ਲਾਡ ਹਾਈਕੋ ਵੇਖਣ ਨੂੰ ਸੌਖਾ ਪਕਵਾਨ ਲੱਗ ਸਕਦਾ ਹੈ ਕਿਉਂਕਿ ਇਸ ਦੇ ਲਈ ਦੋ ਹੀ ਵਸਤਾਂ ਦੀ ਲੋੜ ਪੈਂਦੀ ਹੈ – ਬੁਲੁਮ (ਲੂਣ) ਅਤੇ ਸਸੰਗ (ਹਲਦੀ)। ਪਰ ਰਸੋਈਏ ਦਾ ਕਹਿਣਾ ਹੈ ਕਿ ਅਸਲੀ ਚੁਣੌਤੀ ਇਸ ਪਕਵਾਨ ਨੂੰ ਤਿਆਰ ਕਰਨ ਦੇ ਤਰੀਕੇ ਵਿੱਚ ਆਉਂਦੀ ਹੈ।

ਰਸੋਈਆ ਝਾਰਖੰਡ ਦਾ ਹੋ ਆਦਿਵਾਸੀ, ਬਿਰਸਾ ਹੇਂਬ੍ਰੌਮ ਹੈ। ਉਸਦਾ ਕਹਿਣਾ ਹੈ ਕਿ ਮਾਨਸੂਨ ਦਾ ਮੌਸਮ ਲਾਡ ਹਾਈਕੋ ਦੇ ਬਗੈਰ ਅਧੂਰਾ ਹੁੰਦਾ ਹੈ, ਜੋ ਮੱਛੀ ਤੋਂ ਬਣਿਆ ਇੱਕ ਰਵਾਇਤੀ ਪਕਵਾਨ ਹੈ। ਇਹਨੂੰ ਬਣਾਉਣ ਦੀ ਵਿਧੀ ਉਸਨੇ ਆਪਣੇ ਮੁਦੇਈ (ਮਾਪਿਆਂ) ਤੋਂ ਸਿੱਖੀ ਸੀ।

71 ਸਾਲਾ ਮਛਵਾਰਾ ਤੇ ਕਿਸਾਨ ਖੂੰਟਪਾਨੀ ਬਲਾਕ ਦੇ ਜਾਨਕੋਸਸਨ ਪਿੰਡ ਵਿੱਚ ਰਹਿੰਦਾ ਹੈ ਤੇ ਸਿਰਫ਼ ਹੋ ਬੋਲੀ ਹੀ ਬੋਲਦਾ ਹੈ। ਇਹ ਇਸ ਭਾਈਚਾਰੇ ਦੇ ਲੋਕਾਂ ਵੱਲੋਂ ਬੋਲੀ ਜਾਂਦੀ ਔਸਟ੍ਰੋਏਸ਼ੀਐਟਿਕ (ਦੱਖਣੀ, ਦੱਖਣ-ਪੱਛਮੀ ਤੇ ਦੱਖਣ-ਪੂਰਬੀ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ) ਕਬਾਇਲੀ ਬੋਲੀ ਹੈ। 2013 ਵਿੱਚ ਆਖਰੀ ਵਾਰ ਹੋਈ ਜਨਗਣਨਾ ਮੁਤਾਬਕ ਝਾਰਖੰਡ ਵਿੱਚ ਇਸ ਭਾਈਚਾਰੇ ਦੇ ਮਹਿਜ਼ ਨੌਂ ਲੱਖ ਦੇ ਕਰੀਬ ਲੋਕ ਹਨ; ( ਭਾਰਤ ਵਿੱਚ ਅਨੁਸੂਚਿਤ ਕਬੀਲਿਆਂ ਦੇ ਅੰਕੜੇ, 2013 ਦੇ ਮੁਤਾਬਕ) ਹੋ ਲੋਕਾਂ ਦੀ ਕੁਝ ਗਿਣਤੀ ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਵੀ ਰਹਿੰਦੀ ਹੈ।

