"ਸ਼ੁੱਕਰਵਾਰ ਨੂੰ ਜੀ-20 ਸਿਖਰ ਸੰਮੇਲਨ ਲਈ ਆਏ ਮਹਿਮਾਨਾਂ ਦੀ ਆਓਭਗਤ ਵਿੱਚ ਦਿੱਲੀ ਜਗਮਗਾ ਉੱਠੀ, ਠੀਕ ਇਹੀ ਉਹ ਵੇਲ਼ਾ ਸੀ ਜਦੋਂ ਦਿੱਲੀ ਦੇ ਹਾਸ਼ੀਆਗਤ ਲੋਕੀਂ ਹਨ੍ਹੇਰੇ ਵਿੱਚ ਡੁੱਬ ਗਏ। ਇਨ੍ਹਾਂ ਵਿੱਚ ਉਜਾੜੇ ਗਏ ਕਿਸਾਨ, ਜੋ ਹੁਣ ਯਮੁਨਾ ਹੜ੍ਹ ਸ਼ਰਨਾਰਥੀ ਵੀ ਹਨ, ਜਿਨ੍ਹਾਂ ਨੂੰ ਪਹਿਲਾਂ ਹੀ ਨਜ਼ਰ ਨਾ ਆਉਣ ਦੇ ਆਦੇਸ਼ ਮਿਲ਼ੇ ਹੋਏ ਸਨ। ਉਨ੍ਹਾਂ ਨੂੰ ਗੀਤਾ ਕਲੋਨੀ ਫਲਾਈਓਵਰ ਹੇਠਾਂ ਬਣਾਏ ਆਪਣੇ ਆਰਜ਼ੀ ਘਰਾਂ ਤੋਂ ਖਦੇੜ ਕੇ ਨਦੀ ਕੰਢੇ ਵੱਲ ਨੂੰ ਅੰਦਰ ਜੰਗਲ ਵੱਲ ਭੇਜ ਦਿੱਤਾ ਗਿਆ ਹੈ ਤੇ ਅਗਲੇ ਤਿੰਨ ਇੱਥੇ ਹੀ ਲੁਕੇ ਰਹਿਣ ਦਾ ਹੁਕਮ ਵੀ ਸੁਣਾ ਦਿੱਤਾ ਹੈ।"

"ਸਾਡੇ ਵਿੱਚੋਂ ਕਈਆਂ ਨਾਲ਼ ਤਾਂ ਪੁਲਿਸ ਨੇ ਖਿੱਚਧੂਹ ਵੀ ਕੀਤੀ। ਸਾਨੂੰ ਕਿਹਾ ਅਗਲੇ 15 ਮਿੰਟਾਂ ਵਿੱਚ ਥਾਂ ਖਾਲੀ ਕਰ ਦਿਓ ਨਹੀਂ ਤਾਂ ਧੂਹ ਕੇ ਪਰ੍ਹਾਂ ਮਾਰਾਂਗੇ," ਹੀਰਾਲਾਲ ਨੇ ਪਾਰੀ ਨੂੰ ਦੱਸਿਆ।

ਜੰਗਲੀ ਇਲਾਕੇ ਵਿੱਚ ਉੱਚੇ-ਉੱਚੇ ਘਾਹ ਹੇਠ ਸੱਪ, ਬਿੱਛੂ ਤੇ ਹੋਰ ਕਈ ਖ਼ਤਰਨਾਕ ਜੀਵ ਲੁਕੇ ਰਹਿੰਦੇ ਹਨ। "ਸਾਡੇ ਪਰਿਵਾਰਾਂ ਕੋਲ਼ ਨਾ ਬਿਜਲੀ ਹੈ ਤੇ ਨਾ ਹੀ ਪਾਣੀ। ਅਜਿਹੀ ਹਾਲਤ ਵਿੱਚ ਜੇ ਕਿਸੇ ਨੂੰ ਕੋਈ ਜੀਵ ਲੜ ਜਾਵੇ ਤਾਂ ਕਿਤੇ ਕੋਈ ਡਾਕਟਰੀ ਸਹਾਇਤਾ ਵੀ ਨਹੀਂ ਮਿਲ਼ਣੀ," ਮਜ਼ਬੂਰ ਕਿਸਾਨ ਦੱਸਦਾ ਹੈ।

*****

ਹੀਰਾਲਾਲ ਆਪਣੇ ਪਰਿਵਾਰ ਦਾ ਰਸੋਈ ਗੈਸ ਸਿਲੰਡਰ ਚੁੱਕਣ ਲਈ ਭੱਜੇ। ਜਦੋਂ ਉਨ੍ਹਾਂ ਨੇ ਰਾਜਘਾਟ ਨੇੜੇ ਬੇਲਾ ਅਸਟੇਟ ਵਿੱਚ ਆਪਣੇ ਘਰ ਵਿੱਚ ਕਿਸੇ ਵਿਸ਼ਾਲ ਸੱਪ ਵਾਂਗ ਕਾਲ਼ਾ ਪਾਣੀ ਵੜ੍ਹਦਾ ਵੇਖਿਆ ਤਾਂ ਉਨ੍ਹਾਂ ਨੇ ਦੋ ਵਾਰ ਨਹੀਂ ਸੋਚਿਆ।

ਇਹ 12 ਜੁਲਾਈ, 2023 ਦੀ ਰਾਤ ਸੀ। ਕਈ ਦਿਨਾਂ ਦੀ ਭਾਰੀ ਬਾਰਸ਼ ਤੋਂ ਬਾਅਦ ਯਮੁਨਾ ਨਦੀ ਨੱਕੋਨੱਕ ਭਰ ਗਈ ਅਤੇ ਹੀਰਾਲਾਲ ਵਰਗੇ ਲੋਕਾਂ ਲਈ ਸੁਰੱਖਿਅਤ ਬਚ ਨਿਕਲ਼ਣ ਦਾ ਸਮਾਂ ਵੀ ਖ਼ਤਮ ਹੋ ਰਿਹਾ ਸੀ, ਜੋ ਦਿੱਲੀ ਵਿੱਚ ਇਸ ਦੇ ਕਿਨਾਰੇ ਰਹਿੰਦੇ ਸਨ।

ਮਯੂਰ ਵਿਹਾਰ ਦੇ ਯਮੁਨਾ ਪੁਸਤਾ ਦੀ ਰਹਿਣ ਵਾਲ਼ੀ 60 ਸਾਲਾ ਚਮੇਲੀ (ਗੀਤਾ ਦੇ ਨਾਂ ਨਾਲ਼ ਵੀ ਜਾਣੀ ਜਾਂਦੀ ਹੈ) ਨੇ ਆਪਣੇ ਗੁਆਂਢੀ ਦੀ ਇੱਕ ਮਹੀਨੇ ਦੀ ਬੱਚੀ ਰਿੰਕੀ ਨੂੰ ਜਲਦਬਾਜ਼ੀ 'ਚ ਚੁੱਕਿਆ। ਇਸ ਦੌਰਾਨ ਆਲ਼ੇ-ਦੁਆਲ਼ੇ ਦੇ ਲੋਕ ਸਹਿਮੀਆਂ ਬੱਕਰੀਆਂ ਅਤੇ ਡਰੇ ਹੋਏ ਕੁੱਤਿਆਂ ਨੂੰ ਆਪਣੇ ਮੋਢਿਆਂ 'ਤੇ ਚੁੱਕੀ ਨਦੀ ਪਾਰ ਕਰ ਰਹੇ ਸਨ, ਕਈ ਤਾਂ ਪਾਰ ਵੀ ਨਾ ਪਹੁੰਚ ਸਕੇ। ਹੜ੍ਹ ਦਾ ਪਾਣੀ ਵਧਣ ਤੋਂ ਪਹਿਲਾਂ ਵਸਨੀਕ ਆਪਣੇ ਭਾਂਡੇ, ਲੀੜੇ ਚੁੱਕਣ ਲਈ ਵਾਹੋਦਾਹੀ ਹੱਥ-ਪੈਰ ਮਾਰ ਰਹੇ ਸਨ।

