ਉਸ ਰਾਤ ਜਦੋਂ ਵਿਕਰਮ ਘਰ ਨਾ ਮੁੜਿਆ ਤਾਂ ਉਸ ਦੀ ਮਾਂ ਪ੍ਰਿਆ ਨੂੰ ਕੋਈ ਬਹੁਤੀ ਫਿਕਰ ਨਹੀਂ ਸੀ। ਉਹ ਕਮਾਠੀਪੁਰਾ ਦੀ ਦੂਜੀ ਗਲੀ ਵਿੱਚ ਇੱਕ ‘ਘਰਵਾਲੀ’ ਦੇ ਘਰ ਕੰਮ ਕਰ ਰਿਹਾ ਸੀ ਅਤੇ ਆਮ ਤੌਰ 'ਤੇ ਸਵੇਰੇ 2 ਵਜੇ ਘਰ ਮੁੜਦਾ ਜਾਂ ਕਦੇ-ਕਦਾਈਂ ਦਿਨ ਚੜ੍ਹੇ ਵੀ ਮੁੜ ਪੈਂਦਾ ਉਦੋਂ ਉਹ ਆਪਣੇ ਕੰਮ ਵਾਲੀ ਥਾਂ 'ਤੇ ਸੌਂ ਜਾਂਦਾ ਹੁੰਦਾ ਸੀ।

ਉਸਨੇ ਉਸਨੂੰ ਫੋਨ ਵੀ ਕੀਤਾ, ਪਰ ਕੋਈ ਜਵਾਬ ਨਹੀਂ ਆਇਆ। ਜਦੋਂ ਉਹ  8 ਅਗਸਤ ਦੀ ਅਗਲੀ ਸ਼ਾਮ ਤੱਕ ਵੀ ਨਾ ਆਇਆ ਤਾਂ ਉਹ ਬੇਚੈਨ ਹੋ ਗਈ। ਉਸਨੇ ਸੈਂਟਰਲ ਮੁੰਬਈ ਦੇ ਨੇੜੇ ਨਾਗਪਾੜਾ ਪੁਲਿਸ ਸਟੇਸ਼ਨ ਵਿੱਚ ਗੁਮਸ਼ੁਦਾ ਦੀ ਸ਼ਿਕਾਇਤ ਦਰਜ ਕਰਵਾਈ। ਅਗਲੀ ਸਵੇਰ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ। "ਉਸਨੂੰ ਮੁੰਬਈ ਸੈਂਟਰਲ ਦੇ ਇੱਕ ਫੁੱਟਬ੍ਰਿਜ ਦੇ ਕੋਲ, ਇੱਕ ਮਾਲ ਦੇ ਨੇੜੇ ਦੇਖਿਆ ਗਿਆ ਸੀ,"ਪ੍ਰਿਆ ਆਖਦੀ ਹੈ।

ਉਸ ਦੀ ਚਿੰਤਾ ਵਧ ਗਈ। “ਜੇ ਉਹਨੂੰ ਕੋਈ ਲੈ ਗਿਆ ਫੇਰ? ਉਹਨੂੰ ਇਹ ‘ਨਵੀਂ ਬਿਮਾਰੀ’ [ਕੋਵਿਡ] ਤਾਂ ਨਹੀਂ ਚਿੰਬੜ ਗਈ?” ਉਹ ਡਰ ਗਈ ਸੀ। "ਕਿਸੇ ਨੂੰ ਕੋਈ ਪਰਵਾਹ ਨਹੀਂ ਕਿ ਇਸ ਇਲਾਕੇ ਵਿੱਚ ਕਿਸੇ ਨਾਲ ਕੀ-ਕੀ ਹੁੰਦੈ," ਉਹ ਕਹਿੰਦੀ ਹੈ।

ਹਾਲਾਂਕਿ ਵਿਕਰਮ ਆਪਣੇ ਸਫ਼ਰ 'ਤੇ ਸੀ, ਜੋ ਉਹਨੇ ਪਹਿਲਾਂ ਹੀ ਮਿਥ ਲਿਆ ਸੀ। ਉਸਦੀ ਮਾਂ, ਜੋ ਆਪਣੀ ਉਮਰ ਦੇ  30ਵਿਆਂ ਵਿੱਚ ਇੱਕ ਸੈਕਸ ਵਰਕਰ ਹੈ, ਤਾਲਾਬੰਦੀ ਦੌਰਾਨ ਕੰਮ ਨਹੀਂ ਕਰ ਸਕੀ ਸੀ ਅਤੇ ਉਹ ਉਸਦੀ ਵਿੱਤੀ ਹਾਲਤ ਨੂੰ ਢਹਿ-ਢੇਰੀ ਹੁੰਦਿਆਂ ਅਤੇ ਕਰਜ਼ੇ ਨੂੰ ਵਧਦਿਆਂ ਵੇਖ ਰਿਹਾ ਸੀ। ਉਸਦੀ ਨੌਂ ਸਾਲਾ  ਭੈਣ ਰਿਧੀ ਮਦਨਪੁਰਾ ਦੇ ਨੇੜੇ ਪੈਂਦੇ  ਆਪਣੇ ਹੋਸਟਲ ਤੋਂ ਘਰ ਵਾਪਸ ਆ ਗਈ ਸੀ ਅਤੇ ਪਰਿਵਾਰ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੰਡੀਆਂ ਗਈਆਂ ਰਾਸ਼ਨ ਕਿੱਟਾਂ ਸਹਾਰੇ ਗੁਜ਼ਾਰਾ ਕਰ ਰਿਹਾ ਸੀ। (ਇਸ ਕਹਾਣੀ ਵਿੱਚ ਸਾਰੇ ਨਾਂ ਬਦਲ ਦਿੱਤੇ ਗਏ ਹਨ।)

ਅਤੇ ਮਾਰਚ ਵਿੱਚ ਤਾਲਾਬੰਦੀ ਦੇ ਨਾਲ ਹੀ, ਬਾਈਕੂਲਾ ਵਿੱਚ ਮਿਉਂਸਪਲ ਸਕੂਲ ਵੀ ਬੰਦ ਹੋ ਗਿਆ ਸੀ, ਜਿੱਥੇ ਵਿਕਰਮ ਦੀ ਪੜ੍ਹਦਾ ਸੀ। ਸੋ 15 ਵਰ੍ਹਿਆਂ ਦੇ ਵਿਕਰਮ ਨੇ ਛੋਟੇ-ਮੋਟੇ  ਕੰਮ ਕਰਨੇ ਸ਼ੁਰੂ ਕਰ ਦਿੱਤੇ।

ਪਰਿਵਾਰ ਨੂੰ ਖਾਣਾ ਪਕਾਉਣ ਲਈ ਹਰ ਰੋਜ਼ ਮਿੱਟੀ ਦੇ ਤੇਲ ਲਈ 60-80 ਰੁਪਈਆਂ ਦੀ ਲੋੜ ਸੀ। ਉਹ ਕਮਾਠੀਪੁਰਾ ਵਿੱਚ ਆਪਣੇ ਛੋਟੇ ਜਿਹੇ ਕਮਰੇ ਦਾ ਕਿਰਾਇਆ ਦੇਣ ਲਈ ਵੀ ਘਾਲਣਾ ਘਾਲ ਰਹੇ ਸਨ। ਉਨ੍ਹਾਂ ਨੂੰ ਦਵਾਈਆਂ ਲਈ ਅਤੇ ਪੁਰਾਣੇ ਕਰਜ਼ਿਆਂ ਦੀ ਅਦਾਇਗੀ ਲਈ ਪੈਸੇ ਦੀ ਲੋੜ ਸੀ। ਪ੍ਰਿਆ ਆਪਣੇ ਗਾਹਕਾਂ ਜਾਂ ਸਥਾਨਕ ਲੋਕਾਂ ਤੋਂ ਹੋਰ ਕਰਜ਼ ਲੈਂਦੀ ਰਹੀ। ਕੁਝ ਸਾਲਾਂ ਵਿੱਚ, ਇੱਕ ਸ਼ਾਹੂਕਾਰ ਦਾ ਕਰਜ਼ਾ, ਵਿਆਜ ਸਮੇਤ, ਵੱਧ ਕੇ 62,000 ਰੁਪਏ ਹੋ ਗਿਆ ਸੀ ਅਤੇਉਹ ਸਿਰਫ ਅੱਧਾ ਹਿੱਸਾ ਦੇਣ ਜੋਗੀ ਸੀ, ਇਸ ਤੋਂ ਇਲਾਵਾ, ਉਸਨੇ ਘਰਵਾਲੀ (ਮਕਾਨ ਮਾਲਕਣ ਤੇ ਚਕਲੇ ਵਾਲੀ) ਨੂੰ ਛੇ ਮਹੀਨਿਆਂ  ਦਾ ਕਿਰਾਇਆ (6,000 ਰੁਪਏ ਮਹੀਨਾ) ਦੇਣਾ ਸੀ, ਤੇ ਤਕਰੀਬਨ 7000 ਰੁਪਏ ਉਸ ਤੋਂ ਉਧਾਰ ਵੀ ਲਏ ਸਨ।

PHOTO • Aakanksha

ਵਿਕਰਮ ਅਤੇ ਉਸਦੀ ਮਾਂ ਪ੍ਰਿਆ ਦੀ 7 ਅਗਸਤ ਨੂੰ ਲੜਾਈ ਹੋਈ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਹ ਕੰਮ ਤੋਂ ਬਾਅਦ ਘਰਵਾਲੀ (ਮੈਡਮ) ਦੇ ਕਮਰੇ ਵਿੱਚ ਸੌਂਵੇ

ਸੈਕਸ ਵਰਕ ਤੋਂ ਉਸਦੀ ਆਮਦਨੀ ਉਸ ਦੇ ਕੰਮ ਕਰਨ ਦੇ ਦਿਨਾਂ ਦੀ ਗਿਣਤੀ 'ਤੇ ਨਿਰਭਰ ਕਰਦੀ ਹੈ ਅਤੇ ਲਾਕਡਾਊਨ ਤੋਂ ਪਹਿਲਾਂ ਇਹ ਇੱਕ ਦਿਨ ਵਿੱਚ 500 ਤੋਂ ਲੈ ਕੇ 1,000 ਰੁਪਏ ਹੁੰਦੀ ਸੀ। “ਇਹ ਕਦੇ ਵੀ ਪੱਕੀ ਨਹੀਂ ਸੀ। ਜੇ ਰਿਧੀ ਹੋਸਟਲ ਤੋਂ ਵਾਪਸ ਆ ਜਾਂਦੀ ਜਾਂ ਜੇ ਮੈਂ ਬਿਮਾਰ ਹੁੰਦੀ, ਤਾਂ ਮੈਂ ਛੁੱਟੀ ਲੈ ਲੈਂਦੀ ਸਾਂ,” ਪ੍ਰਿਆ ਕਹਿੰਦੀ ਹੈ। ਇਸ ਤੋਂ ਇਲਾਵਾ, ਦਰਦਨਾਕ ਬੀਮਾਰੀ ਕਰਕੇ ਪੇਟ ਵਿੱਚ ਲਗਾਤਾਰ ਰਹਿੰਦੀ ਪੀੜ੍ਹ ਕਾਰਨ ਉਹ ਅਕਸਰ ਕੰਮ ਨਹੀਂ ਕਰ ਪਾਉਂਦੀ ਸੀ।

