ਜਦੋਂ ਲੱਲਨ ਪਾਸਵਾਨ ਨੇ ਪਹਿਲੀ ਵਾਰ ਹੱਥੀਂ ਖਿੱਚੇ ਜਾਣ ਵਾਲ਼ੇ ਰਿਕਸ਼ੇ ਨੂੰ ਚਲਾਉਣਾ ਸਿੱਖਣ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਰਿਕਸ਼ਾ ਚਾਲਕ ਯਾਤਰੀਆਂ ਦੇ ਰੂਪ ਵਿਚ ਰਿਕਸ਼ੇ ਉੱਤੇ ਬੈਠ ਗਏ ਤਾਂ ਜੋ ਲੱਲਨ ਇਸ ਰਿਕਸ਼ੇ ਨੂੰ ਖਿੱਚਣ ਦਾ ਅਭਿਆਸ ਕਰ ਸਕਣ। ਉਹ ਕਹਿੰਦੇ ਹਨ, “ਪਹਿਲੀ ਵਾਰ ਜਦੋਂ ਮੈਂ ਰਿਕਸ਼ੇ ਦਾ ਅਗਲਾ ਹੱਥਾ ਚੁੱਕ ਕੇ ਰਿਕਸ਼ੇ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸਨੂੰ ਖਿੱਚ ਨਾ ਸਕਿਆ। ਅਜਿਹਾ ਕਰਨ ਵਿਚ ਮੈਨੂੰ ਦੋ-ਤਿੰਨ ਦਿਨ ਲੱਗ ਗਏ।”
ਗਲ ਵਿਚ ਵਲ੍ਹੇਟੇ ਡੱਬੀਦਾਰ ਗਮਛੇ (ਪਰਨਾ) ਨਾਲ ਆਪਣੇ ਚਿਹਰੇ ਤੋਂ ਪਸੀਨਾ ਪੂੰਝਦੇ ਹੋਏ, ਉਹ ਦੱਸਦੇ ਹਨ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਰਿਕਸ਼ੇ ਦਾ ਸੰਤੁਲਨ ਬਣਾਉਣਾ ਸਿੱਖਿਆ ਅਤੇ ਇਹ ਵੀ ਯਕੀਨੀ ਬਣਾਉਣਾ ਕਿ ਰਿਕਸ਼ਾ ਨਾ ਪਲਟੇ। “ਜੇਕਰ ਤੁਸੀਂ ਇਸਦੇ ਹੱਥਿਆਂ ਨੂੰ (ਸਾਹਮਣੇ ਤੋਂ) ਯਾਤਰੀਆਂ ਤੋਂ ਜਿੰਨਾ ਸੰਭਵ ਹੋ ਸਕੇ ਓਨਾ ਦੂਰ ਰੱਖੋਂਗੇ ਤਾਂ ਰਿਕਸ਼ਾ ਨਹੀਂ ਪਲਟੇਗਾ,” ਉਹ ਕਹਿੰਦੇ ਹਨ। ਰਿਕਸ਼ੇ ਸਮੇਤ ਪਲਟ ਜਾਣ ਦੀ ਘਬਰਾਹਟ ਤੋਂ ਉਭਰਨ ਲਈ ਉਨ੍ਹਾਂ ਨੂੰ ਕੁਝ ਸਮਾਂ ਲੱਗਿਆ। ਉਹ ਕਹਿੰਦੇ ਹਨ, “ਹੁਣ ਮੈਨੂੰ ਡਰ ਨਹੀਂ ਲੱਗਦਾ। ਦੋ ਯਾਤਰੀਆਂ ਨੂੰ ਬਿਠਾ ਕੇ ਅਰਾਮ ਨਾਲ਼ ਰਿਕਸ਼ਾ ਖਿੱਚ ਸਕਦਾ ਹਾਂ, ਤੀਜਾ ਬੱਚਾ ਹੋਵੇ ਤਾਂ ਤਿੰਨ ਸਵਾਰੀਆਂ ਵੀ ਖਿੱਚ ਲੈਂਦਾ ਹਾਂ।”
ਉਨ੍ਹਾਂ ਦੇ ਰਿਕਸ਼ਾ ਚਲਾਉਣ ਦੇ ਇਸ ਸਫ਼ਰ ਵਿਚ ਇਨ੍ਹਾਂ ਸ਼ੁਰੂਆਤੀ ਯਤਨਾਂ ਨੂੰ ਲਗਭਗ 15 ਵਰ੍ਹੇ ਬੀਤ ਚੁੱਕੇ ਹਨ। ਜਦੋਂ ਲੱਲਨ ਨੇ ਇਹ ਸ਼ੁਰੂਆਤੀ ਸਬਕ ਸਿੱਖੇ, ਉਦੋਂ ਉਹ ਬਿਹਾਰ ਦੇ ਜ਼ਿਲ੍ਹੇ ਪੂਰਬੀ ਚੰਪਾਰਨ ਦੇ ਪਿੰਡ ਰਘੂ ਨਾਥਪੁਰ ਤੋਂ ਸ਼ਹਿਰ ਆਏ ਸਨ। ਉਨ੍ਹਾਂ ਨੇ ਨੌਵੀਂ ਜਮਾਤ ਤੱਕ ਪੜ੍ਹਾਈ ਕੀਤੀ, ਅਤੇ ਫਿਰ ਕੁਝ ਸਮੇਂ ਲਈ ਆਪਣੀ ਇਕ ਬੀਘਾ (ਇੱਕ ਏਕੜ ਤੋਂ ਘੱਟ) ਪਰਿਵਾਰਕ ਜ਼ਮੀਨ ਉੱਤੇ ਖੇਤੀ ਕੀਤੀ ਜਿੱਥੇ ਉਹ ਕਣਕ ਤੇ ਝੋਨਾ ਉਗਾਉਂਦੇ ਸਨ। ਪਰ ਖੇਤੀ ਤੋਂ ਬਹੁਤੀ ਆਮਦਨ ਨਹੀਂ ਹੋਈ, ਜਿਸ ਕਰਕੇ ਪਾਸਵਾਨ ਨੂੰ ਕੰਮ ਦੀ ਭਾਲ ਵਿਚ ਕੋਲਕਾਤਾ ਆਉਣਾ ਪਿਆ।
ਕੁਝ ਮਹੀਨਿਆਂ ਤੱਕ, ਉਨ੍ਹਾਂ ਨੇ ਕਿਸੇ ਦਫ਼ਤਰ ਵਿਚ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ। “ਜਦੋਂ ਮੈਨੂੰ ਕੋਈ ਕੰਮ ਨਾ ਮਿਲਿਆ ਤਾਂ ਮੇਰੇ ਪਿੰਡ ਦੇ ਰਹਿਣ ਵਾਲੇ ਕੁਝ ਰਿਕਸ਼ਾ ਚਾਲਕਾਂ ਨੇ ਮੈਨੂੰ ਇਸ ਕੰਮ ਬਾਰੇ ਦੱਸਿਆ,” ਉਹ ਕਹਿੰਦੇ ਹਨ।
ਲਗਭਗ 40 ਵਰ੍ਹਿਆਂ ਦੇ ਪਾਸਵਾਨ ਹੁਣ ਦੱਖਣੀ ਕੋਲਕਾਤਾ ਵਿਚ ਕਾੱਰਨਫੀਲਡ ਰੋਡ ਅਤੇ ਏਕਡਾਲੀਆ ਰੋਡ ਦੇ ਚੁਰਾਹੇ ਉੱਤੇ ਇਕ ਰਿਕਸ਼ਾ ਅੱਡੇ ਤੋਂ ਆਪਣਾ ਰਿਕਸ਼ਾ ਚਲਾਉਂਦੇ ਹਨ। ਇੱਥੇ ਆਮ ਤੌਰ ’ਤੇ 30 ਦੇ ਕਰੀਬ ਰਿਕਸ਼ਾ ਚਾਲਕ ਯਾਤਰੀਆਂ ਦੀ ਉਡੀਕ ਕਰਦੇ ਹਨ। ਮਾਰਚ ਵਿਚ ਕੋਵਿਡ-19 ਦੇ ਕਾਰਨ ਦੇਸ਼ ਭਰ ਵਿਚ ਹੋਈ ਤਾਲਾਬੰਦੀ (ਲਾਕਡਾਊਨ) ਦੇ ਚੱਲਦਿਆਂ ਇਨ੍ਹਾਂ ਵਿਚੋਂ ਬਹੁਤ ਸਾਰੇ ਰਿਕਸ਼ਾ ਚਾਲਕ ਆਪੋ-ਆਪਣੇ ਪਿੰਡਾਂ ਨੂੰ ਪਰਤ ਗਏ। ਪਾਸਵਾਨ ਕਹਿੰਦੇ ਹਨ, “ਕੋਰੋਨਾ ਕਰਕੇ ਕੰਮ-ਕਾਰ ਵਧੀਆ ਨਹੀਂ ਚੱਲ ਰਿਹਾ ਸੀ। ਉਹ ਇੱਥੇ ਕੀ ਕਰਦੇ? ਤਾਂ ਉਹ ਆਪਣੇ ਘਰ ਹੀ ਚਲੇ ਗਏ।”
ਪਰ ਇਸ ਦੌਰਾਨ ਲੱਲਨ ਕੋਲਕਾਤਾ ਵਿਚ ਹੀ ਰੁਕੇ ਰਹੇ ਕਿਉਂਕਿ ਉਨ੍ਹਾਂ ਨੇ ਪੱਕਾ ਘਰ ਬਣਾਉਣ ਲਈ ਆਪਣੇ ਪਿੰਡ ਦੇ ਇਕ ਮਹਾਜਨ ਤੋਂ ਇਕ ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਜੇਕਰ ਉਹ ਪਿੰਡ ਜਾਂਦੇ ਤਾਂ ਮਹਾਜਨ ਉਨ੍ਹਾਂ ਤੋਂ ਪੈਸੇ ਮੰਗਦਾ, ਪਰ ਲੱਲਨ ਕਿਸੇ ਵੀ ਤਰ੍ਹਾਂ ਪੈਸੇ ਮੋੜਨ ਦੀ ਸਥਿਤੀ ਵਿਚ ਨਹੀਂ ਸਨ।