"ਸਵੇਰ ਤੱਕ, ਹਰ ਪਾਸੇ ਪਾਣੀ ਹੀ ਪਾਣੀ ਸੀ। ਸਾਨੂੰ ਬਚਾਉਣ ਲਈ ਕੋਈ ਕਿਸ਼ਤੀ ਨਹੀਂ ਆਈ। ਬੇਲਾ ਅਸਟੇਟ ਇਲਾਕੇ ਵਿੱਚ ਹੀਰਾਲਾਲ ਦੀ ਗੁਆਂਢਣ, 55 ਸਾਲਾ ਸ਼ਾਂਤੀ ਦੇਵੀ ਨੇ ਕਿਹਾ, "ਲੋਕ ਫਲਾਈਓਵਰ ਵੱਲ ਨੂੰ ਭੱਜੇ, ਉਨ੍ਹਾਂ ਨੂੰ ਜਿੱਥੇ ਕਿਤੇ ਸੁੱਕੀ ਥਾਂ ਮਿਲ਼ਦੀ ਓਧਰ ਨੂੰ ਹੀ ਭੱਜ ਜਾਂਦੇ। ਸਾਡੀ ਪਹਿਲੀ ਤਰਜੀਹ ਆਪਣੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ ਸੀ। ਗੰਦੇ ਪਾਣੀ ਵਿੱਚ ਸੱਪ ਅਤੇ ਹੋਰ ਜ਼ਹਿਰੀਲੇ ਜੀਵ ਹੋ ਸਕਦੇ ਸਨ, ਜੋ ਰਾਤ ਵੇਲ਼ੇ ਨਜ਼ਰ ਨਾ ਆਉਂਦੇ।''

ਉਹ ਬੇਵੱਸ ਖੜ੍ਹੀ ਬੱਸ ਦੇਖ ਰਹੀ ਸੀ ਆਪਣਾ ਭੋਜਨ, ਰਾਸ਼ਨ ਅਤੇ ਬੱਚਿਆਂ ਦੇ ਸਕੂਲ ਦੀਆਂ ਕਿਤਾਬਾਂ ਨੂੰ ਰੁੜ੍ਹਦਿਆਂ। "ਸਾਡੀ 25 ਕਿਲੋ ਕਣਕ, ਕੱਪੜੇ ਸਭ ਰੁੜ੍ਹ ਗਿਆ..."

ਕੁਝ ਹਫ਼ਤਿਆਂ ਬਾਅਦ, ਪਾਰੀ ਨੇ ਕੁਝ ਪੀੜਤਾਂ ਨਾਲ਼ ਗੱਲ ਕੀਤੀ ਜੋ ਗੀਤਾ ਕਲੋਨੀ ਵਿੱਚ ਫਲਾਈਓਵਰ ਦੇ ਹੇਠਾਂ ਅਸਥਾਈ ਘਰਾਂ ਵਿੱਚ ਰਹਿ ਰਹੇ ਹਨ। "ਪ੍ਰਸ਼ਾਸਨ ਨੇ ਸਮੇ ਸੇ ਪਹਿਲੇ ਜਗਾਹ ਖਾਲੀ ਕਰਨੇ ਕੀ ਚੇਤਵਾਨੀ ਨਹੀਂ ਦੀ। ਕਪੜੇ ਪਹਿਲੇ ਸੇ ਬਾਂਧ ਕਰ ਰੱਖੇ ਥੇ , ਗੋਦ ਮੇ ਉਠਾ-ਉਠਾ ਕਰ ਬਕਰੀਆ ਨਿਕਾਲੀਂ... ਹਮਨੇ ਨਾਵ ਭੀ ਮਾਂਗੀ ਜਾਨਵਰੋਂ ਕੋ ਬਚਾਨੇ ਕੇ ਲੀਏ , ਪਰ ਕੁਛ ਨਹੀਂ ਮਿਲਾ ," ਹੀਰਾਲਾ ਨੇ ਅਗਸਤ ਦੇ ਪਹਿਲੇ ਹਫ਼ਤੇ ਦੱਸਿਆ।

Hiralal is a resident of Bela Estate who has been displaced by the recent flooding of the Yamuna in Delhi. He had to rush with his family when flood waters entered their home in July 2023. They are currently living under the Geeta Colony flyover near Raj Ghat (right) with whatever belongings they could save from their flooded homes
PHOTO • Shalini Singh
Hiralal is a resident of Bela Estate who has been displaced by the recent flooding of the Yamuna in Delhi. He had to rush with his family when flood waters entered their home in July 2023. They are currently living under the Geeta Colony flyover near Raj Ghat (right) with whatever belongings they could save from their flooded homes
PHOTO • Shalini Singh

ਬੇਲਾ ਅਸਟੇਟ ਦੇ ਵਸਨੀਕ ਹੀਰਾਲਾਲ ਹਾਲ ਹੀ ਵਿੱਚ ਦਿੱਲੀ ਵਿੱਚ ਯਮੁਨਾ ਦੇ ਪਾਣੀ ਦੇ ਹੜ੍ਹ ਕਾਰਨ ਬੇਘਰ ਹੋ ਗਏ ਹਨ। ਜੁਲਾਈ 2023 ਵਿੱਚ, ਜਦੋਂ ਹੜ੍ਹ ਦਾ ਪਾਣੀ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਇਆ, ਤਾਂ ਉਨ੍ਹਾਂ ਨੂੰ ਆਪਣੇ ਪਰਿਵਾਰ ਸਮੇਤ ਉੱਥੋਂ ਭੱਜਣਾ ਪਿਆ। ਉਹ ਇਸ ਸਮੇਂ ਰਾਜਘਾਟ (ਸੱਜੇ) ਨੇੜੇ ਗੀਤਾ ਕਲੋਨੀ ਫਲਾਈਓਵਰ ਦੇ ਹੇਠਾਂ ਹੜ੍ਹਾਂ ਦੀ ਮਾਰ ਵਿੱਚੋਂ ਆਪਣੇ ਬਚੇ-ਖੁਚੇ ਸਮਾਨ ਨਾਲ਼ ਰਹਿ ਰਹੇ ਹਨ

Geeta (left), holding her neighbour’s one month old baby, Rinky, who she ran to rescue first when the Yamuna water rushed into their homes near Mayur Vihar metro station in July this year.
PHOTO • Shalini Singh
Shanti Devi (right) taking care of her grandsons while the family is away looking for daily work.
PHOTO • Shalini Singh

ਇਸ ਸਾਲ ਜੁਲਾਈ ਵਿੱਚ ਜਦੋਂ ਯਮੁਨਾ ਨਦੀ ਦਾ ਪਾਣੀ ਮਯੂਰ ਵਿਹਾਰ ਮੈਟਰੋ ਸਟੇਸ਼ਨ ਨੇੜੇ ਘਰਾਂ 'ਚ ਦਾਖਲ ਹੋਇਆ ਤਾਂ ਗੀਤਾ (ਖੱਬੇ) ਨੇ ਆਪਣੇ ਗੁਆਂਢੀ ਦੀ ਇੱਕ ਮਹੀਨੇ ਦੀ ਬੱਚੀ ਰਿੰਕੀ ਨੂੰ ਚੁੱਕ ਲਿਆ, ਜਿਓਂ ਹੀ ਘਰ ਵਿੱਚ ਪਾਣੀ ਦਾਖ਼ਲ ਹੋਇਆ ਗੀਤਾ ਨੇ ਤੁਰੰਤ ਰਿੰਕੀ ਨੂੰ ਬਚਾ ਲਿਆ। ਜਦੋਂ ਪਰਿਵਾਰ ਦਿਹਾੜੀ ਦੀ ਭਾਲ਼ ਵਿੱਚ ਜਾਂਦਾ ਹੈ ਤਾਂ ਸ਼ਾਂਤੀ ਦੇਵੀ (ਸੱਜੇ) ਆਪਣੇ ਪੋਤੇ-ਪੋਤੀਆਂ ਦੀ ਦੇਖਭਾਲ਼ ਕਰਦੀ ਹਨ

