ਸਾਡੇ ਕੰਮਕਾਜ ਦਾ ਧੁਰਾ ਸਾਡੇ ਵਲੰਟੀਅਰ ਹਨ ਜੋ ਸਾਡੇ ਵੱਲੋਂ ਸੰਗ੍ਰਿਹ ਕੀਤੀ ਜਾਂਦੀ ਹਰ ਰਿਪੋਰਟ ਲਈ ਸੰਖੇਪ ‘ਕੇਂਦਰੀ-ਨੁਕਤਾ ਅਤੇ ਤੱਥ ਤਿਆਰ ਕਰਦੇ ਹਨ। ਇਹਨਾਂ ਵਿਸ਼ਾਲ ਅਤੇ ਗੰਭੀਰ ਵਿਸ਼ਿਆਂ ਨੂੰ ਇੱਕ ਸਰਲ ਸਾਂਚੇ ਵਿੱਚ ਢਾਲਣ ਅਤੇ ਸੁਖਾਲ਼ੀ ਸਮਝ ਪੈਦਾ ਕਰਨ ਲਈ ਕਾਲਜ ਵਿਦਿਆਰਥੀ, ਕੰਮਕਾਜੀ ਅਤੇ ਰਿਟਾਇਰਡ ਪੇਸ਼ੇਵਰ ਸਾਡੇ ਨਾਲ਼ ਵਲੰਟੀਅਰ ਦੇ ਤੌਰ ‘ਤੇ ਸਹਿਯੋਗ ਕਰਦੇ ਹਨ। ਉਹ ਆਪਣੇ ਸਮੇਂ ਤੇ ਹੁਨਰ ਨਾਲ਼ ਇਹ ਯਕੀਨੀ ਬਣਾਉਂਦੇ ਹਨ ਕਿ ਸਾਡਾ ਪੁਰਾਲੇਖ ਸਾਰਿਆਂ ਲਈ ਪਹੁੰਚ ਦਾ ਸੌਖਾ ਸ੍ਰੋਤ ਵੀ ਬਣਿਆ ਰਹੇ ਤੇ ਆਪਣੀ ਵੰਨ-ਸੁਵੰਨਤਾ ਭਰਪੂਰ ਵਿਦਿਆਤਮਕ ਦ੍ਰਿਸ਼ਟੀਕੋਣ ਨਾਲ਼ ਸਾਰਿਆਂ ਦੀ ਸੇਵਾ ਵੀ ਕਰਦਾ ਰਹੇ।
ਇਸ ਵੇਲ਼ੇ, ਪਾਰੀ ਲਾਇਬ੍ਰੇਰੀ ਨਾਲ਼ 450 ਵਲੰਟੀਅਰ ਕੰਮ ਕਰ ਰਹੇ ਹਨ ਜੋ ਕਿ ਮੁੱਢ ਤੋਂ ਹੀ ਸਾਡੇ ਨਾਲ਼ ਜੁੜੇ ਹੋਏ ਹਨ।
ਜਿਵੇਂ ਅਸੀਂ 2025 ਦੇ ਸਮਾਪਨ ਵੱਲ ਨੂੰ ਵੱਧ ਰਹੇ ਹਾਂ, ਸਾਨੂੰ ਆਪਣੇ ਨਿਯਮਿਤ ਵਲੰਟੀਅਰਾਂ ਦੇ ਵਿਚਾਰ ਉਹਨਾਂ ਦੇ ਤਜ਼ਰਬੇ ਅਤੇ ਮੁੱਖ ਨੁਕਤਿਆਂ ਦੇ ਰੂਪ ਵਿੱਚ ਪੇਸ਼ ਕਰਦਿਆਂ ਖੁਸ਼ੀ ਹੋ ਰਹੀ ਹੈ।
ਯਾਲ਼ਿਨੀ ਸੱਤਿਆਮੂਰਤੀ
ਆਈ. ਆਈ. ਟੀ. ਬੌਂਬੇ ਵਿਖੇ ਵਾਤਾਵਰਣ ਵਿਗਿਆਨ ਅਤੇ ਇੰਜੀਨੀਅਰਿੰਗ ਵਿੱਚ ਐੱਮ. ਟੈਕ ਦੇ ਵਿਦਿਆਰਥੀ