ਮਹਾਂਮਾਰੀ ਤੋਂ ਪਹਿਲਾਂ, ਲੱਲਨ ਆਪਣਾ ਕੰਮ ਸਵੇਰੇ 6 ਵਜੇ ਸ਼ੁਰੂ ਕਰਦੇ ਅਤੇ ਰਾਤ 10 ਵਜੇ ਕੰਮ ਤੋਂ ਵਿਹਲੇ ਹੋ ਜਾਂਦੇ ਸਨ। ਇਸ ਦੌਰਾਨ ਉਹ 200 ਤੋਂ 300 ਰੁਪਏ ਤੱਕ ਪ੍ਰਤੀ ਦਿਨ ਕਮਾ ਲੈਂਦੇ ਸਨ। ਉਹ ਆਮ ਤੌਰ ’ਤੇ ਰਿਕਸ਼ਾ ਅੱਡੇ ਦੇ 5 ਕਿਲੋਮੀਟਰ ਦੇ ਦਾਇਰੇ ਵਿਚ ਗੋਲ ਪਾਰਕ, ਗਰੀਆਹਾਟ ਤੇ ਬੇਲੀਗੰਜ ਜਿਹੇ ਇਲਾਕਿਆਂ ਤੋਂ ਗੁਜ਼ਰਦੇ ਸਨ।
ਰਿਕਸ਼ਾ ਅਤੇ ਸਵਾਰੀਆਂ ਦਾ ਲਗਭਗ 150 ਕਿਲੋ ਵਜ਼ਨ ਲੈ ਕੇ ਪਾਸਵਾਨ ਤਕਰੀਬਨ 15 ਮਿੰਟਾਂ ਵਿਚ ਇਕ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹਨ। “ਜੇਕਰ ਮੈਨੂੰ ਕਿਸੇ ਯਾਤਰੀ ਨੂੰ ਆਪਣੇ ਆਮ ਰਸਤੇ ਤੋਂ ਅੱਗੇ ਲਿਜਾਣਾ ਪੈਂਦਾ ਹੈ ਤਾਂ ਮੰਜ਼ਿਲ ਤੱਕ ਪਹੁੰਚਦੇ-ਪਹੁੰਚਦੇ ਮੇਰੀਆਂ ਲੱਤਾਂ ਅਤੇ ਮੋਢਿਆਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ,” ਉਹ ਕਹਿੰਦੇ ਹਨ, “ਮੈਂ ਪੂਰੀ ਤਰ੍ਹਾਂ ਥੱਕ ਜਾਂਦਾ ਹਾਂ।”
ਲਾਕਡਾਊਨ ਤੋਂ ਪਹਿਲਾਂ, ਦੂਰੀ ਅਤੇ ਯਾਤਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਉਹ ਪ੍ਰਤੀ ਗੇੜਾ ਜਾਂ ਯਾਤਰਾ (ਟ੍ਰਿਪ) 30 ਤੋਂ 50 ਰੁਪਏ ਤੱਕ ਮਿਹਨਤਾਨਾ ਲੈਂਦੇ ਸਨ। ਉਹ ਕਹਿੰਦੇ ਹਨ, “ਕਿਸੇ ਮਹੀਨੇ ਮੇਰੀ ਕਮਾਈ 8,000 ਰੁਪਏ ਤਾਂ ਕਿਸੇ ਮਹੀਨੇ 10,000 ਰੁਪਏ ਹੁੰਦੀ ਸੀ।” ਇਸ ਕਮਾਈ ਵਿਚੋਂ 200 ਰੁਪਏ ਪ੍ਰਤੀ ਹਫ਼ਤਾ ਉਹ ਰਿਕਸ਼ਾ ਮਾਲਕ ਨੂੰ ਭਾੜਾ ਦਿੰਦੇ, 2000 ਰੁਪਏ ਉਹ ਆਪਣੇ ਖਾਣ-ਪੀਣ ਤੇ ਹੋਰ ਖ਼ਰਚਿਆਂ ਲਈ ਰੱਖਦੇ, ਅਤੇ ਬਾਕੀ ਬਚਦੇ ਪੈਸੇ ਆਪਣੇ ਪਰਿਵਾਰ ਨੂੰ ਭੇਜ ਦਿੰਦੇ ਸਨ।
ਲਾਕਡਾਊਨ ਦੌਰਾਨ, ਕੁਝ ਕਿਰਾਏ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਥੋੜ੍ਹੇ-ਬਹੁਤੇ ਪੈਸਿਆਂ ਦੀ ਬਚਤ ਨਾਲ ਗੁਜ਼ਾਰਾ ਕੀਤਾ, ਇਸ ਤੋਂ ਇਲਾਵਾ ਸਥਾਨਕ ਪਾਰਸ਼ਦ (ਕੌਂਸਲ ਮੈਂਬਰ) ਅਤੇ ਕੁਝ ਗ਼ੈਰ-ਸਰਕਾਰੀ ਸੰਸਥਾਵਾਂ ਤੋਂ ਕੁਝ ਰਾਸ਼ਨ ਵਗ਼ੈਰਾ ਮਿਲਿਆ ਸੀ, ਪਰ ਲਾਕਡਾਊਨ ਹਟਣ ਦੇ ਨਾਲ ਹੀ ਇਹ ਸਭ ਮਿਲਣਾ ਵੀ ਬੰਦ ਹੋ ਗਿਆ।
