“ਉਨ੍ਹਾਂ ਨੂੰ ਸਕੂਲ ਆਉਣ ਲਈ ਤਿਆਰ ਕਰਨਾ ਇੱਕ ਚੁਣੌਤੀ ਹੈ।”
ਹੈੱਡਮਾਸਟਰ ਸ਼ਿਵਜੀ ਸਿੰਘ ਯਾਦਵ ਦੇ ਮੂੰਹੋਂ ਨਿਕਲ਼ੇ ਅਲਫ਼ਾਜ਼ਾਂ ਵਿੱਚ 34 ਸਾਲਾਂ ਦੇ ਤਜ਼ਰਬੇ ਦਾ ਵਜ਼ਨ ਸਾਫ਼ ਮਹਿਸੂਸ ਹੁੰਦਾ ਹੈ। ਯਾਦਵ ਜਾਂ ‘ਮਾਸਟਰ ਜੀ’ ਜਿਵੇਂ ਕਿ ਉਨ੍ਹਾਂ ਦੇ ਵਿਦਿਆਰਥੀ ਉਨ੍ਹਾਂ ਨੂੰ ਬੁਲਾਉਂਦੇ ਹਨ, ਡਾਬਲੀ ਚਾਪੋਰੀ (ਤੈਰਦਾ ਹੋਇਆ ਦੀਪ) ਵਿਖੇ ਇਕਲੌਤਾ ਸਕੂਲ ਚਲਾਉਂਦੇ ਹਨ। ਇਸ ਸਕੂਲ ਵਿੱਚ ਪੜ੍ਹਨ ਵਾਲ਼ੇ 63 ਪਰਿਵਾਰਾਂ ਦੇ ਬੱਚੇ ਅਸਾਮ ਦੇ ਮਾਜੁਲੀ ਜ਼ਿਲ੍ਹੇ ਵਿਖੇ ਪੈਂਦੀ ਬ੍ਰਹਮਪੁੱਤਰ ਨਦੀ ਦੇ ਇਸੇ ਟਾਪੂ ਵਿੱਚ ਰਹਿੰਦੇ ਹਨ।
ਧੋਨੇਖਾਨਾ ਲੋਅਰ ਪ੍ਰਾਇਮਰੀ ਸਕੂਲ ਦੇ ਇਕਲੌਤੇ ਕਲਾਸਰੂਮ ਵਿੱਚ ਆਪਣੇ ਡੈਸਕ ’ਤੇ ਬੈਠੇ ਸ਼ਿਵਵੀ, ਆਪਣੇ ਚੁਫ਼ੇਰੇ ਝਾਤੀ ਮਾਰਦੇ ਹਨ ਤੇ ਵਿਦਿਆਰਥੀਆਂ ਵੱਲ ਦੇਖ ਕੇ ਮੁਸਕਰਾਉਂਦੇ ਹਨ। 6 ਤੋਂ 12 ਸਾਲ ਦੀ ਉਮਰ ਵਰਗ ਦੇ ਇਹ 41 ਚਮਕਦੇ ਚਿਹਰੇ ਜੋ ਪਹਿਲੀ ਤੋਂ ਪੰਜਵੀ ਦੇ ਬੱਚੇ ਹਨ- ਆਪਣੇ ਮਾਸਟਰ ਵੱਲ ਇੱਕਟਕ ਦੇਖਦੇ ਹਨ। “ਇਨ੍ਹਾਂ ਛੋਟੇ ਬੱਚਿਆਂ ਨੂੰ ਪੜ੍ਹਾਉਣਾ ਤੇ ਸਿੱਖਿਆ ਪ੍ਰਦਾਨ ਕਰਨਾ-ਇਹੀ ਅਸਲੀ ਚੁਣੌਤੀ ਹੈ,” ਉਹ ਕਹਿੰਦੇ ਹਨ ਅਤੇ ਗੱਲ ਜਾਰੀ ਰੱਖਦੇ ਹਨ,“ਉਹ ਭੱਜਣ ਲਈ ਤਿਆਰ ਰਹਿੰਦੇ ਹਨ!”
ਭਾਰਤੀ ਸਿੱਖਿਆ ਪ੍ਰਣਾਲੀ ’ਤੇ ਚਰਚਾ ਜਾਰੀ ਰੱਖਣ ਤੋਂ ਪਹਿਲਾਂ, ਉਹ ਥੋੜ੍ਹਾ ਰੁਕੇ ਤੇ ਵੱਡੇ/ਪੁਰਾਣੇ ਵਿਦਿਆਰਥੀਆਂ ਨੂੰ ਬੁਲਾਇਆ। ਉਨ੍ਹਾਂ ਨੇ ਸਰਕਾਰ ਦੇ ਸਿੱਖਿਆ ਵਿਭਾਗ ਵੱਲ਼ੋਂ ਭੇਜੀਆਂ ਗਈਆਂ ਅੰਗਰੇਜ਼ੀ ਅਤੇ ਅਸਾਮੀ ਕਹਾਣੀਆਂ ਦੀਆਂ ਕਿਤਾਬਾਂ ਦਾ ਪੈਕਟ ਖੋਲ੍ਹਣ ਲਈ ਕਿਹਾ। ਉਹ ਨਵੀਆਂ ਕਿਤਾਬਾਂ ਨੂੰ ਲੈ ਕੇ ਬੱਚਿਆਂ ਦੀ ਬੇਸਬਰੀ ਬਾਰੇ ਜਾਣਦੇ ਹਨ ਕਿ ਕੁਝ ਦੇਰ ਰੁੱਝੇ ਰਹਿਣਗੇ ਤੇ ਉਹ ਖ਼ੁਦ ਸਾਡੇ ਨਾਲ਼ ਗੱਲ ਕਰ ਲੈਣਗੇ।
ਉਨ੍ਹਾਂ ਨੇ ਪ੍ਰਾਇਮਰੀ ਸਿੱਖਿਆ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਕਿਹਾ,“ਸਰਕਾਰ ਜੋ ਪੈਸਾ ਕਾਲਜ ਦੇ ਪ੍ਰੋਫ਼ੈਸਰ ਨੂੰ ਦਿੰਦੀ ਹੈ, ਪ੍ਰਾਇਮਰੀ ਸਕੂਲ ਦੇ ਅਧਿਆਪਕ ਨੂੰ ਵੀ ਓਨਾ ਹੀ ਮਿਲ਼ਣਾ ਚਾਹੀਦਾ ਹੈ, ਅਸੀਂ ਹੀ ਹਾਂ ਜੋ ਬੱਚਿਆਂ ਦੀ ਬੁਨਿਆਦ ਪਕੇਰੀ ਕਰਦੇ ਹਾਂ।” ਮਾਪੇ ਵੀ ਸੋਚਦੇ ਹਨ ਕਿ ਸਿਰਫ਼ ਹਾਈ ਸਕੂਲ ਦੀ ਪੜ੍ਹਾਈ ‘ਤੇ ਹੀ ਵੱਧ ਜ਼ੋਰ ਦਿੱਤੇ ਦੀ ਲੋੜ ਹੈ- ਇਹ ਬੜੀ ਗ਼ਲਤ ਧਾਰਣਾ ਹੈ- ਜਿਹਨੂੰ ਦਰੁੱਸਤ ਕਰਨ ਲਈ ਉਹ ਕੰਮ ਕਰ ਰਹੇ ਹਨ, ਉਹ ਕਹਿੰਦੇ ਹਨ।
