ਇਹ ਸਮਾਂ ਕਣਕ ਦੀ ਫ਼ਸਲ ਨੂੰ ਪਾਣੀ ਲਾਉਣ ਦਾ ਹੈ ਅਤੇ ਸਬਾਰਨ ਸਿੰਘ ਇਸ ਲੋੜੀਂਦੇ ਸਮੇਂ (ਖੇਤਾਂ ਨੂੰ ਪਾਣੀ ਲਾਏ ਬਿਨਾਂ) ਵਿੱਚ ਆਪਣੇ ਖੇਤ ਤੋਂ ਦੂਰ ਨਹੀਂ ਰਹਿ ਸਕਦਾ। ਇਸਲਈ ਉਹ ਦਸਬੰਰ ਦੇ ਪਹਿਲੇ ਹਫ਼ਤੇ ਹੀ ਹਰਿਆਣਾ-ਦਿੱਲੀ ਦੇ ਸਿੰਘੂ ਤੋਂ ਵਾਪਸ ਆਪਣੇ ਪਿੰਡ (ਪੰਜਾਬ) ਮੁੜ ਗਿਆ।

ਪਰ ਉਹ ਉਸ ਧਰਨਾ-ਸਥਲ ਨੂੰ ਛੱਡ ਨਹੀਂ ਰਿਹਾ ਸੀ, ਜਿੱਥੇ ਉਹ ਬੀਤੀ 26 ਨਵੰਬਰ ਤੋਂ ਡਟਿਆ ਬੈਠਾ ਸੀ। ਕੁਝ ਹੀ ਦਿਨਾਂ ਬਾਅਦ, ਉਹ ਆਪਣੀ 12 ਏਕੜ ਦੀ ਜ਼ਮੀਨ ਛੱਡ ਕੇ ਵਾਪਸ ਸਿੰਘੂ ਮੁੜ ਗਿਆ, ਜੋ ਕਿ ਉਹਦੇ ਖੰਟ ਪਿੰਡ ਤੋਂ 250 ਕਿਲੋਮੀਟਰ ਦੂਰ ਹੈ। "ਇੰਝ ਕਰਨ ਵਾਲ਼ਾ ਮੈਂ ਇਕੱਲਾ ਨਹੀਂ ਹਾਂ," 70 ਸਾਲਾ ਬਜ਼ੁਰਗ ਕਿਸਾਨ ਕਹਿੰਦਾ ਹੈ। "ਇੱਥੇ ਕਈ ਲੋਕ ਹਨ ਜੋ ਆਪਣੇ ਪਿੰਡਾਂ ਤੋਂ ਧਰਨਾ ਸਥਲ ਅਤੇ ਧਰਨਾ-ਸਥਲ ਤੋਂ ਪਿੰਡ ਦਾ ਚੱਕਰ ਲਾਉਂਦੇ ਆ ਰਹੇ ਹਨ।"

ਰਿਲੇ ਦਾ ਤਰੀਕਾ ਅਪਣਾਉਣ ਦਾ ਜੋ ਫੈਸਲਾ ਕਿਸਾਨਾਂ ਨੇ ਕੀਤਾ ਹੈ ਉਸ ਨਾਲ਼ ਸਿੰਘੂ ਵਿਖੇ ਕਿਸਾਨਾਂ ਦੀ ਗਿਣਤੀ ਮਜ਼ਬੂਤ ਬਣੀ ਰਹੀ ਹੈ, ਇਸ ਤਰੀਕੇ ਨਾਲ਼ ਉਹ ਇਹ ਵੀ ਯਕੀਨੀ ਬਣਾਉਂਦੇ ਰਹੇ ਕਿ ਉਨ੍ਹਾਂ ਦੀ ਫ਼ਸਲ ਦੀ ਅਣਦੇਖੀ ਨਹੀਂ ਹੋ ਰਹੀ।

"ਇਹੀ ਸਮਾਂ ਹੈ ਜਦੋਂ ਅਸੀਂ ਕਣਕ ਦੀ ਕਾਸ਼ਤ ਸ਼ੁਰੂ ਕਰਦੇ ਹਾਂ," ਨਵੰਬਰ-ਦਸੰਬਰ ਦੇ ਸਮੇਂ ਦਾ ਜ਼ਿਕਰ ਕਰਦਿਆਂ ਸਬਾਰਨ ਕਹਿੰਦਾ ਹੈ। "ਜਦੋਂ ਮੈਂ ਸਿੰਘੂ ਤੋਂ ਦੂਰ ਸਾਂ ਤਾਂ ਪਿੰਡ ਦੇ ਮੇਰੇ ਕੁਝ ਦੋਸਤਾਂ ਨੇ ਮੇਰੀ ਥਾਂ ਲੈ ਲਈ।"

