ਸਾਡੀ ਰੇਲਗੱਡੀ ਨਾਗਪੁਰ ਰੇਲਵੇ ਜੰਕਸ਼ਨ ਪਹੁੰਚ ਗਈ। ਇਹ ਬੀਤੇ ਦਸੰਬਰ ਦੀ ਗੱਲ ਹੈ ਤੇ ਸਮਾਂ ਲਗਭਗ ਦੁਪਹਿਰ ਦਾ ਸੀ। ਨਾਗਪੁਰ ਵਿੱਚ ਜੋਧਪੁਰ-ਪੁਰੀ ਐਕਸਪ੍ਰੈਸ ਆਪਣਾ ਇੰਜਣ ਬਦਲਦੀ ਹੈ, ਇਸ ਕਰਕੇ ਇਹ ਕੁਝ ਸਮੇਂ ਲਈ ਰੁਕਦੀ ਹੈ। ਪਲੇਟਫ਼ਾਰਮ ਤੇ ਯਾਤਰੂਆਂ ਦਾ ਇੱਕ ਬਹੁਤ ਵੱਡਾ ਹਜ਼ੂਮ ਸੀ ਜਿਸ ਵਿੱਚ ਸਭ ਨੇ ਆਪਣੇ ਸਿਰਾਂ ਤੇ ਝੋਲ਼ੇ ਟਿਕਾਏ ਹੋਏ ਸਨ। ਇਹ ਯਾਤਰੂ ਮੌਸਮੀ ਪ੍ਰਵਾਸੀ ਮਜ਼ਦੂਰ ਸਨ ਜੋ ਪੱਛਮੀ ਓੜੀਸਾ ਤੋਂ ਰੋਜ਼ੀ-ਰੋਟੀ ਵਾਸਤੇ ਯਾਤਰਾ ਕਰ ਰਹੇ ਸਨ ਅਤੇ ਸਿਕੰਦਰਾਬਾਦ ਜਾਣ ਵਾਸਤੇ ਰੇਲਗੱਡੀ ਦੀ ਉਡੀਕ ਕਰ ਰਹੇ ਸਨ। ਓੜੀਸਾ ਵਿੱਚ ਵਾਢੀ (ਸਤੰਬਰ ਅਤੇ ਦਸੰਬਰ) ਤੋਂ  ਬਾਅਦ, ਬਹੁਤ ਸਾਰੇ ਨਿਮਨ ਵਰਗ ਦੇ ਕਿਸਾਨ ਅਤੇ ਬੇਜ਼ਮੀਨੇ ਖ਼ੇਤ ਮਜ਼ਦੂਰ ਤੇਲੰਗਾਨਾ ਵਿੱਚ ਭੱਠਿਆਂ ਤੇ ਇੱਟਾਂ ਥੱਪਣ ਦੇ ਕੰਮ ਵਾਸਤੇ ਆਪਣੇ ਘਰ-ਬਾਰ ਛੱਡ ਦਿੰਦੇ ਹਨ। ਅਜਿਹੇ ਹੋਰ ਕਈ ਲੋਕ ਭੱਠਿਆਂ ਤੇ ਕੰਮ ਕਰਨ ਵਾਸਤੇ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤਮਿਲਨਾਡੂ ਅਤੇ ਹੋਰ ਕਈ ਰਾਜਾਂ ਵੱਲ ਕੂਚ ਕਰਦੇ ਹਨ।

