"ਸਾਨੂੰ ਸੋਮਵਾਰ (16 ਮਾਰਚ) ਬਾਅਦ ਤੋਂ ਹੀ ਕੋਈ ਕੰਮ ਨਹੀਂ ਮਿਲ਼ਿਆ ਹੈ। ਮੈਂ ਪੈਸਾ ਕਿੱਥੋਂ ਲਿਆਵਾਂ?" ਵੰਦਨਾ ਉਂਬਰਸਡਾ ਆਪਣੀ ਸੱਤ ਸਾਲ ਦੀ ਪੋਤੀ ਵੱਲ ਇਸ਼ਾਰਾ ਕਰਕੇ ਕਹਿੰਦੀ ਹਨ ਜੋ 5 ਰੁਪਏ ਵਾਸਤੇ ਲਗਾਤਾਰ ਜ਼ਿੱਦ ਕਰ ਰਹੀ ਹੈ।

ਪਾਲਘਰ ਜਿਲ੍ਹੇ ਦੇ ਕਵਟੇਪਾੜਾ ਵਿੱਚ ਆਪਣੇ ਘਰ ਦੇ ਵਿਹੜੇ ਵਿੱਚ ਬੈਠੀ 55 ਸਾਲਾ ਵੰਦਨਾ, ਜੋ ਮਹਾਂਰਾਸ਼ਟਰ ਦੇ ਵਾੜਾ ਤਾਲੁਕਾ ਵਿੱਚ ਵੱਖੋ-ਵੱਖ ਨਿਰਮਾਣ ਸਥਲਾਂ 'ਤੇ ਕੰਮ ਕਰਦੀ ਹਨ, ਕਹਿੰਦੀ ਹਨ,''ਸਾਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ। ਮੇਰੇ ਬੇਟੇ ਨੇ ਮੈਨੂੰ ਘਰੇ ਰਹਿਣ ਲਈ ਕਿਹਾ ਕਿਉਂਕਿ ਸਾਡੇ ਆਸਪਾਸ ਇੱਕ ਬੀਮਾਰੀ ਫੈਲੀ ਹੋਈ ਹੈ ਅਤੇ ਸਰਕਾਰ ਨੇ ਕਿਹਾ ਹੈ ਕਿ ਅਸੀਂ ਘਰਾਂ ਤੋਂ ਬਾਹਰ ਨਾ ਨਿਕਲੀਏ।''

ਸ਼ਾਮ ਦੇ ਕਰੀਬ 4 ਵੱਜੇ ਹਨ ਅਤੇ ਵੰਦਨਾ ਦੇ ਕਈ ਗੁਆਂਢੀ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਹੋ ਕੇ ਵੱਖ-ਵੱਖ ਮਸਲਿਆਂ 'ਤੇ ਚਰਚਾ ਕਰ ਰਹੇ ਹਨ, ਇਹ ਚਰਚਾ ਖਾਸ ਕਰਕੇ ਕੋਵਿਡ-19 ਦੇ ਸੰਕਟ ਬਾਰੇ ਹੈ। ਉਨ੍ਹਾਂ ਵਿੱਚੋਂ ਸਿਰਫ਼ ਇੱਕ ਨੌਜਵਾਨ ਕੁੜੀ, ਕਹਿੰਦੀ ਹੈ ਕਿ ਗੱਲ ਕਰਦੇ ਸਮੇਂ ਹਰ ਕਿਸੇ ਨੂੰ ਇੱਕ-ਦੂਜੇ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਇੱਥੋਂ ਦੇ ਲੋਕਾਂ ਦਾ ਅਨੁਮਾਨ ਹੈ ਕਿ ਕਵਟੇਪਾੜਾ ਵਿੱਚ ਕਰੀਬ 70 ਘਰ ਹਨ ਅਤੇ ਹਰੇਕ ਪਰਿਵਾਰ ਦਾ ਸਬੰਧ ਆਦਿਵਾਸੀਆਂ ਦੇ ਵਰਲੀ ਭਾਈਚਾਰੇ ਨਾਲ਼ ਹੈ।

ਰਾਜ-ਵਿਆਪੀ ਤਾਲਾਬੰਦੀ ਸ਼ੁਰੂ ਹੋਣ ਤੋਂ ਪਹਿਲਾਂ, ਵੰਦਨਾ ਅਤੇ ਉਨ੍ਹਾਂ ਦੇ ਗੁਆਂਢੀ ਮਨੀਤਾ ਉਂਬਰਸਡਾ ਸਵੇਰੇ 8 ਵਜੇ ਆਪਣੇ ਦਿਨ ਦੀ ਸ਼ੁਰੂਆਤ ਕਰਦੀ ਹਨ ਅਤੇ ਇੱਕ ਘੰਟੇ ਵਿੱਚ 10 ਕਿ:ਮੀ ਦੀ ਪੈਦਲ ਦੂਰੀ ਤੈਅ ਕਰਨ ਤੋਂ ਬਾਅਦ ਵਾੜਾ ਸ਼ਹਿਰ ਅਤੇ ਆਸਪਾਸ ਦੇ ਨਿਰਮਾਣ ਸਥਲਾਂ 'ਤੇ ਪਹੁੰਚਦੀ ਹਨ। ਉੱਥੇ, ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਮਜ਼ਦੂਰੀ ਕਰਨ ਤੋਂ ਬਾਅਦ, ਉਹ 200 ਰੁਪਏ ਕਮਾਉਂਦੀ ਸਨ। ਵੰਦਨਾ ਕਹਿੰਦੀ ਹਨ ਕਿ ਇੰਜ ਉਨ੍ਹਾਂ ਨੂੰ ਹਰ ਮਹੀਨੇ ਕਰੀਬ 4,000 ਰੁਪਏ ਮਿਲ਼ ਜਾਇਆ ਕਰਦੇ ਸਨ। ਪਰ ਹੁਣ ਨਿਰਮਾਣ ਸਥਲ ਦੇ ਠੇਕੇਦਾਰਾਂ ਦੇ ਕੋਲ਼ ਉਨ੍ਹਾਂ ਲਈ ਕੋਈ ਕੰਮ ਹੀ ਨਹੀਂ ਬਚਿਆ।

