ਨਾਰੀਅਲ ਦੇ ਰੁੱਖਾਂ ਹੇਠ ਖੜ੍ਹੀ ਤਨਕੰਮਾ ਏ.ਕੇ. ਭੁੰਜੇ ਡਿੱਗੀ ਟਹਿਣੀ ਚੁੱਕ ਕੇ ਤੇ ਉਹਨੂੰ ਖੜਕਾ ਕੇ ਆਪਣੇ ਆਉਣ ਦਾ ਐਲਾਨ ਕਰਦੀ ਹਨ। ਟਹਿਣੀ ਨੂੰ ਖੜਕਾ-ਖੜਕਾ ਕੇ ਆਪਣਾ ਰਾਹ ਬਣਾਉਂਦਿਆਂ ਉਹ ਕਹਿੰਦੇ ਹਨ,''ਮੈਂ ਇੰਨੇ ਝਾੜੀਆਂ ਉੱਗੇ ਪਲਾਟਾਂ ਵਿੱਚ ਬੜੇ ਧਿਆਨ ਨਾਲ਼ ਜਾਂਦੀ ਹਾਂ। ਮੈਂ ਟਹਿਣੀ ਨਾਲ਼ ਖੜਾਕ ਕਰਦੀ ਹਾਂ ਤਾਂਕਿ ਜੇ ਕਿਤੇ ਕੋਈ ਸੱਪ ਹੋਵੇ ਤਾਂ ਚਲਾ ਜਾਵੇ।'' ਇੰਝ ਤੁਰਦਿਆਂ ਉਹ ਇਸ ਗੱਲ ਦਾ ਖ਼ਾਸ ਧਿਆਨ ਰੱਖਦੀ ਹਨ ਕਿ ਸੰਘਣੀਆਂ ਵੇਲਾਂ, ਟੁੱਟੀਆਂ ਟਹਿਣੀਆਂ ਤੇ ਨਾਰੀਅਲ ਦੇ ਰੁੱਖ ਹੇਠ ਉੱਗੇ ਜੰਗਲੀ ਘਾਹ ਹੇਠਾਂ ਕੋਈ ਜੀਵ ਲੁਕ ਕੇ ਨਾ ਬੈਠਾ ਹੋਵੇ।
ਇਹ ਉਜਾੜ ਥਾਂ ਏਰਨਾਕੁਲਮ ਦੀ ਇੱਕ ਹਾਊਸਿੰਗ ਕਲੋਨੀ ਦੀ ਖਾਲੀ ਪਈ ਜ਼ਮੀਨ ਦਾ ਇੱਕ ਹਿੱਸਾ ਹੈ। ''ਇੰਝ ਰਾਹ ਵਿੱਚ ਨਾਰੀਅਲ ਲੱਭਣਾ ਖ਼ੁਸ਼ਕਿਸਮਤੀ ਦੀ ਨਿਸ਼ਾਨੀ ਹੈ!'' 62 ਸਾਲਾ ਔਰਤ ਦਾ ਕਹਿਣਾ ਹੈ, ਜੋ ਰੋਜ਼ੀ-ਰੋਟੀ ਕਮਾਉਣ ਖ਼ਾਤਰ ਡਿੱਗੇ ਨਾਰੀਅਲ ਨੂੰ ਇਕੱਠਾ ਕਰਕੇ ਵੇਚਦੀ ਹੈ। ਨਾਰੀਅਲ ਕਈ ਮਲਿਆਲੀ ਪਕਵਾਨਾਂ ਵਿੱਚ ਖ਼ਾਸ ਤੌਰ 'ਤੇ ਇਸਤੇਮਾਲ ਹੁੰਦਾ ਹੈ ਤੇ ਇਸ ਫਲ ਦੀ ਮੰਗ ਪੂਰਾ ਸਾਲ ਬਣੀ ਰਹਿੰਦੀ ਹੈ।