ਲਾਕਡਾਊਨ ਤੋਂ ਪਹਿਲਾਂ, ਪੈਂਦੇ ਮੀਂਹ ਵਿਚ ਵੀ ਪਾਸਵਾਨ ਆਪਣਾ ਰਿਕਸ਼ਾ ਲੈ ਕੇ ਕੰਮ ’ਤੇ ਚਲੇ ਜਾਂਦੇ ਸਨ। ਉਹ ਬੱਸ ਖ਼ੁਦ ਨੂੰ ਪਲਾਸਟਿਕ ਦੀ ਚਾਦਰ ਨਾਲ ਢੱਕ ਲੈਂਦੇ ਸਨ। ਉਹ ਕਹਿੰਦੇ ਹਨ ਕਿ ਅੱਜ-ਕੱਲ੍ਹ ਇਹ ਕਾਫ਼ੀ ਖ਼ਤਰੇ ਭਰਿਆ ਹੈ। “ਹੁਣ ਜਦੋਂ ਮੀਂਹ ਪੈਂਦਾ ਹੈ ਤਾਂ ਮੈਂ ਆਪਣੇ ਰਿਕਸ਼ੇ ਵਿਚ ਹੀ ਬੈਠਾ ਰਹਿੰਦਾ ਹਾਂ। ਮੈਂ ਕੋਈ ਸਵਾਰੀ ਨਹੀਂ ਢੋਂਦਾ। ਜੇਕਰ ਮੀਂਹ ਵਿਚ ਭਿੱਜਣ ਕਰਕੇ ਮੈਨੂੰ ਬੁਖ਼ਾਰ ਵੀ ਹੋ ਗਿਆ ਤਾਂ ਲੋਕ ਕਹਿਣਗੇ ਕਿ ਇਹ ਕੋਰੋਨਾ ਤੋਂ ਪੀੜਤ ਹੈ। ਪਹਿਲਾਂ ਆਮ ਹੀ ਮੈਨੂੰ ਬੁਖ਼ਾਰ ਚੜ੍ਹ ਜਾਂਦਾ ਸੀ। ਪਰ ਉਦੋਂ ਗੱਲ ਹੋਰ ਸੀ। ਹੁਣ ਤਾਂ ਜੇਕਰ ਮੈਂ ਬੁਖ਼ਾਰ ਦੇ ਇਲਾਜ ਲਈ ਵੀ ਜਾਵਾਂਗਾ ਤਾਂ ਮੈਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਜਾਵੇਗਾ। ਸੋ, ਹੁਣ ਅਸੀਂ (ਰਿਕਸ਼ਾ ਚਾਲਕ) ਮੀਂਹ ਵਿਚ ਭਿੱਜਣ ਤੋਂ ਡਰਦੇ ਹਾਂ।”
ਪਾਸਵਾਨ ਹੁਣ 20 ਮਈ ਦਾ ਉਹ ਦਿਨ ਯਾਦ ਕਰਦੇ ਹਨ ਜਦੋਂ ਅਮਫਾਨ ਨਾਮਕ ਸਮੁੰਦਰੀ ਤੂਫ਼ਾਨ ਕੋਲਕਾਤਾ ਨਾਲ ਟਕਰਾਇਆ ਸੀ। “ਉਹ ਤੂਫ਼ਾਨ ਬਹੁਤ ਵੱਡਾ ਸੀ,” ਉਹ ਕਹਿੰਦੇ ਹਨ। ਉਸ ਦਿਨ ਉਹ ਆਮ ਸਮੇਂ ਤੋਂ ਪਹਿਲਾਂ ਹੀ 3 ਵਜੇ ਰਿਕਸ਼ਾ ਅੱਡੇ ਤੋਂ ਆਪਣੇ ਕਮਰੇ ਲਈ ਰਵਾਨਾ ਹੋ ਗਏ ਸਨ। “ਮੈਨੂੰ ਅੰਦਰ (ਕਮਰੇ ਵਿਚ) ਡਿੱਗਦੇ ਦਰਖ਼ਤਾਂ ਦੀ ਅਵਾਜ਼ ਸੁਣਦੀ ਰਹੀ।” ਉਹ ਕਾਕੁਲੀਆ (ਰਿਕਸ਼ਾ ਅੱਡੇ ਤੋਂ ਲਗਭਗ ਡੇਢ ਕਿਲੋਮੀਟਰ ਦੂਰ) ਵਿਚ ਇਕ ਝੁੱਗੀ ਬਸਤੀ ਵਿਚ ਰਹਿੰਦੇ ਹਨ। ਇੱਥੇ ਉਹ ਪੂਰਬੀ ਚੰਪਾਰਨ ਦੇ ਅੱਠ ਹੋਰ ਰਿਕਸ਼ਾ ਚਾਲਕਾਂ ਨਾਲ ਭਾੜੇ ਦੇ ਇਕ ਕਮਰੇ ਵਿਚ ਸਾਂਝੇ ਤੌਰ ’ਤੇ ਰਹਿੰਦੇ ਹਨ।
ਤੂਫ਼ਾਨ ਗੁਜ਼ਰ ਜਾਣ ਤੋਂ ਬਾਅਦ, ਉਹ ਅਗਲੇ ਦਿਨ ਦੁਪਹਿਰ ਵੇਲੇ ਆਪਣੇ ਕੰਮ ’ਤੇ ਪਰਤੇ। ਉਹ ਕਹਿੰਦੇ ਹਨ, “ਉਸ ਵੇਲੇ ਮੈਨੂੰ ਕੁਝ ਸਵਾਰੀਆਂ ਮਿਲ ਜਾਇਆ ਕਰਦੀਆਂ ਸਨ। ਉਨ੍ਹਾਂ ਵਿਚ ਕਈ ਸਵਾਰੀਆਂ ਅਜਿਹੀਆਂ ਵੀ ਸਨ ਜਿਨ੍ਹਾਂ ਨੇ ਟਾੱਲੀਗੰਜ ਅਤੇ ਸਿਆਲਦਾਹ ਵਰਗੇ ਦੁਰੇਡੇ ਸਥਾਨਾਂ ’ਤੇ ਪਹੁੰਚਣਾ ਹੁੰਦਾ ਸੀ। ਮੈਨੂੰ ਅਜਿਹੀਆਂ ਯਾਤਰਾਵਾਂ ਤੋਂ 500 ਰੁਪਏ ਤੱਕ ਮਿਲ ਜਾਂਦੇ ਸਨ।”
“ਹੁਣ ਜਦੋਂ ਲਾਕਡਾਊਨ ਖ਼ਤਮ ਹੋ ਗਿਆ ਹੈ, ਤਾਂ ਮੈਨੂੰ ਹੁਣ ਅਜਿਹੀ (ਲੰਮੀ ਦੂਰੀ ਵਾਲੀ) ਸਵਾਰੀ ਨਹੀਂ ਮਿਲਦੀ। ਹੁਣ ਤਾਂ ਮੈਨੂੰ ਨੇੜੇ-ਤੇੜੇ ਦੀਆਂ ਥਾਂਵਾਂ ਲਈ ਵੀ ਜ਼ਿਆਦਾ ਸਵਾਰੀਆਂ ਨਹੀਂ ਮਿਲਦੀਆਂ। ਅੱਜ, ਮੈਨੂੰ ਅਜੇ ਤੱਕ ਸਿਰਫ਼ ਦੋ ਸਵਾਰੀਆਂ ਮਿਲੀਆਂ ਹਨ। ਇਕ 30 ਰੁਪਏ ਵਾਲੀ ਸਵਾਰੀ ਹੈ ਅਤੇ ਦੂਜੀ 40 ਰੁਪਏ ਵਾਲੀ। ਲੋਕ ਹੁਣ ਰਿਕਸ਼ੇ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਨੂੰ ਕੋਰੋਨਾ ਨਾ ਹੋ ਜਾਵੇ। ਉਹ ਆਪਣੇ ਘਰਾਂ ’ਚੋਂ ਬਾਹਰ ਆਉਣ ਤੋਂ ਡਰਦੇ ਹਨ,” ਉਨ੍ਹਾਂ ਨੇ ਮੈਨੂੰ ਕੁਝ ਹਫ਼ਤੇ ਪਹਿਲਾਂ ਦੱਸਿਆ ਸੀ।
ਲੱਲਨ ਦੀਆਂ ਸਵਾਰੀਆਂ ਵਿਚ ਕਈ ਬੱਚੇ ਅਜਿਹੇ ਸਨ ਜੋ ਨੇੜੇ-ਤੇੜੇ ਦੇ ਸਕੂਲਾਂ ਵਿਚ ਜਾਂਦੇ ਸਨ। “ਹੁਣ ਸਾਰੇ ਸਕੂਲ ਬੰਦ ਹਨ,” ਉਹ ਕਹਿੰਦੇ ਹਨ। “ਜਦੋਂ ਲਾਕਡਾਊਨ ਸ਼ੁਰੂ ਹੋਇਆ ਤਾਂ ਮਾਲਕ (ਰਿਕਸ਼ਾ ਮਾਲਕ) ਨੇ ਹਫ਼ਤਾਵਾਰ ਭਾੜਾ 50 ਰੁਪਏ ਘੱਟ ਕਰ ਦਿੱਤਾ ਸੀ। ਪਰ ਫਿਰ ਵੀ ਮੈਂ ਜ਼ਿਆਦਾ ਪੈਸੇ ਨਹੀਂ ਕਮਾ ਪਾ ਰਿਹਾ ਹਾਂ।” ਕਦੇ-ਕਦੇ ਤਾਂ ਸਥਿਤੀ ਏਨੀ ਖ਼ਰਾਬ ਹੋ ਜਾਂਦੀ ਹੈ ਕਿ ਜੇਕਰ ਕੋਈ ਯਾਤਰੀ ਘੱਟ ਕਿਰਾਏ ਲਈ ਵੀ ਭਾਅ-ਮੁੱਲ ਕਰਦਾ ਹੈ ਤਾਂ ਪਾਸਵਾਨ ਅਸਾਨੀ ਨਾਲ ਮੰਨ ਜਾਂਦੇ ਹਨ। ਉਹ ਕਹਿੰਦੇ ਹਨ, “ਹੋਰ ਮੈਂ ਕੀ ਕਰ ਸਕਦਾਂ?”
