ਜੋਬਨ ਲਾਲ, ਉਸ ਕੁਹਲ ਦੇ ਕੰਢੇ ਤੁਰਦਿਆਂ ਜਿਹਨੂੰ ਮੁਰੰਮਤ ਦੀ ਲੋੜ ਹੈ, ਕਾਂਦਬਾੜੀ ਪਿੰਡ ਦਿਆਂ ਲੋਕਾਂ ਨੂੰ ਬੁਲਾ ਰਹੇ ਹਨ। ਉਹ ਉੱਚੀ ਆਵਾਜ਼ ਵਿੱਚ ਪਰਿਵਾਰਾਂ ਨੂੰ ਨਾਲ ਚੱਲਣ ਲਈ ਕਹਿ ਰਹੇ ਹਨ। “ਆਪਣੀਆਂ ਕਹੀਆਂ ਤੇ ਖੁਰਪੇ ਲੈ ਕੇ ਮੈਨੂੰ ਡਾਕਘਰ ਦੇ ਪਿੱਛੇ ਮਿਲੋ,” ਉਹ ਨਿੱਘੀ ਸਵੇਰ ਵਿੱਚ ਸਭ ਨੂੰ ਤਾਕੀਦ ਕਰਦੇ ਹਨ। ਪਰ ਉਹਨਾਂ ਲਈ 20 ਕਾਮਿਆਂ ਦਾ ਇੰਤਜ਼ਾਮ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ। “ਤਕਰੀਬਨ 30 ਸਾਲ ਪਹਿਲਾਂ ਤੱਕ, ਖਾਸ ਕਰਕੇ ਹਾੜੀ ਅਤੇ ਸਾਉਣੀ ਦੌਰਾਨ, ਜਦੋਂ ਕੋਹਲੀ ( ਕੋਹਲੀ ) ਨੂੰ ਬੁਲਾਇਆ ਜਾਂਦਾ ਤਾਂ 60-80 ਆਦਮੀ ਕੰਮ ਕਰਨ ਲਈ ਇਕੱਠੇ ਹੋ ਜਾਂਦੇ,” ਉਹ ਯਾਦ ਕਰਦਿਆਂ ਕਹਿੰਦੇ ਹਨ। ਕੁਹਲ ਆਮ ਤੌਰ ਤੇ 2 ਮੀਟਰ ਚੌੜੇ, 2 ਮੀਟਰ ਡੂੰਘੇ ‘ਤੇ 100 ਮੀਟਰ ਤੋਂ ਲੈ ਕੇ ਕਿਲੋਮੀਟਰ ਤੱਕ ਵੀ ਲੰਬੇ ਹੁੰਦੇ ਹਨ।
ਕਾਂਗੜਾ ਜਿਲ੍ਹੇ ਦੇ ਪਾਲਮਪੁਰ ਤਹਿਸੀਲ ਦੇ 400 ਲੋਕਾਂ ਦੀ ਆਬਾਦੀ ਵਾਲੇ ਪਿੰਡ ਕਾਂਦਬਾੜੀ (ਮਰਦਮਸ਼ੁਮਾਰੀ ਵਿੱਚ ਪਿੰਡ ਦਾ ਨਾਮ ਕਮਲੇਹਰ ਦਰਜ ਹੈ) ਵਿੱਚ 55 ਸਾਲਾ ਜੋਬਨ ਲਾਲ ਕੋਹਲੀ ਦਾ ਕੰਮ ਕਰਦੇ ਹਨ। ਭਾਵੇਂ ਉਹਨਾਂ ਨੂੰ ਇਹ ਕੰਮ ਆਪਣੇ ਪਿਤਾ ਪਾਸੋਂ ਵਿਰਾਸਤ ਵਿੱਚ ਮਿਲਿਆ ਹੈ ਪਰ ਉਹਨਾਂ ਦੇ ਦਾਦਾ ਕੋਹਲੀ ਨਹੀਂ ਸਨ। “ਇਸ ਕੰਮ ਵਿੱਚ ਜ਼ਿਆਦਾ ਇੱਜ਼ਤ ਨਹੀਂ ਸ਼ਾਇਦ ਇਸੇ ਲਈ ਕੋਈ ਇਹ ਕੰਮ ਕਰਨਾ ਨਹੀਂ ਚਾਹੁੰਦਾ,” ਉਹ ਕਹਿੰਦੇ ਹਨ। “ਅਤੇ ਮੇਰੇ ਪਿਤਾ ਨੂੰ ਸ਼ਾਇਦ ਇਸ ਕੰਮ ਲਈ ਪਿੰਡ ਵਾਲਿਆਂ ਨੇ ਥਾਪਿਆ ਹੋਣਾ।”
ਰਿਵਾਇਤੀ ਤੌਰ ਤੇ ਕੋਹਲੀ ਕੋਲ ਕੁਹਲ ਦਾ ਅਧਿਕਾਰ ਹੁੰਦਾ ਹੈ ਕਿਉਂਕਿ ਉਹਨਾਂ ਕੋਲ ਸਥਾਨਕ ਪਾਣੀ ਦੇ ਸਿਸਟਮ ਦਾ ਪ੍ਰਬੰਧ ਕਰਨ ਦੀ ਗਹਿਨ ਜਾਣਕਾਰੀ ਹੁੰਦੀ ਹੈ। ਉਹਨਾਂ ਦੀ ਜਿੰਮੇਵਾਰੀ ਕੁਹਲ ਦੇਵੀ (ਹਾਲਾਂਕਿ ਕੋਹਲੀ ਹਮੇਸ਼ਾ ਮਰਦ ਹੁੰਦਾ ਹੈ) ਦੀ ਪੂਜਾ ਕਰਨਾ ਅਤੇ ਭੇਂਟ ਚੜਾਓਣਾ ਹੁੰਦਾ ਹੈ। ਪੁਰਾਣੇ ਸਮੇਂ ਵਿੱਚ ਹਿਮਾਚਲ ਪ੍ਰਦੇਸ਼ ਦੇ ਲੋਕਾਂ ਵਿੱਚ ਇਹ ਧਰਨਾ ਸੀ ਕਿ ਉਹਨਾਂ ਦੀਆਂ ਨਹਿਰਾਂ ਦੀ ਰੱਖਿਆ ਦੇਵੀ ਕਰਦੀ ਹੈ। ਸੋਕੇ ਦੇ ਦਿਨਾਂ ਵਿੱਚ ਵੀ ਜੇ ਲੋਕ ਨਹਿਰਾਂ ਦਾ ਰੱਖ ਰਖਾਵ ਚੰਗੀ ਤਰ੍ਹਾਂ ਕਰਨਗੇ ਤਾਂ ਦੇਵੀ ਉਹਨਾਂ ਨੂੰ ਖੁਸ਼ਹਾਲੀ ਦਾ ਵਰਦਾਨ ਬਖਸ਼ੇਗੀ। ਹੜਾਂ ਤੋਂ ਬਚਾਅ ਕਰਨ ਲਈ ਕੋਹਲੀ ਇੱਕ ਸੂਫੀ ਸੰਤ (ਨਾਮ ਪਿੰਡ ਵਾਸੀਆਂ ਨੂੰ ਯਾਦ ਨਹੀਂ) ਲਈ ਵੀ ਇੱਕ ਪ੍ਰਾਰਥਨਾ ਕਰਦਾ ਹੈ ਜੋ ਸ਼ਾਇਦ ਕਾਂਗੜਾ ਵਿੱਚ ਧਾਰਮਿਕ ਸੁਮੇਲ ਦਾ ਪ੍ਰਤੀਕ ਹੈ।
ਇਸ ਪਹਾੜੀ ਰਾਜ ਵਿੱਚ ਗਲੇਸ਼ਿਅਰਾਂ ਤੋਂ ਪਿਘਲ ਕੇ ਆਉਂਦੇ ਪਾਣੀ ਨੂੰ ਪਿੰਡਾਂ ਅਤੇ ਖੇਤਾਂ ਤੱਕ ਗੁੰਝਲਦਾਰ ਤਾਣੇ ਵਿੱਚ ਬਣੀਆਂ ਨਹਿਰਾਂ, ਜਿਨ੍ਹਾਂ ਨੂੰ ਪਹਾੜੀ ਭਾਸ਼ਾ ਵਿੱਚ ਕੁਹਲ ਕਿਹਾ ਜਾਂਦਾ ਹੈ, ਰਾਹੀਂ ਪਹੁੰਚਾਇਆ ਜਾਂਦਾ ਹੈ। ਪਿੰਡਾਂ ਦਾ ਹਵਾਈ ਦ੍ਰਿਸ਼ ਬੜੀ ਹੀ ਸਫ਼ਾਈ ਨਾਲ ਖੇਤੀ ਕਰਨ ਲਈ ਬਣਾਏ ਗਏ ਟੈਰੇੱਸ ਅਤੇ ਨਾਲ ਹੀ ਵਲੇਵੇਂ ਖਾਂਦੀਆਂ ਕੁਹਲਾਂ ਦਾ ਨਜ਼ਾਰਾ ਪੇਸ਼ ਕਰਦਾ ਹੈ।
ਖੇਤੀ ਤੋਂ ਇਲਾਵਾ ਹੋਰ ਵੀ ਕਈ ਕੰਮ ਹਨ ਜੋ ਕੁਹਲਾਂ ਤੇ ਨਿਰਭਰ ਹਨ। ਕਈ ਹਿਮਾਚਲੀ ਪਿੰਡਾਂ ਵਿੱਚ ਕੁਹਲ ਦੇ ਕੰਢੇ ਇੱਕ ਛੋਟੀ ਝੋਂਪੜੀ ਵਿੱਚ ਪਾਣੀ ਨਾਲ ਚੱਲਣ ਵਾਲੀ ਮਿੱਲ ਬਣੀ ਹੁੰਦੀ ਹੈ। ਪਾਣੀ ਦੇ ਵਹਾਅ ਨਾਲ ਘੁੰਮਣ ਵਾਲਾ ਚੱਕਾ ਉੱਪਰਲੇ ਪਾਸੇ ਬਣੀ ਚੱਕੀ ਨੂੰ ਨਾਲ ਘੁਮਾਉਂਦਾ ਹੈ। “ਘਰਾਟ ਵਿੱਚ ਪੀਸਿਆ ਆਟਾ ਖਾਣ ਵਿੱਚ ਮਿੱਠਾ ਹੁੰਦਾ ਹੈ ਜਦ ਕਿ ਬਿਜਲੀ ਨਾਲ ਚੱਲਣ ਵਾਲੀ ਚੱਕੀ ਦੇ ਆਟੇ ਦਾ ਸਵਾਦ ਜਲਿਆ ਹੋਇਆ ਲੱਗਦਾ ਹੈ,” ਪਿੰਡ ਵਾਲੇ ਦੱਸਦੇ ਹਨ। 45 ਸਾਲ ਦੇ ਓਮ ਪ੍ਰਕਾਸ਼, ਜੋ ਕਿ ਕਾਂਦਬਾੜੀ ਘਰਾਟ ਜਾਂ ਮਿੱਲ ਚਲਾਉਂਦੇ ਹਨ, ਵੀ ਇਸ ਗੱਲ ਨਾਲ ਸਹਿਮਤ ਹਨ।
ਪੁਰਾਣੇ ਸਮਿਆਂ ਵਿੱਚ ਕਾਂਗੜਾ ਵਿੱਚ ਤੇਲ ਕੱਢਣ ਵਾਲੀਆਂ ਮਿੱਲਾਂ ਵੀ ਪਾਣੀ ਦੇ ਵਹਾਅ ਨਾਲ ਚਲਦੀਆਂ ਸਨ। ਓਮ ਪ੍ਰਕਾਸ਼ ਆਪਣੇ ਪਿੰਡ ਵਿੱਚ ਬਚੇ ਤਿੰਨ ਘਰਾਟੀਆਂ ਵਿੱਚੋਂ ਇੱਕ ਹਨ। ਉਹ ਦੱਸਦੇ ਹਨ ਕਿ ਥੋੜੀ ਉਚਾਈ ਤੇ ਵਸੇ ਸਪੇਰੂ ਪੰਚਾਇਤ ਵਰਗੀ ਪਿੰਡਾਂ ਵਿੱਚ ਹੋਰ ਵੀ ਘਰਾਟੀ ਹਨ ਪਰ ਇਸ ਕੰਮ ਵਿੱਚ ਦਿਲਚਸਪੀ ਰੱਖਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। “ ਅੱਜ ਕੱਲ ਲੋਕ ਖੇਤੀਬਾੜੀ ਨਾਲ ਸਬੰਧਿਤ ਜਾਂ ਹੋਰ ਮਿਹਨਤ ਵਾਲਾ ਕੰਮ ਕਰਨਾ ਪਸੰਦ ਨਹੀਂ ਕਰਦੇ।”