‘ਕੇਂਦਰੀ-ਨੁਕਤਾ ਅਤੇ ਤੱਥ’ ਲਈ ਤਿਆਰ ਕੀਤੀ ਗਈ ਹਰ ਰਿਪੋਰਟ ਨੇ ਮੈਨੂੰ ਹਰ ਵਾਰ ਇੱਕ ਨਵਾਂ ਨਜ਼ਰੀਆ ਪ੍ਰਦਾਨ ਕੀਤਾ ਹੈ ਜੋ ਮੇਰੇ ਜ਼ਹਿਨ ਵਿੱਚ ਵੱਸ ਜਾਂਦਾ ਹੈ। ਉਦਾਹਰਨ ਵਜੋਂ, ਦਾਗੀ ਗਲੀਚੇ: ਭਾਰਤ ਦੇ ਹੱਥ-ਨਿਰਮਿਤ ਗਲੀਚਾ ਸੈਕਟਰ ਵਿੱਚ ਗੁਲਾਮੀ ਅਤੇ ਬਾਲ ਮਜ਼ਦੂਰੀ ਜਾਂ ਭਾਰਤੀ ਜਲਵਾਯੂ 2024: ਅਤਿਅੰਤ ਮੌਸਮੀ ਘਟਨਾਵਾਂ ਦਾ ਮੁਲਾਂਕਣ ਵਰਗੀਆਂ ਰਿਪੋਰਟਾਂ ਨੇ ਮੈਨੂੰ ਕਾਫ਼ੀ ਪਰੇਸ਼ਾਨ ਕਰ ਦਿੱਤਾ ਸੀ ਅਤੇ ਇਹਨਾਂ ਨੂੰ ਪੜ੍ਹਨ ਵਿੱਚ ਮੈਨੂੰ ਕਈ ਦਿਨ ਲੱਗ ਗਏ। ਪਰ ਜਿਸ ਵਿਸ਼ੇ ਵਿੱਚ ਮੈਂ ਪੜ੍ਹਾਈ ਕਰ ਰਹੀ ਹਾਂ, ਉੱਥੇ ਇਹਨਾਂ ਰਿਪੋਰਟਾਂ ‘ਤੇ ਕੰਮ ਕਰਨ ਨੇ ਮੈਨੂੰ ਆਪਣੇ ਹੱਥਲੇ ਵਿਸ਼ਿਆਂ ਨੂੰ ਬਿਹਤਰ ਸਮਝਣ ਦੇ ਮੌਕੇ ਪ੍ਰਦਾਨ ਕੀਤੇ ਹਨ।
ਚਾਹੇ ਇੱਕ ਸਫ਼ੇ ਦਾ ਪੋਸਟਰ ਹੋਵੇ ਜਾਂ 500 ਸਫ਼ਿਆਂ ਦੀ ਅੰਕੜਾ ਰਿਪੋਰਟ, ਪਾਰੀ ਲਾਇਬ੍ਰੇਰੀ ਦਾ ਵਿਉਂਤਬੱਧ ‘ਕੇਂਦਰੀ-ਨੁਕਤਾ ਅਤੇ ਤੱਥ’ ਤੁਹਾਨੂੰ ਸਿੱਧਾ ਮਸਲੇ ਦੀ ਜੜ੍ਹ ਤੱਕ ਲੈ ਜਾਂਦਾ ਹੈ। ਬਦਕਿਸਮਤੀ ਨਾਲ਼ ਇਹਨਾਂ ਵਿੱਚੋਂ ਕਈ ਰਿਪੋਰਟਾਂ ਹਾਲੇ ਤੱਕ ਮੁੱਖਧਾਰਾ ਦਾ ਹਿੱਸਾ ਨਹੀਂ।
ਅਬਿਜ਼ਾਰ ਸ਼ੇਖ
ਇੱਕ ਸੰਚਾਰ ਅਤੇ ਵਿੱਤੀ ਸੇਵਾਵਾਂ ਦੇ ਮਾਹਿਰ ਜਿਨ੍ਹਾਂ ਕੋਲ਼ 30 ਸਾਲ ਤੋਂ ਜ਼ਿਆਦਾ ਦਾ ਤਜ਼ਰਬਾ ਹੈ
