਾਲਾਂ ਦਾ ਹੈ ਅਤੇ ਉਹਦੀ ਪਤਨੀ ਸੁਨੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ ਅਤੇ ਪੇਸਰੀ ਦਾ ਸਭ ਤੋਂ ਛੋਟਾ ਬੇਟਾ, 14 ਸਾਲਾ ਅਨਿਲ ਹੈ। ਇਹ ਪਰਿਵਾਰ ਮਾਨਸੂਨ ਦੌਰਾਨ ਤਿਰਛੀ ਢਲਾਣ ਵਾਲ਼ੇ ਇੱਕ ਏਕੜ ਦੇ ਖੇਤ ਵਿੱਚ ਆਪਣੀ ਵਰਤੋਂ ਵਾਸਤੇ ਸਾਲ ਵਿੱਚ ਦੋ ਜਾਂ ਤਿੰਨ ਕੁਵਿੰਟਲ ਜਵਾਰ ਉਗਾਉਂਦਾ ਹੈ। ''ਪਰ ਉਹ ਪੂਰਾ ਨਹੀਂ ਪੈਂਦਾ। ਸਾਨੂੰ (ਕੰਮ ਵਾਸਤੇ) ਬਾਹਰ ਜਾਣਾ ਪੈਂਦਾ ਹੈ।''
ਇਸਲਈ ਹਰ ਸਾਲ, ਉਹ ਅਤੇ ਕੇਹਲਿਆ ਅਕਤੂਬਰ ਵਿੱਚ ਫ਼ਸਲ ਦੀ ਵਾਢੀ ਤੋਂ ਬਾਅਦ ਪ੍ਰਵਾਸ ਕਰਦੇ ਸਨ ਅਤੇ ਨਰਮੇ ਦੇ ਖੇਤਾਂ ਵਿੱਚ ਕੰਮ ਕਰਨ ਲਈ ਗੁਜਰਾਤ ਜਾਂਦੇ ਸਨ। ਇਸ ਤੋਂ ਉਨ੍ਹਾਂ ਵਿੱਚੋਂ ਹਰੇਕ ਨੂੰ ਨਵੰਬਰ ਤੋਂ ਮਈ ਤੀਕਰ ਕਰੀਬ 200 ਦਿਨਾਂ ਦਾ ਕੰਮ ਮਿਲ਼ ਜਾਂਦਾ ਹੈ ਜਿਹਦੇ ਬਦਲੇ ਉਨ੍ਹਾਂ 200-300 ਰੁਪਏ ਦਿਹਾੜੀ ਮਿਲ਼ਦੀ ਹੈ। ਪਰ ਇਸ ਸੀਜ਼ਨ ਵਿੱਚ, ਮਹਾਂਮਾਰੀ ਦੇ ਕਾਰਨ, ਪਰਿਵਾਰ ਆਪਣੀ ਬਸਤੀ ਤੋਂ ਬਾਹਰ ਹੀ ਨਹੀਂ ਗਿਆ। ''ਅਤੇ ਹੁਣ ਉਹ ਬਿਸਤਰੇ ਨਾਲ਼ ਜੁੜੇ ਹਨ ਅਤੇ ਬਾਹਰ ਵਾਇਰਸ ਹੈ,'' ਪੇਸਰੀ ਕਹਿੰਦੀ ਹਨ।
ਉਨ੍ਹਾਂ ਦੀ ਬਸਤੀ, ਕੁੰਭਾਰੀ ਦੀ ਵਸੋਂ 660 (ਮਰਦਮਸ਼ੁਮਾਰੀ 2011) ਹੈ। ਸੁਨੀਤਾ ਪਟਲੇ, 36 ਸਾਲਾ ਆਸ਼ਾ ਵਰਕਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰਿਕਾਰਡ ਦੱਸਦੇ ਹਨ ਕਿ ਕੁੰਭਾਰ ਸਣੇ ਇਹ ਜਿਹੜੀਆਂ 10 ਬਸਤੀਆਂ ਨੂੰ ਕਵਰ ਕਰਦੀ ਹਨ, ਉਨ੍ਹਾਂ ਵਿੱਚ ਕੈਂਸਰ ਦਾ ਇੱਕੋ ਮਰੀਜ਼ ਕੇਹਲਿਆ ਹੀ ਹਨ। ਉਨ੍ਹਾਂ ਦਾ ਅਨੁਮਾਨ ਹੈ ਕਿ ਇਨ੍ਹਾਂ ਬਸਤੀਆਂ ਦੀ ਕੁੱਲ ਵਸੋਂ ਲਗਭਗ 5,000 ਹੈ ਅਤੇ ਅੱਗੇ ਕਹਿੰਦੀ ਹਨ,''ਸਾਡੇ ਕੋਲ਼ 45 ਸਾਲ ਤੋਂ ਉਤਾਂਹ ਦੇ ਲਗਭਗ 50 ਪੁਰਸ਼ ਅਤੇ ਔਰਤਾਂ ਹਨ, ਜੋ ਸਿੱਕਲ ਸੈੱਲ ਰੋਗ (ਲਾਲ ਲਹੂ ਕੋਸ਼ਿਕਾ ਦਾ ਵਿਕਾਰ, ਜੋ ਦਿਸ਼ਾ-ਨਿਰਦੇਸ਼ਾਂ ਵਿੱਚ ਸੂਚੀਬੱਧ 20 ਗੰਭੀਰ ਬੀਮਾਰੀਆਂ ਵਿੱਚੋਂ ਇੱਕ ਹੈ) ਤੋਂ ਪੀੜਤ ਹਨ ਅਤੇ ਕਰੀਬ 250 ਵਿਅਕਤੀ 60 ਤੋਂ ਵੱਧ ਉਮਰ ਦੇ ਹਨ।''
ਟ੍ਰਾਂਸਪੋਰਟ ਦੀ ਘਾਟ ਅਤੇ ਸੜਕਾਂ ਦੀ ਖ਼ਰਾਬ ਕੁਨੈਕਟੀਵਿਟੀ ਦਾ ਮਤਲਹ ਹੈ, ਉਨ੍ਹਾਂ ਵਿੱਚੋਂ ਕੋਈ ਵੀ ਟੀਕੇ ਵਾਸਤੇ ਧੜਗਾਓਂ ਗ੍ਰਾਮੀਣ ਹਸਪਤਾਲ ਜਾਣ ਵਿੱਚ ਸਮਰੱਥ ਨਹੀਂ ਹੈ। ''ਅਸੀਂ ਹਰੇਕ ਘਰ ਵਿੱਚ ਜਾ ਕੇ ਜਾਗਰੂਕਤਾ ਫ਼ੈਲਾ ਰਹੇ ਹਾਂ ਕਿ ਟੀਕਾਕਰਨ ਸ਼ੁਰੂ ਹੋ ਗਿਆ ਹੈ,'' ਸੁਨੀਤਾ ਕਹਿੰਦੀ ਹਨ,''ਪਰ ਕੇਂਦਰ ਤੱਕ ਪਹੁੰਚਣਾ ਹੀ ਖਾਲਾ ਜੀ ਦਾ ਵਾੜਾ ਨਹੀਂ।''
ਜ਼ਿਲ੍ਹੇ ਦੇ ਸਿਹਤ ਵਿਭਾਗ ਦੁਆਰਾ ਤਿਆਰ ਨੰਦੁਰਬਾਰ ਟੀਕਾਕਰਨ ਰਿਪੋਰਟ ਜ਼ਰੀਏ ਪਤਾ ਚੱਲਦਾ ਹੈ ਕਿ 20 ਮਾਰਚ ਤੱਕ, 60 ਸਾਲ ਤੋਂ ਉਤਾਂਹ ਦੇ 99 ਨਾਗਰਿਕਾਂ ਨੂੰ ਧੜਗਾਓਂ ਗ੍ਰਾਮੀਣ ਹਸਪਤਾਲ ਵਿਖੇ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਗਈ, ਜਦੋਂਕਿ 45 ਤੋਂ 60 ਸਾਲ ਦੀ ਉਮਰ ਵਰਗ ਵਾਲ਼ੇ ਗੰਭੀਰ ਬੀਮਾਰੀ ਤੋਂ ਪੀੜਤ ਸਿਰਫ਼ ਇੱਕੋ ਵਿਅਕਤੀ ਨੂੰ ਟੀਕਾ ਲਾਇਆ ਗਿਆ ਸੀ।