"ਮੇਰੇ ਪੁੱਤਾਂ ਨੂੰ ਵੀ ਕੋਈ ਕੰਮ ਨਹੀਂ ਮਿਲ਼ ਰਿਹਾ। ਸਾਨੂੰ ਖਾਣਾ ਖਰੀਦਣ ਦੀ ਲੋੜ ਹੈ, ਪਰ  ਬਿਨਾ ਕੰਮ ਕੀਤੇ ਸਾਨੂੰ ਪੈਸਾ ਕਿਵੇਂ ਮਿਲੂਗਾ?" ਉਹ ਸਵਾਲ ਪੁੱਛਦੀ ਹਨ। "ਸਾਡਾ ਰਾਸ਼ਨ ਮੁੱਕ ਰਿਹਾ ਹੈ। ਕੀ ਅਸੀਂ ਸਿਰਫ਼ ਚਟਣੀ ਬਣਾ ਕੇ ਆਪਣੇ ਬੱਚਿਆਂ ਨੂੰ ਖੁਆਈਏ? ਮੈਂ ਚਾਹੁੰਦੀ ਹਾਂ ਕਿ ਇਹ ਸਭ ਛੇਤੀ ਹੀ ਮੁੱਕ ਜਾਵੇ।"

ਵੰਦਨਾ ਦੇ ਤਿੰਨ ਪੁੱਤ ਅਤੇ 11 ਪੋਤੇ-ਪੋਤੀਆਂ ਹਨ। ਉਨ੍ਹਾਂ ਦੇ ਪੁੱਤ ਵਾੜਾ ਵਿਖੇ ਇੱਟਾਂ ਦੇ ਭੱਠਿਆਂ ਜਾਂ ਨਿਰਮਾਣ ਸਥਲਾਂ 'ਤੇ ਕੰਮ ਕਰਦੇ ਹਨ- ਇੱਕ ਤਾਲੁਕਾ ਜਿਸ ਵਿੱਚ 154,416 ਦੀ ਆਬਾਦੀ ਵਾਲ਼ੇ 168 ਪਿੰਡ ਹਨ। ਵੰਦਨਾ ਦੇ ਪਤੀ ਲਕਸ਼ਮਣ, ਜੋ ਇੱਕ ਸਥਾਨਕ ਦੁਕਾਨ ਵਿੱਚ ਕੰਮ ਕਰਦੇ ਸਨ, ਦੀ ਮੌਤ 15 ਸਾਲ ਪਹਿਲਾਂ ਜ਼ਿਆਦਾ ਸ਼ਰਾਬ ਪੀਣ ਕਰਕੇ ਹੋ ਗਈ ਸੀ।

'We need to buy food, but without working how will we get any money?' asks Vandana Umbarsada (left), a construction labourer. Her son Maruti (right) is also out of work since March 16
PHOTO • Shraddha Agarwal
'We need to buy food, but without working how will we get any money?' asks Vandana Umbarsada (left), a construction labourer. Her son Maruti (right) is also out of work since March 16
PHOTO • Shraddha Agarwal

' ਸਾਨੂੰ ਖਾਣਾ ਖਰੀਦਣ ਦੀ ਲੋੜ ਹੈ, ਪਰ ਕੰਮ ਕੀਤੇ ਬਗੈਰ ਸਾਨੂੰ ਪੈਸਾ ਕਿਵੇਂ ਮਿਲੂਗਾ ?' ਵੰਦਨਾ ਉਂਬਰਸਡਾ (ਖੱਬੇ), ਜੋ ਨਿਰਮਾਣ ਸਥਲਾਂ ' ਤੇ ਕੰਮ ਕਰਦੀ ਹਨ, ਸਵਾਲ ਪੁੱਛਦੀ ਹਨ। ਉਨ੍ਹਾਂ ਦੇ ਪੁੱਤਰ ਮਾਰੂਤੀ (ਸੱਜੇ) ਨੂੰ ਵੀ 16 ਮਾਰਚ ਤੋਂ ਕੋਈ ਕੰਮ ਨਹੀਂ ਮਿਲ਼ ਰਿਹਾ ਹੈ।