ਪਾਸਵਾਨ ਕਹਿੰਦੇ ਹਨ, “ਜਦੋਂ ਸਕੂਲ ਖੁੱਲ੍ਹੇ ਸਨ ਅਤੇ ਸੜਕਾਂ ਉੱਤੇ ਭਾਰੀ ਆਵਾਜਾਈ ਸੀ, ਉਦੋਂ ਪੁਲਿਸ ਨੇ ਸਾਡੇ ਆਉਣ-ਜਾਣ ਉੱਤੇ ਰੋਕ ਲਗਾ ਰੱਖੀ ਸੀ। ਕਦੇ-ਕਦੇ, ਉਹ ‘ਨੋ ਐਂਟਰੀ’ ਦਾ ਬੋਰਡ ਲਗਾ ਦਿੰਦੇ ਸਨ। ਅਜਿਹੇ ਵਿਚ ਮੈਨੂੰ (ਪਿੱਛੇ) ਖ਼ਾਲੀ ਸੜਕ ਤੋਂ ਹੋ ਕੇ ਗੁਜ਼ਰਨਾ ਪੈਂਦਾ ਸੀ।” ਇਨ੍ਹਾਂ ਔਕੜਾਂ ਦੇ ਬਾਵਜੂਦ, ਪਾਸਵਾਨ ਸਾਈਕਲ ਰਿਕਸ਼ਾ ਦੀ ਬਜਾਇ ਹੱਥਾਂ ਨਾਲ ਖਿੱਚੇ ਜਾਣ ਵਾਲੇ ਰਿਕਸ਼ੇ ਨੂੰ ਤਰਜੀਹ ਦਿੰਦੇ ਹਨ। ਉਹ ਹੱਸਦੇ ਹੋਏ ਕਹਿੰਦੇ ਹਨ, “ਪੁਲਿਸ ਉਨ੍ਹਾਂ ਨੂੰ ਵੀ ਫੜਦੀ ਹੈ, ਪਰ ਅਸੀਂ ਕਦੇ-ਕਦਾਈਂ ਹੀ ਫੜੇ ਜਾਂਦੇ ਹਾਂ।”
ਅਣਗਿਣਤ ਕਹਾਣੀਆਂ ਅਤੇ ਕੋਲਕਾਤਾ ਦੀਆਂ ਯਾਦਾਂ ਦੇ ਪ੍ਰਤੀਕ ਇਨ੍ਹਾਂ ਹੱਥ ਰਿਕਸ਼ਿਆਂ ਉੱਤੇ ਪਾਬੰਦੀ ਜਾਂ ਕਾਨੂੰਨੀ ਰੋਕ ਲਾਉਣ ਲਈ ਪਿਛਲੇ ਕੁਝ ਸਾਲਾਂ ਤੋਂ ਪੱਛਮੀ ਬੰਗਾਲ ਸਰਕਾਰ ਵੱਲੋਂ ਕੁਝ ਕਦਮ ਚੁੱਕੇ ਗਏ ਹਨ। 2006 ਵਿਚ, ਇਨ੍ਹਾਂ ਹੱਥ-ਰਿਕਸ਼ਿਆਂ ਨੂੰ ਹਟਾਉਣ ਲਈ ਸਰਕਾਰ ਵੱਲੋਂ ਕਲਕੱਤਾ ਹੈਕਨੀ-ਕੈਰਿਜ (ਸੋਧ) ਬਿਲ [Calcutta Hackney-Carriage (Amendment) Bill] ਪੇਸ਼ ਕੀਤਾ ਗਿਆ ਸੀ। ਅਖ਼ਬਾਰਾਂ ਦੀਆਂ ਰਿਪੋਰਟਾਂ ਮੁਤਾਬਕ, ਇਸ ਬਿਲ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਗਈ, ਅਤੇ ਆਖ਼ਰ ਕਲਕੱਤਾ ਹਾਈ ਕੋਰਟ ਨੇ ਇਸ ਬਿਲ ਉੱਤੇ ਰੋਕ ਲਗਾ ਦਿੱਤੀ ਸੀ। ਨਵੀਂਆਂ ਰਿਪੋਰਟਾਂ ਮੁਤਾਬਕ, ਕੋਲਕਾਤਾ ਦੇ ਸਰਕਾਰੀ ਵਿਭਾਗ ਨੇ 2005 ਤੋਂ ਬਾਅਦ ਕੋਈ ਨਵਾਂ ਹੱਥ-ਰਿਕਸ਼ਾ ਲਾਇਸੰਸ ਜਾਰੀ ਨਹੀਂ ਕੀਤਾ ਹੈ।