ਰਮੇਸ਼ (ਉਹਨੇ ਆਪਣਾ ਪੂਰਾ ਨਾਮ ਦੱਸਣਾ ਨਹੀਂ ਚਾਹਿਆ), ਜੋ ਖ਼ੁਦ ਵੀ ਇਸੇ ਹਜ਼ੂਮ ਵਿੱਚ ਸ਼ਾਮਲ ਸੀ, ਨੇ ਦੱਸਿਆ ਕਿ ਇਹ ਪ੍ਰਵਾਸੀ ਬਾਰਗੜ੍ਹ ਅਤੇ ਨੂਆਪਾੜਾ ਜਿਲ੍ਹਿਆਂ ਵਿੱਚੋਂ ਸਨ। ਇਨ੍ਹਾਂ ਪ੍ਰਵਾਸੀਆਂ ਦੀ ਲੰਬੀ ਯਾਤਰਾ ਇਨ੍ਹਾਂ ਦੇ ਪਿੰਡਾਂ ਤੋਂ ਸ਼ੁਰੂ ਹੁੰਦੀ ਹੈ ਅਤੇ ਸੜਕ ਮਾਰਗ ਤੋਂ ਹੁੰਦਿਆਂ ਹੋਇਆ ਕਾਂਤਬਾਜੀ, ਹਰਿਸ਼ੰਕਰ ਜਾਂ ਤੁਰਕਲਾ ਰੇਲਵੇ ਸਟੇਸ਼ਨਾਂ ਤੱਕ ਪਹੁੰਚਦੀ ਹੈ, ਜਿੱਥੇ ਉਹ ਨਾਗਪੁਰ ਵਾਸਤੇ ਰੇਲਗੱਡੀ ਵਿੱਚ ਸਵਾਰ ਹੁੰਦੇ ਹਨ, ਫਿਰ ਤੇਲੰਗਾਨਾ ਦੇ ਸਿਕੰਦਰਾਬਾਦ ਪਹੁੰਚਣ ਲਈ ਰੇਲ-ਗੱਡੀਆਂ ਬਦਲੀ ਕਰਦੇ ਹਨ। ਇੱਥੇ ਪਹੁੰਚ ਕੇ, ਉਹ ਭੱਠਿਆਂ ਤੱਕ ਪਹੁੰਚਣ ਲਈ ਸਾਂਝੇ ਚਹੁ-ਪਹੀਆ ਵਾਹਨਾਂ ਦੀ ਸਵਾਰੀ ਕਰਦੇ ਹਨ।

ਅਗਸਤ-ਸਤੰਬਰ ਦੇ ਮਹੀਨੇ ਵਿੱਚ ਨੁਆਖਾਈ ਤਿਓਹਾਰ ਤੋਂ ਠੀਕ ਪਹਿਲਾਂ ਇਹ ਮਜ਼ਦੂਰ ਠੇਕੇਦਾਰ ਕੋਲ਼ੋਂ (ਤਿੰਨ ਬਾਲਗ਼ ਜਾਣਿਆਂ ਦੇ ਟੋਲੇ ਵਾਸਤੇ 20,000 ਤੋਂ 60,000 ਰੁਪਏ) ਪੇਸ਼ਗੀ ਰਾਸ਼ੀ ਲੈ ਲੈਂਦੇ ਹਨ, ਉਸ ਸਮੇਂ ਜਦੋਂ ਉਹ ਆਪਣੇ ਪਰਿਵਾਰਕ ਦੇਵਤਾ ਨੂੰ ਨਵੇਂ-ਉੱਗੇ ਚੌਲ਼ ਚੜ੍ਹਾ ਕੇ ਫ਼ਸਲ ਦੀ ਜਸ਼ਨ ਮਨਾਉਂਦੇ ਹਨ। ਫਿਰ, ਸਤੰਬਰ ਤੋਂ ਦਸੰਬਰ ਦਰਮਿਆਨ, ਉਹ ਇੱਟਾਂ ਦੇ ਭੱਠਿਆਂ ਤੇ ਜਾਂਦੇ ਹਨ, ਉੱਥੇ ਛੇ ਮਹੀਨਿਆਂ ਲਈ ਖ਼ੂਨ-ਪਸੀਨਾ ਇੱਕ ਕਰਕੇ ਕੰਮ ਕਰਦੇ ਹਨ ਅਤੇ ਮਾਨਸੂਨ ਤੋਂ ਪਹਿਲਾਂ ਵਾਪਸ ਪਰਤ ਆਉਂਦੇ ਹਨ। ਕਈ ਵਾਰੀ, ਪੇਸ਼ਗੀ ਦੀ ਰਕਮ ਅਦਾ ਕਰਨ ਵਾਸਤੇ ਉਹ ਸਖ਼ਤ ਮਿਹਨਤ ਕਰਦੇ ਹਨ, ਇਹ ਮਜ਼ਦੂਰੀ ਬੰਧੂਆ ਮਜ਼ਦੂਰੀ ਦਾ ਇੱਕ ਰੂਪ ਧਾਰ ਜਾਂਦੀ ਹੈ।

