ਪਾਬੰਦੀਆਂ, ਜ਼ਬਰਨ ਵਿਆਹ, ਜਿਣਸੀ ਤੇ ਯੌਨ ਹਿੰਸਾ ਤੇ 'ਸੁਧਾਰ ਵਾਲ਼ੇ' ਇਲਾਜ ਉਹ ਖ਼ਤਰੇ ਤੇ ਤਜ਼ਰਬੇ ਹਨ ਜਿਨ੍ਹਾਂ ਨਾਲ਼ ਐੱਲਜੀਬੀਟੀਕਿਊਆਈਏ+ਭਾਈਚਾਰੇ ਦੇ ਮੈਂਬਰ ਅਕਸਰ ਜੂਝਦੇ ਰਹਿੰਦੇ ਹਨ। ਇੰਟਰਨੈਸ਼ਨਲ ਕਮਿਸ਼ਨ ਆਫ਼ ਜਿਊਰਿਸਟਸ ਵੱਲੋਂ ਸਾਲ 2019 ਵਿੱਚ ਪ੍ਰਕਾਸ਼ਤ ਰਿਪੋਰਟ ਲਿਵਿੰਗ ਵਿਦ ਡਿਗਨਿਟੀ ਵਿੱਚ ਇਹੀ ਦੱਸਿਆ ਗਿਆ ਹੈ।
ਵਿਧੀ ਤੇ ਆਰੂਸ਼ (ਬਦਲਿਆ ਨਾਮ) ਦਾ ਮਾਮਲਾ ਹੀ ਦੇਖ ਲਓ, ਜਿਨ੍ਹਾਂ ਨੂੰ ਮੁੰਬਈ ਵਿਖੇ ਇਕੱਠੇ ਰਹਿਣ ਲਈ ਮਹਾਰਾਸ਼ਟਰ ਦੇ ਠਾਣੇ ਤੇ ਪਾਲਘਰ ਜ਼ਿਲ੍ਹਿਆਂ ਵਿੱਚ ਆਪੋ-ਆਪਣੇ ਘਰ ਛੱਡਣੇ ਪਏ। ਵਿਧੀ ਤੇ ਆਰੂਸ਼ (ਜੋ ਖ਼ੁਦ ਦੀ ਪਛਾਣ ਟ੍ਰਾਂਸ ਪੁਰਸ਼ ਵਜੋਂ ਕਰਦੇ ਹਨ) ਸ਼ਹਿਰ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗੇ। ਆਰੂਸ਼ ਕਹਿੰਦੇ ਹਨ,''ਮਾਲਕ ਮਕਾਨ ਸਾਡੇ ਰਿਸ਼ਤੇ ਬਾਰੇ ਨਹੀਂ ਜਾਣਦੇ। ਸਾਨੂੰ ਇਹਨੂੰ ਲੁਕਾਉਣਾ ਪੈਣਾ ਹੈ। ਅਸੀਂ ਕਮਰਾ ਛੱਡਣਾ ਨਹੀਂ ਚਾਹੁੰਦੇ।''
ਐੱਲਜੀਬੀਟੀਕਿਊਆਈਏ+ਭਾਈਚਾਰੇ ਦੇ ਲੋਕਾਂ ਨੂੰ ਕਈ ਵਾਰੀਂ ਕਿਰਾਏ 'ਤੇ ਘਰ ਨਹੀਂ ਮਿਲ਼ਦਾ ਜਾਂ ਕਈ ਵਾਰੀਂ ਜ਼ਬਰਦਸਤੀ ਘਰੋਂ ਕੱਢ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਪਰਿਵਾਰ, ਮਾਲਕ ਮਕਾਨ, ਗੁਆਂਢੀ ਤੇ ਪੁਲਿਸ ਤੱਕ ਪਰੇਸ਼ਾਨ ਕਰਦੀ ਹੈ। ਲਿਵਿੰਗ ਵਿਦ ਡਿਗਨਿਟੀ ਰਿਪੋਰਟ ਮੁਤਾਬਕ, ਕਈ ਲੋਕਾਂ ਨੂੰ ਘਰੋਂ ਬੇਘਰ ਹੋਣਾ ਪੈਂਦਾ ਹੈ।
ਭੇਦਭਾਵ ਤੇ ਉਤਪੀੜਨ ਕਾਰਨ ਬਹੁਤ ਸਾਰੇ ਟ੍ਰਾਂਸਜੈਂਡਰ ਲੋਕਾਂ ਨੂੰ, ਖ਼ਾਸ ਕਰਕੇ ਪੇਂਡੂ ਭਾਰਤ ਵਿੱਚ, ਆਪਣਾ ਘਰ ਛੱਡ ਕੇ ਕੋਈ ਸੁਰੱਖਿਅਤ ਥਾਂ ਲੱਭਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਸਾਲ 2021 ਵਿੱਚ, ਰਾਸ਼ਟਰੀ ਮਨੁੱਖੀ-ਅਧਿਕਾਰ ਅਯੋਗ ਵੱਲੋਂ ਪੱਛਮੀ ਬੰਗਾਲ ਵਿੱਚ ਹੋਏ ਟ੍ਰਾਂਸਜੈਂਡਰ ਭਾਈਚਾਰੇ ਬਾਰੇ ਇੱਕ ਅਧਿਐਨ ਵਿੱਚ ਪਤਾ ਚੱਲਿਆ ਕਿ ''ਪਰਿਵਾਰ ਉਨ੍ਹਾਂ 'ਤੇ ਆਪਣੀ ਲਿੰਗਕ (ਜੈਂਡਰ) ਪਛਾਣ ਲੁਕਾਉਣ ਦਾ ਦਬਾਅ ਪਾਉਂਦੇ ਹਨ।'' ਅੱਧੇ ਦੇ ਕਰੀਬ ਲੋਕਾਂ ਨੇ ਪਰਿਵਾਰ, ਦੋਸਤਾਂ ਤੇ ਸਮਾਜ ਦੇ ਪੱਖਪਾਤੀ ਰਵੱਈਏ ਤੋਂ ਦੁਖੀ ਹੋ ਕੇ ਘਰ ਛੱਡਿਆ।
ਸ਼ੀਤਲ ਇੱਕ ਟ੍ਰਾਂਸ ਮਹਿਲਾ ਹਨ, ਜਿਨ੍ਹਾਂ ਨੇ ਸਕੂਲ ਵਿੱਚ, ਕੰਮ 'ਤੇ, ਸੜਕਾਂ 'ਤੇ ਤਕਰੀਬਨ ਹਰ ਥਾਵੇਂ ਅਜਿਹੇ ਫੱਟ ਹੰਢਾਏ ਹਨ। ''ਸਿਰਫ਼ ਇਸਲਈ ਕਿ ਅਸੀਂ ਟ੍ਰਾਂਸਜੈਂਡਰ ਹਾਂ, ਕੀ ਸਾਡੀ ਕੋਈ ਇੱਜ਼ਤ ਨਹੀਂ ਹੈ?'' ਉਹ ਜਿਸ ਕਹਾਣੀ ਜ਼ਰੀਏ ਇਹ ਸਵਾਲ ਪੁੱਛਦੀ ਹਨ ਉਹਦਾ ਸਿਰਲੇਖ ਹੈ 'ਲੋਕ ਸਾਨੂੰ ਇਵੇਂ ਘੂਰਦੇ ਹਨ ਜਿਵੇਂ ਅਸੀਂ ਕੋਈ ਬੁਰੀ ਆਤਮਾ ਹੋਈਏ'।