ਇਸ ਜ਼ਿਲ੍ਹੇ ਵਿੱਚ ਮਾਰਚ 2020 ਤੋਂ ਬਾਅਦ 20,000 ਤੋਂ ਵੱਧ ਪੌਜੀਟਿਵ ਮਾਮਲੇ ਦਰਜ ਕੀਤੇ ਗਏ ਸਨ, ਪਰ ਇੱਥੋਂ ਦੇ ਸ਼ਹਿਰੀ ਜਾਂ ਅਰਧ-ਸ਼ਹਿਰੀ ਇਲਾਕਿਆਂ ਵਿੱਚ ਸਥਾਪਤ ਟੀਕਾਕਰਨ ਕੇਂਦਰ ਦੇ ਕਾਰਨ ਹਾਲਤ ਵਿੱਚ ਕੁਝ ਕੁ ਸੁਧਾਰ ਹੋਇਆ ਹੈ: ਧੜਗਾਓਂ ਹਸਪਤਾਲ ਤੋਂ ਕਰੀਬ 45 ਕਿਲੋਮੀਟਰ ਦੂਰ, ਤਲੋੜਾ ਦੇ ਉਪ-ਵਿਭਾਗੀ ਹਸਪਤਾਲ ਵਿਖੇ 60 ਸਾਲ ਤੋਂ ਉਤਾਂਹ ਦੇ 1,279 ਲੋਕਾਂ ਨੂੰ ਪਹਿਲੀ ਖ਼ੁਰਾਕ ਮਿਲ਼ੀ (20 ਮਾਰਚ ਤੱਕ), ਜਦੋਂਕਿ ਗੰਭੀਰ ਬੀਮਾਰੀ ਵਾਲ਼ੇ 332 ਲੋਕਾਂ ਨੂੰ ਟੀਕਾ ਲਾਇਆ ਗਿਆ।
''ਬੀਹੜ ਆਦਿਵਾਸੀ ਇਲਾਕਿਆਂ ਵਿੱਚ ਟੀਕਾਕਰਨ ਨੂੰ ਲੈ ਕੇ ਲੋਕਾਂ ਦੀ ਪ੍ਰਤੀਕਿਰਿਆ ਕੋਈ ਬਹੁਤੀ ਵਧੀਆ ਨਹੀਂ ਹੈ,'' ਨੰਦੁਰਬਾਰ ਦੇ ਮੈਡੀਕਲ ਅਧਿਕਾਰੀ, ਡਾਕਟਰ ਨਿਤਿਨ ਬੋਰਕੇ ਕਹਿੰਦੇ ਹਨ। ''ਧੜਗਾਓਂ ਵਿੱਚ ਸੜਕ ਕੁਨੈਕਟੀਵਿਟੀ ਵਿੱਚ ਘਾਟ ਹੋਣਾ ਇੱਕ ਵੱਡਾ ਮਸਲਾ ਹੈ। ਇੱਥੋਂ ਦੇ ਪਿੰਡ ਅਤੇ ਬਸਤੀਆਂ ਟੀਕਾਕਰਨ ਕੇਂਦਰ ਤੋਂ ਕਾਫ਼ੀ ਦੂਰ ਹਨ।''
ਉਨ੍ਹਾਂ ਬੀਹੜ ਬਸਤੀਆਂ ਵਿੱਚੋਂ ਹੀ ਇੱਕ ਬਸਤੀ ਚਿਤਖੇੜੀ ਵੀ ਹੈ, ਜੋ ਪੇਸਰੀ ਦੀ ਬਸਤੀ ਤੋਂ ਕਰੀਬ 10 ਕਿਲੋਮੀਟਰ ਦੂਰ, ਨਰਮਦਾ ਨਦੀ ਦੇ ਕੰਢੇ ਹੈ। ਚਿਤਖੇੜੀ ਤੋਂ ਧੜਗਾਓਂ ਗ੍ਰਾਮੀਣ ਹਸਪਤਾਲ ਦਾ ਟੀਕਾਕਰਨ ਕੇਂਦਰ ਕਰੀਬ 25 ਕਿਲੋਮੀਟਰ ਤੋਂ ਥੋੜ੍ਹਾ ਵੱਧ ਹੀ ਦੂਰ ਹੈ।
