ਉਸ ਰਾਤ ਮੀਨਾ ਸੁੱਤੀ ਨਹੀਂ। ਮੀਂਹ ਦਾ ਪਾਣੀ ਉਹਦੇ ਘਰ ਅੰਦਰ ਵੜ੍ਹ ਗਿਆ ਸੀ। ਪਤਲੀ ਤਰਪਾਲ ਮੀਂਹ ਨੂੰ ਰੋਕ ਨਾ ਸਕੀ ਅਤੇ ਮਿੰਟਾਂ ਵਿੱਚ ਹੀ ਉਹਦੇ ਪਰਖੱਚੇ ਉੱਡ ਗਏ। ਮੀਨਾ ਅਤੇ ਉਹਦਾ ਪਰਿਵਾਰ ਆਸਰਾ ਲੈਣ ਲਈ ਨੇੜਲੀ ਦੁਕਾਨ ਵੱਲ ਨੂੰ ਭੱਜੇ।

ਮੀਨਾ ਦੱਸਦੀ ਹੈ,“ਮੀਂਹ ਰੁੱਕਣ ਤੱਕ ਅਸੀਂ ਪੂਰੀ ਰਾਤ (ਜੁਲਾਈ ਦੇ ਸ਼ੁਰੂਆਤ ਵਿੱਚ) ਉੱਥੇ ਹੀ ਬੈਠੇ ਰਹੇ,” ਉਹਨੇ ਇੱਕ ਦੁਪਹਿਰ ਸੜਕ ਦੇ ਇੱਕ ਪਾਸੇ ਵਿੱਛੀ ਰੰਗਦਾਰ ਸ਼ੀਟ ‘ਤੇ ਅਰਾਮ ਕਰਦਿਆਂ ਕਿਹਾ, ਜਿੱਥੇ ਉਹਦੀ ਦੋ ਸਾਲਾ ਧੀ ਸ਼ਾਮਾ ਆਪਣੀ ਮਾਂ ਦੇ ਨਾਲ਼ ਸੁੱਤੀ ਪਈ ਸੀ।

”ਮੀਂਹ ਰੁਕਣ ਤੋਂ ਬਾਅਦ, ਮੀਨਾ ਵਾਪਸ ਮੁੜੀ ਅਤੇ ਇੱਕ ਵਾਰ ਫਿਰ ਉਨ੍ਹਾਂ ਨੇ ਆਪਣਾ ਅਵਾਸ ਬਣਾ ਲਿਆ। ਪਰ ਉਦੋਂ ਤੱਕ ਉਨ੍ਹਾਂ ਦਾ ਬਹੁਤ ਸਾਰਾ ਸਮਾਨ ਜਿਵੇਂ ਭਾਂਡੇ, ਅਨਾਜ, ਸਕੂਲ ਦੀਆਂ ਕਿਤਾਬਾਂ- ਸਭ ਪਾਣੀ ਵਿੱਚ ਰੁੜ੍ਹ ਗਿਆ ਸੀ।

“ਸਾਡੇ ਮਾਸਕ ਵੀ ਰੁੜ੍ਹ ਗਏ,” ਮੀਨਾ ਦੱਸਦੀ ਹੈ, ਹਰੇ ਰੰਗ ਦੇ ਮਾਸਕ ਜੋ ਲੌਕਡਾਊਨ ਦੇ ਸ਼ੁਰੂਆਤੀ ਦਿਨਾਂ ਵਿੱਚ ਵਲੰਟੀਅਰਾਂ ਦੁਆਰਾ ਦਿੱਤੇ ਗਏ ਸਨ। “ਜੇਕਰ ਅਸੀਂ ਮਾਸਕ ਪਾਈਏ ਵੀ ਤਾਂ ਵੀ ਕੀ ਫ਼ਰਕ ਪੈਂਦਾ ਹੈ?” ਉਹਨੇ ਅੱਗੇ ਕਿਹਾ। “ਅਸੀਂ ਤਾਂ ਪਹਿਲਾਂ ਹੀ ਮੋਏ ਮਨੁੱਖ ਵਾਂਗ ਹਾਂ, ਫਿਰ ਕਿਸੇ ਨੂੰ ਕੀ ਪਰਵਾਹ ਹੈ ਕਰੋਨਾ ਸਾਨੂੰ ਜੋ ਵੀ ਕਰੇ?”

ਮੀਨਾ (ਜੋ ਸਿਰਫ਼ ਆਪਣਾ ਛੋਟਾ ਨਾਂਅ ਵਰਤਦੀ ਹੈ) ਅਤੇ ਉਹਦਾ ਪਰਿਵਾਰ- ਪਤੀ ਅਤੇ ਚਾਰ ਬੱਚੇ- ਆਪਣੇ ਖਿਲਰੇ ਸਮਾਨ ਨੂੰ ਰੁੜ੍ਹਦਿਆਂ ਵੇਖਦੇ ਰਹੇ। ਇਸ ਮਾਨਸੂਨ ਦੀ ਸ਼ੁਰੂਆਤ ਦੌਰਾਨ ਇਹ ਵਰਤਾਰਾ ਇੱਕ ਤੋਂ ਵੱਧ ਵਾਰ ਵਾਪਰ ਚੁੱਕਿਆ ਹੈ ਅਤੇ ਹਰ ਸਾਲ ਬਾਰ-ਬਾਰ ਵਾਪਰਦਾ ਹੈ- ਭਾਰੀ ਮੀਂਹ ਉੱਤਰੀ ਮੰਬਈ ਦੇ ਪੂਰਬੀ ਉਪ-ਨਗਰ ਕਨਦਾਵਿਲੀ ਦੇ ਫੁੱਟਪਾਥ ਤੇ ਬਣੀ ਉਨ੍ਹਾਂ ਦੀ ਝੌਂਪੜੀ ਨੂੰ ਢਹਿ-ਢੇਰੀ ਕਰ ਦਿੰਦਾ ਹੈ।

ਪਰ ਬੀਤੇ ਸਾਲ ਤੱਕ, ਜਦੋਂ ਕਦੇ ਵੀ ਤੇਜ਼ ਮੀਂਹ ਪਿਆ, ਪਰਿਵਾਰ ਆਸਰਾ ਲੈਣ ਲਈ ਨੇੜਲੇ ਨਿਰਮਾਣ ਸਥਲਾਂ ਵੱਲ ਭੱਜ ਕੇ ਜਾ ਸਕਦਾ ਹੁੰਦਾ ਸੀ। ਹੁਣ ਇਹ ਵੀ ਬੰਦ ਹੋ ਗਿਆ। ਮੀਨਾ, ਜਿਹਦੀ ਉਮਰ ਕਰੀਬ 30 ਸਾਲ ਹੈ, ਕਹਿੰਦੀ ਹੈ, “ਅਸੀਂ ਇਸ ਮੀਂਹ ਦੇ ਆਦੀ ਹਾਂ, ਪਰ ਇਸ ਵਾਰ, ਕਰੋਨਾ ਕਰਕੇ ਇਹ ਮੁਸ਼ਕਲ ਹੋ ਗਿਆ ਹੈ ਕਿ ਅਸੀਂ ਆਸਰਾ ਲੈਣ ਲਈ ਇਨ੍ਹਾਂ ਇਮਾਰਤਾਂ ਵਿੱਚ ਜਾਈਏ ਅਤੇ ਇੰਤਜ਼ਾਰ ਕਰੀਏ। ਚੌਂਕੀਦਾਰ ਸਾਨੂੰ ਜਾਣਦਾ ਹੈ। ਇੱਥੋਂ ਤੱਕ ਕਿ ਜੋ ਦੁਕਾਨਦਾਰ ਪਹਿਲਾਂ ਸਾਨੂੰ ਦੁਪਹਿਰ ਵੇਲ਼ੇ ਆਪਣੀਆਂ ਦੁਕਾਨਾਂ ਦੇ ਬਾਹਰ ਬੈਠਣ ਦਿੰਦੇ ਸਨ। ਹੁਣ ਉਹ ਸਾਨੂੰ ਨੇੜਿਓਂ ਵੀ ਨਹੀਂ ਲੰਘਣ ਦਿੰਦੇ।”