ਮੇਰੇ ਕੋਲ਼ ਸਮਾਂ ਸੀ ਅਤੇ ਮੈਂ ਕੁਝ ਚੰਗਾ ਕਰਨਾ ਚਾਹੁੰਦਾ ਸੀ। ਪਾਰੀ ਲਾਇਬ੍ਰੇਰੀ ਨਾਲ਼ ਵਲੰਟੀਅਰ ਕਰਨਾ ਇੱਕ ਸੁਨਹਿਰੀ ਮੌਕਾ ਸੀ। ਇਸ ਲਈ ਮੇਰੇ ਨਿੱਜੀ ਰੁਚੀਆਂ ਨਾਲ਼ ਮੇਲ਼ ਖਾਂਦਾ ਪਾਰੀ ਦਾ ਕੰਮ, ਸਭ ਤੋਂ ਢੁੱਕਵਾਂ ਸੀ।
ਇੱਕ ਪਾਠਕ ਦੇ ਤੌਰ ‘ਤੇ ਮੈਂ ਲਾਇਬ੍ਰੇਰੀ ਵਿੱਚ ਵਿਸ਼ਿਆਂ ਦੀ ਸੂਚੀਬੱਧਤਾ ਅਤੇ ਖੋਜ ਕਰਨ ਵਿੱਚ ਸੁਧਾਰ ਦੇਖਣ ਦਾ ਚਾਹਵਾਨ ਹਾਂ।
ਜੈਰੀ ਜੋਸ
ਕੋਟਾਯਮ, ਕੇਰਲ ਦੇ ਇੱਕ ਮੌਸਮ ਵਿਗਿਆਨੀ
ਪਾਰੀ ਨਾਲ਼ ਮੇਰਾ ਪਰਿਚੈ ਵੈੱਬਸਾਈਟ ਦੀ ਰਿਲੀਜ਼ ਮੌਕੇ ਪੀ. ਸਾਈਨਾਥ ਦੇ ਇੱਕ ਲੈਕਚਰ ਰਾਹੀਂ ਹੋਇਆ। ਪੇਂਡੂ ਭਾਰਤ ਜੋ ਕਿ ਆਪਣੇ ਆਪ ਵਿੱਚ “ਉਪਮਹਾਂਦੀਪ ਵਿੱਚ ਵੱਸਿਆ ਮਹਾਂਦੀਪ” ਹੈ, ਦਾ ਪੁਰਾਲੇਖ ਕਰਨ ਦੀ ਕੋਸ਼ਿਸ਼ ਆਪਣੇ ਆਪ ਵਿੱਚ ਪ੍ਰੇਰਨਾਦਾਇਕ ਅਤੇ ਅਨੋਖਾ ਹੈ। ਪਾਰੀ ਦੀ ਦਿਨੋਂ-ਦਿਨ ਵਿਸ਼ਾਲ ਹੁੰਦੀ ਜਾ ਰਹੀ ਲਾਇਬ੍ਰੇਰੀ ਵਿੱਚ ਮੇਰਾ ਯੋਗਦਾਨ ਪਾਉਣ ਦਾ ਇੱਕੋ ਇੱਕ ਤਰੀਕਾ ਵਲੰਟੀਅਰ ਬਣਨਾ ਸੀ।
ਲਾਇਬ੍ਰੇਰੀ ਵੱਲੋਂ ਸੰਗਠਿਤ ਰਿਪੋਰਟਾਂ ਨੂੰ ਸਹਿਜੇ ਉਪਲੱਬਧ ‘ਕੇਂਦਰ-ਬਿੰਦੂ ਅਤੇ ਤੱਥ’ ਸਮੇਤ ਸੰਗ੍ਰਹਿ ਕਰਨਾ ਸ਼ਲਾਘਾਯੋਗ ਹੈ। ਮੇਰੇ ਅਨੁਸਾਰ ਇਹ ਵਿਸਤ੍ਰਿਤ ਦਾਇਰਾ ਪਾਰੀ ਦੇ ਪੱਤਰਕਾਰਿਤਾ ਦਾ ਪੂਰਕ ਹੈ। ਮੈਨੂੰ ਆਪਣੀ ਮੁਹਾਰਤ ਦੇ ਖੇਤਰ ਦੀਆਂ ਰਿਪੋਰਟਾਂ, ਅਤੇ ਮੁਹਾਰਤ ਦੇ ਦਾਇਰੇ ਤੋਂ ਬਾਹਰ ਦੀਆਂ ਰਿਪੋਰਟਾਂ, ਜੋ ਕਿ ਆਪਣੇ ਆਪ ਵਿੱਚ ਸਿੱਖਣ ਦਾ ਇੱਕ ਮੌਕਾ ਸੀ, ‘ਤੇ ਕੰਮ ਕਰਨ ਵਿੱਚ ਬਹੁਤ ਆਨੰਦ ਮਿਲ਼ਿਆ।