ਜੇ ਤੁਹਾਡੀ ਉਮਰ 6-14 ਸਾਲ ਹੈ ਤਾਂ ਤੁਹਾਨੂੰ ਆਪਣੇ ਨੇੜਲੇ ਸਕੂਲਾਂ ਵਿੱਚ ‘’ਮੁਫ਼ਤ ਅਤੇ ਲਾਜ਼ਮੀ ਸਿੱਖਿਆ’’ ਹਾਸਲ ਕਰਨ ਦਾ ਅਧਿਕਾਰ ਹੈ। ਇਹ ਤੈਅ ਕਰਨ ਵਾਲ਼ਾ ਕਨੂੰਨ- ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ (ਆਰਟੀਆਈ) 2009 ਵਿੱਚ ਭਾਰਤ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ।
ਪਰ ਓੜੀਸ਼ਾ ਦੇ ਜਾਜਪੁਰ ਜ਼ਿਲ੍ਹੇ ਦੀ ਰਹਿਣ ਵਾਲ਼ੀ ਨੌਂ ਸਾਲਾ ਚੰਦਰਿਕਾ ਕਰੀਬ ਦੋ ਸਾਲਾਂ ਤੋਂ ਸਕੂਲ ਨਹੀਂ ਗਈ ਹੈ ਕਿਉਂਕਿ ਉਹਦਾ ਸਭ ਤੋਂ ਨੇੜਲਾ ਸਕੂਲ ਹੀ ਉਹਦੇ ਘਰੋਂ ਕੋਈ 3.5 ਕਿਲੋਮੀਟਰ ਦੂਰ ਪੈਂਦਾ ਹੈ।
ਪੇਂਡੂ ਭਾਰਤ ਵਿੱਚ ਸਿੱਖਿਆ ਤੇ ਸਿੱਖਣ ਅਭਿਆਸ ਇਕਸਾਰ ਨਹੀਂ ਹਨ। ਇਹ ਕਨੂੰਨ ਅਤੇ ਨੀਤੀਆਂ ਮਹਿਜ਼ ਕਾਗ਼ਜ਼ਾਂ ਵਿੱਚ ਹੀ ਸਿਮਟ ਕੇ ਰਹਿ ਜਾਂਦੀਆਂ ਹਨ। ਕੁਝ ਮਾਮਲਿਆਂ ਵਿੱਚ ਅਧਿਆਪਕ ਵਿਅਕਤੀਗਤ ਯਤਨਾਂ ਰਾਹੀਂ ਪ੍ਰਣਾਲੀਗਤ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਦੇ ਇਸ ਕਦਮ ਨਾਲ਼ ਪ੍ਰਣਾਲੀ ਵਿੱਚ ਸੱਚੀਓ ਫ਼ਰਕ ਵੀ ਆ ਜਾਂਦਾ ਹੈ।
ਮਿਸਾਲ ਵਜੋਂ, ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਇਸ ਅਧਿਆਪਕ ਨੂੰ ਲਵੋ, ਜੋ ਖ਼ਾਨਾਬਦੋਸ਼ ਭਾਈਚਾਰੇ ਦੇ ਛੋਟੇ ਬੱਚਿਆਂ ਨੂੰ ਪੜ੍ਹਾਉਣ ਖ਼ਾਤਰ ਲਿੱਦਰ ਘਾਟੀ ਵਿਖੇ ਪ੍ਰਵਾਸ ਕਰਕੇ ਇੱਕ ਗੁੱਜਰ ਬਸਤੀ ਵਿੱਚ ਚਾਰ ਮਹੀਨੇ ਬਿਤਾਉਂਦੇ ਹਨ। ਕਈ ਅਧਿਆਪਕ ਆਪਣੇ ਸੀਮਤ ਵਸੀਲਿਆਂ ਨਾਲ਼ ਵੀ ਅਧਿਆਪਨ ਦੇ ਤਾਜ਼ਾਤਰੀਨ ਤਰੀਕਿਆਂ ਨੂੰ ਅਜਮਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਬਿਹਤਰ ਸਮਝਣ ਵਾਸਤੇ ਕੋਇੰਬਟੂਰ ਦੇ ਵਿਦਿਆ ਵਯਾਮ ਸਕੂਲ ਦੀ ਗੱਲ ਕਰਦੇ ਹਾਂ ਜੋ ਆਪਣੇ ਵਿਦਿਆਰਥੀਆਂ ਨੂੰ ਜੈਨੇਟਿਕ ਤੌਰ ‘ਤੇ ਸੋਧੀਆਂ ਫ਼ਸਲਾਂ ‘ਤੇ ਚਰਚਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿੱਚੋਂ ਬੱਚੇ ਅੰਗਰੇਜ਼ੀ ਸਿੱਖਣ ਵਾਲ਼ੀ ਪਹਿਲੀ ਪੀੜ੍ਹੀ ਹਨ, ਪਰ ਹੁਣ ਉਹ ਅੰਗਰੇਜ਼ੀ ਭਾਸ਼ਾ ਵਿੱਚ ਚਰਚਾ ਕਰਦੇ ਹੋਏ ਜੈਵਿਕ ਚੌਲ਼ਾਂ ਅਤੇ ਹੋਰ ਫ਼ਸਲਾਂ ਦੇ ਮੁੱਲ ਬਾਰੇ ਗੱਲ ਕਰ ਰਹੇ ਹਨ।
ਪਾਰੀ ਲਾਈਬ੍ਰੇਰੀ ਵਿੱਚ ਕਦਮ ਰੱਖਦਿਆਂ ਹੀ ਤੁਹਾਨੂੰ ਸਿੱਖਣ ਨਤੀਜਿਆਂ ਦੀਆਂ ਬਹੁਤ ਸਾਰੀਆਂ ਝਲਕੀਆਂ ਪ੍ਰਾਪਤ ਹੋ ਸਕਦੀਆਂ ਹਨ, ਜਿਨ੍ਹਾਂ ਜ਼ਰੀਏ ਤੁਹਾਡੇ ਸਾਹਵੇਂ ਭਾਰਤ ਦੀ ਸਿੱਖਿਆ ਪ੍ਰਣਾਲੀ ਦਾ ਸਪੱਸ਼ਟ ਚਿੱਤਰ ਆ ਜਾਵੇਗਾ। ਸਾਡੀ ਲਾਈਬ੍ਰੇਰੀ ਵਿੱਚ ਪੇਂਡੂ ਸਿੱਖਿਆ ਦੀ ਉਪਲਬਧਤਾ, ਇਸਦੀ ਗੁਣਵੱਤਾ ਅਤੇ ਪਾੜਿਆਂ ਬਾਰੇ ਰਿਪੋਰਟਾਂ ਹਨ। ਲਾਈਬ੍ਰੇਰੀ ਦੇ ਹਰੇਕ ਦਸਤਾਵੇਜ਼ ਦੇ ਨਾਲ਼ ਇੱਕ ਸੰਖੇਪ ਨੋਟ ਹੁੰਦਾ ਹੈ। ਇਹ ਉਸ ਦਸਤਾਵੇਜ਼ ਦੇ ਮਹੱਤਵਪੂਰਨ ਨੁਕਤਿਆਂ ਨੂੰ ਉਜਾਗਰ ਕਰਦਾ ਹੈ।