ਪੂਰੇ ਅੰਦੋਲਨ ਵਿੱਚ ਕਈ ਪ੍ਰਦਰਸ਼ਨਕਾਰੀਆਂ ਨੇ ਇਸ ਤਰੀਕੇ ਪਾਲਣ ਕੀਤਾ। "ਸਾਡੇ ਵਿੱਚ ਕਈਆਂ ਕੋਲ਼ ਚੌਪਹੀਆ ਵਾਹਨ ਹਨ," ਸਬਰਾਨ ਕਹਿੰਦਾ ਹੈ, ਜੋ ਸਾਬਕਾ ਫ਼ੌਜੀ ਵੀ ਹੈ। "ਇਨ੍ਹਾਂ ਵਾਹਨਾਂ ਸਦਕਾ ਅਸੀਂ ਪਿੰਡ ਤੋਂ ਬਾਰਡਰ ਅਤੇ ਬਾਰਡਰ ਤੋਂ ਪਿੰਡ ਕਰਦੇ ਰਹਿੰਦੇ ਹਾਂ। ਪਰ ਇਹ ਕਾਰਾਂ ਕਦੇ ਵੀ ਖਾਲੀ ਨਹੀਂ ਹੁੰਦੀਆਂ। ਜੇਕਰ ਚਾਰ ਲੋਕਾਂ ਨੂੰ ਪਿੰਡ ਲਾਹਿਆ ਜਾ ਰਿਹਾ ਹੁੰਦਾ ਹੈ ਤਾਂ ਚਾਰ ਹੋਰ ਇਸੇ ਕਾਰ ਵਿੱਚ ਆ ਬੈਠਦੇ ਹਨ।"
'The cars keep going back and forth from here to our villages. If four people are dropped there, four others come back in the same car', says Sabaran Singh
PHOTO • Parth M.N.
'The cars keep going back and forth from here to our villages. If four people are dropped there, four others come back in the same car', says Sabaran Singh
PHOTO • Parth M.N.

'ਇਨ੍ਹਾਂ ਕਾਰਾਂ ਸਦਕਾ ਅਸੀਂ ਪਿੰਡ ਤੋਂ ਬਾਰਡਰ ਅਤੇ ਬਾਰਡਰ ਤੋਂ ਪਿੰਡ ਕਰਦੇ ਰਹਿੰਦੇ ਹਾਂ । ਜੇਕਰ ਚਾਰ ਲੋਕਾਂ ਨੂੰ ਪਿੰਡ ਲਾਹਿਆ ਜਾ ਰਿਹਾ ਹੁੰਦਾ ਹੈ ਤਾਂ ਚਾਰ ਹੋਰ ਇਸੇ ਕਾਰ ਵਿੱਚ ਆ ਬੈਠਦੇ ਹਨ,' ਸਬਰਾਨ ਸਿੰਘ ਕਹਿੰਦਾ ਹੈ

ਉਹ ਵਾਪਸ ਸਿੰਘੂ ਬਾਰਡਰ 'ਤੇ ਆਉਂਦੇ ਹਨ, ਜੋ ਬਾਰਡਰ ਰਾਸ਼ਟਰੀ ਰਾਜਧਾਨੀ ਦੀਆਂ ਬਰੂਹਾਂ 'ਤੇ ਬਾਕੀ ਧਰਨਾ-ਸਥਲਾਂ ਵਿੱਚੋਂ ਇੱਕ ਹੈ, ਜਿੱਥੇ ਕਰੀਬ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ 26 ਨਵੰਬਰ ਤੋਂ ਹੀ ਧਰਨੇ 'ਤੇ ਬੈਠੇ ਹੋਏ ਹਨ, ਉਹ ਸਤੰਬਰ 2020 ਨੂੰ ਕੇਂਦਰ ਸਰਕਾਰ ਦੁਆਰਾ ਸੰਸਦ ਵਿੱਚ ਪਾਸ ਕੀਤੇ ਨਵੇਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਬੈਠੇ ਹਨ।

