''ਪੂਰਾ ਸਮਾਂ ਕਿਸਾਨੀ ਕਰਨਾ ਤੇ ਉਸੇ ਦੇ ਸਿਰ 'ਤੇ ਢੁੱਕਵਾਂ ਪੈਸਾ ਕਮਾ ਸਕਣਾ ਹੁਣ ਸੰਭਵ ਹੈ ਭਲ਼ਾ?'', ਸੀ. ਜੇਯਾਬਲ ਸਵਾਲ ਪੁੱਛਦੇ ਹਨ। ਤਮਿਲਨਾਡੂ ਵਿਖੇ ਉਨ੍ਹਾਂ ਦੇ ਝੋਨੇ ਦੇ ਖੇਤਾਂ ਵਿੱਚ ਤੁਰਦੇ ਵੇਲ਼ੇ ਅਸੀਂ ਗੱਲਬਾਤ ਕਰ ਰਹੇ ਸਾਂ, ਉਨ੍ਹਾਂ ਨੇ ਬੋਹੜ ਦੇ ਰੁੱਖ ਹੇਠਾਂ ਬੈਠੇ ਇੱਕ ਝੁੰਡ ਵੱਲ ਇਸ਼ਾਰਾ ਕਰਦਿਆਂ ਕਿਹਾ,'' ਉਨ੍ਹਾਂ ਲੋਕ ਵੱਲ ਦੇਖ ਰਹੀ ਹੋ?'' ਗੱਲ ਜਾਰੀ ਰੱਖਦਿਆਂ ਕਹਿਣ ਲੱਗੇ,''ਉਨ੍ਹਾਂ ਵਿੱਚੋਂ ਕੋਈ ਵੀ ਸਿਰਫ਼ ਖੇਤੀ ਕਰਕੇ ਹੀ ਗੁਜ਼ਾਰਾ ਨਹੀਂ ਚਲਾ ਸਕਦਾ। ਉਨ੍ਹਾਂ ਵਿੱਚੋਂ ਕੋਈ ਟਰੈਕਟਰ ਚਲਾਉਂਦਾ ਹੈ, ਕੋਈ ਲਾਰੀਆਂ ਵਿੱਚ ਲੱਦ ਕੇ ਉਸਾਰੀ ਦੀਆਂ ਥਾਵਾਂ 'ਤੇ ਸਮਾਨ ਢੋਂਹਦਾ ਹੈ, ਤਾਂ ਕੋਈ ਬੇਕਰੀ ਚਲਾਉਂਦਾ ਹੈ ਅਤੇ ਮੈਂ ਖ਼ੁਦ ਇੱਥੋਂ 25 ਕਿਲੋਮੀਟਰ ਦੂਰ, ਮਦੁਰਈ ਦੇ ਇੱਕ ਹੋਟਲ ਵਿਖੇ ਤੈਰਾਕੀ ਸਿਖਾਉਣ ਜਾਂਦਾ ਹਾਂ।''
ਮਦੁਰਈ ਜ਼ਿਲ੍ਹੇ ਦੇ ਨਾਡੂਮੁਦਲਈਕੁਲਮ ਪਿੰਡ ਵਿਖੇ ਜੇਯਾਬਲ ਦੀ ਥੋੜ੍ਹੀ-ਬਹੁਤ ਪੈਲ਼ੀ ਹੈ। ਉਨ੍ਹਾਂ ਕੋਲ਼ 1.5 ਏਕੜ ਜ਼ਮੀਨ ਹੈ, ਜੋ ਉਨ੍ਹਾਂ ਨੂੰ ਆਪਣੇ ਪਿਤਾ, 75 ਸਾਲਾ ਚਿੰਨਤੇਵਰ ਪਾਸੋਂ ਵਿਰਸੇ ਵਿੱਚ ਮਿਲ਼ੀ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਟੇ 'ਤੇ ਦੋ ਜ਼ਮੀਨਾ ਲੈ ਰੱਖੀਆਂ ਹਨ। ਜੇਯਾਬਲ ਸਾਲ ਵਿੱਚ ਤਿੰਨ ਵਾਰੀ ਝੋਨੇ ਦੀ ਕਾਸ਼ਤ ਕਰਦੇ ਹਨ- ਇਹ ਇੱਕ ਅਜਿਹੀ ਫ਼ਸਲ ਹੈ ਜੋ ਸਦਾ ਮੰਗ ਵਿੱਚ ਬਣੀ ਰਹਿੰਦੀ ਹੈ ਅਤੇ ਕਦੇ-ਕਦਾਈਂ ਫ਼ਾਇਦਾ ਵੀ ਦੇ ਜਾਂਦੀ ਹੈ। ਉਹ ਪ੍ਰਤੀ ਏਕੜ ਦੇ ਹਿਸਾਬ ਨਾਲ਼ 20,000 ਰੁਪਏ ਖਰਚਾ ਕਰਦੇ ਹਨ, ਪਰ ਇਹਦੇ ਬਦਲੇ ਮੁਨਾਫ਼ਾ ਕਾਫ਼ੀ ਨਿਗੂਣਾ ਹੀ ਹੁੰਦਾ ਹੈ। ਇਸ ਵਾਸਤੇ ਵੀ ਜੇਯਾਬਲ ਅਤੇ ਉਨ੍ਹਾਂ ਦੀ ਪਤਨੀ ਨੂੰ 12 ਘੰਟੇ ਹੱਡ-ਭੰਨ੍ਹਵੀਂ ਮਿਹਨਤ ਕਰਨੀ ਪੈਂਦੀ ਹੈ। ਜੇ ਹਿਸਾਬ ਲਾਇਆ ਜਾਵੇ ਤਾਂ ਉਹ ਦੋਵੇਂ ਪ੍ਰਤੀ ਏਕੜ 'ਤੇ ਕੰਮ ਕਰਨ ਲਈ ਪ੍ਰਤੀ ਘੰਟਾ ਤੇ ਪ੍ਰਤੀ ਵਿਅਕਤੀ ਸਿਰਫ਼ 9.25 ਰੁਪਏ ਹੀ ਬਣਾ ਪਾਉਂਦੇ ਹਨ। ਜੇਯਾਬਲ ਸਵਾਲ ਪੁੱਛਦੇ ਹਨ,''ਫਿਰ ਤੁਸੀਂ ਹੀ ਦੱਸੋ ਮੇਰੇ ਬੇਟੇ ਇਹ ਕੰਮ ਕਿਉਂ ਕਰਨਾ ਚਾਹੁੰਣਗੇ?''
ਤਮਿਲਨਾਡੂ ਵਿਖੇ ਖੇਤੀਬਾੜੀ ਹੁਣ ਮਨਪਸੰਦ ਕਾਰੋਬਾਰ ਨਹੀਂ ਰਿਹਾ। ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ, ਸਾਲ 2001 ਤੋਂ 2011 ਦਰਮਿਆਨ ਕੁੱਲਵਕਤੀ ਕਿਸਾਨਾਂ ਦੀ ਗਿਣਤੀ ਵਿੱਚ 8.7 ਲੱਖ ਦੀ ਗਿਰਾਵਟ ਆਈ ਸੀ। ਕਰਜੇ ਕਾਰਨ ਕਈ ਕਿਸਾਨ ਪਲਾਇਨ ਕਰ ਗਏ ਜਾਂ ਉਨ੍ਹਾਂ ਨੂੰ ਆਪਣੀ ਜ਼ਮੀਨ ਤੋਂ ਹੀ ਹੱਥ ਧੋਣਾ ਪਿਆ। ਪਰ ਉਹ ਗਏ ਤਾਂ ਗਏ ਕਿੱਧਰ? ਮਰਦਮਸ਼ੁਮਾਰੀ ਵਿੱਚ ਹੀ ਇਹਦਾ ਜਵਾਬ ਮਿਲ਼ ਜਾਂਦਾ ਹੈ: ਉਸੇ ਦਹਾਕੇ ਵਿਖੇ ਰਾਜ ਵਿੱਚ ਖੇਤ ਮਜ਼ਦੂਰਾਂ ਦੀ ਗਿਣਤੀ ਵਿੱਚ 9.7 ਲੱਖ ਦਾ ਵਾਧਾ ਦੇਖਿਆ ਗਿਆ।
ਭਾਵੇਂਕਿ ਜੇਯਾਬਲ ਨੂੰ ਖੇਤੀ ਕਰਨੀ ਚੰਗੀ ਲੱਗਦੀ ਹੈ। ਇੱਥੋਂ ਦੀ ਮਿੱਟੀ ਨਾਲ਼ ਅਤੇ ਆਪਣੇ ਖੇਤਾਂ ਨਾਲ਼ ਉਨ੍ਹਾਂ ਨੂੰ ਇੱਕ ਲਗਾਅ ਹੈ। ਇਸ 36 ਸਾਲਾ ਕਿਸਾਨ ਨੂੰ ਆਪਣੇ ਪਿੰਡ ਅਤੇ ਨੇੜੇ-ਤੇੜੇ ਦੇ 5,000 ਏਕੜ ਦੇ ਖੇਤਾਂ 'ਤੇ ਮਾਣ ਹੈ। ਝੋਨੇ ਦੇ ਖੇਤਾਂ ਵਿੱਚ ਜੇਯਾਬਲ ਵਾਰਾਪੂ (ਵੱਟ) 'ਤੇ ਹੌਲ਼ੀ-ਹੌਲ਼ੀ ਆਪਣੇ ਨੰਗੇ ਪੈਰ ਟਿਕਾਉਂਦਿਆਂ ਵੀ ਤੇਜ਼ੀ ਨਾਲ਼ ਤੁਰ ਰਹੇ ਸਨ। ਮੈਂ ਉਨ੍ਹਾਂ ਵਾਂਗਰ ਤੇਜ਼ ਤੁਰਨ ਲਈ ਜੱਦੋਜਹਿਦ ਕਰ ਰਹੀ ਸਾਂ, ਪਰ ਗਿੱਲੀ ਵੱਟ ਤੋਂ ਤਿਲ਼ਕ ਗਈ ਅਤੇ ਮਸਾਂ ਹੀ ਬਚੀ। ਖੇਤਾਂ ਵਿੱਚ ਕੰਮੇ ਲੱਗੀਆਂ ਔਰਤਾਂ ਨੇ ਮੈਨੂੰ ਦੇਖਿਆ ਤੇ ਹੱਸਣ ਲੱਗੀਆਂ। ਅਜੇ ਸਵੇਰ ਦੇ ਸਿਰਫ਼ 11 ਹੀ ਵੱਜੇ ਹਨ, ਪਰ ਇਹ ਔਰਤਾਂ ਪਿਛਲੇ ਛੇ ਘੰਟਿਆਂ ਤੋਂ ਲਗਾਤਾਰ ਕੰਮ ਕਰ ਰਹੀਆਂ ਹਨ- ਪਹਿਲੇ ਤਿੰਨ ਘੰਟੇ ਘਰ ਦੇ ਕੰਮਾਂ ਵਿੱਚ ਅਤੇ ਬਾਕੀ ਤਿੰਨ ਘੰਟੇ ਖੇਤਾਂ ਵਿੱਚ ਨਦੀਨ ਪੁੱਟਦੀਆਂ ਰਹੀਆਂ ਹਨ।