ਇਸ ਬਸਤੀ ਵਿੱਚ, 85 ਸਾਲਾ ਸੋਨਯਾ ਪਟਲੇ, ਜੋ ਪਾਰਕਿੰਸੰਸ ਰੋਗ (ਦਿਮਾਗ਼ੀ ਵਿਕਾਰ ਜੋ ਤੁਰਦੇ ਵੇਲ਼ੇ ਕੰਬਣਾ, ਸਖਤਪਣ ਅਤੇ ਕਠਿਨਾਈ ਪੈਦਾ ਕਰਦਾ ਹੈ) ਤੋਂ ਪੀੜਤ ਹਨ, ਚਾਰਪਾਈ ਨਾਲ਼ ਜੁੜੇ ਆਪਣੇ ਨਸੀਬ ਨੂੰ ਫਿਟਕਾਂ ਪਾ ਰਹੇ ਹਨ। ''ਮੈਂ ਕੀ ਪਾਪ ਕੀਤਾ ਹੈ ਕਿ ਰੱਬ ਨੇ ਮੈਨੂੰ ਇਹ ਬੀਮਾਰੀ ਲਾ ਦਿੱਤੀ ਹੈ,'' ਉਹ ਚੀਕਾਂ ਮਾਰ ਕੇ ਵਿਲ਼ਕਦੇ ਹਨ। ਬਬਲੀ, ਉਨ੍ਹਾਂ ਦੀ ਪਤਨੀ, ਗਾਂ ਦੇ ਗੋਹੇ ਨਾਲ਼ ਲਿੰਬੀ ਜ਼ਮੀਨ 'ਤੇ ਡੱਠੀ ਮੰਜੀ ਦੇ ਨਾਲ਼ ਕਰਕੇ ਭੁੰਜੇ ਹੀ ਬੈਠੀ ਅਤੇ ਰੁਮਾਲ ਨਾਲ਼ ਉਨ੍ਹਾਂ ਦੀਆਂ ਅੱਖਾਂ ਪੂੰਝਦੀ ਹਨ। ਚਿਤਖੇੜੀ ਅੰਦਰ ਉੱਚੀ ਪਹਾੜੀ 'ਤੇ ਬਾਂਸ ਨਾਲ਼ ਬਣੀ ਇਸ ਝੌਂਪੜੀ ਵਿੱਚ ਉਨ੍ਹਾਂ ਦੇ ਪਤੀ ਕਰੀਬ 11 ਸਾਲਾਂ ਤੋਂ ਇਸ ਬੀਮਾਰੀ ਨਾਲ਼ ਜੂਝ ਰਹੇ ਹਨ।
ਪਰਿਵਾਰ ਆਦਿਵਾਸੀ ਭੀਲ ਭਾਈਚਾਰੇ ਨਾਲ਼ ਸਬੰਧ ਰੱਖਦਾ ਹੈ ਅਤੇ ਸੋਨਯਾ ਅਤੇ ਬਬਲੀ ਉਮਰ ਦੇ ਉਸ ਪੜਾਅ ਵਿੱਚ ਹਨ ਜੋ ਟੀਕਾ ਲਈ ਯੋਗ ਬਣਦੇ ਹਨ। ਪਰ, 82 ਸਾਲਾ ਬਬਲੀ ਕਹਿੰਦੀ ਹਨ,''ਅਸੀਂ ਦੋਵੇਂ ਬੁੱਢੇ ਹਾਂ ਅਤੇ ਮੇਰੇ ਪਤੀ ਬਿਸਤਰੇ ਨਾਲ਼ ਲੱਗੇ ਹੋਏ ਹਨ। ਦੱਸੋ ਸਾਨੂੰ ਟੀਕੇ ਦੀ ਖ਼ੁਸ਼ੀ ਹੋਵੇ ਵੀ ਕਿਉਂ ਜਦੋਂ ਅਸੀਂ ਲਵਾਉਣ ਹੀ ਨਹੀਂ ਜਾ ਸਕਦੇ?''
