ਸਰਤ ਮੋਹਨ ਦੱਸਦੇ ਹਨ ਕਿ ਇੱਕ ਹਾਥੀ ਕਦੇ ਵੀ ਆਪਣੇ ਫਾਂਦੀ (ਟ੍ਰੇਨਰ) ਨੂੰ ਨਹੀਂ ਭੁੱਲਦਾ। ਉਹਨਾਂ ਨੇ 90 ਤੋਂ ਵੱਧ ਹਾਥੀਆਂ ਨੂੰ ਟ੍ਰੇਨ ਕੀਤਾ ਹੈ। ਉਹ ਨਾਲ ਹੀ ਦੱਸਦੇ ਹਨ ਕਿ ਚਾਹੇ ਇਹ ਮੋਟੀ ਚਮੜੀ ਵਾਲਾ ਵਿਸ਼ਾਲ ਜਾਨਵਰ ਕਿਸੇ ਸੰਘਣੇ ਜੰਗਲ ਵਿੱਚ ਹੋਵੇ ਤੇ ਚਾਹੇ ਜੰਗਲੀ ਹਾਥੀਆਂ ਦੇ ਝੁੰਡ ਵਿੱਚ, ਆਪਣੇ ਫਾਂਦੀ ਕੋਲ ਭੱਜਾ ਆਉਂਦਾ ਹੈ।
ਪੀਲਖਾਨਾ ਦੇ ਆਰਜੀ ਟ੍ਰੇਨਿੰਗ ਕੈਂਪ ਵਿੱਚ ਨਵਜੰਮੇ ਹਾਥੀ ਨੂੰ ਹੌਲ਼ੀ ਹੌਲ਼ੀ ਇਨਸਾਨੀ ਛੋਹ ਦਾ ਆਦੀ ਬਣਾਇਆ ਜਾਂਦਾ ਹੈ। “ਟ੍ਰੇਨਿੰਗ ਦੌਰਾਨ ਥੋੜਾ ਜਿਹਾ ਦਰਦ ਵੀ ਬਹੁਤ ਵੱਡਾ ਮਹਿਸੂਸ ਹੁੰਦਾ ਹੈ,” ਸਰਤ ਦੱਸਦੇ ਹਨ।
ਜਿਵੇਂ ਜਿਵੇਂ ਦਿਨ ਬੀਤਦੇ ਹਨ ਹਾਥੀ ਦੇ ਬੱਚੇ ਦੁਆਲੇ ਲੋਕਾਂ ਦੀ ਗਿਣਤੀ ਹੌਲ਼ੀ ਹੌਲ਼ੀ ਵਧਾਈ ਜਾਂਦੀ ਹੈ ਜਦ ਤੱਕ ਬਿਲਕੁਲ ਸਹਿਜ ਹੋ ਜਾਂਦਾ ਹੈ।
ਇਸ ਜਾਨਵਰ ਦੀ ਟ੍ਰੇਨਿੰਗ ਦੌਰਾਨ ਸਰਤ ਅਤੇ ਹੋਰ ਟ੍ਰੇਨਰ ਇੱਕ ਜਾਨਵਰ ਅਤੇ ਉਸ ਦੇ ਟ੍ਰੇਨਰ ਵਿਚਲੀ ਦੋਸਤੀ ਤੇ ਆਧਾਰਿਤ ਸਕੂਨ ਦੇਣ ਵਾਲੇ ਗੀਤ ਗਾਉਂਦੇ ਰਹਿੰਦੇ ਹਨ।