ਕਵਟੇਬਾੜਾ ਤੋਂ ਕਈ ਲੋਕ ਆਪਣੇ ਪਰਿਵਾਰਾਂ ਨੂੰ ਪਿਛਾਂਹ ਛੱਡ ਕੇ, ਮੁੰਬਈ ਵਿੱਚ- ਲਗਭਗ 90 ਕਿਲੋਮੀਟਰ ਦੂਰ- ਮੌਸਮੀ ਹਿਸਾਬ ਨਾਲ਼ ਕੰਮ ਕਰਨ ਲਈ ਪ੍ਰਵਾਸ ਕਰਦੇ ਹਨ। "ਮੇਰਾ ਪੁੱਤ ਅਤੇ ਨੂੰਹ ਤਿੰਨ ਮਹੀਨਿਆਂ ਤੱਕ ਦਿਹਾੜੀ ਮਜ਼ਦੂਰੀ ਕਰਨ ਲਈ ( ਪਾੜਾ ਤੋਂ ਕਰੀਬ 45 ਕਿਲੋਮੀਟਰ ਦੂਰ) ਭਿਵੰਡੀ ਦੇ ਇੱਕ ਨਿਰਮਾਣ ਸਥਲ 'ਤੇ ਗਏ ਹੋਏ ਹਨ। ਮੇਰੀ ਜ਼ਿੰਮੇਦਾਰੀ ਉਨ੍ਹਾਂ ਦੇ ਬੱਚਿਆਂ ਨੂੰ ਖੁਆਉਣ ਦੀ ਅਤੇ ਦੇਖਭਾਲ਼ ਕਰਨ ਦੀ ਹੈ। ਹੁਣ ਜਦੋਂਕਿ ਸਕੂਲ ਬੰਦ ਹੋ ਗਏ ਹਨ ਤਾਂ ਉਨ੍ਹਾਂ ਨੂੰ ਮਿਡ-ਡੇਅ ਮੀਲ ਵੀ ਨਹੀਂ ਮਿਲ਼ਦਾ," ਵੰਦਨਾ ਕਹਿੰਦੀ ਹਨ।

ਉਨ੍ਹਾਂ ਦੇ ਗਬਲੇ ਪੁੱਤ, 32 ਸਾਲਾ ਮਾਰੂਤੀ, ਜੋ ਵਾੜਾ ਸ਼ਹਿਰ ਦੇ ਨਿਰਮਾਣ ਸਥਲਾਂ 'ਤੇ ਕੰਮ ਕਰਦੇ ਹਨ, ਕਹਿੰਦੇ ਹਨ, "ਸਰਕਾਰ ਨੇ ਇਸ ਬੀਮਾਰੀ ਨੂੰ ਹਰ ਥਾਂ ਫੈਲਣ ਤੋਂ ਰੋਕਣ ਲਈ ਸਾਰਾ ਕੁਝ ਬੰਦ ਕਰ ਦਿੱਤਾ ਹੈ।" ਉਨ੍ਹਾਂ ਨੂੰ ਵੀ 16 ਮਾਰਚ ਤੱਕ ਕੋਈ ਕੰਮ ਨਹੀਂ ਮਿਲ਼ਿਆ ਹੈ।

"ਨਿਊਜ ਚੈਨਲ ਦਿਖਾ ਰਹੇ ਹਨ ਕਿ ਸਾਨੂੰ ਇਸ ਬੀਮਾਰੀ ਨਾਲ਼ ਲੜਨ ਲਈ ਹਰ ਘੰਟੇ ਸਾਬਣ ਨਾਲ਼ ਹੱਥ ਧੋਣੇ ਅਤੇ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ," ਉਹ ਅੱਗੇ ਕਹਿੰਦੀ ਹਨ। "ਪਰ ਜੇਕਰ ਅਸੀਂ ਭੁੱਖ ਨਾਲ਼ ਹੀ ਮਰਨ ਲੱਗੇ, ਤਾਂ ਸਾਬਣ ਸਾਨੂੰ ਬਚਾਉਣ ਨਹੀਂ ਲੱਗਾ।"

ਉਹ ਆਪਣੀ ਮਾਂ, ਭਾਬੀ ਵੈਸ਼ਾਲੀ, ਪਤਨੀ ਮਨੀਸ਼ਾ (ਦੋਵੇਂ ਗ੍ਰਹਿਣੀਆਂ) ਅਤੇ ਦੋ ਬੱਚਿਆਂ ਦੇ ਨਾਲ਼ ਕਵਟੇਪਾੜਾ ਵਿੱਚ 12x12 ਫੁੱਟ ਦੇ ਘਰ ਵਿੱਚ ਰਹਿੰਦੇ ਹਨ। "ਮੇਰੀ ਭਾਬੀ ਨੂੰ ਹਰ ਹਫ਼ਤੇ ਹਸਪਤਾਲ ਲੈ ਜਾਣਾ ਪੈਂਦਾ ਹੈ। ਉਨ੍ਹਾਂ ਨੂੰ ਉੱਚ-ਸ਼ੂਗਰ ਰਹਿੰਦੀ ਹੈ ਅਤੇ ਨਿਯਮਿਤ ਰੂਪ ਨਾਲ਼ ਇੰਜੈਕਸ਼ਨ ਦੇਣ ਦੀ ਲੋੜ ਪੈਂਦੀ ਹੈ," ਉਹ ਕਹਿੰਦੇ ਹਨ। ਇੰਸੁਲਿਨ ਦਾ ਹਰੇਕ ਇੰਜੈਕਸ਼ਨ 150 ਰੁਪਏ ਵਿੱਚ ਆਉਂਦਾ ਹੈ। "ਮੇਰੀਆਂ ਦਿਹਾੜੀਆਂ (ਦੇ ਪੈਸੇ) ਨਾਲ਼ ਸਾਡਾ ਗੁਜਾਰਾ ਮੁਸ਼ਕਲ ਨਾਲ਼ ਹੀ ਚੱਲਦਾ ਹੈ। ਬਿਨਾਂ ਕਿਸੇ ਕੰਮ ਦੇ ਮੈਂ ਆਪਣੇ ਪਰਿਵਾਰ ਦੀ ਦੇਖਭਾਲ਼ ਕਿਵੇਂ ਕਰੂੰਗਾ?"

