82 ਸਾਲਾ ਬਾਪੂ ਸੁਤਾਰ ਨੂੰ 1962 ਦਾ ਉਹ ਦਿਨ ਚੰਗੀ ਤਰ੍ਹਾਂ ਚੇਤੇ ਹੈ। ਜਦੋਂ ਉਨ੍ਹਾਂ ਨੇ ਲੱਕੜ ਦਾ ਆਪਣਾ ਇੱਕ ਹੋਰ ਪੈਡਲਨੁਮਾ ਹੱਥਕਰਘਾ ਵੇਚਿਆ ਸੀ। ਸੱਤ ਫੁੱਟ ਲੰਬੇ ਅਤੇ ਆਪਣੀ ਹੀ ਵਰਕਸ਼ਾਪ ਵਿਖੇ ਤਿਆਰ ਇਸ ਹੱਥਕਰਘੇ ਨੂੰ ਕੋਲ੍ਹਾਪੁਰ ਦੇ ਸਾਂਗਾਓਂ ਕਸਾਬਾ ਪਿੰਡ ਦੇ ਇੱਕ ਜੁਲਾਹੇ ਨੂੰ ਵੇਚਣ ਬਦਲੇ ਬਾਪੂ ਨੂੰ 415 ਰੁਪਏ ਦੀ ਠੀਕ-ਠਾਕ ਰਕਮ ਪ੍ਰਾਪਤ ਹੋਈ।
ਇਹ ਇੱਕ ਖ਼ੁਸ਼ਨੁਮਾ ਯਾਦ ਹੋ ਨਿਬੜਦੀ ਜੇਕਰ ਉਨ੍ਹਾਂ ਵੱਲ਼ੋਂ ਬਣਾਇਆ ਇਹ ਹੱਥਕਰਘਾ ਅਖ਼ੀਰਲਾ ਨਾ ਹੋ ਕੇ ਰਹਿ ਜਾਂਦਾ। ਉਸ ਦੀ ਵਿਕਰੀ ਤੋਂ ਬਾਅਦ ਆਰਡਰ ਮਿਲ਼ਣੇ ਹੀ ਬੰਦ ਹੋ ਗਏ; ਉਸ ਤੋਂ ਬਾਅਦ ਲੱਕੜ ਦੇ ਇਸ ਟ੍ਰੇਡਲ ਹੱਥਕਰਘੇ ਦੇ ਹੋਰ ਗਾਹਕ ਹੀ ਨਾ ਰਹੇ। “ਤਯਾਵੇਲੀ ਸਾਗਲਾ ਮੋਡਲਾ (ਫਿਰ ਸਭ ਕੁਝ ਖ਼ਤਮ ਹੋ ਗਿਆ),” ਉਹ ਚੇਤੇ ਕਰਦੇ ਹਨ।
ਅੱਜ, ਛੇ ਦਹਾਕੇ ਬੀਤ ਜਾਣ ਬਾਅਦ, ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਦੇ ਰੇਂਡਲ ਵਿਖੇ ਬਹੁਤ ਹੀ ਵਿਰਲੇ ਲੋਕ ਜਾਣਦੇ ਹਨ ਕਿ ਬਾਪੂ ਪਿੰਡ ਦੇ ਅਖ਼ੀਰਲੇ ਬਚੇ ਹੋਏ ਟ੍ਰੇਡਲ ਖੱਡੀ ਨਿਰਮਾਤਾ ਹਨ ਜਾਂ ਇੰਨਾ ਵੀ ਨਹੀਂ ਜਾਣਦੇ ਕਿ ਕਦੇ ਉਨ੍ਹਾਂ ਦੀ ਕਾਰੀਗਰੀ ਦੀ ਬਹੁਤ ਜ਼ਿਆਦਾ ਮੰਗ ਸੀ। “ਰੇਂਡਲ ਪਿੰਡ ਦੇ ਅਤੇ ਨੇੜੇ-ਤੇੜੇ ਦੇ ਪਿੰਡਾਂ ਦੇ ਬਾਕੀ ਸਾਰੇ ਕਾਰੀਗਰ ਮਰ ਚੁੱਕੇ ਹਨ,” ਪਿੰਡ ਦੇ ਸਭ ਤੋਂ ਪੁਰਾਣੇ ਜੁਲਾਹੇ, 85 ਸਾਲਾ ਵਸੰਤ ਤਾਂਬੇ ਕਹਿੰਦੇ ਹਨ।
ਲੱਕੜ ਤੋਂ ਹੱਥਕਰਘਾ ਬਣਾਉਣਾ ਆਪਣੇ ਆਪ ਵਿੱਚ ਇੱਕ ਪਰੰਪਰਾ ਰਹੀ ਹੈ ਜਿਸਨੂੰ ਸਮੇਂ ਦੇ ਨਾਲ਼ ਨਾਲ਼ ਰੇਂਡਲ ਆਪਣੇ ਹੱਥੋਂ ਗੁਆ ਬੈਠਾ ਹੈ। “ਇੱਥੋਂ ਤੱਕ ਕਿ ਹੁਣ ਤਾਂ ਉਹ (ਅਖ਼ੀਰਲਾ) ਹੱਥਕਰਘਾ ਵੀ ਮੌਜੂਦ ਨਹੀਂ ਹੈ,” ਬਾਪੂ ਕਹਿੰਦੇ ਹਨ, ਉਹ ਆਪਣੇ ਮਾਮੂਲੀ ਜਿਹੇ ਘਰ ਦੇ ਆਲ਼ੇ-ਦੁਆਲ਼ੇ ਚੱਲ਼ਦੀਆਂ ਬਿਜਲਈ ਖੱਡੀਆਂ ਦੇ ਸ਼ੋਰਗੁੱਲ ਵਿੱਚੋਂ ਆਪਣੀ ਇਸ ਮਸਾਂ-ਸੁਣੀਂਦੀ ਅਵਾਜ਼ ਨੂੰ ਜ਼ੋਰ ਜ਼ੋਰ ਦੀ ਸੁਣਾਏ ਜਾਣ ਲਈ ਸੰਘਰਸ਼ ਕਰ ਰਹੇ ਹਨ।
ਬਾਪੂ ਦੇ ਘਰ ਵਿਖੇ ਸਥਿਤ ਉਨ੍ਹਾਂ ਦੀ ਇੱਕ-ਕਮਰੇ ਦੀ ਰਵਾਇਤੀ ਵਰਕਸ਼ਾਪ ਬੀਤੇ ਯੁੱਗ ਦੀ ਗਵਾਹੀ ਭਰਦੀ ਹੈ। ਵਰਕਸ਼ਾਪ ਵਿਖੇ ਭੂਰੇ ਰੰਗਾਂ ਦੀਆਂ ਕਈ ਕਿਸਮਾਂ- ਜਿਸ ਵਿੱਚ ਗੂੜ੍ਹਾ ਭੂਰਾ (sepia), ਬਿਸਕੁਟੀ (russet), ਚਮੜੇ ਰੰਗਾ (saddle), ਮਿੱਟੀ ਰੰਗਾ (sienna), ਲੱਕੜ ਰੰਗਾ (mahogany), ਬਦਾਮੀ (rufous) ਅਤੇ ਹੋਰ ਵੀ ਕਈ ਰੰਗ ਸਮੇਂ ਦੇ ਨਾਲ਼ ਨਾਲ਼ ਫਿੱਕੇ ਪੈ ਗਏ ਹਨ ਅਤੇ ਉਨ੍ਹਾਂ ਦੀ ਚਮਕ ਵੀ ਧੁੰਦਲੀ ਪੈ ਗਈ ਹੈ।

