ਸਿੰਘੂ ਵਿਖੇ ਧਰਨਾ-ਸਥਲ -ਜੋ ਉੱਤਰੀ ਦਿੱਲੀ ਦੇ ਬਾਹਰਵਾਰ ਹੈ, ਜਿਹਦੇ ਨਾਲ਼ ਹਰਿਆਣਾ ਦੀ ਸੀਮਾ ਲੱਗਦੀ ਹੈ- ਸਭ ਤੋਂ ਵੱਡਾ ਧਰਨਾ ਸਥਲ ਬਣ ਕੇ ਉਭਰਿਆ ਹੈ, ਜਿੱਥੇ ਕਰੀਬ 30,000 ਕਿਸਾਨ ਸੜਕਾਂ 'ਤੇ ਬੈਠੇ ਹਨ। ਉਨ੍ਹਾਂ ਦਾ ਨਿਸ਼ਚਾ ਹੈ ਕਿ ਜਦੋਂ ਤੱਕ ਕਨੂੰਨ ਵਾਪਸ ਨਹੀਂ ਲੈ ਲਏ ਜਾਂਦੇ ਉਨ੍ਹਾਂ ਨੇ ਪ੍ਰਦਰਸ਼ਨ ਜਾਰੀ ਰੱਖਣਾ ਹੈ।

ਦਸੰਬਰ ਦੇ ਸ਼ੁਰੂ ਵਿੱਚ ਸਬਰਾਨ ਸਿੰਘ ਜਦੋਂ ਆਪਣੇ ਪਿੰਡ ਖਮਾਣੋਂ ਤਹਿਸੀਲ ਫਤਿਹਗੜ੍ਹ ਸਾਹਿਬ ਵਿੱਚ ਸੀ ਤਾਂ ਉਹਨੇ ਇੱਕ ਵਿਆਹ ਦੇਖਿਆ, ਬੈਂਕ ਦੇ ਕੁਝ ਕੰਮ ਨਬੇੜੇ ਅਤੇ ਸਾਫ਼-ਸੁਥਰੇ ਕੱਪੜਿਆਂ ਦਾ ਢੇਰ ਇਕੱਠਾ ਕੀਤਾ। "ਸਾਨੂੰ ਇੱਥੇ ਹਰ ਤਰ੍ਹਾਂ ਦੀ ਸੁਵਿਧਾ ਹੈ," ਆਪਣੇ ਟਰੱਕ ਦੇ ਗੱਦੇ ਹੇਠ ਰੱਖੇ ਗਰਮ ਕੱਪੜਿਆਂ ਦੀ ਖੇਪ ਵੱਲ ਇਸ਼ਾਰਾ ਕਰਦਿਆਂ ਉਹ ਕਹਿੰਦਾ ਹੈ। "ਇਹ ਸਾਨੂੰ ਨਿੱਘੇ ਰਹਿਣ ਵਿੱਚ ਮਦਦ ਕਰਦੇ ਹਨ। ਹੋਰ ਤਾਂ ਹੋਰ ਇੱਥੇ ਬਿਜਲੀ, ਪਾਣੀ ਅਤੇ ਕੰਬਲ ਵੀ ਹਨ। ਗੁਸਲਖ਼ਾਨੇ ਦੀ ਇੱਥੇ ਕੋਈ ਸਮੱਸਿਆ ਨਹੀਂ ਹੈ। ਸਾਡੇ ਕੋਲ਼ ਇੰਨਾ ਰਾਸ਼ਨ ਹੈ ਕਿ ਛੇ ਮਹੀਨੇ ਨਾ ਮੁੱਕੇ।"