ਦੋਵੇਂ ਆਪਣੇ 50 ਸਾਲਾ ਬੇਟੇ ਹਾਨੂ ਅਤੇ ਨੂੰਹ ਗਰਜੀ ਦੀ ਕਮਾਈ 'ਤੇ ਨਿਰਭਰ ਹਨ- ਉਹ ਆਪਣੇ ਛੇ ਛੋਟੇ ਬੱਚਿਆਂ ਦੇ ਨਾਲ਼ ਬਾਂਸ ਦੀ ਬਣੀ ਛੋਟੀ ਜਿਹੀ ਝੌਂਪੜੀ ਵਿੱਚ ਉਨ੍ਹਾਂ ਦੇ ਨਾਲ਼ ਹੀ ਰਹਿੰਦੇ ਹਨ। ''ਹਾਨੂੰ ਆਪਣੇ ਪਿਤਾ ਨੂੰ ਇਸਨਾਨ ਕਰਾਉਂਦਾ ਹੈ, ਉਨ੍ਹਾਂ ਪਖ਼ਾਨੇ ਤੱਕ ਲੈ ਜਾਂਦਾ ਹੈ, ਉਨ੍ਹਾਂ ਨੂੰ ਚੁੱਕਦਾ ਹੈ, ਉਨ੍ਹਾਂ ਦੀ ਦੇਖਭਾਲ਼ ਕਰਦਾ ਹੈ,'' ਬਬਲੀ ਦੱਸਦੀ ਹਨ। ਉਨ੍ਹਾਂ ਦੇ ਚਾਰ ਹੋਰ ਵਿਆਹੁਤਾ ਬੇਟੇ ਅਤੇ ਤਿੰਨ ਧੀਆਂ (ਵਿਆਹੁਤਾ) ਦੂਸਰੀਆਂ ਬਸਤੀਆਂ ਵਿੱਚ ਰਹਿੰਦੇ ਹਨ।
ਹਾਨੂ ਅਤੇ ਗਰਜੀ ਹਫ਼ਤੇ ਵਿੱਚ ਤਿੰਨ ਦਿਨ, ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਨਰਮਦਾ ਨਦੀ ਵਿੱਚ ਮੱਛੀ ਫੜ੍ਹਦੇ ਹਨ। ''ਇੱਕ ਵਪਾਰੀ ਹਫ਼ਤੇ ਦੇ ਤਿੰਨ ਦਿਨ ਸਾਡੀ ਬਸਤੀ ਆਉਂਦਾ ਹੈ। ਉਹ ਇੱਕ ਕਿੱਲੋ (ਮੱਛੀ) ਬਦਲੇ 100 ਰੁਪਏ ਦਿੰਦਾ ਹੈ,'' ਗਰਜੀ ਦੱਸਦੀ ਹਨ। ਹਫ਼ਤੇ ਦੇ ਤਿੰਨ ਦਿਨ 2-3 ਕਿੱਲੋ ਮੱਛੀ ਫੜ੍ਹਨ ਨਾਲ਼, ਉਹ ਕਰੀਬ 3,600 ਰੁਪਏ ਕਮਾਉਂਦੇ ਹਨ। ਬਾਕੀ ਦਿਨਾਂ ਵਿੱਚ, ਹਾਨੂ ਧੜਗਾਓਂ ਦੇ ਭੋਜਨਾਲੇ ਵਿਖੇ ਸਫ਼ਾਈ-ਧੁਆਈ ਦਾ ਕੰਮ ਕਰਕੇ 300 ਰੁਪਏ ਦਿਹਾੜੀ ਕਮਾਉਂਦੇ ਹਨ ਅਤੇ ਗਰਜੀ ਖ਼ੇਤ ਮਜ਼ਦੂਰੀ ਕਰਕੇ 100 ਰੁਪਏ ਦਿਹਾੜੀ ਕਮਾਉਂਦੀ ਹਨ। ''ਸਾਨੂੰ ਦੋਵਾਂ ਨੂੰ ਮਹੀਨੇ ਦੇ 10-12 ਦਿਨ ਕੰਮ ਮਿਲ਼ ਜਾਂਦਾ ਹੈ, ਕਦੇ-ਕਦੇ ਉਹ ਵੀ ਨਹੀਂ ਮਿਲ਼ਦਾ,'' ਉਹ ਕਹਿੰਦੀ ਹਨ।