ਤਾਲਾਬੰਦੀ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ, ਵਿਕਰਮ ਕਮਾਠੀਪੁਰਾ ਵਿੱਚ ਆਪਣੀ ਗਲੀ ਦੀ ਸੁੰਨੀ ਨੁੱਕਰ ਕੋਲ ਖੜ੍ਹਨ ਲੱਗਾ, ਇਸ ਉਮੀਦ ਵਿੱਚ ਕਿ ਕੋਈ ਠੇਕੇਦਾਰ ਉਸਨੂੰ ਉਸਾਰੀ ਵਾਲੀਆਂ ਥਾਵਾਂ 'ਤੇ ਦਿਹਾੜੀ ’ਤੇ ਲੈ ਜਾਵੇਗਾ। ਕਦੇ, ਉਹਨੇ ਟਾਈਲਾਂ ਲਾਈਆਂ, ਕਦੇ ਬਾਂਸ ਦੇ ਢਾਂਚੇ ਬਣਾਏ ਜਾਂ ਟਰੱਕ ਲੋਡ ਕੀਤੇ ਅਤੇ ਆਮ ਤੌਰ 'ਤੇ 200 ਰੁਪਏ ਦਿਹਾੜੀ ਬਣਾਉਂਦਾ ਰਿਹਾ। ਉਸ ਨੇ  ਦੂਹਰੀ ਸ਼ਿਫਟ ਲਾ ਕੇ ਸਭ ਤੋਂ ਵੱਧ 900 ਰੁਪਏ ਵੀ ਬਣਾਏ ਸਨ। ਪਰ ਇਹ ਕੰਮ ਇੱਕ-ਦੋ ਦਿਨ ਹੀ ਚਲੇ।

ਉਸਨੇ ਆਪਣੇ ਆਂਢ-ਗੁਆਂਢ ਦੀਆਂ ਸੜਕਾਂ 'ਤੇ ਛਤਰੀਆਂ ਅਤੇ ਮਾਸਕ ਵੇਚਣ ਦੀ ਵੀ ਕੋਸ਼ਿਸ਼ ਕੀਤੀ। ਉਹ ਆਪਣੀ ਪਿਛਲੀ ਕਮਾਈ ਨਾਲ਼, ਲਗਭਗ ਇੱਕ ਕਿਲੋਮੀਟਰ ਦੂਰ ਨੱਲ ਬਜ਼ਾਰ ਤੱਕ ਪੈਦਲ ਜਾ ਕੇ ਥੋਕ ਵਿੱਚ ਚੀਜ਼ਾਂ ਖਰੀਦਦਾ ਸੀ। ਜੇ ਉਸ ਕੋਲ ਪੈਸੇ ਘੱਟ ਹੁੰਦੇ ਤਾਂ ਉਸ ਨੇ ਕਿਸੇ ਸਥਾਨਕ ਸ਼ਾਹੂਕਾਰ ਜਾਂ ਆਪਣੀ ਮਾਂ ਤੋਂ ਪੁੱਛਦਾ।ਇੱਕ ਦੁਕਾਨਦਾਰ ਨੇ ਇੱਕ ਵਾਰ ਉਸਨੂੰ ਕਮਿਸ਼ਨ ਉੱਤੇ ਈਅਰਫੋਨ ਵੇਚਣ ਲਈ ਕਿਹਾ। "ਪਰ ਮੈਂ ਕੋਈ ਫਾਇਦਾ ਨਹੀਂ ਖੱਟ ਸਕਿਆ," ਵਿਕਰਮ ਕਹਿੰਦਾ ਹੈ।

ਉਸਨੇ ਸੜਕਾਂ 'ਤੇ ਬੈਠੇ ਟੈਕਸੀ ਡਰਾਈਵਰਾਂ ਅਤੇ ਹੋਰਾਂ ਨੂੰ ਚਾਹ ਵੇਚਣ ਦੀ ਕੋਸ਼ਿਸ਼ ਕੀਤੀ। “ਮੇਰੇ ਦੋਸਤ ਨੂੰ ਇਹ ਵਿਚਾਰ ਉਦੋਂ ਆਇਆ ਜਦੋਂ ਕਿਤੇ ਕੋਈ ਗੱਲ ਨਾ ਬਣੀ। ਉਹ ਚਾਹ ਬਣਾਉਂਦਾ ਅਤੇ  ਮੈਂ ਚਾਹ ਨੂੰ ਮਿਲਟਨ ਦੀ  ਥਰਮਸ (ਬੋਤਲ ਵਿੱਚ) ਵਿੱਚ ਪਾਈ ਵੇਚਣ ਲਈ ਆਲੇ-ਦੁਆਲੇ ਘੁੰਮਦਾ ਸਾਂ।” 5 ਰੁਪਏ ਕੱਪ, ਜਿਸ ਵਿਚੋਂ ਉਸ ਨੂੰ 2 ਰੁਪਏ ਮਿਲਦੇ ਅਤੇ ਰੋਜ਼ 60 ਤੋਂ 100 ਰੁਪਏ ਦਾ ਮੁਨਾਫਾ ਕਮਾ ਲੈਂਦਾ।

ਉਸਨੇ ਇੱਕ ਸਥਾਨਕ ਠੇਕੇ ਤੋਂ ਬੀਅਰ ਦੀਆਂ ਬੋਤਲਾਂ ਅਤੇ ਗੁਟਖਾ (ਤੰਬਾਕੂ ਮਿਸ਼ਰਣ) ਦੇ ਪੈਕੇਟ ਵੀ ਕਮਾਠੀਪੁਰਾ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਵੇਚੇ - ਜਦੋਂ ਤਾਲਾਬੰਦੀ ਦੌਰਾਨ ਦੁਕਾਨਾਂ ਬੰਦ ਸਨ ਤਾਂ ਇਨ੍ਹਾਂ ਦੀ ਮੰਗ ਕਾਫੀ ਸੀ ਅਤੇ ਉਸ ਦੌਰਾਨ ਚੰਗਾ ਫਾਇਦਾ ਲਿਆ ਜਾ ਸਕਿਆ। ਪਰ ਮੁਕਾਬਲਾ ਸਖ਼ਤ ਸੀ, ਕਿਉਂਕਿ ਬਹੁਤ ਸਾਰੇ ਨੌਜਵਾਨ ਮੁੰਡੇ ਇਹੀ ਕੁਝ ਵੇਚਣ ਲੱਗੇ ਹੋਏ ਸਨ, ਚੰਗੀ ਕਮਾਈ ਰੁਕ-ਰੁਕ ਕੇ  ਹੁੰਦੀ ਸੀ ਅਤੇ ਵਿਕਰਮ ਨੂੰ ਡਰ ਸੀ ਕਿ ਉਸਦੀ ਮਾਂ ਨੂੰ ਪਤਾ ਲੱਗ ਜਾਵੇਗਾ ਕਿ ਉਹ ਕੀ ਕਰ ਰਿਹਾ ਹੈ।

ਆਖ਼ਰਕਾਰ, ਵਿਕਰਮ ਨੇ ਇੱਕ ਘਰਵਾਲੀ ਲਈ, ਉਸਦੀ ਇਮਾਰਤ ਵਿੱਚ ਰਹਿਣ ਵਾਲੀਆਂ ਔਰਤਾਂ ਲਈ ਸਫਾਈ ਕਰਨ ਦਾ ਕੰਮ ਅਤੇ ਕਰਿਆਨੇ ਦਾ ਸਮਾਨ ਲਿਆਉਣ ਦਾ ਕੰਮ ਕਰਨਾ ਸ਼ੁਰੂ ਕੀਤਾ। ਉਹ ਹਰ ਦੋ ਦਿਨਾਂ ਵਿੱਚ ਤਕਰੀਬਨ 300 ਰੁਪਏ ਕਮਾ ਲੈਂਦਾ, ਪਰ ਇਹ ਕੰਮ ਵੀ ਕਦੇ-ਕਦਾਈਂ ਹੁੰਦਾ ਸੀ।

PHOTO • Courtesy: Vikram

ਤਾਲਾਬੰਦੀ ਸ਼ੁਰੂ ਹੋਣ ਤੋਂ ਬਾਅਦ ਵਿਕਰਮ ਨੇ ਚਾਹ ਵੇਚਣ ਜਾਂ ਛੱਤਰੀਆਂ ਅਤੇ ਮਾਸਕ ਵੇਚਣ ਤੋਂ ਲੈ ਕੇ ਉਸਾਰੀ ਵਾਲੀਆਂ ਥਾਵਾਂ ਅਤੇ ਢਾਬਿਆਂ ' ਤੇ ਕੰਮ ਕਰਨ ਜਿਹੇ ਛੋਟੇ-ਮੋਟੇ ਪੁੱਠੇ-ਸਿੱਧੇ ਕੰਮ ਕੀਤੇ

ਇਹ ਸਾਰਾ ਕੁਝ ਕਰਦਿਆਂ, ਵਿਕਰਮ ਮਹਾਂਮਾਰੀ ਨਾਲ਼ ਮਜ਼ਦੂਰੀ ਵਿੱਚ ਧੱਕੇ ਗਏ ਬਾਲ ਮਜ਼ਦੂਰਾਂ ਦੀ ਫੌਜ ਵਿੱਚ ਸ਼ਾਮਲ ਹੋ ਗਿਆ ਸੀ।   ਜੂਨ 2020 ਦਾ ਇੱਕ ਪੇਪਰ, ਜਿਹਦਾ ਸਿਰਲੇਖ ਹੈ- ਕੋਵਿਡ-19 ਅਤੇ ਬਾਲ ਮਜ਼ਦੂਰੀ: ਸੰਕਟ ਦਾ ਦੌਰ, ਕੰਮ ਕਰਨ ਦਾ ਵੇਲ਼ਾ, ਜੋ ਆਈਐੱਲਓ ਅਤੇ ਯੂਨੀਸੈਫ਼ ਵੱਲੋਂ ਪੇਸ਼ ਕੀਤਾ ਗਿਆ ਹੈ, ਜੋ (ਪੇਪਰ) ਭਾਰਤ ਨੂੰ ਉਨ੍ਹਾਂ ਦੇਸ਼ਾਂ ਵਿੱਚ ਸੂਚੀਬੱਧ ਕਰਦਾ ਹੈ ਜਿੱਥੇ ਬੱਚਿਆਂ ਨੇ ਮਾਪਿਆਂ ਦੀ ਬੇਰੁਜ਼ਗਾਰੀ ਦੇ ਆਰਥਿਕ ਸਦਮੇ ਕਾਰਨ ਆਰਥਿਕ ਸਹਾਇਤਾ ਪ੍ਰਦਾਨ ਕਰਨ ਲਈ ਕਦਮ (ਕੰਮ ਕਰਨ ਦਾ) ਚੁੱਕਿਆ ਹੈ। ਪਰਚਾ ਦੱਸਦਾ ਹੈ ਕਿ “ਕੰਮ ਕਰਨ ਦੀ ਘੱਟੋ-ਘੱਟ ਕਾਨੂੰਨੀ ਉਮਰ ਤੋਂ ਘੱਟ ਉਮਰ ਦੇ ਬੱਚੇ ਗ਼ੈਰ-ਰਸਮੀ ਕੰਮਾਂ  ਅਤੇ ਘਰੇਲੂ ਕੰਮਾਂ ਵਿੱਚ ਰੁਜ਼ਗਾਰ ਦੀ ਭਾਲ ਕਰਦੇ ਦੇਖੇ ਜਾ ਸਕਦੇ ਹਨ,ਜਿੱਥੇ ਉਹਨਾਂ ਨੂੰ ਬਾਲ ਮਜ਼ਦੂਰੀ ਦੇ ਸਭ ਤੋਂ ਭੈੜੇ ਰੂਪਾਂ ਸਮੇਤ ਖਤਰਨਾਕ ਅਤੇ ਸ਼ੋਸ਼ਣਕਾਰੀ ਕੰਮ ਦੇ ਗੰਭੀਰ ਜੋਖਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ।”