During the lockdown, Meena and her family – including her daughter Sangeeta and son Ashant – remained on the pavement, despite heavy rains
PHOTO • Aakanksha
During the lockdown, Meena and her family – including her daughter Sangeeta and son Ashant – remained on the pavement, despite heavy rains
PHOTO • Aakanksha

ਲੌਕਡਾਊਨ ਦੌਰਾਨ, ਮੀਨਾ, ਉਹਦੀ ਧੀ ਸੰਗੀਤਾ ਅਤੇ ਬੇਟਾ ਅਸ਼ਾਂਤ ਅਤੇ ਬਾਕੀ ਪਰਿਵਾਰ ਭਾਰੀ ਮੀਂਹ ਦੌਰਾਨ ਵੀ ਫੁੱਟਪਾਥ ‘ਤੇ ਹੀ ਰਹੇ

ਸੋ ਮੀਂਹ ਦੌਰਾਨ ਉਹ ਬਹੁਤਾ ਸਮਾਂ ’ਘਰ‘ ਹੀ  ਬੈਠੇ ਰਹੇ, ’ਘਰ‘ ਜਿਸਨੂੰ ਕਿ ਢਿੱਲੀ ਸਫੇਦ ਤਰਪਾਲ ਦੀ ਵਰਤੋਂ ਬਣਾਇਆ ਗਿਆ ਸੀ ਅਤੇ ਜਿਸਨੂੰ ਦੋ ਰੁੱਖਾਂ ਅਤੇ ਕੰਧ ਵਿਚਾਲਿਓਂ ਖਿੱਚਿਆ ਗਿਆ ਹੈ ਅਤੇ ਜਿਸ ਦੇ ਐਨ ਵਿਚਕਾਰ ਇੱਕ ਮੋਟੇ ਬਾਂਸ ਨੇ ਘਰ ਨੂੰ ਗੁੰਬਦ-ਨੁਮਾ ਅਕਾਰ ਦਿੱਤਾ ਹੈ। ਕੁਝ ਪਲਾਸਟਿਕ ਦੀਆਂ ਬੋਰੀਆਂ, ਕੱਪੜੇ ਦੀਆਂ ਪੋਟਲੀਆਂ ਅਤੇ ਇੱਕ ਕਾਲ਼ੀ ਕਨਵੈਸ ਦੇ ਸਕੂਲ ਬਸਤੇ ਰੁੱਖਾਂ ਨਾਲ਼ ਲਮਕਦੇ ਹਨ ਜਿਨ੍ਹਾਂ ਅੰਦਰ ਕੱਪੜੇ, ਖਿਡੌਣੇ ਅਤੇ ਹੋਰ ਜ਼ਰੂਰੀ ਵਸਤਾਂ ਹਨ। ਨੇੜੇ ਹੀ ਰੱਸੀ ਤੇ ਗਿੱਲੇ ਕੱਪੜੇ ਲਟਕਦੇ ਹਨ ਅਤੇ ਇੱਕ ਭਿੱਜਿਆ ਮੈਰੂਨ ਗੱਦਾ ਜ਼ਮੀਨ ਤੇ ਪਿਆ ਹੈ ਜਿਹਦਾ ਰੰਗ ਉੱਡਿਆ ਹੋਇਆ ਹੈ।

ਮੀਨਾ ਦਾ ਪਤੀ ਸਿਧਾਰਥ ਨਾਰਵਾੜੇ, ਜੋ ਕਿ ਮਹਾਰਾਸ਼ਟਰ ਦੇ ਜਾਲਣਾ ਜਿਲ੍ਹੇ ਦੇ ਸਾਰਵਾੜੀ ਪਿੰਡ ਤੋਂ ਹੈ। “ਮੈਂ ਬਹੁਤ ਨਿਆਣਾ ਸਾਂ ਜਦੋਂ ਮੇਰੇ ਪਿਤਾ ਨੇ ਆਪਣੀ ਭੋਇੰ ਦਾ ਨਿੱਕਾ ਜਿਹਾ ਹਿੱਸਾ ਵੀ ਵੇਚ ਦਿੱਤਾ ਅਤੇ ਕੰਮ ਵਾਸਤੇ ਮੁੰਬਈ ਆ ਗਏ,“ 48 ਸਾਲਾ ਸਿਧਾਰਥ ਨੇ ਕਿਹਾ,“ ਅਤੇ ਬਾਅਦ ਵਿੱਚ ਮੈਂ ਮੀਨਾ ਦੇ ਨਾਲ਼ ਰਹਿਣ ਲੱਗਿਆ।“

ਉਹ ਨਿਰਮਾਣ ਸਥਲਾਂ ‘ਤੇ ਕੰਮ ਕਰਿਆ ਕਰਦਾ ਸੀ ਅਤੇ ਕੰਧਾਂ ਪਲਸਤਰ ਕਰਕੇ 200 ਰੁਪਏ ਦਿਹਾੜੀ ਕਮਾ ਲੈਂਦਾ ਸੀ। “ਜਦੋਂ ਲੌਕਡਾਊਨ ਸ਼ੁਰੂ ਹੋਇਆ ਤਾਂ ਉਹ ਕੰਮ ਵੀ ਬੰਦ ਹੋ ਗਿਆ,“ ਉਹ ਦੱਸਦਾ ਹੈ। ਉਦੋਂ ਤੋਂ ਠੇਕੇਦਾਰ ਨੇ ਨਾ ਤਾਂ ਉਹਨੂੰ ਫ਼ੋਨ ਕੀਤਾ ਅਤੇ ਨਾ ਹੀ ਉਹਦਾ ਫ਼ੋਨ ਚੁੱਕਿਆ।

ਮੀਨਾ ਨੇੜਲੀ ਇਮਾਰਤ ਵਿੱਚ ਉਦੋਂ ਤੱਕ ਬਤੌਰ ਘਰੇਲੂ ਨੌਕਰ ਕੰਮ ਕਰਦੀ ਰਹੀ ਸੀ ਜਦੋਂ ਤੱਕ ਕਿ ਇਸ ਸਾਲ ਜਨਵਰੀ ਵਿੱਚ ਉਹਦੇ ਮਾਲਕ ਨੇ ਆਪਣਾ ਘਰ ਨਹੀਂ ਬਦਲ ਲਿਆ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕੰਮ ਦੀ ਭਾਲ਼ ਕਰ ਰਹੀ ਹੈ। “ਇੱਥੇ ਸਭ ਜਾਣਦੇ ਹਨ ਕਿ ਮੈਂ ਸੜਕ ‘ਤੇ ਰਹਿੰਦੀ ਹਾਂ। ਕੋਈ ਵੀ ਮੈਨੂੰ ਕੰਮ ਨਹੀਂ ਦੇਵੇਗਾ ਕਿਉਂਕਿ ਹੁਣ ਉਹ ਮੈਨੂੰ ਅੰਦਰ (ਕੋਵਿਡ-19 ਕਰਕੇ) ਸੱਦਣ ਤੋਂ ਵੀ ਡਰਦੇ ਹਨ,“ ਉਹ ਦੱਸਦੀ ਹੈ।