ਇਸਲਈ ਸੋਨਯਾ ਅਤੇ ਬਬਲੀ ਨੂੰ ਟੀਕਾਕਰਨ ਕੇਂਦਰ ਲਿਜਾਣ ਲਈ ਨਿੱਜੀ ਵਾਹਨ ਦਾ 2000 ਰੁਪਏ ਕਿਰਾਇਆ ਦੇਣਾ ਵੀ ਇੱਕ ਬਹੁਤ ਵੱਡਾ ਖ਼ਰਚਾ ਸਾਬਤ ਹੋਵੇਗਾ।
''ਸ਼ਾਇਦ ਇਹ ਇੰਜੈਕਸ਼ਨ ਸਾਡੇ ਲਈ ਚੰਗਾ ਹੋਵੇ। ਪਰ ਮੈਂ ਇਸ ਉਮਰ ਵਿੱਚ ਪੈਦਲ ਇੰਨਾ ਲੰਬਾ ਪੈਂਡਾ ਨਹੀਂ ਤੈਅ ਕਰ ਸਕਦੀ,'' ਬਬਲੀ ਕਹਿੰਦੀ ਹਨ। ਹਸਪਤਾਲ ਜਾਣ 'ਤੇ ਕੋਵਿਡ-19 ਸੰਕ੍ਰਮਣ ਦਾ ਵੀ ਖ਼ਤਰਾ ਹੈ। ''ਜੇ ਅਸੀਂ ਕਰੋਨਾ ਸੰਕ੍ਰਮਿਤ ਹੋ ਗਏ ਤਾਂ ਕੀ ਬਣੂ? ਅਸੀਂ ਕਿਤੇ ਨਹੀਂ ਜਾਣਾ, ਸਰਕਾਰ ਸਾਡੇ ਘਰੇ ਖ਼ੁਦ ਆਵੇ।''
ਉਸੇ ਪਹਾੜੀ ਬਸਤੀ ਵਿਖੇ, 89 ਸਾਲਾ ਡੇਲਯਾ ਵਸਾਵੇ, ਆਪਣੇ ਸਾਹਮਣੇ ਵਾਲ਼ੇ ਬਰਾਂਡੇ ਵਿੱਚ ਲੱਕੜ ਦੇ ਤਖ਼ਤਪੋਸ਼ 'ਤੇ ਬੈਠੇ ਹੋਏ ਹਨ ਅਤੇ ਮੂੰਹੋਂ ਇਹੀ ਖ਼ਦਸ਼ੇ ਦੁਹਰਾ ਰਹੇ ਹਨ। ''ਜੇ ਮੈਂ ਗਿਆ ਵੀ (ਟੀਕਾ ਲਵਾਉਣ) ਤਾਂ ਸਿਰਫ਼ ਗੱਡੀ ਰਾਹੀਂ ਹੀ ਜਾਊਂਗਾ, ਨਹੀਂ ਤਾਂ ਨਹੀਂ ਜਾਊਂਗਾ,'' ਉਹ ਦ੍ਰਿੜਤਾਪੂਰਵਕ ਕਹਿੰਦੇ ਹਨ।
ਉਨ੍ਹਾਂ ਦੀ ਨਜ਼ਰ ਕਮਜ਼ੋਰ ਪੈ ਰਹੀ ਹੈ ਅਤੇ ਉਹ ਆਪਣੇ ਆਸਪਾਸ ਦੀਆਂ ਚੀਜ਼ਾਂ ਨੂੰ ਪਛਾਣ ਨਹੀਂ ਪਾਉਂਦੇ। ''ਇੱਕ ਉਹ ਵੀ ਸਮਾਂ ਸੀ ਜਦੋਂ ਮੈਂ ਇਨ੍ਹਾਂ ਉੱਚੀਆਂ-ਨੀਵੀਆਂ ਪਹਾੜੀਆਂ 'ਤੇ ਮਜ਼ੇ ਨਾਲ਼ ਤੁਰਦਾ ਰਹਿੰਦਾ ਸਾਂ,'' ਉਹ ਚੇਤੇ ਕਰਦੇ ਹਨ। ''ਹੁਣ ਮੇਰੇ ਅੰਦਰ ਇੰਨਾ ਸਾਹ-ਸੱਤ ਹੀ ਨਹੀਂ ਅਤੇ ਨਾ ਹੀ ਮੈਂ ਸਾਫ਼-ਸਾਫ਼ ਦੇਖ ਪਾਉਂਦਾ ਹਾਂ।''