ਇਹ ਭੂ-ਦ੍ਰਿਸ਼ ਕਿਸੇ ਵੀ ਤਮਿਲ ਫ਼ਿਲਮੀ ਗਾਣੇ ਲਈ ਬੜਾ ਵਧੀਆ ਰਹੂਗਾ। ਦਸੰਬਰ ਦੇ ਬੇਮੌਸਮੀ ਮੀਂਹ ਨੇ ਪਹਾੜੀਆਂ ਦੀ ਹਰਿਆਲੀ ਨੂੰ ਹੋਰ ਵਧਾ ਦਿੱਤਾ ਹੈ ਅਤੇ ਤਲਾਬਾਂ ਨੂੰ ਭਰ ਦਿੱਤਾ ਹੈ। ਹਰੇ ਹਰੇ ਰੁੱਖਾਂ 'ਤੇ ਬੈਠੇ ਚਿੱਟੇ ਬਗਲੇ ਚਿੱਟੇ ਫੁੱਲ ਹੀ ਜਾਪ ਰਹੇ ਹਨ। ਕਤਾਰਬੱਧ ਔਰਤਾਂ-ਲੱਕ ਦੂਹਰੇ ਕਰੀ ਝੋਨੇ ਦੀ ਪਨੀਰੀ ਬੀਜ ਰਹੀਆਂ ਹਨ- ਉਨ੍ਹਾਂ ਦੀ ਨਜ਼ਰ ਮਟਮੈਲ਼ੇ ਪਾਣੀ ਵਿੱਚ ਗੱਡੀ ਹੋਈ ਹੈ ਅਤੇ ਉਨ੍ਹਾਂ ਦੇ ਗਿੱਟੇ ਚਿੱਕੜ ਵਿੱਚ ਡੁੱਬੇ ਹੋਏ ਹਨ। ਉਹ ਬੜੀ ਤੇਜ਼ੀ ਨਾਲ਼ ਝੋਨੇ ਦੀਆਂ ਹਰੀਆਂ ਕਰੂੰਬਲਾਂ ਨੂੰ ਜ਼ਮੀਨ ਵਿੱਚ ਗੱਡੀ ਜਾਂਦੀਆਂ ਅੱਗੇ ਵੱਧ ਰਹੀਆਂ ਹਨ। ਇੰਨੇ ਸਮੇਂ ਵਿੱਚ ਉਨ੍ਹਾਂ ਨੇ ਇੱਕ ਵਾਰੀ ਵੀ ਆਪਣੀ ਪਿੱਠ ਸਿੱਧੀ ਨਹੀਂ ਕੀਤੀ।
ਸਖ਼ਤ ਮਿਹਨਤ ਹੀ ਕਾਫ਼ੀ ਨਹੀਂ। ਜੇਯਾਬਲ ਕਹਿੰਦੇ ਹਨ,''ਨਵੀਂ ਕਿਸਮਾਂ ਵੀ ਅਜ਼ਮਾ ਕੇ ਦੇਖਣ ਦੀ ਲੋੜ ਹੁੰਦੀ ਹੈ, ਕੁਝ ਖ਼ਤਰੇ ਮੁੱਲ ਲੈਣੇ ਹੀ ਪੈਂਦੇ ਹਨ। ਚਾਰ ਸਾਲ ਪਹਿਲਾਂ, ਮੈਂ ਇੱਕ ਖ਼ਤਰਾ ਮੁੱਲ ਲਿਆ ਤੇ ਛੋਟੇ ਦਾਣਿਆਂ ਵਾਲ਼ਾ 'ਅਕਸ਼ਯਾ' ਝੋਨਾ ਬੀਜ ਦਿੱਤਾ। ਮੈਨੂੰ ਪ੍ਰਤੀ ਏਕੜ ਚੌਲ਼ਾਂ ਦੀਆਂ 35 ਬੋਰੀਆਂ ਦਾ ਝਾੜ ਮਿਲ਼ਿਆ ਅਤੇ ਇੱਕ ਬੋਰੀ 1,500 ਰੁਪਏ ਵਿੱਚ ਵਿਕੀ। ਪਰ,'' ਉਹ ਹੱਸਣ ਲੱਗਦੇ ਹਨ,''ਜਿਓਂ ਹੀ ਮੈਂ ਝੋਨੇ ਦੀ ਇਹੀ ਕਿਸਮ ਬੀਜਣੀ ਸ਼ੁਰੂ ਕੀਤੀ, ਦੇਖੋ-ਦੇਖੀ ਹਰ ਕੋਈ ਬੀਜਣ ਲੱਗਿਆ। ਜ਼ਾਹਰ ਹੈ ਕੀਮਤਾਂ ਡਿੱਗਣ ਲੱਗੀਆਂ।'' ਜੇਯਾਬਲ ਨੂੰ ਉਮੀਦ ਹੈ ਕਿ ਇਸ ਵਾਰ ਝੋਨੇ ਦੀ ਚੰਗੀ ਕੀਮਤ ਮਿਲ਼ੇਗੀ। ਇਸ ਸਾਲ ਬੇਮੌਸਮੀ ਅਤੇ ਭਾਰੀ ਮੀਂਹ ਪੈਣ ਕਾਰਨ ਪੂਰੇ ਰਾਜ ਅੰਦਰ ਫ਼ਸਲ ਤਬਾਹ ਹੋਈ ਹੈ, ਇਸਲਈ ਝੋਨੇ ਦੀ ਕੀਮਤ ਵੱਧ ਗਈ ਹੈ।