ਓਮ ਪ੍ਰਕਾਸ਼ ਨੇ ਇਹ ਕੰਮ ਆਪਣੇ ਵਡੇਰਿਆਂ ਤੋਂ ਸਿੱਖਿਆ ਅਤੇ ਆਪਣੇ ਪਿਤਾ ਤੋਂ ਬਾਅਦ ਘਰਾਟੀ ਦਾ ਕੰਮ ਕਰਦਿਆਂ ਓਹਨਾਂ ਨੂੰ 23 ਸਾਲ ਹੋ ਗਏ ਹਨ। ਉਹਨਾਂ ਦਾ ਜ਼ਿਆਦਾ ਸਮਾਂ ਘਰਾਟ ਤੇ ਹੀ ਬੀਤਦਾ ਹੈ ਅਤੇ 60 ਦੇ ਕਰੀਬ ਪਰਿਵਾਰ ਅਜਿਹੇ ਹਨ ਜੋ ਵਾਢੀ ਉਪਰੰਤ ਮੱਕੀ, ਕਣਕ ਅਤੇ ਚੌਲ ਪਿਸਾਈ ਲਈ ਲੈ ਕੇ ਆਓਂਦੇ ਹਨ। ਇਹਨਾਂ ਵਿੱਚੋਂ ਜਿਆਦਾਤਰ ਲੋਕ ਘਰਾਟੀ ਨੂੰ ਅਨਾਜ ਦਾ ਕੁਝ ਹਿੱਸਾ ਦੇ ਦਿੰਦੇ ਹਨ ਅਤੇ ਕੁਝ ਕੁ ਲੋਕ ਹੀ ਨਕਦੀ ਦਿੰਦੇ ਹਨ।
ਘਰਾਟ ਚਲਾਉਣਾ ਬੇਰੋਕ ਚੱਲਣ ਵਾਲਾ ਕੰਮ ਹੈ ਅਤੇ ਓਮ ਪ੍ਰਕਾਸ਼ ਨੇ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਜਦ ਘਰਾਟ ਚੱਲਦਾ ਹੋਵੇ ਤਾਂ ਚੱਕੀ (ਮਿੱਲ) ਖਾਲੀ ਨਾ ਹੋਵੇ। “ਜੇ ਘਰਾਟ ਖਾਲੀ ਚੱਲਦਾ ਹੈ ਤਾਂ ਪੱਥਰ ਦੇ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। ਹਰ 5 ਤੋਂ 6 ਸਾਲ ਬਾਦ ਪੱਥਰ ਨੂੰ ਬਦਲਣਾ ਪੈਂਦਾ ਹੈ (ਪੱਥਰ ਦਾ ਚੱਕਾ ਘਰਾਟੀ ਦਾ ਪਰਿਵਾਰ ਹੀ ਬਣਾਓਂਦਾ ਹੈ)। ਨਾਲ ਹੀ ਅਸੀਂ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਕੁਹਲ ਵਿੱਚੋਂ ਪਾਣੀ ਘਰਾਟ ਵੱਲ ਨੂੰ ਵਗਦਾ ਰਹੇ।”
