ਮਰੂਤੀ ਵੈਨ ਭਰੀ ਹੈ ਅਤੇ ਚੱਲਣ ਲਈ ਤਿਆਰ-ਬਰ-ਤਿਆਰ ਹੈ। ਕਿਸਾਨਾਂ ਨੇ ਹਰ ਉਪਲਬਧ ਕੋਨੇ 'ਤੇ ਕਬਜ਼ਾ ਕਰ ਲਿਆ ਹੈ, ਕੁਝ ਇੱਕ ਦੂਸਰੇ ਦੀ ਗੋਦ ਵਿੱਚ ਵੀ ਬੈਠੇ ਹੋਏ ਹਨ। ਉਨ੍ਹਾਂ ਦੇ ਝੋਲੇ ਅਤੇ ਸੋਟੀਆਂ (ਤੁਰਨ ਲਈ ਸਹਾਰਾ) ਪਿਛਲੀ ਸੀਟ ਤੋਂ ਥੋੜ੍ਹੀ ਪਰੇ ਖਾਲੀ ਥਾਂ ਦੀ ਵਿੱਥ ਵਿੱਚ ਆਪਸ ਵਿੱਚ ਫਸੇ ਪਏ ਹਨ।
ਪਰ ਮੰਗਲ ਘਾੜਗੇ ਦੇ ਨਾਲ਼ ਦੀ ਸੀਟ ਕਿਸੇ ਖਾਸ ਵਾਸਤੇ ਮੱਲੀ ਹੋਈ ਹੈ। ਉਹ ਇਸ ਸੀਟ 'ਤੇ ਬੈਠਣ ਦੀ ਆਗਿਆ ਕਿਸੇ ਨੂੰ ਵੀ ਨਹੀਂ ਦਿੰਦੀ-ਇਹ 'ਰਾਖਵੀਂ' ਹੈ। ਉਦੋਂ ਹੀ ਮੀਰਾਬਾਈ ਲਾਂਗੇ ਵੈਨ ਵੱਲ ਆਉਂਦੀ ਹੈ ਅਤੇ ਆਪਣੀ ਸਾੜੀ ਠੀਕ ਕਰਦੀ ਹੋਈ ਉਸ ਖਾਲੀ ਛੱਡੀ ਸੀਟ 'ਤੇ ਬੈਠ ਜਾਂਦੀ ਹੈ ਅਤੇ ਮੰਗਲ ਉਹਨੂੰ ਕਲਾਵੇ ਵਿੱਚ ਭਰ ਲੈਂਦੀ ਹੈ। ਦਰਵਾਜਾ ਬੰਦ ਹੋ ਜਾਂਦਾ ਹੈ ਅਤੇ ਮੰਗਲ ਡਰਾਈਵਰ ਨੂੰ ਕਹਿੰਦੀ ਹੈ,"ਚੱਲ ਰੇ (ਚੱਲੋ ਹੁਣ)।"
ਮੰਗਲ ਉਮਰ 53 ਸਾਲ ਅਤੇ ਮੀਰਾਬਾਈ ਉਮਰ 65 ਸਾਲ ਦੋਵੇਂ ਨਾਸਿਕ ਦੇ ਡਿੰਡੋਰੀ ਤਾਲੁਕਾ ਦੇ ਪਿੰਡ ਸ਼ਿੰਦਵਾੜ ਤੋਂ ਹਨ। ਭਾਵੇਂ ਉਨ੍ਹਾਂ ਨੇ ਇਕੱਠਿਆਂ ਇੱਕੋ ਪਿੰਡ ਵਿੱਚ ਦਹਾਕੇ ਨਹੀਂ ਬਿਤਾਏ ਪਰ ਪਿਛਲੇ ਕੁਝ ਸਾਲਾਂ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਪਕੇਰਾ ਕਰ ਦਿੱਤਾ ਹੈ। "ਅਸੀਂ ਪਿੰਡ ਵਿੱਚ ਤਾਂ ਆਪਣੇ ਕੰਮਾਂ-ਕਾਰਾਂ ਅਤੇ ਘਰਾਂ ਵਿੱਚ ਹੀ ਰੁੱਝੀਆਂ ਰਹਿੰਦੀਆਂ ਹਾਂ," ਮੰਗਲ ਕਹਿੰਦੀ ਹੈ। "ਪ੍ਰਦਰਸ਼ਨ ਦੌਰਾਨ ਸਾਡੇ ਕੋਲ਼ ਗੱਪਾਂ ਮਾਰਨ ਦਾ ਸਮਾਂ ਹੁੰਦਾ ਹੈ।"