ਲੌਕਡਾਊਨ ਤੋਂ ਬਾਅਦ, ਪ੍ਰਿਆ ਨੇ ਵੀ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਅਗਸਤ ਵਿੱਚ ਉਸ ਨੂੰ ਕਮਾਠੀਪੁਰਾ ਵਿੱਚ ਇੱਕ ਘਰੇਲੂ ਕੰਮ ਕਰਨ ਵਾਲੀ ਵਜੋਂ ਕੰਮ ਮਿਲਿਆ, ਜਿਸ ਤੋਂ ਉਹ 50 ਰੁਪਏ ਰੋਜ਼ਾਨਾ ਕਮਾਉਂਦੀ ਸੀ। ਪਰ ਇਹ ਕੰਮ ਸਿਰਫ਼ ਇੱਕ ਮਹੀਨਾ ਹੀ ਚੱਲਿਆ।

ਫਿਰ 7 ਅਗਸਤ ਨੂੰ ਵਿਕਰਮ ਦੀ ਉਸ ਨਾਲ ਲੜਾਈ ਹੋਈ। ਉਨ੍ਹਾਂ ਨੇ ਬਹਿਸ ਕੀਤੀ ਕਿਉਂਕਿ ਪ੍ਰਿਆ ਨਹੀਂ ਚਾਹੁੰਦੀ ਸੀ ਕਿ ਉਹ ਕੰਮ ਤੋਂ ਬਾਅਦ ਘਰਵਾਲੀ ਦੇ ਕਮਰੇ ਵਿੱਚ ਸੌਂਵੇ। ਆਸ-ਪਾਸ ਦੇ ਇਲਾਕੇ ਵਿੱਚ ਹੀ ਇੱਕ ਨਾਬਾਲਗ ਉੱਤੇ ਹੋਏ ਜਿਨਸੀ ਹਮਲੇ ਤੋਂ ਬਾਅਦ ਉਹ ਪਹਿਲਾਂ ਹੀ ਘਬਰਾਈ ਹੋਈ ਸੀ ਅਤੇ ਰਿਧੀ ਨੂੰ ਹੋਸਟਲ ਵਿੱਚ ਵਾਪਸ ਭੇਜਣ ਦੀ ਤਾਂਘ ਵਿੱਚ ਸੀ (ਦੇਖੋ 'ਹਰ ਕੋਈ ਜਾਣਦਾ ਹੈ ਕਿ ਇੱਥੇ ਕੁੜੀਆਂ ਨਾਲ ਕੀ ਹੁੰਦਾ ਹੈ' )।

ਉਸ ਦੁਪਹਿਰ, ਵਿਕਰਮ ਨੇ ਜਾਣ ਦਾ ਫੈਸਲਾ ਕੀਤਾ। ਉਹ ਥੋੜੇ ਚਿਰ ਤੋਂ ਇਸ ਦੀ ਯੋਜਨਾ ਬਣਾ ਰਿਹਾ ਸੀ, ਪਰ ਆਪਣੀ ਮਾਂ ਨਾਲ ਇਸ ਬਾਰੇ ਗੱਲ ਕਰਨ ਤੋਂ ਬਾਅਦ ਹੀ ਜਾਣਾ ਚਾਹੁੰਦਾ ਸੀ। ਉਸ ਦਿਨ, ਉਹ ਕਹਿੰਦਾ, "ਮੈਂ ਗੁੱਸੇ ’ਚ ਸੀ ਅਤੇ ਯਕਦਮ  ਜਾਣ ਦਾ ਫੈਸਲਾ ਕਰ ਲਿਆ ." ਉਸਨੇ ਇੱਕ ਦੋਸਤ ਤੋਂ ਸੁਣਿਆ ਸੀ ਕਿ ਅਹਿਮਦਾਬਾਦ ਵਿੱਚ ਲਾਹੇਵੰਦ ਕੰਮਾਂ ਦੇ ਵਿਕਲਪ ਹਨ।

ਇਸ ਲਈ ਆਪਣੇ ਛੋਟੇ ਜਿਓ ਫੋਨ ਅਤੇ ਜੇਬ ਵਿਚ 100ਰੁਪਏ ਪਾਈ ਉਹ 7 ਅਗਸਤ ਨੂੰ ਸ਼ਾਮ 7 ਵਜੇ ਦੇ ਕਰੀਬ  ਗੁਜਰਾਤ ਲਈ ਰਵਾਨਾ ਹੋ ਗਿਆ।

ਉਸ ਨੇ ਅੱਧੇ ਤੋਂ ਵੱਧ ਪੈਸੇ ਆਪਣੇ ਲਈ ਗੁਟਕੇ ਦੇ ਪੰਜ ਪੈਕੇਟ ਅਤੇ ਹਾਜੀ ਅਲੀ ਕੋਲ ਫਲਾਂ ਦੇ ਜੂਸ ਦਾ ਇੱਕ ਗਲਾਸ ਅਤੇ ਕੁਝ ਭੋਜਨ ਖਰੀਦਣ ਲਈ ਵਰਤ ਲਏ। ਉਥੋਂ ਵਿਕਰਮ ਤੁਰ ਪਿਆ। ਉਸਨੇ ਲਿਫ਼ਟ ਲੈਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਨਹੀਂ ਰੁਕਿਆ। ਉਹਦੀ ਜੇਬ੍ਹ ਵਿੱਚ ਅਜੇ ਵੀ 30-40 ਰੁਪਏ ਬਚੇ ਸਨ, ਇਸੇ ਦਰਮਿਆਨ, ਉਹ ਥੋੜ੍ਹੀ ਜਿਹੀ ਵਾਟ ਤੈਅ ਕਰਨ ਲਈ   ਇੱਕ ‘ਬੈਸਟ’ ਬੱਸ ਵਿੱਚ ਚੜ੍ਹ ਗਿਆ। 8 ਅਗਸਤ ਨੂੰ ਸਵੇਰੇ 2 ਵਜੇ ਦੇ ਕਰੀਬ ਥੱਕਿਆ ਹੋਇਆ 15 ਵਰ੍ਹਿਆਂ ਦਾ ਇਹ ਮੁੰਡਾ ਵਿਰਾਰ ਨੇੜੇ ਇਕ ਢਾਬੇ 'ਤੇ ਪਹੁੰਚ ਗਿਆ ਅਤੇ ਉਥੇ ਰਾਤ ਕੱਟੀ। ਉਸ ਨੇ ਕਰੀਬ 78 ਕਿਲੋਮੀਟਰ ਵਾਟ ਕੱਢ ਲਈ ਸੀ।

ਢਾਬਾ ਮਾਲਕ ਨੇ ਪੁੱਛਿਆ ਕਿ ਕੀ ਉਹ ਭੱਜ ਕੇ ਆਇਆ ਹੈ। ਵਿਕਰਮ ਨੇ ਝੂਠ ਬੋਲਿਆ ਕਿ ਉਹ ਯਤੀਮ ਹੈ ਅਤੇ ਕੰਮ ਲਈ ਅਹਿਮਦਾਬਾਦ ਜਾ ਰਿਹਾ ਹੈ। "ਢਾਬੇ ਵਾਲੇ ਬਾਈ ਨੇ ਮੈਨੂੰ ਘਰ ਮੁੜਨ ਦੀ ਸਲਾਹ ਦਿੱਤੀ, ਉਸਨੇ ਕਿਹਾ ਕਿ ਮੈਨੂੰ ਕੋਈ ਵੀ ਕੰਮ ਨਹੀਂ ਦੇਵੇਗਾ ਅਤੇ ਕੋਰੋਨਾ ਦੌਰਾਨ ਅਹਿਮਦਾਬਾਦ ਪਹੁੰਚਣਾ ਮੁਸ਼ਕਲ ਹੈ।" ਉਸ ਨੇ ਵਿਕਰਮ ਨੂੰ ਥੋੜੀ ਚਾਹ ਅਤੇ ਪੋਹਾ ਅਤੇ 70 ਰੁਪਏ ਦਿੱਤੇ।  "ਮੈਂ ਘਰ ਵਾਪਸ ਜਾਣ ਬਾਰੇ ਸੋਚਿਆ ਪਰ ਮੈਂ ਥੋੜੀ ਕਮਾਈ ਕਰਕੇ  ਹੀ ਵਾਪਸ ਜਾਣਾ ਚਾਹੁੰਦਾ ਸੀ," ਵਿਕਰਮ ਕਹਿੰਦਾ ਹੈ।

PHOTO • Aakanksha

ਵਿਕਰਮ ਕਹਿੰਦਾ ਹੈ , ' [ਕਮਾਠੀਪੁਰਾ ਵਿੱਚ]ਮੇਰੇ ਬਹੁਤ ਸਾਰੇ ਦੋਸਤ ਸਕੂਲ ਛੱਡ ਕੇ ਕੰਮ ਕਰਦੇ ਹਨ , ਉਨ੍ਹਾਂ ਨੂੰ ਲਗਦੈ ਕਿ ਕਮਾਉਣਾ ਬਿਹਤਰ ਹੈ ਕਿਉਂਕਿ ਉਹ ਬਚਤ ਕਰ ਸਕਦੇ ਹਨ ਅਤੇ ਕੋਈ ਕਾਰੋਬਾਰ ਸ਼ੁਰੂ ਕਰ ਸਕਦੇ ਹਨ '