ਪੁਰਾਣੇ ਹੱਥ-ਰਿਕਸ਼ੇ ਹੁਣ ਵੀ ਚੱਲਦੇ ਹਨ ਅਤੇ ਇਨ੍ਹਾਂ ਦੀ ਗਿਣਤੀ ਸੰਬੰਧੀ ਵੱਖ-ਵੱਖ ਅੰਕੜੇ ਸਾਹਮਣੇ ਆਉਂਦੇ ਹਨ। ਆੱਲ ਬੰਗਾਲ ਰਿਕਸ਼ਾ ਯੂਨੀਅਨ ਦੇ ਜਨਰਲ ਸਕੱਤਰ ਮੁਖ਼ਤਾਰ ਅਲੀ ਨੇ 2005 ਦੇ ਇਕ ਸਰਵੇ ਦਾ ਜ਼ਿਕਰ ਕਰਦਿਆਂ (ਇਸ ਰਿਪੋਰਟਰ ਨੂੰ) ਦੱਸਿਆ ਕਿ ਕੋਲਕਾਤਾ ਵਿਚ ਇਸ ਸਮੇਂ 5,935 ਹੱਥ-ਰਿਕਸ਼ਾ ਹਨ। ਕੋਲਕਾਤਾ ਦੇ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਦਾ ਹਵਾਲਾ ਦਿੰਦਿਆਂ 2015 ਦੇ ਅਖ਼ਬਾਰਾਂ ਵਿਚ ਇਹ ਗਿਣਤੀ ਲਗਭਗ 2,000 ਦੱਸੀ ਗਈ ਹੈ। ਰਿਪੋਰਟਾਂ ਮੁਤਾਬਕ ਇਨ੍ਹਾਂ ਵਿਚੋਂ ਬਹੁਤ ਸਾਰੇ ਰਿਕਸ਼ੇ ਲਸੰਸਸ਼ੁਦਾ (ਲਾਇਸੈਂਸਸ਼ੁਦਾ) ਨਹੀਂ ਹਨ।
ਹੁਣ ਪੱਛਮੀ ਬੰਗਾਲ ਵਿਚ ਲਾਕਡਾਊਨ ’ਚ ਦਿੱਤੀ ਗਈ ਢਿੱਲ ਤੋਂ ਲਗਭਗ ਛੇ ਮਹੀਨਿਆਂ ਬਾਅਦ, ਲੱਲਨ ਪ੍ਰਤੀ ਦਿਨ 100 ਰੁਪਏ ਤੋਂ ਲੈ ਕੇ 150 ਰੁਪਏ ਦੇ ਵਿਚਕਾਰ ਕਮਾ ਰਹੇ ਹਨ। ਸਵੇਰ ਵੇਲੇ ਉਹ ਅਕਸਰ ਬੇਲੀਗੰਜ ਸਟੇਸ਼ਨ ਦੇ ਬਾਹਰ ਉਡੀਕ ਕਰਦੇ ਹਨ, ਜਿੱਥੇ ਹੁਣ ਉਨ੍ਹਾਂ ਨੂੰ ਅਸਾਨੀ ਨਾਲ ਸਵਾਰੀ ਮਿਲ ਜਾਂਦੀ ਹੈ। ਹੁਣ ਉਨ੍ਹਾਂ ਨੇ ਕੁਝ ਪੈਸੇ (ਜੋ ਉਹ ਬਿਹਾਰ ਦੇ ਹੀ ਰਹਿਣ ਵਾਲੇ ਇਕ ਪਾਨ ਵਾਲੇ ਕੋਲ ਰੱਖਦੇ ਹਨ) ਬਚਾ ਕੇ ਆਪਣੇ ਪਰਿਵਾਰ ਨੂੰ ਭੇਜਣੇ ਸ਼ੁਰੂ ਕਰ ਦਿੱਤੇ ਹਨ।
ਪਹਿਲਾਂ ਪਾਸਵਾਨ ਹਰ ਤਿੰਨ ਤੋਂ ਪੰਜ ਮਹੀਨਿਆਂ ਵਿਚ ਆਪਣੇ ਪਿੰਡ ਜਾਂਦੇ ਸਨ ਅਤੇ ਆਪਣੇ ਪਿਤਾ, ਮਾਂ ਅਤੇ ਪਤਨੀ ਦੇ ਨਾਲ ਖੇਤਾਂ ਵਿਚ ਕੰਮ ਕਰਦੇ ਸਨ। ਉਹ ਕਹਿੰਦੇ ਹਨ, “ਮੇਰਾ ਪਰਿਵਾਰ ਆਮ ਤੌਰ ’ਤੇ ਆਪਣੀ ਪਰਿਵਾਰਕ ਜ਼ਮੀਨ ਉੱਤੇ ਉਗਾਏ ਗਏ ਚੌਲ ਅਤੇ ਕਣਕ ਨਾਲ ਗੁਜ਼ਾਰਾ ਕਰਦਾ ਹੈ। ਫ਼ਸਲ ਦਾ ਵੱਧ ਝਾੜ ਮਿਲ ਜਾਵੇ ਤਾਂ ਅਸੀਂ ਲਗਭਗ ਪੰਜ ਕਵਿੰਟਲ, ਕਦੇ-ਕਦੇ ਦਸ ਕਵਿੰਟਲ ਵੀ ਵੇਚ ਦਿੰਦੇ ਹਾਂ। ਪਰ ਇਸ ਸਾਲ (ਜੁਲਾਈ 2020 ਵਿਚ) ਆਏ ਹੜ੍ਹ ਨੇ ਫ਼ਸਲਾਂ ਨੂੰ ਤਬਾਹ ਕਰ ਦਿੱਤਾ। ਵੇਚਣ ਲਈ ਤਾਂ ਛੱਡੋ, ਸਾਡੇ ਖ਼ੁਦ ਦੇ ਕੋਲ ਖਾਣ ਲਈ ਕੁਝ ਨਹੀਂ ਬਚਿਆ ਹੈ।”
ਇਸ ਸਾਲ ਉਹ ਫ਼ਰਵਰੀ ਤੋਂ ਬਾਅਦ ਆਪਣੇ ਪਿੰਡ ਰਘੂ ਨਾਥਪੁਰ ਨਹੀਂ ਜਾ ਸਕੇ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਧੀਆਂ, ਸੱਤ ਸਾਲਾ ਕਾਜਲ ਅਤੇ ਚਾਰ ਸਾਲਾ ਕ੍ਰਿਸ਼ਮਾ, ਪਿਛਲੇ 10 ਮਹੀਨਿਆਂ ਤੋਂ ਉਨ੍ਹਾਂ ਦੀ ਉਡੀਕ ਕਰ ਰਹੀਆਂ ਹਨ। “ਮੇਰੇ ਬੱਚੇ ਮੈਨੂੰ ਪੁੱਛਦੇ ਹਨ ਕਿ ਮੈਂ ਘਰ ਕਦੋਂ ਆਵਾਂਗਾ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਦਿਵਾਲੀ ਵੇਲੇ (ਨਵੰਬਰ ਵਿਚ) ਪਿੰਡ ਆਵਾਂਗਾ,” ਉਹ ਕਹਿੰਦੇ ਹਨ। ਉਹ ਪਿੰਡ ਨਹੀਂ ਜਾ ਸਕੇ ਕਿਉਂਕਿ ਉਨ੍ਹਾਂ ਸਿਰ ਮਹਾਜਨ ਦਾ ਕਰਜ਼ਾ ਚੜ੍ਹਿਆ ਹੋਇਆ ਹੈ।
ਇਸ ਲਈ ਉਹ ਕਦੇ ਤਾਸ਼ ਖੇਡਦੇ ਤਾਂ ਕਦੇ ਨੀਂਦ ਦੀ ਝਪਕੀ ਲੈਂਦੇ, ਰਿਕਸ਼ਾ ਅੱਡੇ ਉੱਤੇ ਸਾਥੀ ਰਿਕਸ਼ਾ ਚਾਲਕਾਂ ਨਾਲ ਸਵਾਰੀਆਂ ਦੀ ਉਡੀਕ ਕਰਦੇ ਰਹਿੰਦੇ ਹਨ। ਉਹ ਕਹਿੰਦੇ ਹਨ, “ਇਸ ਕੰਮ ਦਾ ਮੇਰੇ ਭਵਿੱਖ ਲਈ ਕੋਈ ਮਹੱਤਵ ਨਹੀਂ ਹੈ, ਪਰ ਮੈਂ ਇਹ ਕੰਮ ਉਦੋਂ ਤੱਕ ਕਰਦਾ ਰਹਾਂਗਾ, ਜਦੋਂ ਤੱਕ ਮੈਂ ਆਪਣੇ ਬੱਚਿਆਂ ਲਈ ਕਰ ਸਕਦਾ ਹਾਂ।”
ਤਰਜਮਾ : ਹਰਜੋਤ ਸਿੰਘ