ਇਹ ਦੋਵੇਂ ਮਾਰਚ 2018 ਦੇ ਨਾਸਿਕ ਤੋਂ ਮੁੰਬਈ ਦੇ ਕਿਸਾਨ ਲੰਬੀ ਯਾਤਰਾ ਦੌਰਾਨ ਵੀ ਇਕੱਠੀਆਂ ਸਨ। ਨਵੰਬਰ 2018 ਵਿੱਚ ਉਨ੍ਹਾਂ ਨੇ ਕਿਸਾਨ ਮੁਕਤੀ ਮੋਰਚਾ ਵਾਸਤੇ ਇਕੱਠਿਆਂ ਦਿੱਲੀ ਕੂਚ ਕੀਤਾ ਸੀ। ਅਤੇ ਹੁਣ, ਨਾਸਿਕ ਤੋਂ ਦਿੱਲੀ ਜਾ ਰਹੀ ਵਾਹਨ ਰੈਲੀ ਦੇ ਜੱਥੇ ਵਿੱਚ ਸ਼ਾਮਲ ਹਨ। "ਪੋਟਾ ਸਾਥੀ (ਆਪਣੇ ਢਿੱਡ ਖਾਤਰ)," ਮੰਗਲ ਕਹਿੰਦੀ ਹੈ, ਜਦੋਂ ਮੈਂ ਉਸ ਕੋਲੋਂ ਪੁੱਛਿਆ ਕਿ ਉਹ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਨ ਕਿਉਂ ਜਾ ਰਹੀ ਹੈ।
ਕੇਂਦਰ ਸਰਕਾਰ ਦੁਆਰਾ ਸਤੰਬਰ 2020 ਨੂੰ ਪਾਸ ਕੀਤੇ ਤਿੰਨੋਂ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਰਾਸ਼ਟਰੀ ਰਾਜਧਾਨੀ ਦੇ ਨਾਲ਼ ਲੱਗਦੀਆਂ ਤਿੰਨੋਂ ਸੀਮਾਵਾਂ 'ਤੇ ਬੈਠੇ ਪ੍ਰਦਰਸ਼ਨ ਕਰ ਰਹੇ ਹਨ। ਆਪਣੇ ਸਮਰਥਨ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਖਾਤਰ 21 ਦਸੰਬਰ ਨੂੰ ਮਹਾਂਰਾਸ਼ਟਰ ਦੇ ਕਰੀਬ 2,000 ਕਿਸਾਨ ਨਾਸਿਕ ਤੋਂ ਤਿਆਰ ਹੋਏ ਜੱਥੇ ਦੇ ਰੂਪ ਵਿੱਚ ਦਿੱਲੀ ਜਾਣ ਲਈ ਨਿਕਲੇ ਹਨ, ਜੋ ਕਿ ਮੋਟਾ-ਮੋਟੀ 1400 ਕਿਲੋਮੀਟਰ ਦੂਰ ਹੈ। ਉਹ ਕੁੱਲ ਭਾਰਤੀ ਕਿਸਾਨ ਸਭਾ ਦੁਆਰਾ ਉਭਾਰੇ ਗਏ ਹਨ ਜੋ ਕਿ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੁਆਰਾ ਮਾਨਤਾ ਪ੍ਰਾਪਤ ਹੈ।
ਉਤਸ਼ਾਹੀ ਪ੍ਰਦਰਸ਼ਨਕਾਰੀਆਂ ਦੇ ਇਸ ਹਜੂਮ ਵਿੱਚ ਸ਼ਾਮਲ ਮੰਗਲ ਅਤੇ ਮੀਰਾਬਾਈ।