ਘਰ ਮੁੜਦੇ ਵੇਲ਼ੇ, ਜੇਯਾਬਲ ਮੀਂਹ, ਪਾਣੀ, ਸੂਰਜ, ਮਿੱਟੀ, ਗਾਵਾਂ ਅਤੇ ਕੰਮਾ (ਤਲਾਬਾਂ) ਬਾਰੇ ਗੱਲ ਕਰਦੇ ਹਨ। ਉਨ੍ਹਾਂ ਦਾ ਭੋਜਨ ਅਤੇ ਨਸੀਬ ਤੱਤਾਂ (ਖਾਦ/ਮਿੱਟੀ ਵਿਚਲੇ) ਦੁਆਰਾ ਤੈਅ ਹੁੰਦਾ ਹੈ। ਨੌ ਕਿਲੋਮੀਟਰ ਦੂਰੀ 'ਤੇ ਪੈਂਦੇ ਚੇਕਾਨੁਰਾਨੀ ਕਸਬੇ ਦੀ ਇੱਕ ਦੁਕਾਨ, ਜਿੱਥੋਂ ਉਹ ਬੀਜ ਅਤੇ ਖਾਦ ਖਰੀਦਦੇ ਹਨ, ਤੋਂ ਉਨ੍ਹਾਂ ਦੀਆਂ ਫ਼ਸਲਾਂ ਦੀਆਂ ਕਿਸਮਾਂ ਤੈਅ ਹੁੰਦੀਆਂ ਹਨ। ਜਦੋਂ ਉਨ੍ਹਾਂ ਨੇ ਹੋਟਲ ਦੀ ਸਵੀਮਿੰਗ ਪੂਲ ਦੀ ਡਿਊਟੀ 'ਤੇ ਨਹੀਂ ਜਾਣਾ ਹੁੰਦਾ ਤਾਂ ਉਹ ਪੂਰਾ ਦਿਨ ਖੇਤਾਂ ਵਿੱਚ ਛਾਂਟੀ, ਸਿੰਚਾਈ, ਛਿੜਕਾਅ, ਚਰਾਈ ਜਿਹੇ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ।
ਹਫ਼ਤੇ ਵਿੱਚ ਛੇ ਦਿਨ ਅਤੇ ਹਰ ਦਿਨ ਨੌ ਘੰਟਿਆਂ ਲਈ, ਜੇਯਾਬਲ ਮਦੁਰਈ ਦੇ ਹੋਟਲ ਵਿਖੇ ਆਧੁਨਿਕਤਾ ਨਾਲ਼ ਲੈਸ ਇੱਕ ਅੱਡ ਹੀ ਦੁਨੀਆ ਵਿੱਚ ਵਿਚਰ ਰਹੇ ਹੁੰਦੇ ਹਨ। ਉਹ ਦੱਸਦੇ ਹਨ,''ਮੈਂ ਹਰ ਰੋਜ਼ ਸਵੇਰੇ ਇੱਕ-ਦੋ ਘੰਟੇ ਖੇਤਾਂ ਵਿੱਚ ਕੰਮ ਕਰਦਾ ਹਾਂ। ਜੇ ਹੋਟਲ ਵਿਖੇ ਮੇਰੀ ਡਿਊਟੀ (ਸਵੇਰੇ 8 ਤੋਂ 5 ਵੀ ਹੋਵੇ) ਸਾਜਰੇ ਹੁੰਦੀ ਹੋਵੇ ਤਾਂ ਮੈਂ ਖੇਤ ਵਿੱਚੋਂ ਹੀ ਆਪਣੀ ਬਾਈਕ 'ਤੇ ਸਵਾਰ ਹੋ ਡਿਊਟੀ ਚਲਾ ਜਾਂਦਾ ਹਾਂ। ਸਵੇਰ ਦਾ ਨਾਸ਼ਤਾ ਕਰਨ ਦਾ ਸਮਾਂ ਹੀ ਕਿੱਥੇ ਮਿਲ਼ਦਾ?'' ਹੋਟਲ ਪੁੱਜਣ 'ਤੇ ਜੇਯਾਬਲ ਕੰਮ ਕਰਨ ਲਈ ਪਹਿਨੀ ਜਾਣ ਵਾਲ਼ੀ ਯੂਨੀਫਾਰਮ- ਪੈਂਟ ਤੇ ਸ਼ਰਟ- ਪਾ ਕੇ ਹੋਟਲ ਵਿਖੇ ਆਉਂਦੇ ਮਹਿਮਾਨਾਂ ਦੀ ਤੈਰਨ ਵਿੱਚ ਮਦਦ ਕਰਨ ਲਈ ਸੋਹਣੇ ਤੇ ਸ਼ਾਨਦਾਰ ਸਵੀਮਿੰਗ ਪੂਲ ਦੇ ਨੇੜੇ ਖੜ੍ਹੇ ਹੋ ਜਾਂਦੇ ਹਨ। ਹੋਟਲ ਵਿੱਚ ਕੰਮ ਕਰਦੇ-ਕਰਦੇ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਵੀ ਸਿੱਖ ਲਈ ਹੈ ਅਤੇ ਉਹ ਵਿਦੇਸ਼ੀ ਮਹਿਮਾਨਾਂ ਨੂੰ ਅੰਗਰੇਜ਼ੀ ਵਿੱਚ ਮਦੁਰਈ ਬਾਰੇ ਜਾਣਕਾਰੀ ਦਿੰਦੇ ਹਨ। ਉਨ੍ਹਾਂ ਨੂੰ ਇਹ ਕੰਮ ਪਸੰਦ ਹੈ ਅਤੇ ਇਸ ਤੋਂ ਮਿਲ਼ਦੀ 10,000 ਰੁਪਏ ਤਨਖ਼ਾਹ ਉਨ੍ਹਾਂ ਲਈ ਬੜੀ ਮਦਦਗਾਰ ਰਹਿੰਦੀ ਹੈ। ਉਨ੍ਹਾਂ ਲਈ ਹੁਣ ਕਿਸੇ ਖੇਡ ਨਾਲ਼ ਜੁੜੇ ਰਹਿਣ ਦਾ ਸਿਰਫ਼ ਇਹੀ ਇੱਕੋ-ਇੱਕ ਵਸੀਲਾ ਹੈ। ਕੁਝ ਦਹਾਕੇ ਪਹਿਲਾਂ ਤੱਕ ਖੇਡ ਹੀ ਜੇਯਾਬਲ ਲਈ ਸਾਰਾ ਕੁਝ ਸੀ।
ਮਦੁਰਈ ਸ਼ਹਿਰ ਜਲੀਕੱਟੂ (ਸਾਂਡ 'ਤੇ ਕਾਬੂ ਪਾਉਣ ਦੀ ਖੇਡ) ਦੇ ਲਈ ਮਸ਼ਹੂਰ ਹੈ। ਜੇਯਾਬਲ ਇਸ ਖੇਡ ਦੇ ਚੈਂਪੀਅਨ ਸਨ। ਉਨ੍ਹਾਂ ਨੇ ਕਬੱਡੀ, ਡਿਸਕਸ ਥ੍ਰੋ ਅਤੇ ਸ਼ਾਟ-ਪੁੱਟ ਦੇ ਮੁਕਾਬਲਿਆਂ ਵਿੱਚ ਵੀ ਜਿੱਤ ਹਾਸਲ ਕੀਤੀ ਸੀ। ਘਰੇ ਉਨ੍ਹਾਂ ਦੀ ਪਤਨੀ ਪੋਧੁਮਣੀ ਉਨ੍ਹਾਂ ਨੂੰ ਮਿਲ਼ੇ ਸਾਰੇ ਸਰਟੀਫ਼ਿਕੇਟ ਲੈ ਆਉਂਦੀ ਹਨ। ਘਰ ਦਾ ਸਾਹਮਣੇ ਵਾਲ਼ਾ ਕਮਰਾ ਕਾਫ਼ੀ ਵੱਡਾ ਅਤੇ ਚੌਰਸ ਬਣਿਆ ਹੈ ਅਤੇ ਇੱਕ ਛੋਟੀ, ਮਿੱਟੀ ਦੀ ਕੰਧ ਉਸਾਰ ਕੇ ਰਸੋਈ ਅਤੇ ਬੈਠਕ ਦੇ ਕਮਰਿਆਂ ਦੀ ਵੰਡ ਕੀਤੀ ਗਈ ਹੈ। ਅਟਾਰੀ ਵਿੱਚ ਕੱਪੜੇ, ਥੈਲੀਆਂ ਅਤੇ ਚਾਰਾ ਰੱਖਿਆ ਹੈ। ਕੰਧਾਂ 'ਤੇ 2002 ਵਿੱਚ ਹੋਏ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਲੱਗੀਆਂ ਹਨ।
ਜੇਯਾਬਲ ਆਪਣੇ ਸਾਰੇ ਖੇਡ ਪੁਰਸਕਾਰਾਂ ਦੀ ਸੂਚੀ ਦੱਸਦੇ ਹਨ। ''ਸੋਨੇ ਦਾ ਸਿੱਕਾ, ਕੁਤੁਵਿਲੱਕੂ (ਰਵਾਇਤੀ ਦੀਵਾ), ਟੀਵੀ, ਸਾਈਕਲ ਅਤੇ ਉਹ ਚੱਕੀ ਵੀ ਜਿਸ 'ਤੇ ਤੁਸੀਂ ਢੋਅ ਲਾਈ ਹੋਈ ਹੈ, ਵੀ ਮੈਂ ਖੇਡਾਂ ਵਿੱਚ ਜਿੱਤੇ ਹਨ।'' ਪਰ 2003 ਅਤੇ 2007 ਦਰਮਿਆਨ ਪਏ ਸੋਕੇ ਦੇ ਕਾਰਨ,''ਨਾ ਘਰੇ ਅਨਾਜ ਸੀ, ਨਾ ਪੈਸਾ। ਮੇਰੇ ਸਿਰ ਪਤਨੀ ਅਤੇ ਦੋ ਛੋਟੇ ਬੱਚਿਆਂ ਦੀ ਜ਼ਿੰਮੇਦਾਰੀ ਸੀ। ਮੈਂ ਮਜ਼ਦੂਰੀ ਕਰਨ ਲੱਗਿਆ। ਫਿਰ 2008 ਵਿੱਚ, ਮੈਂ ਜੱਦੀ ਪੇਸ਼ੇ ਵੱਲ ਮੁੜਿਆ ਅਤੇ ਦੋਬਾਰਾ ਖੇਤੀ ਕਰਨ ਲੱਗਿਆ।'' ਉਸੇ ਸਾਲ ਜੇਯਾਬਲ ਨੇ ਹੋਟਲ ਵਿੱਚ ਵੀ ਤੈਰਾਕੀ ਸਿਖਾਉਣ ਦਾ ਕੰਮ ਫੜ੍ਹ ਲਿਆ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਦੋਵੇਂ ਕੰਮ ਕੁੱਲਵਕਤੀ ਹਨ। ''ਸਿਰਫ਼ ਇੱਕ ਕੰਮ ਕਰਕੇ ਗੁਜ਼ਾਰਾ ਚਲਾਉਣਾ ਸੰਭਵ ਨਹੀਂ।''
ਪੁਰਸ਼ ਮਜ਼ਦੂਰ ਜੇਯਾਬਲ ਨੂੰ ਉਨ੍ਹਾਂ ਦੀ ਮਿਹਨਤ ਦਾ ਪੈਸਾ ਨਕਦ ਮਿਲ਼ ਜਾਂਦਾ ਹੈ। ਪੋਧੁਮਣੀ ਨੂੰ ਲੰਬੀ ਦਿਹਾੜੀ ਲਾਉਣ ਦੇ ਬਾਵਜੂਦ ਵੀ ਘੱਟ ਪੈਸੇ ਮਿਲ਼ਦੇ ਹਨ। ਜੇਯਾਬਲ ਦੀ 70 ਸਾਲਾ ਮਾਂ ਕੰਨਾਮਲ ਸਣੇ ਪਿੰਡ ਦੀਆਂ ਬਹੁਤੇਰੀਆਂ ਔਰਤਾਂ ਵਾਂਗਰ ਉਹ ਵੀ ਦਿਨ ਵਿੱਚ ਕਈ ਸ਼ਿਫਟਾਂ ਵਿੱਚ ਕੰਮ ਕਰਦੀ ਹਨ। ਉਨ੍ਹਾਂ ਦੇ ਕੰਮ ਦੀ ਸ਼ੁਰੂਆਤ ਸਾਜਰੇ 5 ਵਜੇ ਘਰ ਵਿੱਚ ਹੀ ਹੋ ਜਾਂਦੀ ਹੈ। ਇਸ ਤੋਂ ਬਾਅਦ, ਸਵੇਰੇ 8 ਤੋਂ ਦੁਪਹਿਰ 3 ਵਜੇ ਤੱਕ ਖੇਤ ਵਿੱਚ ਕੰਮ ਕਰਦੀ ਹਨ। ਦੁਪਹਿਰ ਦਾ ਭੋਜਨ ਕਾਫ਼ੀ ਦੇਰ ਨਾਲ਼ ਖਾਣ ਤੋਂ ਬਾਅਦ, ਉਹ ਡੰਗਰਾਂ ਲਈ ਚਾਰੇ ਲਈ ਪੱਠੇ (ਘਾਹ) ਤੇ ਬਾਲਣ ਲਿਆਉਣ ਚਲੀ ਜਾਂਦੀ ਹਨ। ਉਹ ਗਊ-ਸ਼ਾਲਾ ਸਾਫ਼ ਕਰਦੀ ਹਨ, ਗਾਵਾਂ-ਮੱਝਾਂ ਦਾ ਦੁੱਧ ਚੋਂਦੀ ਹਨ ਤੇ ਫਿਰ ਬੱਕਰੀਆਂ ਨੂੰ ਚਰਾਉਣ ਲੈ ਜਾਂਦੀ ਹਨ। ਇਨ੍ਹਾਂ ਸਭ ਤੋਂ ਬਾਅਦ ਹੁਣ ਫਿਰ ਤੋਂ ਰਸੋਈ ਦਾ ਕੰਮ ਕਰਨਾ ਹੁੰਦਾ ਹੈ। ਜੇਯਾਬਲ ਬੜੇ ਪਿਆਰ ਨਾਲ਼ ਕਹਿੰਦੇ ਹਨ,''ਉਹਦੇ ਸਾਥ ਦੇ ਬਗ਼ੈਰ ਮੈਂ ਦੋ-ਦੋ ਨੌਕਰੀਆਂ ਕਿੱਥੇ ਕਰ ਸਕਦਾ ਸਾਂ, ਇੰਝ ਘਰ ਚਲਾਉਣਾ ਮੁਸ਼ਕਲ ਹੋ ਜਾਂਦਾ।''
ਨਾਡੂਮੁਦਲਈਕੁਲਮ ਵਿਖੇ ਔਰਤਾਂ ਲਈ ਕਮਾਈ ਦੇ ਕੰਮ ਵਿਰਲੇ ਹੀ ਬਚੇ ਹਨ। ਪਿੰਡ ਦੀ 1,500 ਵਸੋਂ ਵਿੱਚੋਂ ਬਾਲਗ਼, ਮੁੱਖ ਤੌਰ 'ਤੇ ਖੇਤੀ ਕਰਦੇ ਹਨ। ਪਰ ਬੱਚਿਆਂ ਦੇ ਇਰਾਦੇ ਕੁਝ ਹੋਰ ਹੀ ਹਨ। ਉਹ ਪੜ੍ਹ-ਲਿਖ ਕੇ ਨੌਕਰੀਆਂ ਕਰਨੀਆਂ ਚਾਹੁੰਦੇ ਹਨ। ਮਾਪਿਆਂ ਦੇ ਮੁਸ਼ਕਲ ਜੀਵਨ ਅਤੇ ਬੇਹੱਦ ਘੱਟ ਆਮਦਨੀ ਨੂੰ ਦੇਖਦਿਆਂ ਹੋਇਆਂ ਉਹ ਖੇਤੀ-ਕਿਸਾਨੀ ਨੂੰ ਪੇਸ਼ੇ ਵਜੋਂ ਅਪਣਾਉਣਾ ਨਹੀਂ ਚਾਹੁੰਦੇ। ਖੇਤ ਮਜ਼ਦੂਰਾਂ ਨੂੰ 100 ਰੁਪਏ ਦਿਹਾੜੀ ਮਿਲ਼ਦੀ ਹੈ। ਤੁਸੀਂ ਮਨਰੇਗਾ ਤਹਿਤ 140 ਰੁਪਏ ਕਮਾ ਸਕਦੇ ਹੋ। ਪਰ ਉਹ ਕੰਮ ਵੀ ਬੜਾ ਮੁਸ਼ਕਲ ਹੀ ਮਿਲ਼ਦਾ ਹੈ ਅਤੇ ਮਿਲ਼ਦਾ ਵੀ ਅਕਸਰ ਗ਼ਲਤ ਸਮੇਂ 'ਤੇ ਹੈ। ਜੇਯਾਬਲ ਸ਼ਿਕਾਇਤ ਕਰਦੇ ਹਨ,''ਉਹ ਬਿਜਾਈ ਅਤੇ ਵਾਢੀ ਦੇ ਸੀਜ਼ਨ ਵਿੱਚ ਕੰਮ ਦਿੰਦੇ ਹਨ। ਉਦੋਂ ਕਾਫ਼ੀ ਮਜ਼ਦੂਰ ਨਹੀਂ ਹੁੰਦੇ। ਸਾਨੂੰ ਬਹੁਤੇ ਪੈਸੇ ਅਤੇ ਚਾਹ-ਵੜੇ ਦਾ ਨਾਸ਼ਤੇ ਦਾ ਲਾਲਚ ਦੇ ਕੇ ਮਜ਼ਦੂਰਾਂ ਨੂੰ ਮਨਾਉਣਾ ਪੈਂਦਾ ਹੈ।''
''ਕਰਜਾ ਚੁੱਕਣਾ ਤਾਂ ਬੜਾ ਸੌਖ਼ਾ ਹੈ,'' ਦੋਪਹੀਏ ਵਾਹਨ 'ਤੇ ਸਵਾਰ ਹੋ ਪਿੰਡ ਦਾ ਚੱਕਰ ਲਾਉਂਦਿਆਂ ਹੋਇਆਂ ਜੇਯਾਬਲ ਮੈਨੂੰ ਦੱਸਦੇ ਹਨ। ਇੱਕ ਵਾਰ ਫ਼ਸਲ ਖ਼ਰਾਬ ਹੋਈ ਤਾਂ ਸਮਝੋ ਕਿ ਲਾਇਆ ਪੈਸਾ ਡੁੱਬ ਗਿਆ। ਰੋਜ਼ਮੱਰਾ ਦੇ ਖਰਚਿਆਂ, ਅਚਾਨਕ ਹੋਏ ਨੁਕਸਾਨ ਕਾਰਨ ਆਏ ਖਰਚਿਆਂ ਤੋਂ ਇਲਾਵਾ, ਪਟੇ 'ਤੇ ਲਈ ਜ਼ਮੀਨ ਦਾ ਕਿਰਾਇਆ (ਠੇਕਾ) ਵੀ ਤਾਂ ਦੇਣਾ ਹੁੰਦਾ ਹੈ। ਜੇਯਾਬਲ ਕਹਿੰਦੇ ਹਨ,''ਸਾਡੇ ਪਿਤਾ ਜੀ ਦੇ ਜ਼ਮਾਨੇ ਵਿੱਚ ਲੋਕ ਬਹੁਤੇ ਬਲ਼ਵਾਨ ਤੇ ਕੁਸ਼ਲ ਹੋਇਆ ਕਰਦੇ ਸਨ, ਉਹ ਆਪੇ ਹੀ ਵੱਟਾਂ ਤੇ ਬੰਨ੍ਹ ਬਣਾ ਲੈਂਦੇ। ਪਰ ਮੇਰੀ ਪੀੜ੍ਹੀ ਦੇ ਲੋਕਾਂ ਵਿੱਚ ਇਹ ਸਭ ਕਲਾ ਗੁਆਚ ਹੀ ਗਈ ਹੈ। ਹੁਣ, ਸਾਨੂੰ ਬੱਸ ਪਾਣੀ ਦੇ ਪੱਧਰ ਦੇ ਹਿਸਾਬ ਨਾਲ਼ ਵੱਟਾਂ ਨੂੰ ਟੱਕ ਲਾਉਣੇ ਹੀ ਆਉਂਦੇ ਹਨ। ਖੇਤਾਂ ਨੂੰ ਤਿਆਰ ਕਰਨ ਲਈ ਅਸੀਂ ਦੂਸਰਿਆਂ ਨੂੰ ਪੈਸੇ ਦਿੰਦੇ ਹਾਂ ਤੇ ਕੰਮ ਕਰਵਾਉਂਦੇ ਹਾਂ।'' ਜੇਯਾਬਲ ਦਾ ਮੰਨਣਾ ਹੈ ਕਿ ਆਉਣ ਵਾਲ਼ੇ ਦਿਨਾਂ ਵਿੱਚ ਹਾਲਤ ਹੋਰ ਵੀ ਖਰਾਬ ਹੋਣਗੇ।
''ਮੈਂ ਕਿਸਾਨ ਬਣਿਆ ਕਿਉਂਕਿ ਮੈਂ ਪੜ੍ਹਿਆ-ਲਿਖਿਆ ਨਹੀਂ ਸਾਂ; ਮੈਂ 12ਵੀਂ ਦੀ ਪੜ੍ਹਾਈ ਵੀ ਪੂਰੀ ਨਹੀਂ ਕੀਤੀ। ਮੇਰੇ ਸਾਹਮਣੇ ਵਿਕਲਪ ਹੀ ਬੜੇ ਸੀਮਤ ਸਨ। ਪਰ ਮੇਰੇ ਬੱਚੇ- ਹਮਸਵਰਦਨ (13 ਸਾਲਾ) ਅਤੇ ਅਕਾਸ਼ (11 ਸਾਲਾ) ਪੜ੍ਹਨਾ ਲੋਚਦੇ ਹਨ ਅਤੇ ਦਫ਼ਤਰ ਵਾਲ਼ੀ ਨੌਕਰੀ ਕਰਨਾ ਚਾਹੁੰਦੇ ਹਨ। ਉਹ ਮੈਨੂੰ ਕਹਿੰਦੇ ਹਨ,'' ਜੇ ਤੁਹਾਨੂੰ ਪੈਸਾ ਚਾਹੀਦਾ ਹੈ ਤਾਂ ਅਸੀਂ ਮਦੁਰਈ ਤੋਂ ਕਮਾ ਲਵਾਂਗੇ। ਉਨ੍ਹਾਂ ਨੂੰ ਇਹ ਜ਼ਿੰਦਗੀ ਨਹੀਂ ਚਾਹੀਦੀ,'' ਨਾਡੂਮੁਦਲਈਕੁਲਮ ਦੇ ਝੋਨੇ ਦੇ ਹਰੇ-ਭਰੇ ਖੇਤਾਂ ਵੱਲ ਹੱਥ ਹਿਲਾ ਕੇ ਜੇਯਾਬਲ ਕਹਿਣ ਲੱਗਦੇ ਹਨ।
ਇਹ ਲੇਖ '' ਤਮਿਲਨਾਡੂ ਦੇ ਪੇਂਡੂ ਇਲਾਕਿਆਂ ਵਿਖੇ ਰੋਜ਼ੀਰੋਟੀ ਦੇ ਅਲੋਪ ਹੁੰਦੇ ਵਸੀਲੇ '' ਨਾਮਕ ਲੜੀ ਦਾ ਹਿੱਸਾ ਹੈ। ਇਹ ਲੜੀ, ਲੇਖਕ ਨੂੰ ਮਿਲ਼ੇ ਸਾਲ 2015 ਦੇ ਨੈਸ਼ਨਲ ਫ਼ਾਊਂਡੇਸ਼ਨ ਫਾਰ ਇੰਡੀਆ ਮੀਡੀਆ ਐਵਾਰਡ ਦੁਆਰਾ ਸਮਰਥਤ ਹਨ।
ਤਰਜਮਾ: ਕਮਲਜੀਤ ਕੌਰ