ਮਾਰਚ ਦੇ ਅਖ਼ੀਰਲੇ ਹਫ਼ਤੇ ਵਿੱਚ ਜਦੋਂ ਲੌਕਡਾਊਨ ਸ਼ੁਰੂ ਹੋਇਆ ਤਾਂ ਨੇੜਲੀਆਂ ਇਮਾਰਤਾਂ ਦੇ ਲੋਕ ਉਹਦੇ ਪਰਿਵਾਰ ਨੂੰ ਭੋਜਨ ਦੇਣ ਆਉਂਦੇ ਰਹੇ। ਇਹੀ ਭੋਜਨ ਉਨ੍ਹਾਂ ਦੇ ਗੁਜ਼ਾਰੇ ਦਾ ਮੁੱਖ ਵਸੀਲਾ ਸੀ। ਮੀਨਾ ਦੱਸਦੀ ਹੈ ਕਿ ਉਨ੍ਹਾਂ ਨੂੰ ਰਾਜ ਵੱਲੋਂ ਰਾਸ਼ਨ ਜਾਂ ਸੁਰੱਖਿਆ ਕਿੱਟ ਨਹੀਂ ਮਿਲ਼ੇ। ਮਈ ਦੀ ਅਖ਼ੀਰ ਅਤੇ ਜੂਨ ਦੀ ਸ਼ੁਰੂਆਤ ਆਉਂਦੇ-ਆਉਂਦੇ, ਭੋਜਨ ਦੇ ਇਹ ਪੈਕਟ ਆਉਣੇ ਵੀ ਘੱਟਦੇ ਗਏ, ਭਾਵੇਂ ਕਿ ਪਰਿਵਾਰ ਨੂੰ ਅਜੇ ਵੀ ਜਾਂ ਤਾਂ ਚੌਲ, ਕਣਕ ਅਤੇ ਤੇਲ ਜਾਂ ਪੱਕਿਆ ਭੋਜਨ ਮਿਲ਼ਦਾ ਹੈ।

'I cannot store milk, onions potatoes… anything [at my house],' says Meena, because rats always get to the food
PHOTO • Aakanksha
'I cannot store milk, onions potatoes… anything [at my house],' says Meena, because rats always get to the food
PHOTO • Aakanksha

ਮੀਨਾ ਦੱਸਦੀ ਹੈ, ‘ਚੂਹੇ ਹਰ ਅਨਾਜ ਨੂੰ ਮੂੰਹ ਮਾਰਦੇ ਹਨ ਜਿਸ ਕਰਕੇ ਮੈਂ ਦੁੱਧ, ਪਿਆਜ਼, ਆਲੂ... ਕੋਈ ਵੀ ਹੋਰ ਵਸਤੂ ਸਟੋਰ ਨਹੀਂ ਕਰ ਸਕਦੀ’।‘

“ਚੂਹੇ ਵੀ ਸਾਡੇ ਨਾਲ਼ ਹੀ ਖਾਂਦੇ ਹਨ“, ਮੀਨਾ ਦੱਸਦੀ ਹੈ। “ਸਵੇਰ ਨੂੰ ਅਸੀਂ ਦੇਖਦੇ ਹਾਂ ਕਿ ਸਾਰੇ ਪਾਸੇ ਅਨਾਜ ਖਿੰਡਿਆ ਰਹਿੰਦਾ ਹੈ। ਚੂਹੇ ਆਪਣੇ ਆਸ-ਪਾਸ ਦੀ ਹਰ ਚੀਜ਼ ਕੁਤਰ ਦਿੰਦੇ ਹਨ। ਇਹ ਸਦਾ ਇੱਕ ਮੁਸੀਬਤ ਬਣੀ ਰਹਿੰਦੀ ਹੈ ਭਾਵੇਂ ਮੈਂ ਭੋਜਨ ਨੂੰ ਕਿਸੇ ਭਾਂਡੇ ਹੇਠ ਲੁਕੋਵਾਂ ਜਾਂ ਕੱਪੜੇ ਵਿੱਚ ਕਿਉਂ ਨਾ ਬੰਨ੍ਹਾਂ... ਮੈਂ ਦੁੱਧ, ਪਿਆਜ਼, ਆਲੂ... ਕੁਝ ਵੀ ਸਟੋਰ ਕਰਕੇ ਨਹੀਂ ਰੱਖ ਸਕਦੀ।“

ਅਗਸਤ ਸ਼ੁਰੂ ਹੁੰਦਿਆਂ ਤੱਕ, ਮੀਨਾ ਅਤੇ ਸਿਧਾਰਥ ਨੇ ਕਨਦਾਵਿਲੀ ਦੀਆਂ ਗਲ਼ੀਆਂ ਵਿੱਚੋਂ ਬੀਅਰ ਅਤੇ ਸ਼ਰਾਬ ਦੀਆਂ ਕੱਚ ਦੀਆਂ ਖ਼ਾਲੀ ਬੋਤਲਾਂ ਦੇ ਨਾਲ਼-ਨਾਲ਼ ਪਲਾਸਟਿਕ ਬੋਤਲਾਂ ਵੀ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਕੰਮ ਉਹ ਰਾਤ ਵੇਲ਼ੇ ਕਰਦੇ ਹਨ ਅਤੇ ਵਾਰੋ-ਵਾਰੀ ਕਰਦੇ ਹਨ ਤਾਂ ਕਿ ਕੋਈ ਇੱਕ ਬੱਚਿਆਂ ਕੋਲ਼ ਰੁੱਕਿਆ ਰਹੇ। ਇਹ ਚੀਜ਼ਾਂ ਉਹ ਆਪਣੇ ਨੇੜਲੇ ਕਬਾੜੀਏ ਕੋਲ਼ ਵੇਚਦੇ ਹਨ ਜਿਸ ਵਿੱਚ ਉਨ੍ਹਾਂ ਨੂੰ ਇੱਕ ਕਿਲੋ ਬੋਤਲਾਂ ਬਦਲੇ 12 ਰੁਪਏ ਅਤੇ ਕਾਗ਼ਜ਼ ਅਤੇ ਹੋਰ ਕਬਾੜ ਬਦਲੇ 8 ਰੁਪਏ ਮਿਲ਼ਦੇ ਹਨ। ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰੀ ਇਸ ਸਭ ਨਾਲ਼ ਉਹ 150 ਰੁਪਏ ਤੱਕ ਹੀ ਕਮਾਉਂਦੇ ਹਨ।

ਪਰਿਵਾਰ ਬੀਐੱਮਸੀ ਟੈਂਕਰ ਤੋਂ ਪੀਣ ਲਈ ਪਾਣੀ ਲਿਆ ਕਰਦਾ ਸੀ ਜੋ ਕਿ ਪੌਦਿਆਂ ਅਤੇ ਰੁੱਖਾਂ ਨੂੰ ਪਾਣੀ ਦੇਣ ਆਉਂਦਾ ਸੀ- ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ ਕੁਝ ਹਫ਼ਤਿਆਂ ਲਈ ਇਹਦਾ ਆਉਣਾ ਬੰਦ ਹੋ ਗਿਆ ਅਤੇ ਹੁਣ ਮਾਨਸੂਨ ਕਰਕੇ ਇਹ ਚੱਕਰ ਵੀ ਨਹੀਂ ਲਗਾਉਂਦਾ। ਇਸ ਸਮੇਂ, ਉਹ ਨੇੜਲੇ ਮੰਦਰ ਜਾਂ ਥੋੜ੍ਹੀ ਦੂਰ ਸਥਿਤ ਇੱਕ ਸਕੂਲ ਦੀ ਟੂਟੀ ਤੋਂ ਪਾਣੀ ਲੈਂਦੇ ਹਨ ਅਤੇ 20 ਲੀਟਰ ਦੇ ਜਾਰ ਅਤੇ ਪਲਾਸਿਟਕ ਦੇ ਭਾਂਡਿਆਂ ਵਿੱਚ ਸਟੋਰ ਕਰਦੇ ਹਨ।

ਮੀਨਾ ਅਤੇ ਸੰਗੀਤਾ ਰਾਤ ਵੇਲ਼ੇ ਫੁੱਟਪਾਥ ਦੀ ਕੰਧ ਤੋਂ ਪਾਰ ਝਾੜੀਆਂ ਪਿੱਛੇ ਲੁੱਕ ਕੇ ਨਹਾਉਂਦੀਆਂ ਹਨ। ਉਹ ਆਪਣੇ ਨੇੜਲੇ ਪਖ਼ਾਨੇ ਦੀ ਵਰਤੋਂ ਕਰਦੀਆਂ ਹਨ ਅਤੇ ਹਰ ਵਾਰੀ ਦੇ 5 ਰੁਪਏ ਦੇ ਹਿਸਾਬ ਨਾਲ਼ ਦੋਵਾਂ ਦੇ ਇੱਕ ਦਿਨ ਵਿੱਚ ਘੱਟੋ-ਘੱਟ 20 ਰੁਪਏ ਬਣਦੇ ਹਨ। ਸਿਧਾਰਥ ਅਤੇ ਉਹਦੇ ਦੋਨੋਂ ਬੇਟੇ ਅਸ਼ਾਂਤ ਜਿਹਦੀ ਉਮਰ 5 ਸਾਲ ਹੈ ਅਤੇ ਅਕਸ਼ੈ ਜਿਹਦੀ ਉਮਰ 3.5 ਸਾਲ ਹੈ, ਪਖ਼ਾਨੇ ਵਾਸਤੇ ਖੁੱਲ੍ਹੀਆਂ ਥਾਵਾਂ ਦੀ ਵਰਤੋਂ ਕਰਦੇ ਹਨ।

ਪਰ ਮੀਨਾ ਦੇ ਚਿੰਤਾ ਕਰਨ ਲਈ ਹੋਰ ਵੀ ਬਹੁਤ ਕੁਝ ਹੈ। “ਮੈਂ ਬਹੁਤ ਕਮਜ਼ੋਰੀ ਮਹਿਸੂਸ ਕਰਦੀ ਰਹੀ ਹਾਂ ਅਤੇ ਇੱਥੋਂ ਤੱਕ ਕਿ ਚੰਗੀ ਤਰ੍ਹਾਂ ਚੱਲ ਵੀ ਨਹੀਂ ਸਕਦੀ ਸਾਂ। ਮੈਨੂੰ ਲੱਗਿਆ ਜਿਵੇਂ ਇਹ ਮੌਸਮ ਬਦਲਣ ਕਰਕੇ ਹੈ, ਪਰ ਡਾਕਟਰ (ਕਨਦਾਵਿਲੀ ਵਿੱਚ) ਨੇ ਕਿਹਾ ਕਿ ਮੈਂ ਗਰਭਵਤੀ ਹਾਂ।“ ਉਹ ਹੋਰ ਬੱਚਾ ਨਹੀਂ ਚਾਹੁੰਦੀ, ਖ਼ਾਸ ਕਰਕੇ ਇਹੋ-ਜਿਹੀ ਹਾਲਤ ਵਿੱਚ, ਪਰ ਉਹਨੂੰ ਗਰਭਪਾਤ ਨਾ ਕਰਾਉਣ ਦੀ ਸਲਾਹ ਦਿੱਤੀ ਗਈ। ਉਹ ਦੱਸਦੀ ਹੈ ਕਿ ਡਾਕਟਰ ਕੋਲ਼ ਜਾਣ ਦਾ ਖ਼ਰਚਾ 500 ਰੁਪਏ ਆਇਆ, ਜੋ ਉਹਨੇ ਆਪਣੇ ਪੁਰਾਣੇ ਮਾਲਕ ਤੋਂ ਲਏ ਸੀ।

Siddharth – here, with his son Akshay – used to work at construction sites. 'That stopped when the lockdown began', he says
PHOTO • Aakanksha
Siddharth – here, with his son Akshay – used to work at construction sites. 'That stopped when the lockdown began', he says
PHOTO • Aakanksha

ਸਿਧਾਰਥ- ਇੱਥੇ, ਆਪਣੇ ਬੇਟੇ ਅਕਸ਼ੈ ਦੇ ਨਾਲ਼ ਨਿਰਮਾਣ-ਅਧੀਨ ਇਮਾਰਤਾਂ ‘ਤੇ ਕੰਮ ਕਰਿਆ ਕਰਦਾ ਸੀ। ‘ਲੌਕਡਾਊਨ ਦੇ ਸ਼ੁਰੂ ਹੁੰਦਿਆਂ ਇਹ ਵੀ ਬੰਦ ਹੋ ਗਿਆ,‘ ਉਹ ਦੱਸਦਾ ਹੈ।

ਮੀਨਾ ਦੇ ਬੱਚੇ ਪੂਰਬੀ ਕਨਦਾਵਿਲੀ ਵਿੱਚ ਸਮਤਾ ਨਗਰ ਮਿਊਂਸੀਪੈਲਿਟੀ ਦੇ ਮਰਾਠੀ ਮੀਡਿਅਮ ਸਕੂਲ ਵਿੱਚ ਪੜ੍ਹਦੇ ਹਨ। ਸਭ ਤੋਂ ਵੱਡੀ ਸੰਗੀਤਾ, ਤੀਜੀ ਜਮਾਤ ਵਿੱਚ, ਅਸ਼ਾਂਤ ਦੂਜੀ ਜਮਾਤ, ਅਤੇ ਅਕਸ਼ੈ ਬਾਲਵਾੜੀ  ਵਿੱਚ ਹਨ, ਅਤੇ ਸ਼ਾਮਾ ਨੇ ਹੁਣੇ-ਹੁਣੇ ਸਕੂਲ ਜਾਣਾ ਸ਼ੁਰੂ ਕੀਤਾ ਹੈ। “ਘੱਟੋ-ਘੱਟ ਮਿਡ-ਡੇਅ ਭੋਜਨ ਕਰਕੇ ਹੀ ਸਹੀ, ਉਨ੍ਹਾਂ ਨੇ ਸਕੂਲ ਜਾਣਾ ਜਾਰੀ ਰੱਖਿਆ “, ਮੀਨਾ ਦੱਸਦੀ ਹੈ।

20 ਮਾਰਚ ਤੋਂ ਸਕੂਲ ਨੇ ਕਲਾਸਾਂ ਲਾਉਣੀਆਂ ਬੰਦ ਕਰ ਦਿੱਤੀਆਂ। ਉਦੋਂ ਤੋਂ ਲੈ ਕੇ ਹੁਣ ਤੱਕ ਬੱਚੇ ਆਸ-ਪਾਸ ਖੇਡਦੇ ਰਹਿੰਦੇ ਹਨ ਅਤੇ ਸਿਧਾਰਥ ਦੇ ਫ਼ੋਨ ਵਿੱਚ ਬੈਲੇਂਸ ਅਤੇ ਚਾਰਜਿੰਗ (ਜੋ ਨੇੜਲੀ ਦੁਕਾਨ ‘ਤੇ ਕੀਤੀ ਜਾਂਦੀ ਹੈ) ਹੋਣ ‘ਤੇ ਬੱਚੇ ਉਸ ਵਿੱਚ ਕਾਰਟੂਨ ਦੇਖਦੇ ਰਹਿੰਦੇ ਹਨ।

‘ਸਕੂਲ’ ਸ਼ਬਦ ਸੁਣਦਿਆਂ ਹੀ, ਅਸ਼ਾਂਤ ਸਾਡੇ ਕੋਲ਼ ਆਉਂਦਾ ਹੈ ਜਿੱਥੇ ਅਸੀਂ ਗੱਲਾਂ ਕਰ ਰਹੇ ਹਾਂ ਅਤੇ ਜਹਾਜ਼ ਦੀ ਮੰਗ ਕਰਦਾ ਹੈ। “ਮੈਂ ਜਹਾਜ਼ ਵਿੱਚ ਬੈਠ ਕੇ ਸਕੂਲ ਜਾਵਾਂਗਾ,“ ਉਹ ਕਹਿੰਦਾ ਹੈ। ਸੰਗੀਤਾ ਲੌਕਡਾਊਨ ਦੇ ਪੂਰੇ ਮਹੀਨੇ ਉਨ੍ਹਾਂ ਕਿਤਾਬਾਂ ਤੋਂ ਆਪਣੇ ਪਾਠ ਯਾਦ ਕਰਦੀ ਰਹੀ, ਜੋ ਕਿਤਾਬਾਂ ਮੀਂਹ ਵਿੱਚ ਰੁੜ੍ਹਨ ਤੋਂ ਬੱਚ ਗਈਆਂ ਸਨ। ਉਹ ਵੀ ਆਪਣਾ ਬਹੁਤਾ ਸਮਾਂ ਘਰ ਦੇ ਕੰਮਾਂ ਜਿਵੇਂ- ਭਾਂਡੇ ਮਾਂਜਦਿਆਂ, ਆਪਣੇ ਛੋਟੇ ਭੈਣ-ਭਰਾਵਾਂ ਦੀ ਦੇਖਭਾਲ਼ ਕਰਦਿਆਂ, ਪਾਣੀ ਲਿਆਉਂਦਿਆਂ, ਸਬਜ਼ੀਆਂ ਕੱਟਣ ਵਿੱਚ ਬਿਤਾਉਂਦੀ ਹੈ।

