ਕਿਸੇ ਪਾਸੇ ਕੋਈ ਗੋਲ਼ੀਬਾਰੀ ਨਹੀਂ ਹੋਈ ਪਰ ਮੀਡੀਆ ਚੈਨਲਾਂ ਦੀਆਂ ਰੰਗ-ਬਿਰੰਗੀਆਂ ਪੱਟੀਆਂ 'ਤੇ ਚੱਲੀਆਂ ਇਨ੍ਹਾਂ ਸੁਰਖੀਆਂ ਨੇ ਗੱਲ ਨੂੰ ਕੋਈ ਹੋਰ ਹੀ ਮੋੜ ਦੇ ਦਿੱਤਾ- ''ਪੁਲਿਸ ਦੀ ਇੱਕ ਗੋਲ਼ੀ ਨਾਲ਼ ਕਿਸਾਨ ਦੀ ਮੌਤ।'' ਬਹਾਦਰ ਸ਼ਾਹ ਜਫ਼ਰ ਮਾਰਗ ਵਿਖੇ ਇਸ ਅਖੌਤੀ ''ਹੱਤਿਆ'' ਦੀ ਖ਼ਬਰ ਅੱਖ ਦੇ ਫਰੱਕੇ ਨਾਲ਼ ਸ਼ੋਸਲ ਮੀਡਿਆ 'ਤੇ ਵਾਇਰਲ ਹੋ ਗਈ। ਗੋਲ਼ੀ ਨਾਲ਼ ਮੌਤ ਹੋਈ ਹੀ ਨਹੀਂ ਸੀ। ਪਰ, ਇਸ ਅਫ਼ਵਾਹ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਪ੍ਰਸਿੱਧ ਇਨਕਮ ਟੈਕਸ ਦਫ਼ਤਰ (ਆਈਟੀਓ) ਜੰਕਸ਼ਨ ਵੱਲ ਜਾਣ ਵਾਲ਼ੇ ਪ੍ਰਦਰਸ਼ਨਕਾਰੀਆਂ ਦੇ ਉਨ੍ਹਾਂ ਵੱਖ ਹੋ ਗੁੱਟਾਂ ਦਰਮਿਆਨ ਵਹਿਮ ਅਤੇ ਅਰਾਜਕਤਾ ਫ਼ੈਲਾ ਦਿੱਤੀ। ਸੰਭਵ ਹੈ ਇਸੇ ਅਫ਼ਵਾਹ ਨੇ ਲਾਲ ਕਿਲ੍ਹੇ ਜਿਹੀਆਂ ਹੋਰਨਾਂ ਥਾਵਾਂ 'ਤੇ ਮੱਚੀ ਹਿੰਸਕ ਤੜਥੱਲੀ ਨੂੰ ਹੱਲ੍ਹਾਸ਼ੇਰੀ ਦਿੱਤੀ ਹੋਵੇਗੀ।
ਹਰ ਥਾਂ ਇਹੀ ਖ਼ਬਰ ਸੀ ਕਿ ਟਰੈਕਟਰ ਚਲਾਉਂਦੇ ਇੱਕ ਨੌਜਵਾਨ ਕਿਸਾਨ ਦੀ ਪੁਲਿਸ ਦੁਆਰਾ ਪੁਆਇੰਟ-ਬਲੈਂਕ ਰੇਂਜ ਨਾਲ਼ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜ਼ਾਹਰ ਹੈ ਕਿ ਸੋਸ਼ਲ ਮੀਡਿਆ 'ਤੇ ਇਸ ਫ਼ੈਲਦੀ ਖ਼ਬਰ ਦੀ ਪੜਚੋਲ਼ ਕਰਨੀ ਜ਼ਰੂਰੀ ਨਹੀਂ ਸਮਝੀ। ਛੇਤੀ ਹੀ ਇਹ ਖ਼ਬਰ ਟੀਵੀ ਚੈਨਲਾਂ ਵਿੱਚ ਵੀ ਚਲਾ ਦਿੱਤੀ ਗਈ। ਘਟਨਾ ਦੀ ਥਾਂ 'ਤੇ ਮੌਜੂਦ ਲੋਕ ਇਸ ਗੋਲ਼ੀਕਾਂਡ ਦੀ ਅਤੇ ਪੁਲਿਸ ਦੀਆਂ ਕਰਤੂਤਾਂ ਦੀ ਸਖ਼ਤ ਬੋਲਾਂ ਵਿੱਚ ਨਿਖੇਧੀ ਕਰ ਰਹੇ ਸਨ ਅਤੇ ਦੂਜੇ ਪਾਸੇ ਆਈਟੀਓ ਜੰਕਸ਼ਨ ਦੇ ਨੇੜੇ ਪ੍ਰਦਰਸ਼ਨਕਾਰੀ ਥਾਂ-ਥਾਂ ਫ਼ੈਲਦੇ ਜਾ ਰਹੇ ਸਨ।