ਵੰਦਨਾ ਦੇ ਗੁਆਂਢ ਵਿੱਚ ਰਹਿਣ ਵਾਲ਼ੀ 48 ਸਾਲ ਦੀ ਮਨੀਤਾ ਉਂਬਰਸਡਾ ਵੀ ਉਸ ਸਮੂਹ ਵਿੱਚ ਸ਼ਾਮਲ ਹਨ, ਜੋ ਆਪਸ ਵਿੱਚ ਗੱਲਾਂ ਕਰਨ ਲਈ ਉਸ ਦੁਪਹਿਰ ਵੇਲ਼ੇ ਉੱਥੇ ਇਕੱਠਾ ਹੋਇਆ ਸੀ। ਉਹ ਵੀ ਨਿਰਮਾਣ ਸਥਲਾਂ 'ਤੇ ਅੱਠ ਘੰਟੇ ਸਮੱਗਰੀ (ਇੱਟਾਂ, ਬੱਜਰੀ, ਰੇਤਾ ਵਗੈਰਾ) ਚੜ੍ਹਾਉਣ-ਲਾਹੁਣ ਦਾ ਕੰਮ ਕਰਕੇ 200 ਰੁਪਏ ਦਿਹਾੜੀ ਕਮਾਉਂਦੀ ਹਨ। ''ਇਹ ਕੰਮ ਖੇਤੀ ਦੇ ਕੰਮ ਨਾਲ਼ੋਂ ਅਜੇ ਵੀ ਬੇਹਤਰ ਹੈ। ਘੱਟੋ-ਘੱਟ ਇੱਥੇ ਸਾਨੂੰ ਸਮੇਂ ਸਿਰ ਪੈਸਾ ਤਾਂ ਮਿਲ਼ ਜਾਂਦਾ ਹੈ ਅਤੇ ਪੂਰਾ ਦਿਨ ਧੁੱਪੇ ਵੀ ਨਹੀਂ ਖਪਣਾ ਪੈਂਦਾ,'' ਉਹ ਕਹਿੰਦੀ ਹਨ। ''ਪਰ ਹੁਣ ਵਾੜਾ ਵਿੱਚ ਕੋਈ ਵੀ ਸਾਨੂੰ ਕੰਮ ਨਹੀਂ ਦੇ ਰਿਹਾ ਹੈ, ਇਸਲਈ ਸਾਨੂੰ ਆਸਪਾਸ ਖੇਤਾਂ ਵਿੱਚ ਕੰਮ ਹੀ ਲੱਭਣੇ ਪੈਣਗੇ।''

ਹਾਲੇ ਤਾਂ ਉਹ ਇਸ ਮਹੀਨੇ ਲਈ ਜਮ੍ਹਾਂ ਕਰਕੇ ਰੱਖੇ ਅਨਾਜ ਨਾਲ਼ ਕੰਮ ਸਾਰ ਰਹੇ ਹਨ, ਪਰ ਉਨ੍ਹਾਂ ਨੂੰ ਵੀ ਇਹ ਪਤਾ ਨਹੀਂ ਹੈ ਕਿ ਜੇਕਰ ਆਉਣ ਵਾਲ਼ੇ ਦਿਨਾਂ ਵਿੱਚ ਕੋਈ ਕੰਮ ਜਾਂ ਪੈਸਾ ਨਾ ਮਿਲ਼ਿਆ, ਤਾਂ ਉਹ ਜਿਊਂਦੇ ਕਿਵੇਂ ਰਹਿਣਗੇ

ਵੀਡਿਓ ਦੇਖੋ: 'ਕੀ ਅਸੀਂ ਭੁੱਖ ਨਾਲ਼ ਮਰ ਜਾਈਏ?'