ਲੰਬੇ ਘਾਹ ਵਿੱਚੋਂ ਦੀ ਬੜੀ ਸਾਵਧਾਨੀ ਨਾਲ਼ ਅੱਗੇ ਵੱਧਦਿਆਂ ਤਨਕੰਮਾ ਕਹਿੰਦੀ ਹਨ,''ਪਹਿਲਾਂ-ਪਹਿਲ ਮੈਂ ਆਪਣਾ ਕੰਮ ਮੁਕਾ ਕੇ ਗੁਆਂਢੀ ਇਲਾਕੇ (ਪੁਥਿਆ ਰੋਡ ਜੰਕਸ਼ਨ) ਤੋਂ ਨਾਰੀਅਲ ਚੁਗਣ ਜਾਂਦੀ ਸਾਂ, ਪਰ ਹੁਣ ਮੇਰੀ ਬੀਮਾਰੀ ਕਾਰਨ ਉੱਥੇ ਜਾਣਾ ਸੰਭਵ ਨਹੀਂ ਹੈ।'' ਥੋੜ੍ਹੇ-ਥੋੜ੍ਹੇ ਚਿਰ ਬਾਅਦ ਰੁੱਕ ਕੇ ਉਹ ਹੰਭਣ ਲੱਗਦੀ ਹਨ ਤੇ ਚੁੰਧਿਆ ਸੁੱਟਣ ਵਾਲ਼ੀ ਧੁੱਪ ਵਿੱਚ ਕਿਸੇ ਤਰ੍ਹਾਂ ਬੱਚਦੇ-ਬਚਾਉਂਦੇ ਡਿੱਗੇ ਫਲ ਦੇਖਣ ਲਈ ਰੁੱਕਦੀ ਹਨ।
ਪੰਜ ਸਾਲ ਪਹਿਲਾਂ ਤਨਕੰਮਾ ਨੂੰ ਸਾਹ ਫੁੱਲਣ, ਬਹੁਤ ਜ਼ਿਆਦਾ ਥਕਾਵਟ ਰਹਿਣ ਤੇ ਥਾਇਰਾਈਡ-ਸਬੰਧੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਕਾਰਨ ਉਨ੍ਹਾਂ ਨੂੰ ਘਰਾਂ ਦਾ ਕੰਮ ਕਰਨ ਦੀ ਆਪਣੀ ਨੌਕਰੀ (ਕੁਲਵਕਤੀ) ਛੱਡਣ ਲਈ ਮਜ਼ਬੂਰ ਹੋਣਾ ਪਿਆ ਤੇ 6,000 ਰੁਪਏ ਦੀ ਉਸ ਕਮਾਈ ਤੋਂ ਵੀ ਹੱਥ ਧੋਣਾ ਪਿਆ ਜੋ ਉਨ੍ਹਾਂ ਨੂੰ ਹਰ ਮਹੀਨੇ ਹੁੰਦੀ ਸੀ। ਪਰ ਤਨਕੰਮਾ ਵਾਸਤੇ ਕੰਮ ਛੱਡ ਕੇ ਘਰੇ ਬੈਠਣਾ ਸੰਭਵ ਹੀ ਨਹੀਂ ਸੀ, ਉਨ੍ਹਾਂ ਲਈ ਕਮਾਈ ਕਰਨਾ ਜ਼ਰੂਰੀ ਸੀ। ਇਸਲਈ ਉਨ੍ਹਾਂ ਨੇ ਥੋੜ੍ਹੇ ਘੱਟ-ਥਕਾਊ ਕੰਮ ਭਾਲ਼ੇ ਤੇ ਗੁਆਂਢ ਦੇ ਘਰਾਂ ਦੇ ਵਿਹੜੇ ਹੂੰਝਣ ਜਿਹੇ ਕੰਮ ਫੜ੍ਹ ਲਏ। ਪਰ ਜਿਓਂ ਹੀ ਕੋਵਿਡ-19 ਨੇ ਦਸਤਕ ਦਿੱਤੀ, ਇਹ ਕੰਮ ਵੀ ਬੰਦ ਹੋ ਗਿਆ।