ਉਹ ਅੱਗੇ ਤੁਰ ਪਿਆ ਤੇ ਪੈਟਰੋਲ ਪੰਪ ਕੋਲ ਕੁਝ ਟਰੱਕ ਵੇਖੇ। ਉਸ ਨੇ ਲਿਫਟ ਮੰਗੀ, ਪਰ ਕੋਈ ਵੀ ਉਸ ਨੂੰ ਮੁਫ਼ਤ ਵਿਚ ਲਿਜਾਣ ਲਈ ਤਿਆਰ ਨਾ ਹੋਇਆ। “ਇੱਥੇ ਬੱਸਾਂ ਸਨ ਜਿਨ੍ਹਾਂ ਵਿੱਚ ਕੁਝ ਪਰਿਵਾਰ ਬੈਠੇ ਸਨ, ਪਰ ਕਿਸੇ ਨੇ ਇਹ ਜਾਣਨ ਤੋਂ ਬਾਅਦ ਮੈਨੂੰ ਅੰਦਰ ਨਹੀਂ ਆਉਣ ਦਿੱਤਾ ਕਿ ਮੈਂ ਮੁੰਬਈ ਤੋਂ ਆ ਰਿਹਾ ਹਾਂ [ਜਿੱਥੇ ਕੋਵਿਡ ਦੇ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ]।” ਵਿਕਰਮ ਨੇ ਬਹੁਤ ਜਣਿਆਂ ਦੀ ਮਿੰਨਤ ਕੀਤੀ ਆਖਰਕਾਰ ਇੱਕ ਟੈਂਪੂ ਡਰਾਈਵਰ ਮੰਨ ਗਿਆ। "ਉਹ ਇਕੱਲਾ ਸੀ, ਉਸਨੇ ਮੈਨੂੰ ਪੁੱਛਿਆ ਕਿ ਕੀ ਮੈਂ ਬਿਮਾਰ ਹਾਂ ਅਤੇ ਮੇਰੇ ਨਾਂਹ ਕਹਿਣ ਤੋਂ ਬਾਅਦ ਮੈਨੂੰ ਅੰਦਰ ਬਿਠਾ ਲਿਆ।" ਡਰਾਈਵਰ ਨੇ ਵੀ ਇਸ ਗਭਰੇਟ  ਨੂੰ ਚੇਤਾਵਨੀ ਦਿੱਤੀ ਕਿ ਉਸਨੂੰ ਕੰਮ ਮਿਲਣ ਦੀ ਸੰਭਾਵਨਾ ਨਹੀਂ ਹੈ। “ਉਹ ਵਾਪੀ ਪਾਰ ਜਾ ਰਿਹਾ ਸੀ ਤਾਂ ਉਹ ਮੈਨੂੰ ਉੱਥੇ ਛੱਡਣ ਲਈ ਰਾਜ਼ੀ ਹੋ ਗਿਆ।”

ਉਹ 9 ਅਗਸਤ ਨੂੰ ਸਵੇਰੇ 7 ਵਜੇ ਦੇ ਕਰੀਬ - ਮੁੰਬਈ ਸੈਂਟਰਲ ਤੋਂ ਲਗਭਗ 185 ਕਿਲੋਮੀਟਰ ਦੂਰ ਗੁਜਰਾਤ ਦੇ ਵਲਸਾਡ ਜ਼ਿਲ੍ਹੇ ਦੇ ਵਾਪੀ ਪਹੁੰਚਿਆ। ਉਥੋਂ ਵਿਕਰਮ ਦੀ ਅਹਿਮਦਾਬਾਦ ਜਾਣ ਦੀ ਯੋਜਨਾ ਸੀ। ਉਸ ਦੁਪਹਿਰ ਉਸ ਨੇ ਕਿਸੇ ਦੇ ਫ਼ੋਨ ਤੋਂ ਆਪਣੀ ਮਾਂ ਨੂੰ ਫ਼ੋਨ ਕੀਤਾ। ਉਸਦੇ ਆਪਣੇ ਫੋਨ ਦੀ ਬੈਟਰੀ ਮੁੱਕ ਚੁੱਕੀ ਸੀ ਅਤੇ ਕਾਲ-ਟਾਈਮ ਵੀ ਨਹੀਂ ਬਚਿਆ ਸੀ। ਉਸਨੇ ਪ੍ਰਿਆ ਨੂੰ ਦੱਸਿਆ ਕਿ ਉਹ ਠੀਕ ਹੈ ਅਤੇ ਵਾਪੀ ਵਿੱਚ ਹੈ ਇੰਨਾ ਕਹਿ ਫ਼ੋਨ ਕੱਟ ਦਿੱਤਾ।

ਇਸ ਦੌਰਾਨ ਮੁੰਬਈ 'ਚ ਪ੍ਰਿਆ ਲਗਾਤਾਰ ਨਾਗਪਾੜਾ ਪੁਲਸ ਸਟੇਸ਼ਨ ਦੇ ਚੱਕਰ ਲਾ ਰਹੀ ਸੀ। "ਪੁਲਿਸ ਨੇ ਮੇਰੇ 'ਤੇ ਲਾਪਰਵਾਹ ਹੋਣ ਦਾ ਦੋਸ਼ ਲਾਇਆ, ਮੇਰੇ ਕੰਮ 'ਤੇ ਟਿੱਪਣੀ ਕੀਤੀ ਅਤੇ ਕਿਹਾ ਕਿ ਉਹ ਆਪਣੇ ਆਪ ਗਿਆ ਹੈ ਅਤੇ ਜਲਦੀ ਹੀ ਮੁੜ ਆਵੇਗਾ,”ਉਹ ਯਾਦ ਕਰਦੀ ਹੈ।

ਵਿਕਰਮ ਦੀ ਦੋ-ਹਰਫ਼ੀ ਕਾਲ ਤੋਂ ਬਾਅਦ, ਉਸਨੇ ਬੇਚੈਨੀ ਨਾਲ ਵਾਪਸ ਫੋਨ ਕੀਤਾ। ਪਰ ਫੋਨ ਦੇ ਮਾਲਕ ਨੇ ਚੁੱਕਿਆ।“ਉਸਨੇ ਕਿਹਾ ਕਿ ਉਹ ਵਿਕਰਮ ਦੇ ਨਾਲ ਨਹੀਂ ਸੀ ਅਤੇ ਉਸਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਹੈ। ਉਹ ਵਿਕਰਮ ਨੂੰ ਹਾਈਵੇਅ ਦੀ ਇੱਕ ਚਾਹ ਦੀ ਸਟਾਲ 'ਤੇ ਮਿਲਿਆ ਸੀ ਅਤੇ ਬਸ ਆਪਣਾ ਫ਼ੋਨ ਦਿੱਤਾ ਸੀ।”

ਵਿਕਰਮ 9 ਅਗਸਤ ਦੀ ਰਾਤ ਨੂੰ ਵਾਪੀ ਵਿੱਚ ਹੀ ਰਿਹਾ। “ਮੇਰੇ ਤੋਂ ਵੱਡਾ ਇੱਕ ਮੁੰਡਾ ਇੱਕ ਛੋਟੇ ਜਿਹੇ ਹੋਟਲ ਦੀ ਰਾਖੀ ਕਰ ਰਿਹਾ ਸੀ। ਮੈਂ ਉਸਨੂੰ ਦੱਸਿਆ ਕਿ ਮੈਂ ਕੰਮ ਲਈ ਅਹਿਮਦਾਬਾਦ ਜਾ ਰਿਹਾ ਹਾਂ ਅਤੇ ਕਿਤੇ ਸੌਣਾ ਚਾਹੁੰਦਾ ਹਾਂ। ਉਸਨੇ ਕਿਹਾ ਕਿ ਇੱਥੇ ਇਸ ਹੋਟਲ ਵਿੱਚ ਰਹਿ ਅਤੇ ਕੰਮ ਕਰ, ਉਹ ਮਾਲਕ ਨਾਲ ਗੱਲ ਕਰ ਲਵੇਗਾ।”

'I too ran away [from home] and now I am in this mud,' says Vikram's mother Priya, a sex worker. 'I want him to study'
PHOTO • Aakanksha

‘ਮੈਂ ਵੀ [ਘਰੋਂ] ਕਦੇ ਭੱਜੀ ਸਾਂ  ਅਤੇ ਹੁਣ ਮੈਂ ਇਸ ਦਲਦਲ ਵਿੱਚ ਹਾਂ। ਵਿਕਰਮ ਦੀ ਮਾਂ ਪ੍ਰਿਆ , ਇੱਕ ਸੈਕਸ ਵਰਕਰ , ਕਹਿੰਦੀ ਹੈ ‘ਮੈਂ ਚਾਹੁੰਦੀ ਹਾਂ ਕਿ ਉਹ ਪੜ੍ਹੇ’

ਆਪਣੀ ਮਾਂ ਨੂੰ ਪਹਿਲੀ ਕਾਲ ਕਰਨ ਤੋਂ ਚਾਰ ਦਿਨ ਬਾਅਦ, 13 ਅਗਸਤ ਨੂੰ, ਵਿਕਰਮ ਨੇ ਸਵੇਰੇ 3 ਵਜੇ ਇੱਕ ਹੋਰ ਕਾਲ ਕੀਤੀ। ਉਸਨੇ ਉਸਨੂੰ ਦੱਸਿਆ ਕਿ ਉਸਨੂੰ ਵਾਪੀ ਵਿੱਚ ਇੱਕ ਢਾਬੇ ’ਤੇ, ਭਾਂਡੇ ਧੋਣ ਅਤੇ ਖਾਣੇ ਦੇ ਆਰਡਰ ਲੈਣ ਦਾ ਕੰਮ ਮਿਲਿਆ ਹੈ। ਪ੍ਰਿਆ ਸਵੇਰੇ ਨਾਗਪੜਾ ਪੁਲਿਸ ਸਟੇਸ਼ਨ ਪੁਲਿਸ ਨੂੰ ਸੂਚਿਤ ਕਰਨ ਲਈ ਜਲਦੀ ਪਹੁੰਚੀ, ਪਰ ਉਸਨੂੰ ਆਪਣੇ ਮੁੰਡੇ ਨੂੰ ਆਪੇ ਲਿਆਉਣ ਲਈ ਆਖਿਆ ਗਿਆ।

ਉਸੇ ਸ਼ਾਮ, ਪ੍ਰਿਆ ਅਤੇ ਰਿਧੀ ਨੇ ਵਿਕਰਮ ਨੂੰ ਵਾਪਸ ਲਿਆਉਣ ਲਈ ਮੁੰਬਈ ਸੈਂਟਰਲ ਤੋਂ ਵਾਪੀ ਲਈ ਟ੍ਰੇਨ ਫੜੀ। ਇਸ ਵਾਸਤੇ, ਪ੍ਰਿਆ ਨੇ ਇੱਕ ਘਰਵਾਲੀ ਅਤੇ ਇੱਕ ਸਥਾਨਕ ਸ਼ਾਹੂਕਾਰ ਤੋਂ 2,000 ਰੁਪਏ ਕਰਜ਼ਾ ਲਿਆ ਸੀ। ਰੇਲ ਟਿਕਟ ਦੀ ਕੀਮਤ 400 ਰੁਪਏ ਪ੍ਰਤੀ ਵਿਅਕਤੀ ਹੈ।