ਮਨੀਤਾ ਦੇ ਪਤੀ, 50 ਸਾਲਾ ਬਾਬੂ ਦਾ 10 ਸਾਲ ਪਹਿਲਾਂ ਸ਼ੂਗਰ ਕਰਕੇ ਪੈਰ ਚਲਾ ਗਿਆ ਅਤੇ ਉਦੋਂ ਤੋਂ ਹੀ ਉਹ ਕੰਮ ਨਹੀਂ ਕਰ ਪਾ ਰਹੇ- ਉਹ ਇੱਕ ਰਾਹਕ ਹੋਇਆ ਕਰਦੇ ਸਨ। ਉਨ੍ਹਾਂ ਦੇ ਪੰਜ ਪੁੱਤ ਹਨ, ਜੋ ਵਾੜਾ ਦੇ ਨਿਰਮਾਣ ਸਥਲਾਂ ਜਾਂ ਛੋਟੇ ਕਾਰਖਾਨਿਆਂ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦਾ ਸਭ ਤੋਂ ਛੋਟਾ ਪੁੱਤਰ, 23 ਸਾਲਾ ਕਲਪੇਸ਼ ਪਾਈਪ ਬਣਾਉਣ ਵਾਲ਼ੀ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਉਹਨੂੰ 7,000 ਰੁਪਏ ਤਨਖਾਹ (ਮਹੀਨੇਵਰ) ਮਿਲ਼ਦੀ ਹੈ। "ਉਨ੍ਹਾਂ ਨੇ ਸਾਨੂੰ ਕੰਮ 'ਤੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਸਾਨੂੰ ਨਹੀਂ ਪਤਾ ਕਿ ਉਹ ਸਾਡੀ ਤਨਖਾਹ ਕੱਟਣਗੇ ਜਾਂ ਨਹੀਂ," ਚਿੰਤਾ ਵਿੱਚ ਡੁੱਬੇ ਉਹ ਕਹਿੰਦੇ ਹਨ।

ਛੇ ਪੋਤੇ-ਪੋਤੀਆਂ ਸਣੇ ਇਸ ਪਰਿਵਾਰ ਵਿੱਚ ਕੁੱਲ 15 ਮੈਂਬਰ ਹਨ। ਉਨ੍ਹਾਂ ਵਿੱਚੋਂ ਕਿਸੇ ਦੇ ਕੋਲ਼ ਹਾਲੇ ਤੀਕਰ ਆਮਦਨੀ ਦਾ ਕੋਈ ਵਸੀਲਾ ਨਹੀਂ ਹੈ। ਉਹ ਇਸ ਮਹੀਨੇ ਲਈ ਬਚਾ ਕੇ ਰੱਖੇ ਗਏ ਅਨਾਜ ਨਾਲ਼  ਕੰਮ ਸਾਰ ਰਹੇ ਹਨ, ਪਰ ਉਨ੍ਹਾਂ ਨੂੰ ਵੀ ਕਿਆਸ ਨਹੀਂ ਕਿ ਜੇਕਰ ਆਉਣ ਵਾਲ਼ੇ ਦਿਨੀਂ ਕੋਈ ਕੰਮ ਜਾਂ ਪੈਸਾ ਨਾ ਮਿਲ਼ਿਆ ਤਾਂ ਉਹ ਜਿਊਂਦੇ ਕਿਵੇਂ ਰਹਿਣਗੇ।

ਤਿੰਨ ਘਰ ਛੱਡ ਕੇ ਰਹਿਣ ਵਾਲ਼ੇ 18 ਸਾਲਾ ਸੰਜੈ ਤੁਮੜਾ ਕਹਿੰਦੇ ਹਨ ਕਿ 17 ਮਾਰਚ ਤੋਂ ਉਨ੍ਹਾਂ ਨੇ ਕੁਝ ਵੀ ਨਹੀਂ ਕਮਾਇਆ ਹੈ। ਉਹ ਪਾਲਘਰ ਜਿਲ੍ਹੇ ਵਿੱਚ ਇੱਟਾਂ ਦੇ ਭੱਠੇ 'ਤੇ ਕੰਮ ਕਰਦੇ ਹਨ, ਜਿੱਥੇ ਉਨ੍ਹਾਂ ਨੂੰ 300-400 ਰੁਪਏ ਦਿਹਾੜੀ ਮਿਲ਼ਦੀ ਹੈ ਅਤੇ ਮਹੀਨੇ ਵਿੱਚ ਕਰੀਬ 20 ਦਿਨ ਕੰਮ ਚੱਲਦਾ ਹੈ। ਵਾੜਾ ਵਿੱਚ ਸਥਿਤ ਮਜ਼ਦੂਰਾਂ ਦਾ ਇੱਕ ਠੇਕੇਦਾਰ ਉਨ੍ਹਾਂ ਨੂੰ ਸੂਚਿਤ ਕਰ ਦਿੰਦਾ ਹੈ ਕਿ ਕੋਈ ਕੰਮ ਉਪਲਬਧ ਹੈ ਜਾਂ ਨਹੀਂ। ਉਹ ਇੱਕ ਹਫ਼ਤੇ ਤੋਂ ਹੀ ਨਹੀਂ ਆਇਆ। "ਮੈਂ ਖ਼ਬਰਾਂ ਵਿੱਚ ਦੇਖਿਆ ਕਿ ਇਸ ਮਹੀਨੇ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ," ਸੰਜੈ ਕਹਿੰਦੇ ਹਨ। "ਸਾਡੇ ਕੋਲ਼ ਤਾਂ ਪਹਿਲਾਂ ਤੋਂ ਹੀ ਅਨਾਜ ਘੱਟ ਹੈ। ਅਗਲੇ ਹਫ਼ਤੇ ਸਾਡੀ ਥਾਲ਼ੀ ਵਿੱਚੋਂ ਭੋਜਨ ਗਾਇਬ ਹੋਣ ਲੱਗੇਗਾ।"