ਤਕਰੀਬਨ 350 ਲੋਕਾਂ ਦਾ ਅਵਾਸ, ਡਾਬਲੀ ਚਾਪੋਰੀ ਐੱਨਸੀ ਇੱਕ ਰੇਤੀਲਾ ਟਾਪੂ ਹੈ, ਜਿਸ ਬਾਰੇ ਸ਼ਿਵਜੀ ਦਾ ਅਨੁਮਾਨ ਹੈ ਕਿ ਇਹ ਇਲਾਕਾ ਕਰੀਬ 400 ਵਰਗ ਕਿਲੋਮੀਟਰ ਵਿੱਚ ਫ਼ੈਲਿਆ ਹੋਇਆ ਹੈ। ਚਾਪੋਰੀ ਨੂੰ ਇੱਕ ਗ਼ੈਰ-ਕੈਡਸਟ੍ਰਲ (ਗ਼ੈਰ-ਅਚਲ/ਜ਼ਮੀਨ ਦਾ ਮਾਲਕੀ ਸੀਮਾ ਵਿੱਚ ਵੰਡਿਆ ਹੋਣਾ) ਇਲਾਕੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਭਾਵ, ਹਾਲੇ ਇਸ ਜ਼ਮੀਨ ਦਾ ਕੋਈ ਭੂਗੋਲਿਕ ਸਰਵੇਖਣ ਨਹੀਂ ਹੋਇਆ ਹੈ। 2016 ਵਿੱਚ ਮਾਜੁਲੀ ਜ਼ਿਲ੍ਹੇ ਦੇ ਗਠਨ ਤੋਂ ਪਹਿਲਾਂ ਇਹ ਜੋਰਹਾਟ ਜ਼ਿਲ੍ਹੇ ਦਾ ਹਿੱਸਾ ਸੀ, ਜੋ ਜੋਰਹਾਟ ਦੇ ਉੱਤਰੀ ਹਿੱਸੇ ਨੂੰ ਕਵਰ ਕਰਦਾ ਸੀ।
ਜੇ ਦੀਪ ‘ਤੇ ਕੋਈ ਸਕੂਲ ਨਾ ਹੁੰਦਾ ਤਾਂ 6 ਤੋਂ 12 ਸਾਲ ਦੇ ਇਨ੍ਹਾਂ ਬੱਚਿਆਂ ਨੂੰ ਮੁੱਖ ਜ਼ਮੀਨ ‘ਤੇ ਪੈਂਦੇ ਸ਼ਿਵਸਾਗਰ ਕਸਬੇ ਦੇ ਨੇੜੇ, ਦਿਚਾਂਗਮੁਖ ਵਿਖੇ ਪਹੁੰਚਣ ਲਈ ਇੱਕ ਘੰਟੇ ਤੋਂ ਵੱਧ ਸਮਾਂ ਗੁਆਉਣਾ ਪੈਂਦਾ। ਦੀਪ ਤੋਂ ਜੈਟੀ (ਬੇੜੀ) ਫੜ੍ਹਨ ਤੱਕ ਉਨ੍ਹਾਂ ਨੂੰ 20 ਮਿੰਟ ਸਾਈਕਲ ਵਾਹੁਣਾ ਪੈਂਦਾ ਅਤੇ ਫਿਰ ਦਿਚਾਂਗਮੁੱਖ ਦੇ ਸਕੂਲ ਤੱਕ ਅਪੜਨ ਲਈ ਬੇੜੀ ਰਾਹੀਂ 50 ਮਿੰਟ ਹੋਰ ਗੁਆਉਣੇ ਪੈਂਦੇ।
ਇਸ ਰੇਤੀਲੇ ਦੀਪਵਾਸੀਆਂ ਦੇ ਘਰ ਸਕੂਲ ਤੋਂ 2-3 ਕਿਲੋਮੀਟਰ ਘੇਰੇ ਵਿੱਚ ਹੀ ਸਥਿਤ ਹਨ- ਜੋ ਉਦੋਂ ਇੱਕ ਵਰਦਾਨ ਸਾਬਤ ਹੋਇਆ ਜਦੋਂ ਕੋਵਿਡ-19 ਮਹਾਂਮਾਰੀ ਦੌਰਾਨ ਸਕੂਲ ਬੰਦ ਹੋਣ ਦੇ ਬਾਵਜੂਦ ਵੀ ਸ਼ਿਵਜੀ ਦੇ ਸਕੂਲ ਦੇ ਬੱਚੇ ਆਪਣੀ ਪੜ੍ਹਾਈ ਜਾਰੀ ਰੱਖ ਸਕੇ ਕਿਉਂਕਿ ਸ਼ਿਵਜੀ ਘਰੋ-ਘਰੀ ਜਾਂਦੇ ਤੇ ਬੱਚਿਆਂ ਨੂੰ ਮਿਲ਼ਦੇ, ਉਨ੍ਹਾਂ ਦੀ ਸਿਹਤ ਤੇ ਪੜ੍ਹਾਈ ਦਾ ਖ਼ਿਆਲ ਰੱਖਦੇ। ਸਕੂਲ ਵਿਖੇ ਤਾਇਨਾਤ ਦੂਸਰਾ ਅਧਿਆਪਕ, ਗੌਰੀ ਸਾਗਰ (ਸ਼ਿਵਸਾਗਰ ਜ਼ਿਲ੍ਹੇ) ਵਿਖੇ ਰਹਿੰਦਾ ਹੈ ਜੋ ਨਦੀ ਦੇ ਪਾਰ 30 ਕਿਲੋਮੀਟਰ ਦੂਰ ਹੈ। “ਮੈਂ ਹਫ਼ਤੇ ਵਿੱਚ ਦੋ ਵਾਰੀਂ ਹਰੇਕ ਬੱਚੇ ਨੂੰ ਮਿਲ਼ਣ ਜਾਂਦਾ ਸਾਂ, ਉਨ੍ਹਾਂ ਨੂੰ ਹੋਮਵਰਕ ਦਿੰਦਾ ਤੇ ਉਨ੍ਹਾਂ ਦਾ ਕੰਮ ਦੇਖਦਾ,” ਸ਼ਿਵਜੀ ਕਹਿੰਦੇ ਹਨ।