ਉਹ ਇੱਕ ਡਾਕਟਰ ਬਣਨਾ ਚਾਹੁੰਦੀ ਹੈ। “ਜਦੋਂ ਕਦੇ ਅਸੀਂ ਬੀਮਾਰ ਪੈਂਦੇ ਹਾਂ ਤਾਂ ਅਸੀਂ ਡਾਕਟਰ ਕੋਲ਼ ਨਹੀਂ ਜਾ ਪਾਉਂਦੇ, ਪਰ ਜਦੋਂ ਮੈਂ ਖ਼ੁਦ ਡਾਕਟਰ ਬਣ ਜਾਵਾਂਗੀ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਆਵੇਗੀ,“ ਉਹ ਕਹਿੰਦੀ ਹੈ। ਪੱਛਮੀ ਕਨਦਾਵਿਲੀ ਦੇ ਮਿਊਂਸੀਪੈਲਿਟੀ ਹਸਤਪਾਲ ਜਾਣ ਵਿੱਚ ਦਵਾਈ ਖ਼ਰੀਦਣ ਦੇ ਪੈਸੇ ਲੱਗਦੇ ਹਨ ਅਤੇ ਸੰਗੀਤਾ ਨੇ ਦੇਖਿਆ ਹੈ ਕਿ ਕਿਵੇਂ ਉਹਦੀ ਮਾਂ ਨੇ ਮੈਡੀਕਲ ਮਦਦ ਵਿੱਚ ਹੋਈ ਦੇਰੀ ਕਰਕੇ ਆਪਣੇ ਜੋੜੇ ਬੱਚੇ ਗੁਆ ਲਏ।

ਮੀਨਾ ਖ਼ੁਦ ਵੀ ਪੱਛਮੀ ਕਨਦਾਵਿਲੀ ਸਥਿਤ ਦਾਮੂ ਨਗਰ ਮਿਊਂਸੀਪੈਲਿਟੀ ਸਕੂਲ ਵਿੱਚ ਤੀਸਰੀ ਜਮਾਤ ਤੱਕ ਪੜ੍ਹੀ ਹੈ, ਜਿੱਥੇ ਉਹ ਆਪਣੀ ਮਾਂ, ਸ਼ਾਂਤਾਬਾਈ ਦੇ ਨਾਲ਼ ਇੱਕ ਝੁਗੀ ਬਸਤੀ ਵਿੱਚ ਰਹਿੰਦੀ ਸੀ। ਜਦੋਂ ਮੀਨਾ ਪੈਦਾ ਹੋਈ ਸੀ ਤਾਂ ਉਹਦਾ ਪਿਤਾ ਉਹਦੀ ਮਾਂ ਨੂੰ ਛੱਡ ਗਿਆ ਸੀ; ਕਿਉਂਕਿ ਉਹਨੂੰ ਕੁੜੀ ਨਹੀਂ ਸੀ ਚਾਹੀਦੀ, ਮੀਨਾ ਦੱਸਦੀ ਹੈ। ਉਹਦੇ ਮਾਪੇ ਕਰਨਾਟਕਾ ਦੇ ਬਿਦਾਰ ਜਿਲ੍ਹੇ ਤੋਂ ਸਨ। ਮੀਨਾ ਨਹੀਂ ਜਾਣਦੀ ਕਿ ਉਹਦੇ ਪਿਤਾ ਕੀ ਕੰਮ ਕਰਦੇ ਸਨ, ਪਰ ਉਹਦੀ ਮਾਂ ਦਿਹਾੜੀਦਾਰ ਮਜ਼ਦੂਰ ਸੀ ਜੋ ਸਥਾਨਕ ਠੇਕੇਦਾਰਾਂ ਵਾਸਤੇ ਨਾਲ਼ੀਆਂ ਸਾਫ਼ ਕਰਨ ਦਾ ਕੰਮ ਕਰਦੀ ਸੀ।

'At least the midday meal kept them going [before the lockdown],' Meena says about her kids. Now the rains have further deleted their resources (right)
PHOTO • Aakanksha
'At least the midday meal kept them going [before the lockdown],' Meena says about her kids. Now the rains have further deleted their resources (right)
PHOTO • Aakanksha

‘ਘੱਟੋ-ਘੱਟ ਮਿਡ-ਡੇਅ ਭੋਜਨ ਕਰਕੇ ਹੀ ਸਹੀ, ਉਨ੍ਹਾਂ ਨੇ ਸਕੂਲ ਜਾਣਾ (ਲੌਕਡਾਊਨ ਤੋਂ ਪਹਿਲਾਂ) ਜਾਰੀ ਰੱਖਿਆ ,‘ ਆਪਣੇ ਬੱਚਿਆਂ ਬਾਰੇ ਮੀਨਾ ਦੱਸਦੀ ਹੈ

“ਮੇਰੀ ਮਾਂ ਅਜੀਬ ਵਰਤਾਓ ਕਰਿਆ ਕਰਦੀ ਸੀ, ਪਰ ਉਹ ਮੇਰੀ ਫ਼ਿਕਰ ਵੀ ਕਰਦੀ ਸੀ। ਉਹ ਬਹੁਤ ਚਿੰਤਾ ਕਰਿਆ ਕਰਦੀ ਸੀ ਅਤੇ ਸਾਥ ਛੱਡ ਦੇਣ ਕਰਕੇ ਮੇਰਾ ਪਿਤਾ ਨੂੰ ਲਾਹਨਤਾਂ ਵੀ ਪਾਇਆ ਕਰਦੀ ਸੀ। ਪਰ ਜਦੋਂ ਮੈਂ 10 ਸਾਲਾਂ ਦੀ ਸਾਂ, ਹਾਲਾਤ ਹੋਰ ਮਾੜੇ ਹੋ ਗਏ,“ ਮੀਨਾ ਯਾਦਾਂ ਤਾਜ਼ਾ ਕਰਦਿਆਂ ਦੱਸਦੀ ਹੈ। ਉਹਦੀ ਮਾਂ ਨੇ ਆਪਣੇ-ਆਪ ਨਾਲ਼ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਹੁਣ ਉਹ ਚੀਕਦੀ ਰਹਿੰਦੀ ਅਤੇ ਉਹਨੇ ਕੰਮ ਕਰਨਾ ਬੰਦ ਕਰ ਦਿੱਤਾ। ਲੋਕ ਅਕਸਰ ਇੱਕ ਦੂਜੇ ਨੂੰ ਕਿਹਾ ਕਰਦੇ ਸਨ ‘ਦੇਖੋ ਉਸ ਪਾਗ਼ਲ ਔਰਤ ਵੱਲ‘ ਅਤੇ ਸਲਾਹ ਦਿੰਦੇ ਕਿ ਉਹਨੂੰ ਪਾਗ਼ਲਖ਼ਾਨੇ ਭੇਜ ਦਿੱਤਾ ਜਾਵੇ।“ ਮੀਨਾ ਨੂੰ ਆਪਣੀ ਮਾਂ ਦੀ ਦੇਖਭਾਲ਼ ਕਰਨ ਲਈ ਸਕੂਲ ਛੱਡਣਾ ਪਿਆ।