ਨਿਰਮਾਣ ਸਥਲਾਂ 'ਤੇ ਹੀ ਕੰਮ ਕਰਨ ਵਾਲ਼ੇ, 20 ਸਾਲਾ ਅਜੈ ਬੋਚਲ ਦੀ ਵੀ ਇਹੀ ਚਿੰਤਾ ਹੈ। "ਮੇਰੀ ਮਾਂ ਦੋ ਦਿਨਾਂ ਤੋਂ ਸਿਰਫ਼ ਸੇਵਗਾ (ਫਲੀਆਂ /ਡਰੰਮ-ਸਟਿਕ) ਦੀ ਸਬਜ਼ੀ ਬਣਾ ਰਹੀ ਹਨ। ਜੇ ਮੈਨੂੰ ਛੇਤੀ ਹੀ ਕੰਮ ਨਾ ਮਿਲ਼ਿਆ ਤਾਂ ਸਾਨੂੰ ਉਧਾਰ ਚੁੱਕਣਾ ਪਵੇਗਾ।" ਅਜੈ ਦੀ 42 ਸਾਲਾ ਮਾਂ, ਸੁਰੇਖਾ ਨੇ ਥਕਾਵਟ ਦੇ ਕਾਰਨ ਕੁਝ ਮਹੀਨੇ ਪਹਿਲਾਂ ਹੀ ਵਾੜਾ ਸ਼ਹਿਰ ਵਿੱਚ ਘਰਾਂ ਅੰਦਰ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦੇ ਪਤੀ ਸੁਰੇਸ਼ ਬਹੁਤ ਸ਼ਰਾਬ ਪੀਂਦੇ ਹਨ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਕੰਮ ਨਹੀਂ ਕਰਦੇ।

Left: Sanjay Tumda, a brick kiln worker, hasn’t earned anything since March 17; he says, 'From next week our food will start getting over'. Right: Ajay Bochal, a construction labourer says, 'If I don’t get work soon, we will have to ask for money from others'
PHOTO • Shraddha Agarwal
Left: Sanjay Tumda, a brick kiln worker, hasn’t earned anything since March 17; he says, 'From next week our food will start getting over'. Right: Ajay Bochal, a construction labourer says, 'If I don’t get work soon, we will have to ask for money from others'
PHOTO • Shraddha Agarwal
Left: Sanjay Tumda, a brick kiln worker, hasn’t earned anything since March 17; he says, 'From next week our food will start getting over'. Right: Ajay Bochal, a construction labourer says, 'If I don’t get work soon, we will have to ask for money from others'
PHOTO • Shraddha Agarwal

ਖੱਬੇ : ਇੱਟਾਂ ਦੇ ਭੱਠੇ ' ਤੇ ਕੰਮ ਕਰਨ ਵਾਲ਼ੇ ਮਜ਼ਦੂਰ, ਸੰਜੈ ਤੁਮੜਾ ਨੇ 17 ਮਾਰਚ ਤੋਂ ਕੁਝ ਨਹੀਂ ਕਮਾਇਆ ਹੈ ; ਉਹ ਕਹਿੰਦੇ ਹਨ, ' ਅਗਲੇ ਹਫ਼ਤੇ ਤੋਂ ਸਾਡੀ ਥਾਲੀ ਵਿੱਚੋਂ ਭੋਜਨ ਗਾਇਬ ਹੋਣ ਵਾਲ਼ਾ ਹੈ। ' ਸੱਜੇ : ਨਿਰਮਾਣ ਸਥਲਾਂ ' ਤੇ ਕੰਮ ਕਰਨ ਵਾਲ਼ੇ ਮਜ਼ਦੂਰ, ਅਜੈ ਬੋਚਲ ਕਹਿੰਦੇ ਹਨ, ' ਜੇ ਮੈਨੂੰ ਛੇਤੀ ਹੀ ਕੰਮ ਨਾ ਮਿਲ਼ਿਆ ਤਾਂ ਸਾਨੂੰ ਉਧਾਰ ਚੁੱਕਣਾ ਪਵੇਗਾ '