ਪ੍ਰਿਆ ਆਪਣੇ ਮੁੰਡੇ ਨੂੰ ਵਾਪਸ ਲਿਆਉਣ ਲਈ ਦ੍ਰਿੜ ਸੀ। ਉਹ ਨਹੀਂ ਚਾਹੁੰਦੀ ਕਿ ਉਹ ਉਹਦੇ ਵਾਂਗ ਇੱਕ ਬੇਮਕਸਦ ਜ਼ਿੰਦਗੀ ਗੁਜ਼ਾਰੇ  ਉਹ ਕਹਿੰਦੀ ਹੈ। “ਮੈਂ ਵੀ ਕਦੇ ਘਰੋਂ ਭੱਜੀ ਸਾਂ  ਅਤੇ ਹੁਣ ਮੈਂ ਇਸ ਦਲਦਲ ਵਿੱਚ ਹਾਂ। ਮੈਂ ਚਾਹੁੰਦੀ ਹਾਂ ਕਿ ਉਹ ਪੜ੍ਹੇ," ਪ੍ਰਿਆ ਕਹਿੰਦੀ ਹੈ, ਜੋ ਉਸ ਵੇਲ਼ੇ  ਉਸੇ ਉਮਰ ਦੀ ਸੀ ਜਿਸਦਾ ਹੁਣ ਵਿਕਰਮ ਹੈ, ਉਹ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਘਰੋਂ ਭੱਜੀ ਸੀ।

ਉਹ ਭੱਜੀ ਸੀ ਇੱਕ ਸ਼ਰਾਬੀ ਪਿਉ ਤੋਂ ਦੁਖੀ ਹੋ ਕੇ ਜੋ ਇੱਕ ਫੈਕਟਰੀ ਵਰਕਰ ਸੀ, ਜਿਸਨੂੰ ਉਸਦੀ ਕੋਈ ਪਰਵਾਹ ਨਹੀਂ ਸੀ(ਜਦੋਂ ਉਹ ਦੋ ਸਾਲ ਦੀ ਸੀ, ਉਸਦੀ ਮਾਂ ਦੀ ਮੌਤ ਹੋ ਗਈ ਸੀ) ਅਤੇ ਰਿਸ਼ਤੇਦਾਰਾਂ ਤੋਂ ਦੁਖੀ ਹੋ ਕੇ, ਜਿਨ੍ਹਾਂ ਨੇ ਉਸਨੂੰ ਕੁੱਟਿਆ ਅਤੇ 12 ਸਾਲ ਦੀ ਉਮਰ ਵਿੱਚ ਉਸਦਾ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਮਰਦ ਰਿਸ਼ਤੇਦਾਰ ਤੋਂ ਦੁਖੀ ਹੋ ਕੇ ਜਿਸ ਨੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਸੀ। "ਮੈਂ ਸੁਣਿਆ ਸੀ ਕਿ ਮੈਨੂੰ ਮੁੰਬਈ ਵਿੱਚ ਕੰਮ ਮਿਲ ਸਕਦਾ ਹੈ," ਉਹ ਕਹਿੰਦੀ ਹੈ।

ਛਤਰਪਤੀ ਸ਼ਿਵਾਜੀ ਟਰਮੀਨਸ 'ਤੇ ਰੇਲਗੱਡੀ ਤੋਂ ਉਤਰਨ ਤੋਂ ਬਾਅਦ, ਪ੍ਰਿਆ ਨੇ ਆਖਰਕਾਰ ਮਦਨਪੁਰਾ ਵਿੱਚ ਇੱਕ ਘਰੇਲੂ ਕੰਮ ਕਰਨ ਵਾਲੀ ਵਜੋਂ ਨੌਕਰੀ ਲੱਭ ਲਈ, ਤਨਖਾਹ 400 ਰੁਪਏ ਪ੍ਰਤੀ ਮਹੀਨਾ ਅਤੇ ਪਰਿਵਾਰ ਨਾਲ ਰਹਿਣਾ। ਕੁਝ ਵਕਤ ਬੀਤਣ ਤੋਂ ਬਾਅਦ , ਉਹ ਕੁਝ ਮਹੀਨਿਆਂ ਲਈ ਦੱਖਣੀ ਮੁੰਬਈ ਵਿੱਚ ਰੇਅ ਰੋਡ ਵਿੱਚ ਇੱਕ ਕਿਰਾਏ ਦੇ ਕਮਰੇ ਵਿੱਚ ਇੱਕ ਕਰਿਆਨੇ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਬੰਦੇ ਨਾਲ ਰਹਿੰਦੀ ਰਹੀ, ਜਿਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਉਹ ਗਾਇਬ ਹੋ ਗਿਆ ਸੀ। ਉਹ ਸੜਕਾਂ 'ਤੇ ਰਹਿਣ ਲੱਗੀ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਗਰਭਵਤੀ ਹੈ। “ਮੈਂ ਭੀਖ ਮੰਗ ਰਹੀ ਸਾਂ ਅਤੇ ਜਿਉਂ ਰਹੀ ਸਾਂ।” (2005 ਵਿੱਚ ਜੇ.ਜੇ. ਹਸਪਤਾਲ ਵਿੱਚ)ਵਿਕਰਮ ਦੇ ਜਨਮ ਤੋਂ ਬਾਅਦ ਵੀ ਉਹ ਫੁੱਟਪਾਥ 'ਤੇ ਹੀ ਰਹੀ। “ਇੱਕ ਰਾਤ, ਮੈਂ ਇੱਕ ਧੰਦੇਵਾਲੀ ਨੂੰ ਮਿਲੀ ਜਿਸ ਨੇ ਮੈਨੂੰ ਰੋਟੀ ਦਿੱਤੀ। ਉਸਨੇ ਸਮਝਾਇਆ ਕਿ ਮੇਰੇ ਕੋਲ ਦੁੱਧ ਚੁੰਘਦਾ ਨਿਆਣਾ ਹੈ ਅਤੇ ਮੈਨੂੰ ਧੰਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ” ਬਹੁਤ ਸ਼ੰਕਿਆਂ ਦੇ ਬਾਵਜੂਦ, ਪ੍ਰਿਆ ਮੰਨ ਗਈ।

ਕਦੇ-ਕਦਾਈਂ, ਉਹ ਕਮਾਠੀਪੁਰਾ ਦੀਆਂ ਕੁਝ ਔਰਤਾਂ ਨਾਲ ਸੈਕਸ ਵਰਕ ਲਈ ਕਰਨਾਟਕ ਦੇ ਬੀਜਾਪੁਰ ਜਾਂਦੀ ਸੀ ਜੋ ਉਸੇ ਕਸਬੇ ਦੀਆਂ ਸਨ।ਅਜਿਹੀ ਹੀ ਇਕ ਟਰਿੱਪ 'ਤੇ, ਉਨ੍ਹਾਂ ਨੇ ਉਸ ਨੂੰ ਇਕ ਬੰਦੇ ਨਾਲ ਮਿਲਾਇਆ। "ਉਨ੍ਹਾਂ ਨੇ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰਾਵੇਗਾ ਅਤੇ ਮੇਰੀ ਅਤੇ ਮੇਰੇ ਮੁੰਡੇ ਦੀ ਜ਼ਿੰਦਗੀ ਸੌਖੀ ਹੋ ਜਾਵੇਗੀ।" ਉਨ੍ਹਾਂ ਨੇ ਇੱਕ ਗੁਪਤ 'ਵਿਆਹ' ਕਰਾਇਆ ਅਤੇ ਉਹ 6-7 ਮਹੀਨੇ ਉਸ ਦੇ ਨਾਲ ਰਹੀ, ਪਰ ਫਿਰ ਉਸ ਦੇ ਪਰਿਵਾਰ ਨੇ ਉਸ ਨੂੰ ਇਹ ਸਭ ਛੱਡਣ ਲਈ ਕਿਹਾ। “ਉਸ ਸਮੇਂ ਰਿਧੀ ਆਉਣ ਵਾਲੀ ਸੀ,” ਪ੍ਰਿਆ ਕਹਿੰਦੀ ਹੈ, ਉਸਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਬੰਦਾ ਇੱਕ ਝੂਠਾ ਨਾਮ ਵਰਤ ਰਿਹਾ ਸੀ ਅਤੇ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਔਰਤਾਂ ਨੇ ਉਸਨੂੰ ਉਸ ਕੋਲ ਵੇਚ ਦਿੱਤਾ ਸੀ।

2011 ਵਿੱਚ ਰਿਧੀ ਦੇ ਜਨਮ ਤੋਂ ਬਾਅਦ, ਪ੍ਰਿਆ ਨੇ ਵਿਕਰਮ ਨੂੰ ਅਮਰਾਵਤੀ ਵਿੱਚ ਇੱਕ ਰਿਸ਼ਤੇਦਾਰ ਦੇ ਘਰ ਭੇਜ ਦਿੱਤਾ। “ਉਹ ਵੱਡਾ ਹੋ ਰਿਹਾ ਸੀ ਅਤੇ ਇਸ ਇਲਾਕੇ ਵਿੱਚ ਆਲੇ ਦੁਆਲੇ ਚੀਜ਼ਾਂ ਦੇਖ ਰਿਹਾ ਸੀ…” ਪਰ ਮੁੰਡਾ ਉਥੋਂ ਵੀ ਇਹ ਕਹਿੰਦਿਆਂ ਭੱਜ ਗਿਆ ਕਿ ਉਹ ਗੱਲ ਨਾ ਮੰਨਣ ਕਰਕੇ ਉਸਨੂੰ ਕੁੱਟਦੇ ਹਨ। “ਅਸੀਂ ਉਦੋਂ ਵੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਦੋ ਦਿਨਾਂ ਬਾਅਦ, ਉਹ ਮੁੜ ਆਇਆ।” ਵਿਕਰਮ ਰੇਲਗੱਡੀ ਲੈ ਕੇ ਦਾਦਰ ਸਟੇਸ਼ਨ 'ਤੇ ਪਹੁੰਚ ਗਿਆ ਸੀ ਅਤੇ ਲੋਕ ਉਸਨੂੰ ਭਿਖਾਰੀ ਸਮਝ ਕੇ ਜੋ ਕੁਝ ਦਿੰਦੇ ਰਹੇ ਉਹ ਖਾ ਲੈਂਦਾ  ਤੇ , ਖਾਲੀ ਰੇਲ ਦੇ ਡੱਬਿਆਂ ਵਿਚ ਰਹਿੰਦਾ ਰਿਹਾ ਸੀ।

Vikram found it hard to make friends at school: 'They treat me badly and on purpose bring up the topic [of my mother’s profession]'
PHOTO • Aakanksha

ਵਿਕਰਮ ਨੂੰ ਸਕੂਲ ਵਿੱਚ ਦੋਸਤ ਬਣਾਉਣਵਿੱਚ ਮੁਸ਼ਕਲ ਆਉਂਦੀ: ' ਉਹ ਮੇਰੇ ਨਾਲ ਬੁਰਾ ਸਲੂਕ ਕਰਦੇ ਨੇ ਅਤੇ ਜਾਣਬੁੱਝ ਕੇ ਉਹੀ [ਮੇਰੀ ਮਾਂ ਦੇ ਪੇਸ਼ੇ ਦੀ] ਗੱਲ ਛੇੜਦੇ ਨੇ '