ਹੀਰਾਲਾਲ ਅਤੇ ਸ਼ਾਂਤੀ ਦੇਵੀ ਦੇ ਪਰਿਵਾਰ ਲਗਭਗ ਦੋ ਮਹੀਨਿਆਂ ਤੋਂ ਗੀਤਾ ਕਲੋਨੀ ਫਲਾਈਓਵਰ ਦੇ ਹੇਠਾਂ ਰਹਿ ਰਹੇ ਹਨ। ਫਲਾਈਓਵਰ ਹੇਠਾਂ ਆਪਣੇ ਅਸਥਾਈ ਘਰਾਂ ਲਈ ਬਿਜਲੀ ਵਾਸਤੇ ਉਨ੍ਹਾਂ ਨੂੰ ਸਟਰੀਟ ਲਾਈਟਾਂ ਤੋਂ ਤਾਰ ਖਿੱਚਣੀ ਪੈਂਦੀ ਹੈ ਤਾਂ ਜੋ ਰਾਤ ਵੇਲ਼ੇ ਬਲਬ ਜਲਾਇਆ ਜਾ ਸਕੇ। ਪੀਣ ਵਾਲ਼ੇ ਪਾਣੀ ਲਈ, ਹੀਰਾਲਾਲ ਸਾਈਕਲ 'ਤੇ ਸਵਾਰ ਹੋ ਇੱਥੋਂ ਲਗਭਗ 4-5 ਕਿਲੋਮੀਟਰ ਦੂਰ ਦਰਿਆਗੰਜ ਜਾਂਦੇ ਹਨ, 20 ਲੀਟਰ ਡਰੰਮ ਪਾਣੀ ਲਿਆਉਣ ਲਈ ਉਨ੍ਹਾਂ ਨੂੰ ਦਿਹਾੜੀ ਵਿੱਚ ਦੋ ਚੱਕਰ ਲਾਉਣੇ ਪੈਂਦੇ ਹਨ।

ਆਪਣੀ ਜ਼ਿੰਦਗੀ ਨੂੰ ਮੁੜ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਹੀਰਾਲਾਲ, ਜੋ ਕਦੇ ਯਮੁਨਾ ਦੇ ਕਿਨਾਰੇ ਬੜੇ ਮਾਣ ਨਾਲ਼ ਖੇਤੀ ਕਰਦੇ ਸਨ, ਹੁਣ ਉਸਾਰੀ ਮਜ਼ਦੂਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੇ ਗੁਆਂਢੀ, ਸ਼ਾਂਤੀ ਦੇਵੀ ਦੇ ਪਤੀ, 58 ਸਾਲਾ ਰਮੇਸ਼ ਨਿਸ਼ਾਦ, ਜੋ ਇੱਕ ਸਮੇਂ ਕਿਸਾਨ ਸਨ, ਹੁਣ ਭੀੜ-ਭੜੱਕੇ ਵਾਲ਼ੀ ਸੜਕ ਕਿਨਾਰੇ ਕਚੋਰੀ ਵੇਚਣ ਵਾਲ਼ਿਆਂ ਦੀ ਕਤਾਰ ਦਾ ਹਿੱਸਾ ਹਨ।

ਪਰ ਦਿੱਲੀ ਸਰਕਾਰ ਜੀ -20 ਬੈਠਕ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕੱਸ ਰਹੀ ਹੈ, ਸੋ ਇਨ੍ਹਾਂ ਰੇਹੜੀ/ਫੜ੍ਹੀ ਵਾਲ਼ਿਆਂ ਦਾ ਭਵਿੱਖ ਵੀ ਦਾਅ 'ਤੇ ਹੈ। ਪ੍ਰਸ਼ਾਸਨ ਨੇ ਅਗਲੇ ਦੋ ਮਹੀਨਿਆਂ ਲਈ ਉਨ੍ਹਾਂ ਨੂੰ ਰਸਤੇ ਸਾਫ਼ ਕਰਨ ਦੇ ਆਦੇਸ਼ ਦਿੱਤੇ ਹਨ। ''ਇੱਥੇ ਨਜ਼ਰ ਨਾ ਆਇਓ ਕਿਤੇ,'' ਅਧਿਕਾਰੀ ਕਹਿ ਰਹੇ ਹਨ। "ਅਸੀਂ ਰੋਜ਼ੀ-ਰੋਟੀ ਕਮਾਉਣ ਲਈ ਕੀ ਕਰੀਏ?" ਸ਼ਾਂਤੀ ਪੁੱਛਦੀ ਹਨ। ''ਦੁਨੀਆ 'ਚ ਆਪਣਾ ਨਾਮ ਚਮਕਾਉਣ ਖ਼ਾਤਰ ਤੁਸੀਂ ਆਪਣੇ ਹੀ ਲੋਕਾਂ ਦੇ ਘਰ ਉਜਾੜ ਰਹੇ ਹੋ ਤੇ ਰੋਜ਼ੀ-ਰੋਟੀ ਖੋਹ ਰਹੇ ਹੋ।''

16 ਜੁਲਾਈ ਨੂੰ ਦਿੱਲੀ ਸਰਕਾਰ ਨੇ ਹੜ੍ਹ ਪ੍ਰਭਾਵਿਤ ਪਰਿਵਾਰ ਨੂੰ 10,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਰਕਮ ਸੁਣਦੇ ਸਾਰ ਹੀ ਹੀਰਾਲਾਲ ਇੱਕ ਪਲ ਲਈ ਹੱਕੇ-ਬੱਕੇ ਰਹਿ ਗਏ। "ਇਹ ਕੋਈ ਮੁਆਵਜ਼ਾ ਹੈ? ਇਹ ਰਕਮ ਕਿਸ ਆਧਾਰ 'ਤੇ ਤੈਅ ਕੀਤੀ ਗਈ ਹੈ? ਕੀ 10,000 ਰੁਪਏ ਸਾਡੀ ਜ਼ਿੰਦਗੀ ਪੱਟੜੀ 'ਤੇ ਲਿਆਉਣ ਲਈ ਕਾਫ਼ੀ ਹਨ? ਇੱਕ ਬੱਕਰੀ ਦੀ ਕੀਮਤ ਹੀ 8,000-10,000 ਰੁਪਏ ਤੱਕ ਹੁੰਦੀ ਹੈ। ਇੱਕ ਝੁੱਗੀ ਬਣਾਉਣ ਵਿੱਚ ਵੀ 20,000-25,000 ਰੁਪਏ ਲੱਗਦੇ ਹਨ।''

ਇੱਥੇ ਰਹਿਣ ਵਾਲ਼ੇ ਬਹੁਤੇ ਲੋਕਾਂ ਨੇ ਆਪਣੀ ਜ਼ਮੀਨਾਂ ਗੁਆ ਲਈਆਂ ਹਨ ਜਿਨ੍ਹਾਂ 'ਤੇ ਕਦੇ ਉਹ ਪਹਿਲਾਂ ਖੇਤੀ ਕਰਦੇ ਸਨ। ਹੁਣ ਉਹ ਮਜ਼ਦੂਰੀ (ਦਿਹਾੜੀ-ਧੱਪਾ) ਕਰ ਰਹੇ ਹਨ, ਰਿਕਸ਼ਾ ਖਿੱਚ ਰਹੇ ਹਨ ਜਾਂ ਮਜ਼ਬੂਰੀਵੱਸ ਘਰਾਂ ਦੇ ਕੰਮ ਲੱਭ ਰਹੇ ਹਨ। ''ਕੀ ਇਹ ਪਤਾ ਲਾਉਣ ਲਈ ਕੋਈ ਸਰਵੇਖਣ ਕਰਾਇਆ ਗਿਆ ਕਿ ਕਿਹਦਾ ਕਿੰਨਾ ਨੁਕਸਾਨ ਹੋਇਆ?'' ਉਹ ਪੁੱਛਦੇ ਹਨ।