ਓਮ ਪ੍ਰਕਾਸ਼ ਚਿੰਤਿਤ ਹੁੰਦੇ ਹੋਏ ਕਹਿੰਦੇ ਹਨ ਕਿ ਬੀਤਦੇ ਸਮੇਂ ਨਾਲ ਜਿਵੇਂ ਜਿਵੇਂ ਆਟਾ ਦੁਕਾਨਾਂ ਵਿੱਚ ਮਿਲਣ ਲੱਗ ਗਿਆ ਓਵੇਂ ਓਵੇਂ ਲੋਕਾਂ ਵਿੱਚ ਆਪਣਾ ਅਨਾਜ ਪਿਸਾਉਣ ਦਾ ਰੁਝਾਨ ਘੱਟ ਗਿਆ ਹੈ। “ਹੁਣ ਤਾਂ ਲੋਕਾਂ ਨੇ ਕੁਹਲਾਂ ਵਿੱਚ ਪਲਾਸਟਿਕ ਵੀ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਜੇ ਅੱਜ ਅਸੀਂ ਕੁਹਲਾਂ ਦੀ ਸੰਭਾਲ ਨਾ ਕੀਤੀ ਤਾਂ ਸਾਡੀਆਂ ਆਓਣ ਵਾਲੀਆਂ ਪੀੜੀਆਂ ਇਹਨਾਂ ਨੂੰ ਦੇਖ ਵੀ ਨਹੀਂ ਸਕਣਗੀਆਂ।”
ਅੰਗਰੇਜਾਂ ਨੇ ਕੁਹਲ ਨਾਲ ਸਬੰਧਿਤ ਰਿਵਾਜਾਂ ਬਾਬਤ 700 ਪੰਨਿਆਂ ਦਾ ਦਸਤਾਵੇਜ਼ ਤਿਆਰ ਕੀਤਾ ਸੀ ਜਿਸ ਵਿੱਚ ਨਕਸ਼ੇ ਅਤੇ ਹੋਰ ਚਿੱਤਰ ਸਨ। ਇਸ ਦਾ ਨਾਮ ਫ਼ਾਰਸੀ ਵਿੱਚ ਰਿਵਾਜ-ਏ-ਆਬਪਸ਼ੀ (ਸਿੰਚਾਈ ਦੇ ਰਿਵਾਜ) ਰੱਖਿਆ ਸੀ। ਇਹ ਦਸਤਾਵੇਜ਼ ਪਹਿਲੀ ਵਾਰ 1874 ਵਿੱਚ ਲਿਖਿਆ ਗਿਆ ਅਤੇ 1915 ਵਿੱਚ ਇਸ ਦਾ ਹੋਰ ਸੰਸਕਰਣ ਛਪਿਆ। ਇਸ ਦਸਤਾਵੇਜ਼ ਨੇ ਕੁਹਲ ਦੇ ਪ੍ਰਬੰਧ ਨੂੰ ਇੱਕ ਵਿਗਿਆਨਿਕ ਨਜ਼ਰੀਏ ਤੱਕ ਹੀ ਸੀਮਿਤ ਰੱਖਿਆ ਜਦਕਿ ਇਹ ਇੱਕ ਬਹੁਤ ਅਮੀਰ ਅਤੇ ਪੁਰਾਣਾ ਜ਼ੁਬਾਨੀ ਚਲਿਆ ਆ ਰਿਹਾ ਗਿਆਨ ਹੈ। ਪਰ ਇਸ ਨਾਲ ਇੱਕ ਵਧੀਆ ਗੱਲ ਇਹ ਵੀ ਹੋਈ ਕਿ ਨਹਿਰ ਦੇ ਪੂਰੇ ਸਿਸਟਮ ਦਾ ਪ੍ਰਬੰਧ ਕਰਨ ਵਿੱਚ ਲੱਗਣ ਵਾਲੀ ਅਣਥੱਕ ਮਿਹਨਤ ਬਾਰੇ ਜਾਣਕਾਰੀ ਸੰਭਾਲਣ ਵਿੱਚ ਮਦਦ ਹੋ ਗਈ।