ਉਸ ਸਮੇਂ ਉਹ 8 ਜਾਂ 9 ਵਰ੍ਹਿਆਂ ਦਾ ਸੀ ਜਦੋਂ ‘ਅਵਾਰਾਗਰਦੀ’ ਕਰਨ ਕਾਰਨ ਉਹਨੂੰ  ਕੇਂਦਰੀ ਮੁੰਬਈ ਦੇ ਡੋਂਗਰੀ ਕਿਸ਼ੋਰ ਘਰ ਵਿਖੇ  ਇੱਕ ਹਫ਼ਤੇ ਲਈ  ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ। ਇਸ ਤੋਂ ਬਾਅਦ, ਪ੍ਰਿਆ ਨੇ ਉਸਨੂੰ ਇੱਕ ਚੈਰੀਟੇਬਲ ਸੰਸਥਾ ਦੁਆਰਾ ਚਲਾਏ ਜਾਂਦੇ ਅੰਧੇਰੀ ਦੇ ਇੱਕ ਹੋਸਟਲ-ਪਲੱਸ-ਸਕੂਲ ਵਿੱਚ ਭੇਜਿਆ, ਜਿੱਥੇ ਉਸਨੇ 6ਵੀਂ ਜਮਾਤ ਤੱਕ ਪੜ੍ਹਾਈ ਕੀਤੀ।

“ਵਿਕਰਮ ਹਮੇਸ਼ਾ ਪੰਗਿਆਂ ਵਿੱਚ ਰਿਹੈ। ਮੈਨੂੰ ਉਹਦਾ ਬਹੁਤ ਖਿਆਲ ਰਖਣਾ ਪੈਦਾ, ”ਪ੍ਰਿਆ ਕਹਿੰਦੀ ਹੈ। ਉਹ ਚਾਹੁੰਦੀ ਸੀ ਕਿ ਉਹ ਅੰਧੇਰੀ ਦੇ ਹੋਸਟਲ ਵਿੱਚ ਰਹੇ (ਜਿੱਥੇ ਉਸਨੂੰ ਕਈ ਵਾਰ ਕਾਉਂਸਲਰ ਕੋਲ ਵੀ ਲਿਜਾਇਆ ਗਿਆ ਸੀ), ਪਰ ਉਹ ਇੱਕ ਕੇਅਰਟੇਕਰ ਨੂੰ ਜ਼ਖ਼ਮੀ ਕਰਨ ਤੋਂ ਬਾਅਦ  ਉਥੋਂ ਵੀ ਭੱਜ ਗਿਆ ਸੀ। 2018 ਵਿੱਚ, ਉਸਨੇ ਉਸਨੂੰ 7ਵੀਂ ਜਮਾਤ ਵਿੱਚ ਬਾਈਕੂਲਾ ਦੇ ਮਿਉਂਸਪਲ ਸਕੂਲ ਵਿੱਚ ਦਾਖਲ ਕਰਵਾਇਆ ਅਤੇ ਉਹ ਵਾਪਸ ਕਮਾਠੀਪੁਰਾ ਚਲਾ ਗਿਆ।

ਵਿਕਰਮ ਨੂੰ ਹੋਰ ਮੁੰਡਿਆਂ ਨਾਲ ਬੁਰਾ ਵਰਤਾਅ ਕਰਨ ਅਤੇ ਲੜਨ ਕਰਕੇ ਬਾਈਕੂਲਾ ਸਕੂਲ ਤੋਂ ਵੀ ਮੁਅੱਤਲ ਕੀਤਾ ਗਿਆਸੀ। “ਜਦੋਂ ਵਿਦਿਆਰਥੀ ਅਤੇ ਆਲੇ-ਦੁਆਲੇ ਦੇ ਲੋਕ ਉਸ ਨੂੰ ਮੇਰੇ ਕੰਮ ਕਰਕੇ ਛੇੜਦੇ ਨੇ ਉਸਨੂੰ ਇਹ ਚੰਗਾ ਨਹੀਂ ਲੱਗਦਾ । ਉਹਨੂੰ ਬਹੁਤ ਛੇਤੀ ਗੁੱਸਾ ਆ ਜਾਂਦੈ, ”ਪ੍ਰਿਆ ਕਹਿੰਦੀ ਹੈ। ਉਹ ਆਮ ਤੌਰ 'ਤੇ ਆਪਣੇ ਪਰਿਵਾਰ ਬਾਰੇ ਕਿਸੇ ਨੂੰ ਨਾ ਦੱਸਦਾ ਅਤੇ ਉਹਨੂੰ ਸਕੂਲ ਵਿੱਚ ਦੋਸਤ ਬਣਾਉਣਵਿੱਚ ਮੁਸ਼ਕਿਲ ਆਉਂਦੀ। "ਉਹ ਮੇਰੇ ਨਾਲ ਬੁਰਾ ਸਲੂਕ ਕਰਦੇ ਨੇ ਅਤੇ ਜਾਣਬੁੱਝ ਕੇ ਉਹੀ [ਮੇਰੀ ਮਾਂ ਦੇ ਪੇਸ਼ੇ ਦੀ] ਗੱਲ ਛੇੜਦੇ ਨੇ," ਵਿਕਰਮ ਕਹਿੰਦਾ ਹੈ।

ਹਾਲਾਂਕਿ ਉਹ 90ਪ੍ਰਤੀਸ਼ਤ ਦੇ ਨੇੜੇ-ਤੇੜੇ ਨੰਬਰ ਲੈਣ ਵਾਲਾ ਇੱਕ ਹੁਸ਼ਿਆਰ ਵਿਦਿਆਰਥੀ ਹੈ। ਪਰ ਉਸਦੀ 7ਵੀਂ ਜਮਾਤ ਦੀ ਮਾਰਕ-ਸ਼ੀਟ ਦਰਸਾਉਂਦੀ ਹੈ ਕਿ ਕਈ ਵਾਰ ਉਹ ਮਹੀਨੇ ਵਿੱਚ ਸਿਰਫ਼ ਤਿੰਨ ਦਿਨ ਹੀ ਸਕੂਲ ਜਾਂਦਾ ਸੀ। ਉਹ ਕਹਿੰਦਾ ਹੈ ਕਿ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਦਾ ਹੈ ਅਤੇ ਉਹ ਪੜ੍ਹਨਾ ਚਾਹੁੰਦਾ ਹੈ। ਨਵੰਬਰ 2020 ਦੇ ਸ਼ੁਰੂ ਵਿੱਚ, ਉਸਨੇ ਆਪਣੀ ਕਲਾਸ 8 ਦੀ ਮਾਰਕਸ਼ੀਟ (2019-20 ਅਕਾਦਮਿਕ ਸਾਲ ਲਈ) ਪ੍ਰਾਪਤ ਕੀਤੀ ਅਤੇ ਸੱਤ ਵਿਸ਼ਿਆਂ ਵਿੱਚ ਏ ਗ੍ਰੇਡ ਪ੍ਰਾਪਤ ਕੀਤਾ ਅਤੇ ਬਾਕੀ ਦੋਵਾਂ ਵਿੱਚ ਬੀ।

“[ਕਮਾਠੀਪੁਰਾ ਵਿੱਚ]ਮੇਰੇ ਬਹੁਤ ਸਾਰੇ ਦੋਸਤ ਸਕੂਲ ਛੱਡ ਕੇ ਕੰਮ ਕਰਦੇ ਹਨ। ਕਈਆਂ ਦੀ ਪੜ੍ਹਾਈ ਵਿੱਚ ਕੋਈ ਰੁਚੀ ਨਹੀਂ ਹੈ, ਉਨ੍ਹਾਂ ਨੂੰ ਲਗਦੈ ਕਿ ਪੈਸਾ ਕਮਾਉਣਾ ਵੱਧ ਚੰਗੈ ਕਿਉਂਕਿ ਉਹ ਬਚਤ ਕਰ ਸਕਦੇ ਹਨ ਅਤੇ ਕੋਈ ਕਾਰੋਬਾਰ ਸ਼ੁਰੂ ਕਰ ਸਕਦੇ ਹਨ,”ਵਿਕਰਮ ਕਹਿੰਦਾ ਹੈ। (ਕੋਲਕਾਤਾ ਦੇ ਰੈੱਡ-ਲਾਈਟ ਇਲਾਕਿਆਂ ਵਿੱਚ ਰਹਿਣ ਵਾਲੇ ਬੱਚਿਆਂ 'ਤੇ 2010 ਵਿੱਚ ਹੋਏ ਇੱਕ  ਅਧਿਐਨ ਨੇ ਲਗਭਗ 40 ਪ੍ਰਤੀਸ਼ਤ ਬੱਚਿਆਂ ਦੀ ਡਰਾਪ-ਆਊਟ (ਸਕੂਲ ਛੱਡਣ) ਦਰ ਨੂੰ ਨੋਟ ਕੀਤਾ ਹੈ ਅਤੇ ਸਿੱਟਾ ਕੱਢਿਆ ਹੈ ਕਿ "ਇਹ ਦਰ ਇਸ ਮੰਦਭਾਗੀ ਅਸਲੀਅਤ ’ਤੇ ਚਾਨਣਾ ਪਾਉਂਦੀ  ਹੈ ਕਿ ਰੈਡ-ਲਾਇਟ ਇਲਾਕਿਆਂ ਵਿੱਚ ਰਹਿੰਦੇ ਬੱਚਿਆਂ ਦੀ  ਸਕੂਲ ਵਿੱਚ  ਹਾਜ਼ਰੀ ਦਾ ਘੱਟ ਹੋਣਾ ਸਭ ਤੋਂ ਆਮ ਸਮੱਸਿਆ ਹੈ।)

ਸਾਡੇ ਗੱਲਕਰਦਿਆਂ-ਕਰਦਿਆਂ ਵਿਕਰਮ ਨੇ ਗੁਟਕੇ ਦਾ ਪੈਕੇਟ ਖੋਲ੍ਹਿਆ। "ਮਾਂ ਨੂੰ ਨਾ ਦੱਸਿਓ," ਉਹ ਬੋਲਿਆ। ਪਹਿਲਾਂ ਉਹ ਕਦੇ-ਕਦਾਈਂ ਸਿਗਰਟ ਅਤੇ ਸ਼ਰਾਬ ਪੀਂਦਾ ਸੀ, ਇਹ ਕੌੜੀ ਲੱਗਦੀ ਸੀ ਅਤੇ ਬੰਦ ਕਰ ਦਿੱਤੀਪਰ, ਉਹ ਕਹਿੰਦਾ ਹੈ, "ਮੈਂ ਗੁਟਕੇ ਦੀ ਆਦਤ ਨੂੰ ਛੱਡ ਨਹੀਂ ਸਕਦਾ। ਮੈਂ ਇਹਦਾ ਸਵਾਦ ਹੀ ਚਖਣਾ ਚਾਹਿਆ ਸੀ ਅਤੇ ਪਤਾ ਨਹੀਂ ਕਦੋਂ ਮੈਨੂੰ ਇਸਦੀ ਆਦਤ ਪੈ ਗਈ।" ਕਈ ਵਾਰ ਪ੍ਰਿਆ ਨੇ ਉਸ ਨੂੰ ਤੰਬਾਕੂ ਚੱਬਦੇ ਫੜਿਆ ਅਤੇ ਕੁੱਟਿਆ।