People at a railway station
PHOTO • Purusottam Thakur

25 ਸਾਲਾਂ ਤੋਂ, ਮੈਂ ਪੱਛਮੀ ਓੜੀਸਾ ਵਿੱਚ ਬਲਾਂਗੀਰ, ਨੁਆਪਾੜਾ, ਬਰਗੜ ਅਤੇ ਕਾਲਾਹਾਂਡੀ ਜਿਲ੍ਹਿਆਂ ਤੋਂ ਲੋਕਾਂ ਦੇ ਪ੍ਰਵਾਸ ਨੂੰ ਲੈ ਕੇ ਰਿਪੋਰਟਾਂ ਪੇਸ਼ ਕੀਤੀਆਂ ਹਨ। ਬੀਤੇ ਸਮੇਂ ਵਿੱਚ, ਉਹ ਪਟਸਨ ਦੇ ਝੋਲਿਆਂ ਅੰਦਰ ਭਾਂਡੇ, ਕੱਪੜੇ ਅਤੇ ਲੋੜ ਦਾ ਹੋਰ ਸਮਾਨ ਲੈ ਕੇ ਜਾਂਦੇ ਹੁੰਦੇ ਸਨ। ਹੁਣ ਇਹ ਰੁਝਾਨ ਕੁਝ ਹੱਦ ਤੱਕ ਬਦਲ ਗਿਆ ਹੈ, ਹੁਣ ਜਿਹੜੇ ਉਹ ਝੋਲੇ ਨਾਲ਼ ਲੈ ਕੇ ਜਾਂਦੇ ਹਨ ਉਹ ਪੌਲੀਸਟਰ ਦੇ ਬਣੇ ਹੁੰਦੇ ਹਨ। ਭਾਵੇਂ ਪ੍ਰਵਾਸ ਦੀ ਪ੍ਰਕਿਰਿਆ ਖੇਤੀ ਸੰਕਟ ਅਤੇ ਗ਼ਰੀਬੀ ਦੇ ਨਾਲ਼ ਜੁੜੀ ਹੋਈ ਹੈ, ਪਰ ਹੁਣ ਮਜ਼ਦੂਰ ਪੇਸ਼ਗੀ ਰਾਸ਼ੀ ਵਾਸਤੇ ਠੇਕੇਦਾਰਾਂ ਨਾਲ਼ ਸੌਦੇਬਾਜ਼ੀ ਕਰ ਸਕਦੇ ਹਨ। ਦੋ ਦਹਾਕੇ ਪਹਿਲਾਂ, ਮੈਂ ਬੱਚਿਆਂ ਨੂੰ ਬਿਨਾਂ ਕੱਪੜਿਆਂ ਦੇ ਜਾਂ ਨਾ-ਮਾਤਰ ਕੱਪੜਿਆਂ ਵਿੱਚ ਯਾਤਰਾ ਕਰਦਿਆਂ ਦੇਖਿਆ ਕਰਦੀ ਸਾਂ; ਇਨ੍ਹੀਂ ਦਿਨੀਂ, ਉਨ੍ਹਾਂ ਵਿੱਚੋਂ ਕਈਆਂ ਨੇ ਨਵੇਂ ਕੱਪੜੇ ਪਾਏ ਹੁੰਦੇ ਹਨ।