ਪਰਿਵਾਰ ਦਾ ਰਾਸ਼ਨ ਕਰੀਬ ਕਰੀਬ ਮੁੱਕਣ ਹੀ ਵਾਲ਼ਾ ਹੈ। "ਸਾਨੂੰ ਸਰਕਾਰੀ ਯੋਜਨਾ (ਪੀਡੀਐੱਸ) ਦੇ ਤਹਿਤ ਹਰ ਮਹੀਨੇ (2 ਰੁਪਏ ਕਿਲੋ ਦੇ ਹਿਸਾਬ ਨਾਲ਼) 12 ਕਿਲੋ ਕਣਕ ਅਤੇ 8 ਕਿਲੋ ਚਾਵਲ (3 ਰੁਪਏ ਪ੍ਰਤੀ ਕਿਲੋ) ਮਿਲ਼ਦਾ ਹੈ," ਅਜੇ ਕਹਿੰਦੇ ਹਨ। "ਹੁਣ ਸਾਨੂ ਇਸ ਮਹੀਨੇ ਦਾ ਅਨਾਜ ਖ਼ਰੀਦਣ ਲਈ ਪੈਸੇ ਦੀ ਲੋੜ ਹੈ।" ਵਾੜਾ ਵਿੱਚ ਪੀਡੀਐੱਸ ਦੀ ਦੁਕਾਨ 'ਤੇ, ਹਰ ਮਹੀਨੇ ਦੀ 10 ਤਰੀਕ ਨੂੰ ਅਨਾਜ ਪਹੁੰਚ ਜਾਂਦਾ ਹੈ। ਅਜੈ ਕਹਿੰਦੇ ਹਨ ਕਿ ਉਹ ਉਸ ਤਰੀਕ ਦੇ ਕੁਝ ਸਮੇਂ ਬਾਅਦ ਦੁਕਾਨ 'ਤੇ ਜਾਂਦੇ ਹਨ, ਜਦੋਂ ਵੀ ਉਨ੍ਹਾਂ ਦਾ ਰਾਸ਼ਨ ਮੁੱਕਣ ਵਾਲ਼ਾ ਹੁੰਦਾ ਹੈ। ਪਿਛਲੇ ਹਫ਼ਤੇ 20 ਮਾਰਚ ਤੱਕ, ਪਰਿਵਾਰ ਦਾ ਜਮ੍ਹਾਂ ਅਨਾਜ ਲਗਭਗ ਮੁੱਕ ਗਿਆ ਸੀ। ਦੋ ਰਾਤ ਪਹਿਲਾਂ ਜਦੋਂ ਮੈਂ ਅਜੈ ਨਾਲ਼ ਫੋਨ 'ਤੇ ਗੱਲ ਕੀਤੀ ਸੀ, ਤਾਂ ਪਰਿਵਾਰ ਨੂੰ ਉਸ ਸਮੇਂ ਤੱਕ ਕੋਈ ਅਨਾਜ ਨਹੀਂ ਮਿਲ਼ਿਆ ਸੀ। ਰਾਤ ਦੇ ਖਾਣੇ ਲਈ ਉਨ੍ਹਾਂ ਕੋਲ਼ ਕੁਝ ਚੌਲ ਅਤੇ ਦਾਲ ਸੀ। ਅਜੈ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਮਾਂ ਨੂੰ ਨੇੜਲੇ ਫਾਰਮਹਾਊਸ ਵਿੱਚ ਕੁਝ ਕੰਮ ਮਿਲ਼ ਜਾਵੇਗਾ।

"ਦਿਹਾੜੀ ਮਜ਼ਦੂਰਾਂ ਲਈ ਕੋਵਿਡ-19 ਕੋਈ ਫੌਰੀ ਸਮੱਸਿਆ ਨਹੀਂ ਹੈ, ਸਗੋਂ ਅਸਲੀ ਡਰ ਤਾਂ ਇਹ ਹੈ ਕਿ ਉਨ੍ਹਾਂ ਨੂੰ ਖਾਣ ਨੂੰ ਨਹੀਂ ਮਿਲ਼ੇਗਾ," ਮੁੰਬਈ ਦੇ ਪਰੇਲ ਸਥਿਤ ਕੇਈਐੱਮ ਹਸਪਤਾਲ ਦੇ ਗੈਸਟ੍ਰੋਇੰਟ੍ਰੋਲੌਜਿਸਟ ਅਤੇ ਸਰਜਨ, ਡਾ. ਅਵਿਨਾਸ਼ ਸੁਪੇ ਕਹਿੰਦੇ ਹਨ। "ਮਜ਼ਦੂਰਾਂ ਨੂੰ ਦਿਨ-ਪ੍ਰਤਿਦਿਨ ਜਿਊਂਦੇ ਰਹਿਣ ਲਈ ਹਰ ਰੋਜ਼ ਦਿਹਾੜੀ ਦੇ ਪੈਸੇ ਚਾਹੀਦੇ ਹੁੰਦੇ ਹਨ, ਪਰ ਇਹ ਮਹੱਤਵਪੂਰਨ ਹੈ ਕਿ ਪ੍ਰਵਾਸੀ ਮਜ਼ਦੂਰ ਅਜੇ ਆਪਣੇ ਪਿੰਡਾਂ ਵੱਲ ਨਾ ਜਾਣ। ਪਿੰਡਾਂ (ਖੇਤਰਾਂ) ਤੋਂ ਸ਼ਹਿਰਾਂ ਜਾਂ ਸ਼ਹਿਰਾਂ ਤੋਂ ਪਿੰਡਾਂ ਵੱਲ ਕਿਸੇ ਵੀ ਤਰ੍ਹਾਂ ਦਾ ਆਵਾਗਮਨ ਇਸ ਵਾਇਰਸ ਦੇ ਕਮਿਊਨਿਟੀ ਪ੍ਰਸਾਰ ਦੀ ਸੰਭਾਵਨਾ ਨੂੰ ਵਧਾਵੇਗਾ। ਸਾਨੂੰ ਇਸ ਵਾਇਰਸ ਬਾਰੇ ਵੱਡੇ ਪੱਧਰ 'ਤੇ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਸਾਵਧਾਨੀਆਂ ਵਰਤਣ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ।"