“ਇੱਥੇ ਬੱਚੇ ਸਾਰੀਆਂ ਗਲਤ ਆਦਤਾਂ ਅਪਣਾਉਂਦੇ ਹਨ, ਇਸ ਲਈ ਮੈਂ ਚਾਹੁੰਦੀ ਹਾਂ ਉਹ ਹੋਸਟਲ ਰਹਿ ਕੇ , ਪੜ੍ਹਾਈ ਕਰਨ । ਰਿਧੀ ਵੀ ਇੱਥੇ ਔਰਤਾਂ ਦੀ ਨਕਲ ਕਰਦੀ ਹੈ,” ਪ੍ਰਿਆ ਕਹਿੰਦੀ ਹੈ, ਲਿਪਸਟਿਕ ਲਾਉਂਦੀ ਹੈ ਜਾਂ ਉਨ੍ਹਾਂ ਦੀ ਤੋਰ ਦੀ ਨਕਲਕਰਦੀ ਹੈ। "ਇੱਥੇ ਤੁਸੀਂ ਹਰ ਰੋਜ਼ ਲੋਕਾਂ ਨੂੰ ਇੱਕ-ਦੂਜੇ ਨੂੰ ਕੁੱਟਦੇ , ਲੜਾਈ ਕਰਦੇ ਦੇਖੋਗੇ ।"

The teenager's immediate world: the streets of the city, and the narrow passageway in the brothel building where he sleeps. In future, Vikram (left, with a friend) hopes to help sex workers who want to leave Kamathipura
PHOTO • Aakanksha
The teenager's immediate world: the streets of the city, and the narrow passageway in the brothel building where he sleeps. In future, Vikram (left, with a friend) hopes to help sex workers who want to leave Kamathipura
PHOTO • Aakanksha

ਕਿਸ਼ੋਰ ਦੀ ਮੌਜੂਦਾ ਦੁਨੀਆ: ਸ਼ਹਿਰ ਦੀਆਂ ਗਲੀਆਂ ਅਤੇ ਚਕਲੇ ਦਾ ਤੰਗ ਰਸਤਾ, ਜਿੱਥੇ ਉਹ ਸੌਂਦਾ ਹੈ। ਭਵਿੱਖ ਵਿੱਚ , ਵਿਕਰਮ (ਖੱਬੇ , ਇੱਕ ਦੋਸਤ ਨਾਲ) ਕਮਾਠੀਪੁਰਾ ਛੱਡਣ ਦੀ ਇੱਛਾ ਰੱਖਣ ਵਾਲੀਆਂ ਸੈਕਸ ਵਰਕਰਾਂ ਦੀ ਮਦਦ ਕਰਨ ਬਾਰੇ ਸੋਚਦਾ ਹੈ

ਤਾਲਾਬੰਦੀ ਤੋਂ ਪਹਿਲਾਂ, ਵਿਕਰਮ ਦੁਪਹਿਰ 1 ਤੋਂ 6 ਵਜੇ ਤੱਕ ਸਕੂਲ ਵਿੱਚ ਹੁੰਦਾ ਅਤੇ ਸ਼ਾਮ 7 ਵਜੇ ਤੱਕ ਇੱਕ ਨਾਈਟ ਸੈਂਟਰ ਵਿੱਚ ਅਤੇ ਇਲਾਕੇ ਵਿੱਚ ਇੱਕ NGO ਵੱਲੋਂ ਲਾਈਆਂ ਜਾਂਦੀਆਂ ਕਲਾਸਾਂ ਵਿੱਚ ਹੁੰਦਾ, ਜਦੋਂ ਕਿ ਬੱਚਿਆਂ ਦੀਆਂ ਮਾਵਾਂ ਕੰਮ 'ਤੇ ਹੁੰਦੀਆਂ। ਫਿਰ ਉਹ ਜਾਂ ਤਾਂ ਘਰ ਵਾਪਸ ਆ ਜਾਂਦਾ ਤੇ- ਉਸ ਕਮਰੇ ਦੇ ਬਾਹਰ ਬਣੇ ਲਾਂਘੇ  ਵਿੱਚ ਸੌਂ ਜਾਂਦਾ ਜਿਸ ਕਮਰੇ ਵਿੱਚ  ਉਸਦੀ ਮਾਂ ਗਾਹਕ ਨੂੰ ਮਿਲਦੀ ਸੀ - ਜਾਂ ਕਦੇ-ਕਦਾਈਂ ਰੈਣ-ਬਸੇਰੇ ਵਿੱਚ ਜਾ ਰਹਿੰਦਾ।

ਤਾਲਾਬੰਦੀ ਅਤੇ ਉਸਦੀ ਭੈਣ ਦੇ ਵੀ ਘਰ ਵਾਪਸ ਆਉਣ ਨਾਲ, ਉਹਨਾਂ ਦੇ ਕਮਰੇ ਵਿੱਚ ਹੋਰ ਵੀ ਘੁਟਣ ਹੋ ਗਈ, ਜਿਸਨੂੰ ਉਹ "ਟ੍ਰੇਨ ਕਾ ਡੱਬਾ" ਆਖਦਾ ਹੈ। ” ਇਸ ਲਈ ਉਹ ਰਾਤ ਨੂੰ ਕਈ ਵਾਰ ਗਲੀਆਂ ਵਿਚ ਘੁੰਮਦਾ, ਜਾਂ ਜਿੱਥੇ ਵੀ ਉਸ ਨੂੰ ਕੰਮ ਮਿਲਦਾ ਸੀ ਉੱਥੇ ਠਹਿਰਦਾ ਸੀ। ਪਰਿਵਾਰ ਦਾ ਕਮਰਾ ਬਾਮੁਸ਼ਕਲ  10x10 ਫੁੱਟ ਦਾ ਹੈ, ਜੋ 4x6 ਦੇ ਤਿੰਨ ਆਇਤਾਕਾਰ ਬਕਸਿਆਂ ਵਿੱਚ ਵੰਡਿਆ ਹੋਇਆ ਹੈ, ਹਰੇਕ ਵਿੱਚ ਕਿਰਾਏਦਾਰ ਰਹਿੰਦਾ ਹੈ - ਕਿਸੇ ਵਿੱਚ ਇੱਕ ਇਕੱਲੀ ਸੈਕਸ ਵਰਕਰ ਰਹਿੰਦੀ ਹੈ ਜਾ ਕਿਸੇ ਵੀ ਕੋਈ ਔਰਤਆਪਣੇ ਪਰਿਵਾਰ ਨਾਲ ਰਹਿੰਦੀ ਹੈ। ਕਮਰੇ ਆਮ ਤੌਰ 'ਤੇ ਔਰਤਾਂ ਦੇ ਕੰਮ ਦੀ ਥਾਂ ਵੀ ਹੁੰਦੇ ਹਨ।

14 ਅਗਸਤ ਨੂੰ ਪ੍ਰਿਆ ਅਤੇ ਆਪਣੀ ਭੈਣ ਨਾਲ ਵਾਪੀ ਤੋਂ ਰੇਲਗੱਡੀ ਰਾਹੀਂ ਵਾਪਸ ਆਉਣ ਤੋਂ ਬਾਅਦ, ਵਿਕਰਮ ਅਗਲੇ ਦਿਨ ਕੰਮ ਦੀ ਭਾਲ ਵਿੱਚ ਨੇੜੇ ਦੇ ਨਾਕੇ 'ਤੇ ਸੀ। ਉਦੋਂ ਤੋਂ, ਉਸਨੇ ਸਬਜ਼ੀਆਂ ਵੇਚਣ, ਉਸਾਰੀ ਵਾਲੀਆਂ ਥਾਵਾਂ 'ਤੇ ਕੰਮ ਕਰਨ, ਬੋਰੀਆਂ ਚੁੱਕਣ ਵਰਗੇ ਕੰਮ ਅਜ਼ਮਾਏ।

ਉਸਦੀ ਮਾਂ ਵਿਕਰਮ ਦੇ ਸਕੂਲ ਦੇ ਸੁਨੇਹੇ ਦੀ ਉਡੀਕ ਕਰ ਰਹੀ ਸੀ ਅਤੇ ਉਹਨੂੰ ਪਤਾ ਨਹੀਂ ਸੀ  ਆਨਲਾਈਨ ਕਲਾਸਾਂ ਕਦੋਂ ਸ਼ੁਰੂ ਹੋਈਆਂ। ਉਹਦੇ ਕੋਲ ਸਮਾਰਟਫ਼ੋਨ ਨਹੀਂ ਹੈ ਅਤੇ ਜੇ ਹੁੰਦਾ ਵੀ, ਤਾਂ ਵੀ ਉਸਦਾ ਸਮਾਂ ਹੁਣ ਕੰਮ ’ਤੇ ਹੀ ਲੰਘ ਜਾਂਦਾ ਹੈ ਅਤੇ ਵੈਸੇ ਵੀ ਪਰਿਵਾਰ ਨੂੰ ਕਲਾਸਾਂ ਲਾਉਣ ਲਈ ਇੰਟਰਨੈਟ ਦੀ ਵਰਤੋਂ ਕਰਨ ਲਈ ਪੈਸੇ ਦੀ ਲੋੜ ਪਵੇਗੀ। ਇਸ ਤੋਂ ਇਲਾਵਾ, ਉਸਦੀ ਲੰਬੀ ਗੈਰਹਾਜ਼ਰੀ ਕਾਰਨ, ਸਕੂਲ ਨੇਉਹਦਾ ਨਾਂ ਕੱਟ ਦਿੱਤਾ, ਪ੍ਰਿਆ ਕਹਿੰਦੀ ਹੈ।

Vikram has agreed to restart school, but wants to continue working and helping to support his mother
PHOTO • Aakanksha
Vikram has agreed to restart school, but wants to continue working and helping to support his mother
PHOTO • Aakanksha

ਵਿਕਰਮ ਦੁਬਾਰਾ ਸਕੂਲ ਜਾਣ ਲਈ ਮੰਨ ਗਿਆ ਹੈ , ਪਰ ਉਹ ਕੰਮ ਕਰਨਾ ਵੀ ਜਾਰੀ ਰੱਖਣਾ ਚਾਹੁੰਦਾ ਹੈ। ਸੱਜੇ ਪਾਸੇ ਉਸਦਾ ਸਕੂਲ ਬੈਗ ਹੈ , ਜਿਸਨੂੰ ਉਹ ਹੁਣ ਕੰਮ ਲਈ ਵਰਤਦਾ ਹੈ