ਇਸ ਤਰ੍ਹਾਂ ਉਜੜੀਆਂ ਥਾਵਾਂ ਤੇ ਖਾਲੀ ਪਏ ਪਲਾਟਾਂ ਵਿੱਚ ਡਿੱਗੇ ਨਾਰੀਅਲ ਨੂੰ ਵੇਚ ਕੇ ਹੀ ਤਨਕੰਮਾ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਉਨ੍ਹਾਂ ਨੂੰ ਹਰ ਮਹੀਨੇ ਰਾਜ ਵੱਲੋਂ 1,600 ਸਰਕਾਰੀ ਪੈਨਸ਼ਨ ਵੀ ਮਿਲ਼ਦੀ ਹੈ।
ਖਾਲੀ ਪਈਆਂ ਜ਼ਮੀਨਾਂ ਤੋਂ ਬੇਧੜਕ ਹੋ ਕੇ ਨਾਰੀਅਲ ਚੁਗਣ ਜਾਣ ਨੂੰ ਲੈ ਕੇ ਤਨਕੰਮਾ ਕਹਿੰਦੀ ਹਨ,''ਇਨ੍ਹਾਂ ਖਾਲੀ ਥਾਵਾਂ ਵਿੱਚ ਜਾਣ ਤੋਂ ਮੈਨੂੰ ਕਦੇ ਕਿਸੇ ਨੇ ਨਹੀਂ ਰੋਕਿਆ। ਹਰ ਕੋਈ ਮੈਨੂੰ ਜਾਣਦਾ ਹੈ ਤੇ ਇਹ ਵੀ ਜਾਣਦਾ ਹੈ ਕਿ ਮੇਰਾ ਮਤਲਬ ਕੋਈ ਨੁਕਸਾਨ ਪਹੁੰਚਾਉਣਾ ਨਹੀਂ।''
ਤਨਕੰਮਾ ਆਪਣੇ ਕੰਮ ਬਾਰੇ ਦੱਸਦੀ ਹੋਈ ਨਾਲ਼ੋਂ-ਨਾਲ਼ ਰੁੱਖਾਂ ਦੀਆਂ ਲਮਕਦੀਆਂ ਟਹਿਣੀਆਂ ਨੂੰ ਤੋੜ ਕੇ ਘਾਹ-ਬੂਟ ਨੂੰ ਪਰ੍ਹਾਂ ਕਰਦੀ ਜਾਂਦੀ ਹਨ ਤਾਂਕਿ ਹੇਠਾਂ ਡਿੱਗੇ ਨਾਰੀਅਲਾਂ ਤੱਕ ਪਹੁੰਚ ਬਣ ਸਕੇ। ਜਿਓਂ ਹੀ ਉਨ੍ਹਾਂ ਨੂੰ ਕੰਧ ਦੇ ਨੇੜੇ ਨਾਰੀਅਲ ਪਿਆ ਲੱਭਦਾ ਹੈ ਤਾਂ ਉਹ ਹੋਰ-ਹੋਰ ਨਾਰੀਅਲਾਂ ਦੀ ਆਪਣੀ ਭਾਲ਼ ਜਾਰੀ ਰੱਖਦੀ ਹਨ।
ਇੱਕ ਘੰਟਾ ਨਾਰੀਅਲ ਲੱਭਣ ਤੋਂ ਬਾਅਦ ਅਖ਼ੀਰ ਉਹ ਕੰਮ ਬੰਦ ਕਰ ਦਿੰਦੀ ਹਨ। ਤਨਕੰਮਾ ਕੰਧ ਦੇ ਨਾਲ਼ ਲੱਗਦੇ ਵਿਹੜੇ ਵਿੱਚ ਜਾਂਦੀ ਹਨ ਜਿੱਥੇ ਘਰ ਦਾ ਮਾਲਕ ਉਨ੍ਹਾਂ ਨੂੰ ਪੀਣ ਲਈ ਪਾਣੀ ਦਿੰਦਾ ਹੈ। ਇਹ ਪਰਿਵਾਰ ਕਦੇ ਤਨਕੰਮਾ ਦਾ ਮਾਲਕ ਹੋਇਆ ਕਰਦਾ ਸੀ।