ਕਣਕ ਅਤੇ ਝੋਨੇ ਦਾ ਕਾਸ਼ਤਕਾਰ ਹੋਣ ਦੇ ਨਾਤੇ, ਸਬਰਾਨ ਉਸ ਕਨੂੰਨ ਕਰਕੇ ਪਰੇਸ਼ਾਨੀ ਵਿੱਚ ਹੈ ਜੋ ਕਨੂੰਨ ਰਾਜ ਦੁਆਰਾ ਨਿਯੰਤਰਿਤ ਉਨ੍ਹਾਂ ਮੰਡੀਆਂ  ਨੂੰ ਖ਼ਤਮ ਕਰਦਾ ਹੈ, ਜਿਨ੍ਹਾਂ ਮੰਡੀਆਂ ਵਿੱਚੋਂ ਸਰਕਾਰ ਐੱਮਐੱਸਪੀ (ਘੱਟ ਤੋਂ ਘੱਟ ਸਮਰਥਨ ਮੁੱਲ) 'ਤੇ ਫ਼ਸਲਾਂ ਖਰੀਦਦੀ ਹੈ। ਪੰਜਾਬ ਅਤੇ ਹਰਿਆਣਾ ਵਿੱਚ ਕਣਕ ਅਤੇ ਝੋਨੇ ਦੀ ਸਰਕਾਰੀ ਖਰੀਦ ਪੂਰੇ ਦੇਸ਼ ਦੇ ਕਿਸੇ ਹੋਰ ਹਿੱਸੇ ਨਾਲ਼ੋਂ ਵੱਧ ਹੈ ਅਤੇ ਇਹੀ ਇੱਕ ਕਾਰਨ ਹੈ ਕਿ ਮੁੱਖ ਰੂਪ ਵਿੱਚ ਇਸੇ ਪੱਟੀ ਦੇ ਕਿਸਾਨ ਕਨੂੰਨਾਂ ਦਾ ਵਿਰੋਧ ਕਰ ਰਹੇ ਹਨ। "ਜਦੋਂ ਨਿੱਜੀਆਂ ਕੰਪਨੀਆਂ ਆ ਗਈਆਂ ਤਾਂ ਉਨ੍ਹਾਂ ਕੋਲ਼ ਏਕਾਧਿਕਾਰ ਹੋ ਜਾਵੇਗਾ," ਸਬਰਾਨ ਕਹਿੰਦਾ ਹੈ। "ਕਿਸਾਨਾਂ ਕੋਲ਼ ਕਹਿਣ ਨੂੰ ਨਾ-ਮਾਤਰ ਬਚੇਗਾ ਅਤੇ ਵੱਡੇ-ਵੱਡੇ ਕਾਰਪੋਰੇਟ ਇਨ੍ਹਾਂ ਕਨੂੰਨਾਂ ਦੀਆਂ ਸ਼ਰਤਾਂ ਨੂੰ ਬਾਹੁਕਮ ਲਾਗੂ ਕਰਾਉਣਗੇ।"
Left: Hardeep Kaur (second from left) says, 'We will go back  for a while when he [an employee looking after their farmland] needs us there. We will be replaced by someone here for that duration'. Right: Entire families at Singhu are engaged in this rotation
PHOTO • Parth M.N.
Left: Hardeep Kaur (second from left) says, 'We will go back  for a while when he [an employee looking after their farmland] needs us there. We will be replaced by someone here for that duration'. Right: Entire families at Singhu are engaged in this rotation
PHOTO • Parth M.N.

ਖੱਬੇ:ਹਰਦੀਪ ਕੌਰ (ਖੱਬਿਓਂ ਦੂਜੀ) ਕਹਿੰਦੀ ਹੈ, 'ਅਸੀਂ ਉਦੋਂ ਹੀ ਵਾਪਸ ਜਾਵਾਂਗੇ ਜਦੋਂ ਉਹਨੂੰ (ਖੇਤਾਂ ਦਾ ਧਿਆਨ ਰੱਖਣ ਵਾਲ਼ਾ ਕਾਮਾ) ਸਾਡੀ ਉੱਥੇ ਲੋੜ ਹੋਊ। ਓਨਾ ਚਿਰ ਸਾਡੀ ਜਗ੍ਹਾ 'ਤੇ ਸਾਡੇ ਹੋਰ ਕਿਸਾਨ ਭਰਾ ਆ ਜਾਣਗੇ। ' ਸੱਜੇ: ਸਿੰਘੂ 'ਤੇ ਮੌਜੂਦ ਸਾਰੇ ਪਰਿਵਾਰ ਹੀ ਇਸ ਚੱਕਰ (ਪਿੰਡ ਤੋਂ ਬਾਰਡਰ, ਬਾਰਡਰ ਤੋਂ ਪਿੰਡ) ਵਿੱਚ ਰੁਝੇ ਹੋਏ ਹਨ