ਡੋਲਯਾ ਦੀ ਪਤਨੀ ਰੂਲਾ ਦੀ ਮੌਤ, ਪ੍ਰਸਵ ਦੌਰਾਨ ਦਰਪੇਸ਼ ਆਈਆਂ ਪੇਚੀਦਗੀਆਂ ਕਾਰਨ ਹੋ ਗਈ ਸੀ, ਉਦੋਂ ਉਹ ਸਿਰਫ਼ 35 ਸਾਲਾਂ ਦੀ ਹੀ ਸਨ। ਉਨ੍ਹਾਂ ਨੇ ਇਕੱਲਿਆਂ ਤਿੰਨ ਪੁੱਤਾਂ ਨੂੰ ਪਾਲ਼ਿਆ, ਉਹ ਸਾਰੇ ਨੇੜਲੀ ਇੱਕ ਬਸਤੀ ਵਿੱਚ ਆਪੋ-ਆਪਣੀਆਂ ਝੌਂਪੜੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਦਾ 22 ਸਾਲਾ ਪੋਤਾ, ਕਪਲੇਸ਼ ਉਨ੍ਹਾਂ ਦੇ ਨਾਲ਼ ਰਹਿੰਦਾ ਹੈ ਅਤੇ ਉਨ੍ਹਾਂ ਦੀ ਦੇਖਭਾਲ਼ ਕਰਦਾ ਹੈ ਅਤੇ ਪੈਸਾ ਕਮਾਉਣ ਖ਼ਾਤਰ ਮੱਛੀ ਫੜ੍ਹਨ ਦੇ ਕੰਮ 'ਤੇ ਨਿਰਭਰ ਹੈ।
ਚਿਤਖੇੜੀ ਵਿੱਚ, ਡੋਲਯਾ, ਸੋਨਯਾ ਅਤੇ ਬਬਲੀ ਸਣੇ 60 ਸਾਲ ਤੋਂ ਵੱਧ ਉਮਰ ਦੇ 15 ਵਿਅਕਤੀ ਹਨ, ਬਸਤੀ ਦੀ 34 ਸਾਲਾ ਆਸ਼ਾ ਵਰਕਰ, ਬੋਜੀ ਵਸਾਵੇ ਦੱਸਦੀ ਹਨ। ਮੈਂ ਜਦੋਂ ਮਾਰਚ ਦੇ ਅੱਧ ਵਿੱਚ ਬਸਤੀ ਦਾ ਦੌਰਾ ਕੀਤਾ ਤਾਂ ਉਨ੍ਹਾਂ ਵਿੱਚੋਂ ਕੋਈ ਵੀ ਟੀਕਾਕਰਨ ਕੇਂਦਰ ਨਹੀਂ ਗਿਆ ਸੀ। ''ਬਜ਼ੁਰਗਾਂ ਅਤੇ ਗੰਭੀਰ ਰੂਪ ਵਿੱਚ ਬੀਮਾਰ ਲੋਕਾਂ ਲਈ ਪੈਦਲ ਇੰਨੀ ਦੂਰੀ ਤੈਅ ਕਰਨਾ ਸੰਭਵ ਨਹੀਂ ਹੈ ਅਤੇ ਕਈ ਲੋਕ ਕਰੋਨਾ ਦੇ ਡਰੋਂ ਹਸਪਤਾਲ ਨਹੀਂ ਜਾਂਦੇ,'' ਬੋਜੀ ਕਹਿੰਦੀ ਹਨ, ਜਿਨ੍ਹਾਂ ਦਾ ਕੰਮ ਚਿਤਖੇੜੀ ਦੇ 94 ਘਰਾਂ ਵਿੱਚ 527 ਲੋਕਾਂ ਦੀ ਅਬਾਦੀ ਨੂੰ ਕਵਰ ਕਰਨਾ ਹੈ।
ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਅਤੇ ਲੋਕਾਂ ਦੇ ਆਵਾਗਮਨ ਵਿੱਚ ਸੁਧਾਰ ਕਰਨ ਲਈ, ਮਹਾਰਾਸ਼ਟਰ ਸਿਹਤ ਵਿਭਾਗ ਕਥਿਤ ਤੌਰ 'ਤੇ ਪੀਐੱਚਸੀ ਵਿਖੇ ਟੀਕਾਕਰਨ ਕਰਨ ਦੀ ਆਗਿਆ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਹ ਯੋਜਨਾ ਵੀ ਸਿਰਫ਼ ਇੰਟਰਨੈੱਟ ਕਵਰੇਜ ਵਾਲ਼ੇ ਇਲਾਕਿਆਂ ਵਿੱਚ ਹੀ ਸੰਭਵ ਹੋਵੇਗੀ, ਡਾਕਟਰ ਨਿਤਿਨ ਬੋਰਕੇ ਕਹਿੰਦੇ ਹਨ: ''ਟੀਕਾਕਰਨ ਕੇਂਦਰਾਂ ਨੂੰ ਕੋਵਿਨ ਪਲੇਟਫ਼ਾਰਮ 'ਤੇ ਆਨ-ਸਾਈਟ ਲਾਭਪਾਤਰੀ ਦਾ ਵੇਰਵਾ ਦਰਜ਼ ਕਰਨ ਅਤੇ ਕਿਊਯਾਰ ਕੋਡ-ਅਧਾਰਤ ਟੀਕਾਕਰਨ ਸਰਟੀਫਿਕੇਟ ਬਣਾਉਣ ਲਈ ਇੰਟਰਨੈੱਟ ਕੁਨੈਕਟੀਵਿਟੀ, ਕੰਪਿਊਟਰ, ਪ੍ਰਿੰਟਰ ਦੀ ਲੋੜ ਹੁੰਦੀ ਹੈ।''
ਧੜਗਾਓਂ ਇਲਾਕੇ ਦੇ ਅੰਦਰੂਨੀ ਹਿੱਸਿਆਂ ਵਿੱਚ, ਚਿਤਖੇੜੀ ਅਤੇ ਕੁੰਭਾਰੀ ਜਿਹੀਆਂ ਬਸਤੀਆਂ ਵਿੱਚ ਬਾਮੁਸ਼ਕਲ ਹੀ ਮੋਬਾਇਲ ਨੈੱਟਵਰਕ ਆਉਂਦਾ ਹੈ। ਇਸਲਈ ਇਨ੍ਹਾਂ ਬਸਤੀਆਂ ਵਿੱਚ ਜਾਂ ਉਹਦੇ ਕੋਲ਼ ਪੀਐੱਚਸੀ ਵਿਖੇ ਵੀ ਕੋਈ ਨੈੱਟਵਰਕ ਨਹੀਂ ਹੈ। ''ਇੱਥੋਂ ਤੱਕ ਕਿ ਕਾਲ ਕਰਨ ਲਈ ਵੀ ਕੋਈ ਉਪਲਬਧ ਨੈੱਟਵਰਕ ਨਹੀਂ ਹੈ, ਇੱਥੇ ਇੰਟਰਨੈੱਟ ਦੀ ਪਹੁੰਚ ਬਣਾਉਣ ਅਸੰਭਵ ਹੈ,'' ਰੋਸ਼ਾਮਲ ਪੀਐੱਚਸੀ ਦੇ ਡਾਕਟਰ ਸ਼ਿਵਾਜੀ ਪਵਾਰ ਕਹਿੰਦੇ ਹਨ।
ਪੇਸਰੀ ਨੇ ਇਨ੍ਹਾਂ ਅੜਿਕਿਆਂ ਕਾਰਨ ਹਾਰ ਮੰਨ ਲਈ ਹੈ। ''ਕੋਈ ਵੀ ਇੱਥੇ ਨਹੀਂ ਆਉਣਾ ਚਾਹੁੰਦਾ ਅਤੇ ਉਂਝ ਵੀ ਇਹ (ਕੋਵਿਡ ਟੀਕਾ) ਉਨ੍ਹਾਂ (ਕੇਹਲਿਆ ਦੇ) ਕੈਂਸਰ ਦਾ ਇਲਾਜ ਥੋੜ੍ਹੀ ਕਰ ਸਕਦਾ ਹੈ,'' ਉਹ ਕਹਿੰਦੀ ਹਨ। ''ਡਾਕਟਰ ਇਨ੍ਹਾਂ ਬੀਹੜ ਪਹਾੜੀਆਂ ਵਿੱਚ, ਸਾਡੀ ਸੇਵਾ ਕਰਨ, ਸਾਨੂੰ ਦਵਾਈਆਂ ਦੇਣ ਲਈ ਆਉਣਗੇ ਹੀ ਕਿਉਂ?''
ਤਰਜਮਾ: ਕਮਲਜੀਤ ਕੌਰ