Several families in Bela Estate, including Hiralal and Kamal Lal (third from right), have been protesting since April 2022 against their eviction from the land they cultivated and which local authorities are eyeing for a biodiversity park.
PHOTO • Shalini Singh

ਹੀਰਾਲਾਲ ਅਤੇ ਕਮਲ ਲਾਲ (ਸੱਜਿਓਂ ਤੀਜੇ) ਸਮੇਤ ਬੇਲਾ ਅਸਟੇਟ ਦੇ ਕਈ ਪਰਿਵਾਰ ਅਪ੍ਰੈਲ 2022 ਤੋਂ ਖੇਤੀਯੋਗ ਜ਼ਮੀਨ ਤੋਂ ਉਨ੍ਹਾਂ ਦੀ ਬੇਦਖਲੀ ਦਾ ਵਿਰੋਧ ਕਰ ਰਹੇ ਹਨ, ਜਿਸ ਜ਼ਮੀਨ 'ਤੇ ਸਥਾਨਕ ਅਧਿਕਾਰੀ ਜੈਵ-ਵਿਭਿੰਨਤਾ (ਬਾਇਓਡਾਇਵਰਸਿਟੀ) ਪਾਰਕ ਦੀ ਉਸਾਰੀ ਲਈ ਨਜ਼ਰ ਰੱਖ ਕੇ ਬੈਠੇ  ਹਨ

Most children lost their books (left) and important school papers in the Yamuna flood. This will be an added cost as families try to rebuild their lives. The solar panels (right) cost around Rs. 6,000 and nearly every flood-affected family has had to purchase them if they want to light a bulb at night or charge their phones
PHOTO • Shalini Singh
Most children lost their books (left) and important school papers in the Yamuna flood. This will be an added cost as families try to rebuild their lives. The solar panels (right) cost around Rs. 6,000 and nearly every flood-affected family has had to purchase them if they want to light a bulb at night or charge their phones.
PHOTO • Shalini Singh

ਯਮੁਨਾ ਦੇ ਹੜ੍ਹਾਂ ਵਿੱਚ ਜ਼ਿਆਦਾਤਰ ਬੱਚਿਆਂ ਦੇ ਸਕੂਲ ਦੀਆਂ ਕਿਤਾਬਾਂ (ਖੱਬੇ) ਅਤੇ ਸਕੂਲ ਦੇ ਪੇਪਰ ਸਭ ਰੁੜ੍ਹ ਗਏ ਹਨ। ਆਪਣੀਆਂ ਜ਼ਿੰਦਗੀਆਂ ਨੂੰ ਲੀਹ 'ਤੇ ਲਿਆਉਣ ਲੱਗਿਆਂ ਇਹ ਉਨ੍ਹਾਂ ਪਰਿਵਾਰਾਂ ਲਈ ਇੱਕ ਵਾਧੂ ਬੋਝ ਰਹਿਣ ਵਾਲ਼ੇ ਹਨ। ਸੋਲਰ ਪੈਨਲਾਂ (ਸੱਜੇ) ਦੀ ਕੀਮਤ ਲਗਭਗ 6,000 ਰੁਪਏ ਹੈ। ਜਿਨ੍ਹਾਂ ਨੂੰ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਤ ਨੂੰ ਬਲਬ ਜਗਾਉਣ ਅਤੇ ਆਪਣੇ ਫ਼ੋਨ ਚਾਰਜ ਕਰਨ ਲਈ ਖਰੀਦਣਾ ਪਿਆ ਸੀ

ਹੁਣ ਛੇ ਹਫ਼ਤਿਆਂ ਬਾਅਦ ਹੜ੍ਹ ਦਾ ਪਾਣੀ ਤਾਂ ਲੱਥ ਗਿਆ ਹੈ, ਪਰ ਸਾਰਿਆਂ ਨੂੰ ਰਾਹਤ-ਰਾਸ਼ੀ ਨਹੀਂ ਮਿਲ਼ੀ ਹੈ। ਇੱਥੋਂ ਦੇ ਵਸਨੀਕ ਇਸ ਰਾਹਤ-ਰਾਸ਼ੀ ਨੂੰ ਪ੍ਰਾਪਤ ਕਰਨ ਲਈ ਲੋੜੀਂਦੀ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਲੱਗਦੇ ਗੇੜਿਆਂ ਬਾਰੇ ਸ਼ਿਕਾਇਤ ਕਰਦੇ ਹਨ। "ਪਹਿਲਾਂ ਉਨ੍ਹਾਂ ਨੇ ਮੈਨੂੰ ਆਪਣਾ ਆਧਾਰ ਕਾਰਡ, ਬੈਂਕ ਕਾਗਜ਼, ਫ਼ੋਟੋ ਲਿਆਉਣ ਲਈ ਕਿਹਾ, ਫਿਰ ਕਹਿਣ ਲੱਗੇ ਰਾਸ਼ਨ ਕਾਰਡ ਲਿਆਓ..." ਕਮਲ ਲਾਲ ਕਹਿੰਦੇ ਹਨ। ਉਨ੍ਹਾਂ ਨੂੰ ਤਾਂ ਇੰਨਾ ਵੀ ਯਕੀਨ ਨਹੀਂ ਹੈ ਕਿ ਆਖ਼ਰ ਇਹ ਪੈਸਾ ਇਲਾਕੇ ਦੇ ਉਨ੍ਹਾਂ 150 ਤੋਂ ਵੱਧ ਪਰਿਵਾਰਾਂ ਨੂੰ ਮਿਲ਼ੇਗਾ ਵੀ ਜਾਂ ਨਹੀਂ- ਜੋ ਮਨੁੱਖ ਦੁਆਰਾ ਉਤਪੰਨ ਅਜਿਹੀ ਤਬਾਹੀ ਦਾ ਸ਼ਿਕਾਰ ਹੋਏ ਜਿਹਨੂੰ ਟਾਲ਼ਿਆ ਜਾ ਸਕਦਾ ਸੀ।

ਇਸ ਖੇਤਰ ਵਿੱਚ ਰਹਿਣ ਵਾਲ਼ੇ 700 ਦੇ ਕਰੀਬ ਬਜ਼ੁਰਗ ਕਿਸਾਨ ਪਰਿਵਾਰਾਂ ਲਈ ਮੁੜ ਵਸੇਬੇ ਦੀ ਮੰਗ ਕਰਨ ਦੀਆਂ ਪਿਛਲੀਆਂ ਕੋਸ਼ਿਸ਼ਾਂ, ਜਿਨ੍ਹਾਂ ਨੇ ਰਾਜ ਦੇ ਪ੍ਰੋਜੈਕਟਾਂ ਕਾਰਨ ਆਪਣੀ ਖੇਤੀਯੋਗ ਜ਼ਮੀਨ ਗੁਆ ਦਿੱਤੀ ਸੀ, ਅੱਗੇ ਨਾ ਵੱਧ ਸਕੀਆਂ। ਅਧਿਕਾਰੀਆਂ ਨਾਲ਼ ਲਗਾਤਾਰ ਟਕਰਾਅ ਚੱਲ ਰਿਹਾ ਹੈ ਜੋ ਇਨ੍ਹਾਂ ਪਰਿਵਾਰਾਂ ਤੋਂ ਆਪਣਾ ਖਹਿੜਾ ਛੁਡਾਉਣਾ ਚਾਹੁੰਦੇ ਹਨ। ਵਿਕਾਸ ਹੋਵੇ, ਵਿਸਥਾਪਨ ਹੋਵੇ, ਤਬਾਹੀ ਹੋਵੇ ਜਾਂ ਪ੍ਰਦਰਸ਼ਨ, ਇਹ ਕਿਸਾਨ ਹਮੇਸ਼ਾ ਸ਼ਿਕਾਰ ਬਣਦੇ ਰਹੇ ਹਨ। ਕਮਲ ਬੇਲਾ ਅਸਟੇਟ ਮਜ਼ਦੂਰ ਬਸਤੀ ਸੰਮਤੀ ਸਮੂਹ ਦਾ ਹਿੱਸਾ ਹਨ, ਜੋ ਮੁਆਵਜ਼ੇ ਦੀ ਮੰਗ ਕਰਦਾ ਰਿਹਾ ਹੈ, ਪਰ, "ਹੜ੍ਹਾਂ ਨੇ ਸਾਡਾ ਵਿਰੋਧ ਪ੍ਰਦਰਸ਼ਨ ਰੋਕ ਦਿੱਤਾ," 37 ਸਾਲਾ ਕਮਲ ਕਹਿੰਦੇ ਹਨ।