ਜਦੋਂ ਉਹ 11 ਸਾਲਾਂ ਦੀ ਸੀ ਤਾਂ ਉਹਨੂੰ 600 ਰੁਪਏ ਮਹੀਨੇ ਵਿੱਚ ਬੱਚਾ ਸਾਂਭਣ ਦੀ ਨੌਕਰੀ ਮਿਲ਼ ਗਈ ਅਤੇ ਉਹ ਕਨਦਿਵਾਲੀ ਵਿੱਚ ਇੱਕ ਪਰਿਵਾਰ ਨਾਲ਼ ਰਹਿਣ ਲੱਗੀ।“ਅਖ਼ੀਰ ਮੈਨੂੰ ਆਪਣੀ ਮਾਂ ਨੂੰ ਛੱਡਣਾ ਪਿਆ ਨਹੀਂ ਤਾਂ ਮੈਂ ਦੋਵਾਂ ਦਾ ਗੁਜ਼ਾਰਾ ਕਿਵੇਂ ਚਲਾ ਸਕਦੀ ਸਾਂ? ਮੈਂ ਹਰ ਹਫ਼ਤੇ ਮਾਂ ਨੂੰ ਮਿਲ਼ਣ ਜਾਇਆ ਕਰਦੀ।“

ਜਦੋਂ ਮੀਨਾ 12 ਸਾਲਾਂ ਦੀ ਹੋਈ ਤਾਂ ਉਹਦੀ ਮਾਂ ਕਿਤੇ ਚਲੀ ਗਈ। “ਭਾਰੀ ਮੀਂਹ ਕਰਕੇ ਮੈਂ ਇੱਕ ਹਫ਼ਤੇ ਤੱਕ ਆਪਣੀ ਮਾਂ ਨੂੰ ਮਿਲ਼ਣ ਨਹੀਂ ਗਈ। ਜਦੋਂ ਮੈਂ ਗਈ ਤਾਂ ਉਹ ਉੱਥੇ ਨਹੀਂ ਸੀ। ਮੈਂ ਆਸ-ਪਾਸ ਦੇ ਲੋਕਾਂ ਨੂੰ ਪੁੱਛਿਆ, ਕਿਸੇ ਨੇ ਕਿਹਾ ਕਿ ਉਹ ਉਹਨੂੰ ਕਿਤੇ ਲੈ ਗਏ ਹਨ, ਪਰ ਕੋਈ ਨਹੀਂ ਜਾਣਦਾ ਸੀ ਕਿ ਮੇਰੀ ਮਾਂ ਨੂੰ ਕੌਣ ਲੈ ਗਿਆ।“ ਮੀਨਾ ਪੁਲਿਸ ਕੋਲ਼ ਨਹੀਂ ਗਈ, ਉਹ ਡਰਦੀ ਸੀ: “ਕਿ ਕਿਤੇ ਉਹ ਮੈਨੂੰ ਯਤੀਮਖ਼ਾਨੇ ਨਾ ਭੇਜ ਦੇਣ?“

ਅੱਗੇ ਉਹ ਦੱਸਦੀ ਹੈ:“ਮੈਨੂੰ ਉਮੀਦ ਹੈ ਉਹ ਜ਼ਿੰਦਾ ਹੈ ਅਤੇ ਹੁਣ ਚੈਨ ਨਾਲ਼ ਰਹਿ ਰਹੀ ਹੈ।“

ਮੀਨਾ ਨੇ ਬੱਚਾ ਸਾਂਭਣ ਦੀ ਨੌਕਰੀ 8-9 ਸਾਲਾਂ ਤੱਕ ਜਾਰੀ ਰੱਖੀ ਅਤੇ ਪਰਿਵਾਰ ਨਾਲ਼ ਰਹਿੰਦੀ ਰਹੀ। ਪਰ ਛੁੱਟੀਆਂ ਦੌਰਾਨ, ਜਦੋਂ ਪਰਿਵਾਰ ਸ਼ਹਿਰੋਂ ਬਾਹਰ ਚਲਾ ਜਾਂਦਾ ਤਾਂ ਕਈ ਵਾਰੀ ਉਹਨੂੰ ਸੜਕ ‘ਤੇ  ਰਹਿਣਾ ਪੈਂਦਾ। ਅਤੇ ਜਦੋਂ ਉਹਨੇ ਨੌਕਰੀ ਛੱਡੀ, ਤਾਂ ਸੜਕ ਹੀ ਉਹਦਾ ਪੱਕਾ ਟਿਕਾਣਾ ਬਣ ਗਈ।

ਦਾਮੂ ਨਗਰ ਵਿੱਚ ਰਹਿੰਦਿਆਂ ਉਹਨੇ ਅਤੇ ਉਹਦੀ ਮਾਂ ਨੇ ਲਗਾਤਾਰ ਉਤਪੀੜਨ ਦਾ ਸਾਹਮਣਾ ਕੀਤਾ। “ਮੈਂ ਪੁਰਸ਼ਾਂ ਦੀਆਂ ਗੰਦੀਆਂ ਨਜ਼ਰਾਂ ਤੋਂ ਸਹਿਮ ਜਾਇਆ ਕਰਦੀ ਸਾਂ, ਉਹ ਮੇਰੇ ਨਾਲ਼ ਗੱਲ ਕਰਨ ਦੀ ਕੋਸ਼ਿਸ਼ ਕਰਦੇ ਖ਼ਾਸ ਕਰਕੇ ਸ਼ਰਾਬੀ। ਉਹ ਕਿਹਾ ਕਰਦੇ ਸਨ ਕਿ ਉਹ ਸਾਡੀ ਮਦਦ ਕਰਨਾ ਚਾਹੁੰਦੇ ਹਨ, ਪਰ ਮੈਂ ਉਨ੍ਹਾਂ ਦੇ ਇਰਾਦੇ ਜਾਣਦੀ ਸਾਂ।“

'I have never really slept [at night],' says Meena, who worries about her children's safety, especially her daughters Shama and Sangeeta (right)
PHOTO • Aakanksha

'ਸੱਚ ਤਾਂ ਇਹ ਹੈ ਕਿ ਮੈਂ ਕਦੇ (ਰਾਤ ਨੂੰ) ਸੁੱਤੀ ਹੀ ਨਹੀਂ,' ਮੀਨਾ ਨੇ ਦੱਸਿਆ, ਜੋ ਕਿ ਆਪਣੇ ਬੱਚਿਆਂ ਦੀ ਸੁਰੱਖਿਆ ਖ਼ਾਸ ਕਰਕੇ ਆਪਣੀਆਂ ਧੀਆਂ ਸ਼ਾਮਾ ਅਤੇ ਸੰਗੀਤਾ (ਸੱਜੇ ਪਾਸੇ) ਨੂੰ ਲੈ ਕੇ ਚਿੰਤਤ ਰਹਿੰਦੀ ਹੈ

ਮੀਨਾ ਕਹਿੰਦੀ ਹੈ ਕਿ ਉਹ ਅਜੇ ਵੀ, ਲਗਾਤਾਰ ਸੁਚੇਤ ਰਹਿੰਦੀ ਹੈ। ਜਿਸ ਸਮੇਂ ਸਿਧਾਰਥ ਦੇ ਦੋਸਤ ਆਉਂਦੇ ਹਨ ਅਤੇ ਸਾਰੇ ਜਣੇ ਉਹਦੇ ‘ਘਰ‘ ਇਕੱਠੇ ਹੋ ਕੇ ਸ਼ਰਾਬ ਪੀਂਦੇ ਹਨ। “ਮੈਂ ਉਨ੍ਹਾਂ ਨੂੰ ਸ਼ਰਾਬ ਪੀਣੋਂ ਤਾਂ ਨਹੀਂ ਰੋਕ ਸਕਦੀ, ਪਰ ਮੈਨੂੰ ਬਹੁਤ ਸੁਚੇਤ ਰਹਿਣਾ ਪੈਂਦਾ ਹੈ। ਇਹ ਸੱਚ ਹੈ ਕਿ ਮੈਂ ਕਦੇ (ਰਾਤ ਨੂੰ) ਸੁੱਤੀ ਹੀ ਨਹੀਂ। ਮੈਂ ਇੰਝ ਸਿਰਫ਼ ਮੇਰੇ ਕਰਕੇ ਨਹੀਂ, ਸਗੋਂ ਮੇਰੇ ਬੱਚਿਆ ਖ਼ਾਸ ਕਰਕੇ ਮੇਰੀਆਂ ਧੀਆਂ ਸੰਗੀਤਾ ਅਤੇ ਸ਼ਾਮਾ ਕਰਕੇ ਕਰਦੀ ਹਾਂ...“

