ਸੰਪਾਦਕ ਦੀ ਟਿੱਪਣੀ:
ਭਾਰਤੀ ਨੌ-ਸੈਨਾ ਦੇ ਸਾਬਕਾ ਪ੍ਰਮੁੱਖ, ਐਡਮਿਰਲ ਲਕਸ਼ਮੀ ਨਰਾਇਣ ਰਾਮਦਾਸ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਦੀਆਂ ਸੀਮਾਵਾਂ 'ਤੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਗਣਤੰਤਰ ਦਿਵਸ ਪਰੇਡ ਕਰਨ ਦੀ ਨਾ ਸਿਰਫ਼ ਇਜਾਜ਼ਤ ਦੇਣ ਸਗੋਂ ਪਰੇਡ ਨੂੰ ਸੁਵਿਧਾਜਨਕ ਵੀ ਬਣਾਉਣ। ਸਰਕਾਰ ਦੇ ਨਾਲ਼-ਨਾਲ਼ ਪ੍ਰਦਰਸ਼ਨਕਾਰੀਆਂ ਨੂੰ ਦਿੱਤੇ ਗਏ ਇਸ ਵੀਡਿਓ ਸੁਨੇਹੇ ਵਿੱਚ, ਉਹ ਇਨ੍ਹਾਂ ਬਦਨਾਮ ਖੇਤੀ ਬਿੱਲਾਂ ਨੂੰ ਖ਼ਤਮ ਕਰਨ ਲਈ ਵੰਗਾਰ ਰਹੇ ਹਨ। ਅਤੇ ਕਿਸਾਨਾਂ ਨੂੰ ਕਹਿੰਦੇ ਹਨ ਕਿ ਉਹ ਉਦੋਂ ਹੀ ਘਰ ਵਾਪਸ ਮੁੜਨ "ਜਦੋਂ ਸਰਕਾਰ ਤਿੰਨੋਂ ਵਿਵਾਦਗ੍ਰਸਤ ਕਨੂੰਨਾਂ ਨੂੰ ਰੱਦ ਕਰਨ ਲਈ ਸਹਿਮਤ ਹੋ ਜਾਵੇ।"
ਰਾਸ਼ਟਰ ਨੂੰ ਜਗਾਉਣ ਵਾਸਤੇ ਪ੍ਰਦਰਸ਼ਨਕਾਰੀਆਂ ਨੂੰ ਵਧਾਈ ਦਿੰਦਿਆਂ ਹਥਿਆਰਬੰਦ ਬਲਾਂ ਦੇ ਇਸ ਤਮਗ਼ਿਆਂ ਨਾਲ਼ ਪੂਰੀ ਤਰ੍ਹਾਂ ਲੈਸ ਸਾਬਕਾ (ਬਜ਼ੁਰਗ) ਸੈਨਿਕ ਦਾ ਕਹਿਣਾ ਹੈ: "ਤੁਸੀਂ ਇਸ ਯੱਖ ਕਰ ਸੁੱਟਣ ਵਾਲੀ ਠੰਡ ਅਤੇ ਝੰਭ ਸੁੱਟਣ ਵਾਲੇ ਹਾਲਾਤਾਂ ਵਿੱਚ ਇੰਨੇ ਹਫ਼ਤਿਆਂ ਤੱਕ ਲਾਸਾਨੀ ਅਨੁਸ਼ਾਸਨ ਦਿਖਾਇਆ ਹੈ ਅਤੇ ਸ਼ਾਂਤੀ ਬਣਾਈ ਰੱਖੀ ਹੈ। ਮੈਨੂੰ ਭਰੋਸਾ ਹੈ ਕਿ ਤੁਸੀਂ ਸ਼ਾਂਤੀ ਅਤੇ ਅਹਿੰਸਾ ਦੇ ਰਾਹ 'ਤੇ ਤੁਰਦੇ ਰਹੋਗੇ।"