ਫਿਰ ਵੀ ਉਨ੍ਹਾਂ ਨੂੰ ਲੱਗਦਾ ਹੈ ਕਿ ਤਾਲਾਬੰਦੀ ਦੌਰਾਨ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋਇਆ ਹੈ। ਉਹ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਕਰਨ (ਪ੍ਰੋਮੋਟ) ਨੂੰ ਲੈ ਕੇ ਸਰਕਾਰ ਦੀ ਨੀਤੀ ਤੋਂ ਨਾਖ਼ੁਸ਼ ਹਨ, ਇਹ ਸੋਚੇ ਬਗ਼ੈਰ ਕਿ ਉਹ ਅਗਲੀ ਕਲਾਸ ਲਈ ਤਿਆਰ ਹੋਏ ਵੀ ਹਨ ਜਾਂ ਨਹੀਂ। ਇਸਲਈ ਉਨ੍ਹਾਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਚਿੱਠੀ ਲਿਖੀ। “ਮੈਂ ਉਨ੍ਹਾਂ ਨੂੰ ਇੱਕ ਸਾਲ ਦਾ ਸਮਾਂ ਦੇਣ ਲਈ ਕਿਹਾ ਤੇ ਕਿਹਾ ਕਿ ਬੱਚਿਆਂ ਨੂੰ ਇੱਕ ਸਾਲ ਹੋਰ ਉਸੇ ਕਲਾਸ ਵਿੱਚ ਰਹਿਣ ਦੇਣਾ ਸਹੀ ਹੋਵੇਗਾ।”
*****
ਧੋਨੇਖਾਨਾ ਲੋਅਰ ਪ੍ਰਾਇਮਰੀ ਸਕੂਲ ਦੀ ਬਾਹਰੀ ਕੰਧ ‘ਤੇ ਇੱਕ ਵੱਡਾ ਸਾਰਾ ਰੰਗੀਨ ਨਕਸ਼ਾ ਲੱਗਿਆ ਹੈ। ਸ਼ਿਵਜੀ ਨੇ ਸਾਡਾ ਧਿਆਨ ਖਿੱਚਿਆ ਅਤੇ ਬ੍ਰਹਮਪੁੱਤਰ ਨਦੀ ਦੇ ਤਟ ‘ਤੇ ਆਪਣੀ ਉਂਗਲ ਟਿਕਾ ਲਈ ਤੇ ਕਿਹਾ,“ਦੇਖੋ, ਮਾਨਚਿੱਤਰ ‘ਤੇ ਸਾਡੀ ਚਾਪੋਰੀ (ਰੇਤੀਲਾ ਤਟ) ਕਿੱਥੇ ਦਿਖਾਈ ਗਈ ਹੈ ਅਤੇ ਅਸਲ ਵਿੱਚ ਇਹ ਹੈ ਕਿੱਥੇ?” ਹੱਸਦਿਆਂ ਉਹ ਕਹਿੰਦੇ ਹਨ। “ਕੋਈ ਤਾਲਮੇਲ਼ ਹੀ ਨਹੀਂ!”
ਕਾਰਟੋਗ੍ਰਾਫ਼ਿਕ ਦੇ ਇਨ੍ਹਾਂ ਬੇਮੇਲਾਂ ਤੋਂ ਸ਼ਿਵਜੀ ਪਰੇਸ਼ਾਨ ਹੋ ਉੱਠਦੇ ਹਨ ਕਿਉਂਕਿ ਉਨ੍ਹਾਂ ਦਾ ਸਨਾਤਕ (ਬੀ.ਏ.) ਦਾ ਵਿਸ਼ਾ ਭੂਗੋਲ ਸੀ।
ਚਾਪੋਰੀ ਅਤੇ ਚਾਰ ਵਿੱਚ ਜੰਮੇ ਤੇ ਵੱਡੇ ਹੋਏ ਸ਼ਿਵਜੀ ਹੋਰ ਲੋਕਾਂ ਮੁਕਾਬਲੇ ਬਿਹਤਰ ਜਾਣਦੇ ਹਨ ਕਿ ਬ੍ਰਹਮਪੁਤਰ ਦੇ ਸੈਂਡਬਾਰ ਅਤੇ ਦੀਪ ਆਪਣੀ ਥਾਂ ਬਦਲਦੇ ਰਹਿੰਦੇ ਹਨ, ਇਸੇ ਲਈ ਉਨ੍ਹਾਂ ਦੇ ਪਤੇ ਵੀ ਬਦਲਦੇ ਰਹਿੰਦੇ ਹਨ।
“ਜਦੋਂ ਤੇਜ਼ ਮੀਂਹ ਪੈਂਦਾ ਹੈ ਤਾਂ ਅਸੀਂ ਉਛਲ਼ਦੀਆਂ ਲਹਿਰਾਂ ਨਾਲ਼ ਹੜ੍ਹ ਦਾ ਕਿਆਸ ਲਾ ਲੈਂਦੇ ਹਾਂ। ਫਿਰ ਲੋਕ ਆਪਣਾ ਲੋੜੀਂਦਾ ਮਾਲ਼-ਅਸਬਾਬ ਤੇ ਡੰਗਰਾਂ ਨੂੰ ਲੈ ਕੇ ਦੀਪ ਦੇ ਉੱਚੇ ਹਿੱਸਿਆਂ ਵੱਲ ਚਲੇ ਜਾਂਦੇ ਹਨ, ਜਿੱਥੇ ਪਾਣੀ ਮਾਰ ਨਹੀਂ ਕਰਦਾ,” ਸ਼ਿਵਜੀ ਨੇ ਸਲਾਨਾ ਪੇਸ਼ੀਨਗੋਈ ਕਰਦਿਆਂ ਕਿਹਾ। “ਜਦੋਂ ਤੱਕ ਪਾਣੀ ਲੱਥਦਾ ਨਹੀਂ, ਸਕੂਲ ਖੱਲ੍ਹਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ,” ਗੱਲ ਜਾਰੀ ਰੱਖਦਿਆਂ ਉਹ ਕਹਿੰਦੇ ਹਨ।
ਨਕਸ਼ੇ ਵਿੱਚ ਇਨ੍ਹਾਂ ਸੈਂਡਬੈਂਕ ਦੀਪਾਂ ਨੂੰ ਟ੍ਰੈਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਬਣਦੇ-ਟੁੱਟਦੇ ਤੇ ਮੁੜ-ਬਣਦੇ ਰਹਿੰਦੇ ਹਨ ਅਤੇ ਭਾਰਤ ਵਿਖੇ ਬ੍ਰਹਮਪੁਤਰ ਬੇਸਿਨ ਦਾ 194,413 ਵਰਗ ਕਿਲੋਮੀਟਰ ਦੇ ਕਬਜ਼ੇ ਵਾਲ਼ਾ ਇਲਾਕਾ ਅਲੋਪ ਤੇ ਪ੍ਰਗਟ ਹੁੰਦਾ ਰਹਿੰਦਾ ਹੈ।
ਡਾਬਲੀ ਚਾਪੋਰੀ ਵਿਖੇ ਸਾਰੇ ਘਰ ਸ਼ਤੀਰਾਂ ਦੇ ਬਣੇ ਹੋਏ ਹਨ ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਨਦੀ ਪ੍ਰਣਾਲੀਆਂ ਵਿੱਚੋਂ ਇੱਕ ਬ੍ਰਹਮਪੁਤਰ ਵਿੱਚ ਹੜ੍ਹ ਆਉਣਾ ਇੱਕ ਨਿਯਮਤ ਵਰਤਾਰਾ ਹੈ, ਖ਼ਾਸ ਕਰਕੇ ਗਰਮੀਆਂ-ਮਾਨਸੂਨ ਮਹੀਨਿਆਂ ਵਿੱਚ। ਗਰਮੀਆਂ ਦੇ ਮਹੀਨਿਆਂ ਵਿੱਚ ਹਿਮਾਲਿਆ ਵਿੱਚ ਜੰਮੀ ਬਰਫ਼ ਪਿਘਲ਼ਣ ਲੱਗਦੀ ਹੈ ਅਤੇ ਨਦੀ ਘਾਟੀਆਂ ਵਿੱਚ ਵਗਣ ਲੱਗਦੀ ਹੈ। ਮਾਜੁਲੀ ਅਤੇ ਨੇੜੇ-ਤੇੜੇ ਦੇ ਇਲਾਕੇ ਵਿੱਚ ਸਲਾਨਾ 1,870 ਸੈਂਟੀਮੀਟਰ ਮੀਂਹ ਪੈਂਦਾ ਹੈ; ਜਿਸ ਵਿੱਚੋਂ 64 ਫ਼ੀਸਦ ਮੀਂਹ ਦੱਖਣ-ਪੱਛਮੀ ਮਾਨਸੂਨ (ਜੂਨ-ਸਤੰਬਰ) ਦੌਰਾਨ ਪੈਂਦਾ ਹੈ।
ਇਸ ਚਾਪੋਰੀ ਵਿਖੇ ਰਹਿਣ ਵਾਲ਼ੇ ਪਰਿਵਾਰ ਉੱਤਰ ਪ੍ਰਦੇਸ਼ ਦੇ ਯਾਦਵ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ। ਉਹ ਮੂਲ਼ ਰੂਪ ਵਿੱਚ ਗਾਜ਼ੀਪੁਰ ਜ਼ਿਲ੍ਹੇ ਦੇ ਰਹਿਣ ਵਾਲ਼ੇ ਹਨ ਅਤੇ 1932 ਵਿੱਚ ਬ੍ਰਹਮਪੁਤਰ ਦੀਪਾਂ ‘ਤੇ ਅੱਪੜੇ। ਉਹ ਜਰਖ਼ੇਜ਼, ਖਾਲੀ ਪਈ ਜ਼ਮੀਨ ਦੀ ਭਾਲ਼ ਵਿੱਚ ਆਏ ਅਤੇ ਦੇਸ਼ ਦੇ ਪੂਰਬ ਵਿੱਚ ਹਜ਼ਾਰਾਂ ਕਿਲੋਮੀਟਰ ਦੂਰ ਬ੍ਰਹਮਪੁੱਤਰ ਦੇ ਮੈਦਾਨਾਂ ‘ਤੇ ਜਾ ਕੇ ਉਨ੍ਹਾਂ ਦੀ ਭਾਲ਼ ਪੂਰੀ ਹੋਈ। “ਅਸੀਂ ਰਵਾਇਤੀ ਤੌਰ ‘ਤੇ ਪਸ਼ੂ-ਪਾਲਕ ਹਾਂ ਅਤੇ ਸਾਡੇ ਪੁਰਖੇ ਚਰਾਂਦਾਂ ਦੀ ਭਾਲ਼ ਵਿੱਚ ਇੱਥੇ ਆਏ,” ਸ਼ਿਵਜੀ ਕਹਿੰਦੇ ਹਨ।
“ਮੇਰੇ ਪਿਤਾ ਦੇ ਦਾਦੇ (ਦਾਦੇ ਦੇ ਭਰਾ ਵੀ) ਪਹਿਲਾਂ 15-20 ਪਰਿਵਾਰਾਂ ਦੇ ਨਾਲ਼ ਲਖੀ ਚਾਪੋਰੀ ਆਏ,” ਸ਼ਿਵਜੀ ਕਹਿੰਦੇ ਹਨ। ਉਨ੍ਹਾਂ ਦਾ ਜਨਮ ਧਨੂ ਖਾਨਾ ਚਾਪੋਰੀ ਵਿੱਚ ਹੋਇਆ ਸੀ, ਜਿੱਥੇ 1960 ਵਿੱਚ ਇਹ ਯਾਦਵ ਪਰਿਵਾਰ ਆਣ ਵੱਸਿਆ। “ਇਹ ਥਾਂ ਅਜੇ ਵੀ ਹੈ। ਪਰ ਧਨੂ ਖਾਨਾ ਵਿਖੇ ਹੁਣ ਕੋਈ ਨਹੀਂ ਰਹਿੰਦਾ,” ਉਹ ਕਹਿੰਦੇ ਹਨ ਅਤੇ ਚੇਤੇ ਕਰਦੇ ਹਨ ਕਿ ਉਨ੍ਹਾਂ ਦੇ ਘਰ ਅਤੇ ਮਾਲ਼-ਅਸਬਾਬ ਅਕਸਰ ਪਾਣੀ ਵਿੱਚ ਡੁੱਬ ਜਾਂਦੇ।