2011 ਦੀ ਮਰਦਮਸ਼ੁਮਾਰੀ ਦੱਸਦੀ ਹੈ ਕਿ ਮੁੰਬਈ ਦੇ ਘੱਟੋ-ਘੱਟ 57,480 ਲੋਕ ਬੇਘਰੇ ਹਨ ਜਿਨ੍ਹਾਂ ਵਿੱਚੋਂ ਮੀਨਾ ਅਤੇ ਉਹਦਾ ਪਰਿਵਾਰ ਵੀ ਇੱਕ ਹੈ। ਸਮੇਂ-ਸਮੇਂ ‘ਤੇ, ਸਰਕਾਰ ਭਾਰਤ ਦੇ ਬੇਘਰੇ ਲੋਕਾਂ ਲਈ ਯੋਜਨਾਵਾਂ ਉਲੀਕਦੀ ਰਹੀ ਹੈ। ਸਤੰਬਰ 2013 ਵਿੱਚ, ਅਵਾਸ ਅਤੇ ਸ਼ਹਿਰੀ ਗ਼ਰੀਬੀ ਨਿਵਾਰਣ ਮੰਤਰਾਲੇ ਨੇ ਰਾਸ਼ਟਰੀ ਸ਼ਹਿਰੀ ਜੀਵਿਕਾ ਮਿਸ਼ਨ ਸ਼ੁਰੂ ਕੀਤਾ ਜਿਸ ਵਿੱਚ ਬਿਜਲੀ ਅਤੇ ਪਾਣੀ ਵਰਗੀਆਂ ਬੁਨਿਆਦੀ ਸੇਵਾਵਾਂ ਦੇ ਨਾਲ਼-ਨਾਲ਼ ਸ਼ਹਿਰ ਵਿੱਚ ਪਨਾਹ-ਘਰਾਂ ਲਈ ਇੱਕ ਯੋਜਨਾ ਵੀ ਸ਼ਾਮਲ ਸੀ।

2016 ਵਿੱਚ, ਸੁਪਰੀਮ ਕੋਰਟ ਨੇ ਅਜਿਹੀਆਂ ਯੋਜਨਾਵਾਂ ਦੀ ਸਥਾਪਨਾ ਤੋਂ ਬਾਅਦ ਬੇਘਰੇ ਲੋਕਾਂ ਦੀ ਸਥਿਤੀ ਜਾਣਨ ਸਬੰਧੀ ਦੋ ਅਪੀਲਾਂ ਦੇ ਜਵਾਬ ਵਿੱਚ ਜੱਜ (ਸੇਵਾਮੁਕਤ) ਕੈਲਾਸ਼ ਗੰਭੀਰ ਦੀ ਪ੍ਰਧਾਨਗੀ ਵਿੱਚ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ। 2017 ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਕਿਵੇਂ ਰਾਜ ਸਰਕਾਰਾਂ ਐੱਨਐੱਲਯੂਐੱਮ (NLUM) ਤਹਿਤ ਵਿਤਰਿਤ ਰਾਸ਼ੀ ਦੀ ਵਰਤੋਂ ਨਹੀਂ ਕਰ ਰਹੀਆਂ ਸਨ। ਇੱਕਲੇ ਮਹਾਰਾਸ਼ਟਰ ਨੂੰ ਲਗਭਗ 100 ਕਰੋੜ ਰੁਪਏ ਮਿਲ਼ੇ ਜੋ ਕਿ ਬਿਨਾ ਖ਼ਰਚ ਕੀਤਿਆਂ ਹੀ ਪਏ ਰਹੇ।

28 ਜੁਲਾਈ ਨੂੰ ਜਦੋਂ ਅਸੀਂ ਅਵਾਜ਼ ਬੁਲੰਦ ਕੀਤੀ ਤਾਂ ਯੋਜਨਾ ਅਤੇ ਸ਼ਹਿਰੀ ਗਰੀਬੀ ਨਿਵਾਰਣ ਸੈੱਲ, ਨਗਰ ਨਿਗਮ ਦੀ ਸਹਾਇਕ ਕਮਿਸ਼ਨਰ, ਡਾ. ਸੰਗੀਤਾ ਹਸਨਾਲੇ ਨੇ ਮੈਨੂੰ ਦੱਸਿਆ,”ਬੇਘਰੇ ਲੋਕਾਂ ਲਈ ਮੁੰਬਈ ਵਿੱਚ ਲਗਭਗ 22 ਪਨਾਹ-ਘਰ ਹਨ ਅਤੇ ਨੌ ਹੋਰ ਉਸਾਰਨ ਦੀ ਸਾਡੀ ਯੋਜਨਾ ਹੈ। ਕੁਝ ਨਿਰਮਾਣ-ਅਧੀਨ ਹਨ। ਅਗਲੇ ਸਾਲ ਤੱਕ ਸਾਡਾ ਟੀਚਾ 40-45 ਪਨਾਹਘਰ ਉਸਾਰਣ ਦਾ ਹੈ।“ (ਡਾ. ਹਸਨਾਲੇ ਨੇ ਇੱਥੇ ਮਹਾਤਮਾ ਗਾਂਧੀ ਪਥ ਕ੍ਰਾਂਤੀ ਯੋਜਨਾ ਬਾਰੇ ਵੀ ਦੱਸਿਆ, ਜੋ ਬੇਘਰੇ ਲੋਕਾਂ ਅਤੇ ਝੁੱਗੀ-ਬਸਤੀ ਵਿੱਚ ਰਹਿਣ ਵਾਲ਼ੇ ਲੋਕਾਂ ਵਾਸਤੇ 2005 ਵਿੱਚ ਸ਼ੁਰੂ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਆਮ ਤੌਰ ‘ਤੇ ਪਰਿਵਾਰ ਇਸ ਯੋਜਨਾ ਦੇ ਤਹਿਤ ਮਿਲ਼ੇ ਫ਼ਲੈਟਾਂ ਨੂੰ ਵੇਚ ਦਿੰਦੇ ਹਨ ਅਤੇ ਸੜਕਾਂ ‘ਤੇ ਰਹਿਣ ਲਈ ਵਾਪਸ ਆ ਜਾਂਦੇ ਹਨ।)

Meena and her family are used to seeing their sparse belongings float away every monsoon
PHOTO • Courtesy: Meena
Meena and her family are used to seeing their sparse belongings float away every monsoon
PHOTO • Aakanksha

ਹਰੇਕ ਮਾਨਸੂਨ ਵਿੱਚ ਮੀਨਾ ਅਤੇ ਉਹਦਾ ਪਰਿਵਾਰ ਇੰਝ ਹੀ ਆਪਣੇ ਜ਼ਰੂਰਤ ਦੀਆਂ ਵਸਤਾਂ ਨੂੰ ਰੁੜ੍ਹਦਿਆਂ ਦੇਖਦੇ ਹਨ।

ਹਾਲਾਂਕਿ, ਹੋਮਲੈੱਸ ਕੋਲੈਕਟਿਵ ਦੇ ਕਨਵੀਨਰ ਬ੍ਰਿਜੇਸ਼ ਆਰਿਆ ਦੱਸਦੇ ਹਨ,“ਮੌਜੂਦਾ ਸਮੇਂ, ਮੁੰਬਈ ਵਿੱਚ ਸਿਰਫ਼ 9 ਪਨਾਹ-ਘਰ ਹਨ, ਜੋ ਕਿ ਬੇਘਰੇ ਲੋਕਾਂ ਦੀ ਅਬਾਦੀ ਦੇ ਮੁਕਾਬਲੇ ਬਹੁਤ ਹੀ ਘੱਟ ਹਨ ਅਤੇ ਸਾਲਾਂ ਤੋਂ ਇਨ੍ਹਾਂ ਦੀ ਗਿਣਤੀ ਇੰਨੀ ਹੀ ਚੱਲੀ ਆ ਰਹੀ ਹੈ।“ ਆਰਿਆ ਪਹਿਚਾਣ ਨਾਮਕ ਇੱਕ ਐੱਨਜੀਓ ਦੇ ਮੋਢੀ ਹਨ, ਜੋ ਕਿ ਬੇਘਰੇ ਲੋਕਾਂ ਦੇ ਅਧਿਕਾਰਾਂ ਲਈ ਕੰਮ ਕਰਦੀ ਹੈ।