ਪਾਣੀ ਪੀਣ ਤੋਂ ਬਾਅਦ ਤਰੋਤਾਜ਼ਾ ਹੋ ਕੇ ਤਨਕੰਮਾ ਆਪਣੇ ਕੱਪੜਿਆਂ ਤੋਂ ਪੱਤੇ ਤੇ ਘਾਹ-ਬੂਟ ਝਾੜਦੀ ਹਨ ਤੇ ਫਿਰ ਨਾਰੀਅਲਾਂ ਨੂੰ ਛਾਂਟਣ ਲੱਗਦੀ ਹਨ। ਉਹ ਉਨ੍ਹਾਂ ਨੂੰ ਅੱਡ-ਅੱਡ ਬੋਰੀਆਂ ਵਿੱਚ ਪਾਉਂਦੀ ਹਨ ਜੋ ਉਨ੍ਹਾਂ ਨੇ ਹੋਟਲ ਤੇ ਨੇੜੇ-ਤੇੜੇ ਦੇ ਘਰਾਂ ਵਿੱਚ ਵੇਚਣੇ ਹਨ। ਇੱਕ ਆਮ ਅਕਾਰ ਦਾ ਨਾਰੀਅਲ 20 ਰੁਪਏ ਵਿੱਚ ਤੇ ਵੱਡਾ ਵਾਲ਼ਾ ਨਾਰੀਅਲ 30 ਰੁਪਏ ਵਿੱਚ ਵਿਕਦਾ ਹੈ।
ਇੱਕ ਵਾਰ ਛਟਾਈ ਕਰਨ ਤੋਂ ਬਾਅਦ, ਤਨਕੰਮਾ ਨਰੋਆ ਮਹਿਸੂਸ ਕਰਦੀ ਹਨ ਤੇ ਫੁਰਤੀ ਨਾਲ਼ ਆਪਣੇ ਕੰਮ ਦੇ ਕੱਪੜੇ-ਪੁਰਾਣੀ ਨਾਈਟੀ- ਬਦਲ ਕੇ ਸਾੜੀ ਪਹਿਨਦੀ ਹਨ ਤੇ ਪੁਤਿਆ ਰੋਡ ਜੰਕਸ਼ਨ ਜਾਣ ਵਾਸਤੇ ਬੱਸ ਫੜ੍ਹਨ ਵੱਲ ਭੱਜਦੀ ਹਨ। ਉੱਥੇ ਉਹ ਇੱਕ ਹੋਟਲ ਨੂੰ ਨਾਰੀਅਲ ਵੇਚਦੀ ਹਨ।
''ਮੈਨੂੰ ਹਰ ਵਾਰੀਂ ਨਾਰੀਅਲ ਨਹੀਂ ਵੀ ਮਿਲ਼ਦੇ। ਕੁੱਲ ਮਿਲ਼ਾ ਕੇ ਕਿਸਮਤ ਦੀ ਗੱਲ ਹੈ। ਕਈ ਵਾਰੀਂ ਕਾਫ਼ੀ ਸਾਰੇ ਮਿਲ਼ ਜਾਂਦੇ ਹਨ ਤੇ ਕਈ ਵਾਰੀਂ ਇੱਕ ਵੀ ਨਹੀਂ,'' ਉਹ ਕਹਿੰਦੀ ਹਨ।
ਨਾਰੀਅਲ ਦੇ ਰੁੱਖਾਂ ਵੱਲ ਨਿਗਾਹ ਮਾਰਨੀ ਔਖ਼ੀ ਹੁੰਦੀ ਜਾਂਦੀ ਹੈ, ਤਨਕੰਮਾ ਅਫ਼ਸੋਸ ਜਤਾਉਂਦੀ ਹਨ। ਬੋਲ਼ਦੇ ਵੇਲ਼ੇ ਉਨ੍ਹਾਂ ਦੀ ਅਵਾਜ਼ ਭਾਰੀ ਹੋ ਜਾਂਦੀ ਹੈ, ''ਮੇਰਾ ਸਿਰ ਘੁੰਮਣ ਲੱਗਦਾ ਹੈ।'' ਆਪਣੀ ਸਿਹਤ ਵਿੱਚ ਆਉਂਦੀ ਗਿਰਾਵਟ ਵਾਸਤੇ ਉਹ ਉਸ ਪ੍ਰਦੂਸ਼ਣ ਨੂੰ ਦੋਸ਼ ਦਿੰਦੀ ਹਨ ਜੋ ਉਨ੍ਹਾਂ ਘਰ ਦੇ ਨੇੜੇ-ਤੇੜੇ ਬਣੇ ਕਾਰਖ਼ਾਨਿਆਂ ਵਿੱਚੋਂ ਦੀ ਨਿਕਲ਼ਦਾ ਹੈ।
ਦੂਜੇ ਪਾਸੇ ਤਨਕੰਮਾ ਨੂੰ ਆਪਣੇ ਭੋਜਨ ਵਿੱਚ ਨਾਰੀਅਲ ਦੀ ਵਰਤੋਂ ਪਸੰਦ ਨਹੀਂ ਹੈ। ''ਮੈਨੂੰ ਨਾਰੀਅਲ ਦੇ ਬਣੇ ਪਕਵਾਨ ਖਾਣ ਵਿੱਚ ਮਜ਼ਾ ਨਹੀਂ ਆਉਂਦਾ। ਜਦੋਂ ਮੈਂ ਪੁਤੂ (ਭਾਫ਼ ਨਾਲ਼ ਪਕਾਏ ਚੌਲ਼ਾਂ ਦਾ ਕੇਕ) ਜਾਂ ਅਯਾਲਾ (ਮੈਕਰੇਲ) ਕੜ੍ਹੀ ਬਣਾਉਂਦੀ ਹਾਂ ਤਾਂ ਸਿਰਫ਼ ਉਦੋਂ ਹੀ ਨਾਰੀਅਲ ਦੀ ਵਰਤੋਂ ਕਰਦੀ ਹਾਂ,'' ਉਹ ਕਹਿੰਦੀ ਹਨ। ਉਹ ਬਾਲ਼ਣ ਵਿੱਚ ਉਸ ਬੂਰੇ ਦੀ ਵਰਤੋਂ ਕਰਦੀ ਹਨ ਤੇ ਉਸ ਕੋਪਰੇ (ਗਿਰੀ) ਦੀ ਜੋ ਨਾਰੀਅਲ ਤੇਲ ਕਢਾਉਣ ਤੋਂ ਬਾਅਦ ਬੱਚਦਾ ਹੈ। ਬੋਨਸਾਈ ਦੀ ਖੇਤੀ ਵਾਸਤੇ ਉਨ੍ਹਾਂ ਦੇ ਬੇਟੇ ਕਣਨ ਨੂੰ ਪੁੰਗਰੇ ਬੀਜ ਸੌਂਪ ਦਿੱਤੇ ਜਾਂਦੇ ਹਨ।
ਜਦੋਂ ਤਨਕੰਮਾ ਦੀ ਸਿਹਤ ਚੰਗੀ ਹੁੰਦੀ ਸੀ ਤਾਂ ਉਹ ਨਾਰੀਅਲ ਦੀ ਕਟਾਈ ਦੇ ਪੂਰੇ 40 ਦਿਨਾਂ ਦੇ ਸਮੇਂ ਦੌਰਾਨ ਸਮੇਂ-ਸਮੇਂ 'ਤੇ ਚੱਕਰ ਲਾਇਆ ਕਰਦੀ। ਉਦੋਂ, ਉਨ੍ਹਾਂ ਹੱਥ ਤਾਜ਼ੇ ਨਾਰੀਅਲ ਲੱਗਣ ਦੇ ਮੌਕੇ ਵੀ ਕਾਫ਼ੀ ਜ਼ਿਆਦਾ ਹੁੰਦੇ। ਹੁਣ ਉਨ੍ਹਾਂ ਦਾ ਆਉਣਾ-ਜਾਣਾ ਅਨਿਯਮਤ ਹੋ ਗਿਆ ਹੈ ਕਿਉਂਕਿ ਇਲੂਰ ਵਿਖੇ ਪੈਂਦੇ ਉਨ੍ਹਾਂ ਦੇ ਘਰੋਂ ਪੁਤਿਆ ਰੋਡ ਦੀ ਯਾਤਰਾ ਕਰਨੀ ਮੁਸ਼ਕਲ ਲੱਗਦੀ ਹੈ। ''ਜਦੋਂ ਮੈਂ ਪੁਤਿਆ ਰੋਡ ਰਿਹਾ ਕਰਦੀ ਸਾਂ ਤਦ ਇਹ ਬੜਾ ਸੌਖ਼ਾ ਲੱਗਦਾ ਸੀ। ਹੁਣ 20 ਮਿੰਟ ਦਾ ਬੱਸ ਦਾ ਸਫ਼ਰ ਤੇ ਉਸ ਤੋਂ ਬਾਅਦ 15 ਮਿੰਟ ਪੈਦਲ ਤੁਰਨਾ, ਬੜਾ ਥਕਾ ਸੁੱਟਣ ਵਾਲ਼ਾ ਰਹਿੰਦਾ ਹੈ,'' ਬੱਸ ਦੀ ਉਡੀਕ ਕਰਦਿਆਂ ਉਹ ਕਹਿੰਦੀ ਹਨ।
ਤਨਕੰਮਾ ਅਤੇ ਉਨ੍ਹਾਂ ਦੇ ਪੰਜ ਭੈਣ-ਭਰਾ ਪੁਤਿਆ ਰੋਡ ਜੰਕਸ਼ਨ ਨੇੜਲੇ ਇਲਾਕੇ ਵਿੱਚ ਰਹਿੰਦਿਆਂ ਵੱਡੇ ਹੋਏ। ਉਨ੍ਹਾਂ ਦਾ ਜੱਦੀ ਘਰ ਤੇ ਜ਼ਮੀਨ ਬਾਅਦ ਵਿੱਚ ਉਨ੍ਹਾਂ ਦੇ ਭਰਾਵਾਂ ਤੇ ਭੈਣਾਂ ਵਿੱਚ ਵੰਡੀ ਗਈ। ਤਨਕੰਮਾ ਦਾ ਹਿੱਸਾ ਉਨ੍ਹਾਂ ਦੇ ਮਰਹੂਮ ਪਤੀ, ਵੇਲਾਯੂਤਨ ਨੇ ਵੇਚ ਦਿੱਤਾ ਸੀ। ਆਪਣੀ ਕੋਈ ਪੱਕੀ ਠਾਰ੍ਹ (ਘਰ) ਨਾ ਹੋਣ ਕਾਰਨ ਉਹ (ਸਣੇ ਪਰਿਵਾਰ) ਕਦੇ ਪੁਤਿਆ ਰੋਡ 'ਤੇ ਰਹਿੰਦੀ ਆਪਣੀ ਭੈਣ ਕੋਲ਼ ਜਾ ਰਹਿੰਦੇ ਤੇ ਕਦੇ ਕਿਸੇ ਪੁੱਲ ਹੇਠ ਡੇਰਾ ਪਾ ਲੈਂਦੇ। ਇਲੂਰ ਵਿਖੇ ਉਨ੍ਹਾਂ ਦਾ ਮੌਜੂਦਾ ਘਰ ਐੱਸ.ਸੀ. ਕਲੋਨੀ, ਤਿੰਨ ਸੈਂਟ ਜ਼ਮੀਨ (1306.8 ਵਰਗ ਫੁੱਟ) 'ਤੇ ਬਣਿਆ ਹੋਇਆ ਹੈ ਤੇ ਪੰਚਾਇਤ ਵੱਲੋਂ ਬੇਘਰਿਆਂ ਦੀ ਮਦਦ ਖ਼ਾਤਰ ਇੱਕ ਪੱਟਾਯਾਮ (ਲੈਂਡ ਡੀਡ) ਵਜੋਂ ਦਿੱਤਾ ਗਿਆ ਸੀ।