ਬਿਰਸਾ ਪਹਿਲਾਂ ਮਾਨਸੂਨ ਦੇ ਮੌਸਮ ਵਿੱਚ ਨੇੜਲੇ ਪਾਣੀਆਂ ਵਿੱਚੋਂ ਤਾਜ਼ੀ ਹਾਦ ਹਾਈਕੋ (ਪੂਲ ਬਾਰਬ), ਇਛੇ ਹਾਈਕੋ (ਝੀਂਗੇ), ਬੋਮ ਬੂਈ , ਡਾਂਡੀਕੇ ਅਤੇ ਦੂੜੀ ਮੱਛੀ ਫੜ੍ਹਦਾ ਹੈ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਦਾ ਹੈ। ਫੇਰ ਉਹ ਇਹਨਾਂ ਨੂੰ ਤਾਜ਼ੇ ਤੋੜੇ ਕਾਕਾਰੂ ਦੇ ਪੱਤਿਆਂ (ਪੇਠੇ ਦੇ ਪੱਤੇ) ਉੱਤੇ ਰੱਖ ਦਿੰਦਾ ਹੈ।

ਲੂਣ ਅਤੇ ਹਲਦੀ ਦੀ ਸਹੀ ਮਾਤਰਾ ਹੋਣੀ ਬਹੁਤ ਅਹਿਮ ਹੈ, “ਇਸਦੀ ਜ਼ਿਆਦਾ ਮਾਤਰਾ ਇਸਨੂੰ ਖਾਰਾ ਕਰ ਦਿੰਦੀ ਹੈ, ਤੇ ਬਹੁਤੀ ਘੱਟ ਮਾਤਰਾ ਬੇਸੁਆਦ ਬਣਾ ਦਿੰਦੀ ਹੈ। ਸੁਆਦ ਪਾਉਣ ਲਈ ਇਸਦੀ ਮਾਤਰਾ ਬਿਲਕੁਲ ਸਹੀ ਹੋਣੀ ਚਾਹੀਦੀ ਹੈ!” ਹੇਂਬ੍ਰੌਮ ਨੇ ਕਿਹਾ।

ਮੱਛੀ ਸੜ ਨਾ ਜਾਵੇ, ਇਸਨੂੰ ਯਕੀਨੀ ਬਣਾਉਣ ਲਈ ਉਹ ਪੇਠੇ ਦੇ ਪਤਲੇ ਪੱਤਿਆਂ ਦੇ ਉੱਪਰੋਂ ਸਾਲ ਦੇ ਪੱਤਿਆਂ ਦੀ ਮੋਟੀ ਪਰਤ ਚੜ੍ਹਾਉਂਦਾ ਹੈ। ਇਸ ਨਾਲ ਪੱਤੇ ਅਤੇ ਕੱਚੀ ਮੱਛੀ ਸੁਰੱਖਿਅਤ ਰਹਿੰਦੀ ਹੈ, ਉਸਨੇ ਕਿਹਾ। ਮੱਛੀ ਪੱਕਣ ਤੋਂ ਬਾਅਦ ਉਹ ਇਸਨੂੰ ਪੱਤਿਆਂ ਸਣੇ ਖਾਣਾ ਪਸੰਦ ਕਰਦਾ ਹੈ। ਉਸਨੇ ਦੱਸਿਆ, “ਆਮ ਕਰਕੇ ਮੈਂ ਮੱਛੀ ਲਪੇਟਣ ਲਈ ਵਰਤੇ ਪੱਤੇ ਸੁੱਟ ਦਿੰਦਾ ਹਾਂ, ਪਰ ਇਹ ਪੇਠੇ ਦੇ ਪੱਤੇ ਹਨ, ਇਸ ਕਰਕੇ ਮੈਂ ਇਹ ਵੀ ਖਾਵਾਂਗਾ। ਜੇ ਤੁਸੀਂ ਸਹੀ ਤਰੀਕੇ ਨਾਲ ਪਕਾਓ ਤਾਂ ਪੱਤੇ ਵੀ ਸੁਆਦ ਲੱਗਦੇ ਹਨ।”

ਦੇਖੋ: ਬਿਰਸਾ ਹੇਂਬ੍ਰੌਮ ਤੇ ਲਾਡ ਹਾਇਕੋ

PARI ਵੱਲੋਂ ਅਸੀਂ ਅਰਮਾਨ ਜਾਮੁਡਾ ਦੇ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਇਸ ਵੀਡੀਓ ਦਾ ਹੋ ਤੋਂ ਹਿੰਦੀ ਵਿੱਚ ਅਨੁਵਾਦ ਕੀਤਾ।

PARI ਦੇ ਅਲੋਪ ਹੋ ਰਹੀਆਂ ਭਾਸ਼ਾਵਾਂ ਦੇ ਪ੍ਰਾਜੈਕਟ ਦਾ ਮੰਤਵ ਭਾਰਤ ਦੀਆਂ ਖ਼ਤਰੇ ਹੇਠ ਭਾਸ਼ਾਵਾਂ ਦਾ  ਉਹਨਾਂ ਨੂੰ ਬੋਲਣ ਵਾਲੇ ਆਮ ਲੋਕਾਂ ਦੀਆਂ ਆਵਾਜ਼ਾਂ ਅਤੇ ਉਹਨਾਂ ਦੇ ਜੀਵਨ ਦੇ ਅਨੁਭਵਾਂ ਜ਼ਰੀਏ ਦਸਤਾਵੇਜੀਕਰਨ ਕਰਨਾ ਹੈ।

ਹੋ ਮੱਧ ਅਤੇ ਪੂਰਬੀ ਭਾਰਤ ਦੇ ਆਦਿਵਾਸੀਆਂ ਦੁਆਰਾ ਬੋਲੀਆਂ ਜਾਂਦੀਆਂ ਔਸਟ੍ਰੋਏਸ਼ੀਐਟਿਕ ਭਾਸ਼ਾਵਾਂ ਦੀ ਮੁੰਡਾ ਸ਼ਾਖਾ ਦਾ ਹਿੱਸਾ ਹੈ। UNESCO ਦੀ ਭਾਸ਼ਾਵਾਂ ਦੀ ਐਟਲਸ ਵਿੱਚ ਹੋ ਨੂੰ ਭਾਰਤ ਦੀਆਂ ਸੰਭਾਵੀ ਖ਼ਤਰੇ ਹੇਠਲੀਆਂ ਭਾਸ਼ਾਵਾਂ ਵਿੱਚ ਦਰਜ ਕੀਤਾ ਗਿਆ ਹੈ।

ਇਸ ਸਟੋਰੀ ਵਿੱਚ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ ਬੋਲੀ ਵਾਲ਼ੀ ‘ਹੋ‘ ਭਾਸ਼ਾ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਹੈ।

ਪੰਜਾਬੀ ਤਰਜਮਾ: ਅਰਸ਼ਦੀਪ ਅਰਸ਼ੀ

Video : Rahul Kumar

राहुल कुमार, झारखंड स्थित डॉक्यूमेंट्री फ़िल्ममेकर हैं और मेमोरी मेकर्स स्टूडियो के संस्थापक हैं. उन्हें ग्रीन हब इंडिया और लेट्स डॉक की फ़ेलोशिप से भी नवाज़ा जा चुका है, और वह ‘भारत रूरल लाइवलीहुड फ़ाउंडेशन’ के साथ काम कर चुके हैं.

की अन्य स्टोरी Rahul Kumar
Text : Ritu Sharma

ऋतु शर्मा, पारी की लुप्तप्राय भाषाओं की संपादक हैं. उन्होंने भाषा विज्ञान में परास्नातक की पढ़ाई है, और भारत में बोली जाने वाली भाषाओं को संरक्षित और पुनर्जीवित करने की दिशा में कार्यरत हैं.

की अन्य स्टोरी Ritu Sharma
Translator : Arshdeep Arshi

अर्शदीप अर्शी, चंडीगढ़ की स्वतंत्र पत्रकार व अनुवादक हैं, और न्यूज़ 18 व हिन्दुस्तान टाइम्स के लिए काम कर चुकी हैं. उन्होंने पटियाला के पंजाबी विश्वविद्यालय से अंग्रेज़ी साहित्य में एम.फ़िल किया है.

की अन्य स्टोरी Arshdeep Arshi