1970 ਤੱਕ ਕਈ ਪੀੜੀਆਂ ਤੋਂ ਕੁਹਲ ਸੰਪੂਰਨ ਤੌਰ ਤੇ ਭਾਈਚਾਰਕ ਸਾਂਝ ਨਾਲ ਪ੍ਰਬੰਧ ਕੀਤਾ ਜਾਂਦਾ ਸੀ। ਇਸ ਸਿੰਚਾਈ ਸਿਸਟਮ ਦੀ ਦੇਖਭਾਲ ਦਾ ਕੰਮ ਪਰਿਵਾਰ ਵਿੱਚ ਅੱਗੇ ਵੱਧਦਾ ਰਹਿੰਦਾ ਸੀ। 1990 ਆਓਂਦੇ ਤੱਕ ਜਿਆਦਾਤਰ ਮਰਦ ਗੈਰ-ਕਿਸਾਨੀ ਕੰਮ ਦੀ ਭਾਲ ਵਿੱਚ ਪਿੰਡ ਛੱਡ ਕੇ ਜਾਣ ਲੱਗੇ। ਇਸ ਦੇ ਚੱਲਦਿਆਂ ਕੁਹਲ ਦਾ ਕੰਮ ਔਰਤਾਂ ਜਿੰਮੇ ਆ ਗਿਆ ਜਿਸ ਦੀ ਇੱਕ ਹੋਰ ਵਜ੍ਹਾ ਮਨਰੇਗਾ ਸਕੀਮ (ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ 2005) ਵੀ ਹੈ, ਜਿਸ ਤਹਿਤ ਪਿੰਡਾਂ ਵਿੱਚ ਅਜਿਹੇ ਕੰਮਾਂ ਲਈ ਮਜਦੂਰੀ ਦਿੱਤੀ ਜਾਂਦੀ ਹੈ। ਅਤੇ ਬੀਤਦੇ ਸਮੇਂ ਨਾਲ ਰਾਜ ਸਰਕਾਰ ਨੇ ਆਪਣੀ ਸਿਆਣਪ ਦਿਖਾਓਂਦਿਆਂ ਕੁਹਲਾਂ ਨੂੰ ਪੱਕੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
“ਕੱਚੇ ਕੁਹਲ ਵਧੀਆ ਸਨ ਕਿਓਂਕਿ ਉਹਨਾਂ ਦਾ ਰਾਹ ਬਦਲਨਾ ਅਸਾਨ ਸੀ। ਪੱਕੇ ਕੁਹਲ ਇੱਕ ਵਾਰ ਤਾਂ ਟਿਕਾਊ ਲੱਗਦੇ ਹਨ ਪਰ ਸਭ ਨੂੰ ਪਤਾ ਹੈ ਕਿ ਕੁਝ ਸਾਲਾਂ ਵਿੱਚ ਸੀਮੇਂਟ ਖੁਰ ਜਾਵੇਗਾ,” 45 ਸਾਲਾ ਇੰਦਰਾ ਦਾ ਕਹਿਣਾ ਹੈ ਜੋ ਕਿ ਪਾਲਮਪੁਰ ਤਹਿਸੀਲ ਦੇ 350 ਲੋਕਾਂ ਦੀ ਆਬਾਦੀ ਵਾਲੇ ਪਿੰਡ ਸਪੇਰੂ ਦੀ ਵਸਨੀਕ ਹੈ। ਉਹ ਮਨਰੇਗਾ ਅਧੀਨ ਕੰਮ ਕਰਦੀ ਹੈ ਪਰ ਪਿੰਡ ਵਿੱਚ ਹੋਰਨਾਂ ਵਾਂਗ ਜਾਣਦੀ ਹੈ ਕਿ ਕੁਹਲ ਪੱਕੇ ਕਰਨਾ ਚੰਗਾ ਫ਼ੈਸਲਾ ਨਹੀਂ ਹੈ। ਪਰ ਨਾਲ ਹੀ ਕਹਿੰਦੀ ਹੈ, “ਸਾਨੂੰ ਰੋਜ਼ਾਨਾ ਇਸੇ ਕੰਮ ਲਈ ਮਜਦੂਰੀ ਮਿਲਦੀ ਹੈ, ਸੋ ਕਰੀ ਜਾ ਰਹੇ ਹਾਂ।”
ਕਈ ਪਿੰਡਾਂ ਵਿੱਚ ਕੋਹਲੀ ਦੀ ਥਾਂ ਹੁਣ ਇੱਕ ਚੁਣੀ ਹੋਈ ਖੁਦਮੁਖਤਿਆਰ ਕੁਹਲ ਕਮੇਟੀ ਹੁੰਦੀ ਹੈ। ਪਰ ਬਾਕੀ ਪਿੰਡਾਂ ਵਿੱਚ ਸਿੰਚਾਈ ਅਤੇ ਜਨਤਕ ਸਿਹਤ ਵਿਭਾਗ ਦੇ ਹੱਥ ਨਹਿਰਾਂ ਦੀ ਵਾਗਡੋਰ ਹੈ।
2013 ਦੀ ਹਿਮਾਚਲ ਪ੍ਰਦੇਸ਼ ਰਾਜ ਪਾਣੀ ਨੀਤੀ ਅਨੁਸਾਰ ਹੁਣ ਹੌਲੀ ਹੌਲੀ ਖੁੱਲੀ ਸਿੰਚਾਈ ਅਤੇ ਖੁੱਲੀਆਂ ਨਹਿਰਾਂ ਤੋਂ ਹੱਟ ਕੇ ਮਾਈਕ੍ਰੋ ਸਿੰਚਾਈ ਅਤੇ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਵੱਲ ਵਧਣਾ ਹੈ। ਇਸ ਅਨੁਸਾਰ ਹਰ ਘਰ ਵਿੱਚ ਪੀਣ ਵਾਲੇ ਪਾਣੀ ਲਈ ਮੀਟਰ ਲਾਏ ਜਾਣਗੇ ਅਤੇ ਵੱਧ ਤੋਂ ਵੱਧ ਜਨਤਕ ਥਾਵਾਂ ਤੇ ਪਾਣੀ ਵਾਲੇ ਏ.ਟੀ.ਐਮ. ਲਗਾਏ ਜਾਣਗੇ।
ਕੀ ਰਾਜ ਸਰਕਾਰ ਦੀਆਂ ਇਹ ਸਕੀਮਾਂ ਭਾਈਚਾਰਕ ਸਾਂਝ ਨਾਲ ਚੱਲਦੇ ਕੁਹਲ ਪ੍ਰਬੰਧ ਨੂੰ ਖਤਮ ਕਰ ਦੇਣਗੀਆਂ ਅਤੇ ਕੀ ਹਿਮਾਚਲ ਵਿੱਚ ਵਗਦੇ ਪਾਣੀ ਦੀ ਆਵਾਜ਼ ਦੀ ਜਗ੍ਹਾ ਪਲਸਟਿਕ ਦੀਆਂ ਪਾਈਪਾਂ ਨੇ ਲੈ ਲੈਣੀ ਹੈ? ਜੋਬਨ ਲਾਲ ਆਸ਼ਾਵਾਦੀ ਹਨ: “ਹਿਮਾਚਲ ‘ਤੇ ਕੁਹਲਾਂ ਵਿੱਚ ਧਰਤੀ ਤੇ ਵਗਦਾ ਪਾਣੀ ਰੱਬ ਦੀ ਦੇਣ ਹੈ ਅਤੇ ਕੋਹਲੀ ਦਾ ਕੰਮ ਹਮੇਸ਼ਾ ਹੀ ਮਹੱਤਵਪੂਰਨ ਰਹੇਗਾ।”
ਤਰਜਮਾ: ਨਵਨੀਤ ਕੌਰ ਧਾਲੀਵਾਲ