ਕਵਟੇਪਾੜਾ ਦੇ ਨਿਵਾਸੀਆਂ ਲਈ ਨੇੜਲਾ ਮੁੱਢਲਾ ਸਿਹਤ ਕੇਂਦਰ (ਪੀਐੱਚਸੀ) ਵਾੜਾ ਸ਼ਹਿਰ ਵਿੱਚ ਹੈ। "ਸਾਨੂੰ ਪਤਾ ਨਹੀਂ ਹੈ ਕਿ ਕੀ ਹੋ ਰਿਹਾ ਹੈ ਅਤੇ ਕਰੋਨਾ ਵਾਇਰਸ ਨਾਲ਼ ਸਬੰਧਤ ਕੋਈ ਵੀ ਜਾਂਚ ਕਰਾਉਣ ਲਈ ਇੱਥੇ ਕੋਈ ਸੁਵਿਧਾ ਨਹੀਂ ਹੈ। ਅਸੀਂ ਸਿਰਫ਼ ਇੱਕ ਸਧਾਰਣ ਲਹੂ ਜਾਂਚ ਕਰਾ ਸਕਦੇ ਹਾਂ," ਡਾ. ਸ਼ੈਲਾ ਅਧਾਊ ਕਹਿੰਦੀ ਹਨ, ਜੋ ਵਾੜਾ ਦੇ ਸਰਕਾਰੀ ਗ੍ਰਾਮੀਣ ਹਸਪਤਾਲ ਵਿੱਚ ਕੰਮ ਕਰਦੀ ਹਨ। "ਸਾਨੂੰ ਇਸ ਵਾਇਰਸ ਨੂੰ ਫੈਲਣ ਤੋਂ ਰੋਕਣਾ ਹੋਵੇਗਾ ਅਤੇ ਖੁਦ ਨੂੰ ਅਲੱਗ-ਥਲੱਗ ਰੱਖਣਾ ਹੀ ਇਹਦਾ ਇੱਕੋ-ਇੱਕ ਤਰੀਕਾ ਹੈ।"

ਪਰ ਕਵਟੇਪਾੜਾ ਦੇ ਨਿਵਾਸੀਆਂ ਲਈ ਕੰਮ, ਆਮਦਨੀ ਅਤੇ ਭੋਜਨ ਦੀ ਤੁਲਨਾ ਵਿੱਚ ਅਲੱਗ-ਥਲੱਗ ਰਹਿਣਾ ਘੱਟ ਜ਼ਰੂਰੀ ਹੈ। "ਵਾਇਰਸ ਫੈਲਣ ਦੇ ਕਾਰਨ ਮੋਦੀ ਸਰਕਾਰ ਨੇ ਸਾਰਾ ਕੁਝ  ਬੰਦ ਰੱਖਣ ਅਤੇ ਘਰੇ ਹੀ ਬਣੇ ਰਹਿਣ ਲਈ ਕਿਹਾ ਹੈ," ਵੰਦਨਾ ਚਿੰਤਤ ਹੋ ਕੇ ਕਹਿੰਦੀ ਹਨ। "ਪਰ ਅਸੀਂ ਘਰੇ ਰਹਿ ਕਿਵੇਂ ਸਕਦੇ ਹਾਂ?"

ਤਰਜਮਾ: ਕਮਲਜੀਤ ਕੌਰ

Shraddha Agarwal

ଶ୍ରଦ୍ଧା ଅଗ୍ରୱାଲ୍‌ ପିପୁଲ୍‌ସ ଆର୍କିଭ୍‌ ଅଫ୍‌ ରୁରାଲ୍‌ ଇଣ୍ଡିଆରେ ରିପୋର୍ଟର ଓ କଣ୍ଟେଣ୍ଟ ଏଡିଟର୍‌ ଭାବେ କାମ କରନ୍ତି ।

ଏହାଙ୍କ ଲିଖିତ ଅନ୍ୟ ବିଷୟଗୁଡିକ Shraddha Agarwal
Translator : Kamaljit Kaur

କମଲଜୀତ କୌର, ପଞ୍ଜାବରେ ରହୁଥିବା ଜଣେ ମୁକ୍ତବୃତ୍ତିର ଅନୁବାଦିକା। ସେ ପଞ୍ଜାବୀ ସାହିତ୍ୟରେ ସ୍ନାତକୋତ୍ତର ଶିକ୍ଷାଲାଭ କରିଛନ୍ତି। କମଲଜିତ ସମତା ଓ ସମାନତାପୂର୍ଣ୍ଣ ସମାଜରେ ବିଶ୍ୱାସ କରନ୍ତି, ଏବଂ ଏହାକୁ ସମ୍ଭବ କରିବା ଦିଗରେ ସେ ପ୍ରୟାସରତ ଅଛନ୍ତି।

ଏହାଙ୍କ ଲିଖିତ ଅନ୍ୟ ବିଷୟଗୁଡିକ Kamaljit Kaur