90 ਸਾਲ ਪਹਿਲਾਂ ਅਸਾਮ ਪੁੱਜੇ ਯਾਦਵ ਪਰਿਵਾਰ ਬ੍ਰਹਮਪੁਤਰ ਦੇ ਪਾਣੀ ਤੋਂ ਬਚਣ ਲਈ ਚਾਰ ਵਾਰੀਂ ਆਪਣਾ ਬੋਰੀਆ-ਬਿਸਤਰਾ ਗੋਲ਼ ਕਰ ਚੁੱਕੇ ਸਨ। ਅਖੀਰਲੀ ਵਾਰੀ 1988 ਵਿੱਚ ਉਹ ਉੱਠੇ ਅਤੇ ਡਾਬਲੀ ਚਾਪੋਰੀ ਰਹਿਣ ਆਏ। ਜਿਨ੍ਹਾਂ ਚਾਰ ਥਾਵਾਂ ‘ਤੇ ਯਾਦਵ ਪਰਿਵਾਰ ਨੇ ਡੇਰਾ ਲਾਇਆ ਉਹ ਇਲਾਕੇ 2-3 ਕਿਲੋਮੀਟਰ ਦੇ ਅੰਦਰ-ਅੰਦਰ ਹੀ ਹਨ। ਉਨ੍ਹਾਂ ਦੇ ਮੌਜੂਦਾ ਡੇਰੇ/ਘਰ ਦਾ ਨਾਮ ‘ ਡਾਬਲੀ ’ ਹੈ, ਜਿਹਦਾ ਸਥਾਨਕ ਭਾਸ਼ਾ ਵਿੱਚ ਮਤਲਬ ‘ ਡਬਲ ’ ਹੁੰਦਾ ਹੈ ਅਤੇ ਜੋ ਇਸ ਸੈਂਡਬੈਂਕ ਮੁਕਾਬਲੇ ਵੱਡੇ ਅਕਾਰ ਨੂੰ ਦਰਸਾਉਂਦਾ ਹੈ।
ਡਾਬਲੀ ਵਿਖੇ ਰਹਿੰਦੇ ਹਰੇਕ ਪਰਿਵਾਰ ਕੋਲ਼ ਆਪਣੀ ਜ਼ਮੀਨ ਹੈ ਜਿੱਥੇ ਉਹ ਚੌਲ਼, ਕਣਕ ਅਤੇ ਸਬਜ਼ੀਆਂ ਬੀਜਦੇ ਹਨ। ਆਪਣੇ ਪੁਰਖਿਆਂ ਦੀ ਪ੍ਰਥਾ ਨੂੰ ਜਾਰੀ ਰੱਖਦਿਆਂ ਉਹ ਡੰਗਰ ਵੀ ਪਾਲ਼ਦੇ ਹਨ। ਉਨ੍ਹਾਂ ਵਿੱਚੋਂ ਹਰੇਕ ਕੋਈ ਅਸਾਮੀ ਬੋਲ਼ਦਾ ਹੈ, ਪਰ ਯਾਦਵ ਘਰਾਂ ਵਿੱਚ ਹਿੰਦੀ ਬੋਲ਼ਦੇ ਹਨ। “ਸਾਡੇ ਖਾਣ-ਪੀਣ ਦੀ ਆਦਤ ਨਹੀਂ ਬਦਲੀ। ਪਰ ਹਾਂ, ਅਸੀਂ ਉੱਤਰ ਪ੍ਰਦੇਸ਼ ਵਿਖੇ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਮੁਕਾਬਲੇ ਵੱਧ ਚੌਲ਼ ਖਾਂਦੇ ਹਾਂ,” ਸ਼ਿਵਜੀ ਕਹਿੰਦੇ ਹਨ।
ਆਪਣੀਆਂ ਨਵੀਂਆਂ ਕਿਤਾਬਾਂ ਵਿੱਚ ਮਗਨ ਸ਼ਿਵਜੀ ਦੇ ਇਹ ਵਿਦਿਆਰਥੀ ਹਿੱਲ ਤੱਕ ਨਹੀਂ ਰਹੇ। ਉਨ੍ਹਾਂ ਵਿੱਚੋਂ ਇੱਕ ਵਿਦਿਆਰਥੀ, ਰਾਜੀਵ ਯਾਦਵ ਨੇ ਸਾਨੂੰ ਕਿਹਾ,“ਮੈਨੂੰ ਅਸਾਮੀ ਕਿਤਾਬਾਂ ਵੱਧ ਪਸੰਦ ਹਨ।” ਉਨ੍ਹਾਂ ਦੇ ਮਾਪੇ ਕਿਸਾਨ ਹਨ ਅਤੇ ਡੰਗਰ ਪਾਲ਼ਦੇ ਹਨ। ਦੋਵਾਂ ਨੇ ਹੀ 7ਵੀਂ ਤੋਂ ਬਾਅਦ ਪੜ੍ਹਾਈ ਨਹੀਂ ਕੀਤੀ। “ਮੈਂ ਆਪਣੇ ਮਾਪਿਆਂ ਨਾਲ਼ੋਂ ਵੱਧ ਪੜ੍ਹਾਈ ਕਰਾਂਗਾ,” ਉਹਨੇ ਕਿਹਾ ਅਤੇ ਅਸਾਮ ਦੇ ਮਕਬੂਲ ਗਾਇਕ ਭੂਪੇਨ ਹਜ਼ਾਰਿਕਾ ਦਾ ਗੀਤ ‘ਅਸੋਮ ਅਮਰ ਰੂਪ੍ਹੀ ਦੇਸ਼’ ਗਾਉਣਾ ਸ਼ੁਰੂ ਕਰ ਦਿੱਤਾ, ਅਧਿਆਪਕ ਦਾ ਉਹਦੇ ਵੱਲ ਦੇਖਦਿਆਂ ਹੀ ਉਹਦੀ ਅਵਾਜ਼ ਹੋਰ ਜ਼ੋਰ ਫੜ੍ਹ ਗਈ।