ਸਲੇਟੀ ਰੰਗੀ ਸਾੜੀ ਵਿੱਚ ਮਲਬੂਸ ਅਤੇ ਸਿਰ ਨੂੰ ਪੱਲੇ ਨਾਲ਼ ਢੱਕੀ, ਮੰਗਲ ਬਾਰੇ ਚਰਚਾ ਹੈ "ਇੱਥੇ ਹੋਣਾ ਹੀ ਕਾਫ਼ੀ ਹੈ"। ਜਿਸ ਵੇਲੇ ਦੋਵੇਂ ਨਾਸਿਕ ਦੇ ਉਸ ਮੈਦਾਨ ਵਿੱਚ ਦਾਖ਼ਲ ਹੋਈਆਂ ਜਿੱਥੋਂ ਜੱਥੇ ਨੇ 21 ਦਸੰਬਰ ਨੂੰ ਦਿੱਲੀ ਵਾਸਤੇ ਕੂਚ ਕਰਨਾ ਹੈ, ਉਹ ਉਸ ਟੈਂਪੂ ਦੀ ਭਾਲ਼ ਕਰਦੀ ਹੈ ਜਿਸ ਵਿੱਚ ਬਹਿ ਕੇ ਦੋਵਾਂ ਸਹੇਲੀਆਂ ਨੇ ਕਈ ਦਿਨਾਂ ਤੱਕ ਸੜਕ 'ਤੇ ਰਹਿਣਾ ਸੀ। ਮੀਰਾਬਾਈ ਨੇ ਪੁੱਛਗਿੱਛ ਦਾ ਕੰਮ ਉਸ 'ਤੇ ਛੱਡ ਦਿੱਤਾ। "ਮੈਂ ਅਗਲੇ ਵਰਤਾਰੇ ਦੀ ਉਡੀਕ ਕਰ ਰਹੀ ਹਾਂ," ਮੰਗਲ ਕਹਿੰਦੀ ਹੈ। "ਇਹ ਸਾਫ਼ ਤੌਰ 'ਤੇ ਕਿਸਾਨੀ-ਵਿਰੋਧੀ ਸਰਕਾਰ ਹੈ। ਅਸੀਂ ਕਿਸਾਨਾਂ ਦੇ ਦਿੱਲੀ ਬਾਰਡਰਾਂ 'ਤੇ ਡਟੇ ਹੋਣ ਦੀ ਸ਼ਲਾਘਾ ਕਰਦੇ ਹਾਂ ਅਤੇ ਅਸੀਂ ਆਪਣੀ ਹਮਾਇਤ ਦੇਣਾ ਚਾਹੁੰਦੇ ਹਾਂ।"
ਮੰਗਲ ਦਾ ਪਰਿਵਾਰ ਆਪਣੇ ਦੋ ਏਕੜ ਦੀ ਪੈਲੀ ਵਿੱਚ ਝੋਨੇ, ਕਣਕ ਅਤੇ ਪਿਆਜ਼ ਦੀ ਕਾਸ਼ਤ ਕਰਦਾ ਹੈ, ਪਰ ਉਹਦੀ ਆਮਦਨੀ ਦਾ ਮੁੱਢਲਾ ਸ੍ਰੋਤ ਖੇਤੀ ਮਜ਼ਦੂਰੀ ਹੈ ਜਿਸ ਦੇ ਬਦਲੇ ਉਹਨੂੰ 250 ਰੁਪਏ ਦਿਹਾੜੀ ਮਿਲ਼ਦੀ ਹੈ। ਜਦੋਂ ਉਹ ਇੱਕ ਹਫ਼ਤੇ ਤੱਕ ਚੱਲਣ ਵਾਲੇ ਵਿਰੋਧ ਪ੍ਰਦਰਸ਼ਨ ਵਿੱਚ ਭਾਗ ਲੈਣ ਦਾ ਫੈਸਲਾ ਕਰਦਾ ਹੈ, ਤਾਂ ਉਹ ਆਪਣੀ ਮਹੀਨੇਵਾਰ ਆਮਦਨੀ ਦਾ ਇੱਕ ਚੌਥਾਈ ਹਿੱਸਾ ਤਿਆਗ ਦਿੰਦੀ ਹੈ। "ਸਾਨੂੰ ਵੱਡੀ ਤਸਵੀਰ ਵੱਲ ਦੇਖਣ ਦੀ ਲੋੜ ਹੈ," ਉਹ ਕਹਿੰਦੀ ਹੈ। "ਇਹ ਧਰਨੇ ਪੂਰੇ ਦੀ ਪੂਰੀ ਕਿਸਾਨੀ ਭਾਈਚਾਰੇ ਖਾਤਰ ਹਨ।"