ਤਨਕੰਮਾ ਦੇ ਪਤੀ ਵੇਲਾਯੂਤਨ ਪਤਿਆ ਰੋਡ ਅਤੇ ਨੇੜਲੇ ਇਲਾਕਿਆਂ ਵਿੱਚ ਰੁੱਖਾਂ 'ਤੇ ਚੜ੍ਹ ਕੇ ਨਾਰੀਅਲ ਤੋੜਿਆ ਕਰਦੇ ਸਨ। ਉਨ੍ਹਾਂ ਦੇ ਦੋ ਬੱਚੇ, 34 ਸਾਲਾ ਕਣਨ ਤੇ 36 ਸਾਲਾ ਕਾਰਤਿਕਾ ਹਨ। ਪਹਿਲਾ ਬੇਟਾ ਤ੍ਰਿਸੂਰ ਵਿਖੇ ਰਹਿੰਦਾ ਹੈ ਤੇ ਖੇਤੀ ਵਿੱਚ ਆਪਣੀ ਪਤਨੀ ਦੇ ਪਰਿਵਾਰ ਦੀ ਮਦਦ ਕਰਦਾ ਹੈ। ਉਨ੍ਹਾਂ ਦੀ ਧੀ ਕਾਰਤਿਕਾ ਆਪਣੀ ਤਿੰਨ ਸਾਲਾ ਧੀ ਵੈਸ਼ਨਵੀ ਦੇ ਨਾਲ਼ ਨੇੜੇ ਹੀ ਰਹਿੰਦੀ ਹੈ। ਤਨਕੰਮਾ, ਵੈਸ਼ਨਵੀ ਨੂੰ ਪਿਆਰ ਨਾਲ਼ ਟੱਕਲੀ (ਟਮਾਟਰ)ਕਹਿੰਦੀ ਹਨ। 'ਬੱਚਿਆਂ ਨਾਲ਼ ਬੱਚੇ ਬਣਨ 'ਚ ਮਜ਼ਾ ਤਾਂ ਬੜਾ ਆਉਂਦਾ ਹੈ ਪਰ ਇਹ ਸਭ ਬੜਾ ਥਕਾ ਸੁੱਟਣ ਵਾਲ਼ਾ ਹੁੰਦਾ ਹੈ,' ਉਹ ਕਹਿੰਦੀ ਹਨ।
*****
"ਮੈਂ ਹੁਣ ਚੀਜ਼ਾਂ ਨੂੰ ਸਪੱਸ਼ਟ ਤੌਰ 'ਤੇ ਨਹੀਂ ਦੇਖ ਪਾਉਂਦੀ, ਇਸ ਲਈ ਮੈਂ ਹੁਣ ਨਾਰੀਅਲ ਲੱਭਣ ਨਹੀਂ ਜਾਂਦੀ," ਉਹ ਕਹਿੰਦੀ ਹਨ ਤੇ ਆਪਣੇ ਬਿਸਤਰੇ 'ਤੇ ਪਏ ਕੱਪੜਿਆਂ ਦੇ ਢੇਰ, ਕੁਝ ਕਾਗਜ਼ਾਂ ਅਤੇ ਪਾਲਤੂ ਤੋਤੇ ਦੇ ਪਿੰਜਰੇ ਨੂੰ ਥਾਓਂ-ਥਾਈਂ ਟਿਕਾਉਣ ਲੱਗਦੀ ਹਨ। ਤਨਕੰਮਾ ਆਪਣਾ ਇਕੱਲਾਪਣ ਦੂਰ ਕਰਨ ਲਈ ਆਪਣੇ ਤੋਤੇ, ਤਾਤੂ ਨਾਲ਼ ਰਹਿੰਦੀ ਹਨ। ਕਿਸੇ ਕਿਸਮ ਦੇ ਖ਼ਤਰੇ ਦਾ ਅਹਿਸਾਸ ਹੁੰਦਿਆਂ ਹੀ ਇਹ ਰੌਲ਼ਾ ਪਾਉਣਾ ਸ਼ੁਰੂ ਕਰ ਦਿੰਦਾ ਹੈ।