*****
ਹਰ ਸਾਲ ਹੜ੍ਹ ਦੀ ਮਾਰ ਹੇਠ ਆਉਂਦੀ ਨਦੀ ਦੇ ਵਿਚਕਾਰ ਇੱਕ ਅਸਥਾਈ ਦੀਪ ‘ਤੇ ਰਹਿਣਾ ਚੁਣੌਤੀਆਂ ਭਰਿਆ ਹੈ। ਹਰ ਘਰ ਨੇ ਇੱਕ ਬੇੜੀ ਖਰੀਦੀ ਹੋਈ ਹੈ। ਇਲਾਕੇ ਵਿੱਚ ਦੋ ਮੋਟਰ ਬੋਟ ਵੀ ਹਨ ਪਰ ਉਨ੍ਹਾਂ ਦੀ ਵਰਤੋਂ ਸਿਰਫ਼ ਐਮਰਜੈਂਸੀ ਦੀ ਹਾਲਤ ਵਿੱਚ ਹੀ ਕੀਤੀ ਜਾਂਦੀ ਹੈ। ਘਰਾਂ ਦੀ ਢਾਣੀ ਵਿੱਚ ਲੱਗੇ ਨਲ਼ਕੇ ਤੋਂ ਹੀ ਜ਼ਰੂਰਤ ਜੋਗਾ ਪਾਣੀ ਖਿੱਚਿਆ ਜਾਂਦਾ ਹੈ। ਹੜ੍ਹ ਦੌਰਾਨ, ਜ਼ਿਲ੍ਹਾ ਆਫ਼ਤ ਪ੍ਰਬੰਧਨ ਵਿਭਾਗ ਅਤੇ ਗ਼ੈਰ-ਸਰਕਾਰੀ ਸੰਗਠਨ ਉਨ੍ਹਾਂ ਨੂੰ ਪਾਣੀ ਉਪਲਬਧ ਕਰਾਉਂਦੇ ਹਨ। ਸਰਕਾਰ ਦੁਆਰਾ ਹਰ ਘਰ ਨੂੰ ਦਿੱਤੇ ਗਏ ਸੋਲਰ ਪੈਨਲ ਰਾਹੀਂ ਬਿਜਲੀ ਪੈਦਾ ਕੀਤੀ ਜਾਂਦੀ ਹੈ। ਸਰਕਾਰੀ ਰਾਸ਼ਨ ਦੀ ਦੁਕਾਨ ਗੁਆਂਢੀ ਦੀਪ ਮਾਜੁਲੀ ਦੇ ਗੇਜੇਰਾ ਪਿੰਡ ਵਿਖੇ ਸਥਿਤ ਹੈ। ਉੱਥੇ ਅਪੜਨ ਵਾਸਤੇ 4 ਘੰਟੇ ਲੱਗਦੇ ਹਨ। ਪਹਿਲਾਂ ਤੁਹਾਨੂੰ ਦਿਚਾਂਗਮੁਖ ਵਾਸਤੇ ਇੱਕ ਬੇੜੀ ਫੜ੍ਹਨੀ ਪੈਂਦੀ ਹੈ ਤੇ ਫਿਰ ਮਾਜੁਲੀ ਅਤੇ ਫਿਰ ਪਿੰਡ ਪੁੱਜਣ ਵਾਸਤੇ ਫੇਰੀ ਲੈਣੀ ਪੈਂਦੀ ਹੈ।
ਸਭ ਤੋਂ ਨੇੜਲਾ ਪ੍ਰਾਇਮਰੀ ਸਿਹਤ ਕੇਂਦਰ ਵੀ 3-4 ਘੰਟਿਆਂ ਦੀ ਦੂਰੀ ‘ਤੇ ਮਾਜੁਲੀ ਦੀਪ ਦੇ ਰਤਨਪੁਰ ਮਿਰੀ ਪਿੰਡ ਵਿਖੇ ਸਥਿਤ ਹੈ। “ਹਰ ਬੀਮਾਰੀ ਇੱਕ ਖ਼ਤਰਾ ਬਣ ਕੇ ਉੱਭਰਦੀ ਹੈ,” ਸ਼ਿਵਜੀ ਕਹਿੰਦੇ ਹਨ। “ਜੇ ਕੋਈ ਬੀਮਾਰ ਪੈ ਜਾਵੇ ਤਾਂ ਅਸੀਂ ਉਹਨੂੰ ਮੋਟਰ-ਬੋਟ ਰਾਹੀਂ ਹਸਪਤਾਲ ਲਿਜਾਂਦੇ ਹਾਂ, ਪਰ ਮਾਨਸੂਨ ਦੇ ਸਮੇਂ ਵਿੱਚ ਨਦੀ ਰਾਹੀਂ ਸਫ਼ਰ ਕਰਨਾ ਮੁਸ਼ਕਲ ਹੋ ਜਾਂਦਾ ਹੈ।” ਐਂਬੂਲੈਂਸ ਬੋਟ ਡਾਬਲੀ ਤੱਕ ਨਹੀਂ ਆਉਂਦੀ ਅਤੇ ਜਿੱਥੇ ਪਾਣੀ ਘੱਟ ਹੁੰਦਾ ਹੈ ਸਥਾਨਕ ਲੋਕ ਟਰੈਕਟਰ ਰਾਹੀਂ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ।
“ਸਾਨੂੰ ਉੱਚ ਪ੍ਰਾਇਮਰੀ ਸਕੂਲ (7ਵੀਂ ਤੱਕ) ਚਾਹੀਦਾ ਹੈ ਕਿਉਂਕਿ ਜਦੋਂ ਛੋਟੇ ਬੱਚੇ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਪੂਰੀ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਨਦੀ ਪਾਰ ਕਰਕੇ ਦਿਚਾਂਗਮੁਖ ਸਕੂਲ ਜਾਣਾ ਪੈਂਦਾ ਹੈ,” ਸ਼ਿਵਜੀ ਕਹਿੰਦੇ ਹਨ। ਉਹ ਗੱਲ ਜਾਰੀ ਰੱਖਦਿਆਂ ਕਹਿੰਦੇ ਹਨ,“ਜਦੋਂ ਹੜ੍ਹ ਨਾ ਹੋਵੇ ਤਾਂ ਉਹ ਜਾ ਸਕਦੇ ਹਨ ਪਰ ਬਰਸਾਤ ਦੇ ਮੌਸਮ (ਜੁਲਾਈ ਤੋਂ ਸਤੰਬਰ) ਦੌਰਾਨ ਉਹ ਸਕੂਲ ਜਾਣਾ ਬੰਦ ਕਰ ਦਿੰਦੇ ਹਨ।” ਇੰਨਾ ਹੀ ਨਹੀਂ ਉਹ (ਸ਼ਿਵਜੀ) ਆਪਣੇ ਸਕੂਲ ਦੇ ਅਧਿਆਪਕ ‘ਤੇ ਆਉਂਦੇ ਖਰਚੇ ਨਾਲ਼ ਵੀ ਨਜਿੱਠਦੇ ਹਨ। “ਇੱਥੇ ਕੰਮ ਲਈ ਰੱਖੇ ਅਧਿਆਪਕ ਵੀ ਇੱਥੇ ਰਹਿਣਾ ਨਹੀਂ ਚਾਹੁੰਦੇ। ਉਹ ਕੁਝ ਕੁ ਦਿਨ ਆਉਂਦੇ ਹਨ ਤੇ ਵਾਪਸ ਨਹੀਂ ਮੁੜਦੇ। ਇੰਝ ਸਾਡੇ ਬੱਚਿਆਂ ਨੂੰ ਸਹੀ ਲੀਹ ਨਹੀਂ ਮਿਲ਼ ਪਾਉਂਦੀ।”
40 ਸਾਲਾ ਰਾਮਵਚਨ ਯਾਦਵ ਜੋ ਤਿੰਨ ਬੱਚਿਆਂ (4 ਸਾਲ ਤੋਂ 11 ਸਾਲ) ਦੇ ਪਿਤਾ ਹਨ, ਕਹਿੰਦੇ ਹਨ,“ਮੈਂ ਆਪਣੇ ਬੱਚਿਆਂ ਨੂੰ ਪੜ੍ਹਨ (ਨਦੀਓਂ ਪਾਰ) ਲਈ ਭੇਜਾਂਗਾ। ਪੜ੍ਹਾਈ ਕਰਨਗੇ ਤਾਂ ਹੀ ਤਾਂ ਨੌਕਰੀ ਮਿਲ਼ੂਗੀ।” ਰਾਮਵਚਨ ਕਰੀਬ ਇੱਕ ਏਕੜ ਵਿੱਚ ਖੇਤੀ ਕਰਦੇ ਹਨ, ਜਿੱਥੇ ਉਹ ਕੱਦੂ, ਮੂਲੀ, ਬੈਂਗਣ, ਮਿਰਚਾਂ ਅਤੇ ਪੁਦੀਨਾ ਬੀਜਦੇ ਹਨ ਅਤੇ ਵੇਚਦੇ ਹਨ। ਉਨ੍ਹਾਂ ਨੇ 20 ਗਾਵਾਂ ਵੀ ਰੱਖੀਆਂ ਹਨ ਜਿਨ੍ਹਾਂ ਦਾ ਉਹ ਦੁੱਧ ਵੇਚਦੇ ਹਨ। ਉਨ੍ਹਾਂ ਦੀ ਪਤਨੀ 35 ਸਾਲਾ ਕੁਸਮ ਵੀ ਇਸੇ ਟਾਪੂ ‘ਤੇ ਵਧੀ-ਫੁਲੀ। ਉਨ੍ਹਾਂ ਨੇ ਚੌਥੀ ਤੋਂ ਬਾਅਦ ਅੱਗੇ ਪੜ੍ਹਾਈ ਨਹੀਂ ਕੀਤੀ। ਉਹ ਕਹਿੰਦੀ ਹਨ ਕਿ ਉਸ ਸਮੇਂ ਇੰਨੀ ਛੋਟੀਆਂ ਕੁੜੀਆਂ ਲਈ ਦੀਪ ਤੋਂ ਬਾਹਰ ਜਾ ਕੇ ਅੱਗੇ ਪੜ੍ਹਾਈ ਕਰਨ ਦਾ ਸਵਾਲ ਹੀ ਨਹੀਂ ਸੀ ਉੱਠਦਾ।
ਰਣਜੀਤ ਯਾਦਵ ਆਪਣੇ ਛੇ ਸਾਲਾ ਬੇਟੇ ਨੂੰ ਇੱਕ ਨਿੱਜੀ ਸਕੂਲ ਭੇਜਦੇ ਹਨ ਭਾਵੇਂਕਿ ਉਹਨੂੰ ਦਿਨ ਵਿੱਚ ਦੋ ਵਾਰੀ ਨਦੀ ਹੀ ਕਿਉਂ ਨਾ ਪਾਰ ਕਰਨੀ ਪੈਂਦੀ ਹੋਵੇ। “ਮੈਂ ਆਪਣੇ ਬੇਟੇ ਨੂੰ ਆਪਣੀ ਬਾਈਕ ‘ਤੇ ਛੱਡਣ ਤੇ ਲੈਣ ਜਾਂਦਾ ਹਾਂ। ਸ਼ਿਵਸਾਗਰ ਕਾਲਜ ਪੜ੍ਹਦਾ ਮੇਰਾ ਭਰਾ ਵੀ ਕਦੇ-ਕਦਾਈਂ ਉਹਨੂੰ ਆਪਣੇ ਨਾਲ਼ ਲੈ ਜਾਂਦਾ ਹੈ,” ਉਹ ਕਹਿੰਦੇ ਹਨ।
ਉਨ੍ਹਾਂ ਦੇ ਭਰਜਾਈ ਪਾਰਵਤੀ ਯਾਦਵ ਕਦੇ ਸਕੂਲ ਨਹੀਂ ਗਈ ਪਰ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਦੀ 16 ਸਾਲਾ ਧੀ ਚਿੰਤਾਮਣੀ ਦਿਚਾਂਗਮੁਖ ਦੇ ਇੱਕ ਹਾਈ ਸਕੂਲ ਵਿੱਚ ਪੜ੍ਹ ਰਹੀ ਹੈ। ਸਕੂਲ ਜਾਣ ਲਈ ਉਹ 2 ਘੰਟੇ ਪੈਦਲ ਤੁਰਦੀ ਹੈ ਅਤੇ ਇਸ ਸਫ਼ਰ ਵਿੱਚ ਉਹਨੂੰ ਨਦੀ ਵੀ ਪਾਰ ਕਰਨੀ ਪੈਂਦੀ ਹੈ। “ਮੈਨੂੰ ਫ਼ਿਕਰ ਲੱਗੀ ਰਹਿੰਦੀ ਹੈ ਕਿਉਂਕਿ ਆਸ ਪਾਸ ਹਾਥੀ ਵੀ ਹੁੰਦੇ ਹਨ,” ਪਾਰਵਤੀ ਕਹਿੰਦੀ ਹਨ। ਵੱਡੀ ਧੀ ਤੋਂ ਬਾਅਦ ਉਨ੍ਹਾਂ ਦੇ ਦੋ ਬੱਚੇ 12 ਸਾਲਾ ਸੁਮਨ ਅਤੇ 11 ਸਾਲਾ ਰਾਜੀਵ ਵੀ ਦੀਪ ਤੋਂ ਬਾਹਰ ਪੜ੍ਹਾਈ ਕਰਨ ਵਾਲ਼ੀ ਕਤਾਰ ਵਿੱਚ ਸ਼ਾਮਲ ਹੋਣ ਵਾਲ਼ੇ ਹਨ।
ਪਰ ਜਦੋਂ ਜ਼ਿਲ੍ਹਾ ਕਮਿਸ਼ਨਰ ਨੇ ਡਾਬਲੀ ਚਾਪੋਰੀ ਵਾਸੀਆਂ ਨੂੰ ਪੁੱਛਿਆ ਕਿ ਕੀ ਉਹ ਸ਼ਿਵਸਾਗਰ ਕਸਬੇ ਵਿੱਚ ਰਹਿਣ ਜਾਣਾ ਚਾਹੁੰਦੇ ਹਨ, ਤਾਂ ਕੋਈ ਰਾਜ਼ੀ ਨਾ ਹੋਇਆ। “ਇਹ ਸਾਡਾ ਘਰ ਹੈ; ਅਸੀਂ ਇਹਨੂੰ ਛੱਡ ਕੇ ਨਹੀਂ ਜਾ ਸਕਦੇ,” ਸ਼ਿਵਜੀ ਕਹਿੰਦੇ ਹਨ।
ਹੈੱਡਮਾਸਟਰ ਅਤੇ ਉਨ੍ਹਾਂ ਦੀ ਪਤਨੀ, ਫੂਲਮਤੀ ਆਪਣੇ ਬੱਚਿਆਂ ਦੀ ਅਕਾਦਮਿਕ ਪੜ੍ਹਾਈ ਨੂੰ ਲੈ ਕੇ ਬੜਾ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦੇ ਸਭ ਤੋਂ ਵੱਡਾ ਬੇਟਾ ਸੀਮਾ ਸੁਰੱਖਿਆ ਬਲ ਵਿੱਚ ਤਾਇਨਾਤ ਹੈ; 26 ਸਾਲਾ ਬੇਟੀ ਰੀਤਾ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ 25 ਸਾਲਾ ਗੀਤਾ ਨੇ ਪੋਸਟ-ਗ੍ਰੈਜੂਏਸ਼ਨ ਕੀਤੀ ਹੈ। ਸਭ ਤੋਂ ਛੋਟਾ ਬੇਟਾ 23 ਸਾਲਾ ਰਾਜੇਸ਼ ਵਾਰਾਣਸੀ ਵਿੱਚ ਭਾਰਤੀ ਤਕਨੀਕੀ ਸੰਸਥਾ (ਬੀਐੱਚਯੂ) ਵਿਖੇ ਪੜ੍ਹ ਰਿਹਾ ਹੈ।
ਸਕੂਲ ਦੀ ਘੰਟੀ ਵੱਜਦੀ ਹੈ ਤੇ ਸਾਰੇ ਬੱਚੇ ਕਤਾਰਬੱਧ ਹੋ ਕੇ ਰਾਸ਼ਟਰਗਾਨ ਗਾਉਣ ਲੱਗਦੇ ਹਨ। ਜਦੋਂ ਯਾਦਵ ਗੇਟ ਖੋਲ੍ਹਦੇ ਹਨ ਤਾਂ ਬੱਚੇ ਪਹਿਲਾਂ ਤਾਂ ਹੌਲ਼ੀ-ਹੌਲ਼ੀ ਤੁਰਦੇ ਹੋਏ ਬਾਹਰ ਨਿਕਲ਼ਦੇ ਹਨ ਤੇ ਫਿਰ ਛੂਟਾਂ ਵੱਟ ਜਾਂਦੇ ਹਨ। ਅੱਜ ਦਾ ਸਕੂਲ ਮੁੱਕਿਆ ਅਤੇ ਹੁਣ ਹੈੱਡਮਾਸਟਰ ਨੇ ਸਾਰਾ ਕੰਮ ਮੁਕਾਉਣਾ ਤੇ ਤਾਲਾ ਬੰਦ ਕਰਨਾ ਹੈ। ਕਹਾਣੀ-ਕਿਤਾਬਾਂ ਦੀ ਖੇਪ ਨੂੰ ਇਕੱਠਿਆਂ ਕਰਦਿਆਂ ਉਹ ਕਹਿੰਦੇ ਹਨ,“ਬਾਕੀ ਲੋਕੀਂ ਵੱਧ ਕਮਾ ਸਕਦੇ ਹਨ ਅਤੇ ਮੈਂ ਬਤੌਰ ਅਧਿਆਪਕ ਘੱਟ ਕਮਾ ਸਕਦਾ ਹਾਂ। ਪਰ ਇਹਦੇ ਬਾਵਜੂਦ ਵੀ ਮੈਂ ਆਪਣਾ ਪਰਿਵਾਰ ਪਾਲ਼ ਰਿਹਾ ਹਾਂ। ਸਭ ਤੋਂ ਵੱਡੀ ਗੱਲ ਕਿ ਮੈਨੂੰ ਇਸ ਕੰਮ ਵਿੱਚ ਮਜ਼ਾ ਆਉਂਦਾ ਹੈ... ਮੇਰਾ ਪਿੰਡ, ਮੇਰਾ ਜ਼ਿਲ੍ਹਾ, ਤਰੱਕੀ ਕਰਨਗੇ ਹੀ ਕਰਨਗੇ। ਅਸਾਮ ਅੱਗੇ ਵਧੇਗਾ।”
ਲੇਖਿਕਾ ਅਯਾਂਗ ਟਰੱਸਟ ਦੇ ਬਿਪਿਨ ਧਾਨੇ ਅਤੇ ਕ੍ਰਿਸ਼ਨਾ ਕਾਂਤ ਪੀਗੋ ਦਾ ਸ਼ੁਕਰੀਆ ਅਦਾ ਕਰਦੀ ਹਨ ਜਿਨ੍ਹਾਂ ਨੇ ਇਸ ਸਟੋਰੀ ਦੀ ਰਿਪੋਰਟਿੰਗ ਕਰਨ ਵਿੱਚ ਆਪਣੀ ਮਦਦ ਦਿੱਤੀ।
ਤਰਜਮਾ: ਕਮਲਜੀਤ ਕੌਰ