ਦਰਅਸਲ, ਮ੍ਰਿਤਕ ਦੀ ਪਛਾਣ 45 ਸਾਲਾ ਨਵਨੀਤ ਸਿੰਘ ਦੇ ਰੂਪ ਵਿੱਚ ਕੀਤੀ ਗਈ, ਜਿਨ੍ਹਾਂ ਦੀ ਮੌਤ ਟਰੈਕਟਰ ਪਲਟਣ ਕਰਕੇ ਹੋਈ ਸੀ ਨਾ ਕਿ ਪੁਲਿਸ ਵੱਲੋਂ ਚਲਾਈ ਗੋਲ਼ੀ ਨਾਲ਼। ਜਦੋਂ ਤੀਕਰ ਇਹ ਖ਼ਬਰ ਪੁਸ਼ਟ ਹੋਈ ਉਦੋਂ ਤੱਕ ਇਸ ਖ਼ਬਰ ਦੇ ਨਾਲ਼-ਨਾਲ਼ ਲਾਲ ਕਿਲ੍ਹੇ ਵਿਖੇ ਹਿੰਸਾ ਦੀਆਂ ਖ਼ਬਰਾਂ ਨੇ ਕਿਸਾਨਾਂ ਦੀ ਉਸ ਵਿਸ਼ਾਲ ਟਰੈਕਟਰ ਰੈਲ਼ੀ 'ਤੇ ਆਪਣਾ ਅਸਰ ਛੱਡ ਦਿੱਤਾ, ਜੋ (ਰੈਲੀ) ਕਿ ਸੰਸਦ ਦੁਆਰਾ ਸਤੰਬਰ 2020 ਵਿੱਚ ਪਾਸ ਤਿੰਨੋਂ ਖੇਤੀ ਬਿੱਲਾਂ ਖ਼ਿਲਾਫ਼ ਹੋ ਰਹੀ ਸੀ।
ਅਫ਼ਸੋਸ, ਦਿਨ ਕਿੰਨਾ ਅੱਡ ਹੋ ਨਿਬੜਿਆ।
ਭਾਰਤ ਦੇ 72ਵੇਂ ਗਣਤੰਤਰ ਦਿਵਸ ਦੀ ਸ਼ੁਰੂਆਤ, ਧੁੰਦ ਅਤੇ ਠੰਡ ਤੋਂ ਬਾਅਦ ਤੇਜ਼ ਧੁੱਪ ਨਾਲ਼ ਨਿੱਘੇ ਦਿਨ ਵਜੋਂ ਹੋਈ। ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਵਿਖੇ ਕਰੀਬ ਦੋ ਮਹੀਨਿਆਂ ਤੋਂ ਡਟੇ ਕਿਸਾਨ, ਤੈਅ ਰਸਤੇ 'ਤੇ ਸ਼ਾਂਤੀਮਈ ਤਰੀਕੇ ਨਾਲ਼ ਟਰੈਕਟਰ ਰੈਲੀ ਕੱਢ ਕੇ ਇਤਿਹਾਸ ਕਾਇਮ ਕਰਨ ਵਾਲ਼ੇ ਸਨ। ਦੁਪਹਿਰ ਤੱਕ ਰਾਜਪਥ 'ਤੇ ਸਰਕਾਰੀ ਪਰੇਡ ਖ਼ਤਮ ਹੋਣ ਤੋਂ ਬਾਅਦ, ਸਿੰਘੂ ਬਾਰਡਰ, ਟੀਕਰੀ ਬਾਰਡਰ ਅਤੇ ਗਾਜੀਪੁਰ ਬਾਰਡਰ ਵਿਖੇ ਰੈਲੀ ਸ਼ੁਰੂ ਹੋਣੀ ਸੀ।
ਇਹੀ ਪਰੇਡਾਂ ਦੇਸ਼ ਦੇ ਨਾਗਰਿਕਾਂ ਲਈ ਸਭ ਤੋਂ ਵਿਸ਼ਾਲ, ਸ਼ਾਨਦਾਰ ਗਣਤੰਤਰ ਦਿਵਸ ਸਮਾਰੋਹ ਸਾਬਤ ਹੋਣ ਵਾਲ਼ੀਆਂ ਸਨ ਅਤੇ ਹੋਈਆਂ ਵੀ। ਪਰ ਸ਼ਾਮ ਹੁੰਦੇ ਹੁੰਦੇ ਸ਼ਰਾਰਤੀ ਅਨਸਰਾਂ ਦੀਆਂ ਕਰਤੂਤਾਂ ਦੀਆਂ ਖ਼ਬਰਾਂ ਕਾਰਨ ਲੋਕਾਂ ਦਾ ਧਿਆਨ ਅਤੇ ਦਿਲਚਸਪੀ ਇਸ ਪਰੇਡ ਵਿੱਚੋਂ ਮੁੱਕਣ ਲੱਗੀ।