ਉਸਨੇ ਵਿਕਰਮ ਨੂੰ ਹੋਸਟਲ-ਸਕੂਲ ਭੇਜਣ ਵਿੱਚ ਮਦਦ ਵਾਸਤੇ  ਡੋਂਗਰੀ ਵਿੱਚ ਬਾਲ ਕਲਿਆਣ ਕਮੇਟੀ ਨਾਲ ਸੰਪਰਕ ਕੀਤਾ, ਇਸ ਡਰ ਤੋਂ ਕਿ ਜੇ ਉਹ ਕੰਮ ਹੀ ਕਰੀ ਗਿਆ ਤਾਂ ਉਹ ਪੜ੍ਹਾਈ ਬੰਦ ਕਰ ਦੇਵੇਗਾ। ਅਰਜ਼ੀ ਪ੍ਰਕਿਰਿਆ ਵਿੱਚ ਹੈ। ਭਾਵੇਂ ਇਹ ਅਰਜ਼ੀ ਮਨਜ਼ੂਰ ਹੋ ਵੀ ਜਾਵੇ  ਫਿਰ ਵੀ ਉਹਦਾ ਇੱਕ ਅਕਾਦਮਿਕ ਸਾਲ (2020-21) ਡੁੱਬ ਹੀ ਜਾਵੇਗਾ। “ਮੈਂ ਚਾਹੁੰਦੀ ਹਾਂ ਕਿ ਸਕੂਲ ਸ਼ੁਰੂ ਹੋਣ ਤੋਂ ਬਾਅਦ ਉਹ ਸਿਰਫ਼  ਪੜ੍ਹਾਈ ਕਰੇ  ਕੰਮ ਨਾ ਕਰੇ। ਉਹਨੂੰ ਲਫੰਡਰ  ਨਹੀਂ ਬਣਨਾ ਚਾਹੀਦਾ ,” ਪ੍ਰਿਆ ਕਹਿੰਦੀ ਹੈ।

ਵਿਕਰਮ ਦੁਬਾਰਾ ਸਕੂਲ ਜਾਣ  ਲਈ ਮੰਨ ਗਿਆ ਹੈ, ਪਰ ਉਹ ਕੰਮ ਕਰਨਾ ਅਤੇ ਆਪਣੀ ਮਾਂ ਦੀ ਮਦਦ ਕਰਨੀ ਵੀ ਜਾਰੀ ਰੱਖਣਾ ਚਾਹੁੰਦਾ ਹੈ

ਰਿਧੀ ਨੂੰ ਦਾਦਰ ਦੇ ਇੱਕ ਹੋਸਟਲ-ਸਕੂਲ ਵਿੱਚ ਦਾਖਲਾ ਮਿਲ ਗਿਆ ਅਤੇ ਨਵੰਬਰ ਦੇ ਅੱਧ ਵਿੱਚ ਉਸ ਨੂੰ ਉੱਥੇ ਲਿਜਾਇਆ ਗਿਆ। ਪ੍ਰਿਆ ਨੇ ਆਪਣੀ ਧੀ ਦੇ ਜਾਣ ਤੋਂ ਬਾਅਦ ਸੈਕਸ ਦਾ ਕੰਮ ਦੁਬਾਰਾ ਸ਼ੁਰੂ ਕੀਤਾ, ਪਰ ਇਹ ਕੰਮ ਹੁਣ ਕਦੇ-ਕਦਾਈਂ ਹੀ ਹੁੰਦਾ ਹੈ ਖ਼ਾਸ ਕਰਕੇ ਜਦੋਂ ਉਸ ਦੇ ਪੇਟ ਦਾ ਦਰਦ ਉਸ ਨੂੰ ਕੰਮ ਕਰਨ ਦਿੰਦਾ ਹੈ।

ਵਿਕਰਮ ਸ਼ੈੱਫ ਬਣਨ ਵਿੱਚ ਆਪਣਾ ਹੱਥ ਅਜ਼ਮਾਉਣਾ ਚਾਹੁੰਦਾ ਹੈ, ਉਸ ਨੂੰ ਖਾਣਾ ਬਣਾਉਣਾ ਪਸੰਦ ਹੈ। “ਮੈਂ ਕਿਸੇ ਨੂੰ ਨਹੀਂ ਦੱਸਿਆ, ਉਹ ਕਹਿਣਗੇ “ਕਯਾ ਲੜਕੀਓਂ ਕਾ ਕਾਮ ਹੈ,” ਉਹ ਕਹਿੰਦਾ ਹੈ। ਉਸ ਦੀ ਵੱਡੀ ਯੋਜਨਾ ਕਮਾਠੀਪੁਰਾ ਤੋਂ ਬਾਹਰ ਨਿਕਲਣ ਦੀ ਇੱਛਾ ਰੱਖਣ ਵਾਲੀਆਂ ਸੈਕਸ ਵਰਕਰਾਂ ਨੂੰ ਬਾਹਰ ਕੱਢਣ ਦੀ ਹੈ। "ਮੈਨੂੰ ਬਹੁਤ ਪੈਸਾ ਕਮਾਉਣਾ ਪਵੇਗਾ ਤਾਂ ਜੋ ਮੈਂ ਉਨ੍ਹਾਂ ਨੂੰ ਰੋਟੀ ਦੇ ਸਕਾਂ ਅਤੇ ਬਾਅਦ ਵਿੱਚ ਹਰ ਕਿਸੇ ਲਈ ਇੱਕ ਕੰਮ ਲੱਭ ਸਕਾਂ ਜੋ ਉਹ ਸੱਚਮੁੱਚ ਵਿੱਚ ਕਰਨਾ ਚਾਹੁੰਦੀਆਂ ਹੋਣ," ਉਹ ਕਹਿੰਦਾ ਹੈ। "ਬਹੁਤ ਜਣੇ ਕਹਿੰਦੇ ਹਨ ਕਿ ਉਹ ਇੱਥੇ ਔਰਤਾਂ ਦੀ ਮਦਦ ਕਰਨਗੇ, ਪਰ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੀਆਂ ਨਵੀਆਂ ਦੀਦੀਆਂ ਇਸ ਪਾਸੇ ਆਉਂਦੀਆਂ ਰਹਿੰਦੀਆਂ ਹਨ, ਕਈਆਂ ਨੂੰ ਜ਼ਬਰਦਸਤੀ ਹੀਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਗਿਆ ਅਤੇ ਇੱਧਰ ਧੱਕ ਦਿੱਤਾ ਗਿਆ। ਕੌਣ ਆਪਣੀ ਮਰਜ਼ੀ ਨਾਲ ਆਉਂਦਾ ਹੈ? ਅਤੇ ਉਨ੍ਹਾਂ ਨੂੰ ਸੁਰੱਖਿਆ ਕੌਣ ਦਿੰਦਾ ਹੈ।''

ਅਕਤੂਬਰ ਵਿੱਚ, ਵਿਕਰਮ ਵਾਪੀ ਦੇ ਉਸੇ ਢਾਬੇ ਵਿੱਚ ਵਾਪਸ ਚਲਾ ਗਿਆ। ਉਸ ਨੇ ਦੋ ਹਫ਼ਤੇ ਦੁਪਹਿਰ ਤੋਂ ਅੱਧੀ ਰਾਤ ਤੱਕ ਬਰਤਨ, ਫਰਸ਼, ਮੇਜ਼ ਆਦਿ ਸਾਫ਼ ਕਰਨ ਦਾ ਕੰਮ ਕੀਤਾ। ਉਸਨੂੰ ਦਿਨ ਵਿੱਚ ਦੋ ਵਕਤ ਦੀ ਰੋਟੀ ਅਤੇ ਸ਼ਾਮ ਨੂੰ ਚਾਹ ਮਿਲਦੀ ਸੀ। ਨੌਵੇਂ ਦਿਨ ਉਸ ਦਾ ਨਾਲ ਦੇ ਕਰਮਚਾਰੀ ਨਾਲ ਝਗੜਾ ਹੋ ਗਿਆ, ਦੋਵਾਂ ਨੇ ਇਕ-ਦੂਜੇ ਦੇ ਮਾਰਿਆ। ਦੋ ਹਫ਼ਤਿਆਂ ਲਈ ਤੈਅ ਹੋਈ 3,000ਰੁਪਏ ਮਜਦੂਰੀ ਦੀ ਬਜਾਏ, ਉਸਨੂੰ 2,000 ਰੁ.ਮਿਲੇ ਅਤੇ ਅਕਤੂਬਰ ਦੇ ਅੰਤ ਵਿੱਚ ਘਰ ਪਰਤ ਆਇਆ।

ਉਹ ਹੁਣ ਮੰਗੇ ਹੋਏ ਸਾਈਕਲ ’ਤੇ ਸਵਾਰ ਹੋ ਕੇ ਮੁੰਬਈ ਸੈਂਟਰਲ ਦੇ ਆਲੇ-ਦੁਆਲੇ ਦੇ ਸਥਾਨਕ ਰੈਸਟੋਰੈਂਟਾਂ ਦੇ ਪਾਰਸਲ ਡਿਲੀਵਰ ਕਰ ਰਿਹਾ ਹੈ। ਕਦੇ-ਕਦੇ, ਉਹ ਕਮਾਠੀਪੁਰਾ ਦੇ  ਇੱਕ ਫੋਟੋ ਸਟੂਡੀਓ ਵਿੱਚ ਵੀ ਕੰਮ ਕਰਦਾ ਹੈ ਅਤੇ ਪੈੱਨ ਡਰਾਈਵ ਅਤੇ SD ਕਾਰਡ ਡਿਲੀਵਰ ਕਰਦਾ ਹੈ। ਉਸਦੀ ਕਮਾਈ ਮਾਮੂਲੀ ਰਹਿੰਦੀ ਹੈ।

ਪ੍ਰਿਆ ਜਲਦੀ ਹੀ ਹੋਸਟਲ ਤੋਂ ਸੁਨੇਹੇ ਦੀ ਉਮੀਦ ਕਰ ਰਹੀ ਹੈ ਅਤੇ ਆਸ ਕਰਦੀ ਹੈ ਕਿ ਉਸਦਾ ਖਰੂਦੀ ਅਤੇ ਦੁਖੀ ਪੁੱਤ ਉੱਥੋਂ ਵੀ ਭੱਜ ਨਾ ਜਾਵੇ। ਵਿਕਰਮ ਦੁਬਾਰਾ ਸਕੂਲ ਜਾਣ ਲਈ ਮੰਨ ਗਿਆ ਹੈ, ਪਰ ਉਹ ਕੰਮ ਕਰਨਾ ਅਤੇ ਆਪਣੀ ਮਾਂ ਦੀ ਮਦਦ ਕਰਨਾ ਜਾਰੀ ਰੱਖਣਾ ਚਾਹੁੰਦਾ ਹੈ।

ਤਰਜਮਾ : ਅਰਸ਼

Aakanksha

आकांक्षा, पीपल्स आर्काइव ऑफ़ रूरल इंडिया के लिए बतौर रिपोर्टर और फ़ोटोग्राफ़र कार्यरत हैं. एजुकेशन टीम की कॉन्टेंट एडिटर के रूप में, वह ग्रामीण क्षेत्रों के छात्रों को उनकी आसपास की दुनिया का दस्तावेज़ीकरण करने के लिए प्रशिक्षित करती हैं.

की अन्य स्टोरी Aakanksha
Editor : Sharmila Joshi

शर्मिला जोशी, पूर्व में पीपल्स आर्काइव ऑफ़ रूरल इंडिया के लिए बतौर कार्यकारी संपादक काम कर चुकी हैं. वह एक लेखक व रिसर्चर हैं और कई दफ़ा शिक्षक की भूमिका में भी होती हैं.

की अन्य स्टोरी शर्मिला जोशी
Translator : Arsh

Arsh, a freelance translator and designer, is presently pursuing a Ph.D at Punjabi University in Patiala.

की अन्य स्टोरी Arsh