*****

45 ਸਾਲ ਬਾਅਦ ਦਿੱਲੀ ਫਿਰ ਡੁੱਬ ਰਹੀ ਹੈ। 1978 ਵਿੱਚ, ਯਮੁਨਾ ਆਪਣੇ ਅਧਿਕਾਰਤ ਸੁਰੱਖਿਆ ਪੱਧਰ ਤੋਂ 1.8 ਮੀਟਰ ਉਛਲ਼ ਕੇ 207.5 ਮੀਟਰ ਤੱਕ ਪਹੁੰਚ ਗਈ ਸੀ। ਇਸ ਸਾਲ ਜੁਲਾਈ ਵਿੱਚ ਇਹ 208.5 ਮੀਟਰ ਨੂੰ ਪਾਰ ਕਰ ਗਿਆ ਸੀ ਜੋ ਹੁਣ ਤੱਕ ਦਾ ਰਿਕਾਰਡ ਹੈ। ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ ਬੈਰਾਜ ਸਮੇਂ ਸਿਰ ਨਾ ਖੁੱਲ੍ਹਣ ਕਾਰਨ ਨਦੀ 'ਚ ਪਾੜ ਪੈ ਗਿਆ, ਜਿਸ ਕਾਰਨ ਜਾਨਾਂ, ਮਕਾਨਾਂ ਦੇ ਨਾਲ਼-ਨਾਲ਼ ਰੋਜ਼ੀ-ਰੋਟੀ ਦਾ ਵੀ ਨੁਕਸਾਨ ਹੋਇਆ। ਫ਼ਸਲਾਂ ਅਤੇ ਹੋਰ ਜਲ ਸਰੋਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

1978 ਦੇ ਹੜ੍ਹਾਂ ਦੌਰਾਨ, ਦਿੱਲੀ ਸਰਕਾਰ ਦੇ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਨੇ 'ਲਗਭਗ 10 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਸੀ, ਜਿਸ ਵਿੱਚ 18 ਜਾਨਾਂ ਗਈਆਂ ਸਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਸਨ।'

Homes that were flooded near Pusta Road, Delhi in July 2023
PHOTO • Shalini Singh

ਜੁਲਾਈ 2023 ਵਿੱਚ ਦਿੱਲੀ ਦੇ ਪੁਸਤਾ ਰੋਡ ਨੇੜੇ ਹੜ੍ਹ ਵਿੱਚ ਡੁੱਬੇ ਘਰ

Flood waters entered homes under the flyover near Mayur Vihar metro station in New Delhi
PHOTO • Shalini Singh

ਨਵੀਂ ਦਿੱਲੀ ਦੇ ਮਯੂਰ ਵਿਹਾਰ ਮੈਟਰੋ ਸਟੇਸ਼ਨ ਨੇੜੇ ਇੱਕ ਫਲਾਈਓਵਰ ਦੇ ਹੇਠਾਂ ਘਰਾਂ ਵਿੱਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਸੀ

ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਸ ਸਾਲ ਜੁਲਾਈ 'ਚ ਕਈ ਦਿਨਾਂ ਦੀ ਬਾਰਸ਼ ਕਾਰਨ ਹੜ੍ਹ ਆਏ ਸਨ, ਜਿਸ ਤੋਂ ਬਾਅਦ 25,000 ਤੋਂ ਜ਼ਿਆਦਾ ਲੋਕ ਸਿੱਧੇ ਜਾਂ ਅਸਿੱਧੇ ਤੌਰ 'ਤੇ ਪ੍ਰਭਾਵਿਤ ਹੋਏ ਹਨ। ਯਮੁਨਾ ਰਿਵਰ ਪ੍ਰੋਜੈਕਟ : ਨਿਊ ਡੈਲੀ ਅਰਬਨ ਇਕੋਲੋਜੀ ਅਨੁਸਾਰ, ਹੜ੍ਹ ਦੇ ਮੈਦਾਨਾਂ 'ਤੇ ਨਿਰੰਤਰ ਕਬਜ਼ੇ ਦੇ ਗੰਭੀਰ ਨਤੀਜੇ ਹੋਣਗੇ, ਜਿਸ ਕਾਰਨ "...ਹੜ੍ਹ ਦੇ ਮੈਦਾਨਾਂ ਦੇ ਨੀਵੇਂ ਇਲਾਕਿਆਂ ਵਿੱਚ ਬਣੀਆਂ ਇਮਾਰਤਾਂ ਰੁੜ੍ਹ ਜਾਣਗੀਆਂ ਤੇ ਪੂਰਬੀ ਦਿੱਲੀ ਵੀ ਪਾਣੀ ਵਿੱਚ ਡੁੱਬ ਦੇਵੇਗਾ।''

ਯਮੁਨਾ ਦੇ ਕਿਨਾਰੇ ਲਗਭਗ 24,000 ਏਕੜ ਜ਼ਮੀਨ 'ਤੇ ਖੇਤੀ ਕੀਤੀ ਗਈ ਹੈ ਅਤੇ ਕਿਸਾਨ ਇੱਕ ਸਦੀ ਤੋਂ ਵੱਧ ਸਮੇਂ ਤੋਂ ਇੱਥੇ ਖੇਤੀ ਕਰ ਰਹੇ ਹਨ। ਪਰ ਹੜ੍ਹ ਦੇ ਮੈਦਾਨਾਂ ਵਿੱਚ ਕੰਕਰੀਟ ਦੇ ਮੰਦਰ, ਮੈਟਰੋ ਸਟੇਸ਼ਨ, ਰਾਸ਼ਟਰਮੰਡਲ ਖੇਡ ਪਿੰਡ (ਸੀਡਬਲਿਯੂਜੀ) ਬਣਾਏ ਜਾਣ ਤੋਂ ਬਾਅਦ ਹੜ੍ਹ ਦਾ ਪਾਣੀ ਰੁਕਣ ਲਈ ਜ਼ਮੀਨ ਹੀ ਘੱਟ ਬਚੀ ਹੈ। ਇਹ ਵੀ ਪੜ੍ਹੋ: ਵੱਡਾ ਸ਼ਹਿਰ, ਛੋਟੇ ਕਿਸਾਨ ਅਤੇ ਮਰਦੀ ਹੋਈ ਨਦੀ

2023 ਦੇ ਹੜ੍ਹਾਂ ਦੀ ਕੀਮਤ ਅਦਾ ਕਰ ਰਹੇ ਬੇਲਾ ਅਸਟੇਟ ਦੇ ਕਮਲ ਕਹਿੰਦੇ ਹਨ,"ਅਸੀਂ ਜੋ ਮਰਜ਼ੀ ਕਰ ਲਈਏ, ਕੁਦਰਤ ਆਪਣਾ ਰਾਹ ਕੱਢ ਹੀ ਲਵੇਗੀ । ਪਹਿਲਾਂ ਮੀਂਹ ਅਤੇ ਹੜ੍ਹਾਂ ਦੌਰਾਨ ਪਾਣੀ ਫੈਲ ਜਾਂਦਾ ਸੀ ਅਤੇ ਹੁਣ ਕਿਉਂਕਿ [ਹੜ੍ਹ ਦੇ ਮੈਦਾਨਾਂ ਵਿੱਚ] ਥਾਂ ਘੱਟ ਗਈ ਹੈ, ਇਹਦੇ ਬਾਹਰ ਵਹਿਣ ਨੂੰ ਥਾਂ ਹੀ ਨਹੀਂ ਬਚੀ ਸੋ ਇਹ ਉਛਲ਼-ਉਛਲ਼ ਜਾਂਦੀ ਹੈ ਅਤੇ ਇਸੇ ਪ੍ਰਕਿਰਿਆ ਵਿੱਚ ਇਸਨੇ ਸਾਨੂੰ ਤਬਾਹ ਕਰ ਦਿੱਤਾ। ਸਾਫ਼ ਕਰਨੀ ਥੀ ਯਮੁਨਾ, ਲੇਕਿਨ ਹਮੇ ਹੀ ਸਾਫ਼ ਕਰ ਦਿਯਾ!"