ਨੋ ਪਨਾਹ-ਘਰਾਂ ਵਿੱਚੋਂ ਕੋਈ ਇੱਕ ਵੀ ਮੀਨਾ ਵਰਗੇ ਪੂਰੇ ਦੇ ਪੂਰੇ ਪਰਿਵਾਰ ਨੂੰ ਨਹੀਂ ਰੱਖੇਗਾ।

2019 ਦੀ ਸ਼ੁਰੂਆਤ ਵਿੱਚ, ਮੁੰਬਈ ਦੇ ਬੇਘਰੇ ਲੋਕਾਂ ਦੇ ਐੱਨਯੂਐੱਲਐੱਮ ਸਰਵੇਖਣ ਵਿੱਚ ਦਿਖਾਇਆ ਗਿਆ ਸੀ ਕਿ ਬੇਘਰੇ ਲੋਕਾਂ ਦੀ ਗਿਣਤੀ ਘੱਟ ਕੇ ਸਿਰਫ਼ 11,915 ਰਹਿ ਗਈ ਹੈ। “ਪਨਾਹਘਰਾਂ ਦੀ ਗਿਣਤੀ ਤਾਂ ਵਧੀ ਨਹੀਂ ਪਰ ਬਾਵਜੂਦ ਇਹਦੇ ਬੇਘਰੇ ਲੋਕਾਂ ਦੀ ਗਿਣਤੀ ਘੱਟ ਗਈ? ਸੋ ਉਹ ਕਿੱਥੇ ਗਏ?“ ਆਰਿਆ ਪੁੱਛਦਾ ਹੈ।

ਮਾਰਚ 2004 ਵਿੱਚ, ਮਹਾਰਾਸ਼ਟਰ ਸਰਕਾਰ ਦੇ ਇੱਕ ਸਰਕੂਲਰ ਵਿੱਚ ਸੁਪਰੀਮ ਕੋਰਟ ਦੇ ਆਦੇਸ਼ ਦਾ ਹਵਾਲਾ ਵੀ ਦਿੱਤਾ ਹੈ ਜਿਸ ਅਨੁਸਾਰ ਬੇਘਰੇ ਲੋਕਾਂ ਨੂੰ ਰਾਸ਼ਨ ਕਾਰਡ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਜਾਵੇ ਭਾਵੇਂ ਕਿ ਉਨ੍ਹਾਂ ਕੋਲ਼ ਪਹਿਚਾਣ ਪੱਤਰ ਜਾਂ ਐਡਰੈੱਸ ਪ੍ਰਮਾਣ ਨਾ ਵੀ ਹੋਵੇ।

ਮੀਨਾ ਨੂੰ ਰਾਜ ਸਰਕਾਰ ਵੱਲੋਂ ਮਿਲ਼ਣ ਵਾਲ਼ੇ ਇਨ੍ਹਾਂ ਵਿੱਚੋਂ ਕਿਸੇ ਵੀ ਲਾਭ ਬਾਰੇ ਪਤਾ ਨਹੀਂ ਹੈ। ਉਹਦੇ ਕੋਲ਼ ਅਧਾਰ ਕਾਰਡ, ਰਾਸ਼ਨ ਕਾਰਡ ਜਾਂ ਬੈਂਕ ਖ਼ਾਤਾ ਕੁਝ ਵੀ ਨਹੀਂ ਹੈ। “ਉਹ ਸਾਡੇ ਕੋਲ਼ੋਂ ਆਈਡੀ ਅਤੇ ਐਡਰੈੱਸ ਪਰੂਫ ਬਾਰੇ ਪੁੱਛਦੇ ਹਨ; ਇੱਕ ਵਾਰ ਇੱਕ ਆਦਮੀ ਨੇ ਪਛਾਣ ਪੱਤਰ ਬਣਾਉਣ ਵਾਸਤੇ ਪੈਸੇ ਦੇਣ ਨੂੰ ਕਿਹਾ,” ਉਹ ਦੱਸਦੀ ਹੈ। ਉਹਦੇ ਪਤੀ ਕੋਲ਼ ਅਧਾਰ ਕਾਰਡ (ਜਿਸ ਵਿੱਚ ਉਹਦੇ ਪਿੰਡ ਦਾ ਪਤਾ ਹੈ) ਹੈ ਪਰ ਬੈਂਕ ਖ਼ਾਤਾ ਨਹੀਂ ਹੈ।

ਮੀਨਾ ਦੀ ਬੇਨਤੀ ਬਹੁਤ ਸਧਾਰਣ ਹੈ: “ਜੇਕਰ ਤੁਸੀਂ ਮੇਰੇ ਘਰ ਨੂੰ ਮਜ਼ਬੂਤ ਬਣਾ ਸਕਦੇ ਹੋ ਇੰਨਾ ਮਜ਼ਬੂਤ ਕਿ ਉਹ ਮੀਂਹ ਦਾ ਮੁਕਾਬਲਾ ਕਰ ਸਕੇ ਤਾਂ ਸਾਨੂੰ ਸਿਰਫ਼ ਦੋ ਤਰਪਾਲਾਂ  ਦੇ ਦਿਓ।”

ਇਸ ਸਭ ਤੋਂ ਛੁੱਟ, ਉਹ ਦੱਸਦੀ ਹੈ, ਇਸ ਮਹੀਨੇ ਬੀਐੱਮਸੀ ਦੇ ਕਰਮਚਾਰੀ ਉਹਦੇ ਪਰਿਵਾਰ ਕੋਲ਼ ਆਏ ਅਤੇ ਉਨ੍ਹਾਂ ਨੂੰ ਫੁੱਟਪਾਥ ਛੱਡਣ ਲਈ ਕਿਹਾ। ਪਹਿਲਾਂ ਜਦੋਂ ਕਦੇ ਇੰਝ ਹੋਇਆ ਤਾਂ ਉਹ ਆਪਣਾ ਬੋਰੀਆ-ਬਿਸਤਰਾ ਬੰਨ੍ਹਦੇ ਅਤੇ ਕਿਸੇ ਹੋਰ ਫੁੱਟਪਾਥ ਦਾ ਰਾਹ ਫੜ੍ਹਦੇ।

ਤਰਜਮਾ: ਕਮਲਜੀਤ ਕੌਰ

Aakanksha

आकांक्षा, पीपल्स आर्काइव ऑफ़ रूरल इंडिया के लिए बतौर रिपोर्टर और फ़ोटोग्राफ़र कार्यरत हैं. एजुकेशन टीम की कॉन्टेंट एडिटर के रूप में, वह ग्रामीण क्षेत्रों के छात्रों को उनकी आसपास की दुनिया का दस्तावेज़ीकरण करने के लिए प्रशिक्षित करती हैं.

की अन्य स्टोरी Aakanksha
Editor : Sharmila Joshi

शर्मिला जोशी, पूर्व में पीपल्स आर्काइव ऑफ़ रूरल इंडिया के लिए बतौर कार्यकारी संपादक काम कर चुकी हैं. वह एक लेखक व रिसर्चर हैं और कई दफ़ा शिक्षक की भूमिका में भी होती हैं.

की अन्य स्टोरी शर्मिला जोशी
Translator : Kamaljit Kaur

कमलजीत कौर, पंजाब की रहने वाली हैं और एक स्वतंत्र अनुवादक हैं. उन्होंने पंजाबी साहित्य में एमए किया है. कमलजीत समता और समानता की दुनिया में विश्वास करती हैं, और इसे संभव बनाने की दिशा में प्रयासरत हैं.

की अन्य स्टोरी Kamaljit Kaur