ਭਾਵੇਂ ਗ਼ਰੀਬਾਂ ਦੀ ਮਦਦ ਕਰਨ ਦੇ ਮਕਸਦ ਨਾਲ਼ ਰਾਜ ਦੁਆਰਾ ਕਈ ਲਾਭ ਯੋਜਨਾਵਾਂ ਚਲਾਈਆਂ ਗਈਆਂ ਹਨ, ਪਰ ਕੁਝ ਚੀਜ਼ਾਂ ਹਾਲੇ ਵੀ ਜਿਓਂ ਦੀਆਂ ਤਿਓਂ ਹਨ। ਜਿਵੇਂ ਮਜ਼ਦੂਰ ਅਜੇ ਵੀ ਰੇਲਗੱਡੀਆਂ ਅੰਦਰ ਬਿਨਾਂ ਰਾਖਵੀਆਂ ਸੀਟਾਂ ਦੇ ਭੀੜ-ਭਾੜ ਵਾਲ਼ੇ ਆਮ ਡੱਬਿਆਂ ਵਿੱਚ ਯਾਤਰਾ ਕਰਦੇ ਹਨ ਅਤੇ ਇਹ ਯਾਤਰਾ ਬਹੁਤ ਥਕਾਵਟ ਭਰੀ ਹੁੰਦੀ ਹੈ। ਅਤੇ ਘੱਟ ਮਿਹਨਤਾਨੇ ਵਾਸਤੇ ਵੀ ਉਨ੍ਹਾਂ ਦੀ ਨਿਰਾਸ਼ਾ ਅਤੇ ਹੱਡ-ਭੰਨ੍ਹਵੀਂ ਮਜ਼ਦੂਰੀ ਵੀ ਜਿਓਂ ਦੀ ਤਿਓਂ ਰਹਿੰਦੀ ਹੈ।

ਅਨੁਵਾਦ : ਕਮਲਜੀਤ ਕੌਰ

Purusottam Thakur

ପୁରୁଷୋତ୍ତମ ଠାକୁର ୨୦୧୫ ର ଜଣେ ପରି ଫେଲୋ । ସେ ଜଣେ ସାମ୍ବାଦିକ ଏବଂ ପ୍ରାମାଣିକ ଚଳଚ୍ଚିତ୍ର ନିର୍ମାତା । ସେ ବର୍ତ୍ତମାନ ଅଜିମ୍‌ ପ୍ରେମ୍‌ଜୀ ଫାଉଣ୍ଡେସନ ସହ କାମ କରୁଛନ୍ତି ଏବଂ ସାମାଜିକ ପରିବର୍ତ୍ତନ ପାଇଁ କାହାଣୀ ଲେଖୁଛନ୍ତି ।

ଏହାଙ୍କ ଲିଖିତ ଅନ୍ୟ ବିଷୟଗୁଡିକ ପୁରୁଷୋତ୍ତମ ଠାକୁର
Translator : Kamaljit Kaur

କମଲଜୀତ କୌର, ପଞ୍ଜାବରେ ରହୁଥିବା ଜଣେ ମୁକ୍ତବୃତ୍ତିର ଅନୁବାଦିକା। ସେ ପଞ୍ଜାବୀ ସାହିତ୍ୟରେ ସ୍ନାତକୋତ୍ତର ଶିକ୍ଷାଲାଭ କରିଛନ୍ତି। କମଲଜିତ ସମତା ଓ ସମାନତାପୂର୍ଣ୍ଣ ସମାଜରେ ବିଶ୍ୱାସ କରନ୍ତି, ଏବଂ ଏହାକୁ ସମ୍ଭବ କରିବା ଦିଗରେ ସେ ପ୍ରୟାସରତ ଅଛନ୍ତି।

ଏହାଙ୍କ ଲିଖିତ ଅନ୍ୟ ବିଷୟଗୁଡିକ Kamaljit Kaur