ਕਮਲ ਗੱਲ ਪੂਰੀ ਕਰਦਿਆਂ ਅੱਗੇ ਕਹਿੰਦੇ ਹਨ, " ਯਮੁਨਾ ਕੇ ਕਿਨਾਰੇ ਵਿਕਾਸ ਨਹੀਂ ਕਰਨਾ ਚਾਹੀਏ। ਯੇ ਦੂਬ ਸ਼ੇਤਰ ਘੋਸ਼ਿਤ ਹੈ। ਸੀਡਬਲਯੂਜੀ , ਅਕਸ਼ਰਧਾਮ , ਮੈਟਰੋ ਯੇ ਸਭ ਪ੍ਰਕਿਰਤੀ ਕੇ ਸਾਥ ਖਿਲਵਾੜ ਹੈ। ਪ੍ਰਕਿਰਤੀ ਕੋ ਜਿਤਨੀ ਜਗਾਹ ਚਾਹੀਏ , ਵੋਹ ਤੋ ਲੇਗੀ। ਪਹਿਲੇ ਪਾਣੀ ਫੈਲ ਜਾਤਾ ਥਾ ਅਤੇ ਅਬ ਕਿਉਕਿ ਜਗਹ ਕਮ ਹੈ , ਤੋ ਉੱਠ ਕੇ ਜਾ ਰਹਾ ਹੈ , ਜਿਸਕੀ ਵਜਾਹ ਸੇ ਨੁਕਸਾਨ ਹਮੇਂ ਹੁਆ ਹੈ। "

"ਦਿੱਲੀ ਕੋ ਕਿਸਨੇ ਦੁਬਾਇਆ? ਦਿੱਲੀ ਸਰਕਾਰ ਦੇ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਨੂੰ ਹਰ ਸਾਲ 15-25 ਜੂਨ ਦੇ ਵਿਚਕਾਰ ਤਿਆਰੀਆਂ ਕਰਨੀਆਂ ਹੁੰਦੀਆਂ ਹਨ। ਜੇ ਉਨ੍ਹਾਂ ਨੇ ਬੈਰਾਜ ਦੇ ਗੇਟ (ਸਮੇਂ ਸਿਰ) ਖੋਲ੍ਹ ਦਿੱਤੇ ਹੁੰਦੇ, ਤਾਂ ਪਾਣੀ ਇਸ ਤਰ੍ਹਾਂ ਨਾ ਭਰਦਾ। ਪਾਨੀ ਨਿਆ ਮਾਂਗਨੇ ਸੁਪਰੀਮ ਕੋਰਟ ਗਯਾ, '' ਰਾਜੇਂਦਰ ਸਿੰਘ ਬੜੀ ਗੰਭੀਰਤਾ ਨਾਲ਼ ਕਹਿੰਦੇ ਹਨ।

Small time cultivators, domestic help, daily wage earners and others had to move to government relief camps like this one near Mayur Vihar, close to the banks of Yamuna in Delhi.
PHOTO • Shalini Singh

ਛੋਟੇ ਕਿਸਾਨਾਂ, ਘਰੇਲੂ ਕਾਮਿਆਂ, ਦਿਹਾੜੀਦਾਰ ਮਜ਼ਦੂਰਾਂ ਅਤੇ ਹੋਰਾਂ ਨੂੰ ਦਿੱਲੀ ਵਿੱਚ ਯਮੁਨਾ ਨਦੀ ਦੇ ਕੰਢੇ ਮਯੂਰ ਵਿਹਾਰ ਨੇੜੇ ਇਸੇ ਤਰ੍ਹਾਂ ਦੇ ਸਰਕਾਰੀ ਰਾਹਤ ਕੈਂਪਾਂ ਵਿੱਚ ਜਾਣਾ ਪਿਆ

Left: Relief camp in Delhi for flood affected families.
PHOTO • Shalini Singh
Right: Experts including Professor A.K. Gosain (at podium), Rajendra Singh (‘Waterman of India’) slammed the authorities for the Yamuna flood and the ensuing destruction, at a discussion organised by Yamuna Sansad.
PHOTO • Shalini Singh

ਖੱਬੇ: ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਦਿੱਲੀ ਵਿੱਚ ਬਣਿਆ ਰਾਹਤ ਕੈਂਪ। ਸੱਜੇ: ਯਮੁਨਾ ਸੰਸਦ ਦੁਆਰਾ ਆਯੋਜਿਤ ਇੱਕ ਬਹਿਸ ਵਿੱਚ, ਪ੍ਰੋਫੈਸਰ ਏ ਕੇ ਗੋਸਾਈਂ (ਸਟੇਜ 'ਤੇ), ਰਾਜੇਂਦਰ ਸਿੰਘ ('ਵਾਟਰਮੈਨ ਆਫ ਇੰਡੀਆ') ਸਮੇਤ ਮਾਹਰਾਂ ਨੇ ਯਮੁਨਾ ਹੜ੍ਹ ਅਤੇ ਉਸ ਤੋਂ ਬਾਅਦ ਹੋਈ ਤਬਾਹੀ ਲਈ ਅਧਿਕਾਰੀਆਂ ਦੀ ਆਲੋਚਨਾ ਕੀਤੀ

ਅਲਵਰ ਦੇ ਵਾਤਾਵਰਣ ਪ੍ਰੇਮੀ ਨੇ ਕਿਹਾ, "ਇਹ ਕੋਈ ਕੁਦਰਤੀ ਆਫ਼ਤ ਨਹੀਂ ਹੈ। ਪਹਿਲਾਂ ਵੀ ਅਨਿਯਮਿਤ ਬਾਰਸ਼ ਹੁੰਦੀ ਰਹੀ ਹੈ।'' ਉਨ੍ਹਾਂ ਨੇ ਇਹ ਟਿੱਪਣੀਆਂ 24 ਜੁਲਾਈ, 2023 ਨੂੰ 'ਦਿੱਲੀ ਹੜ੍ਹ: ਕਬਜ਼ਾ ਜਾਂ ਅਧਿਕਾਰ?' ਸਿਰਲੇਖ ਵਾਲ਼ੀ ਜਨਤਕ ਬਹਿਸ ਨੂੰ ਸੰਬੋਧਨ ਕਰਦਿਆਂ ਕੀਤੀਆਂ। ਇਸ ਚਰਚਾ ਦਾ ਅਯੋਜਨ ਦਿੱਲੀ ਵਿੱਚ ਯਮੁਨਾ ਸੰਸਦ ਨੇ ਕੀਤਾ ਸੀ ਜੋ ਯਮੁਨਾ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਲੋਕਾਂ ਦੀ ਪਹਿਲ ਹੈ।

"ਇਸ ਸਾਲ ਯਮੁਨਾ ਦੇ ਕਿਨਾਰੇ ਵਾਪਰੀਆਂ ਘਟਨਾਵਾਂ ਲਈ ਬਹੁਤ ਸਾਰੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ," ਡਾ. ਅਸ਼ਵਨੀ ਕੇ. ਗੋਸਾਈ ਨੇ ਚਰਚਾ ਦੌਰਾਨ ਕਿਹਾ। ਉਹ 2018 ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੁਆਰਾ ਸਥਾਪਤ ਯਮੁਨਾ ਨਿਗਰਾਨ ਕਮੇਟੀ ਦੇ ਮਾਹਰ ਮੈਂਬਰ ਸਨ।