ਆਪਣੇ ਪੁਰਾਣੇ ਦਿਨਾਂ ਨੂੰ ਚੇਤੇ ਕਰਦਿਆਂ ਉਹ ਕਹਿੰਦੀ ਹਨ,''ਇੱਕ ਵਾਰੀ ਮੈਂ ਦੇਖਿਆ ਨੇੜੇ ਹੀ ਇੱਕ ਸੱਪ ਹੈ ਜੋ ਅਹਿੱਲ ਬਣਿਆ ਹੋਇਆ ਸੀ ਤੇ ਸਰਕ ਕੇ ਮੇਰੀ ਟੁੱਟੀ-ਭੱਜੀ ਚੱਪਲ ਨੇੜੇ ਆ ਗਿਆ ਹੈ। ਜੇ ਅਜਿਹਾ ਕੁਝ ਹੁਣ ਹੋ ਜਾਵੇ ਤਾਂ ਨਾ ਤਾਂ ਮੈਂ ਸੱਪ ਦੇਖ ਪਾਉਂਗੀ ਹਾਂ ਤੇ ਨਾ ਹੀ ਨਾਰੀਅਲ ਹੀ!'' ਆਪਣੀ ਕਮਜ਼ੋਰ ਪੈਂਦੀ ਨਜ਼ਰ ਦਾ ਹਵਾਲਾ ਦਿੰਦਿਆਂ ਉਹ ਕਹਿੰਦੀ ਹਨ। ਉਹ ਤਾਂ ਜਿਵੇਂ-ਕਿਵੇਂ ਗੁਜ਼ਾਰਾ ਚਲਾ ਰਹੀ ਹਨ ਦਵਾਈ ਦਾ ਖ਼ਰਚਾ ਚੁੱਕਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ।
''ਜਿਸ ਕਿਸੇ ਨਾਲ਼ ਵੀ ਮੈਂ ਕਦੇ ਕੰਮ ਕੀਤਾ ਉਹ ਅੱਜ ਵੀ ਪੈਸਾ ਦੇ ਕੇ ਮੇਰੀ ਮਦਦ ਕਰਦੇ ਹਨ। ਪਰ ਉਨ੍ਹਾਂ ਨੂੰ ਜਾ ਕੇ ਮਿਲ਼ਣਾ ਹੁਣ ਹੋਰ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ,'' ਆਪਣੇ ਹਮਦਰਦਾਂ ਬਾਰੇ ਗੱਲ ਕਰਦਿਆਂ ਤਨਕੰਮਾ ਕਹਿੰਦੀ ਹਨ। ਜੇ ਉਹ ਕਿਸੇ ਦੇ ਘਰ ਚਲੀ ਵੀ ਜਾਵੇ ਤਾਂ ਉਨ੍ਹਾਂ ਦਾ ਸਾਹ ਫੁੱਲ ਜਾਂਦਾ ਹੈ ਤੇ ਉਹ ਹੰਭਣ ਲੱਗਦੀ ਹਨ। ਉਹ ਇਹ ਸੋਚ ਕੇ ਕਿ ਸ਼ੂਗਰ ਘੱਟ ਗਈ ਹੈ, ਮੂੰਹ ਵਿੱਚ ਟਾਫ਼ੀ ਪਾ ਲੈਂਦੀ ਹਨ।
ਤਰਜਮਾ: ਕਮਲਜੀਤ ਕੌਰ