"ਕਰੀਬ ਚਾਰ ਸਾਲ ਪਹਿਲਾਂ ਮੇਰੇ ਬੇਟੇ ਦੀ ਮੌਤ ਹੋ ਗਈ। ਉਸ ਤੋਂ ਇੱਕ ਸਾਲ ਬਾਅਦ ਮੇਰੇ ਪਤੀ ਵੀ ਚੱਲ ਵੱਸੇ," 70 ਸਾਲਾ ਭੀਮਾ ਟੰਡਾਲੇ ਕਹਿੰਦੀ ਹਨ। ਦੱਖਣੀ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ ਤੱਪਦੀ ਧੁੱਪੇ ਬੈਠੀ ਉਹ ਇੱਕ ਸਾਲ ਦੇ ਅੰਦਰ-ਅੰਦਰ ਹੋਏ ਆਪਣੇ ਉਜਾੜੇ ਬਾਰੇ ਦੱਸਦੀ ਹਨ। ਉਨ੍ਹਾਂ ਦਾ ਪਤੀ ਅਤੇ ਬੇਟਾ ਦੋਵੇਂ ਹੀ ਆਪਣੇ ਖੇਤ ਵਿੱਚ ਕੰਮ ਕਰਦੇ ਸਮੇਂ ਬੇਹੋਸ਼ ਹੋ ਕੇ ਡਿੱਗ ਗਏ ਸਨ।
ਭੀਮਾ ਦਾ ਬੇਟਾ, ਦੱਤੂ, ਆਪਣੀ ਮੌਤ ਵੇਲੇ ਸਿਰਫ਼ 30 ਸਾਲ ਦਾ ਸੀ ਅਤੇ ਉਨ੍ਹਾਂ ਦਾ ਪਤੀ, ਉੱਤਮ, ਮੌਤ ਵੇਲੇ ਆਪਣੀ ਉਮਰ ਦੇ 60ਵੇਂ ਸਾਲ ਵਿੱਚ ਸਨ। "ਉਦੋਂ ਤੋਂ, ਮੈਂ ਆਪਣੀ ਨੂੰਹ ਸੰਗੀਤਾ ਨਾਲ਼ ਰਲ਼ ਕੇ ਘਰ ਨੂੰ ਸੰਭਾਲ਼ ਰਹੀ ਹਾਂ," ਭੀਮਾ ਕਹਿੰਦੀ ਹਨ, ਜੋ ਬਤੌਰ ਖੇਤ ਮਜ਼ਦੂਰ ਕੰਮ ਕਰਦੀ ਹਨ। "ਮੇਰਾ ਪੋਤਾ, ਸੁਮਿਤ, 14 ਸਾਲਾਂ ਦਾ ਹੈ। ਸਾਨੂੰ ਉਹਦੀ ਦੇਖਭਾਲ਼ ਵੀ ਕਰਨੀ ਪੈਂਦੀ ਹੈ।"
ਪਰ ਇਸ ਸਭ ਦੇ ਬਾਵਜੂਦ ਭੀਮਾ ਨੇ ਤਿੰਨੋਂ ਨਵੇਂ ਖੇਤੀ ਕਨੂੰਨਾਂ ਦੇ ਖਿਲਾਫ਼ 25-26 ਜਨਵਰੀ ਨੂੰ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਵਿੱਚ ਭਾਗ ਲੈਣ ਲਈ ਮੁੰਬਈ ਦਾ ਰਾਹ ਫੜ੍ਹਿਆ। ਦਿੱਲੀ ਦੀਆਂ ਸੀਮਾਵਾਂ 'ਤੇ ਵਿਰੋਧ ਪ੍ਰਦਰਸ਼ਨ ਵਿੱਚ ਡਟੇ ਕਿਸਾਨਾਂ ਦੇ ਨਾਲ਼ ਇਕਜੁਟਤਾ ਦੇ ਪ੍ਰਗਟਾਵੇ ਵਾਸਤੇ ਇਹ ਧਰਨਾ ਸੰਯਕੁਤ ਸ਼ੇਤਕਰੀ ਕਾਮਗਾਰ ਮੋਰਚਾ ਵੱਲੋਂ ਅਯੋਜਿਤ ਕੀਤਾ ਗਿਆ ਹੈ। ਇਹਦੇ ਵਾਸਤੇ ਮਹਾਂਰਾਸ਼ਟਰ ਦੇ 21 ਜ਼ਿਲ੍ਹਿਆਂ ਦੇ ਕਿਸਾਨ ਮੁੰਬਈ ਆਏ ਹਨ, ਜਿਨ੍ਹਾਂ ਨੂੰ ਕੁੱਲ ਭਾਰਤੀ ਕਿਸਾਨ ਸਭਾ ਦੁਆਰਾ ਲਾਮਬੰਦ ਕੀਤਾ ਗਿਆ ਹੈ।
ਭੀਮਾ ਨਾਸਿਕ ਜ਼ਿਲ੍ਹੇ ਦੇ ਡਿੰਡੋਰੀ ਤਾਲੁਕਾ ਵਿੱਚ ਪੈਂਦੇ ਆਪਣੇ ਪਿੰਡ, ਅੰਬੇਵਾਨੀ ਦੀਆਂ 12-15 ਔਰਤਾਂ ਵਿੱਚੋਂ ਇੱਕ ਹੈ, ਜੋ 23 ਜਨਵਰੀ ਦੀ ਸਵੇਰੇ ਰਵਾਨਾ ਹੋਈਆਂ ਅਤੇ ਅਗਲੇ ਦਿਨ ਮੁੰਬਈ ਪਹੁੰਚੀਆਂ। ਉਨ੍ਹਾਂ ਵਿੱਚੋਂ ਤਿੰਨ ਕਿਸਾਨ ਵਿਧਵਾ ਹਨ।
ਸੁਮਨ ਬੋਂਬਲੇ ਦੇ ਪਤੀ ਦੀ ਮੌਤ ਇੱਕ ਦਹਾਕਾ ਪਹਿਲਾਂ ਹੋ ਗਈ ਸੀ। "ਉਨ੍ਹਾਂ ਦੀ ਮੌਤ ਥਕਾਵਟ ਅਤੇ ਤਣਾਓ ਕਾਰਨ ਹੋਈ,", ਸੁਮਨ ਦਾ ਕਹਿਣਾ ਹੈ, ਜਿਨ੍ਹਾਂ ਦੇ ਪਤੀ, ਮੋਤੀਰਾਮ ਦੀ ਉਮਰ (ਮੌਤ ਵੇਲੇ) 50 ਸਾਲ ਸੀ। "ਅਸੀਂ ਸਾਲਾਂ ਤੋਂ ਜੰਗਲ ਦੀ ਜ਼ਮੀਨ 'ਤੇ ਕਰਦੇ ਰਹੇ ਹਾਂ। ਫਿਰ ਵੀ ਉਹ ਜ਼ਮੀਨ ਹਾਲੇ ਤੀਕਰ ਸਾਡੇ ਨਾਂਅ 'ਤੇ ਨਹੀਂ ਹੈ। ਜੰਗਲਾਤ ਅਧਿਕਾਰੀ ਸਾਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ। ਇਹਦੇ ਕਰਕੇ ਮੇਰੇ ਪਤੀ ਸਦਾ ਤਣਾਓ ਵਿੱਚ ਰਹਿੰਦੇ ਸਨ। ਉੱਤਮ ਵਾਂਗ, ਮੋਤੀਰਾਮ ਵੀ ਖੇਤ ਵਿੱਚ ਕੰਮ ਕਰਨ ਦੌਰਾਨ ਬੇਹੋਸ਼ ਹੋ ਕੇ ਡਿੱਗੇ ਸਨ।"ਉਸ ਜ਼ਮੀਨ 'ਤੇ, 60 ਸਾਲਾ ਸੁਮਨ ਦਾ ਕਹਿਣਾ ਹੈ,"ਮੈਂ ਸੋਇਆਬੀਨ, ਬਾਜਰਾ ਅਤੇ ਅਰਹਰ ਦੀ ਕਾਸ਼ਤ ਕਰਦੀ ਹਾਂ। ਪਰ ਇਹ ਕਾਸ਼ਤ ਸਿਰਫ਼ ਮਾਨਸੂਨ ਦੌਰਾਨ ਹੀ ਸੰਭਵ ਹੁੰਦੀ ਹੈ ਕਿਉਂਕਿ ਬਾਕੀ ਦਾ ਸਾਲ ਪਾਣੀ ਉਪਲਬਧ ਹੀ ਨਹੀਂ ਹੁੰਦਾ। ਉੱਥੇ ਬਿਜਲੀ ਤੱਕ ਨਹੀਂ ਹੈ।" ਉਹ ਬਤੌਰ ਖੇਤ ਮਜਦੂਰ ਕੰਮ ਕਰਦੀ ਹੈ ਅਤੇ 150-200 ਰੁਪਏ ਦਿਹਾੜੀ ਕਮਾਉਂਦੀ ਹਨ। "ਸਾਡੀਆਂ ਮੰਗਾਂ ਵਿੱਚੋਂ ਇੱਕ ਮੰਗ ਇਹ ਵੀ ਹੈ ਕਿ ਮਨਰੇਗਾ ਦੇ ਤਹਿਤ ਵੱਧ ਤੋਂ ਵੱਧ ਕੰਮ ਉਪਲਬਧ ਕਰਾਇਆ ਜਾਵੇ ਤਾਂਕਿ ਸਾਡੀ ਆਮਦਨੀ ਨਿਯਮਿਤ ਹੋ ਸਕੇ," ਉਹ ਕਹਿੰਦੀ ਹਨ।
ਮੁੰਬਈ ਦੇ ਵਿਰੋਧ ਪ੍ਰਦਰਸ਼ਨ ਵਿੱਚ ਭਾਗ ਲੈਣ ਖਾਤਰ ਕੰਮ ਤੋਂ ਕਰੀਬ ਚਾਰ ਦਿਨਾਂ ਤੱਕ ਦੂਰ ਰਹਿਣ ਕਾਰਨ, ਸੁਮਨ ਨੂੰ 600-800 ਰੁਪਏ ਦੀਆਂ ਦਿਹਾੜੀਆਂ ਦਾ ਨੁਕਸਾਨ ਹੋਇਆ। "ਸਾਡੇ ਕੋਲ਼ ਹੋਰ ਚਾਰਾ ਹੀ ਕਿਹੜਾ ਹੈ?" ਉਹ ਸਵਾਲ ਕਰਦੀ ਹਨ। "ਸਾਨੂੰ ਆਪਣੇ ਹੱਕਾਂ ਲਈ ਲੜਦੇ ਰਹਿਣਾ ਪਵੇਗਾ। ਸਾਡੇ ਪਿੰਡ ਦਾ ਤਲਾਥੀ ਆਖਦਾ ਰਹਿੰਦਾ ਹੈ ਕਿ ਉਹ ਮੇਰੀ ਜ਼ਮੀਨ ਦਾ ਮਾਲਿਕਾਨਾ ਹੱਕ ਦਵਾ ਦਵੇਗਾ, ਪਰ ਹਾਲੇ ਤੀਕਰ ਕੁਝ ਨਹੀਂ ਬਣਿਆ। ਮੇਰੇ ਕੋਲ਼ ਇੱਕ ਏਕੜ ਵੀ ਪੈਲੀ ਨਹੀਂ। ਮੇਰੇ ਬੱਚੇ ਵੀ ਨਹੀਂ ਹਨ। ਮੈਂ ਸਿਰਫ਼ ਇੰਨਾ ਹੀ ਕਰ ਸਕਦੀ ਹਾਂ। ਮੈਂ ਬਿਲਕੁਲ ਇਕੱਲੀ ਹਾਂ।"
ਪਰ 64 ਸਾਲਾ ਲਕਸ਼ਮੀ ਗਾਇਕਵਾੜ ਦੇ ਕੋਲ਼ ਇੱਕ ਏਕੜ ਜ਼ਮੀਨ ਹੈ- ਹਾਲਾਂਕਿ ਉਹ ਇਸ ਤੋਂ ਵੀ ਕਿਤੇ ਵੱਧ ਦੀ ਹੱਕਦਾਰ ਹਨ, ਉਹ ਕਹਿੰਦੀ ਹਨ। "ਅਸੀਂ ਪੰਜ ਏਕੜ 'ਤੇ ਖੇਤੀ ਕਰਦੇ ਰਹੇ ਸਾਂ, ਪਰ ਜੰਗਲਾਤ ਵਿਭਾਗ ਨੇ ਉਸ ਖੇਤ 'ਤੇ ਬੰਨ੍ਹ ਬਣਾ ਦਿੱਤੇ। ਇਸ ਵਜ੍ਹਾ ਨਾਲ਼ ਅਸੀਂ ਦੋ ਏਕੜ ਜ਼ਮੀਨ ਹੱਥੋਂ ਗੁਆ ਲਈ। ਅਤੇ ਜਦੋਂ ਉਨ੍ਹਾਂ ਨੇ ਸਾਨੂੰ ਜ਼ਮੀਨ ਦਾ ਮਾਲਿਕਾਨਾ ਹੱਕ ਦਿੱਤਾ, ਤਾਂ ਉਹ ਵੀ ਸਿਰਫ਼ ਇੱਕੋ ਏਕੜ ਦਾ ਹੀ ਮਿਲਿਆ।"
ਲਕਸ਼ਮੀ ਦੇ ਪਤੀ, ਹੀਰਾਮਨ ਦੀ ਮੌਤ ਕਰੀਬ 12 ਸਾਲ ਪਹਿਲਾਂ ਹੋਈ ਜਦੋਂ ਉਹ 55 ਸਾਲ ਦੇ ਸਨ। ਉਨ੍ਹਾਂ ਨੂੰ ਆਪਣੇ ਖੇਤ ਵਿੱਚੋਂ ਪੱਥਰ ਪਾਸੇ ਕਰਦੇ ਸਮੇਂ ਬੇਚੈਨੀ ਮਹਿਸੂਸ ਹੋਈ ਅਤੇ ਉਹ ਬੇਹੋਸ਼ ਹੋ ਗਏ। "ਉਹ ਦੋਬਾਰਾ ਕਦੇ ਨਾ ਉੱਠੇ," ਉਹ ਕਹਿੰਦੀ ਹਨ। ਪਰ 32 ਅਤੇ 27 ਸਾਲ ਦੇ ਆਪਣੇ ਦੋ ਬੇਟਿਆਂ ਦੀ ਮਦਦ ਨਾਲ਼ ਲਕਸ਼ਮੀ ਆਪਣੇ ਜ਼ਮੀਨੀ ਹੱਕਾਂ ਵਾਸਤੇ ਅਧਿਕਾਰੀਆਂ ਕੋਲੋਂ ਕੰਮ ਕਰਾਉਣ ਵਿੱਚ ਸਫ਼ਲ ਰਹੀ।
ਲਕਸ਼ਮੀ, ਸੁਮਨ ਅਤੇ ਭੀਮਾ ਕੋਲੀ ਮਹਾਂਦੇਵ ਆਦਿਵਾਸੀ ਭਾਈਚਾਰੇ ਨਾਲ਼ ਸਬੰਧ ਰੱਖਦੀਆਂ ਹਨ। ਉਹ 2006 ਵਿੱਚ ਜੰਗਲਾਤ ਅਧਿਕਾਰ ਐਕਟ ਪਾਸ ਹੋਣ ਤੋਂ ਬਾਅਦ ਤੋਂ ਹੀ ਜ਼ਮੀਨ 'ਤੇ ਆਪਣੇ ਮਾਲਿਕਾਨਾ ਹੱਕ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਐਕਟ ਦੇ ਸਹੀ ਤਰੀਕੇ ਨਾਲ਼ ਲਾਗੂ ਨਾ ਕੀਤੇ ਜਾਣ ਕਾਰਨ ਹੀ ਉਨ੍ਹਾਂ ਦੇ ਪਤੀਆਂ ਦੀ ਮੌਤ ਹੋਈ ਹੈ।
ਜ਼ਮੀਨ ਦੇ ਮਾਲਿਕਾਨਾ ਹੱਕ ਦੀ ਮੰਗ ਉਨ੍ਹਾਂ ਦੀ ਮੁੱਖ ਚਿੰਤਾ ਹੈ, ਪਰ ਬਾਵਜੂਦ ਇਹਦੇ ਉਹ ਤਿੰਨੋਂ ਨਵੇਂ ਖੇਤੀ ਕਨੂੰਨਾਂ ਖਿਲਾਫ਼ ਦਿੱਲੀ ਅਤੇ ਉਹਦੇ ਆਸਪਾਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਪ੍ਰਤੀ ਇਕਜੁਟਤਾ ਪ੍ਰਗਟਾਉਣ ਲਈ ਮੁੰਬਈ ਆਈਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕਨੂੰਨ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਸਾਰੇ ਕਿਸਾਨਾਂ ਨੂੰ ਪ੍ਰਭਾਵਤ ਕਰਨਗੇ।
ਉਹ ਆਪਣੇ ਨਾਲ਼ ਖਾਣ ਵਾਸਤੇ ਭਾਖਰੀ ਅਤੇ ਚਟਨੀ ਅਤੇ ਅਜ਼ਾਦ ਮੈਦਾਨ ਵਿੱਚ ਖੁੱਲ੍ਹੇ ਅਸਮਾਨੀਂ ਰਾਤ ਕੱਟਣ ਲਈ ਕੰਬਲ ਲੈ ਕੇ ਆਈਆਂ ਹਨ। "ਸਰਕਾਰ ਨੂੰ ਇਹ ਜਾਣਨ ਦੀ ਲੋੜ ਹੈ ਕਿ ਭਾਰਤ ਦੇ ਸਾਰਿਆਂ ਹਿੱਸਿਆਂ ਅੰਦਰ ਕਿਸਾਨ ਇਨ੍ਹਾਂ ਕਨੂੰਨਾਂ ਦਾ ਵਿਰੋਧ ਕਰ ਰਹੇ ਹਨ," ਭੀਮਾ ਕਹਿੰਦੀ ਹਨ, ਜੋ ਭੱਖਦੀ ਜ਼ਮੀਨ 'ਤੇ ਨੰਗੇ ਪੈਰੀਂ ਬੈਠੀ ਹਨ।
ਜਿਨ੍ਹਾਂ ਖੇਤੀ ਕਨੂੰਨਾਂ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 ਹਨ। ਇਨ੍ਹਾਂ ਨੂੰ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ।
ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਰੋਜ਼ੀਰੋਟੀ ਲਈ ਤਬਾਹੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਨਾਂ ਅਤੇ ਖੇਤੀ 'ਤੇ ਜਿਆਦਾ ਹੱਕ ਮੁਹੱਈਆ ਕਰਦੇ ਹਨ। ਇਹ ਕਨੂੰਨ ਘੱਟੋਘੱਟ ਸਮਰਥਨ ਮੁੱਲ (MSP/ਐੱਐੱਸਪੀ), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMCs/ਏਪੀਐੱਮਸੀ), ਰਾਜ ਦੁਆਰਾ ਖ਼ਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲੇ ਮੁੱਖ ਰੂਪਾਂ ਨੂ ਵੀ ਕਮਜੋਰ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।
ਦਿੱਲੀ ਦੇ ਚੁਫ਼ੇਰੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਵੱਡੀ ਗਿਣਤੀ ਵਿੱਚ ਮੌਜੂਦ ਹਨ ਕਿਉਂਕਿ ਦੋਵੇਂ ਰਾਜ ਐੱਮਐੱਸਪੀ 'ਤੇ ਰਾਜ ਸਰਕਾਰ ਦੀਆਂ ਏਜੰਸੀਆਂ ਦੁਆਰਾ ਖ਼ਰੀਦੇ ਜਾਣ ਵਾਲੇ ਚੌਲ ਅਤੇ ਕਣਕ ਦੇ ਸਭ ਤੋਂ ਵੱਡੇ ਉਤਪਾਦਕ ਹਨ।
ਪਰ ਅਜ਼ਾਦ ਮੈਦਾਨ ਵਿੱਚ ਮੌਜੂਦ ਮਹਾਂਰਾਸ਼ਟਰ ਦੇ ਕਿਸਾਨ ਦੱਸਦੇ ਹਨ ਕਿ ਇਹ ਵਿਰੋਧ ਪ੍ਰਦਰਸ਼ਨ ਪੂਰੇ ਕਿਸਾਨ ਭਾਈਚਾਰੇ ਦਾ ਵੀ ਹੈ। "ਇਹ (ਕਨੂੰਨ) ਹੋ ਸਕਦਾ ਹੈ ਕਿ ਸਾਨੂੰ ਫੌਰਨ ਪ੍ਰਭਾਵਤ ਨਾ ਕਰਨ," ਲਕਸ਼ਮੀ ਕਹਿੰਦੀ ਹਨ। "ਪਰ ਜੇਕਰ ਇਹ ਦੇਸ਼ ਦੇ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਇਹ ਕਦੇ ਨਾ ਕਦੇ ਸਾਨੂੰ ਵੀ ਪ੍ਰਭਾਵਤ ਕਰੇਗਾ। ਅਸੀਂ ਸਾਰੇ ਖੇਤ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਦੇ ਹਨ। ਜੇਕਰ ਕਿਸਾਨ ਸਾਨੂੰ ਕੰਮ ਨਹੀਂ ਦੇਣਗੇ, ਤਾਂ ਅਸੀਂ ਪੈਸਾ ਕਿੱਥੋਂ ਕਮਾਵਾਂਗੇ? ਮੋਦੀ ਸਰਕਾਰ ਨੂੰ ਤਿੰਨੋਂ ਖੇਤੀ ਕਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਸਾਨੂੰ ਵੱਡੀਆਂ ਕੰਪਨੀਆਂ 'ਤੇ ਭਰੋਸਾ ਨਹੀਂ ਹੈ ਕਿ ਉਹ ਸਾਡੇ ਨਾਲ਼ ਢੁੱਕਵਾਂ ਵਿਵਹਾਰ ਕਰਨਗੀਆਂ।"
ਜੇਕਰ ਸਰਕਾਰ ਵਾਸਤਵ ਵਿੱਚ ਕਿਸਾਨਾਂ ਦੀ ਹਾਲਤ ਸੁਧਾਰਣਾ ਚਾਹੁੰਦੀ ਹੈ ਅਤੇ ਨਿੱਜੀ ਕੰਪਨੀਆਂ ਦਾ ਪੱਖ ਨਹੀਂ ਲੈਂਦੀ, ਤਾਂ ਆਦਿਵਾਸੀ ਕਿਸਾਨਾਂ ਲਈ ਜ਼ਮੀਨ ਦਾ ਮਾਲਿਕਾਨਾ ਹੱਕ ਹਾਸਲ ਕਰਨਾ ਇੰਨਾ ਮੁਸ਼ਕਲ ਨਾ ਹੁੰਦਾ, ਸੁਮਨ ਕਹਿੰਦੀ ਹਨ। "ਅਸੀਂ 2018 ਵਿੱਚ ਇੱਕ ਹਫ਼ਤੇ ਵਾਸਤੇ ਨਾਸਿਕ ਤੋਂ ਮੁੰਬਈ ਆਏ ਸਨ। ਸਾਡੇ ਵਿੱਚੋਂ ਕੁਝ ਲੋਕ ਦਿੱਲੀ ਵੀ ਗਏ ਸਨ," ਉਹ ਦੱਸਦੀ ਹਨ। "ਸਾਡੇ ਲੋਕਾਂ ਨੇ ਖੇਤਾਂ ਵਿੱਚ ਕੰਮ ਕੀਤਾ ਹੈ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀ ਮੌਤ ਵੀ ਉੱਥੇ ਹੀ ਹੋਈ ਹੈ, ਅਸੀਂ ਜਿਹੜੀ ਜ਼ਮੀਨ ਵਾਹੁੰਦੇ ਹਾਂ ਅਸੀਂ ਹਾਲੇ ਤੀਕਰ ਵੀ ਉਹਦੇ ਮਾਲਕ ਨਹੀਂ।"
ਤਰਜਮਾ: ਕਮਲਜੀਤ ਕੌਰ