"ਪਾਣੀ ਦੀ ਗਤੀ ਵੀ ਹੁੰਦੀ ਹੈ। ਬੰਨ੍ਹਾਂ ਦੇ ਬਗ਼ੈਰ ਪਾਣੀ ਜਾਊ ਕਿੱਧਰ?" ਗੋਸਾਈਂ ਪੁੱਛਦੇ ਹਨ, ਜੋ ਬੈਰਾਜਾਂ ਬਣਾਉਣ ਦੀ ਬਜਾਏ ਜਲ ਭੰਡਾਰ ਬਣਾਉਣ ਦੀ ਵਕਾਲਤ ਕਰਦੇ ਹਨ। ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਦਿੱਲੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਸੇਵਾਮੁਕਤ ਪ੍ਰੋਫੈਸਰ ਨੇ ਕਿਹਾ ਕਿ 1,500 ਅਣਅਧਿਕਾਰਤ ਕਲੋਨੀਆਂ ਦੇ ਨਾਲ਼-ਨਾਲ਼ ਸੜਕ 'ਤੇ ਨਾਲ਼ੀਆਂ ਦੀ ਘਾਟ ਕਾਰਨ ਪਾਣੀ ਸੀਵਰੇਜ ਲਾਈਨਾਂ ਵਿੱਚ ਜਾਂਦਾ ਹੈ ਅਤੇ "ਇਹ ਬਿਮਾਰੀਆਂ ਵੀ ਲਿਆਉਂਦੀ ਹੈ"

*****

ਬੇਲਾ ਅਸਟੇਟ ਖੇਤਰ ਦੇ ਕਿਸਾਨ ਪਹਿਲਾਂ ਹੀ ਜਲਵਾਯੂ ਪਰਿਵਰਤਨ, ਖੇਤੀ ਰੁੱਕ ਜਾਣ, ਮੁੜ ਵਸੇਬਾ ਨਾ ਹੋਣ ਅਤੇ ਬੇਦਖ਼ਲੀ ਦੇ ਖ਼ਤਰੇ ਕਾਰਨ ਡਾਵਾਂਡੋਲ ਜੀਵਨ ਜਿਊਂ ਰਹੇ ਹਨ। ਇਹ ਵੀ ਪੜ੍ਹੋ: ‘ਰਾਜਧਾਨੀ ਦੇ ਕਿਸਾਨਾਂ ਨਾਲ਼ ਹੁੰਦੀ ਬਦਸਲੂਕੀ’ । ਹਾਲ ਹੀ 'ਚ ਆਏ ਹੜ੍ਹ ਨੁਕਸਾਨ ਦੀ ਲੜੀ 'ਚ ਤਾਜ਼ਾ ਉਦਾਹਰਣ ਹਨ।

ਹੀਰਾਲਾਲ ਕਹਿੰਦੇ ਹਨ,"10x10 ਝੁੱਗੀ [ਅਸਥਾਈ ਘਰ] ਵਿੱਚ ਰਹਿਣ ਵਾਲ਼ੇ 4-5 ਲੋਕਾਂ ਦੇ ਇੱਕ ਪਰਿਵਾਰ ਲਈ, ਝੁੱਗੀ ਬਣਾਉਣ ਵਿੱਚ ਲਗਭਗ 20,000-25,000 ਰੁਪਏ ਖਰਚ ਹੁੰਦੇ ਹਨ। ਇਕੱਲੀ ਬਰਸਾਤੀ ਤਿਰਪਾਲ ਹੀ 2,000 ਰੁਪਏ ਦੀ ਮਿਲ਼ਦੀ ਹੈ। ਜੇ ਅਸੀਂ ਆਪਣਾ ਮਕਾਨ ਬਣਾਉਣ ਲਈ ਮਜ਼ਦੂਰ ਲਾਈਏ ਤਾਂ ਸਾਨੂੰ ਇੱਕ ਦਿਨ ਵਿੱਚ 500-700 [ਰੁਪਏ] ਦੇਣੇ ਪੈਂਦੇ ਹਨ। ਜੇ ਅਸੀਂ ਖ਼ੁਦ ਕੰਮ ਕਰਨ ਲੱਗੀਏ ਤਾਂ ਸਾਡੀ ਦਿਹਾੜੀ ਟੁੱਟ ਜਾਂਦੀ ਹੈ।" ਹੀਰਾਲਾਲ ਦੀ ਪਤਨੀ ਅਤੇ ਚਾਰ ਬੱਚਿਆਂ, ਜਿਨ੍ਹਾਂ ਦੀ ਉਮਰ 17, 15, 10, 8 ਸਾਲ ਹੈ, ਨਾਲ਼ ਰਹਿੰਦੇ ਹਨ। ਇੱਥੋਂ ਤੱਕ ਕਿ ਬਾਂਸ ਦੇ ਇੱਕ ਖੰਭੇ ਦੀ ਕੀਮਤ ਵੀ 300 ਰੁਪਏ ਹੈ, ਉਹ ਕਹਿੰਦੇ ਹਨ ਕਿ ਇੱਕ ਘਰ ਲਈ ਘੱਟੋ ਘੱਟ 20 ਖੰਭਿਆਂ ਦੀ ਲੋੜ ਹੁੰਦੀ ਹੈ। ਵਿਸਥਾਪਿਤ ਪਰਿਵਾਰਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਕੌਣ ਕਰੇਗਾ।

Hiralal says the flood relief paperwork doesn’t end and moreover the relief sum of Rs. 10,000 for each affected family is paltry, given their losses of over Rs. 50,000.
PHOTO • Shalini Singh
Right: Shanti Devi recalls watching helplessly as 25 kilos of wheat, clothes and children’s school books were taken away by the Yamuna flood.
PHOTO • Shalini Singh

ਹੀਰਾਲਾਲ ਦਾ ਕਹਿਣਾ ਹੈ ਕਿ ਹੜ੍ਹ ਰਾਹਤ-ਰਾਸ਼ੀ ਨਾਲ਼ ਜੁੜੀ ਕਾਗ਼ਜ਼ੀ ਕਾਰਵਾਈ ਖ਼ਤਮ ਹੀ ਨਹੀਂ ਹੁੰਦੀ ਤੇ ਓਪਰੋਂ ਮਿਲ਼ਣ ਵਾਲ਼ੀ ਰਾਸ਼ੀ ਵੀ ਇੰਨੀ ਘੱਟ ਹੈ ਜਦੋਂਕਿ ਕਿ ਨੁਕਸਾਨ ਤਾਂ 50,000 ਰੁਪਏ ਤੋਂ ਵੱਧ ਦਾ ਹੀ ਹੋਇਆ ਹੈ। ਸੱਜੇ: ਸ਼ਾਂਤੀ ਦੇਵੀ ਯਾਦ ਕਰਦੀ ਹਨ ਕਿ ਯਮੁਨਾ ਦੇ ਹੜ੍ਹਾਂ ਵਿੱਚ 25 ਕਿਲੋ ਕਣਕ, ਕੱਪੜੇ ਅਤੇ ਬੱਚਿਆਂ ਦੀਆਂ ਸਕੂਲ ਦੀਆਂ ਕਿਤਾਬਾਂ ਵਹਿ ਗਈਆਂ

The makeshift homes of the Bela Esate residents under the Geeta Colony flyover. Families keep goats for their domestic consumption and many were lost in the flood.
PHOTO • Shalini Singh

ਗੀਤਾ ਕਲੋਨੀ ਫਲਾਈਓਵਰ ਦੇ ਹੇਠਾਂ ਬੇਲਾ ਅਸਟੇਟ ਦੇ ਵਸਨੀਕਾਂ ਦੇ ਅਸਥਾਈ ਘਰ। ਪਰਿਵਾਰ ਆਪਣੀ ਘਰੇਲੂ ਵਰਤੋਂ ਲਈ ਬੱਕਰੀਆਂ ਪਾਲ਼ਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਡੰਗਰ ਹੜ੍ਹ ਵਿੱਚ ਹੀ ਵਹਿ ਗਏ