5 ਜੂਨ 2020 ਨੂੰ ਪਹਿਲਾਂ ਇਹ ਬਿੱਲ ਇੱਕ ਆਰਡੀਨੈਂਸ ਵਜੋਂ ਪਾਸ ਹੋਏ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲਾਂ ਦੇ ਨਾਮ ਵਜੋਂ ਪੇਸ਼ ਕੀਤੇ ਗਏ ਅਤੇ ਉਸੇ ਮਹੀਨੇ ਦੀ 20 ਤਰੀਕ ਤੱਕ ਕਨੂੰਨ ਬਣਨ ਦੀ ਪ੍ਰਕਿਰਿਆ ਨੂੰ ਪਾਰ ਕਰ ਗਏ। ਕਿਸਾਨਾਂ ਇਨ੍ਹਾਂ ਕਨੂੰਨਾਂ ਨੂੰ (ਕੇਂਦਰ ਸਰਕਾਰ ਦੁਆਰਾ) ਵੱਡੇ ਕਾਰਪੋਰੇਟਾਂ ਲਈ ਕਿਸਾਨਾਂ ਅਤੇ ਖੇਤੀ ਪ੍ਰਤੀ ਆਪਣੀ ਵੱਧ ਤੋਂ ਵੱਧ ਸ਼ਕਤੀ ਦੀ ਵਰਤੋਂ ਕੀਤੇ ਜਾਣ ਲਈ ਮੈਦਾਨ ਮੁਹੱਈਆ ਕਰਾਏ ਜਾਣ ਦੇ ਰੂਪ ਵਿੱਚ ਦੇਖਦੇ ਹਨ। ਉਹ ਘੱਟੋ-ਘੱਟ ਸਮਰਥਨ ਮੁੱਲ (MSP), ਖੇਤੀਬਾੜੀ ਉਤਪਾਦਨ (ਝਾੜ) ਮਾਰਕੀਟਿੰਗ ਕਮੇਟੀਆਂ (APMCs), ਰਾਜ ਖਰੀਦ ਸਣੇ ਕਿਸਾਨੀ ਨੂੰ ਹਮਾਇਤ ਦੇਣ ਵਰਗੇ ਮੁੱਖ ਰੂਪਾਂ ਨੂੰ ਵੀ ਕਮਜ਼ੋਰ ਕਰਦੇ ਹਨ।

ਬਿੱਲ ਜਿਨ੍ਹਾਂ ਦੇ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨਾਂ ਦੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਭਾਰਤੀ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਅਧਿਕਾਰਾਂ ਨੂੰ ਅਯੋਗ ਕਰਨ ਦੇ ਨਾਲ਼-ਨਾਲ਼ ਕਨੂੰਨਾਂ ਦੀ ਵੀ ਅਲੋਚਨਾ ਕੀਤੀ ਗਈ ਹੈ।

"ਯੇਹ ਲੁਟੇਰੋਂ ਕੀ ਸਰਕਾਰ ਹੈ (ਇਹ ਠੱਗਾਂ ਦੀ ਸਰਕਾਰ ਹੈ)," ਸਬਰਾਨ ਦਾ ਕਹਿਣਾ ਹੈ। "ਆਉਣ ਵਾਲ਼ੇ ਦਿਨਾਂ ਵਿੱਚ ਵੱਧ ਤੋਂ ਵੱਧ ਕਿਸਾਨ ਸਾਡੇ ਵਿੱਚ ਸ਼ਾਮਲ ਹੋਣਗੇ। ਪ੍ਰਦਰਸ਼ਨ ਵੱਡਾ ਹੁੰਦਾ ਜਾਵੇਗਾ।"

ਪ੍ਰਦਰਸ਼ਨ ਵਿੱਚ ਹਾਲੀਆ ਸਮੇਂ ਸ਼ਾਮਲ ਹੋਇਆਂ ਵਿੱਚੋਂ 62 ਸਾਲਾ ਹਰਦੀਪ ਕੌਰ ਹੈ, ਜੋ ਦਸੰਬਰ ਦੇ ਤੀਸਰੇ ਹਫ਼ਤੇ ਸਿੰਘੂ ਪਹੁੰਚੀ। "ਮੇਰੇ ਬੱਚਿਆਂ ਨੇ ਮੈਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਕਿਹਾ," ਆਪਣੀਆਂ ਤਿੰਨ ਦੋਸਤਾਂ ਨਾਲ਼ ਮੰਜੀ 'ਤੇ ਬੈਠਦਿਆਂ ਉਹ ਦੱਸਦੀ ਹੈ, ਉੱਤਰੀ ਇਲਾਕੇ ਦੀ ਠੰਡ ਤੋਂ ਬਚਣ ਵਾਸਤੇ ਉਨ੍ਹਾਂ ਨੇ ਸ਼ਾਲਾਂ ਵਲ੍ਹੇਟੀਆਂ ਹਨ।

ਕੌਰ ਲੁਧਿਆਣਾ ਦੇ ਜਗਰਾਓਂ ਤਹਿਸੀਲ ਵਿੱਚ ਪੈਂਦੇ ਪਿੰਡ ਚੱਕਰ ਤੋਂ ਆਈ ਹੈ, ਜੋ ਸਿੰਘੂ ਤੋਂ ਕਰੀਬ 300 ਕਿਲੋਮੀਟਰ ਹੈ। ਉਹਦੇ ਬੱਚੇ ਆਸਟ੍ਰੇਲੀਆ ਰਹਿੰਦੇ ਹਨ, ਜਿੱਥੇ ਉਹਦੀ ਧੀ ਬਤੌਰ ਨਰਸ ਕੰਮ ਕਰਦੀ ਹੈ ਅਤੇ ਉਹਦਾ ਪੁੱਤਰ ਫ਼ੈਕਟਰੀ ਵਿੱਚ ਕੰਮ ਕਰਦਾ ਹੈ। "ਉਹ ਬੜੇ ਗਹੁ ਨਾਲ਼ ਖਬਰਾਂ ਸੁਣਦੇ ਹਨ," ਉਹ ਦੱਸਦੀ ਹੈ। "ਉਨ੍ਹਾਂ ਨੇ ਸਾਨੂੰ ਇਸ ਪ੍ਰਦਰਸ਼ਨ ਦਾ ਹਿੱਸਾ ਬਣਨ ਦੀ ਹੱਲ੍ਹਾਸ਼ੇਰੀ ਦਿੱਤੀ। ਜਦੋਂ ਅਸੀਂ ਇੱਥੇ ਆਉਣ ਦਾ ਫ਼ੈਸਲਾ ਕੀਤਾ ਤਾਂ ਸਾਨੂੰ ਕਰੋਨਾ ਦੀ ਮਾਸਾ ਚਿੰਤਾ ਨਾ ਹੋਈ।"

ਧਰਨਾ ਸਥਲ ਦੇ ਪੋਸਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵਿਡ-19 ਨਾਲ਼ੋਂ ਵੀ ਵੱਡਾ ਵਾਇਰਸ ਗਰਦਾਨਦੇ ਹਨ।

PHOTO • Parth M.N.

ਸ਼ਮਸ਼ੇਰ ਸਿੰਘ (ਉਤਾਂਹ ਖੱਬੇ, ਵਿਚਕਾਰ) ਧਿਆਨ ਦਵਾਉਂਦਿਆਂ ਕਹਿੰਦੇ ਹਨ ਕਿ ਪਿਛਾਂਹ ਪਿੰਡਾਂ ਵਿੱਚ ਕਿਸਾਨਾਂ ਅਤੇ ਕਾਮਿਆਂ ਦੀ ਫ਼ੌਜ ਭਾਵੇਂ ਇੱਥੇ ਦਿੱਸ ਨਾ ਰਹੀ ਹੋਵੇ ਪਰ ਸਿੰਘੂ ਦੇ ਧਰਨੇ ਵਿੱਚ ਉਹ ਸਾਡੇ ਨਾਲ਼ ਹਨ

ਜਦੋਂ ਕਿ ਕੌਰ ਅਤੇ ਉਹਦਾ ਪਤੀ ਜੋਰਾ ਸਿੰਘ ਦੋਵੇਂ ਹੀ ਧਰਨਾ-ਸਥਲ 'ਤੇ ਹਨ ਅਤੇ ਕਾਮਾ ਉਨ੍ਹਾਂ ਦੀ 12 ਏਕੜ ਦੀ ਉਸ ਪੈਲੀ ਦੀ ਦੇਖਭਾਲ਼ ਕਰ ਰਿਹਾ ਹੈ, ਜਿੱਥੇ ਉਹ ਕਣਕ ਅਤੇ ਝੋਨੇ ਦੀ ਕਾਸ਼ਤ ਕਰਦੇ ਹਨ। "ਅਸੀਂ ਉਦੋਂ ਹੀ ਪਿੰਡ ਵਾਪਸ ਜਾਵਾਂਗਾ ਜਦੋਂ ਉਹਨੂੰ ਸਾਡੀ ਲੋੜ ਹੋਊ," ਉਹ ਕਹਿੰਦੀ ਹੈ। "ਉਸ ਦੌਰਾਨ ਸਾਡੀ ਥਾਂ ਕੋਈ ਹੋਰ (ਸਿੰਘੂ ਵਿਖੇ) ਲੈ ਲਵੇਗਾ। ਘਰ ਵਾਪਸ ਜਾਣ ਲਈ ਅਸੀਂ ਕਾਰ ਕਿਰਾਏ 'ਤੇ ਲਵਾਂਗੇ। ਉਹੀ ਕਾਰ ਮੁੜਦੇ ਵੇਲੇ ਕਿਸੇ ਹੋਰ ਨੂੰ ਲੈ ਕੇ ਆਵੇਗੀ।"

ਉਹ ਜੋ ਕਾਰ ਦਾ ਖਰਚਾ ਨਹੀਂ ਝੱਲ ਸਕਦੇ, ਬੱਸ ਰਾਹੀਂ ਚੱਕਰ ਲਾਉਂਦੇ ਹਨ। ਭਾਵੇਂ ਕਿ ਕਿਸਾਨ ਧਰਨਾ-ਸਥਲ 'ਤੇ ਆਪਣੇ ਨਾਲ਼ ਟਰੈਕਟ-ਟਰਾਲੀਆਂ ਲਿਆਏ ਹੋਣ, ਪਰ ਉਨ੍ਹਾਂ (ਟਰੈਕਟਰ-ਟਰਾਲੀਆਂ ਨੇ) ਕਿਤੇ ਨਹੀਂ ਜਾਣਾ, ਸ਼ਮਸ਼ੇਰ ਸਿੰਘ ਕਹਿੰਦਾ ਹੈ, 36 ਸਾਲਾ ਇਹ ਕਿਸਾਨ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਜ਼ਿਲ੍ਹੇ ਦੇ ਸ਼ਿਵਪੁਰੀ ਪਿੰਡ ਵਿੱਚ 4 ਏਕੜ ਦੀ ਜ਼ਮੀਨ 'ਤੇ ਕਮਾਦ ਦੀ ਕਾਸ਼ਤ ਕਰਦਾ ਹੈ। "ਟਰੈਕਟਰ ਇਸ ਗੱਲ ਦੀ ਨਿਸ਼ਾਨੀ ਹਨ ਕਿ ਅਸੀਂ ਜੰਗ ਦੇ ਮੈਦਾਨ ਤੋਂ ਪਿਛਾਂਹ ਨਹੀਂ ਹਟੇ," ਉਹ ਕਹਿੰਦਾ ਹੈ। "ਉਹ ਸਿੰਘੂ ਬਾਰਡਰ ਹੀ ਖੜ੍ਹੇ ਰਹਿਣੇ ਹਨ।"

ਭਾਵੇਂ ਸ਼ਮਸ਼ੇਰ ਸਿੰਘੂ ਬਾਰਡਰ 'ਤੇ ਆਪਣੀ ਹਾਜ਼ਰੀ ਕਿਉਂ ਨਾ ਲਵਾਉਂਦਾ ਹੋਵੇ, ਫਿਰ ਵੀ ਉਹਦੇ ਮਗਰੋਂ ਪਿੰਡ ਵਿੱਚ ਉਹਦੀ ਕਮਾਦ ਦੀ ਵਾਢੀ ਕੀਤੀ ਜਾ ਰਹੀ ਹੈ। "ਮੈਂ ਕੁਝ ਹੋਰ ਦਿਨ ਇੱਥੇ ਰੁਕਾਂਗਾ," ਉਹ ਅੱਗੇ ਕਹਿੰਦਾ ਹੈ। "ਜਦੋਂ ਵੀ ਮੈਂ ਇੱਥੇ ਗਿਆ, ਮੇਰਾ ਭਰਾ ਮੇਰੀ ਜਗ੍ਹਾ ਆ ਜਾਵੇਗਾ। ਇਸ ਸਮੇਂ ਉਹ ਕਮਾਦ ਦੀ ਵਾਢੀ ਕਰ ਰਿਹਾ ਹੈ। ਕਿਸਾਨੀ ਕਿਸੇ ਦੀ ਉਡੀਕ ਨਹੀਂ ਕਰਦੀ। ਕੰਮ ਚੱਲਦਾ ਰਹਿਣਾ ਚਾਹੀਦਾ ਹੈ।"

ਸ਼ਮਸ਼ੇਰ ਸਿੰਘ ਧਿਆਨ ਦਵਾਉਂਦਿਆਂ ਕਹਿੰਦੇ ਹਨ ਕਿ ਪਿਛਾਂਹ ਪਿੰਡਾਂ ਵਿੱਚ ਕਿਸਾਨਾਂ ਅਤੇ ਕਾਮਿਆਂ ਦੀ ਫ਼ੌਜ ਭਾਵੇਂ ਇੱਥੇ ਦਿੱਸ ਨਾ ਰਹੀ ਹੋਵੇ ਪਰ ਸਿੰਘੂ ਦੇ ਧਰਨੇ ਵਿੱਚ ਉਹ ਸਾਡੇ ਨਾਲ਼ ਹਨ। "ਪ੍ਰਦਰਸ਼ਨ ਦਾ ਹਿੱਸਾ ਬਣਨ ਖਾਤਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਘਰ ਪਿੱਛੇ ਛੱਡੇ ਹੋਏ ਹਨ," ਉਹ ਕਹਿੰਦਾ ਹੈ। "ਪਰ ਹਰ ਕਿਸੇ ਕੋਲ਼ ਪਿੱਛੋਂ ਉਨ੍ਹਾਂ ਦੇ ਖੇਤਾਂ ਦਾ ਧਿਆਨ ਰੱਖਣ ਵਾਸਤੇ ਪਰਿਵਾਰ ਜਾਂ ਮਦਦਗਾਰ ਨਹੀਂ ਹਨ। ਇਸਲਈ ਪਿੰਡਾਂ ਦੇ ਲੋਕ ਜੋ ਪਿਛਾਂਹ ਰੁੱਕੇ ਹੋਏ ਹਨ, ਦੋਗੁਣਾ ਕੰਮ ਕਰ ਰਹੇ ਹਨ, ਉਹ ਆਪਣੇ ਖੇਤੀ ਦੇ ਨਾਲ਼-ਨਾਲ਼ ਸਿੰਘੂ ਬਾਰਡਰ 'ਤੇ ਮੌਜੂਦ ਪ੍ਰਦਰਸ਼ਨਕਾਰੀਆਂ ਦੀ ਖੇਤੀ ਵੀ ਸਾਂਭ ਰਹੇ ਹਨ। ਨਾਲੇ ਉਹ ਪ੍ਰਦਰਸ਼ਨ ਦਾ ਹਿੱਸਾ ਵੀ ਹਨ। ਫ਼ਰਕ ਸਿਰਫ਼ ਇੰਨਾ ਹੀ ਹੈ ਕਿ ਉਹ ਸਰੀਰਕ ਤੌਰ 'ਤੇ ਧਰਨੇ ਵਿੱਚ ਮੌਜੂਦ ਨਹੀਂ ਹਨ ਪਰ ਹਿੱਸਾ ਜ਼ਰੂਰ ਹਨ..."

ਤਰਜਮਾ: ਕਮਲਜੀਤ ਕੌਰ

Parth M.N.

पार्थ एम एन, साल 2017 के पारी फ़ेलो हैं और एक स्वतंत्र पत्रकार के तौर पर विविध न्यूज़ वेबसाइटों के लिए रिपोर्टिंग करते हैं. उन्हें क्रिकेट खेलना और घूमना पसंद है.

की अन्य स्टोरी Parth M.N.
Translator : Kamaljit Kaur

कमलजीत कौर, पंजाब की रहने वाली हैं और एक स्वतंत्र अनुवादक हैं. उन्होंने पंजाबी साहित्य में एमए किया है. कमलजीत समता और समानता की दुनिया में विश्वास करती हैं, और इसे संभव बनाने की दिशा में प्रयासरत हैं.

की अन्य स्टोरी Kamaljit Kaur