ਮੈਦਾਨ ਅੰਦਰ, ਵਾਹਨਾਂ ਨੂੰ ਇੱਕ ਸਿਰੇ ਤੋਂ ਦੂਜੇ ਸਿਰ ਤੱਕ ਕਤਾਰਬੱਧ ਕਰਦਿਆਂ 10 ਮਿੰਟ ਚੱਲੀ ਮੀਟਿੰਗ ਤੋਂ ਬਾਅਦ, ਮੀਰਾਬਾਈ, ਮੰਗਲ ਨੂੰ ਭਾਲ਼ਦੀ ਹੋਈ ਆਉਂਦੀ ਹੈ। ਉਹ ਉਹਨੂੰ ਸਭ ਕੁਝ ਸਮੇਟ ਲੈਣ ਦੀ ਸੈਨਤ ਮਾਰਦੀ ਹੈ। ਮੀਰਾਬਾਈ ਮੰਗਲ ਨੂੰ ਆਪਣੇ ਨਾਲ਼ ਸਟੇਜ ਤੱਕ ਲਿਜਾਣਾ ਚਾਹੁੰਦੀ ਹੈ, ਜਿੱਥੇ ਕਿਸਾਨ ਸਭਾ ਦੇ ਆਗੂ ਭਾਸ਼ਣ ਦੇ ਰਹੇ ਹਨ। ਮੰਗਲ ਮੀਰਾਬਾਈ ਨੂੰ ਸਾਡੀ ਗੱਲਬਾਤ ਵਿੱਚ ਸ਼ਾਮਲ ਹੋਣ ਬਾਰੇ ਪੁੱਛਦੀ ਹੈ। ਮੀਰਾਬਾਈ ਥੋੜ੍ਹੀ ਸ਼ਰਮਾਕਲ ਹੈ, ਪਰ ਦੋਵੇਂ ਕਿਸਾਨ ਔਰਤਾਂ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਉਹ ਅਤੇ ਬਾਕੀ ਦੇ ਕਿਸਾਨ ਪ੍ਰਦਰਸ਼ਨ ਕਿਉਂ ਕਰ ਰਹੇ ਹਨ ਅਤੇ ਇਨ੍ਹਾਂ ਖੇਤੀ ਕਨੂੰਨਾਂ ਦੇ ਮਾੜੇ ਸਿੱਟੇ ਕੀ ਹੋ ਸਕਦੇ ਹਨ।
"ਸਾਡੀ ਫ਼ਸਲ ਜ਼ਿਆਦਾ ਕਰਕੇ ਸਾਡੇ ਆਪਣੇ ਪਰਿਵਾਰਾਂ ਦੀ ਖਪਤ ਵਾਸਤੇ ਹੁੰਦੀ ਹੈ," ਮੰਗਲ ਕਹਿੰਦੀ ਹੈ। "ਜਦੋਂ ਵੀ ਅਸੀਂ ਪਿਆਜ ਅਤੇ ਚੌਲ ਵੇਚਣੇ ਹੁੰਦੇ ਹਨ ਤਾਂ ਅਸੀਂ ਉਨ੍ਹਾਂ ਵਾਨੀ ਦੀ ਮੰਡੀ ਵਿੱਚ ਵੇਚਦੇ ਹਾਂ।" ਵਾਨੀ ਦਾ ਕਸਬਾ ਨਾਸਿਕ ਜ਼ਿਲ੍ਹੇ ਵਿੱਚ ਪੈਂਦਾ ਹੈ, ਜੋ ਕਿ ਉਨ੍ਹਾਂ ਦੇ ਪਿੰਡ ਤੋਂ ਕਰੀਬ 15 ਕਿਲੋਮੀਟਰ ਦੂਰ ਹੈ, ਉੱਥੇ ਬੋਲੀ ਦੁਆਰਾ ਨਿੱਜੀ ਵਪਾਰੀਆਂ ਨੂੰ ਪੈਦਾਵਾਰ ਵੇਚੀ ਜਾਂਦੀ ਹੈ। ਕਈ ਵਾਰ ਕਿਸਾਨਾਂ ਨੂੰ ਐੱਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) ਮਿਲ਼ਦਾ ਹੈ ਅਤੇ ਕਈ ਵਾਰ ਨਹੀਂ ਵੀ ਮਿਲ਼ਦਾ। "ਨਵੇਂ ਕਨੂੰਨ ਇਹ ਯਕੀਨੀ ਬਣਾਉਣਗੇ ਕਿ ਜਿਨ੍ਹਾਂ ਨੂੰ ਐੱਮਐੱਸਪੀ ਮਿਲ਼ਦਾ ਵੀ ਉਨ੍ਹਾਂ ਨੂੰ ਵੀ ਨਾ ਮਿਲ਼ੇ। ਇਹ ਕਿਹਾ ਜਾਂਦਾ ਹੈ ਕਿ ਸਾਨੂੰ ਆਪਣੇ ਮੁੱਢਲੇ ਅਧਿਕਾਰਾਂ ਵਾਸਤੇ ਲੰਬਾ ਸਮਾਂ ਪ੍ਰਦਰਸ਼ਨ ਕਰਨਾ ਪਵੇਗਾ।"ਮਾਰਚ 2018 ਵਿੱਚ, ਕਿਸਾਨ ਲੰਬੀ ਯਾਤਰਾ ਦੌਰਾਨ, ਜਦੋਂ ਕਿਸਾਨਾਂ ਨੇ (ਜਿਨ੍ਹਾਂ ਵਿੱਚੋਂ ਬਹੁਤੇਰੇ ਆਦਿਵਾਸੀ ਭਾਈਚਾਰੇ ਤੋਂ ਸਨ) ਸੱਤ ਦਿਨ ਪੈਦਲ ਚੱਲ ਕੇ ਮੁੰਬਈ ਤੋਂ ਨਾਸਿਕ ਦੀ 180 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ, ਉਨ੍ਹਾਂ ਦੀ ਮੁੱਖ ਮੰਗ ਸੀ ਵਾਹੀ ਵਾਲ਼ੀ ਜ਼ਮੀਨ ਉਨ੍ਹਾਂ ਦੇ ਨਾਵਾਂ 'ਤੇ ਕੀਤੀ ਜਾਵੇ। "ਨਾਸਿਕ-ਮੁੰਬਈ ਮੋਰਚੇ ਤੋਂ ਬਾਅਦ ਇਸ ਪ੍ਰਕਿਰਿਆ ਵਿੱਚ ਥੋੜ੍ਹੀ ਤੇਜ਼ੀ ਆਈ," ਮੀਰਾਬਾਈ ਕਹਿੰਦੀ ਹੈ, ਜੋ 1.5 ਏਕੜ ਵਿੱਚ ਝੋਨੇ ਦੀ ਕਾਸ਼ਤ ਕਰਦੀ ਹੈ।
"ਪਰ ਇਹ ਥਕਾਉਣ ਵਾਲ਼ਾ ਸੀ। ਮੈਨੂੰ ਯਾਦ ਹੈ ਹਫ਼ਤੇ ਦੇ ਅਖੀਰ ਵਿੱਚ ਮੇਰੀ ਪਿੱਠ ਵਿੱਚ ਭਿਅੰਕਰ ਦਰਦ ਸ਼ੁਰੂ ਹੋ ਗਿਆ ਸੀ। ਪਰ ਅਸੀਂ ਕਰ ਦਿਖਾਇਆ। ਮੇਰੀ ਉਮਰ ਵੱਧ ਹੋਣ ਕਰਕੇ ਮੰਗਲ ਦੇ ਮੁਕਾਬਲੇ ਇਹ ਮੇਰੇ ਲਈ ਥੋੜ੍ਹਾ ਜ਼ਿਆਦਾ ਮੁਸ਼ਕਲ ਸੀ।"
2018 ਦੇ ਉਸ ਹਫ਼ਤਾ ਚੱਲੇ ਲੰਬੇ ਮਾਰਚ ਦੌਰਾਨ, ਮੰਗਲ ਅਤੇ ਮੀਰਾਬਾਈ ਨੇ ਇੱਕ ਦੂਸਰੇ ਦਾ ਖਿਆਲ਼ ਰੱਖਿਆ। "ਮੈਂ ਉਹਦਾ ਇੰਤਜ਼ਾਰ ਕਰਦੀ ਜੇਕਰ ਉਹ ਥੱਕ ਜਾਂਦੀ ਅਤੇ ਉਹ ਮੈਨੂੰ ਉਡੀਕਦੀ ਜੇਕਰ ਮੇਰੇ ਤੋਂ ਤੁਰਿਆ ਨਾ ਜਾਂਦਾ," ਮੰਗਲ ਦੱਸਦੀ ਹੈ। "ਇਸ ਤਰ੍ਹਾਂ ਨਾਲ਼ ਤੁਸੀਂ ਆਪਣੇ ਔਖੇ ਸਮੇਂ ਨੂੰ ਪਾਰ ਕਰ ਜਾਂਦੇ ਹੋ। ਅੰਤ ਵਿੱਚ ਇਹਦਾ ਮੁੱਲ ਪਿਆ। ਇਹਨੇ ਸੁੱਤੀ ਸਰਕਾਰ ਨੂੰ ਹਲੂਣਨ ਵਾਸਤੇ ਸਾਡੇ ਜਿਹੇ ਹੋਰ ਕਈ ਲੋਕਾਂ ਨੂੰ ਇੱਕ ਹਫ਼ਤੇ ਤੱਕ ਨੰਗੇ ਪੈਰੀਂ ਤੋਰੀ ਰੱਖਿਆ।"
ਅਤੇ ਹੁਣ, ਇੱਕ ਵਾਰ ਦੋਬਾਰਾ, ਉਹ ਮੋਦੀ ਸਰਕਾਰ ਨੂੰ 'ਜਗਾਉਣ ਵਾਸਤੇ' ਦਿੱਲੀ ਦੇ ਰਾਹ 'ਤੇ ਹਨ। "ਅਸੀਂ ਓਨਾ ਚਿਰ ਦਿੱਲੀ ਰੁਕਣ ਨੂੰ ਤਿਆਰ ਹਾਂ ਜਦੋਂ ਤੱਕ ਕਿ ਸਰਕਾਰ ਇਨ੍ਹਾਂ ਬਿੱਲਾਂ ਨੂੰ ਵਾਪਸ ਨਹੀਂ ਲੈ ਲੈਂਦੀ," ਮੰਗਲ ਕਹਿੰਦੀ ਹੈ। "ਅਸੀਂ ਕਾਫ਼ੀ ਮਾਤਰਾ ਵਿੱਚ ਗਰਮ ਕੱਪੜੇ ਰੱਖ ਲਏ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੈਂ ਦਿੱਲੀ ਜਾ ਰਹੀ ਹਾਂ।"
ਮੰਗਲ 1990 ਵਿੱਚ ਪਹਿਲੀ ਵਾਰ ਰਾਜਧਾਨੀ ਗਈ ਸੀ। "ਉਦੋਂ ਨਾਨਾਸਾਹੇਬ ਮਾਲੂਸਾਰੇ ਨਾਲ਼ ਸਨ," ਉਹ ਕਹਿੰਦੀ ਹੈ। ਮਾਲੂਸਾਰੇ ਨਾਸਿਕ ਅਤੇ ਮਹਾਂਰਾਸ਼ਟਰ ਦੀ ਕਿਸਾਨ ਸਭ ਦੇ ਵੱਡੇ ਆਗੂ ਸਨ। 30 ਸਾਲ ਬੀਤਣ ਤੋਂ ਬਾਅਦ ਵੀ ਕਿਸਾਨਾਂ ਦੀਆਂ ਮੰਗਾਂ ਉਹੀ ਹਨ। ਦੋਵੇਂ ਮੰਗਲ ਅਤੇ ਮੀਰਾਬਾਈ ਕੌਲੀ ਮਹਾਂਦੇਵ ਭਾਈਚਾਰੇ ਨਾਲ਼ ਸਬੰਧਤ ਹਨ, ਜੋ ਕਿ ਪਿਛੜਿਆ ਕਬੀਲਾ ਹੈ ਅਤੇ ਤਕਨੀਕੀ ਤੌਰ 'ਤੇ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਦਹਾਕਿਆਂ ਤੋਂ ਕਾਸ਼ਤ ਕਰਦੇ ਆਇਆ ਹੈ। "ਕਨੂੰਨ ਦੇ ਬਾਵਜੂਦ, ਅਸੀਂ ਇਸ ਦੇ ਮਾਲਕ ਨਹੀਂ ਹਾਂ," ਉਹ
2006 ਦੇ ਜੰਗਲਾਤ ਅਧਿਕਾਰ ਕਨੂੰਨ
ਦਾ ਹਵਾਲਾ ਦਿੰਦਿਆਂ ਕਹਿੰਦੇ ਹਨ, ਜਿਹੜਾ ਉਨ੍ਹਾਂ ਨੂੰ ਜ਼ਮੀਨ ਦੀ ਮਲਕੀਅਤ ਦਾ ਹੱਕਦਾਰ ਬਣਾਉਂਦਾ ਹੈ।
ਹੋਰਨਾਂ ਪ੍ਰਦਰਸ਼ਨਕਾਰੀਆਂ ਵਾਂਗ, ਉਹ ਵੀ ਨਵੇਂ ਖੇਤੀ ਕਨੂੰਨਾਂ ਨੂੰ ਲੈ ਕੇ ਸਹਿਮੀਆਂ ਹਨ ਜੋ ਕਿ ਖੇਤੀ ਨੂੰ ਠੇਕੇ ਦੀ ਖੇਤੀ ਵਿੱਚ ਬਦਲ ਦੇਣਗੇ। ਕਈ ਇਹਦੀ ਅਲੋਚਨਾ ਕੀਤੀ ਹੈ ਅਤੇ ਉਨ੍ਹਾਂ ਨੇ ਦੱਸਿਆ ਹੈ ਕਿਸਾਨਾਂ ਵੱਲੋਂ ਇਕਰਾਰਨਾਮੇ ਵਿੱਚ ਦਾਖਲ਼ ਹੁੰਦਿਆਂ ਹੀ ਉਹ ਆਪਣੇ ਹੀ ਖੇਤਾਂ ਵਿੱਚ ਆਪਣੀ ਹੀ ਜ਼ਮੀਨ ਵਿੱਚ ਇਨ੍ਹਾਂ ਵੱਡੇ ਕਾਰਪੋਰੇਟਾਂ ਦੇ ਬੰਦੀ ਮਜ਼ਦੂਰ ਬਣ ਕੇ ਰਹਿ ਜਾਣਗੇ। "ਅਸੀਂ ਦਹਾਕਿਆਂ ਤੋਂ ਆਪਣੀਆਂ ਜ਼ਮੀਨਾਂ ਲਈ ਲੜਦੇ ਆਏ ਹਾਂ," ਮੰਗਲ ਕਹਿੰਦੀ ਹੈ। "ਆਪਣੀ ਜ਼ਮੀਨ 'ਤੇ ਆਪਣੇ ਨਿਰੰਤਰਣ ਹੋਣਾ ਕੀ ਹੁੰਦੀ ਹੈ ਉਹਦੀ ਅਹਿਮੀਅਤ ਅਸੀਂ ਜਾਣਦੇ ਹਾਂ। ਅਸੀਂ ਆਪਣੀ ਪੂਰੀ ਜ਼ਿੰਦਗੀ ਇਸੇ ਹੱਕ ਵਾਸਤੇ ਲੜਦਿਆਂ ਕੱਟ ਲਈ ਹੈ। ਸਾਡੇ ਹੱਥ ਬਹੁਤ ਥੋੜ੍ਹਾ ਕੁਝ ਆਇਆ ਹੈ। ਪਰ ਇਸ ਪ੍ਰਕਿਰਿਆ ਵਿੱਚ, ਅਸੀਂ ਆਪਣੀਆਂ ਸਾਂਝੀਆਂ ਅੜਚਨਾਂ ਦੇ ਜ਼ਰੀਏ ਦੀ ਚੰਗੇ ਦੋਸਤ ਬਣਾਏ।"
ਅਤੇ ਉਨ੍ਹਾਂ ਦੀ ਆਪਣੀ ਦੋਸਤੀ ਦੇ ਡੂੰਘੇ ਰਿਸ਼ਤੇ ਵਿੱਚ ਬੱਝ ਗਈ। ਮੀਰਾਬਾਈ ਅਤੇ ਮੰਗਲ ਇੱਕ ਦੂਜੇ ਦੀਆਂ ਆਦਤਾਂ ਤੋਂ ਜਾਣੂ ਹਨ। ਭਾਵੇਂ ਮੀਰਾਬਾਈ ਉਮਰ ਵਿੱਚ ਵੱਡੀ ਹੈ, ਮੰਗਲ ਵੀ ਉਹਦੇ ਪ੍ਰਤੀ ਰੱਖਿਆਤਮਕ ਪ੍ਰਤੀਤ ਹੁੰਦੀ ਹੈ। ਉਹਦੇ ਵਾਸਤੇ ਸੀਟ ਰੱਖੇ ਜਾਣ ਤੋਂ ਲੈ ਕੇ, ਉਹਦੇ ਨਾਲ਼ ਗੁ਼ਸਲਖਾਨੇ ਜਾਣਾ ਸ਼ਾਮਲ ਹੈ, ਦੋਵੇਂ ਅਭਿੰਨ ਜਾਪਦੀਆਂ ਹਨ। ਜਦੋਂ ਜੱਥੇ ਵਿੱਚ ਸ਼ਾਮਲ ਸੰਸਥਾਵਾਂ ਪ੍ਰਦਰਸ਼ਨਕਾਰੀਆਂ ਨੂੰ ਕੇਲੇ ਵੰਡਦੀਆਂ ਹਨ, ਮੰਗਲ ਮੀਰਾਬਾਈ ਵਾਸਤੇ ਇੱਕ ਕੇਲਾ ਵੱਧ ਲੈ ਲੈਂਦੀ ਹੈ।
ਇੰਟਰਵਿਊ ਦੇ ਅਖੀਰ ਵਿੱਚ, ਮੈਂ ਮੰਗਲ ਦਾ ਫ਼ੋਨ ਨੰਬਰ ਮੰਗਿਆ। ਫਿਰ ਮੈਂ ਮੀਰਾਬਾਈ ਦਾ ਵੀ ਫ਼ੋਨ ਨੰਬਰ ਮੰਗਿਆ। "ਤੁਹਾਨੂੰ ਇਹਦੀ ਲੋੜ ਨਹੀਂ," ਮੁਸਕਰਾਉਂਦਿਆਂ ਮੰਗਲ ਕਹਿੰਦੀ ਹੈ। "ਤੁਸੀਂ ਮੇਰੇ ਹੀ ਫ਼ੋਨ ਨੰਬਰ 'ਤੇ ਉਸ ਨਾਲ਼ ਵੀ ਸੰਪਰਕ ਕਰ ਸਕਦੇ ਹੋ।"
ਪੋਸਟਸਕਰਿਪਟ - ਇਹ ਪੱਤਰਕਾਰ ਮੰਗਲ ਅਤੇ ਮੀਰਾਬਾਈ ਨੂੰ 21 ਅਤੇ 22 ਦਸੰਬਰ ਨੂੰ ਮਿਲ਼ੇ। 23 ਦਸੰਬਰ ਦੀ ਸਵੇਰ ਉਨ੍ਹਾਂ ਦੋਵਾਂ ਨੇ ਜੱਥਾ ਛੱਡਣ ਦਾ ਮਨ ਬਣਾਇਆ। ਜਦੋਂ 24 ਦਸੰਬਰ ਨੂੰ ਮੈਂ ਉਨ੍ਹਾਂ ਨਾਲ਼ ਫ਼ੋਨ 'ਤੇ ਗੱਲ ਕੀਤੀ ਤਾਂ ਮੰਗਲ ਨੇ ਕਿਹਾ,"ਅਸੀਂ ਮੱਧ ਪ੍ਰਦੇਸ਼ ਸੀਮਾਂ ਤੋਂ ਹੀ ਵਾਪਸ ਘਰ ਮੁੜ ਦਾ ਮਨ ਬਣਾਇਆ ਹੈ ਕਿਉਂਕਿ ਅਸੀਂ ਇੰਨੀ ਠੰਡ ਬਰਦਾਸ਼ਤ ਨਹੀਂ ਕਰ ਸਕਦੀਆਂ।" ਯਾਤਰਾ ਦੌਰਾਨ ਟੈਂਪੂ ਅੰਦਰ ਯਖ ਕਰ ਸੁੱਟਣ ਵਾਲ਼ੀ ਸੀਤ ਵੜ੍ਹਦੀ ਰਹੀ, ਜੋ ਕਿ ਪਿੱਛੋਂ ਪੂਰੀ ਤਰ੍ਹਾਂ ਖੁੱਲ੍ਹਾ ਹੁੰਦਾ ਹੈ, ਇਹ ਹਵਾ ਬਰਦਾਸ਼ਤ ਤੋਂ ਬਾਹਰ ਹੋ ਰਹੀ ਸੀ। ਇਹ ਅਹਿਸਾਸ ਹੁੰਦਿਆਂ ਵੀ ਕਿ ਸਰਦੀਆਂ ਦਾ ਮੁਕਾਬਲਾ ਕਰਨਾ ਸਿਰਫ਼ ਮਜ਼ਬੂਤ ਬਣਾਉਂਦਾ ਹੈ, ਫਿਰ ਵੀ ਉਨ੍ਹਾਂ ਨੇ ਆਪਣੀ ਸਿਹਤ ਨਾਲ਼ ਖਤਰਾ ਮੁੱਲ ਨਾ ਲੈਂਦਿਆਂ ਵਾਪਸ ਆਪਣੇ ਪਿੰਡ ਸ਼ਿੰਦਵਾੜ ਮੁੜਨ ਦਾ ਫ਼ੈਸਲਾ ਕਰ ਲਿਆ। "ਮੀਰਾਬਾਈ ਨੂੰ ਠੰਡ ਲੱਗ ਗਈ ਹੈ। ਮੈਨੂੰ ਖ਼ੁਦ ਨੂੰ ਵੀ ਲੱਗ ਗਈ ਹੈ," ਮੰਗਲ ਨੇ ਕਿਹਾ। ਨਾਸਿਕ ਵਿੱਚ ਇਕੱਠੇ ਹੋਏ 2000 ਕਿਸਾਨਾਂ ਵਿੱਚੋਂ ਕਰੀਬ 1000 ਕਿਸਾਨਾਂ ਨੇ ਮੱਧ ਪ੍ਰਦੇਸ਼ ਦੀਆਂ ਸੀਮਾਵਾਂ ਤੋਂ ਅੱਗੇ ਦੇਸ਼ ਦੀ ਰਾਜਧਾਨੀ ਜਾਣ ਵਾਸਤੇ ਹਾਲੇ ਤੱਕ ਯਾਤਰਾ ਜਾਰੀ ਰੱਖੀ ਹੋਈ ਹੈ।
ਤਰਜਮਾ: ਕਮਲਜੀਤ ਕੌਰ