ਪਸ਼ੂਆਂ ਨੂੰ ਮੁੜ ਇਕੱਠਾ ਕਰਨ ਦੀ ਲਾਗਤ ਵੱਖਰੀ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਹੜ੍ਹਾਂ ਵਿੱਚ ਮਰ ਗਏ। ਉਹ ਅੱਗੇ ਕਹਿੰਦੇ ਹਨ,"ਇੱਕ ਮੱਝ ਦੀ ਕੀਮਤ 70,000 ਰੁਪਏ ਤੋਂ ਵੱਧ ਹੈ। ਉਸ ਨੂੰ ਜਿਉਂਦਾ ਰੱਖਣ ਅਤੇ ਦੁੱਧ ਲੈਣ ਲਈ, ਤੁਹਾਨੂੰ ਉਸਨੂੰ ਚੰਗੀ ਖ਼ੁਰਾਕ ਦੇਣੀ ਜ਼ਰੂਰੀ ਹੈ। ਜਿਸ ਬੱਕਰੀ ਨੂੰ ਅਸੀਂ ਬੱਚਿਆਂ ਨੂੰ ਦੁੱਧ ਪਿਆਉਣ ਤੇ ਚਾਹ ਦੀ ਰੋਜ਼ਾਨਾ ਦੀ ਪੂਰਤੀ ਲਈ ਘਰ ਵਿੱਚ ਰੱਖਦੇ ਹਾਂ, ਉਸ ਦੀ ਕੀਮਤ 8,000 ਤੋਂ 10,000 ਰੁਪਏ ਹੈ।''

ਉਨ੍ਹਾਂ ਦੀ ਗੁਆਂਢਣ ਸ਼ਾਂਤੀ ਦੇਵੀ ਦੇ ਪਾਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਯਮੁਨਾ ਕੰਢੇ ਪੈਂਦੀ ਜ਼ਮੀਨ ਦੇ ਮਾਲਕ ਅਤੇ ਕਿਸਾਨ ਕਹਾਏ ਜਾਣ ਦੀ ਕਨੂੰਨੀ ਲੜਾਈ ਹਾਰ ਗਏ। ਇਸ ਸਮੇਂ ਉਹ ਸਾਈਕਲ 'ਤੇ ਕਚੌਰੀ ਵੇਚਣ ਦਾ ਕੰਮ ਕਰਦੇ ਹਨ। ਪਰ ਇਸ ਕੰਮ ਤੋਂ ਸਾਨੂੰ ਬਾਮੁਸ਼ਕਲ ਦਿਹਾੜੀ ਦੇ 200-300 ਰੁਪਏ ਹੀ ਬਣਦੇ ਹਨ। ਸ਼ਾਂਤੀ ਦੇਵੀ ਕਹਿੰਦੀ ਹਨ,"ਪੁਲਿਸ ਉਨ੍ਹਾਂ ਕੋਲ਼ੋਂ ਮਹੀਨੇ ਦੇ 1,500 ਰੁਪਏ ਵਸੂਲਦੀ ਹੈ, ਭਾਵੇਂ ਤੁਸੀਂ ਉੱਥੇ ਤਿੰਨ ਦਿਨ ਖੜ੍ਹੇ ਰਹੋ ਜਾਂ 30 ਦਿਨ।''

ਹੁਣ ਹੜ੍ਹ ਦਾ ਪਾਣੀ ਘੱਟ ਗਿਆ ਹੈ, ਪਰ ਹੋਰ ਮੁਸੀਬਤਾਂ ਘੇਰਨ ਲੱਗੀਆਂ ਹਨ। ਪਾਣੀ ਤੋਂ ਹੋਣ ਵਾਲ਼ੀਆਂ ਬਿਮਾਰੀਆਂ ਜਿਵੇਂ ਮਲੇਰੀਆ, ਡੇਂਗੂ, ਹੈਜ਼ਾ, ਟਾਈਫਾਈਡ ਦਾ ਖ਼ਤਰਾ ਵੱਧ ਗਿਆ ਹੈ। ਹੜ੍ਹ ਤੋਂ ਫ਼ੌਰਨ ਬਾਅਦ ਹੀ ਰਾਹਤ ਕੈਂਪਾਂ ਵਿੱਚ ਇੱਕ ਦਿਨ ਵਿੱਚ ਅੱਖਾਂ ਦੇ ਬੁਖਾਰ ਦੇ 100 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਪਰ ਇਨ੍ਹਾਂ ਕੈਂਪਾਂ ਨੂੰ ਵੀ ਉਸ ਤੋਂ ਬਾਅਦ ਹਟਾ ਲਿਆ ਗਿਆ ਹੈ। ਜਦੋਂ ਅਸੀਂ ਹੀਰਾਲਾਲ ਨੂੰ ਮਿਲ਼ੇ ਤਾਂ ਉਨ੍ਹਾਂ ਦੀਆਂ ਅੱਖਾਂ ਆਈਆਂ ਹੋਈਆਂ ਸਨ। ਉਨ੍ਹਾਂ ਨੇ ਮਹਿੰਗਾ ਚਸ਼ਮਾ ਚੁੱਕਿਆ ਤੇ ਬੋਲੇ,"ਇਨ੍ਹਾਂ ਦੀ ਕੀਮਤ 50 ਰੁਪਏ ਹੈ ਪਰ ਮੰਗ ਵਧਣ ਕਾਰਨ ਇਹ 200 ਰੁਪਏ ਵਿੱਚ ਵਿਕ ਰਹੇ ਹਨ।''

ਰਾਹਤ-ਰਾਸ਼ੀ ਦੀ ਉਡੀਕ ਕਰ ਰਹੇ ਪਰਿਵਾਰਾਂ ਵੱਲੋਂ ਫ਼ਬਤਾ ਕੱਸਦਿਆਂ ਉਹ ਕਹਿੰਦੇ ਹਨ, "ਇਹ ਕਹਾਣੀ ਕੋਈ ਨਵੀਂ ਨਹੀਂ ਹੈ, ਲੋਕ ਹਮੇਸ਼ਾਂ ਹੀ ਦੂਜਿਆਂ ਦੀਆਂ ਤਕਲੀਫ਼ਾਂ ਤੋਂ ਫ਼ਾਇਦਾ ਚੁੱਕਦੇ ਰਹੇ ਹਨ।''

9 ਸਤੰਬਰ 2023 ਨੂੰ  ਇਸ ਸਟੋਰੀ ਨੂੰ ਅਪਡੇਟ ਕੀਤਾ ਗਿਆ ਹੈ।

ਤਰਜਮਾ: ਕਮਲਜੀ ਤੌਰ

Shalini Singh

শালিনী সিং পারি-র পরিচালনের দায়িত্বে থাকা কাউন্টারমিডিয়া ট্রাস্টের প্রতিষ্ঠাতা অছি-সদস্য। দিল্লি-ভিত্তিক এই সাংবাদিক ২০১৭-২০১৮ সালে হার্ভার্ড বিশ্ববিদ্যালয়ে নিম্যান ফেলো ফর জার্নালিজম ছিলেন। তিনি পরিবেশ, লিঙ্গ এবং সংস্কৃতি নিয়ে লেখালিখি করেন।

Other stories by শালিনী সিং
Editor : Priti David

প্রীতি ডেভিড পারি-র কার্যনির্বাহী সম্পাদক। তিনি জঙ্গল, আদিবাসী জীবন, এবং জীবিকাসন্ধান বিষয়ে লেখেন। প্রীতি পারি-র শিক্ষা বিভাগের পুরোভাগে আছেন, এবং নানা স্কুল-কলেজের সঙ্গে যৌথ উদ্যোগে শ্রেণিকক্ষ ও পাঠক্রমে গ্রামীণ জীবন ও সমস্যা তুলে আনার কাজ করেন।

Other stories by Priti David
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur